ਦੂਰ ਕਰੋ ਅੱਖਾਂ ਦਾ ਤਣਾਅ Eye Care
ਅੱਖਾਂ ’ਚ ਦੋਸ਼ ਹੋਣਾ ਕਈ ਕਾਰਨਾਂ ਕਾਰਨ ਹੁੰਦਾ ਹੈ ਜਿਵੇਂ ਜ਼ਿਆਦਾ ਟੀਵੀ ਦੇਖਣਾ, ਜ਼ਿਆਦਾ ਸਮੇਂ ਤੱਕ ਕੰਪਿਊਟਰ ’ਤੇ ਕੰਮ ਕਰਨਾ, ਅੱਖਾਂ ਦੀ ਸਹੀ ਦੇਖਭਾਲ ਨਾ ਕਰਨਾ, ਜ਼ਿਆਦਾ ਦਿਨਾਂ ਤੱਕ ਨੀਂਦ ਪੂਰੀ ਨਾ ਹੋਣਾ, ਪ੍ਰਦੂਸ਼ਣ ਭਰੇ ਵਾਤਾਵਰਨ ’ਚ ਜ਼ਿਆਦਾ ਸਮੇਂ ਤੱਕ ਰਹਿਣਾ ਜਾਂ ਕੁਝ ਮਾਨਸਿਕ ਤਣਾਅ ਦਾ ਹੋਣਾ ਤੁਸੀਂ ਕੁਝ ਗੱਲਾਂ ’ਤੇ ਧਿਆਨ ਦੇ ਕੇ ਆਪਣੀਆਂ ਅੱਖਾਂ ਦੇ ਤਣਾਅ ਨੂੰ ਦੂਰ ਕਰ ਸਕਦੇ ਹੋ ਜਦੋਂ ਕਦੇ ਤੁਹਾਡੀਆਂ ਅੱਖਾਂ ਤਣਾਅਗ੍ਰਸਤ ਹੋਣ ਤਾਂ ਹੇਠ ਲਿਖੇ ਤਰੀਕਿਆਂ ਨੂੰ ਅਪਣਾਓ
Table of Contents
ਠੰਢਾ ਪਾਣੀ:-
ਜਦੋਂ ਕਦੇ ਅੱਖਾਂ ਤਣਾਅਗ੍ਰਸਤ ਹੋਣ, ਠੰਢਾ ਪਾਣੀ ਅੱਖਾਂ ਨੂੰ ਥਕਾਵਟ ਅਤੇ ਤਣਾਅ ਤੋਂ ਜਲਦ ਮੁਕਤ ਕਰਵਾਉਂਦਾ ਹੈ ਅੱਖਾਂ ’ਤੇ ਆਰਾਮ ਨਾਲ ਠੰਢੇ ਪਾਣੀ ਦੇ ਛਿੱਟੇ ਮਾਰੋ ਧਿਆਨ ਰੱਖੋ ਜੋਰ ਨਾਲ ਪਾਣੀ ਨਾ ਮਾਰੋ 15 ਤੋਂ 20 ਵਾਰ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਵੋ ਅੱਖਾਂ ਤਣਾਅਰਹਿਤ ਅਤੇ ਤਰੋਤਾਜ਼ਾ ਹੋ ਜਾਣਗੀਆਂ ਅੱਖਾਂ ’ਤੇ ਪਾਣੀ ਪਾਉਂਦੇ ਸਮੇਂ ਪਾਣੀ ਦੋ ਇੰਚ ਦੀ ਦੂਰੀ ਤੋਂ ਅੱਖਾਂ ਬੰਦ ਕਰਕੇ ਪਾਓ ਧਿਆਨ ਰੱਖੋ ਪਾਣੀ ਠੰਢਾ, ਤਾਜ਼ਾ ਤੇ ਸਾਫ ਹੋਣਾ ਚਾਹੀਦਾ ਹੈ
ਝਮਕਣਾ:-
