spiritual-satsang

ਜੀ ਸੋਚਾਂ ਵਿੱਚ ਰੱਬ ਪੈ ਗਿਆ, ਕੀ ਬਣਿਆ ਤੇ ਕੀ ਸੀ ਬਣਾਇਆ।
ਜੀ ਘਰ-ਜਾਤ ਨਾਮ ਭੁੱਲਿਆ, ਮਨ ਮਾਇਆ ਨੇ ਗੁਲਾਮ ਬਣਾਇਆ।।
ਰੂਹਾਨੀ ਸਤਿਸੰਗ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ

ਮਾਲਕ ਦੀ ਸਾਜੀ-ਨਿਵਾਜੀ ਪਿਆਰੀ ਸਾਧ-ਸੰਗਤ ਜੀਓ ਜੋ ਵੀ ਜੀਵ ਇੱਥੇ ਆਸ਼ਰਮ ਵਿੱਚ, ਸਤਿਸੰਗ ਪੰਡਾਲ ਵਿੱਚ, ਰੂਹਾਨੀ ਮਜਲਿਸ ਵਿੱਚ ਆਸ-ਪਾਸ ਤੋਂ, ਦੂੁਰ-ਦਰਾਜ ਤੋਂ ਚੱਲ ਕੇ ਆਏ ਹਨ, ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ ਰਾਮ-ਨਾਮ , ਅੱਲ੍ਹਾ, ਵਾਹਿਗੁਰੂ, ਮਾਲਕ ਦੀ ਕਥਾ-ਕਹਾਣੀ ਵਿੱਚ ਆ ਕੇ ਸਜੇ ਹੋ, ਆਪ ਸਭ ਦਾ ਸਤਿਸੰਗ ਵਿੱਚ ਪਧਾਰਨ ਦਾ ਤਹਿ ਦਿਲ ਨਾਲ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈਲਕਮ ਅੱਜ ਤੁਹਾਡੀ ਸੇਵਾ ਵਿੱਚ ਜੋ ਭਜਨ ਬੋਲਿਆ ਜਾ ਰਿਹਾ ਹੈ, ਜਿਸ ਭਜਨ ’ਤੇ ਸਤਿਸੰਗ ਹੋਣਾ ਹੈ, ਉਹ ਭਜਨ ਹੈ:-

ਜੀ ਸੋਚਾਂ ਵਿੱਚ ਰੱਬ ਪੈ ਗਿਆ, ਕੀ ਬਣਿਆ ਤੇ ਕੀ ਸੀ ਬਣਾਇਆ।
ਜੀ ਘਰ-ਜਾਤ ਨਾਮ ਭੁੱਲਿਆ, ਮਨ ਮਾਇਆ ਨੇ ਗੁਲਾਮ ਬਣਾਇਆ।।

ਕਿ ਕਾਲ-ਮਹਾਂਕਾਲ ਨੇ ਵਰ ਲੈ ਕੇ ਤਿ੍ਰਲੋਕੀ ਦੀ ਰਚਨਾ ਤਾਂ ਕਰ ਲਈ, ਬੁੱਤ ਤਾਂ ਬਣਾ ਲਏ ਹੁਣ ਇਨ੍ਹਾਂ ਵਿੱਚ ਹਰਕਤ (ਜਾਨ) ਕਿਵੇਂ ਆਏ ਤਾਂ ਕਾਲ-ਮਹਾਂਕਾਲ ਨੇ ਸੋਚਿਆ ਕਿ ਮੈਂ ਆਪਣੇ ਜ਼ੋਰ ਨਾਲ, ਆਪਣੀ ਸ਼ਕਤੀ ਨਾਲ ਇਨ੍ਹਾਂ ਨੂੰ ਜ਼ਿੰਦਾ ਕਰਾਂ, ਪਰ ਨਹੀਂ ਕਰ ਸਕਿਆ, ਤਾਂ ਮਾਲਕ ਦੀ ਭਗਤੀ-ਇਬਾਦਤ ਕੀਤੀ, ਬਹੁਤ ਸਮਾਂ ਲਗਾਇਆ, ਆਖਿਰ ਮਾਲਕ ਪ੍ਰਗਟ ਹੋਏ, ਬੋਲ ਭਾਈ ਕੀ ਚਾਹੀਦਾ ਹੈ? ਤਾਂ ਕਾਲ ਕਹਿਣ ਲੱਗਿਆ, ਜੀ ਬੁੱਤ ਤਾਂ ਸਭ ਬਣ ਗਏ ਹਨ, ਸਰੀਰ ਬਣ ਗਏ ਹਨ ਪਰ ਇਹ ਸਭ ਨਿਰਜੀਵ ਹਨ ਆਪ ਰਹਿਮੋ-ਕਰਮ ਕਰੋ, ਇਨ੍ਹਾਂ ਬੁੱਤਾਂ ਵਿੱਚ ਜਾਨ ਆ ਜਾਵੇ ਤਾਂ ਮਾਲਕ ਨੇ ਦਇਆ-ਮਿਹਰ ਕਰਕੇ ਰੂਹਾਂ ਨੂੰ, ਜੀਵ-ਆਤਮਾਵਾਂ ਨੂੰ, ਆਪਣੀਆਂ ਨੂਰੀ ਕਿਰਨਾਂ ਨੂੰ ਬੁੱਤਾਂ ਵੱਲ ਭੇਜਿਆ ਕਿ ਜਾਓ ਭਾਈ, ਦੋਖੋ ਕਾਲ ਨੇ ਕੈਸੀ ਰਚਨਾ ਰਚਾਈ ਹੈ ਜੀਵ-ਆਤਮਾਵਾਂ ਜੈਸੇ ਹੀ ਬੁੱਤਾਂ ਵਿੱਚ ਪ੍ਰਵੇਸ਼ ਕਰ ਗਈਆਂ ਤਾਂ ਕਾਲ ਦੇ ਖਿਡੌਣਿਆਂ ਵਿੱਚ ਮਸਤ ਹੋ ਗਈਆਂ।

Also Read :-

ਮਾਲਕ ਹਾਲਾਂਕਿ ਸਭ ਕੁਝ ਜਾਣਦੇ ਹਨ, ਪਰ ਉਨ੍ਹਾਂ ਦੀ ਮੌਜ਼-ਖੁਸ਼ੀ! ਜਦ ਦੇਖਿਆ ਕਿ ਇਸ ਤਰ੍ਹਾਂ ਤਾਂ ਇਹ ਰੂਹਾਂ, ਇਹ ਜੀਵ-ਆਤਮਾਵਾਂ ਕਦੇ ਵੀ ਅਜ਼ਾਦ ਨਹੀਂ ਹੋਣਗੀਆਂ, ਕਾਲ ਦੇ ਜਾਲ ਵਿੱਚ ਅਜਿਹੀਆਂ ਫਸੀਆਂ ਹਨ, ਉਲਝ ਗਈਆਂ ਹਨ ਕਿ ਇਨ੍ਹਾਂ ਦਾ ਛੁਟਕਾਰਾ ਨਹੀਂ ਹੋਵੇਗਾ ਤਾਂ ਬਿਲਕੁਲ ਅਖੀਰ ਵਿੱਚ ਮਾਲਕ ਨੇ ਕਾਲ, ਮਹਾਂਕਾਲ ਨੂੰ ਇੱਕ ਅਜਿਹਾ ਬੁੱਤ ਬਣਾਉਣ ਨੂੰ ਕਿਹਾ ਜਿਸ ਵਿੱਚ ਪੰਜ ਤੱਤ ਧਰਤੀ, ਪਾਣੀ, ਅਗਨੀ, ਹਵਾ ਅਤੇ ਅਕਾਸ਼ ਪੂਰੇ ਹੋਣ, ਅਜਿਹਾ ਪੁਤਲਾ ਬਣਾਓ ਮਾਲਕ ਦੇ ਦਿਸ਼ਾ-ਨਿਰਦੇਸ਼ ਵਿੱਚ ਕਾਲ ਨੇ ਮਨੁੱਖੀ ਸਰੀਰ ਬਣਾਇਆ, ਆਦਮੀ ਦਾ ਬੁੱਤ ਬਣਾਇਆ, ਜਦੋਂ ਇਹ ਸਰੀਰ (ਬੁੱਤ) ਬਣ ਕੇ ਤਿਆਰ ਹੋ ਗਿਆ ਤਾਂ ਮਾਲਕ ਨੇ ਸਭ ਫਰਿਸ਼ਤਿਆਂ ਨੂੰ, ਸਭ ਦੇਵੀ-ਦੇਵਤਿਆਂ ਨੂੰ ਇਹ ਫ਼ਰਮਾਇਆ ਕਿ ਆਓ ਅਤੇ ਇਸ ਆਦਮੀ ਦੇ ਬੁੱਤ ਨੂੰ ਸਜਦਾ ਕਰੋ,

