ਬੱਚਿਆਂ ਨੂੰ ਹਰ ਹਾਲਾਤ ਲਈ ਤਿਆਰ ਕਰੋ- ਸਾਡੇ ਕੋਲ ਈਸ਼ਵਰ ਦੀ ਕਿਰਪਾ ਨਾਲ ਭਰਪੂਰ ਦੌਲਤ ਖੁਸ਼ਹਾਲੀ, ਸੰਪੱਤੀ ਹੋਵੇ, ਨੌਕਰ-ਚਾਕਰ ਹੋਣ, ਵੱਡੀਆਂ-ਵੱਡੀਆਂ ਗੱਡੀਆਂ ਹੋਣ, ਫਿਰ ਵੀ ਕਦੇ-ਕਦੇ ਖੁਦ ਕੰਮ ਕਰਨਾ ਚਾਹੀਦਾ ਹੈ ਉਸ ਵਿੱਚ ਬਹੁਤ ਅਨੰਦ ਮਹਿਸੂਸ ਹੁੰਦਾ ਹੈ ਜੇਕਰ ਉਸ ਨੂੰ ਭਾਰ ਸਮਝ ਕੇ ਕੀਤਾ ਜਾਵੇ ਤਾਂ ਮਜ਼ਾ ਨਹੀਂ ਆਵੇਗਾ ਆਪਣੇ ਘਰ-ਪਰਿਵਾਰ ਲਈ ਕੀਤੇ ਗਏ ਕੰਮਾਂ ’ਚੋਂ ਇੱਕ ਅਲੱਗ ਤਰ੍ਹਾਂ ਦੀ ਸੰਤੁਸ਼ਟੀ ਮਿਲਦੀ ਹੈ ਜੋ ਅਨਮੋਲ ਹੁੰਦੀ ਹੈ ਉਸਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਸੁੱਖ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ।
ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਦੁਨੀਆਂ ਦੀ ਹਰ ਨੇਮਤ ਦੇਣੀ ਚਾਹੀਦੀ ਹੈ ਜੋ ਆਪਣੇ ਵੱਸ ’ਚ ਹੋਵੇ, ਕਰਜਾ ਲੈ ਕੇ ਨਹੀਂ ਪਰ ਨਾਲ ਹੀ ਬੱਚਿਆਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਦਾ ਪਾਠ ਵੀ ਪੜ੍ਹਾਉਣਾ ਚਾਹੀਦਾ ਹੈ, ਤਾਂ ਕਿ ਉਹ ਜੀਵਨ ’ਚ ਕਦੇ ਮਾਰ ਨਾ ਖਾਣ ਉਨ੍ਹਾਂ ਨੂੰ ਸਿਖਾਉਣਾ ਚਾਹੀਦੈ ਕਿ ਘਰ ਕੰਮ ਕਰਨ ਵਾਲੀ ਨੌਕਰਾਣੀ, ਮਾਲੀ, ਕੱਪੜੇ ਪ੍ਰੈੱਸ ਕਰਨ ਵਾਲਾ ਧੋਬੀ, ਬਿਜਲੀ ਵਾਲਾ, ਸਫਾਈ ਕਰਨ ਵਾਲਾ, ਗੱਡੀ ਚਲਾਉਣ ਵਾਲਾ ਡਰਾਈਵਰ ਸਭ ਸਾਡੇ ਹੀ ਵਾਂਗ ਇਨਸਾਨ ਹਨ, ਇਸ ਲਈ ਉਨ੍ਹਾਂ ਨਾਲ ਕਦੇ ਦੁਰਵਿਹਾਰ ਨਹੀਂ ਕਰਨਾ ਚਾਹੀਦਾ ਉਨ੍ਹਾਂ ਨਾਲ ਜੇਕਰ ਬਦਤਮੀਜ਼ੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਸ਼ਟ ਹੁੰਦਾ ਹੈ ਉਨ੍ਹਾਂ ਨੂੰ ਸਨਮਾਨ ਦੇਣਾ ਚਾਹੀਦੈ ਉਨ੍ਹਾਂ ਨਾਲ ਹੀ ਸਾਡੇ ਸਾਰੇ ਕੰਮ ਚੱਲਦੇ ਹਨ ਪਰ ਉਹ ਸਾਡੇ ਬੰਧੂਆਂ ਮਜ਼ਦੂਰ ਨਹੀਂ ਹਨ।
ਬੱਚਿਆਂ ਨੂੰ ਮਿਹਨਤ ਦਾ ਮਹੱਤਵ ਸਮਝਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੀ ਹੱਥਾਂ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਉਨ੍ਹਾਂ ਨੂੰ ਕਹੋ ਕਿ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਭਾਂਡੇ ਚੁੱਕ ਕੇ ਰਸੋਈ ’ਚ ਰੱਖਣ, ਪਿਆਸ ਲੱਗੀ ਹੈ ਤਾਂ ਉੱਠ ਕੇ ਖੁਦ ਪਾਣੀ ਲੈ ਕੇ ਪੀਣ ਆਪਣਾ ਬੈਗ ਖੁਦ ਦੇਖਣ, ਆਪਣੇ ਬੂਟ ਅਤੇ ਜ਼ੁਰਾਬਾਂ ਖੁਦ ਪਹਿਨਣ ਆਪਣਾ ਬੈਗ ਆਪਣੇ ਮੋਢੇ ’ਤੇ ਟੰਗ ਕੇ ਆਪਣੀ ਸਕੂਲ ਬੱਸ ਫੜਨ ਕਦੇ-ਕਦੇ ਬਾਜ਼ਾਰੋਂ ਛੋਟੀ-ਮੋਟੀ ਚੀਜ਼ ਲੈ ਕੇ ਆਉਣ ਇਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ, ਉਹ ਆਤਮ-ਨਿਰਭਰ ਬਣਨਗੇ ਅਤੇ ਦੂਜਿਆਂ ਦਾ ਮੂੰਹ ਨਹੀਂ ਤੱਕਣਗੇ ਨਾਲ ਹੀ ਸਮਾਜ ਵਿੱਚ ਰਹਿਣ ਦਾ ਢੰਗ ਸਿਖਣਗੇ।
ਰੱਬ ਨਾ ਕਰੇ ਕਦੇ ਕੋਈ ਅਨਹੋਣੀ ਹੋ ਜਾਵੇ, ਭੂਚਾਲ ਆ ਜਾਵੇ, ਜ਼ਿਆਦਾ ਮੀਂਹ ਕਾਰਨ ਹੜ੍ਹ ਆ ਜਾਵੇ ਤਾਂ ਉਸ ਸਮੇਂ ਸਭ ਤਹਿਸ-ਨਹਿਸ ਹੋ ਜਾਂਦਾ ਹੈ ਉਸਦਾ ਉਦਾਹਰਨ ਅਖਬਾਰਾਂ, ਸੋਸ਼ਲ ਮੀਡੀਆ ਅਤੇ ਟੀ.ਵੀ. ’ਚ ਜ਼ਿਆਦਾਤਰ ਦਿਸ ਜਾਂਦਾ ਹੈ ਕੁਦਰਤੀ ਆਫਤਾਂ ਅਮੀਰ-ਗਰੀਬ, ਰੰਗ-ਰੂਪ, ਛੋਟੇ-ਵੱਡੇ ਆਦਿ ’ਚ ਫਰਕ ਨਹੀਂ ਕਰਦੀਆਂ ਉਹ ਸਭ ਨਾਲ ਬਰਾਬਰ ਵਿਹਾਰ ਕਰਦੀਆਂ ਹਨ ਉਸ ਸਮੇਂ ਖੁਦ ਨੂੰ ਜਾਂ ਬੱਚਿਆਂ ਨੂੰ ਸੰਭਾਲ ਸਕਣਾ ਬਹੁਤ ਔਖਾ ਹੋ ਜਾਂਦਾ ਹੈ ਜੇਕਰ ਮਿਹਨਤ ਕਰਨ ਦੀ ਆਦਤ ਹੋਵੇਗੀ ਤਾਂ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਨ ’ਚ ਸਰਲਤਾ ਹੋਵੇਗੀ।
