Editorial: ਤੁਹਾਡਾ ਵਿਵਹਾਰ ਹੀ ਤੁਹਾਡੀ ਪਹਿਚਾਣ ਬਣ ਜਾਂਦਾ ਹੈ -ਸੰਪਾਦਕੀ
ਇਨਸਾਨ ਸਮਾਜ ’ਚ ਆਪਣੀ ਪਹਿਚਾਣ ਖੁਦ ਬਣਾਉਂਦਾ ਹੈ ਇਸਨੂੰ ਲੋਕ ਕਿਸ ਨਜ਼ਰ ਨਾਲ ਦੇਖਦੇ ਹਨ ਇਹ ਉਸਦਾ ਆਪਣਾ ਹੀ ਬਣਾਇਆ ਹੋਇਆ ਇੱਕ ਸਵਰੂਪ ਹੈ ਅਸੀਂ ਆਪਣੇ ਆਸਪਾਸ ਅਕਸਰ ਹੀ ਦੇਖਦੇ ਹਾਂ ਕਿ ਕੋਈ ਭਲਾ ਆਦਮੀ ਹੈ ਤਾਂ ਉਸਨੂੰ ਭਲਾ-ਨੇਕਦਿਲ ਇਨਸਾਨ ਹੀ ਕਿਹਾ ਜਾਵੇਗਾ ਅਤੇ ਦੂਜੇ ਪਾਸੇ ਜੇਕਰ ਕੋਈ ਈਰਖਾਲੂ, ਝਗੜਾਲੂ ਕਿਸਮ ਦਾ ਹੈ ਤਾਂ ਲੋਕ ਉਸਨੂੰ ਉਸੇ ਨਜ਼ਰੀਏ ਨਾਲ ਤੋਲਦੇ ਹਨ ਇਹ ਸਭ ਸਾਨੂੰ ਆਪਣੇ ਵਿਵਹਾਰ ਨਾਲ ਹੀ ਮਿਲਦਾ ਹੈ
ਇਸ ਲਈ ਹਰ ਕਿਸੇ ਨੂੰ ਆਪਣੇ ਵਿਵਹਾਰ ਦੇ ਪ੍ਰਤੀ ਸਜੱਗ ਰਹਿਣ ਦੀ ਜ਼ਰੂਰਤ ਹੈ ਆਮ ਕਹਾਵਤ ਵੀ ਹੈ ਕਿ ‘ਇੱਕ ਹੱਥ ਦੇ, ਦੂਜੇ ਹੱਥ ਲੈ’ ਇਹ ਵਿਵਹਾਰ ਦੀ ਹੀ ਤਾਂ ਝਲਕ ਹੈ ਵਿਵਹਾਰ ਹੀ ਵਿਅਕਤੀ ਦੇ ਜੀਵਨ ਦੀ ਛਾਪ ਹੈ ਜਿਸ ਨੂੰ ਉਸਦੇ ਜਾਣ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ ਹੈ ਅਸੀਂ ਆਪਣੇ ਵਿਵਹਾਰ ਦੀ ਡੂੰਘਾਈ ਤੱਕ ਜਾਈਏ ਤਾਂ ਇਸਦਾ ਅਰਥ ਬੜਾ ਗੂੜ੍ਹਾ ਹੁੰਦਾ ਹੈ ਕਿਉਂਕਿ ਇਹ ਸਿਰਫ ਦੁਨਿਆਵੀਂ ਜੀਵਨ ਜਿਉਣ ਦਾ ਹਿੱਸਾ ਨਾ ਹੋ ਕੇ ਸਾਡੇ ਲਈ ਅਧਿਆਤਮ ਦੇ ਰਸਤੇ ’ਚ ਵੀ ਕਦਮ ਵਧਾਉਣ ’ਚ ਸਹਾਇਕ ਸਿੱਧ ਹੁੰਦਾ ਹੈ
ਅਧਿਆਤਮ ਦੀ ਮੰਜਿਲ ਵੱਲ ਚੱਲਣ ਵਾਲੇ ਰਾਹੀ ਨੂੰ ਆਪਣੇ ਵਿਵਹਾਰ ਦੇ ਪ੍ਰਤੀ ਹੋਰ ਵੀ ਸੱਚਾ-ਸੁੱਚਾ ਬਣਨਾ ਲਾਜਮੀ ਹੋ ਜਾਂਦਾ ਹੈ ਇੱਕ ਗੁਰੂ ਆਪਣੇ ਮੁਰੀਦਾਂ ਨੂੰ ਇਹ ਗੱਲ ਸਮਝਾਉਣ ’ਚ ਕੋਈ ਕਸਰ-ਕਮੀ ਨਹੀਂ ਛੱਡਦਾ ਇਹੀ ਕਾਰਨ ਹੇੈ ਕਿ ਪੂਜਨੀਕ ਗੁਰੂ ਜੀ ਆਪਣੇ ਸ਼ਰਧਾਲੂਆਂ ਨੂੰ ਵਾਰ-ਵਾਰ ਵਿਵਹਾਰ ਦੇ ਸੱਚੇ ਬਣਨ ਦੀ ਅਪੀਲ ਕਰਦੇ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਆਪਣੇ ਵਿਵਹਾਰ ਦੇ ਪੱਕੇ ਬਣੋ ਜ਼ੁਬਾਨ ਦੇ ਧਨੀ ਬਣੋ ਕਿਸੇ ਨੂੰ ਜ਼ੁਬਾਨ ਦੇ ਦਿੱਤੀ ਤਾਂ ਦੇ ਦਿੱਤੀ ਪੁਰਾਣੇ ਜ਼ਮਾਨੇ ’ਚ ਲੋਕ ਜ਼ੁਬਾਨਾਂ ਨਾਲ ਹੀ ਸੌਦੇ ਕਰ ਲਿਆ ਕਰਦੇ ਸਨ, ਪਰ ਅੱਜਕੱਲ੍ਹ ਲੋਕ ਲਿਖਿਆ ਹੋਇਆ ਵੀ ਮੁਕਰ ਜਾਂਦੇ ਹਨ
ਲੋਕ ਗੁਰੂਆਂ-ਪੀਰਾਂ ਦੀਆਂ ਸਿੱਖਿਆਵਾਂ ਤੋਂ ਦੂਰ ਜਾ ਰਹੇ ਹਨ ਪਰ ਸਤਿਸੰਗੀ ਨੂੰ ਆਪਣੇ ਵਿਵਹਾਰ ਦਾ ਬੜਾ ਧਿਆਨ ਰੱਖਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਉੁਦਾਹਰਣ ਦਿੰਦੇ ਹੋਏ ਸਮਝਾਉਂਦੇ ਹਨ ਕਿ ਮੰਨ ਲਓ ਕਿਸੇ ਤੋਂ ਤੁਸੀਂ ਪੈਸੇ ਉੱਧਾਰ ਲਏ ਹਨ ਅਤੇ ਤੁਹਾਨੂੰ ਪਤਾ ਹੈ ਕਿ ਚਾਰ ਮਹੀਨਿਆਂ ’ਚ ਵਾਪਸ ਕਰ ਸਕਦਾ ਹਾਂ ਫਿਰ ਵੀ ਤੁਸੀਂ ਉਨ੍ਹਾਂ ਤੋਂ ਪੰਜ ਮਹੀਨਿਆਂ ਦਾ ਟਾਈਮ ਲੈ ਲਓ ਅਤੇ ਉਸਨੂੰ ਬੇਸ਼ੱਕ ਇੱਕ ਮਹੀਨਾ ਪਹਿਲਾਂ ਹੀ ਵਾਪਸ ਕਰ ਦਿਓ ਇਹ ਹੈ ਇਨਸਾਨੀਅਤ ਅਤੇ ਤੁਹਾਡਾ ਸੱਚਾ ਵਿਵਹਾਰ ਉਸਦਾ ਇੱਕ-ਇੱਕ ਪੈਸਾ ਖੁਸ਼ੀ-ਖੁਸ਼ੀ ਵਾਪਸ ਕਰ ਦਿਓ ਉਹ ਮੰਗਣ ਨਾ ਆਵੇ ਤੁਹਾਡੇ ਘਰ ਇਹ ਹੁੰਦਾ ਹੈ