ਨਮਸਕਾਰ ਕਰੋ ਜਦੋਂ ਫਰਿਸ਼ਤਿਆਂ ਨੇ ਪੁੱਛਿਆ, ਅਸੀਂ ਇਸ ਬੁੱਤ ਨੂੰ ਸਜਦਾ ਕਰੀਏ, ਜੋ ਮਾਤ ਲੋਕ ਵਿੱਚ ਜਾ ਰਿਹਾ ਹੈ! ਹੇ ਮਾਲਕ! ਹੇ ਖ਼ੁਦਾ! ਅਜਿਹਾ ਇਸ ਵਿੱਚ ਕੀ ਹੈ! ਤਾਂ ਮਾਲਕ ਨੇ ਫ਼ਰਮਾਇਆ ਇਸ ਬੁੱਤ ਵਿੱਚ ਜੋ ਵੀ ਰੂਹ, ਜੋ ਜੀਵ-ਆਤਮਾ ਜਾਵੇਗੀ, ਅਗਰ ਉਹ ਮਾਤ ਲੋਕ ਵਿੱਚ ਰਹਿੰਦੀ ਹੋਈ, ਮੇਰੀ ਭਗਤੀ-ਇਬਾਦਤ ਕਰੇਗੀ ਤਾਂ ਉਸ ਜੀਵ-ਆਤਮਾ ਨੂੰ ਮਾਤ ਲੋਕ ਵਿੱਚ ਰਹਿੰਦੇ ਹੋਏ ਵੀ ਮੈਂ ਦਰਸ਼-ਦੀਦਾਰ ਦੇਵਾਂਗਾ ਅਤੇ ਆਵਾਗਮਨ ਤੋਂ ਅਜ਼ਾਦ ਕਰ ਦੇਵਾਂਗਾ ਜਦੋਂ ਇਹ ਗੱਲ ਸੁਣੀ ਤਾਂ ਸਭ ਦੇਵ-ਫਰਿਸ਼ਤਿਆਂ ਨੇ ਸਜਦਾ ਕੀਤਾ, ਨਮਸਕਾਰ ਕੀਤਾ ਸਿਵਾਏ ਕਾਲ-ਮਹਾਂਕਾਲ ਦੇ।

ਤਾਂ ਮਾਲਕ ਨੇ ਇਨਸਾਨ ਦਾ ਸਰੀਰ ਬਣਾਇਆ ਹੈ, ਕਿਸ ਲਈ ਬਣਾਇਆ ਹੈ? ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਇਨਸਾਨ ਦੁਨੀਆਂ ਵਿੱਚ ਆਵੇ ਅਤੇ ਮਾਲਕ ਦੀ ਭਗਤੀ-ਇਬਾਦਤ ਕਰਕੇ, ਜਨਮ-ਮਰਨ ਤੋਂ ਅਜ਼ਾਦ ਹੋ ਕੇ ਆਪਣੇ ਨਿੱਜ-ਧਾਮ ਸਤਿਲੋਕ, ਸੱਚਖੰਡ, ਅਨਾਮੀ ਵਿੱਚ ਪਹੰੁਚੇ ਭਾਵ ਸਭ ਖੰਡਾਂ, ਬ੍ਰਹਿਮੰਡਾਂ ਨੂੰ ਪਾਰ ਕਰਦਾ ਹੋਇਆ ਜੀਵ-ਆਤਮਾ ਰੂਪੀ ਇਹ ਜੀਵ ਮਾਲਕ ਦੇ ਕੋਲ ਪਹੁੰਚ ਜਾਵੇ, ਇਸ ਲਈ ਇੱਕ ਰਸਤਾ, ਇਹ ਸਰੀਰ ਮਨੁੱਖ ਦਾ ਬਣਾਇਆ ਹੈ ਪਰ ਇਨਸਾਨ ਦੇ ਸਰੀਰ ਵਿੱਚ ਆਤਮਾ, ਰੂੁਹ ਆ ਕੇ ਕਾਲ, ਸ਼ੈਤਾਨ, ਮਹਾਂ-ਸ਼ੈਤਾਨ ਦੇ ਜਾਲ ਵਿੱਚ ਫਸ ਗਈ ਜਦੋਂ ਮਾਲਕ ਨੇ ਇਹ ਦੇਖਿਆ ਕਿ ਇਹ ਫਿਰ ਵੀ ਵਾਪਸ ਨਹੀਂ ਆ ਰਹੀ ਤਾਂ ਫਿਰ ਉਸ ਨੇ ਆਪਣੇ ਪੀਰ-ਪੈਗੰਬਰਾਂ ਨੂੰ ਧਰਤੀ ’ਤੇ ਭੇਜਣਾ ਸ਼ੁਰੂ ਕੀਤਾ ਕਿ ਤੁਸੀਂ ਜਾਓ ਅਤੇ ਉਨ੍ਹਾਂ ਨੂੰ ਸਮਝਾਓ, ਜੋ ਉਨ੍ਹਾਂ ਦਾ ਅਸਲੀ ਉਦੇਸ਼, ਟੀਚਾ ਕੀ ਹੈ ਅਤੇ ਉਹ ਕੀ ਕਰਨ ਵਿੱਚ ਲੱਗੀ ਹੋਈ ਹੈ ਤਾਂ ਸੰਤ, ਪੀਰ-ਪੈਗੰਬਰ ਇਸ ਧਰਤੀ ’ਤੇ ਆਏ ਅਤੇ ਉਨ੍ਹਾਂ ਨੇ ਇਨਸਾਨ ਨੂੰ ਸਮਝਾਇਆ, ਪਾਕ-ਪਵਿੱਤਰ ਗ੍ਰੰਥਾਂ ਦੀ ਰਚਨਾ ਕੀਤੀ ਜੋ ਸਮਝਾਇਆ ਉਹ ਸਭ ਕੁਝ ਸਾਡੇ ਸਾਰੇ ਧਰਮਾਂ ਵਿੱਚ ਲਿਖਿਆ ਹੈ

ਕਿ ਹੇ ਇਨਸਾਨ ! ਸਭ ਤੋਂ ਅਹਿਮ ਅਤੇ ਜ਼ਰੂਰੀ ਕੰਮ ਤੇਰਾ ਜੇਕਰ ਕੋਈ ਕਰਨ ਵਾਲਾ ਹੈ ਤਾਂ ਉਹ ਓਮ, ਹਰੀ, ਈਸ਼ਵਰ ਦਾ ਸਿਮਰਨ ਕਰਨਾ ਹੈ ਅਤੇ ਦੂਜਾ ਕੰਮ ਉਸ ਦੀ ਸਿ੍ਰਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ-ਪਿਆਰ ਕਰਨਾ ਹੈ ਅਤੇ ਤੀਜਾ ਜੀਵਨ-ਜਿਉਣ ਲਈ ਸਖ਼ਤ ਮਿਹਨਤ ਕਰਕੇ ਖਾਣਾ ਇਹ ਗੱਲਾਂ ਸਭ ਧਰਮਾਂ ਵਿੱਚ ਦੱਸੀਆਂ ਗਈਆਂ ਹਨ ਕਹਿਣ ਦਾ ਅੰਦਾਜ਼ ਵੱਖੋ-ਵੱਖਰਾ ਹੈ ਪਰ ਸਾਰਿਆਂ ਦਾ ਮਤਲਬ, ਅਰਥ ਇੱਕ ਹੈ ਤਾਂ ਦੱਸੋ ਸਾਰੇ ਧਰਮਾਂ ਵਿੱਚ ਕੀ ਗਲਤ ਲਿਖਿਆ ਹੈ ਅਤੇ ਕੀ ਵੱਖ ਲਿਖਿਆ ਹੈ? ਸਭ ਵਿੱਚ ਇੱਕ ਹੀ ਗੱਲ, ਸਭ ਤੋਂ ਪਹਿਲਾ ਫਰਜ਼-ਕਰਤੱਵ, ਆਪਣੇ ਮਾਲਕ ਜਿਸ ਨੂੰ ਓਮ, ਹਰੀ, ਅੱਲ੍ਹਾ, ਵਾਹਿਗੁਰੁੂ, ਗੌਡ, ਖ਼ੁਦਾ, ਰੱਬ, ਭਗਵਾਨ ਕਹਿੰਦੇ ਹਨ ਜਾਂ ਜੋ ਵੀ ਨਾਂਅ ਆਪਣੀ ਭਾਸ਼ਾ ਵਿੱਚ ਉਸ ਦਾ ਲੈਂਦੇ ਹੋ, ਉਸ ਨੂੰ ਯਾਦ ਕਰੋ, ਉਸ ਦੀ ਭਗਤੀ-ਇਬਾਦਤ ਜ਼ਰੂਰ ਕਰੋ ਧਰਮ ਨੂੰ ਮੰਨਣਾ ਹੈ ਤਾਂ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਫਿਰ ਚਿਹਰੇ ’ਤੇ ਨੁੂਰ ਆਵੇਗਾ ਅਤੇ ਅੰਦਰ ਮਾਲਕ ਦਾ ਸਰੂਰ ਆਵੇਗਾ, ਜ਼ਰੂਰ ਆਵੇਗਾ

