Koraput: ਓੜੀਸ਼ਾ ਦਾ ਕਸ਼ਮੀਰ ‘ਕੋਰਾਪੁਟ’ ਪਹਾੜ, ਜੰਗਲ, ਝਰਨੇ ਤੇ ਨਦੀਆਂ ਦਾ ਅਦਭੁੱਤ ਸੰਗਮ
ਉੱਤਰ ਭਾਰਤ ਦਾ ਠੰਢਾ ਮਾਹੌਲ, ਪਹਾੜੀ ਖੇਤਰ ਅਤੇ ਸਾਫ ਵਾਤਾਵਰਨ ਸੈਲਾਨੀਆਂ ਨੂੰ ਖੂਬ ਭਾਉਂਦਾ ਹੈ ਇਹੀ ਕਾਰਨ ਹੈ ਕਿ ਜਦੋਂ ਵੀ ਕਦੇ ਘੁੰਮਣ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਉੱਤਰ ਭਾਰਤ ਦੀ ਹੀ ਚੋਣ ਕਰਦੇ ਹਨ ਕਿਉਂਕਿ ਇੱਥੋਂ ਦੇ ਠੰਢੇ ਜਲਵਾਯੂ ਤੇ ਇੱਥੋਂ ਦੇ ਜ਼ਿਆਦਾਤਰ ਖੇਤਰ ’ਚ ਫੈਲੇ ਪਹਾੜ ਇੱਥੋਂ ਦੇ ਵਾਤਾਵਰਨ ਨੂੰ ਸਾਫ ਅਤੇ ਸੁੰਦਰ ਦੇ ਨਾਲ-ਨਾਲ ਦਿਲ ਨੂੰ ਸਕੂਨ ਦੇਣ ਵਾਲਾ ਬਣਾਉਂਦੇ ਹਨ ਬੇਸ਼ੱਕ ਭਾਰਤ ਦੇ ਹੋਰ ਸੂਬਿਆਂ ’ਚ ਵੀ ਸੈਲਾਨੀਆਂ ਲਈ ਬਹੁਤ ਸਾਰੀਆਂ ਸੁੰਦਰ ਥਾਵਾਂ ਮੌਜ਼ੂਦ ਹਨ
ਇਸ ਵਾਰ ਅਸੀਂ ਤੁਹਾਡੇ ਲਈ ਉੱਤਰ ਭਾਰਤ ਤੋਂ ਹਟ ਕੇ ਪੂਰਬੀ ਭਾਰਤ ਦੇ ਕੰਢੀ ਸਥਾਨ ਦੀ ਭਾਲ ਕਰ ਲਿਆਏ ਹਾਂ ਜੋ ਖੂਬਸੂਰਤ ਹੈ ਅਤੇ ਜਿਸ ਦੀ ਖੂਬਸੂਰਤੀ ਦੇਖਣ ਵਿਦੇਸ਼ੀ ਵੀ ਆਉਂਦੇ ਹਨ ਇੱਥੇ ਗੱਲ ਹੋ ਰਹੀ ਹੈ ਓੜੀਸ਼ਾ ਸੂਬੇ ਦੀ, ਜਿੱਥੇ ਇੱਕ ਜਗ੍ਹਾ ਦਾ ਨਾਂਅ ਹੈ ਕੋਰਾਪੁਟ ਕੋਰਾਪੁਟ ਓੜੀਸ਼ਾ ਦੇ ਦੱਖਣੀ ਕੰਢੇ ’ਤੇ ਸਥਿਤ ਇੱਕ ਆਦਿਵਾਸੀ ਖੇਤਰ ਹੈ,
ਜਿੱਥੇ ਨਜ਼ਰਾਂ ਨੂੰ ਠੰਢਕ ਪਹੁੰਚਾਉਂਦੇ ਪਹਾੜ, ਜੰਗਲ, ਝਰਨੇ ਅਤੇ ਨਦੀਆਂ ਦੇਖਣ ਨੂੰ ਮਿਲਣਗੇ ਸਮੁੰਦਰ ਤਲ ਤੋਂ ਲਗਭਗ 2900 ਫੁੱਟ ਦੀ ਉੱਚਾਈ ’ਤੇ ਸਥਿਤ ਕੋਰਾਪੁਟ ਓੜੀਸ਼ਾ ’ਚ ਕੋਰਾਪੁਟ ਜ਼ਿਲ੍ਹੇ ਦੇ ਜ਼ਿਲ੍ਹਾ ਮੁੱਖ ਦਫਤਰ ਦੇ ਰੂਪ ’ਚ ਕੰਮ ਕਰਦਾ ਹੈ ਇਹ ਸਥਾਨ ਦੁਰੁਆ, ਪਰਜ਼ਾ, ਗਦਾਬਾਸ, ਭੂਮੀਆ, ਭੋਤਰਾ ਤੇ ਕੋਂਧ ਭਾਈਚਾਰੇ ਸਮੇਤ ਕਈ ਜਨਜਾਤੀਆਂ ਦਾ ਘਰ ਹੈ ਇਸ ਖੇਤਰ ’ਚ ਕੁਦਰਤੀ ਝਰਨੇ ਵੀ ਦੇਖਣ ਨੂੰ ਮਿਲਣਗੇ ਕੋਰਾਪੁਟ ਨੂੰ ਓੜੀਸ਼ਾ ਦੇ ਕਸ਼ਮੀਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ
Table of Contents
ਕੋਰਾਪੁਟ ’ਚ ਘੁੰਮਣ ਵਾਲੀਆਂ ਥਾਵਾਂ:
ਕੋਰਾਪੁਟ ਕਰੀਬ ਅੱਠ ਹਜ਼ਾਰ ਤੋਂ ਵੀ ਜ਼ਿਆਦਾ ਵਰਗ ਕਿਲੋਮੀਟਰ ’ਚ ਫੈਲਿਆ ਹੈ ਇਹ ਖੂਬਸੂਰਤ ਜਗ੍ਹਾ ਬੰਗਾਲ ਦੀ ਖਾੜੀ ਤੋਂ ਕਾਫੀ ਨੇੜੇ ਹੈ ਇਸ ਲਈ ਇੱਥੇ ਘੁੰਮਣ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ ਇੱਥੇ ਤੁਹਾਡੇ ਤੇ ਤੁਹਾਡੇ ਪਰਿਵਾਰ ਸਮੇਤ ਦੋਸਤਾਂ ਅਤੇ ਪਾਰਟਨਰ ਨਾਲ ਵੀ ਘੁੰਮਣ ਲਈ ਇੱਕ ਤੋਂ ਵਧ ਕੇ ਇੱਕ ਥਾਂ ਹੈ ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਪਲਾਨ ਕਰ ਸਕਦੇ ਹੋ ਤਾਂ ਆਓ! ਜਾਣਦੇ ਹਾਂ ਕੋਰਾਪੁਟ ’ਚ ਘੁੰਮਣ ਵਾਲੀਆਂ ਇਨ੍ਹਾਂ ਥਾਵਾਂ ਬਾਰੇ
ਸਭ ਤੋਂ ਖੂਬਸੂਰਤ ਹੈ ਦੇਵਮਾਲੀ
ਦੇਵਮਾਲੀ ਨੂੰ ਕੋਰਾਪੁਟ ਦੀ ਸਭ ਤੋਂ ਖੂਬਸੂਰਤ ਥਾਂ ਮੰਨਿਆ ਜਾਂਦਾ ਹੈ ਜਿੱਥੇ ਇੱਕ ਤੋਂ ਵੱਧ ਕੇ ਇੱਕ ਖੂਬਸੂਰਤ ਦਿਲ ਨੂੰ ਮੋਹ ਲੈਣ ਵਾਲੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਇਹ ਕੋਰਾਪੁਟ ਦੀ ਸਭ ਤੋਂ ਉੱਚੀ ਚੋਟੀ ਹੈ ਇਸ ਚੋਟੀ ਦੀ ਉੱਚਾਈ ਲਗਭਗ ਛੇ ਹਜ਼ਾਰ ਫੁੱਟ ਹੈ ਉੱਚਾਈ ’ਤੇ ਸਥਿਤ ਹੋਣ ਕਾਰਨ ਇੱਥੋਂ ਦਾ ਮੌਸਮ ਕਾਫੀ ਸੁਖਮਈ ਹੁੰਦਾ ਹੈ ਮੀਂਹਾਂ ਦੌਰਾਨ ਇਸ ਪਹਾੜੀ ਦੀ ਉੱਚੀ ਚੋਟੀ ਬੱਦਲਾਂ ਨਾਲ ਢੱਕ ਜਾਂਦੀ ਹੈ ਮੰਨੋ ਜਿਵੇਂ ਇਸ ਚੋਟੀ ਨੇ ਬੱਦਲਾਂ ਦੀ ਚਾਦਰ ਦੀ ਬੁੱਕਲ ਮਾਰ ਲਈ ਹੋਵੇ ਸਰਦੀਆਂ ’ਚ ਵੀ ਇੱਥੋਂ ਦਾ ਨਜ਼ਾਰਾ ਘੱਟ ਨਹੀਂ ਹੁੰਦਾ
