Knowledge: ਗਿਆਨ ਪ੍ਰਾਪਤ ਕਰਨ ਦੀ ਜਗਿਆਸਾ ਬਣਾਈ ਰੱਖੋ
ਬ੍ਰਹਿਮੰਡ ’ਚ ਅਥਾਹ ਗਿਆਨ ਦਾ ਭੰਡਾਰ ਹੈ ਆਦਮੀ ਸਾਰੀ ਉਮਰ ਜੇਕਰ ਚਾਹੇ ਤਾਂ ਗਿਆਨ ਪ੍ਰਾਪਤ ਕਰ ਸਕਦਾ ਹੈ ਬੱਸ ਉਸ ’ਚ ਜਗਿਆਸਾ ਹੋਣੀ ਚਾਹੀਦੀ ਹੈ ਗਿਆਨ ਪ੍ਰਾਪਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਉਹ ਕਿਸੇ ਤੋਂ ਵੀ ਲਿਆ ਜਾ ਸਕਦਾ ਹੈ ਜਗਿਆਸੂ ਵਿਅਕਤੀ ਆਪਣੀ ਗਿਆਨ ਦੀ ਪਿਆਸ ਨੂੰ ਸ਼ਾਂਤ ਕਰਨ ਲਈ ਜਿੱਥੇ ਵੀ ਬੈਠਦਾ ਹੈ, ਉੱਥੋਂ ਗਿਆਨ ਪ੍ਰਾਪਤ ਕਰ ਲੈਂਦਾ ਹੈ ਉਸ ਲਈ ਕੋਈ ਵੀ ਵਿਸ਼ਾ ਅਛੂਤਾ ਨਹੀਂ ਰਹਿ ਜਾਂਦਾ ਪ੍ਰਤਿਭਾ ਦਾ ਧਾਰਨੀ ਅਜਿਹਾ ਵਿਅਕਤੀ ਕਿਸੇ ਵੀ ਵਿਸ਼ੇ ’ਤੇ ਘੰਟਿਆਂ ਚਰਚਾ ਕਰ ਸਕਦਾ ਹੈ
ਇੱਥੇ ਉਸ ਕਿਤਾਬੀ ਗਿਆਨ ਦੀ ਚਰਚਾ ਨਹੀਂ ਕੀਤੀ ਜਾ ਰਹੀ ਜੋ ਸਿੱਖਿਆ ਪ੍ਰਾਪਤ ਕਰਦੇ ਸਮੇਂ ਮਨੁੱਖ ਇਕੱਠੀ ਕਰਦਾ ਹੈ ਜੀਵਨ ਦੇ ਅਨੁਭਵ ਤੋਂ ਜੋ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ, ਉਹ ਵੀ ਮਹੱਤਵਪੂਰਨ ਹੁੰਦਾ ਹੈ ਪਰ ਇੱਥੇ ਅਸੀਂ ਉਸ ਜਗਿਆਸੂ ਦੀ ਗੱਲ ਕਰ ਰਹੇ ਹਾਂ ਜੋ ਸਕੂਲ-ਕਾਲਜ ਦੇ ਗਿਆਨ ਤੋਂ ਵੀ ਵੱਧ ਕੁਝ ਹੋਰ ਜਾਣਨਾ ਚਾਹੁੰਦਾ ਹੈ
ਆਪਣੇ ਗਿਆਨ ਦਾ ਵਿਸਥਾਰ ਕਰਕੇ ਉਹ ਅਸਲ ’ਚ ਆਪਣੀ ਗਿਆਨ ਦੀ ਪਿਆਸ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ ਉਸ ਨੂੰ ਹਰ ਸਮੇਂ ਕੁਝ ਹੋਰ ਜਾਣਨ ਦੀ ਭੁੱਖ ਰਹਿੰਦੀ ਹੈ, ਜਿਸ ਨੂੰ ਸ਼ਾਂਤ ਕਰਨ ਲਈ ਉਹ ਸਦਾ ਯਤਨ ਕਰਦਾ ਰਹਿੰਦਾ ਹੈ ਹੁਣ ਵਿਚਾਰ ਕਰਦੇ ਹਾਂ ਕਿ ਅਜਿਹਾ ਵਿਅਕਤੀ ਕਿਸੇ ਦੇ ਕੋਲ ਬੈਠ ਕੇ ਗਿਆਨ ਕਿਵੇਂ ਪ੍ਰਾਪਤ ਕਰਦਾ ਹੈ? ਜਿਸ ਦੇ ਕੋਲ ਉਹ ਬੈਠਦਾ ਹੈ, ਕਿ ਉਹ ਉਸ ਤੋਂ ਬੋਰ ਨਹੀਂ ਹੁੰਦਾ? ਇਸ ਵਿਸ਼ੇ ’ਚ ਹੇਠ ਲਿਖੇ ਸਲੋਕ ਦਾ ਆਸਰਾ ਲੈਂਦੇ ਹਾਂ ਇਸ ’ਚ ਕਵੀ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ
ਯ: ਪਠਤਿ ਲਿਖਤਿ ਪਸ਼ਯਤਿ
ਪਰਿਪ੍ਰਚਛਤਿ ਪੰਡਿਤਾਨ ਉਪਾਸ੍ਰਯਤਿ
ਤਸਯ ਦਿਵਾਕਰਕਿਰਨੈ: ਨਲਿਨੀ
ਦਲੰ ਇਵ ਵਿਸਤਾਰਿਤਾ ਬੁੱਧੀ:
ਅਰਥਾਤ ਜੋ ਵਿਅਕਤੀ ਜਗਿਆਸੂ ਹੁੰਦਾ ਹੈ, ਉਹ ਪੜ੍ਹਦਾ ਹੈ, ਲਿਖਦਾ ਹੈ, ਦੇਖਦਾ ਹੈ ਅਤੇ ਸਵਾਲ ਪੁੱਛਦਾ ਹੈ, ਬੁੱਧੀਮਾਨਾਂ ਦਾ ਆਸਰਾ ਲੈਂਦਾ ਹੈ ਉਸ ਦਾ ਦਿਮਾਗ ਉਸੇ ਤਰ੍ਹਾਂ ਵਧਦਾ ਹੈ ਜਿਵੇਂ ਕਿ ਸੂਰਜ ਦੀਆਂ ਕਿਰਨਾਂ ਨਾਲ ਕਮਲ ਦੀਆਂ ਪੱਤੀਆਂ ਇਹ ਸਲੋਕ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਕਿ ਜਗਿਆਸੂ ਦਾ ਗਿਆਨ ਦਿਨ-ਪ੍ਰਤੀਦਿਨ ਉਸੇ ਤਰ੍ਹਾਂ ਵਧਦਾ ਰਹਿੰਦਾ ਹੈ ਜਿਵੇਂ ਸੂਰਜ ਨਿੱਕਲਣ ’ਤੇ ਕਮਲ ਦੇ ਫੁੱਲ ਦੀਆਂ ਪੱਤੀਆਂ ਕਮਲ ਦੇ ਫੁੱਲ ਨਾਲ ਹੀ ਉਸਦੇ ਗਿਆਨ ਦੀ ਤੁਲਨਾ ਕਵੀ ਨੇ ਇਸ ਲਈ ਕੀਤੀ ਹੈ
ਕਿ ਰਾਤ ਦੇ ਸਮੇਂ ਕਮਲ ਦਾ ਫੁੱਲ ਸਿਮਟ ਜਾਂਦਾ ਹੈ ਜਦੋਂ ਸਵੇਰੇ ਸੂਰਜ ਨਿੱਕਲਦਾ ਹੈ ਤਾਂ ਉਸ ਦੀਆਂ ਸਾਰੀਆਂ ਪੱਤੀਆਂ ਖਿੜ ਉੱਠਦੀਆਂ ਹਨ ਜਗਿਆਸੂ ਪੜ੍ਹ ਕੇ, ਲਿਖ ਕੇ ਅਤੇ ਸਵਾਲ ਪੁੱਛ ਕੇ ਆਪਣੇ ਗਿਆਨ ਦਾ ਵਾਧਾ ਕਰਦਾ ਹੈ ਉਸ ਦਾ ਗਿਆਨ ਕਮਲ ਦੇ ਫੁੱਲ ਵਾਂਗ ਖਿੜਨ ਲੱਗਦਾ ਹੈ ਗਿਆਨ ਪ੍ਰਾਪਤ ਕਰਨ ਵਾਲੇ ਮਨੁੱਖ ਦਾ ਰੰਗ-ਰੂਪ, ਉਸ ਦੀ ਜਾਤੀ ਅਤੇ ਉਮਰ ਕੋਈ ਮਾਇਨੇ ਨਹੀਂ ਰੱਖਦੀ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਉਹ ਕਿਸੇ ਵੀ ਵਿਦਵਾਨ ਨੂੰ ਹੈਰਾਨ ਕਰ ਸਕਦਾ ਹੈ ਉਸ ਦੀ ਖੁਸ਼ਬੂ ਚਾਰੇ ਪਾਸੇ ਫੈਲ ਜਾਂਦੀ ਹੈ ਉਹ ਵਿਅਕਤੀ ਕਿਸੇ ਦਾ ਵੀ ਮਾਰਗਦਰਸ਼ਨ ਕਰ ਸਕਦਾ ਹੈ ਅਜਿਹੇ ਵਿਅਕਤੀ ਕੋਲ ਗਿਆਨ ਦਾ ਭਰਪੂਰ ਖਜ਼ਾਨਾ ਹੁੰਦਾ ਹੈ ਪਰਮਾਤਮਾ ਦੀ ਉਸ ’ਤੇ ਖਾਸ ਕਿਰਪਾ ਬਣੀ ਰਹਿੰਦੀ ਹੈ
ਕੁਝ ਲੋਕ ਉਸ ਨਾਲ ਈਰਖਾ ਵੀ ਕਰ ਸਕਦੇ ਹਨ, ਉਸ ਨੂੰ ਚਿਪਕੂ ਕਹਿ ਕੇ ਉਸ ਦਾ ਮਖੌਲ ਵੀ ਉਡਾ ਸਕਦੇ ਹਨ ਪਰ ਜਿਸ ਨੂੰ ਗਿਆਨ ਦੀ ਪ੍ਰਾਪਤੀ ਦਾ ਨਸ਼ਾ ਹੋਵੇ ਉਹ ਇਨ੍ਹਾਂ ਸਭ ਗੱਲਾਂ ਨੂੰ ਸੁਣ ਕੇ ਵੀ ਅਣਸੁਣਿਆ ਕਰ ਦਿੰਦਾ ਹੈ ਉਹ ਆਪਣੇ ਕੋਲ ਆ ਕੇ ਬੈਠਣ ਵਾਲੇ ਦੇ ਗਿਆਨ ਦਾ ਕੁਝ ਅੰਸ਼ ਗ੍ਰਹਿਣ ਕਰ ਲੈਣਾ ਚਾਹੁੰਦਾ ਹੈ ਸਿਆਣੇ ਕਹਿੰਦੇ ਹਨ-
ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ
ਉਸੇ ਤਰ੍ਹਾਂ ਥੋੜ੍ਹਾ-ਥੋੜ੍ਹਾ ਗਿਆਨ ਬਟੋਰਦੇ ਹੋਏ ਕੋਈ ਵੀ ਮਨੁੱਖ ਗਿਆਨੀ ਬਣ ਸਕਦਾ ਹੈ ਆਪਣੇ ਗਿਆਨ ਦੇ ਉੱਜਵਲ ਪ੍ਰਕਾਸ਼ ਨਾਲ ਉਹ ਚਾਰੇ ਦਿਸ਼ਾਵਾਂ ’ਚ ਉਜਾਲਾ ਕਰ ਦਿੰਦਾ ਹੈ ਗਿਆਨੀ ਨੂੰ ਆਪਣੇ ਗਿਆਨ ’ਤੇ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਨਾ ਹੀ ਗਿਆਨ ਦੇ ਨਸ਼ੇ ’ਚ ਉਸ ਨੂੰ ਕਿਸੇ ਵਿਅਕਤੀ ਦਾ ਤ੍ਰਿਸਕਾਰ ਕਰਨਾ ਚਾਹੀਦਾ ਹੈ ਅਜਿਹਾ ਗਿਆਨਵਾਨ ਮਨੁੱਖ ਸਭ ਦਾ ਖਾਸ ਬਣ ਜਾਂਦਾ ਹੈ
-ਚੰਦਰ ਪ੍ਰਭਾ ਸੂਦ































