ਵਿਵਹਾਰ ਅਤੇ ਗੱਲ ਦਾ ਧਨੀ ਹੋਣਾ ਦੂਜੇ ਪਾਸੇ ਪੂਜਨੀਕ ਗੁਰੂ ਜੀ ਲੈਣ-ਦੇਣ ’ਚ ਕਿਸੇ ਦੀ ਮੱਦਦ ਕਰਨ ਵਾਲੇ ਪ੍ਰਤੀ ਵੀ ਵਚਨ ਫਰਮਾਉਂਦੇ ਹਨ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਵੱਡੇ ਦਿਲ ਨਾਲ ਕਰੋ ਕਿਸੇ ਨੂੰ ਤੁਹਾਡੇ ਤੋਂ ਜ਼ਰੂਰਤ ਪੈ ਗਈ ਤਾਂ ਉਸਨੂੰ ਵਿਆਜ ’ਤੇ ਵਿਆਜ ਲਗਾ ਕੇ ਉਸਦਾ ਸ਼ੋਸ਼ਣ ਨਾ ਕਰੋ ਉਸਨੂੰ ਐਨਾ ਪ੍ਰੇਸ਼ਾਨ ਨਾ ਕਰੋ ਕਿ ਉਹ ਜ਼ਿੰਦਗੀ ਤੋਂ ਹੀ ਤੰਗ ਆ ਜਾਵੇ ਇਹ ਤੁਸੀਂ ਉਸਦੀ ਮਦਦ ਨਹੀਂ ਕੀਤੀ ਸਗੋਂ ਉਸਨੂੰ ਦੁੱਖ ਦੇ ਦਿੱਤਾ ਹੈ ਇਸ ਲਈ ਇੱਕ ਸਤਿਸੰਗੀ ਨੂੰ ਸੱਚਾ ਮਦਦਗਾਰ ਹੋਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਇਸਦੇ ਪ੍ਰਤੀ ਸਜਗ ਕਰਦਿਆਂ ਵਚਨ ਫਰਮਾਏ ਕਿ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਹਨ
ਅਤੇ ਉਹ ਵਾਪਸ ਕਰਨ ਆਇਆ ਹੈ ਤਾਂ ਉਸ ’ਤੇ ਜੋ ਵਿਆਜ ਹੈ ਉਹ ਨਾ ਲਿਆ ਜਾਵੇ ਤੁਹਾਡਾ ਜੋ ਮੂਲ ਹੈ ਉਹ ਲੈ ਲਓ ਪੂਜਨੀਕ ਗੁਰੂ ਜੀ ਨੇ ਪਿਛਲੇ ਦਿਨੀਂ ਸੰਗਤ ਤੋਂ ਇਸਦਾ ਪ੍ਰਣ ਵੀ ਕਰਵਾਇਆ ਹੈ ਜਿਵੇਂ ਜੇਕਰ ਕਿਸੇ ਜ਼ਰੂੂਰਤਮੰਦ ਗਰੀਬ ਨੂੰ ਉੱਧਾਰ ਦਿੱਤਾ ਹੈ, ਤਾਂ ਪੈਸਾ ਵਾਪਸ ਲੈਂਦੇ ਸਮੇਂ ਵਿਆਜ ਛੱਡ ਕੇ ਸਿਰਫ ਮੂਲ ਧਨ ਵਾਪਸ ਲੈਣਗੇ ਤਾਂ ਕਿ ਉਸ ’ਤੇ ਬੋਝ ਨਾ ਪਵੇ ਇਹ ਹੈ ਸੰਤ ਸਤਿਗੁਰੂ ਦੀ ਸਿੱਖਿਆ, ਜੋ ਸਿਰਫ ਅਗਲੇ ਜਹਾਨ ਦਾ ਹੀ ਨਹੀਂ, ਸਗੋਂ ਇਸ ਜਹਾਨ ’ਚ ਗੁਜ਼ਰ-ਬਸਰ ਦਾ ਹਰ ਪਾਠ ਪੜ੍ਹਾਉਂਦਾ ਹੈ
