Sawan

Sawan: ਸਾਉਣ ਮਹੀਨੇ ਦੀਆਂ ਫੁਹਾਰਾਂ: ਮੀਂਹ, ਮੇਲੇ ਅਤੇ ਤੀਆਂ ਦੇ ਰੰਗ

ਸਾਉਣ ਦਾ ਮਹੀਨਾ ਖੁਸ਼ੀਆਂ ਦਾ ਮਹੀਨਾ ਹੁੰਦਾ ਹੈ ਅੱਤ ਦੀ ਗਰਮੀ ਤੇ ਲੂ ਤੋਂ ਬਾਅਦ ਹਲਕੀ-ਹਲਕੀ ਮੀਂਹ ਦੀ ਕਿਣਮਿਣ ਜਿੱਥੇ ਧਰਤੀ ਮਾਂ ਨੂੰ ਠਾਰ ਦਿੰਦੀ ਹੈ, ਉੱਥੇ ਗਰਮੀ ਘਟਣ ਤੋਂ ਬਾਅਦ ਘਰਾਂ ਵਿੱਚ ਵੀ ਖੀਰ-ਪੂੜੇ, ਗੁਲਗਲੇ, ਪਕੌੜਿਆਂ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਮਹੀਨਾ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਚੱਲਦਾ ਹੈ।

ਇਸ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਕਾਰਨ ਨਵ-ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਅਤੇ ਕੁਆਰੀਆਂ ਕੁੜੀਆਂ ਰਲ-ਮਿਲ ਕੇ ਤੀਆਂ ਵਾਲੀ ਥਾਂ ’ਤੇ ਪੀਂਘਾਂ ਪਾਉਂਦੀਆਂ ਬੋਲੀਆਂ ਪਾਉਂਦੀਆਂ ਆਪਣੀ ਖੁਸ਼ੀ ਨੂੰ ਜਾਹਿਰ ਕਰਦੀਆਂ ਜਿੰਦਗੀ ਨੂੰ ਅੱਗੇ ਵੱਲ ਤੋਰਦੀਆਂ ਹਨ। ਸਾਉਣ ਦੇ ਮਹੀਨੇ ਦੀ ਆਪਣੀ ਹੀ ਇੱਕ ਵੱਖਰੀ ਮਹਿਮਾ ਹੁੰਦੀ ਹੈ। ਇਸ ਮਹੀਨੇ ਵਿੱਚ ਫਸਲਾਂ ਹਰੀਆਂ-ਭਰੀਆਂ ਲਹਿਰਾਉਣ ਲੱਗ ਜਾਂਦੀਆਂ ਹਨ। ਝੋਨਾ, ਨਰਮੇ/ਕਪਾਹਾਂ, ਬਾਜਰਾ, ਗੁਆਰਾ, ਮੱਕੀ ਦੀਆਂ ਛੱਲੀਆਂ ਦਾ ਵੀ ਵੱਖਰਾ ਹੀ ਸਵਾਦ ਆਉਣ ਲੱਗ ਪੈਂਦਾ ਹੈ।

ਮਾਂ ਵੱਲੋਂ ਤਵੇ ’ਤੇ ਬਣਾਏ ਪੂੜੇ, ਖੀਰ, ਤਵੀ ਵਾਲੇ ਮਾਲ ਪੂੜੇ, ਮੱਠੀਆਂ, ਗੁਲਗਲੇ, ਪਕੌੜੇ ਖਾਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ। ਅੱਜ-ਕੱਲ੍ਹ ਤਾਂ ਸਕੂਲਾਂ-ਕਾਲਜਾਂ ਅਤੇ ਵੱਡੇ-ਵੱਡੇ ਸ਼ਹਿਰਾਂ ਵਿੱਚ ਇਸ ਤਿਉਹਾਰ ਨੂੰ ਹੋਟਲਾਂ, ਪੈਲਸਾਂ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਹੈ। ਪਿੰਡਾਂ ਵਿੱਚ ਤਾਂ ਤੀਆਂ ਲਈ ਵੱਖਰੀਆਂ ਥਾਵਾਂ ਪਹਿਲਾਂ ਤੋਂ ਹੀ ਸਾਡੇ ਬਜ਼ੁਰਗਾਂ ਵੱਲੋਂ ਨਿਸ਼ਚਿਤ ਕੀਤੀਆਂ ਗਈਆਂ ਹਨ। ਇਸ ਮਹੀਨੇ ਨਵੀਂ ਵਿਆਹੀ ਕੁੜੀ ਨੂੰ ਜੇਕਰ ਕੋਈ ਪ੍ਰਾਹੁਣਾ ਲੈਣ ਆ ਜਾਵੇ ਤਾਂ ਉਸ ਲਈ ਵੀ ਵੱਖ-ਵੱਖ ਬੋਲੀਆਂ ਪ੍ਰਚੱਲਿਤ ਹਨ।Sawan se pahle