ਮਾਲਕ (ਰੂਹਾਨੀਅਤ, ਸੂਫ਼ੀਅਤ ਦੇ ਫ਼ਕੀਰ, ਮਾਲਕ ਸਵਰੁੂਪ) ਵੀ ਸੋਚ ਰਿਹਾ ਹੋਵੇਗਾ ਕਿ ਇਸ ਨੂੰ ਕੀ ਬਣਾਇਆ ਸੀ ਅਤੇ ਇਹ ਕੀ ਬਣ ਬੈਠਾ ਹੈ ਅਸਲੀ ਨਿੱਜ ਮੁਕਾਮ ਭੁੱਲ ਗਿਆ , ਮਾਲਕ ਦੀ ਭਗਤੀ-ਇਬਾਦਤ ਕਰਨੀ ਸੀ ਉਹ ਭੁੱਲ ਗਿਆ ਅਤੇ ਗੁਲਾਮੀ ਵਿੱਚ ਫਸਿਆ ਹੋਇਆ ਹਮੇਸ਼ਾ ਕਾਲ ਦਾ ਦੰਡ ਸਹਿਣ ਲਈ ਤਿਆਰ ਬੈਠਾ ਹੈ ਕੀ ਬਣਾਇਆ ਸੀ ਉਸ ਮਾਲਕ ਨੇ, ਕਿੰਨੀ ਵੱਡੀ ਬਾਦਸ਼ਾਹੀ ਤੈਨੂੰ ਦਿੱਤੀ ਸੀ ਪਰ ਤੂੰ ਗੁਲਾਮਾਂ ਦੀ ਤਰ੍ਹਾਂ ਸ਼ੈਤਾਨ, ਮਹਾਂ-ਸ਼ੈਤਾਨ ਦਾ ਗੁਲਾਮ ਬਣ ਕੇ, ਕਾਲ-ਮਹਾਂਕਾਲ ਦੇ ਅਧੀਨ ਹੋ ਕੇ ਬੁਰਾਈਆਂ ਵਿੱਚ ਡੁੱਬ ਗਿਆ ਖਾਓ-ਪੀਓ, ਐਸ਼ ਉਡਾਓ ਇਹ ਤਾਂ ਗੰਦਗੀ ਦਾ ਕੀੜਾ ਵੀ ਕਰਦਾ ਹੈ, ਫਿਰ ਉਸ ਵਿੱਚ ਅਤੇ ਤੇਰੇ ਵਿੱਚ ਕੀ ਅੰਤਰ ਹੈ ਫਿਰ ਤੈਨੂੰ ਧਰਮਾਂ ਵਿੱਚ ਏਨਾ ਉੱਚਾ ਖ਼ਿਤਾਬ ਦਿੱਤਾ ਹੈ ਹਰ ਧਰਮ ਵਿੱਚ ਕਿਹਾ ਹੈ- ਹਿੰਦੂ ਧਰਮ ਵਿੱਚ ਸਰਵੋਤਮ, ਅਤੀਉੱਤਮ ਜੁੂਨੀ ਅਤੇ ਸਿੱਖ ਧਰਮ ਵਿੱਚ ਸਰਦਾਰ-ਸਰਤਾਜ ਜੂਨੀ ਭਾਵ ਮੁਖੀਆ ਅਤੇ ਇਸਲਾਮ ਧਰਮ ਵਿੱਚ ਖੁਦ ਮੁਖ਼ਤਿਆਰ ਜੂਨੀ, ਮਾਲਕ ਦਾ ਨੂੁਰ ਭਾਵ ਬਹੁਤ ਵੱਡੇ-ਵੱਡੇ ਖ਼ਿਤਾਬ ਦਿੱਤੇ ਹਨ ਖਾਓ-ਪੀਓ, ਐਸ਼ ਕਰਨ ਵਿੱਚ ਲੱਗਿਆ ਹੈ

ਇਹ ਕੰਮ ਤਾਂ ਪਸ਼ੁੂ-ਪੰਛੀ ਅਤੇ ਗੰਦਗੀ ਦਾ ਕੀੜਾ ਵੀ ਕਰਦੇ ਹਨ ਫਿਰ ਉਨ੍ਹਾਂ ਵਿੱਚ ਅਤੇ ਤੇਰੇ ਵਿੱਚ ਕੀ ਅੰਤਰ ਰਹਿ ਗਿਆ! ਸੋਚ ਵਿਚਾਰ ਕਰ! ਜਿਸ ਤਨ ਲਈ ਇਹ ਸਭ ਕੁਝ ਜੋ ਤੂੁੰ ਕਰ ਰਿਹਾ ਹੈਂ ਇਸ ਨੂੰ ਵੀ ਇੱਥੇ ਹੀ ਜਲਾ-ਦਫ਼ਨਾ ਦਿੱਤਾ ਜਾਵੇਗਾ ਜੋ ਤੂੰ ਬਣਾ ਰਿਹਾ ਹਂੈ ਜਿਵੇਂ ਤੂੁੰ ਆਪਣੇ ਬਾਪ-ਦਾਦਾ ਦੇ ਸਮਾਨ ’ਤੇ ਕਬਜ਼ਾ ਕੀਤਾ, ਉਸੇ ਤਰ੍ਹਾਂ ਹੀ ਤੇਰੀ ਆਉਣ ਵਾਲੀ ਪੀੜ੍ਹੀ ਕਬਜ਼ਾ ਕਰਨ ਨੂੰ ਤਿਆਰ ਬੈਠੀ ਹੈ ਨਾਲ ਜਾਣ ਵਾਲਾ ਕੁਝ ਵੀ ਨਹੀਂ, ਕਦੇ ਕਿਸੇ ਭਰਮ ਵਿੱਚ ਰਹਿ ਜਾਵੇਂ ਤਾਂ ਫਿਰ ਕਿਸ ਲਈ ਪਾਪ-ਜ਼ੁਲਮ ਗੁਨਾਹ ਕਰਦਾ ਹੈਂ ਸੋਚ, ਕਿਉਂ ਅਜਿਹਾ ਕਰਦਾ ਹੈਂ ਕੀ ਵਜ੍ਹਾ ਹੈ ਕਿ ਦਿਨ-ਰਾਤ ਬੁਰਾਈਆਂ ਵਿੱਚ ਫਸਿਆ ਹੋਇਆ ਹੈਂ ਜਿੰਨੇ ਦਿਲ ਤੋੜੇਂਗਾ, ਜਿੰਨੇ ਦਿਲਾਂ ਨੂੰ ਦੁਖਾੲਂੇਗਾ, ਉਨ੍ਹਾਂ ਦੀ ਕੀਮਤ ਅਦਾ ਕਰਨੀ ਪਵੇਗੀ ਇਸ ਲਈ ਉਸ ਮਾਲਕ ਦੀ ਦਰਗਾਹ ਵਿੱਚ, ਮਾਲਕ ਦੇ ਦਰਬਾਰ ਵਿੱਚ ਭਗਤੀ-ਇਬਾਦਤ ਕਰਕੇ ਤੌਬਾ ਕਰ ਉਹ ਦਇਆ ਦਾ ਸਾਗਰ, ਰਹਿਮਤ ਦਾ ਦਾਤਾ ਜ਼ਰੂਰ ਮੁਆਫ਼ ਕਰੇਗਾ ਅਤੇ ਆਪਣੀ ਦਇਆ-ਮਿਹਰ, ਰਹਿਮਤ ਨਾਲ ਜ਼ਰੂੁਰ ਮਾਲਾਮਾਲ ਕਰ ਦੇਵੇਗਾ ਇਸ ਲਈ ਇਨਸਾਨ ਸੋਚੇ, ਸਮਝੇ ਅਤੇ ਵਿਚਾਰ ਕਰੇ।

