Green Manure ਮਿੱਟੀ ਦੀ ਪੈਦਾਵਾਰ ਸ਼ਕਤੀ ਵਧਾਉਣ ’ਚ ਕਾਰਗਰ ਹੈ ਹਰੀ ਖਾਦ

ਜ਼ਿਆਦਾਤਰ ਕਿਸਾਨ ਅੱਜ ਵੀ ਰਵਾਇਤੀ ਤਰੀਕੇ ਨਾਲ ਖੇਤੀ ਕਰ ਰਹੇ ਹਨ ਅਤੇ ਅਜੈਵਿਕ (ਰਸਾਇਣਕ) ਖਾਦ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ। ਇਸ ਦਾ ਅਸਰ ਇਹ ਹੁੰਦਾ ਹੈ ਕਿ ਖੇਤਾਂ ਦੀ ਮਿੱਟੀ ਹੌਲੀ-ਹੌਲੀ ਕਰੜੀ ਹੋ ਜਾਂਦੀ ਹੈ ਅਤੇ ਉਸ ਦੀ ਪੈਦਾਵਾਰ ਸ਼ਕਤੀ ਵੀ ਕਮਜ਼ੋਰ ਹੋਣ ਲੱਗਦੀ ਹੈ। ਝੋਨਾ ਉਤਪਾਦਕ ਕਿਸਾਨਾਂ ਵੱਲੋਂ ਇੱਕ ਹੀ ਫਸਲੀ ਚੱਕਰ ਅਪਣਾਇਆ ਜਾਂਦਾ ਹੈ ਝੋਨੇ ਤੋਂ ਬਾਅਦ ਹਰ ਵਾਰ ਕਣਕ ਹੀ ਬੀਜੀ ਜਾਂਦੀ ਹੈ

ਇਸ ਇੱਕਰੂਪਤਾ ਕਾਰਨ ਫਸਲਾਂ ’ਚ ਇੱਕੋ-ਜਿਹੇ ਰੋਗ ਅਤੇ ਕੀਟਾਂ ਦੇ ਸੰਕਰਮਣ ਦੀ ਸੰਭਾਵਨਾ ਵੀ ਬਹੁਤ ਵਧ ਜਾਂਦੀ ਹੈ। ਕਣਕ ਦੀ ਵਾਢੀ ਤੋਂ ਬਾਅਦ ਖੇਤ ਲਗਭਗ 2 ਤੋਂ 3 ਮਹੀਨੇ ਤੱਕ ਖਾਲੀ ਰਹਿੰਦਾ ਹੈ ਤੇ ਇਸ ਖਾਲੀ ਸਮੇਂ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਇਸ ਸਮੇਂ ਖੇਤ ’ਚ ਢੈਂਚਾ (ਜੰਤਰ) ਉਗਾਇਆ ਜਾਵੇ ਤਾਂ ਇਹ ਨਾ ਸਿਰਫ਼ ਸਮੇਂ ਦੀ ਸੁਚੱਜੀ ਵਰਤੋਂ ਹੋਵੇਗੀ, ਸਗੋਂ ਮਿੱਟੀ ਦੀ ਪੈਦਾਵਾਰ ਸ਼ਕਤੀ ਵੀ ਵਧੇਗੀ। ਢੈਂਚਾ ਲਾਉਣ ਨਾਲ ਮਿੱਟੀ ਭੁਰਭੁਰੀ ਹੋ ਜਾਂਦੀ ਹੈ, ਜਿਸ ਨਾਲ ਅਗਲੀ ਝੋਨੇ ਦੀ ਫਸਲ ਲਈ ਜ਼ਮੀਨ ਹੋਰ ਵੀ ਅਨੁਕੂਲ ਬਣ ਜਾਂਦੀ ਹੈ। ਇਸ ਤੋਂ ਇਲਾਵਾ ਢੈਂਚਾ ਐਕਸਟ੍ਰਾ ਨਾਈਟ੍ਰੋਜਨ ਵੀ ਮੁਹੱਈਆ ਕਰਦਾ ਹੈ, ਜਿਸ ਨਾਲ ਫਸਲ ਦੀ ਗੁਣਵੱਤਾ ਅਤੇ ਉਤਪਾਦਨ ਦੋਵਾਂ ’ਚ ਸੁਧਾਰ ਹੁੰਦਾ ਹੈ।

