Silence ਚੁੱਪਅੰਦਰ ਦੀ ਆਵਾਜ਼ ਨੂੰ ਸੁਣਨ ਦੀ ਚਾਬੀ
ਅੱਜ ਦਾ ਯੁੱਗ ਵਧੇਰੇ ਜੁੜਾਅ ਅਤੇ ਲਗਾਤਾਰ ਸੰਵਾਦ ਦਾ ਯੁੱਗ ਹੈ ਸਵੇਰੇ ਅੱਖਾਂ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਮਨੁੱਖ ਸ਼ਬਦਾਂ, ਸੂਚਨਾਵਾਂ, ਮੋਬਾਇਲ ਨੋਟੀਫਿਕੇਸ਼ਨਾਂ ਤੇ ਵਿਚਾਰਾਂ ਦੀ ਲਗਾਤਾਰ ਬੌਛਾਰ ਵਿਚ ਜੀਅ ਰਿਹਾ ਹੈ ਅਜਿਹੇ ਸਮੇਂ ’ਚ ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਮਨੁੱਖ ਨੇ ਬੋਲਣਾ ਤਾਂ ਸਿੱਖ ਲਿਆ, ਪਰ ਸ਼ਾਂਤ ਰਹਿਣਾ ਭੁੱਲ ਗਿਆ ਜਦੋਂਕਿ ਸੱਚ ਇਹ ਹੈ
ਕਿ ਸੰਸਾਰ ਦੀ ਸਭ ਤੋਂ ਡੂੰਘੀ ਸ਼ਕਤੀ ਸ਼ਬਦਾਂ ਵਿੱਚ ਹੀ ਨਹੀਂ, ਸਗੋਂ ਚੁੱਪ ’ਚ ਵੀ ਲੁਕੀ ਹੁੰਦੀ ਹੈ ਚੁੱਪ ਸਿਰਫ ਕੁਝ ਨਾ ਕਹਿਣ ਦਾ ਨਾਂਅ ਨਹੀਂ ਹੈ ਇਹ ਇੱਕ ਅਜਿਹੀ ਅੰਦਰੂਨੀ ਅਵਸਥਾ ਹੈ, ਜਿਸ ਵਿਚ ਸ਼ਾਂਤੀ, ਊਰਜਾ, ਸਵੈ-ਪੜਚੋਲ ਅਤੇ ਸਵੈ-ਗਿਆਨ ਦਾ ਅਨੁਭਵ ਹੁੰਦਾ ਹੈ ਦੋ ਸ਼ਬਦਾਂ ਦਰਮਿਆਨ ਦੀ ਖਾਲੀ ਜਗ੍ਹਾ ਜਿਸ ਤਰ੍ਹਾਂ ਸ਼ਬਦਾਂ ਨੂੰ ਅਰਥ ਦਿੰਦੀ ਹੈ, ਉਸੇ ਤਰ੍ਹਾਂ ਜੀਵਨ ਦੀ ਭੱਜ-ਦੌੜ ਦੌਰਾਨ ਦੀ ਚੁੱਪ ਜੀਵਨ ਨੂੰ ਡੂੰਘਾਈ ਅਤੇ ਸਾਰਥਿਕਤਾ ਦਿੰਦੀ ਹੈ
Table of Contents
ਅਧਿਆਤਮ ’ਚ ਚੁੱਪ ਦਾ ਮਹੱਤਵ:
ਭਾਰਤੀ ਸੱਭਿਆਚਾਰ ਅਤੇ ਅਧਿਆਤਮ ’ਚ ਚੁੱਪ ਨੂੰ ਵਧੇਰੇ ਪਵਿੱਤਰ ਮੰਨਿਆ ਜਾਂਦਾ ਹੈ ਇੱਥੇ ਚੁੱਪ ਨੂੰ ਸਿਰਫ ਅਵਾਜ਼ ਰੋਕ ਦੇਣ ਤੱਕ ਸੀਮਤ ਨਹੀਂ ਰੱਖਿਆ ਗਿਆ, ਸਗੋਂ ਇਸ ਨੂੰ ਸਵੈ-ਪੜਚੋਲ ਅਤੇ ਧਿਆਨ ਦਾ ਜ਼ਰੀਆ ਮੰਨਿਆ ਗਿਆ ਹੈ ਜੋ ਚੁੱਪ ਨੂੰ ਧਾਰ ਲੈਂਦਾ ਹੈ, ਉਹ ਅੰਦਰੋਂ ਸ਼ਕਤੀਸ਼ਾਲੀ ਬਣ ਜਾਂਦਾ ਹੈ