ਜ਼ਿਆਦਾ ਪੜ੍ਹਨ-ਲਿਖਣ ਵਾਲੇ ਲੋਕਾਂ ਨੂੰ ਹਰ ਦਸ ਮਿੰਟਾਂ ਬਾਅਦ ਆਪਣੀਆਂ ਅੱਖਾਂ ਝਮਕਣੀਆਂ ਚਾਹੀਦੀਆਂ ਹਨ ਝਮਕਦੇ ਸਮੇਂ ਲਿਖਾਈ-ਪੜ੍ਹਾਈ ਦਾ ਕੰਮ ਨਾ ਕਰੋ ਉਂਜ ਤਾਂ ਅੱਖਾਂ ਆਪਣੇ-ਆਪ ਵੀ ਝਮਕਦੀਆਂ ਰਹਿੰਦੀਆਂ ਹਨ ਪਰ ਅੱਖਾਂ ਦਾ ਕੰਮ ਕਰਦੇ ਸਮੇਂ ਖੁਦ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਅੱਖਾਂ ਦਾ ਤਣਾਅ ਘੱਟ ਹੁੰਦਾ ਹੈ ਹਰ ਦਸ ਮਿੰਟਾਂ ਬਾਅਦ ਦੋ ਵਾਰ ਅੱਖਾਂ ਬਿਨਾਂ ਕਿਸੇ ਦਬਾਅ ਦੇ ਝਮਕੋ
ਹੱਥਾਂ ਦੀਆਂ ਤਲੀਆਂ ਨਾਲ ਅੱਖਾਂ ਨੂੰ ਢੱਕੋ:-
ਉਂਜ ਤਾਂ ਅਸੀਂ ਰਾਤ ਦੀ ਨੀਂਦ ਪੂਰੀ ਕਰ ਲਈਏ ਤਾਂ ਸਵੇਰੇ ਉੱਠ ਕੇ ਅੱਖਾਂ ’ਚ ਨਾ ਤਾਂ ਥਕਾਵਟ ਰਹਿੰਦੀ ਹੈ ਨਾ ਹੀ ਤਣਾਅ ਦਿਨ ’ਚ ਵੀ ਘੱਟੋ-ਘੱਟ ਅੱਧੇ ਤੋਂ ਇੱਕ ਘੰਟਾ ਅੱਖਾਂ ਨੂੰ ਬੰਦ ਕਰਕੇ ਆਰਾਮ ਦੇਣਾ ਚਾਹੀਦਾ ਹੈ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਕੁਰਸੀ ’ਤੇ ਜਾਂ ਸੋਫੇ ’ਤੇ ਆਰਾਮ ਨਾਲ ਬੈਠ ਕੇ ਅੱਖਾਂ ਨੂੰ ਹੱਥਾਂ ਦੀਆਂ ਤਲੀਆਂ ਨਾਲ ਢੱਕ ਲਓ ਅਤੇ ਸਰੀਰ ਨੂੰ ਢਿੱਲਾ ਛੱਡ ਦਿਓ ਅੱਖਾਂ ਨੂੰ ਇਸ ਤਰ੍ਹਾਂ ਤਲੀਆਂ ਨਾਲ ਢੱਕੋ ਕਿ ਅੱਖਾਂ ’ਤੇ ਕੋਈ ਦਬਾਅ ਨਾ ਪਵੇ ਇਸ ਨਾਲ ਅੱਖਾਂ ਨੂੰ ਪੂਰਾ ਆਰਾਮ ਮਿਲਦਾ ਹੈ ਇਹ ਇੱਕ ਉੱਤਮ ਅਭਿਆਸ ਹੈ ਇਹ ਅਭਿਆਸ 15 ਤੋਂ 20 ਮਿੰਟਾਂ ਤੱਕ ਕਰੋ ਅੱਖਾਂ ਬੰਦ ਉਦੋਂ ਤੱਕ ਰੱਖੋ ਜਦੋਂ ਤੱਕ ਕਾਲਾ ਰੰਗ ਨਾ ਦਿਖਾਈ ਦੇਵੇ ਇਸ ਨਾਲ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ
ਸੂਰਜ ਦੀ ਰੌਸ਼ਨੀ:-
ਸੂਰਜ ਦੀ ਤੇਜ਼ ਰੌਸ਼ਨੀ ਸਿੱਧੀ ਪੈਣ ਨਾਲ ਅੱਖਾਂ ਨੂੰ ਨੁਕਸਾਨ ਹੁੰਦਾ ਹੈ ਥੋੜ੍ਹੀ ਰੋਸ਼ਨੀ ਅੱਖਾਂ ਦੇ ਸੁਧਾਰ ਲਈ ਚੰਗੀ ਹੁੰਦੀ ਹੈ ਅੱਖਾਂ ਨੂੰ ਸੂਰਜ ਦੀ ਰੋਸ਼ਨੀ ਐਵੇਂ ਦਿਵਾਉਣੀ ਚਾਹੀਦੀ ਹੈ ਅੱਖਾਂ ਨੂੰ ਬੰਦ ਕਰਕੇ ਸੂਰਜ ਵੱਲ ਮੂੰਹ ਕਰਕੇ ਸਿਰ ਨੂੰ ਇੱਕ ਸਾਈਡ ਤੋਂ ਦੂਜੀ ਵੱਲ ਘੁੰਮਾਓ ਅਜਿਹਾ ਕਰਨ ਨਾਲ ਸੂਰਜ ਦੀ ਰੋਸ਼ਨੀ ਅੱਖਾਂ ਦੇ ਸਾਰੇ ਹਿੱਸਿਆਂ ਨੂੰ ਮਿਲੇਗੀ ਇਸ ਕਿਰਿਆ ਨੂੰ ਦਿਨ ’ਚ ਪੰਜ ਤੋਂ ਦਸ ਮਿੰਟਾਂ ਤੱਕ ਕਰੋ ਧਿਆਨ ਰੱਖੋ ਸਵੇਰ ਦੇ ਸਮੇਂ ਜਦੋਂ ਸੂਰਜ ਪੂਰਾ ਨਿੱਕਲਦਾ ਹੈ, ਤਾਂ ਕਰੋ ਦੁਪਹਿਰੇ ਤੇਜ਼ ਧੁੱਪ ’ਚ ਇਸ ਕਿਰਿਆ ਨੂੰ ਨਾ ਕਰੋ
ਇੱਧਰ-ਉੱਧਰ ਝੂਲਣਾ:
ਸਿੱਧੇ ਖੜ੍ਹੇ ਹੋ ਕੇ ਦੋਵਾਂ ਪੈਰਾਂ ਵਿਚਕਾਰ 12 ਇੰਚ ਦੀ ਦੂਰੀ ਰੱਖਦਿਆਂ ਹੱਥਾਂ ਨੂੰ ਢਿੱਲਾ ਛੱਡ ਦਿਓ, ਫਿਰ ਸਰੀਰ ਨੂੰ ਵੀ, ਬਾਅਦ ’ਚ ਹੌਲੀ-ਹੌਲੀ ਸਰੀਰ ਨੂੰ ਸੱਜੇ-ਖੱਬੇ ਘੁਮਾਓ ਐਵੇਂ ਘੁੰਮਾਓ ਜਿਵੇਂ ਘੜੀ ਦਾ ਪੈਂਡੂਲਮ ਘੁੰਮਦਾ ਹੈ ਇਸ ਤਰ੍ਹਾਂ ਸਰੀਰ ਨੂੰ ਸੱਜੇ ਖੱਬੇ ਪੰਜ ਤੋਂ 10 ਮਿੰਟਾਂ ਤੱਕ ਘੁਮਾਉਂਦੇ ਰਹੋ ਅਜਿਹਾ ਕਰਨ ਨਾਲ ਨਾੜੀ ਪ੍ਰਣਾਲੀ ਨੂੰ ਆਰਾਮ ਮਿਲਦਾ ਹੈ ਸਰੀਰ ਨੂੰ ਘੁਮਾਉਂਦੇ ਸਮੇਂ ਅੱਖਾਂ ਬੰਦ ਕਰੋ ਅਤੇ ਖੋਲ੍ਹੋ ਇਸ ਨਾਲ ਸਰੀਰ ਦੇ ਨਾਲ-ਨਾਲ ਅੱਖਾਂ ਦੀ ਵੀ ਕਸਰਤ ਹੁੰਦੀ ਹੈ ਤੇ ਅੱਖਾਂ ਤਣਾਅ ਰਹਿਤ ਰਹਿੰਦੀਆਂ ਹਨ -ਨੀਤੂ ਗੁਪਤਾ



































