ਸਾਉਣ ਦਾ ਮਹੀਨਾ
ਵੇ ਤੂੰ ਆਇਆ ਗੱਡੀ ਜੋੜ ਕੇ
ਮੈਂ ਨਹੀਓਂ ਜਾਣਾ ਸਹੁਰੇ
ਲੈ ਜਾ ਖਾਲੀ ਗੱਡੀ ਮੋੜ ਕੇ।

ਭਾਵ ਮੈਂ ਤਾਂ ਆਪਣੀਆਂ ਸਖੀਆਂ-ਸਹੇਲੀਆਂ ਨਾਲ ਤੀਆਂ ਦਾ ਅਨੰਦ ਲੈ ਕੇ ਹੀ ਸਹੁਰੇ ਪਰਤਾਂਗੀ। ਨਵੀਆਂ-ਨਵੀਆਂ ਬੋਲੀਆਂ ਨਾਲ ਤੇ ਉੱਚੀ ਹੇਕ ਚੱਕਦੀਆਂ ਕੁੜੀਆਂ ਇੱਕ-ਦੂਜੇ ਤੋਂ ਅੱਗੇ ਹੋ ਕੇ ਨੱਚਦੀਆਂ ਹਨ ਤੇ ਅੰਬਰੀਂ ਪੀਂਘਾਂ ਚਾੜ੍ਹਦੀਆਂ ਇੰਝ ਮਹਿਸੂਸ ਕਰਦੀਆਂ ਹਨ ਜਿਵੇਂ ਉਹ ਅਸਮਾਨ ਵਿੱਚ ਉੱਡ ਰਹੀਆਂ ਹੋਣ। ਭਰਾ ਤੋਂ ਵੀ ਭੈਣਾਂ ਦੇ ਆਉਣ ਦਾ ਚਾਅ ਨਹੀਂ ਚੱਕਿਆ ਜਾਂਦਾ। ਵੱਡੇ ਭਰਾ ਛੋਟੀਆਂ ਭੈਣਾਂ ਲਈ ਰੁੱਖਾਂ ’ਤੇ ਪੀਂਘਾਂ ਪੱਕੀਆਂ ਹੀ ਪਾ ਕੇ ਰੱਖ ਦਿੰਦੇ ਹਨ।

ਵੀਰ ਮੇਰੇ ਨੇ ਪੀਂਘ ਪਵਾਈ
ਪਿੱਪਲ ਦੇ ਗਲ ਬਾਹੀ।
ਜਦ ਮੈਂ ਪੀਂਘ ਚੜ੍ਹਾਵਾਂ ਉੱਚੀ
ਅੰਬਰ ਨੂੰ ਹੱਥ ਲਾਈ।
ਵੀਰਨ ਮੇਰਾ ਜਿਉਂਦਾ ਰਹੇ
ਮੈਂ ਵਾਰੀ-ਵਾਰੀ ਜਾਈਂ।

ਇਸ ਤਰ੍ਹਾਂ ਇਹ ਤਿਉਹਾਰ ਭੈਣਾਂ ਤੇ ਭਰਾਵਾਂ ਦੇ ਆਪਸੀ ਪਿਆਰ ਦੀ ਭਾਵਨਾ ਨੂੰ ਵੀ ਪ੍ਰਗਟ ਕਰਦਾ ਹੈ। ਸਕੂਲਾਂ ਵਿੱਚ ਵੀ ਬਾਲ ਸਭਾ ਦੌਰਾਨ ਤੀਆਂ ਦਾ ਤਿਉਹਾਰ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ। ਤੀਆਂ ਦੇ ਵਿੱਚ ਨੱਚਦੀਆਂ ਕੁੜੀਆਂ ਦਾ ਜਦੋਂ ਮੁਕਾਬਲਾ ਪੂਰਾ ਸਿਖਰ ’ਤੇ ਹੁੰਦਾ ਹੈ ਤਾਂ ਆਪੋ-ਆਪਣੀਆਂ ਬੋਲੀਆਂ ਪਾਉਂਦੀਆਂ ਹਨ।