ਸ੍ਰੀਮਦਭਗਵਦ ਗੀਤਾ ’ਚ ਸ੍ਰੀ ਕ੍ਰਿਸ਼ਨ ਜੀ ਅਨੁਸਾਰ, ਸੱਚੇ, ਪਿਆਰੇ ਅਤੇ ਹਿੱਤਕਾਰੀ ਬਚਨ ਬੋਲਣਾ ਵੀ ਤਪ ਮੰਨਿਆ ਗਿਆ ਹੈ, ਪਰ ਚੁੱਪ ਉਸ ਤੋਂ ਵੀ ਸ੍ਰੇਸ਼ਠ ਅਵਸਥਾ ਹੈ ਸ਼ਿਵ ਜੀ ਦੇ ‘ਦੱਖਣਾਮੂਰਤੀ’ ਸਵਰੂਪ ’ਚ ਉਹ ਬਿਨਾਂ ਬੋਲੇ ਆਪਣੇ ਮੁਰੀਦਾਂ ਦੇ ਸਵਾਲਾਂ ਦਾ ਹੱਲ ਕਰਦੇ ਹਨ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਡੂੰਘੇ ਸੱਚ ਸ਼ਬਦਾਂ ਨਾਲ ਨਹੀਂ, ਸਗੋਂ ਚੁੱਪ ਨਾਲ ਪ੍ਰਗਟ ਹੁੰਦੇ ਹਨ
ਯੋਗ ਸ਼ਾਸਤਰ ’ਚ ਚੁੱਪ ਨੂੰ ‘ਪ੍ਰਤਿਆਹਾਰ’ ਦੀ ਪ੍ਰਕਿਰਿਆ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਜਦੋਂ ਵਿਅਕਤੀ ਬਾਹਰੀ ਸੰਸਾਰ ਨਾਲ ਗੱਲਬਾਤ ਘੱਟ ਕਰਦਾ ਹੈ, ਉਦੋਂ ਅੰਦਰ ਦਾ ਸੰਵਾਦ ਸ਼ੁਰੂ ਹੁੰਦਾ ਹੈ ਬੌਧ ਪਰੰਪਰਾ, ਧਿਆਨ ਅਤੇ ਸਾਧਨਾ ’ਚ ਵੀ ਚੁੱਪ ਨੂੰ ਮਨ ਦੀ ਸ਼ੁੱਧੀ ਦਾ ਜ਼ਰੀਆ ਮੰਨਿਆ ਗਿਆ ਹੈ ਚੁੱਪ ਮਨ ਦੀ ਖਿੰਡੀ ਹੋਈ ਊਰਜਾ ਨੂੰ ਬਚਾ ਕੇ ਉਸ ਨੂੰ ਯਾਦਦਾਸ਼ਤ, ਇਕਾਗਰਤਾ ਅਤੇ ਸਵੈ-ਗਿਆਨ ਦੀ ਦਿਸ਼ਾ ’ਚ ਕੇਂਦਰਿਤ ਕਰਦੀ ਹੈ
ਵਿਗਿਆਨ ਵੀ ਮੰਨਦਾ ਹੈ ਚੁੱਪ ਦੀ ਸ਼ਕਤੀ:
