Story: ਲੱਕੜਹਾਰਾ ਅਤੇ ਚੰਦਨ ਦਾ ਬਾਗ -ਜੀਵਨ ਦੀ ਸਿੱਖਿਆ
ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸ਼ਿਕਾਰ ਖੇਡਣ ਲਈ ਗਿਆ ਅਤੇ ਸ਼ਿਕਾਰ ਖੇਡਦੇ-ਖੇਡਦੇ ਉਹ ਆਬਾਦੀ ਤੋਂ ਬਹੁਤ ਦੂਰ ਜੰਗਲ ’ਚ ਚਲਾ ਗਿਆ ਗਰਮੀ ਦਾ ਮੌਸਮ ਸੀ ਰਾਜੇ ਨੂੰ ਬਹੁਤ ਜ਼ੋਰ ਨਾਲ ਪਿਆਸ ਲੱਗ ਗਈ ਰਾਜਾ ਸ਼ਿਕਾਰ ਨੂੰ ਛੱਡ ਕੇ ਉੱਥੇ ਪਾਣੀ ਦੀ ਤਲਾਸ਼ ਕਰਨ ਲੱਗਾ ਪਰ ਉਸ ਨੂੰ ਕਿਤੇ ਵੀ ਪਾਣੀ ਨਜ਼ਰ ਨਹੀਂ ਆ ਰਿਹਾ ਸੀ ਰਾਜੇ ਨੇ ਸੋਚਿਆ ਕਿ ਜੇਕਰ ਪਾਣੀ ਨਾ ਮਿਲਿਆ, ਤਾਂ ਪਿਆਸ ਕਾਰਨ ਜਾਨ ਨਿੱਕਲ ਜਾਵੇਗੀ ਉਸਨੇ ਥੋੜ੍ਹੀ ਹੋਰ ਹਿੰਮਤ ਕੀਤੀ ਅਤੇ ਇੱਧਰ-ਉੱਧਰ ਪਾਣੀ ਦੀ ਤਲਾਸ਼ ਕਰਨ ਲੱਗਾ
ਅਚਾਨਕ ਉਸ ਨੂੰ ਜੰਗਲ ’ਚ ਲੱਕੜਾਂ ਵੱਢਣ ਦੀ ਆਵਾਜ਼ ਸੁਣਾਈ ਦਿੱਤੀ ਰਾਜੇ ਨੇ ਸੋਚਿਆ ਕਿ ਲੱਕੜਾਂ ਵੱਢਣ ਵਾਲੇ ਵਿਅਕਤੀ ਕੋਲ ਪਾਣੀ ਜ਼ਰੂਰ ਹੋਵੇਗਾ ਇਸ ਲਈ ਉਹ ਆਵਾਜ਼ ਦੀ ਦਿਸ਼ਾ ਵੱਲ ਤੁਰ ਪਿਆ ਜਲਦੀ ਹੀ ਉਹ ਉੱਥੇ ਪਹੁੰਚ ਗਿਆ ਜਿੱਥੇ ਉਹ ਵਿਅਕਤੀ (ਲੱਕੜਹਾਰਾ) ਲੱਕੜਾਂ ਵੱਢ ਰਿਹਾ ਸੀ ਰਾਜੇ ਨੇ ਲੱਕੜਹਾਰੇ ਤੋਂ ਪੀਣ ਲਈ ਪਾਣੀ ਮੰਗਿਆ
ਲੱਕੜਹਾਰੇ ਨੇ ਉਸ ਨੂੰ ਬਹੁਤ ਹੀ ਪਿਆਰ ਨਾਲ ਪਾਣੀ ਪਿਆ ਦਿੱਤਾ ਪਾਣੀ ਪੀ ਕੇ ਰਾਜਾ ਬਹੁਤ ਖੁਸ਼ ਹੋ ਗਿਆ ਤੇ ਉਸ ਨੂੰ ਕਹਿਣ ਲੱਗਾ ਕਿ ਮੈਂ ਰਾਜਾ ਹਾਂ, ਮੰਗ ਲੈ ਕੀ ਚਾਹੁੰਦਾ ਹੈਂ? ਰਾਜੇ ਨੇ ਖੁਸ਼ ਹੋ ਕੇ ਉਸ ਨੂੰ ਚੰਦਨ ਦਾ ਬਾਗ ਬਖ਼ਸ਼ ਦਿੱਤਾ ਇੱਕਦਮ ਐਨੀ ਵੱਡੀ ਗਿਣਤੀ ’ਚ ਰੁੱਖ ਹਾਸਲ ਕਰਕੇ ਲੱਕੜਹਾਰਾ ਬਹੁਤ ਖੁਸ਼ ਹੋ ਗਿਆ ਅਤੇ ਮਨ ’ਚ ਕਹਿਣ ਲੱਗਾ ਕਿ ਪਹਿਲਾਂ ਲੱਕੜਾਂ ਦੀ ਇੱਕ ਗੰਢ ਲਈ ਸਾਰਾ ਜੰਗਲ ਭਟਕਣਾ ਪੈਂਦਾ ਸੀ, ਹੁਣ ਪੂਰੇ ਦਾ ਪੂਰਾ ਜੰਗਲ ਹੀ ਮਿਲ ਗਿਆ ਹੈ ਇਸ ਲਈ ਤਾਂ ਕਹਿੰਦੇ ਹਨ ਕਿ ਰਾਜੇ ਰਾਜੇ ਹੀ ਹੁੰਦੇ ਹਨ
ਉਹ ਲੱਕੜਹਾਰਾ ਲੱਕੜਾਂ ਦੇ ਕੋਲੇ ਬਣਾ-ਬਣਾ ਕੇ ਵੇਚਿਆ ਕਰਦਾ ਸੀ ਉਸ ਨੂੰ ਚੰਦਨ ਦੀ ਮਹੱਤਤਾ ਅਤੇ ਇਸ ਦੇ ਬੇਅੰਤ ਮੁੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ ਇਸ ਲਈ ਉਸ ਨੇ ਚੰਦਨ ਦੇ ਉਨ੍ਹਾਂ ਰੁੱਖਾਂ ਨੂੰ ਵੀ ਵੱਢ-ਵੱਢ ਕੇ ਅਤੇ ਉਨ੍ਹਾਂ ਦੇ ਕੋਲੇ ਬਣਾ-ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਹੌਲੀ-ਹੌਲੀ ਸਾਰੇ ਦਾ ਸਾਰਾ ਬਾਗ ਖਾਲੀ ਹੋ ਗਿਆ ਅਤੇ ਫਿਰ ਤੋਂ ਪਹਿਲਾਂ ਵਾਂਗ ਉਸ ਨੇ ਜੰਗਲ ’ਚ ਲੱਕੜਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ
ਅਚਾਨਕ ਇੱਕ ਦਿਨ ਫਿਰ ਰਾਜਾ ਸ਼ਿਕਾਰ ਖੇਡਣ ਲਈ ਜੰਗਲ ’ਚ ਗਿਆ ਤਾਂ ਉਸ ਨੇ ਦੇਖਿਆ ਕਿ ਉਹੀ ਲੱਕੜਹਾਰਾ ਪਹਿਲਾਂ ਵਾਂਗ ਫਿਰ ਲੱਕੜਾਂ ਵੱਢ ਰਿਹਾ ਹੈ ਰਾਜੇ ਨੇ ਉਸ ਦੇ ਕੋਲ ਜਾ ਕੇ ਪੁੱਛਿਆ, ‘‘ਐ ਲੱਕੜਹਾਰੇ! ਤੂੰ ਆਪਣੀ ਆਦਤ ਤੋਂ ਮਜ਼ਬੂਰ ਹੈਂ ਤੂੰ ਹਾਲੇ ਵੀ ਆਪਣਾ ਇਹ ਕੰਮ ਨਹੀਂ ਛੱਡਿਆ?’’ ਇਸ ’ਤੇ ਲੱਕੜਹਾਰੇ ਨੇ ਨਿਮਰਤਾ ਸਹਿਤ ਜਵਾਬ ਦਿੱਤਾ, ‘‘ਬਾਦਸ਼ਾਹ ਸਲਾਮਤ! ਤੁਸੀਂ ਰਾਜੇ ਲੋਕ ਹੋ ਤੁਹਾਨੂੰ ਕਿਸ ਚੀਜ਼ ਦੀ ਪਰਵਾਹ ਹੈ ਅਸੀਂ ਤਾਂ ਮਜ਼ਦੂਰ ਲੋਕ ਹਾਂ, ਮਿਹਨਤ-ਮਜ਼ਦੂਰੀ ਨਹੀਂ ਕਰਾਂਗੇ ਤਾਂ ਕੀ ਖਾਵਾਂਗੇ