ਤੀਆਂ ਦੇ ਵਿੱਚ ਨੱਚਣ ਕੁੜੀਆਂ
ਹੋ ਕੇ ਪੱਬਾਂ ਭਾਰ।
ਇੱਕ-ਦੂਜੇ ’ਤੇ ਪਾਉਣ ਬੋਲੀਆਂ
ਖੁਸ਼ੀਆਂ ਨਾਲ ਬਹਾਰ।
ਛਣਕਣ ਵੰਗਾਂ, ਲਿਸ਼ਕਣ ਕੋਕੇ
ਮੱਚੇ ਗਿੱਧੇ ਦੀ ਡਾਰ।
ਅੱਜ ਨੱਚ-ਨੱਚ ਧੂੜਾਂ ਪੱਟਣੀਆਂ
ਨੱਚੂ ਪੂਰਾ ਸੰਸਾਰ।

ਇਸ ਤਰ੍ਹਾਂ ਬੋਲੀਆਂ ਪਾਉਂਦੀਆਂ ਖੁਸ਼ੀਆਂ ਮਨਾਉਂਦੀਆਂ ਆਪਸੀ ਗੱਲਾਂ ਕਰਦੀਆਂ ਕੁੜੀਆਂ ਇਸ ਮਹੀਨੇ ਪੂਰਾ ਮਨੋਰੰਜਨ ਕਰਦੀਆਂ ਹਨ। ਪੇਕੇ ਆਉਣ ਦੀਆਂ ਖੁਸ਼ੀਆਂ ਵਿੱਚ ਮਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀਆਂ ਮਹਿਕਾਂ ਰਸੋਈਆਂ ਵਿੱਚੋਂ ਸ਼ਾਮ ਨੂੰ ਆਉਂਦੀਆਂ ਹਨ।
ਕੱਪੜੇ, ਪਰਾਂਦੀਆਂ, ਡੋਰੀਆਂ, ਵੰਗਾਂ, ਛਾਪਾਂ, ਛੱਲਿਆਂ ਦੀ ਖਰੀਦੋ-ਫਰੋਖਤ ਇਸ ਮਹੀਨੇ ਖੂਬ ਹੁੰਦੀ ਹੈ। ਮੌਸਮ ਦੇ ਅਚਾਨਕ ਬਦਲਣ ਕਾਰਨ ਵੀ ਇਸ ਮਹੀਨੇ ਦੀ ਆਪਣੀ ਹੀ ਮਹੱਤਤਾ ਬਣ ਜਾਂਦੀ ਹੈ।

ਨਿੱਕੀ-ਨਿੱਕੀ ਕਣੀ ਦਾ
ਮੀਂਹ ਪਿਆ ਵਰਸੇ
ਅੰਬਰੀ ਪੀਂਘਾਂ ਚੜ੍ਹੀਆਂ
ਧੂੜਾਂ ਪੱਟਾਂਗੀਆਂ
ਅਸੀਂ ਮਜ਼ਾਜਣ ਕੁੜੀਆਂ
ਧੂੜਾਂ ਪੱਟਾਗੀਆਂ।

ਕਿਸਾਨ ਵੀ ਇਸ ਮਹੀਨੇ ਵਿਹਲੇ ਹੋ ਜਾਂਦੇ ਹਨ। ਮੀਂਹ ਕਾਰਨ ਫਸਲਾਂ ਨੂੰ ਪਾਣੀ ਦੀ ਵੀ ਬਹੁਤੀ ਲੋੜ ਨਹੀਂ ਹੁੰਦੀ। ਇਸ ਮਹੀਨੇ ਉਹ ਆਪਣੇ ਬੱਚਿਆਂ ਲਈ ਬਿਸਕੁਟ ਬਣਵਾਉਣ, ਮਿੱਠੇ ਆਦਿ ਦੇ ਪ੍ਰਬੰਧਾਂ ਵਿੱਚ ਰੁੱਝ ਜਾਂਦੇ ਹਨ। ਜੋ ਧੀਆਂ ਸੁਹਰੇ ਘਰ ਲੈ ਕੇ ਜਾਂਦੀਆਂ ਹਨ