ਆਧੁਨਿਕ ਵਿਗਿਆਨ ਨੇ ਵੀ ਹੁਣ ਚੁੱਪ ਦੇ ਮਹੱਤਵ ਨੂੰ ਸਵੀਕਾਰ ਕੀਤਾ ਹੈ ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਚੁੱਪ ਸਿਰਫ ਆਵਾਜ਼ ਦੀ ਗੈਰਹਾਜ਼ਰੀ ਨਹੀਂ, ਸਗੋਂ ਦਿਮਾਗ ਲਈ ਇੱਕ ਤਰ੍ਹਾਂ ਦਾ ‘ਰੀਸੈੱਟ ਬਟਨ’ ਹੈ ਸਾਲ 2013 ’ਚ ਨਿਊਰੋਪਲਾਸਟੀਸਿਟੀ ’ਤੇ ਹੋਏ ਇੱਕ ਅਧਿਐਨ ’ਚ ਪਾਇਆ ਗਿਆ ਕਿ ਹਰ ਰੋਜ਼ ਕੁਝ ਸਮਾਂ ਚੁੱਪ ਰਹਿਣ ਨਾਲ ਦਿਮਾਗ ਦੇ ਹਿੱਪੋਕੈਂਪਸ ਖੇਤਰ ’ਚ ਨਵੀਆਂ ਕੋਸ਼ਿਕਾਵਾਂ ਦਾ ਵਿਕਾਸ ਹੁੰਦਾ ਹੈ ਇਹੀ ਹਿੱਸਾ ਯਾਦ ਸ਼ਕਤੀ ਅਤੇ ਸਿੱਖਣ ਦੀ ਸਮਰੱਥਾ ਨਾਲ ਜੁੜਿਆ ਹੁੰਦਾ ਹੈ
ਲਗਾਤਾਰ ਸ਼ੋਰ ਅਤੇ ਸੂਚਨਾਵਾਂ ਦਾ ਦਬਾਅ ਤਣਾਅ, ਬੇਚੈਨੀ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ, ਜਦੋਂਕਿ ਕੁਝ ਮਿੰਟਾਂ ਦੀ ਚੁੱਪ ਵੀ ਸਰੀਰ ’ਚ ਤਣਾਅ ਹਾਰਮੋਨ ‘ਕਾਰਟੀਸੋਲ’ ਦੇ ਪੱਧਰ ਨੂੰ ਘੱਟ ਕਰਕੇ ਮਨ ਨੂੰ ਸ਼ਾਂਤ ਕਰਦੀ ਹੈ ਵਿਗਿਆਨੀਆਂ ਅਨੁਸਾਰ, ਜਦੋਂ ਮਨੁੱਖ ਕੁਝ ਸਮਾਂ ਬਿਨਾ ਬੋਲੇ ਅਤੇ ਬਿਨਾ ਕਿਸੇ ਬਾਹਰੀ ਰੁਕਾਵਟ ਦੇ ਸ਼ਾਂਤ ਰਹਿੰਦਾ ਹੈ, ਤਾਂ ਦਿਮਾਗ ਦਾ ‘ਡਿਫਾਲਟ ਮੋਡ ਨੈੱਟਵਰਕ’ ਐਕਟਿਵ ਹੁੰਦਾ ਹੈ, ਜੋ ਰਚਨਾਤਮਕਤਾ ਅਤੇ ਆਤਮ-ਵਿਸ਼ਲੇਸ਼ਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ
ਚੁੱਪ ਅਤੇ ਮਾਨਸਿਕ ਸਿਹਤ:
ਮਨੋਵਿਗਿਆਨ ਅਨੁਸਾਰ, ਚੁੱਪ ਸਿਰਫ ਬਾਹਰੀ ਸ਼ੋਰ ਤੋਂ ਦੂਰ ਜਾਣਾ ਨਹੀਂ, ਸਗੋਂ ਅੰਦਰ ਦੇ ਸ਼ੋਰ ਨੂੰ ਵੀ ਸ਼ਾਂਤ ਕਰਨਾ ਹੈ ਮਨ ਲਗਾਤਾਰ ਵਿਚਾਰਾਂ, ਚਿੰਤਾਵਾਂ ਅਤੇ ਕਲਪਨਾਵਾਂ ’ਚ ਉਲਝਿਆ ਰਹਿੰਦਾ ਹੈ ਅਜਿਹੇ ’ਚ ਚੁੱਪ ਮਨ ਨੂੰ ਆਰਾਮ ਦਿੰਦੀ ਹੈ ਅਤੇ ਵਿਅਕਤੀ ਨੂੰ ਖੁਦ ਦੇ ਨੇੜੇ ਲੈ ਜਾਂਦਾ ਹੈ ਧਿਆਨ ’ਚ ਵੀ ਚੁੱਪ ਸਭ ਤੋਂ ਮਹੱਤਵਪੂਰਨ ਸਾਧਨ ਮੰਨਿਆ ਗਿਆ ਹੈ ਜਦੋਂ ਵਿਅਕਤੀ ਚੁੱਪ ਬੈਠਦਾ ਹੈ, ਤਾਂ ਉਹ ਆਪਣੇ ਸਾਹਾਂ, ਵਿਚਾਰਾਂ ਅਤੇ ਭਾਵਨਾਵਾਂ ਨੂੰ ਜ਼ਿਆਦਾ ਸਪਸ਼ਟ ਤੌਰ ’ਤੇ ਮਹਿਸੂਸ ਕਰ ਸਕਦਾ ਹੈ
ਇਹੀ ਪ੍ਰਕਿਰਿਆ ਆਤਮ-ਗਿਆਨ ਅਤੇ ਮਾਨਸਿਕ ਸੰਤੁਲਨ ਵੱਲ ਲੈ ਜਾਂਦੀ ਹੈ ਅੱਜ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਸੂਚਨਾਵਾਂ ਦੇ ਇਸ ਦੌਰ ’ਚ ਮਨੁੱਖ ਦੁਨੀਆ ਨਾਲ ਤਾਂ ਜੁੜ ਗਿਆ ਹੈ, ਪਰ ਖੁਦ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਜਿਹੇ ਸਮੇਂ ’ਚ ਚੁੱਪ ਮਨੁੱਖ ਨੂੰ ਆਪਣੇ ਅੰਦਰ ਵਾਪਸ ਜਾਣ ਦਾ ਮੌਕਾ ਦਿੰਦੀ ਹੈ ਇਹੀ ਕਾਰਨ ਹੈ ਕਿ ਮਨੋਵਿਗਿਆਨ ਚੁੱਪ ਨੂੰ ‘ਨੈਚੁਰੋ ਥੈਰੇਪੀ’ ਵੀ ਮੰਨਦੇ ਹਨ
ਜੀਵਨ ’ਚ ਚੁੱਪ ਨੂੰ ਕਿਵੇਂ ਅਪਣਾਈਏ:
- ਚੁੱਪ ਨੂੰ ਜੀਵਨ ਦਾ ਹਿੱਸਾ ਬਣਾਉਣਾ ਔਖਾ ਨਹੀਂ ਹੈ ਹਰ ਰੋਜ਼ ਕੁਝ ਸਮਾਂ ਬਿਨਾਂ ਮੋਬਾਇਲ, ਬਿਨਾ ਗੱਲਬਾਤ ਅਤੇ ਬਿਨਾਂ ਕਿਸੇ ਰੁਕਾਵਟ ਦੇ ਖੁਦ ਦੇ ਨਾਲ ਬਿਤਾਉਣਾ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ
- ਹਰ ਰੋਜ਼ 10 ਤੋਂ 15 ਮਿੰਟ ਚੁੱਪ ਬੈਠੋ ਕੁਦਰਤ ਨਾਲ ਸਮਾਂ ਬਿਤਾਓ ਧਿਆਨ ਅਤੇ ਸਾਹ ਅਭਿਆਸ ਕਰੋ ਜ਼ਿਆਦਾ ਬੋਲਣ ਤੋਂ ਬਚੋ ਦਿਨ ’ਚ ਕੁਝ ਸਮਾਂ ਡਿਜ਼ੀਟਲ ਉਪਕਰਨਾਂ ਤੋਂ ਦੂਰੀ ਬਣਾਓ