ਸੱਚੇ ਰੂਹਾਨੀ ਸੰਤ, ਗੁਰੂ, ਪੀਰ-ਫਕੀਰ ਸਮੇਂ-ਸਮੇਂ ’ਤੇ ਆਪਣੇ ਮੁਰੀਦਾਂ ਨੂੰ ਜੀਵਨ ਦੀ ਹਰ ਕਸੌਟੀ ’ਤੇ ਨਿਖਾਰਣ ਦਾ ਕੰਮ ਕਰਦੇ ਰਹਿੰਦੇ ਹਨ ਉਹ ਆਪਣੇ ਮੁਰੀਦ ਦੀ ਹਰ ਤਰ੍ਹਾਂ ਨਾਲ ਸੰਭਾਲ ਕਰਦੇ ਹਨ ਤਾਂ ਕਿ ਉਨ੍ਹਾਂ ਦਾ ਜੀਵਨ ਉੱਚ ਮਰਿਆਦਾ ਵਾਲਾ ਹੋਵੇ ਅਜਿਹੇ ਮੁਰੀਦ ਸਮਾਜ ’ਚ ਇੱਕ ਉਦਾਹਰਣ ਤਾਂ ਪੇਸ਼ ਕਰਦੇ ਹੀ ਹਨ, ਨਾਲ ਹੀ ਉਨ੍ਹਾਂ ਦਾ ਰੂਹਾਨੀ ਸਫਰ ਵੀ ਸੌਖਾ ਤੈਅ ਹੁੰਦਾ ਰਹਿੰਦਾ ਹੈ ਆਪਣੇ ਸਤਿਗੁਰੂ ਦੇ ਪ੍ਰਤੀ ਦ੍ਰਿੜ ਵਿਸ਼ਵਾਸ਼, ਸੇਵਾ ਸਿਮਰਨ, ਪਰਮਾਰਥ ਅਤੇ ਤਿੰਨ ਵਚਨਾਂ ਦੇ ਪਾਬੰਦ ਰਹਿਣ ਦੇ ਨਾਲ-ਨਾਲ ਵਿਵਹਾਰ ਦੇ ਸੱਚੇ ਰਹਿਣਾ ਵੀ ਰੂਹਾਨੀ ਤਰੱਕੀ ਲਈ ਜ਼ਰੂਰੀ ਹੈ
ਸਾਧ-ਸੰਗਤ ਵੀ ਪੂਜਨੀਕ ਗੁਰੂ ਜੀ ਦੇ ਅਨਮੋਲ ਵਚਨਾਂ ’ਤੇ ਡੱਟ ਕੇ ਪਹਿਰਾ ਦਿੰਦੀ ਹੈ ਪੂਜਨੀਕ ਗੁਰੂ ਜੀ ਦਾ ਇੱਕ-ਇੱਕ ਵਚਨ ਉਨ੍ਹਾਂ ਲਈ ਜੀਵਨ ਦਾ ਸਾਰ ਹੁੰਦਾ ਹੈ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਅੱਜ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਜਿੰਦਗੀ ਦਾ ਹਰ ਆਨੰਦ ਮਾਣ ਰਹੇ ਹਨ
































