ਮਿੱਟੀ ਦੀ ਪੈਦਾਵਾਰ ’ਚ ਵਾਧਾ ਕਰਦੀ ਹੈ ਹਰੀ ਖਾਦ

 ਢੈਂਚੇ ਦੀ ਖੇਤੀ ਮੁੱਖ ਤੌਰ ’ਤੇ ਹਰੀ ਖਾਦ ਅਤੇ ਬੀਜ ਲਈ ਕੀਤੀ ਜਾਂਦੀ ਹੈ। ਢੈਂਚੇ ਦੇ ਹਰੇ ਬੂਟੇ ਦੀ ਵਰਤੋਂ ਹਰੀ ਖਾਦ ਦੇ ਰੂਪ ’ਚ ਕੀਤੀ ਜਾਂਦੀ ਹੈ, ਜੋ ਨਾ ਸਿਰਫ਼ ਮਿੱਟੀ ’ਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਂਦਾ ਹੈ, ਸਗੋਂ ਫਸਲ ਦੀ ਪੈਦਾਵਾਰ ਨੂੰ ਵੀ ਬਿਹਤਰ ਬਣਾਉਂਦਾ ਹੈ। ਢੈਂਚੇ ਦੀ ਖੇਤੀ ਨਾਲ ਖੇਤ ਦੀ ਪੈਦਾਵਾਰ ਸ਼ਕਤੀ ਵਧ ਜਾਂਦੀ ਹੈ ਅਤੇ ਰਸਾਇਣਕ ਖਾਦ ਦਾ ਇਸਤੇਮਾਲ ਘੱਟ ਕਰਨਾ ਪੈਂਦਾ ਹੈ। ਇਸ ਨਾਲ ਫਸਲ ਸਿਹਤਮੰਦ ਰਹਿੰਦੀ ਹੈ ਤੇ ਜ਼ਿਆਦਾ ਪੈਦਾਵਾਰ ਮਿਲਦੀ ਹੈ, ਕਿਉਂਕਿ ਢੈਂਚੇ ਦੇ ਬੂਟੇ ਮਿੱਟੀ ’ਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਰਗੇ ਤੱਤ ਨੂੰ ਜੋੜਦੇ ਹਨ, ਇਸ ਨਾਲ ਮਿੱਟੀ ਦੀ ਪੈਦਾਵਾਰ ’ਚ ਬਹੁਤ ਵਾਧਾ ਹੁੰਦਾ ਹੈ।Green Manure

Also Read:  Diet Tips: ਵਜ਼ਨ ’ਤੇ ਕੰਟਰੋਲ ਲਈ ਡਾਈਟ ’ਤੇ ਰੱਖੋ ਧਿਆਨ

ਕਾਰਗਰ ਹਨ ਦਾਲਾਂ ਵਾਲੀਆਂ ਫਸਲਾਂ

ਇਹ ਇੱਕ ਦਾਲ ਵਾਲੀ ਫਸਲ ਹੈ, ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ’ਚ ਬਹੁਤ ਸਹਾਇਕ ਮੰਨੀ ਜਾਂਦੀ ਹੈ। ਢੈਂਚੇ ਦੀਆਂ ਜੜ੍ਹਾਂ ’ਚ ਰਾਈਜੋਬੀਅਮ ਨਾਮਕ ਲਾਹੇਵੰਦ ਬੈਕਟੀਰੀਆ ਪਾਇਆ ਜਾਂਦਾ ਹੈ, ਜੋ ਵਾਤਾਵਰਨ ’ਚੋਂ ਨਾਈਟ੍ਰੋਜਨ ਖਿੱਚ ਕੇ ਮਿੱਟੀ ’ਚ ਜਮ੍ਹਾ ਕਰਦਾ ਹੈ। ਇਸ ਨਾਲ ਨਾ ਸਿਰਫ਼ ਮਿੱਟੀ ਦੀ ਪੈਦਾਵਾਰ ਵਧਦੀ ਹੈ, ਸਗੋਂ ਫਸਲ ਉਤਪਾਦਨ ਵੀ ਬਿਹਤਰ ਹੁੰਦਾ ਹੈ। ਢੈਂਚੇ ਦੀ ਹਰੀ ਖਾਦ ਤੋਂ ਪ੍ਰਤੀ ਏਕੜ 35 ਤੋਂ 40 ਕਿਲੋਗ੍ਰਾਮ ਨਾਈਟ੍ਰੋਜਨ ਪ੍ਰਾਪਤ ਹੁੰਦੀ ਹੈ, ਜਿਸ ਨਾਲ ਮਿੱਟੀ ਦੀ ਬਣਤਰ ’ਚ ਸੁਧਾਰ ਆਉਂਦਾ ਹੈ। ਢੈਂਚੇ ਨੂੰ ਖੇਤ ’ਚ ਮਿੱਟੀ ’ਚ ਮਿਲਾਉਣ ਤੋਂ ਬਾਅਦ, ਅਗਲੀ ਫਸਲ ’ਚ ਨਾਈਟ੍ਰੋਜਨ ਵਾਲੇ ਉਰਵਰਕਾਂ ਦੀ ਲੋੜ ਇੱਕ ਤਿਹਾਈ ਤੱਕ ਘੱਟ ਹੋ ਜਾਂਦੀ ਹੈ, ਜਿਸ ਨਾਲ ਲਾਗਤ ਘਟਦੀ ਹੈ ਅਤੇ ਮਿੱਟੀ ਦੀ ਪੈਦਾਵਾਰ ਬਣੀ ਰਹਿੰਦੀ ਹੈ।