ਭਜਨ ਹੈ ਜੀ:-

ਜੀ ਸੋਚਾਂ ਵਿੱਚ ਰੱਬ ਪੈ ਗਿਆ, ਕੀ ਬਣਿਆ ਤੇ ਕੀ ਸੀ ਬਣਾਇਆ।
ਜੀ ਘਰ ਜਾਤ ਕੰਮ ਭੁੱਲਿਆ, ਮਨ-ਮਾਇਆ ਨੇ ਗੁਲਾਮ ਬਣਾਇਆ।

1. ਸਭ ਜੂਨੀਆਂ ’ਚੋਂ ਮਿਲੀ ਸਰਦਾਰੀ,
ਹੋਰ ਹੈ ਗੁਲਾਮ ਜੂਨੀ ਸਾਰੀ,
ਜੀ, ਬੰਦਾ ਬਣ ਕੀ ਖੱਟਿਆ ,
ਕੋਈ ਫ਼ਾਇਦਾ ਨਾ ਇਸ ਦਾ ਉਠਾਇਆ ਜੀ ਸੋਚਾਂ…

2. ਸਭ ਜੂਨੀਆਂ ਤੋਂ ਵੱਧ ਅਕਲ ਹੈ ਦਿੱਤੀ,
ਮਾਨਸ ਜਨਮ ਵਾਲੀ ਬਾਜੀ ਹਾਰੀ, ਨਾ ਜਿੱਤੀ।
ਚੁਰਾਸੀ ਵਿੱਚ ਫਿਰ ਚੱਲਿਆ,
ਨਾ ਜਨਮ ਮਰਨ ਨੂੰ ਮੁਕਾਇਆ ਜੀ ਸੋਚਾਂ….

3. ਪੀਂਦਾ ਸ਼ਰਾਬ ਨਾਲੇ ਖਾਂਦਾ ਹੈ ਮਾਸ ਜੀ,
ਅਨਮੋਲ ਜੀਵਨ ਦਾ ਕਰੀ ਜਾਂਦਾ ਨਾਸ਼ ਜੀ।
ਕਦਰ ਕੁਝ ਨਾ ਪਾਇਆ,
ਜਿਹੜਾ ਮੁੱਦਤਾਂ ਬਾਅਦ ਹੱਥ ਆਇਆ ਜੀ ਸੋਚਾਂ…

4. ਸਾਰਾ ਦਿਨ ਰਹਿੰਦਾ ਹੈ ਬੁਰਾਈਆਂ ਨੂੰ ਲੋਚਦਾ,
ਕਰਾਂ ਕਿਹੜਾ ਕੰਮ ਭੈੜਾ ਇਹੋ ਸੋਚਦਾ।
ਜੀ ਕੰਮ ਭੈੜਾ ਨਾ ਛੱਡਿਆ,
ਜੋ ਨਜ਼ਰ ਹੈ ਇਸ ਦੇ ਆਇਆ ਜੀ ਸੋਚਾਂ…

5. ਭੁੱਲ ਗਿਆ ਕੰਮ ਜਿਹੜਾ ਕਰਨ ਸੀ ਆਇਆ।
ਮੋਹ-ਮਾਇਆ ਨੇ ਜਾਲ ਵਿਛਾਇਆ
ਜੋ ਫਸ ਜਾਵੇ ਇੱਕ ਵਾਰੀ,
ਉਹ ਫਿਰ ਛੁੱਟਣ ਨਾ ਪਾਇਆ ਜੀ ਸੋਚਾਂ…

ਭਜਨ ਦੇ ਸ਼ੁਰੂ ਵਿੱਚ ਆਇਆ ਹੈ:

ਸਭ ਜੂਨੀਆਂ ’ਚੋਂ ਮਿਲੀ ਸਰਦਾਰੀ, ਹੋਰ ਹੈ ਗੁਲਾਮ ਜੂਨੀ ਸਾਰੀ।
ਜੀ ਬੰਦਾ ਬਣ ਕੀ ਖੱਟਿਆ, ਕੋਈ ਫਾਇਦਾ ਨਾ ਇਸ ਦਾ ਉਠਾਇਆ।

ਸਾਡੇ ਸੰਤਾਂ ਨੇ ਚੁਰਾਸੀ ਲੱਖ ਸਰੀਰ ਦੱਸੇ ਹਨ ਅਤੇ ਉਨ੍ਹਾਂ ਵਿੱਚ ਸਰਵੋਤਮ ਇਨਸਾਨ ਨੂੰ ਦੱਸਿਆ ਮਹਾਂਪੁਰਸ਼ਾਂ ਨੇ ਇਸ ਬਾਰੇ ਬਹੁਤ ਲਿਖਿਆ ਹੈ, ਕਬੀਰ ਜੀ ਲਿਖਦੇ ਹਨ:

‘ਗੁਰ ਸੇਵਾ ਤੇ ਭਗਤਿ ਕਮਾਈ। ਤਬ ਇਹ ਮਾਨਸ ਦੇਹੀ ਪਾਈ।।’

ਸੱਚਾ ਗੁਰੂ, ਪੀਰੋ-ਮੁਰਸ਼ਿਦੇ ਕਾਮਿਲ ਮਿਲ ਜਾਵੇ, ਗਾਈਡ ਮਿਲ ਜਾਵੇ ਤਾਂ ਉਹ ਜੋ ਕਹੇਗਾ, ਉਸ ਦੇ ਕਹਿਣੇ ਨੂੰ ਮੰਨੋ, ਪਰ ਅੰਧ-ਵਿਸ਼ਵਾਸ ਨਹੀਂ, ਦਿ੍ਰੜ ਵਿਸ਼ਵਾਸ ਨਾਲ ਕਿਉਂਕਿ ਗੁਰੂ, ਫ਼ਕੀਰ ਕਦੇ ਇਹ ਨਹੀਂ ਕਹਿੰਦਾ ਕਿ ਮੇਰੇ ਲਈ ਕੱਪੜੇ ਲੈ ਕੇ ਆਓ, ਮੇਰੇ ਪੈਰ ਦਬਾਓ, ਮੈਨੂੰ ਨੋਟ ਦਿਓ, ਅਜਿਹਾ ਕੁਝ ਵੀ ਨਹੀਂ ਉਹ ਕੀ ਕਹੇਗਾ ਕਿ ਈਸ਼ਵਰ ਦਾ ਨਾਮ ਜਪੋ, ਉਸ ਦੀ ਸਿ੍ਰਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਅਤੇ ਮਾਲਕ ਦਾ ਸਿਮਰਨ ਕਰਦੇ ਹੋਏ ਮਾਲਕ ਦੇ ਰਹਿਮੋ-ਕਰਮ ਨੂੰ ਹਾਸਲ ਕਰੋ ਇਸ ਲਈ ਕਬੀਰ ਜੀ ਨੇ ਲਿਖਿਆ ਹੈ ਕਿ ਅਜਿਹਾ ਹੋਵੇ,‘ ਗੁਰ ਸੇਵਾ ਤੇ ਭਗਤਿ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਲਈ ਇਹ ਸਰੀਰ, ਆਦਮੀ ਦਾ ਬੁੱਤ ਜੀਵ-ਆਤਮਾ ਨੂੰ ਮਿਲਿਆ ਹੈ

ਇਸ ਦੇਹੀ ਕੀ ਸਿਮਰਹਿ ਦੇਵ। ਸੋ ਦੇਹੀ ਭਜੁ ਹਰਿ ਕੀ ਸੇਵ।
ਭਜਹੁ ਗੋੁਬਿੰਦ ਭੁੂਲਿ ਮਤ ਜਾਹੁ। ਮਾਨਸ ਜਨਮ ਕਾ ਏਹੀ ਲਾਹੁ।।