ਤੁਸੀਂ ਮੈਨੂੰ ਅਜਿਹਾ ਕਿਹੜਾ ਖ਼ਜ਼ਾਨਾ, ਐਨਾ ਕਿੰਨਾ ਧਨ ਦੇ ਦਿੱਤਾ ਸੀ, ਜੋ ਕਦੇ ਖ਼ਤਮ ਹੀ ਨਾ ਹੁੰਦਾ?’’ ਰਾਜੇ ਨੇ ਹੈਰਾਨ ਹੁੰਦਿਆਂ ਪੁੱਛਿਆ, ‘‘ਉਹ ਚੰਦਨ ਦਾ ਬਾਗ, ਜਿਸ ’ਚ ਚੰਦਨ ਦੇ ਹਜ਼ਾਰਾਂ ਰੁੱਖ ਸਨ, ਉਹ ਕਿੱਥੇ ਹਨ?’’ ‘‘ਉਹ ਤਾਂ ਕਦੋਂ ਦਾ ਖ਼ਤਮ ਹੋ ਗਿਆ’’ ਇਸਦੇ ਨਾਲ ਹੀ ਉਸਨੇ ਆਪਣੇ ਜੀਵਨ ਦੀ ਅਸਲੀਅਤ ਜੋ ਸੀ, ਉਹ ਸਾਰੀ ਦੀ ਸਾਰੀ ਸੁਣਾ ਦਿੱਤੀ
ਰਾਜੇ ਨੂੰ ਉਸ ਦੀ ਮੂਰਖਤਾ ’ਤੇ ਗੁੱਸਾ ਵੀ ਬਹੁਤ ਆਇਆ ਅਤੇ ਹੈਰਾਨੀ ਵੀ ਹੋਈ ਰਾਜੇ ਨੇ ਸੋਚਿਆ ਕਿ ਇਸ ਨੂੰ ਚੰਦਨ ਦੀ ਕੀਮਤ ਅਤੇ ਮਹੱਤਤਾ ਦਾ ਪਤਾ ਨਹੀਂ ਹੈ, ਇਸ ਲਈ ਇਸ ਨੂੰ ਚੰਦਨ ਦੀ ਕੀਮਤ ਦਾ ਪਤਾ ਦੱਸਣਾ ਚਾਹੀਦਾ ਹੈ ਰਾਜਾ ਕਹਿਣ ਲੱਗਾ, ‘‘ਤੇਰੇ ਕੋਲ ਉਸ ਬਾਗ ਦੀ ਲੱਕੜ ਦਾ ਕੋਈ ਟੁਕੜਾ ਬਚਿਆ ਹੈ?’’ ਲੱਕੜਹਾਰੇ ਨੇ ਜਵਾਬ ਦਿੱਤਾ, ‘‘ਹੋਰ ਤਾਂ ਕੁਝ ਨਹੀਂ ਬਚਿਆ ਸਿਰਫ ਕੁਹਾੜੀ ’ਚ ਜੋ ਦਸਤਾ ਹੈ, ਇਹ ਉਸੇ ਲੱਕੜ ਦਾ ਹੈ’’ ‘‘ਅੱਛਾ! ਇਹ ਲੱਕੜ ਦਾ ਟੁਕੜਾ ਲੈ ਜਾ ਅਤੇ ਬਜ਼ਾਰ ’ਚ ਇਸ ਦੀ ਕੀਮਤ ਪੁੱਛ ਕੇ ਆ’’