ਹਰਮਨਪਿਆਰੀ ਜਗ੍ਹਾ ਹੈ ਡੁਡੁਮਾ ਵਾਟਰਫਾਲ:
ਡੁਡੁਮਾ ਵਾਟਰਫਾਲ ਸਿਰਫ ਕੋਰਾਪੁਟ ਹੀ ਨਹੀਂ, ਸਗੋਂ ਪੂਰੇ ਓੜੀਸ਼ਾ ਦਾ ਇੱਕ ਬਹੁਤ ਹੀ ਹਰਮਨਪਿਆਰਾ ਸੈਰ-ਸਪਾਟਾ ਸਥਾਨ ਹੈ ਇਹ ਖੂਬਸੂਰਤ ਵਾਟਰਫਾਲ ਓੜੀਸ਼ਾ ਦਾ ਤੀਜਾ ਸਭ ਤੋਂ ਵੱਡਾ ਵਾਟਰਫਾਲ ਮੰਨਿਆ ਜਾਂਦਾ ਹੈ ਇਸ ਵਾਟਰਫਾਲ ਦੀ ਅਤੇ ਇਸ ਦੇ ਆਸ-ਪਾਸ ਦੀ ਖੂਬਸੂਰਤੀ ਦੇਖ ਕੇ ਤੁਸੀਂ ਵੀ ਇਸ ਦੀ ਖੂਬਸੂਰਤੀ ’ਚ ਗੁਆਚ ਜਾਓਗੇ 500 ਫੁੱਟ ਤੋਂ ਜ਼ਿਆਦਾ ਉੱਪਰੋਂ ਡਿੱਗਦੇ ਇਸ ਵਾਟਰਫਾਲ ਦੀ ਖੂਬਸੂਰਤੀ ਬੱਸ ਦੇਖਦੇ ਹੀ ਬਣਦੀ ਹੈ ਨਾਲ ਹੀ ਇੱਥੋਂ ਦੇ ਆਸ-ਪਾਸ ਦੀ ਹਰਿਆਲੀ ਅਤੇ ਕੁਦਰਤੀ ਸੁੰਦਰਤਾ ਵੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ
ਬੇਹੱਦ ਪੁਰਾਤਨ ਧਾਰਮਿਕ ਸਥਾਨ ਹੈ ਗੁਪਤੇਸ਼ਵਰ ਗੁਫਾ
ਗੁਪਤੇਸ਼ਵਰ ਗੁਫਾ ਓੜੀਸ਼ਾ ਦਾ ਇੱਕ ਬੇਹੱਦ ਹੀ ਪੁਰਾਤਨ ਧਾਰਮਿਕ ਸਥਾਨ ਹੈ ਜਿਸ ਦਾ ਸਬੰਧ ਰਾਮਾਇਣ ਕਾਲ ਨਾਲ ਮੰਨਿਆ ਜਾਂਦਾ ਹੈ ਅਜਿਹੀ ਮਾਨਤਾ ਹੈ ਕਿ ਓੜੀਸ਼ਾ ਦੀ ਇਸ ਗੁਫਾ ’ਚ ਬਨਵਾਸ ਕਾਲ ਦੌਰਾਨ ਭਗਵਾਨ ਸ੍ਰੀ ਰਾਮ ਜੀ ਨੂੰ ਸਭ ਤੋਂ ਪਹਿਲਾਂ ਸ਼ਿਵÇਲੰਗ ਮਿਲਿਆ ਸੀ
ਕੋਲਾਬ ਬੰਨ੍ਹ ਅਤੇ ਬਾਟਨੀਕਲ ਗਾਰਡਨ