ਹਰ ਮਿੱਟੀ ਲਈ ਲਾਹੇਵੰਦ

ਢੈਂਚਾ ਲਗਭਗ ਹਰ ਤਰ੍ਹਾਂ ਦੀ ਮਿੱਟੀ ’ਚ ਉਗਾਇਆ ਜਾ ਸਕਦਾ ਹੈ, ਪਰ ਦੋਮਟ ਜਾਂ ਹਲਕੀ ਰੇਤਲੀ ਮਿੱਟੀ ਇਸ ਲਈ ਸਭ ਤੋਂ ਲਾਹੇਵੰਦ ਹੁੰਦੀ ਹੈ। ਅਮਲੀ ਜਾਂ ਖਾਰੀ ਮਿੱਟੀ ਨੂੰ ਵੀ ਢੈਂਚਾ ਕੁਝ ਹੱਦ ਤੱਕ ਸਹਿਣ ਕਰ ਲੈਂਦਾ ਹੈ। ਜੇ ਮਿੱਟੀ ਦੀ ਜਾਂਚ ’ਚ ਪੀਐੱਚ 9.3 ਤੋਂ ਵੱਧ ਹੋਵੇ ਤਾਂ ਜਿਪਸਮ ਦੀ ਸਹੀ ਮਾਤਰਾ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ। ਪੰਜਾਬ ਢੈਂਚਾ-1 ਜਲਦੀ ਵਧਣ ਵਾਲੀ ਕਿਸਮ ਹੈ। ਇਸ ਦੇ ਬੀਜ ਮੋਟੇ ਹੁੰਦੇ ਹਨ। ਇਹ ਲਗਭਗ 150 ਦਿਨਾਂ ’ਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸ ਦਾ ਉਤਪਾਦਨ 7-8 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੁੰਦਾ ਹੈ।

ਜੁਲਾਈ ਤੱਕ ਹੋ ਸਕਦੀ ਹੈ ਬਿਜਾਈ

ਹਰੀ ਖਾਦ ਪ੍ਰਾਪਤ ਕਰਨ ਲਈ 20 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਡਰਿੱਲ ਮਸ਼ੀਨ ਨਾਲ 20 ਤੋਂ 22 ਸੈਂਟੀਮੀਟਰ ਦੀ ਦੂਰੀ ’ਤੇ ਮਈ ਤੋਂ ਜੁਲਾਈ ਦਰਮਿਆਨ ਬੀਜਣਾ ਚਾਹੀਦਾ ਹੈ। ਜਦਕਿ ਬੀਜ ਉਤਪਾਦਨ ਲਈ 8 ਤੋਂ 10 ਕਿਲੋਗ੍ਰਾਮ ਬੀਜ 45 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ’ਚ ਜੂਨ ਦੇ ਅੱਧ ਤੋਂ ਜੁਲਾਈ ਤੱਕ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਹਰੀ ਖਾਦ ਜਾਂ ਬੀਜ ਉਤਪਾਦਨ ਲਈ ਬੀਜੀ ਗਈ ਫਸਲ ’ਚ 12 ਕਿਲੋਗ੍ਰਾਮ ਫਾਸਫੋਰਸ ਤੱਤ (ਲਗਭਗ 75 ਕਿਲੋਗ੍ਰਾਮ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬੀਜਣ ਸਮੇਂ ਪਾਉਣਾ ਚਾਹੀਦਾ ਹੈ। ਜੇਕਰ ਪਹਿਲਾਂ ਉਗਾਈ ਗਈ ਫਸਲ ’ਚ ਲੋੜੀਂਦੀ ਮਾਤਰਾ ’ਚ ਫਾਸਫੋਰਸ ਦੀ ਵਰਤੋਂ ਕੀਤੀ ਜਾ ਚੁੱਕੀ ਹੋਵੇ ਤਾਂ ਢੈਂਚੇ ਲਈ ਅਲੱਗ ਤੋਂ ਫਾਸਫੋਰਸ ਦੇਣ ਦੀ ਜ਼ਰੂਰਤ ਨਹੀਂ ਹੁੰਦੀ।

Also Read:  Gusse ko control kaise kare: ਕ੍ਰੋਧ ਤੋਂ ਬਚਣਾ ਹੀ ਬਿਹਤਰ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