ਕਿ ਇਸ ਸਰੀਰ ਲਈ ਦੇਵ-ਫਰਿਸ਼ਤੇ ਮਾਲਕ ਨੂੰ ਪ੍ਰਾਰਥਨਾ, ਦੁਆ ਕਰਦੇ ਹਨ ਕਿ ਕਦੋਂ ਸਾਨੂੰ ਇਹ ਬੁੱਤ ਮਿਲੇ ਅਤੇ ਆਪ ਦਾ ਮਿਲਾਪ ਹੋਵੇ ਕਿਉਂਕਿ ਕਿਸੇ ਹੋਰ ਸਰੀਰ ਵਿੱਚ ਇਹ ਸੰਭਵ ਨਹੀਂ ਪਰ ਅੱਜ ਇਨਸਾਨ ਉਨ੍ਹਾਂ ਨੂੰ ਹੀ ਧਿਆਉਂਦਾ ਰਹਿੰਦਾ ਹੈ, ਦੇਵ-ਫ਼ਰਿਸ਼ਤਿਆਂ ਦੇ ਚੱਕਰ ਵਿੱਚ ਉਲਝਿਆ ਰਹਿੰਦਾ ਹੈ ਅਤੇ ਜੋ ਮਾਲਕ ਹੈ, ਸਭ ਨੂੰ ਦੇਣ ਵਾਲਾ ਹੈ, ਦਇਆ ਦਾ ਸਾਗਰ ਹੈ, ਰਹਿਮਤ ਦਾ ਦਾਤਾ ਹੈ ਉਸ ਵੱਲੋਂ ਮੁੂੰਹ ਮੋੜ ਲੈਂਦਾ ਹੈ ਤੁਹਾਡਾ ਕੰਮ ਮਾਲਕ ਦੀ ਸ੍ਰਿਸ਼ਟੀ ਦਾ ਭਲਾ ਕਰਨਾ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣਾ ਅਤੇ ਮਾਲਕ ਦੀ ਭਗਤੀ ਇਬਾਦਤ ਕਰਨਾ ਹੈ ਇਹੀ ਦੱਸਿਆ ਕਿ ਇਨ੍ਹਾਂ ਸਭ ਕੰਮਾਂ ਤੋਂ ਤੂੰ ਮੁੂੰਹ ਮੋੜ ਲਿਆ ਹੈ।

ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਕਿਸੇ ਨੂੰ ਕਹੋ ਕਿ ਤੁਸੀਂ ਭਲਾ ਕਰੋ, ਚੰਗੇ ਕੰਮ ਕਰੋ, ਤਾਂ ਕੀ ਕਹਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਹੈ ਇਨ੍ਹਾਂ ਫਾਲਤੂੁ ਕੰਮਾਂ ਲਈ ਵੈਸੇ ਤਾਂ ਧਰਮਾਂ ਵਿੱਚ ਲਿਖਿਆ ਹੈ ਕਿ ਇਨਸਾਨ ਦੇ ਅੰਦਰ ਸ਼ਕਤੀ ਹੈ, ਪਾਵਰ ਹੈ ਉਹ ਨੇਕੀ-ਭਲਾਈ ਕਰ ਸਕਦਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਸਮਾਂ ਨਹੀਂ, ਬਹੁਤ ਬਿਜ਼ੀ ਰਹਿੰਦੇ ਹੋ ਚਲੋ! ਮੰਨਿਆ ਕਿ ਤੁਸੀਂ ਜੇਕਰ ਭਲਾ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਪਰ ਘੱਟੋ-ਘੱਟ ਕਿਸੇ ਦਾ ਬੁਰਾ ਤਾਂ ਨਾ ਕਰੋ ਜਦੋਂ ਬੁਰਾ ਕਰਦੇ ਹੋ ਤਾਂ ਟਾਈਮ ਕਿੱਧਰੋਂ ਆ ਜਾਂਦਾ ਹੈ? ਯੋਜਨਾਵਾਂ ਬਣਾਉਂਦੇ ਹੋ, ਵੱਡੀਆਂ-ਵੱਡੀਆਂ ਗੱਲਾਂ ਬਣਾਉਦੇ ਹੋ ਅਤੇ ਫਿਰ ਬੁਰੇ ਕਰਮ ਨੂੰ ਅੰਜ਼ਾਮ ਦਿੰਦੇ ਹੋ ਤਾਂ ਇਹ ਟਾਈਮ ਕਿੱਥੋਂ ਆਇਆ? ਭਲਾਈ-ਨੇਕੀ ਲਈ ਤਾਂ ਟਾਈਮ ਨਹੀਂ ਹੈ, ਪਰ ਬੁਰਾਈ, ਬਦੀ ਲਈ ਟਾਈਮ ਕੱਢ ਲੈਂਦੇ ਹੋ

ਜੇਕਰ ਤੁਸੀਂ ਕਿਸੇ ਨੂੰ ਉਠਾ ਨਹੀਂ ਸਕਦੇ ਤਾਂ ਡੇਗੋ ਵੀ ਨਾ ਫਰਜ਼ ਤੁਹਾਡਾ ਜੋ ਹੈ ਧਰਮ ਅਨੁਸਾਰ ਕਿ ਡਿੱਗੇ ਹੋਏ ਨੂੰ ਉਠਾਉਣਾ, ਰਾਹ ਭਟਕੇ ਹੋਏ ਨੂੰ ਰਾਹ ਦਿਖਾਣਾ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਚੱਲਦੇ ਹੋਏ ਨੂੰ ਆੜੰਗੀ ਲਾ ਕੇ ਡੇਗੋ ਨਾ, ਰਾਹ ਵਿੱਚ ਚੱਲਦੇ ਹੋਏ ਨੂੰ ਭਟਕਾਓ ਨਾ, ਘੱਟ ਤੋਂ ਘੱਟ ਇਹ ਤਾਂ ਨਾ ਕਰੋ ਪਰ ਇਸ ਕਲਿਯੁਗ ਵਿੱਚ ਸ਼ੈਤਾਨ ਨੇ, ਕਾਲ-ਮਹਾਂਕਾਲ ਨੇ ਅਜਿਹੀਆਂ ਕੰਨਾਂ ’ਤੇ ਮੋਹਰਾਂ ਲਗਾਈਆਂ ਹਨ ਕਿ ਓਮ, ਹਰੀ, ਅੱਲ੍ਹਾ, ਮਾਲਕ ਦੀ ਗੱਲ ਭਾਉੁਂਦੀ ਨਹੀਂ ਨੇਕੀ-ਅੱਛਾਈ ਦੀ ਗੱਲ ਚੰਗੀ ਨਹੀਂ ਲੱਗਦੀ ਅਤੇ ਬੁਰਾਈ ਵੱਲ ਦੌੜ ਕੇ ਜਾਂਦਾ ਹੈ ਤਾਂ ਭਾਈ! ਇਨਸਾਨ ਹੋਣ ਦਾ ਕੋਈ ਫਾਇਦਾ ਨਹੀਂ ਉਠਾ ਸਕੇਂਗਾ,

ਤੁੂੰ ਜੇਕਰ ਅਜਿਹੀਆਂ ਹੀ ਚਰਚਾਵਾਂ ਕਰਦਾ ਰਿਹਾ ਜਾਂ ਇਵੇਂ ਹੀ ਕਾਲ ਦਾ ਗੁਲਾਮ ਬਣਿਆ ਰਿਹਾ ਤਾਂ ਇਸ ਬਾਰੇ ਲਿਖਿਆ ਹੈ:-
ਮਨੁੱਖ ਤੋਂ ਹੇਠਲੀਆਂ ਜੁੂਨਾਂ ਤਾਂ ਕ੍ਰਮਬੱਧ ਹਨ, ਮਨੁੱਖੀ ਸਰੀਰ ਵਿੱਚ ਸਾਨੂੰ ਆਪਣੀ ਪ੍ਰਾਰਬੱਧ ਦੇ ਅਨੁਸਾਰ ਇੱਕ ਵਿਸ਼ੇਸ਼ ਸਮੇਂ ਤੱਕ ਸਵਛੰਦਤਾ ਸਵਤੰਤਰਤਾ ਨਸੀਬ ਹੈ, ਜਿਸ ਤੋਂ ਅਸੀਂ ਲਾਭ ਉਠਾ ਸਕਦੇ ਹਾਂ ਸਤਿਸੰਗ ਵਿੱਚ ਰਹਿ ਕੇ ਉਸ ਵਿੱਚ ਵਰਸ ਰਹੀ ਬਰਕਤ ’ਚੋਂ ਹਿੱਸਾ ਪਾ ਕੇ ਕਰਮਾਂ ਦੀ ਜਕੜ ਤੋਂ ਅਜ਼ਾਦ ਹੋ ਸਕਦੇ ਹਾਂ ਕਰਮਾਂ ਦੀ ਜਕੜ ਦਾ ਦਾਇਰਾ ਬੜਾ ਜ਼ਬਰਦਸਤ ਹੈ।
ਅੱਗੇ ਆਇਆ ਜੀ:-