ਕੋਰਾਪੁਟ ਦਾ ਇਹ ਬੰਨ੍ਹ ਜਿੱਥੇ ਜਲ ਬਿਜਲੀ ਪ੍ਰਾਜੈਕਟ ’ਤੇ 4 – 80 ਮੈਗਾਵਾਟ ਵਾਟਰ ਥਰਮਲ ਪਲਾਂਟ ਪ੍ਰ੍ਰੋਜੈਕਟ ਚਲਾ ਰਹੀ ਹੈ ਇਹ ਬੰਨ੍ਹ ਦੇਖਣ ਲਈ ਸੈਲਾਨੀ ਦੂਰੋਂ-ਦੂਰੋਂ ਆਉਂਦੇ ਹਨ ਬੰਨ੍ਹ ਕੋਲ ਹੀ ਖੂਬਸੂਰਤ ਬਾਟਨੀਕਲ ਗਾਰਡਨ ਹੈ ਜਿਸ ’ਚ ਤੁਸੀਂ 200 ਤੋਂ ਵੀ ਵੱਧ ਕਿਸਮ ਦੇ ਫੁੱਲਾਂ ਅਤੇ ਬੂਟਿਆਂ ਨੂੰ ਦੇਖ ਸਕੋਗੇ ਇਹ ਜਗ੍ਹਾ ਐਨੀ ਖੂਬਸੂਰਤ ਹੈ ਕਿ ਇਸ ਦਾ ਬਿਆਨ ਸ਼ਬਦਾਂ ’ਚ ਨਹੀਂ ਕੀਤਾ ਜਾ ਸਕਦਾ ਇੱਕ ਹੀ ਥਾਂ ’ਤੇ ਪਹਾੜ, ਪਾਣੀ ਤੇ ਘਾਟੀਆਂ ਦਾ ਅਜਿਹਾ ਸੁੰਦਰ ਦ੍ਰਿਸ਼ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੇਗਾ
ਪੁੰਜੀਸਿਲ ਝਰਨਾ:
ਕੋਰਾਪੁਟ ਤੋਂ ਲਗਭਗ 25 ਕਿਲੋਮੀਟਰ ਦੂਰੀ ’ਤੇ ਸਥਿਤ ਇਹ ਝਰਨਾ ਓੜੀਸ਼ਾ ਦਾ ਇੱਕ ਬਹੁਤ ਹੀ ਹਰਮਨਪਿਆਰਾ ਪਿਕਨਿਕ ਸਪਾੱਟ ਹੈ ਸ਼ਹਿਰ ਦੇ ਰੌਲੇ-ਰੱਪੇ ਤੋਂ ਦੂਰ ਕੁਦਰਤ ਵਿਚਕਾਰ ਸ਼ਾਂਤੀ ’ਚ ਜੇਕਰ ਤੁਸੀਂ ਆਪਣਾ ਦਿਨ ਬਿਤਾਉਣਾ ਚਾਹੁੰਦੇ ਹੋ ਤਾਂ ਹਿਹ ਇੱਕ ਬੈਸਟ ਆੱਪਸ਼ਨ ਹੈ ਪੁੰਜੀਸਿਲ ਕੋਰਾਪੁਟ ਦੇ ਦਸ਼ਮੰਤਪੁਰ ਬਲਾਕ ’ਚ ਸਥਿਤ ਇੱਕ ਪਿੰਡ ਹੈ ਇਸ ਝਰਨੇ ਤੱਕ ਪਹੁੰਚਣ ਲਈ ਤੁਹਾਨੂੰ ਇੱਥੋਂ ਟਰੈਕ ਕਰਨਾ ਪਵੇਗਾ
ਟਰਾਈਬਲ ਮਿਊਜ਼ੀਅਮ ਕੋਰਾਪੁਟ:
ਕੋਰਾਪੁਟ ਦੇ ਇਸ ਜਨਜਾਤੀ ਅਜਾਇਬ ਘਰ ’ਚ ਤੁਹਾਨੂੰ ਸੱਭਿਆਚਾਰਕ ਵਿਰਾਸਤ ਅਤੇ ਕਲਾ, ਸ਼ਿਲਪ, ਨਾਚ ਅਤੇ ਗੀਤ ਵਰਗੀ ਸਥਾਨਕ ਜਨਜਾਤੀਆਂ ਦੇ ਸੁਰੱਖਿਅਤ ਵਿਰਾਸਤ ਨੂੰ ਦੇਖਣ ਦਾ ਮੌਕਾ ਮਿਲੇਗਾ ਇਹ ਸਥਾਨ ਜਨਜਾਤੀ ਸੱਭਿਆਚਾਰ ਦੀ ਖੋਜ ਲਈ ਖਾਸ ਤੌਰ ’ਤੇ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਦਾ ਹੈ ਜੇਕਰ ਤੁਸੀਂ ਵੀ ਆਦਿਵਾਸੀ ਜੀਵਨ, ਉਨ੍ਹਾਂ ਦੇ ਰਹਿਣ-ਸਹਿਣ ਅਤੇ ਉਨ੍ਹਾਂ ਦੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਮਿਊਜ਼ੀਅਮ ’ਚ ਜ਼ਰੂਰ ਜਾਣਾ ਚਾਹੀਦਾ ਹੈ