ਵੱਡਿਆਂ ਘਰਾਂ ਦੀਏ ਲਾਡਲੀਏ
ਨੀ ਤੂੰ ਬਰਫੀ ਕਿਉਂ ਨਾ ਲਿਆਈ।

ਇਸ ਤਰ੍ਹਾਂ ਇਹ ਮਹੀਨਾ ਅਗਸਤ ਦੇ ਆਜ਼ਾਦੀ ਦਿਹਾੜੇ ਤੱਕ ਚੱਲਦਾ ਹੈ। ਕਈ-ਕਈ ਦਿਨ ਪੇਕੇ ਰਹਿ ਗਈਆਂ ਕੁੜੀਆਂ ਮਾਪਿਆਂ ਨੂੰ ਰੁਆਉਂਦੀਆਂ ਆਪੋ-ਆਪਣੇ ਘਰਾਂ ਨੂੰ ਪਰਤ ਜਾਂਦੀਆਂ ਹਨ। ਇੰਝ ਲੱਗਦਾ ਹੈ ਜਿਵੇਂ ਕੁੜੀਆਂ-ਚਿੜੀਆਂ ਬਿਨਾਂ ਘਰਾਂ ਦੀਆਂ ਰੌਣਕਾਂ ਹੀ ਖਤਮ ਹੋ ਗਈਆਂ ਹੋਣ। ਰੱਖੜੀ ਦੇ ਤਿਉਹਾਰ ’ਤੇ ਵਾਪਸ ਪਰਤਦੀਆਂ ਕੁੜੀਆਂ ਮਾਵਾਂ ਨੂੰ ਗਲ ਲੱਗ ਗੱਲਾਂ ਯਾਦ ਕਰਦੀਆਂ ਹੱਸਦੀਆਂ-ਖੇਡਦੀਆਂ ਜਿੰਦਗੀ ਨੂੰ ਅੱਗੇ ਵਧਾਉਂਦੀਆਂ ਹਨ। ਇਸ ਪ੍ਰਕਾਰ ਹੀ ਹੱਸਦਿਆਂ-ਖੇਡਦਿਆਂ ਜਿੰਦਗੀ ਵਗਦੇ ਪਾਣੀ ਵਾਂਗ ਅੱਗੇ ਵੱਲ ਤੁਰਦੀ ਜਾਂਦੀ ਹੈ। – ਸੁਖਜੀਤ ਮਾਨ/ਅਮਨਦੀਪ ਸ਼ਰਮਾ ਗੁਰਨੇ ਕਲਾਂ, ਮਾਨਸਾ।

Also Read:  ਬਰੀਕ ਨਾੜਾਂ ਦੀ ਜਾਂਚ ਕਰਨ ਵਾਲੀ ਮਸ਼ੀਨ ਕੈਥ ਲੈਬ

ਸਾਡੀ ਸੰਸਥਾ ਡਾਇਮੰਡ ਵੈਲਫਅੇਰ ਸੁਸਾਇਟੀ ਦੀ ਤਰਫ਼ੋਂ ਸਾਲ 2002 ਤੋਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਤੀਆਂ ਧੀਆਂ ਦਾ ਵਿਸ਼ੇਸ਼ ਤਿਉਹਾਰ ਹੈ ਕਿਉਂਕਿ ਘਰਾਂ ਦੇ ਕੰਮਾਕਾਰਾਂ ’ਚ ਰੁੱਝੀਆਂ ਹੋਣ ਕਰਕੇ ਉਹ ਇਨ੍ਹਾਂ ਤੀਆਂ ਮੌਕੇ ਇੱਕ-ਦੂਜੀ ਨੂੰ ਖੁੱਲ ਕੇ ਮਿਲਦੀਆਂ ਹਨ । ਤੀਆਂ ਦੇ ਇਨ੍ਹਾਂ ਸਮਾਗਮਾਂ ’ਚ ਪੁਰਸ਼ ਨਹੀਂ ਹੁੰਦੇ ਜਿੱਥੇ ਸਿਰਫ ਮਹਿਲਾਵਾਂ ਹੀ ਹੋਣ ਕਰਕੇ ਉਹ ਬਿਨ੍ਹਾਂ ਕਿਸੇ ਝਿਜਕ ਦੇ ਖੁੱਲ੍ਹ ਕੇ ਨੱਚਦੀਆਂ-ਗਾਉਂਦੀਆਂ ਹਨ। ਇਸ ਵਿਰਾਸਤੀ ਤਿਉਹਾਰ ਨੂੰ ਬਚਾਉਣ ਅਤੇ ਸੱਭਿਆਚਾਰਕ ਢੰਗ ਨਾਲ ਮਨਾਉਣ ਲਈ ਸਭ ਨੂੰ ਉਪਰਾਲੇ ਕਰਨੇ ਚਾਹੀਦੇ ਹਨ। -ਸਮਾਜ ਸੇਵੀ ਵੀਨੂੰ ਗੋਇਲ, ਬਠਿੰਡਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