ਸਭ ਜੂਨੀਆਂ ਤੋਂ ਵੱਧ ਅਕਲ ਹੈ ਦਿੱਤੀ, ਮਾਨਸ ਜਨਮ ਵਾਲੀ ਬਾਜੀ ਹਾਰੀ, ਨਾ ਜਿੱਤੀ।
ਚੁਰਾਸੀ ਵਿੱਚ ਫਿਰ ਚੱਲਿਆ, ਨਾ ਜਨਮ-ਮਰਨ ਨੂੰ ਮੁਕਾਇਆ।’

ਬਾਕੀ ਦੇ ਜਿੰਨੇ ਵੀ ਸਰੀਰ ਹਨ ਉਨ੍ਹਾਂ ਵਿੱਚ ਏਨੀ ਅਕਲ ਨਹੀਂ ਜਿੰਨੀ ਮਨੁੱਖ ਵਿੱਚ ਹੈ ਪਰ ਇਹ ਅਕਲ ਵੀ ਕਿਸ ਲਈ ਦਿੱਤੀ ਹੈ ਕਿ ਇਸ ਤਰ੍ਹਾਂ ਨਾਲ ਠੱਗੀ ਮਾਰੋ ਕਿ ਸਾਹਮਣੇ ਵਾਲੇ ਨੂੰ ਪਤਾ ਹੀ ਨਾ ਲੱਗੇ? ਜੀ ਨਹੀਂ! ਕੀ ਬੈਂਕ-ਬੈਲੰਸ ਵਧਾਉਣ ਲਈ ਕਿ ਏਨਾ ਵਧਾਓ ਕਿ ਐਸ਼ੋ-ਅਰਾਮ ਨਾਲ ਜੀਵਨ ਗੁਜ਼ਾਰੋ? ਜੀ ਨਹੀਂ! ਇਹ ਅਕਲ, ਦਿਮਾਗ ਮਾਲਕ ਨੇ ਦਿੱਤਾ ਹੈ ਕਿ ਇਸ ਸਰੀਰ ਵਿੱਚ ਰਹਿੰਦੇ ਹੋਏ ਤੁਸੀਂ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੇ ਹੋ ਇਹ ਰਾਕੇਟ ਵਗੈਰਾ ਸੁੂਰਜ ਤੱਕ ਜਾਂਦੇ ਭਸਮ ਹੋ ਜਾਂਦੇ ਹਨ, ਪਰ ਤੁਹਾਡੇ ਵਿੱਚ ਏਨੀ ਪਾਵਰ ਹੈ, ਏਨੀ ਸ਼ਕਤੀ ਹੈ ਕਿ ਅੱਲ੍ਹਾ, ਰਾਮ ਵਾਹਿਗੁਰੂ ਦੀ ਕਿ ਇੱਕ ਸੂਰਜ ਨਹੀਂ, ਅਜਿਹੇ ਕਈ ਸੂਰਜਾਂ ਤੋਂ ਵਧ ਕੇ ਤੁਹਾਡੇ ਵਿੱਚ ਪਾਵਰ ਹੋ ਸਕਦੀ ਹੈ, ਪ੍ਰਕਾਸ਼ ਹੋ ਸਕਦਾ ਹੈ,

ਸਿਮਰਨ ਦੇ ਦੁਆਰਾ ਭਗਤੀ-ਇਬਾਦਤ ਦੇ ਦੁਆਰਾ ਜਦੋਂ ਜੀਵ-ਆਤਮਾ ਉੱਪਰ ਉੱਠਦੀ ਹੈ, ਰੂੁਹਾਨੀ ਸਫ਼ਰ ਤੈਅ ਕਰਦੀ ਹੈ ਤਾਂ ਇਸ ਦੀ ਖੁਦ ਦੀ ਪਾਵਰ ਕਈ ਸੂਰਜਾਂ ਤੋਂ ਵਧ ਕੇ ਹੋ ਜਾਂਦੀ ਹੈ ਉਹ ਕਈ ਸੁੂਰਜਾਂ ਦੇ ਕੋਲੋਂ ਗੁਜ਼ਰ ਜਾਂਦੀ ਹੈ ਜਿਵੇਂ ਨੇੜੇ ਹੀ ਨਾ ਹੋਵੇ ਭਾਵ ਬੜੇ ਅਰਾਮ ਨਾਲ ਲੰਘ ਜਾਂਦੀ ਹੈ ਜਦੋਂ ਕਿ ਬਾਹਰੀ ਤੌਰ ’ਤੇ, ਮਨੋ-ਵਿਗਿਆਨਕ ਤਰੀਕੇ ਨਾਲ, ਜੋ ਸਮਾਨ ਬਣਾਇਆ ਜਾਂਦਾ ਹੈ, ਸਾਇੰਸ ਜੋ ਚੱਲ ਰਹੀ ਹੈ ਉਹ ਸੂਰਜ ਤੱਕ ਨਹੀਂ ਪਹੁੰਚ ਸਕੀ, ਜਦੋਂ ਕਿ ਤੁਸੀਂ ਇੱਕ ਸੂਰਜ ਨਹੀਂ ਅਜਿਹੇ ਲੱਖਾਂ-ਕਰੋੜਾਂ ਸੂਰਜਾਂ ਨੂੰ ਪਾਰ ਕਰ ਸਕਦੇ ਹੋ ਇੱਕ ਖੰਡ-ਬ੍ਰਹਿਮੰੰਡ ਨਹੀਂ, ਅਜਿਹੇ ਲੱਖਾਂ ਖੰਡਾਂ-ਬ੍ਰਹਿਮੰਡਾਂ ਨੂੰ ਪਾਰ ਕਰ ਸਕਦੇ ਹੋ ਏਨੀ ਪਾਵਰ ਭਰੀ ਹੈ ਤੁਹਾਡੇ ਵਿੱਚ, ਏਨੀ ਸ਼ਕਤੀ ਹੈ ਬਾੱਡੀ ਇੱਥੇ ਰਹੇਗੀ ਪਰ ਜੀਵ-ਆਤਮਾ ਤੁਹਾਡੇ ਅੰਦਰ ਹੀ ਅੰਦਰ ਉਡਾਰੀ ਮਾਰਦੀ ਚਲੀ ਜਾਵੇਗੀ ਭਾਈ! ਇਨ੍ਹਾਂ ਸਭ ਤਾਕਤਾਂ ਦੇ ਸਵਾਮੀ ਹੁੰਦੇ ਹੋਏ ਵੀ ਤੁਸੀਂ ਪਸ਼ੂਆਂ ਜਿਹੀ ਜ਼ਿੰਦਗੀ ਗੁਜ਼ਾਰਦੇ ਹੋ ਬੁਰਾ ਨਾ ਮੰਨਿਓ ਕਿਉਂਕਿ ਤੁਸੀਂ ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਣਦੇ ਨਹੀਂ ਮਾਲਕ ਨੇ ਜੋ ਰਹਿਮੋ-ਕਰਮ ਤੁਹਾਡੇ ਅੰਦਰ ਭਰਿਆ ਹੈ ਉਸ ਦੇ ਵੱਲ ਤੁਸੀਂ ਧਿਆਨ ਦਿੰਦੇ ਹੀ ਨਹੀਂ ਧਰਮਾਂ ਵਿੱਚ ਇਹ ਲਿਖਿਆ ਹੈ