- ਇਹ ਛੋਟੀਆਂ-ਛੋਟੀਆਂ ਆਦਤਾਂ ਵਿਅਕਤੀ ਦੇ ਅੰਦਰ ਡੂੰਘੀ ਤਬਦੀਲੀ ਲਿਆ ਸਕਦੀਆਂ ਹਨ ਚੁੱਪ ਕੋਈ ਖਾਲੀਪਣ ਨਹੀਂ ਹੈ ਸਗੋਂ ਇਹ ਉਹ ਅਵਸਥਾ ਹੈ, ਜਿਸ ਵਿਚ ਸ਼ਾਂਤੀ, ਜੀਵਨ ਅਤੇ ਅਥਾਹ ਸ਼ਕਤੀ ਵਾਸ ਕਰਦੀ ਹੈ ਧਰਮ ਸਾਨੂੰ ਚੁੱਪ ਵੱਲ ਲੈ ਜਾਂਦਾ ਹੈ ਅਤੇ ਵਿਗਿਆਨ ਇਸ ਦੇ ਮਾਨਸਿਕ ਅਤੇ ਸਰੀਰਕ ਫਾਇਦਿਆਂ ਨੂੰ ਪ੍ਰਮਾਣਿਤ ਕਰਦਾ ਹੈ
- ਜੀਵਨ ਦੀ ਭੱਜ-ਦੌੜ ’ਚ ਚੁੱਪ ਹੀ ਉਹ ਸਥਿਰ ਕੇਂਦਰ ਹੈ, ਜੋ ਸਾਨੂੰ ਅੰਦਰੋਂ ਸੰਤੁਲਿਤ ਰੱਖਦਾ ਹੈ ਚੁੱਪ ਦਾ ਅਰਥ ਸਿਰਫ ਸ਼ਾਂਤ ਰਹਿਣਾ ਨਹੀਂ, ਸਗੋਂ ਖੁਦ ਨੂੰ ਸਮਝਣਾ ਅਤੇ ਜੀਵਨ ਦੀ ਅਸਲ ਸਾਰਥਿਕਤਾ ਨੂੰ ਪਹਿਚਾਨਣਾ ਹੈ ਸ਼ਾਇਦ ਇਹ ਉਹ ਰਸਤਾ ਹੈ, ਜੋ ਮਨੁੱਖ ਨੂੰ ਬਾਹਰੀ ਸ਼ੋਰ ਤੋਂ ਮੁਕਤ ਕਰਕੇ ਉਸ ਨੂੰ ਅੰਦਰਲੇ ਸੱਚ ਨਾਲ ਜੋੜਦਾ ਹੈ
ਚੁੱਪ ਦਾ ਅਭਿਆਸ ਮੁੱਖ ਤੌਰ ’ਤੇ ਪਦਮ ਆਸਣ, ਸੁਖ ਆਸਣ, ਬਾਲ ਆਸਣ ਅਤੇ ਭਰਾਮਰੀ ਪ੍ਰਾਣਾਯਾਮ ਨਾਲ ਕੀਤਾ ਜਾਂਦਾ ਹੈ ਯੋਗ ’ਚ ਚੁੱਪ ਸਿਰਫ ਬੋਲਣਾ ਬੰਦ ਕਰਨਾ ਨਹੀਂ ਹੈ, ਸਗੋਂ ਮਨ ਨੂੰ ਸ਼ਾਂਤ ਕਰਨ ਦੀ ਇੱਕ ਡੂੰਘੀ ਅਵਸਥਾ ਹੈ
- ਸੁਖ ਆਸਣ: ਆਰਾਮਦਾਇਕ ਸਥਿਤੀ ’ਚ ਚੌਂਕੜੀ ਮਾਰ ਕੇ ਬੈਠੋ, ਰੀੜ੍ਹ ਸਿੱਧੀ ਰੱਖੋ ਅਤੇ ਅੱਖਾਂ ਬੰਦ ਕਰਕੇ ਸਾਹਾਂ ’ਤੇ ਧਿਆਨ ਦਿਓ