ਛੁੱਟੀ ਦੇ ਦਿਨ ਬੱਚਿਆਂ ਨੂੰ ਘਰ ਦੀ ਸਫਾਈ ਆਦਿ ਕੰਮਾਂ ’ਚ ਮੱਦਦ ਕਰਨ ਲਈ ਕਹਿਣਾ ਚਾਹੀਦੈ ਆਪਣੇ ਕੱਪੜਿਆਂ ਜਾਂ ਕਿਤਾਬਾਂ ਦੀ ਅਲਮਾਰੀ ਨੂੰ ਸਾਫ ਕਰਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਇਨ੍ਹਾਂ ਕੰਮਾਂ ਨੂੰ ਕਰਨ ਤੋਂ ਬਾਅਦ ਕਦੇ-ਕਦੇ ਉਨ੍ਹਾਂ ਦੀ ਮਨਪਸੰਦ ਚੀਜ਼ ਦਿਵਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕਰਨਾ ਚਾਹੀਦਾ ਹੈ ਸਾਰਾ ਦਿਨ ਬੱਚੇ ਟੀ. ਵੀ. ਦੇਖਦੇ ਰਹਿਣਗੇ ਅਤੇ ਮੋਬਾਈਲ ’ਤੇ ਖੇਡਦੇ ਰਹਿਣਗੇ ਤਾਂ ਛੋਟੀ ਜਿਹੀ ਉਮਰ ’ਚ ਉਨ੍ਹਾਂ ਨੂੰ ਬਿਮਾਰੀਆਂ ਜਕੜ ਲੈਣਗੀਆਂ ਉਨ੍ਹਾਂ ਨੂੰ ਇਨ੍ਹਾਂ ਕੰਮਾਂ ’ਚ ਲਾਉਣ ਨਾਲ ਉਨ੍ਹਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਵੀ ਹੋਵੇਗਾ ਅਤੇ ਆਪਣੇ ਹੱਥੀਂ ਕੰਮ ਕਰਨ ਦਾ ਸੰਤੋਖ ਵੀ ਹੋਵੇਗਾ।
ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਵੇਗਾ ਕਿ ਉਹ ਵਿਹਲੇ ਨਹੀਂ ਹਨ, ਕੁਝ ਕਰ ਸਕਦੇ ਹਨ ਕਿਉਂ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਬੱਚਿਆਂ ਨੂੰ ਹਰ ਹਾਲਾਤ ਲਈ ਤਿਆਰ ਕਰਨਾ ਮਾਪਿਆਂ ਦਾ ਹੀ ਫ਼ਰਜ਼ ਹੁੰਦਾ ਹੈ ਜੇਕਰ ਸਮਾਂ ਰਹਿੰਦੇ ਹੀ ਇਹ ਸਭ ਸੰਸਕਾਰ ਦਿੱਤੇ ਜਾਣ ਤਾਂ ਜੀਵਨ ’ਚ ਦੁੱਖ ਨਹੀਂ ਹੋਵੇਗਾ ਅਤੇ ਸਮੇਂ ’ਤੇ ਸਿੱਖਣਾ ਪਵੇ ਤਾਂ ਬਹੁਤ ਕਸ਼ਟਕਾਰੀ ਹੁੰਦਾ ਹੈ ਮਨੁੱਖ ਨੂੰ ਜੀਵਨ ’ਚ ਹਰ ਤਰ੍ਹਾਂ ਦੇ ਪਾਠ ਪੜ੍ਹਨੇ ਹੀ ਪੈਂਦੇ ਹਨ ਜੇਕਰ ਖੁਦ ਸਿੱਖ ਲਿਆ ਜਾਵੇ ਤਾਂ ਸਰਲਤਾ ਰਹਿੰਦੀ ਹੈ ਹਰ ਮੁਸ਼ਕਿਲ ਦਾ ਸਾਹਮਣਾ ਆਤਮ ਵਿਸ਼ਵਾਸ ਨਾਲ ਕਰ ਸਕਣਗੇ।
-ਸੀਤਾਰਾਮ ਗੁਪਤਾ