ਚੰਦਨ ਦੀ ਲੱਕੜ ਦੇ ਉਸ ਛੋਟੇ ਜਿਹੇ ਟੁਕੜੇ ਦੀ ਬਜ਼ਾਰ ਕੀਮਤ ਸੁਣ ਕੇ ਉਹ ਲੱਕੜਹਾਰਾ ਸਿਰ ਫੜ ਕੇ ਰੋਣ ਲੱਗਾ ਉਹ ਜ਼ੋਰ-ਜ਼ੋਰ ਨਾਲ ਭੁੱਬਾਂ ਮਾਰ-ਮਾਰ ਕੇ ਰੋਣ ਬੈਠ ਗਿਆ ਕਿ ਹਾਏ! ਮੈਂ ਤਾਂ ਐਨਾ ਬੇਸ਼ਕੀਮਤੀ ਬਾਗ ਸਾਰੇ ਦਾ ਸਾਰਾ ਕੋਲਾ ਬਣਾ-ਬਣਾ ਕੇ ਵੇਚ ਦਿੱਤਾ ਹੈ ਪਰ ਹੁਣ ਪਛਤਾਇਆਂ ਕੁਝ ਨਹੀਂ ਹੋ ਸਕਦਾ ਸੀ
ਇਸ ਤਰ੍ਹਾਂ, ਹੇ ਇਨਸਾਨ! ਤੇਰਾ ਇਹ ਮਨੁੱਖਾਂ ਸਰੀਰ ਵੀ ਚੰਦਨ ਦਾ ਬਾਗ ਹੈ ਅਤੇ ਇਸ ਵਿਚ ਜੋ ਸਵਾਸ ਚੱਲ ਰਹੇ ਹਨ ਇਹ ਚੰਦਨ ਦੇ ਰੁੱਖ ਹਨ ਮਹਾਂਪੁਰਸ਼ਾਂ ਨੇ ਇੱਕ ਸਵਾਸ ਦੀ ਕੀਮਤ ਦੀ ਤੁਲਨਾ ਹੀਰੇ, ਲਾਲ, ਜਵਾਹਰਾਤ ਅਤੇ ਤ੍ਰਿਲੋਕੀ ਦੀ ਕੀਮਤ ਨਾਲ ਕੀਤੀ ਹੈ ਬਲਕਿ ਇਸ ਤੋਂ ਵੀ ਵਧ ਕੇ ਬਹੁਤ ਹੀ ਕੀਮਤੀ ਦੱਸੀ ਹੈ ਇਸ ਤਰ੍ਹਾਂ ਇਨਸਾਨ ਵੀ ਆਪਣੇ ਇਨ੍ਹਾਂ ਸਵਾਸਾਂ ਨੂੰ ਚੰਦਨ ਦੇ ਬੂਟਿਆਂ ਵਾਂਗ ਵਿਸ਼ੇ-ਵਿਕਾਰਾਂ ਰੂਪੀ ਅੱਗ ’ਚ ਕੋਲੇ ਬਣਾ-ਬਣਾ ਕੇ ਖ਼ਤਮ ਕਰੀ ਜਾ ਰਿਹਾ ਹੈ
ਇਸ ਤਰ੍ਹਾਂ ਜਦੋਂ ਇਹ ਇਨਸਾਨ ਆਪਣੇ ਸਾਰੇ ਦੇ ਸਾਰੇ ਸਵਾਸ ਖ਼ਤਮ ਕਰ ਲਵੇਗਾ ਤਾਂ ਉਸ ਲੱਕੜਹਾਰੇ ਵਾਂਗ ਇਹ ਵੀ ਬਿਲਕੁਲ ਕੰਗਾਲ ਬਣ ਜਾਵੇਗਾ ਇਸ ਲਈ ਜੇਕਰ ਇਨਸਾਨ ਸੱਚੇ ਸੰਤਾਂ, ਰੂਹਾਨੀ-ਫਕੀਰਾਂ ਦੇ ਸਤਿਸੰਗ ’ਚ ਆਵੇ ਤਾਂ ਸਵਾਸਾਂ ਦੀ ਆਪਣੀ ਕੀਮਤੀ ਪੂੰਜੀ ਨੂੰ ਮਾਲਕ-ਪ੍ਰਭੂ ਦੇ ਸਿਮਰਨ ’ਚ ਲਾ ਕੇ ਇਨ੍ਹਾਂ ਤੋਂ ਬਹੁਤ ਹੀ ਉੱਤਮ ਲਾਭ ਲੈ ਸਕਦਾ ਹੈ ਭਾਵ ਆਪਣੇ ਜਨਮ-ਮਰਨ ਦੀ ਫਾਹੀ ਖ਼ਤਮ ਕਰ ਸਕਦਾ ਹੈ -ਡੈਸਕ































