- ਭਰਾਮਰੀ ਪ੍ਰਾਣਾਯਾਮ: ਦੋਵਾਂ ਹੱਥਾਂ ਦੇ ਅੰਗੂਠਿਆਂ ਨਾਲ ਕੰਨਾਂ ਨੂੰ ਪੋਲੇ ਜਿਹੇ ਬੰਦ ਕਰੋ ਤਰਜਨੀ ਉਂਗਲੀ ਨੂੰ ਮੱਥੇ ’ਤੇ ਅਤੇ ਬਾਕੀ ਉਂਗਲੀਆਂ ਨੂੰ ਅੱਖਾਂ ਅਤੇ ਚਿਹਰੇ ’ਤੇ ਰੱਖੋ ਅੱਖਾਂ ਬੰਦ ਕਰਕੇ ਭੌਰੇ ਵਰਗੀ ਗੂੰਜ ਦੀ ਆਵਾਜ਼ ਕੱਢਣ ਨਾਲ ਪੂਰਾ ਨਾੜੀ ਤੰਤਰ ਸ਼ਾਂਤ ਹੁੰਦਾ ਹੈ ਅਤੇ ਮਾਨਸਿਕ ਸ਼ੋਰ ਘਟਦਾ ਹੈ
- ਪਦਮ ਆਸਣ: ਸੱਜੇ ਗੋਡੇ ਨੂੰ ਮੋੜ ਕੇ ਖੱਬੇ ਪੱਟ ’ਤੇ ਅਤੇ ਖੱਬੇ ਗੋਡੇ ਨੂੰ ਮੋੜ ਕੇ ਸੱਜੇ ਪੱਟ ’ਤੇ ਰੱਖੋ ਮਨ ਨੂੰ ਪੂਰੀ ਤਰ੍ਹਾਂ ਸਥਿਰ ਅਤੇ ਕੇਂਦਰਿਤ ਕਰਨ ਲਈ ਇਹ ਸਭ ਤੋਂ ਉੱਤਮ ਆਸਣ ਹੈ
- ਬਾਲ ਆਸਣ: ਤਸਵੀਰ ’ਚ ਦਿਖਾਏ ਅਨੁਸਾਰ ਬਾਲ ਆਸਣ ਕਰਨ ਨਾਲ ਸਰੀਰ ਅਤੇ ਨਾੜੀ ਤੰਤਰ ਨੂੰ ਤੁਰੰਤ ਆਰਾਮ ਮਿਲਦਾ ਹੈ
ਚੁੱਪ ਅਭਿਆਸ ਦੇ ਫਾਇਦੇ
- ਦਿਮਾਗ ਦੇ ਤਣਾਅ ਨੂੰ ਘੱਟ ਕਰਦੀ ਹੈ ਅਤੇ ਕਾਰਟੀਸੋਲ ਹਾਰਮੋਨ ਦਾ ਪੱਧਰ ਘਟਾਉਂਦੀ ਹੈ
- ਬੋਲਣ ’ਚ ਖਰਚ ਹੋਣ ਵਾਲੀ ਊਰਜਾ ਬਚਦੀ ਹੈ ਜੋ ਆਤਮ-ਚਿੰਤਨ ’ਚ ਲੱਗਦੀ ਹੈ
- ਮਨ ਦੀ ਉਥਲ-ਪੁਥਲ ਸ਼ਾਂਤ ਹੁੰਦੀ ਹੈ ਅਤੇ ਧਿਆਨ ਡੂੰਘਾ ਹੁੰਦਾ ਹੈ
- ਦਿਮਾਗ ਦੇ ਫਾਲਤੂ ਵਿਚਾਰ ਸ਼ਾਂਤ ਹੁੰਦੇ ਹਨ ਅਤੇ ਫੈਸਲੇ ਲੈਣਾ ਸੌਖਾ ਹੁੰਦਾ ਹੈ
- ਦਿਲ ਦੀ ਧੜਕਨ ਆਮ ਰਹਿੰਦੀ ਹੈ
- ਕੌੜੇ ਜਾਂ ਗਲਤ ਸ਼ਬਦ ਬੋਲਣ ਤੋਂ ਬਚਾਅ ਹੁੰਦਾ ਹੈ
- ਖੁਦ ਨੂੰ ਅੰਦਰੋਂ ਡੂੰਘਾਈ ਨਾਲ ਜਾਣਨ ਦਾ ਮੌਕਾ ਮਿਲਦਾ ਹੈ
- ਰਿਸ਼ਤਿਆਂ ’ਚ ਸੁਧਾਰ ਹੁੰਦਾ ਹੈ ਅਤੇ ਬੇਲੋੜੀ ਬਹਿਸ ਟਲਦੀ ਹੈ -ਵੀਰੇਂਦਰ ਬਹਾਦਰ ਸਿੰਘ































