ਕਿ ਉਹ ਕਣ-ਕਣ ,ਜ਼ਰੇ੍ਹ-ਜ਼ਰ੍ਹੇ ਵਿੱਚ ਮੌਜ਼ੂਦ ਹੇੈ, ਹਰ ਜਗ੍ਹਾ ਉਹ ਹੈ ਉਸ ਕਣ ਵਿੱਚ, ਉਸ ਜ਼ਰੇ੍ਹ ਵਿੱਚ ਸਾਡਾ ਸਰੀਰ ਵੀ ਆ ਗਿਆ ਇਸ ਦਾ ਮਤਲਬ, ਉਹ ਸਾਡੇ ਸਰੀਰ ਵਿੱਚ ਹੈ ਅਤੇ ਉਸ ਨੂੰ ਬੁਲਾਉਣ ਲਈ ਕੌਣ ਤੜਫ਼ਦਾ ਹੈ? ਜੀਵ-ਆਤਮਾ, ਰੂੁਹ ਅਤੇ ਉਹ ਕਿੱਥੇ ਹੈ? ਉਹ ਵੀ ਸਰੀਰ ਅੰਦਰ ਤਾਂ ਆਤਮਾ ਵੀ ਅੰਦਰ ਹੈ ਅਤੇ ਪ੍ਰਮਾਤਮਾ ਵੀ ਅੰਦਰ ਬਾਹਰ ਕਿਸੇ ਦੇ ਅੱਗੇ ਸ਼ੋਰ ਕਿਉਂ ਮਚਾਉਂਦੇ ਹੋ, ਜਦੋਂ ਦੋਵੇਂ ਹੀ ਅੰਦਰ ਹਨ ਕਿਉਂ ਨਹੀਂ ਅੰਦਰ ਦੁਆ-ਇਬਾਦਤ ਕਰਦੇ ਸੱਚੀ ਤੜਫ਼, ਲਗਨ ਨਾਲ ਭਾਈ! ਬਾਹਰ ਵਾਲਾ ਦਿਖਾਵਾ ਜ਼ਿਆਦਾ ਹੁੰਦਾ ਹੈ, ਅਮਲ ਘੱਟ ਹੁੰਦਾ ਹੈ ਅਤੇ ਅੰਦਰ ਜੇਕਰ ਕਰੋ ਤਾਂ ਦਿਖਾਵਾ ਘੱਟ ਹੁੰਦਾ ਹੈ, ਅਸਰ ਜ਼ਿਆਦਾ ਹੰੁਦਾ ਹੈ ਇਸ ਲਈ ਮਾਲਕ ਦੀ ਭਗਤੀ-ਇਬਾਦਤ ਕਰਦੇ ਹੋ, ਦੁਆ-ਪ੍ਰਾਰਥਨਾ, ਅਰਦਾਸ ਕਰਦੇ ਹੋ ਤਾਂ ਅੰਦਰ ਹੀ ਅੰਦਰ ਤੜਫ ਕੇ, ਦਿਲ ਨਾਲ, ਖ਼ਿਆਲਾਂ ਨਾਲ ਕਰੋ ਤਾਂ ਉਹ ਪ੍ਰਾਰਥਨਾ, ਉਹ ਦੁਆ, ਅਗਰ ਸੱਚੀ ਲਗਨ ਨਾਲ, ਸੱਚੀ ਤੜਫ ਨਾਲ ਕੀਤੀ ਜਾਵੇ ਤਾਂ ਮਾਲਕ ਜ਼ਰੂਰ ਮਨਜ਼ੂਰ, ਕਬੁੂਲ ਕਰਦਾ ਹੈ ਇਸ ਲਈ ਤੁਸੀਂ ਸੋਚ-ਵਿਚਾਰ ਕਰੋ ਕੀ ਬਣਾਇਆ ਸੀ, ਕਿਸ ਲਈ ਅਕਲ ਦਿੱਤੀ ਸੀ ਅਤੇ ਤੁਸੀਂ ਕੀ ਕਰ ਰਹੇ ਹੋ।

ਭਜਨ ਵਿੱਚ ਅੱਗੇ ਆਇਆ ਜੀ-

ਪੀਂਦਾ ਸ਼ਰਾਬ ਨਾਲੇ ਖਾਂਦਾ ਹੈ ਮਾਸ ਜੀ, ਅਨਮੋਲ ਜੀਵਨ ਦਾ ਕਰੀ ਜਾਂਦਾ ਨਾਸ਼ ਜੀ।
ਕਦਰ ਕੁਝ ਨਾ ਪਾਇਆ, ਜਿਹੜਾ ਮੁੱਦਤਾਂ ਬਾਅਦ ਹੱਥ ਆਇਆ।

ਸ਼ਰਾਬ ਪੀਣਾ, ਮਾਸ ਖਾਣਾ ਜਿੱਥੋਂ ਤੱਕ ਅਸੀਂ ਪਵਿੱਤਰ ਗ੍ਰੰਥਾਂ ਵਿੱਚ ਪੜਿ੍ਹਆ, ਸਾਨੂੰ ਕਿਧਰੇ ਵੀ ਲਿਖਿਆ ਹੋਇਆ ਨਹੀਂ ਮਿਲਿਆ ਜ਼ਰੂਰ ਦੱਸਿਓ ਅਜਿਹਾ ਲਿਖਿਆ ਹੋਇਆ ਹੋਵੇ ਕਿਤੇ ਵੀ ਲਿਖਿਆ ਹੋਇਆ ਨਹੀਂ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਐਸਾ ਨਸ਼ਾ ਪੀਣਾ ਚਾਹੀਦਾ ਬਲਕਿ ਸ਼ਰਾਬ ਦੇ ਬਾਰੇ ਵਿੱਚ ਤਾਂ ਬੜਾ ਖੋਲ੍ਹ ਕੇ ਲਿਖਿਆ ਹੈ ਹਿੰਦੂ ਧਰਮ ਵਿੱਚ ਲਿਖਿਆ ਹੈ ਕਿ ਸ਼ਰਾਬ ਨਰਕਾਂ ਵਿੱਚ ਲਿਜਾਣ ਲਈ ਮਾਂ ਦੀ ਮਾਂ ਦਾ ਕੰਮ ਕਰਦੀ ਹੈ, ਇਸਲਾਮ ਧਰਮ ਵਿਚ ਫਾਰਸੀ ਵਿੱਚ ਆਉਂਦਾ ਹੈ ਸ਼ਰਾਬ ਸ਼ਬਦ ਦੇ ਜੇਕਰ ਦੋ ਹਿੱਸੇ ਕਰੋ ਤਾਂ ਬਣਦਾ ਹੈ ‘ਸ਼ਰ+ਆਬ’ ਸ਼ਰ ਭਾਵ ਸ਼ਰਾਰਤ ਜਾਂ ਸ਼ੈਤਾਨ ਅਤੇ ਆਬ ਭਾਵ ਪਾਣੀ ਹੇ ਖੁਦਾ ਦੀ ਇਬਾਦਤ ਕਰਨ ਵਾਲਿਓ! ਸ਼ਰਾਬ ਸ਼ੈਤਾਨ ਦਾ ਪਾਣੀ ਹੈ, ਪੀਣਾ ਮਤ ਵਰਨਾ ਇਬਾਦਤ ਨੂੰ ਖਾਕ ਵਿੱਚ ਮਿਲਾ ਦੇਵੇਗਾ ਅਤੇ ਸਿੱਖ ਧਰਮ ਵਿੱਚ ਇੱਕ ਨਸ਼ਾ ਨਹੀਂ ਸਾਰੇ ਨਸ਼ੇ ਮਨ੍ਹਾ ਹਨ ਜੇਕਰ ਤੁਸੀਂ ਗੁਰੂੁ ਦੀ ਨਿਸ਼ਾਨੀ ਪਹਿਨਦੇ ਹੋ, ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋ ਤਾਂ ਗੌਰ ਕਰੋ ਕਿ:-

‘ਪੋਸਤ ਭੰਗ ਅਫ਼ੀਮ ਮਦ ਨਸ਼ਾ ਉਤਰ ਜਾਏ ਪ੍ਰਭਾਤ
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।