ਕੋਰਾਪੁਟ ਘੁੰਮਣ ਦਾ ਸਹੀ ਸਮਾਂ:
ਉਂਜ ਤਾਂ ਤੁਸੀਂ ਸਾਲ ਦੇ ਕਿਸੇ ਵੀ ਸਮੇਂ ਇੱਥੇ ਆ ਸਕਦੇ ਹੋ, ਪਰ ਗਰਮੀਆਂ ’ਚ ਇੱਥੇ ਆਉਣ ਤੋਂ ਬਚੋ ਕਿਉਂਕਿ ਬੰਗਾਲ ਦੀ ਖਾੜੀ ਨੇੜੇ ਹੋਣ ਕਾਰਨ ਇਸ ਸਮੇਂ ਇੱਥੇ ਤਾਪਮਾਨ ਕਾਫੀ ਹੁੰਦਾ ਹੈ ਤਾਂ ਤੁਹਾਨੂੰ ਘੁੰਮਣ ’ਚ ਪ੍ਰੇਸ਼ਾਨੀ ਆ ਸਕਦੀ ਹੈ ਮੀਂਹ ਅਤੇ ਸਰਦੀਆਂ ਦੇ ਸਮੇਂ ਇੱਥੇ ਘੁੰਮਣਾ ਕਾਫੀ ਸੌਖਾ ਹੁੰਦਾ ਹੈ, ਇਸ ਸਮੇਂ ਇੱਥੋਂ ਦੀ ਹਰਿਆਲੀ ਦੇਖਣ ਲਾਇਕ ਹੁੰਦੀ ਹੈ ਅਤੇ ਵਾਟਰਫਾੱਲ ਵੀ ਆਪਣੇ ਸ਼ਬਾਬ ’ਤੇ ਹੁੰਦਾ ਹੈ
ਕਿਵੇਂ ਪਹੁੰਚੀਏ:
ਹਵਾਈ ਰਸਤੇ ਤੋਂ:
ਕੋਰਾਪੁਟ ਦਾ ਨੇੜਲਾ ਕੌਮਾਂਤਰੀ ਹਵਾਈ ਅੱਡਾ ਵਿਸ਼ਾਖਾਪਟਨਮ ਹਵਾਈ ਅੱਡਾ ਹੈ, ਜੋ ਲਗਭਗ 205 ਕਿਲੋਮੀਟਰ ਦੂਰ ਹੈ, ਜਦਕਿ ਨੇੜੇ ਦਾ ਘਰੇਲੂ ਹਵਾਈ ਅੱਡਾ ਓੜੀਸ਼ਾ ਦੇ ਜੇਪੋਰ ’ਚ ਕੋਰਾਪੁਟ ਸ਼ਹਿਰ ਤੋਂ 25 ਕਿਲੋਮੀਟਰ ਦੂਰ ਸਥਿਤ ਹੈ
ਰੇਲ ਰਾਹੀਂ:
ਕੋਰਾਪੁਟ ਦਾ ਆਪਣਾ ਰੇਲਵੇ ਸਟੇਸ਼ਨ ਹੈ ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨਾਲ ਭਲੀ-ਭਾਂਤ ਜੁੜਿਆ ਹੋਇਆ ਹੈ
ਸੜਕੀ ਰਸਤੇ ਰਾਹੀਂ:
ਕੋਰਾਪੁਟ ਲਈ ਬੱਸ ਕੁਨੈਕਸ਼ਨ ਵਿਜੈਨਗਰਮ, ਵਿਸ਼ਾਖਾਪਟਨਮ, ਭੁਵਨਸ਼ੇਵਰ, ਬੇਰਹਾਮਪੁਰ, ਰਾਉਰਕੇਲਾ, ਸੰਬਲਪੁਰ, ਜਗਦਲਪੁਰ, ਰਾਏਪੁਰ ਅਤੇ ਹੈਦਰਾਬਾਦ ਸਮੇਤ ਮੁੱਖ ਸ਼ਹਿਰਾਂ ’ਚ ਉਪਲੱਬਧ ਹੈ
































