ਅਰਥਾਤ ਕਿ ਪੋਸਤ, ਭੰਗ, ਅਫ਼ੀਮ, ਮਦ-ਸ਼ਰਾਬ ਪੀਓ ਉਸ ਦਾ ਨਸ਼ਾ ਸ਼ਾਮ ਨੂੰ ਅਤੇ ਸ਼ਾਮ ਨੂੰ ਪੀਓ ਸਵੇਰੇ ਉੱਤਰ ਜਾਂਦਾ ਹੈ ਜੇਕਰ ਨਸ਼ਾ ਕਰਨਾ ਹੈ ਤਾਂ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ ਨਾਮ ਦਾ ਕਰੋ ਜੇਕਰ ਇੱਕ ਵਾਰ ਚੜ੍ਹ ਗਿਆ ਤਾਂ ਜ਼ਿੰਦਗੀ ਭਰ ਉੱਤਰਦਾ ਨਹੀਂ ਦੁਨਿਆਵੀ ਨਸ਼ਾ ਬਰਬਾਦ ਕਰਦਾ ਹੈ ਅਤੇ ਓਮ, ਹਰੀ, ਅੱਲ੍ਹਾ, ਰਾਮ ਦੇ ਨਾਮ ਦਾ ਨਸ਼ਾ ਅੰਦਰੋਂ-ਬਾਹਰੋਂ ਇਨਸਾਨ ਨੂੰ ਆਬਾਦ ਮਜ਼ਬੂਤ ਕਰਦਾ ਹੈ ਅਤੇ ਬੇਅੰਤ ਖੁਸ਼ੀਆਂ ਬਖ਼ਸ਼ਦਾ ਹੈ ਧਰਮਾਂ ਵਿੱਚ ਨਸ਼ਿਆਂ ਤੋਂ ਮਨ੍ਹਾ ਕੀਤਾ ਗਿਆ ਹੈ ਵਿਗਿਆਨਕ ਲੋਕ ਵੀ ਹੁਣ ਮੰਨਦੇ ਹਨ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਅੰਡਾ-ਮਾਸ ਬਾਰੇ ਵੀ ਸਾਡੇ ਜਿਸਮ ਨੂੰ ਸ਼ਾਕਾਹਾਰੀ ਦੱਸਿਆ ਹੈ, ਵੱਡੇ-ਵੱਡੇ ਡਾਕਟਰਾਂ ਨੇ ਰਿਸਰਚ ਕੀਤਾ ਤਾਂ ਇਹ ਪਾਇਆ ਕਿ ਸਾਡੇ ਨਹੰੁ, ਸਾਡੇ ਦੰਦ, ਸਾਡਾ ਜਬਾੜਾ, ਸਾਡੀ ਪਾਚਨ-ਕਿਰਿਆ , ਸਾਡੀਆਂ ਅੰਤੜੀਆਂ ਬਹੁਤ ਕੁਝ ਅਜਿਹਾ ਹੈ ਜੋ ਸਾਬਤ ਕਰਦਾ ਹੈ ਕਿ ਅਸੀਂ ਸ਼ਾਕਾਹਾਰੀ ਹਾਂ ਕਈ ਸੱਜਣ ਕਹਿ ਦਿੰਦੇ ਹਨ ਕਿ ਮਾਸ-ਅੰਡੇ ਵਿੱਚ ਸ਼ਕਤੀ ਹੰੁਦੀ ਹੈ, ਅਗਰ ਮਾਸ ਨਹੀਂ ਖਾਵਾਂਗੇ ਤਾਂ ਤਾਕਤ ਕਿੱਧਰੋਂ ਆਵੇਗੀ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਮਾਸ ਵਿੱਚ ਤਾਕਤ ਹੈ, ਤੁਸੀਂ ਮਾਸ ਖਾਣ ਵਾਲੇ ਹੋ ਤਾਂ ਹਾਥੀ ਨਾਲ ਟੱਕਰ ਲਗਾ ਕੇ ਦੇਖੋ, ਕਿਸ ਵਿੱਚ ਪਾਵਰ ਜ਼ਿਆਦਾ ਹੈ ਤੁਸੀ ਮਾਸ ਖਾਂਦੇ ਹੋ ਪਰ ਹਾਥੀ ਮਾਸ ਨਹੀਂ ਖਾਂਦਾ ਤਾਂ ਤੁਸੀਂ ਮੰਨੋਗੇ ਨਾ ਕਿ ਪਾਵਰ ਹਾਥੀ ਵਿੱਚ ਜ਼ਿਆਦਾ ਹੈ ਸਾਇੰਸਦਾਨ ਮੰਨ ਚੁੱਕੇ ਹਨ ਕਿ ਸਭ ਤੋਂ ਸ਼ਕਤੀਸ਼ਾਲੀ ਅਗਰ ਕੋਈ ਜੀਵ ਹੈ ਪਾਵਰ ਦੇ ਹਿਸਾਬ ਨਾਲ, ਉਹ ਹਾਥੀ, ਘੋੜਾ, ਗੈਂਡਾ, ਜਿਰਾਫ਼ ਹੈ, ਝੋਟਾ, ਬਲਦ ਹੈ, ਜਿਸ ਵਿੱਚ ਪਾਵਰ ਬਹੁਤ ਹੈ ਅਤੇ ਸਾਰੇ ਸ਼ਾਕਾਹਾਰੀ ਹਨ ਤਾਂ ਇਹ ਕਹਿ ਦੇਣਾ ਕਿ ਇਨ੍ਹਾਂ ਵਿੱਚ ਪਾਵਰ ਨਹੀਂ ਹੁੰਦੀ ਤਾਂ ਇਹ ਤੁਹਾਡਾ ਭਰਮ ਹੈ ਅੰਡੇ ਵਿੱਚ ਪ੍ਰੋਟੀਨ ਜੇਕਰ 14-15 ਫੀਸਦੀ ਹੈ ਤਾਂ ਸੋਆਬੀਨ ਵਿੱਚ 43 ਪ੍ਰਤੀਸ਼ਤ ਹੈ ਭਾਵ ਲਗਭਗ 3 ਗੁਣਾ, ਛੋਲਿਆਂ ਵਿੱਚ 22-23 ਫੀਸਦੀ ਹੈ ਅਤੇ ਮੂੰਗੀ ਦੀ ਦਾਲ ਵਿੱਚ ਵੀ 22 ਜਾਂ 25 ਫੀਸਦੀ ਹੈ ਸ਼ਾਕਾਹਾਰੀ ਚੀਜ਼ਾਂ ਵਿੱਚ ਪਾਵਰ ਜ਼ਿਆਦਾ ਹੈ ਪਰ ਜੇ ਤੁਸੀਂ ਪਾਵਰ ਲਈ ਮਾਸ-ਅੰਡੇ ਖਾਂਦੇ ਹੋ ਤਾਂ ਤੁਹਾਡਾ ਇਹ ਭਰਮ ਹੈ ਤਾਂ ਸੱਚਾਈ ਇਹੀ ਹੈ ਕਿ :

ਮਾਸ ਮਛੁਰੀਆ ਖਾਤ ਹੈ, ਸੁਰਾ ਪਾਨ ਕੇ ਹੇਤ।
ਤੇ ਨਰ ਜੜ੍ਹ ਸੇ ਜਾਹਿੰਗੇ, ਜਿਉਂ ਮੁੂਰੀ ਕਾ ਖੇਤ।

ਕੋਈ ਕਸਰ ਨਹੀਂ ਛੱਡੀ ਸਾਡੇ ਪੀਰ-ਪੈਗੰਬਰਾਂ ਨੇ, ਰਿਸ਼ੀਆਂ-ਮੁੰਨੀਆਂ ਨੇ ਸਮਝਾਉਣ ਵਿੱਚ ਜੇਕਰ ਕਿਸੇ ਆਦਮੀ ਨੂੰ ਇਹ ਹੁੁਕਮ ਦਿੱਤਾ ਤਾਂ ਆਦਮੀ ਤੋਂ ਆਦਮੀ ਦੀ ਬਲੀ ਮੰਗੀ, ਕੁਰਬਾਨੀ ਮੰਗੀ ਅਤੇ ਉਹ ਆਦਮੀ ਦੇਣ ਨੂੰ ਤਿਆਰ ਹੋ ਗਿਆ ਇਹ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਹੋਈ, ਇਹ ਤਾਂ ਮਾਜਰਾ ਹੀ ਕੁਝ ਹੋਰ ਹੋ ਗਿਆ ਪਰ ਅੱਜ ਆਪਣੀ ਬਲੀ ਦੇਣ ਲਈ ਕਿਹੜਾ ਇਨਸਾਨ ਤਿਆਰ ਹੋਵੇਗਾ? ਪਸ਼ੁੂ ਨੂੰ ਪਕੜਿਆ, ਦੂਜੇ ਦੇ ਬੇਟੇ ਨੂੰ ਪਕੜਿਆ ਅਤੇ ਬਲੀ ਚੜ੍ਹਾ ਦਿੱਤਾ ਅੱਜ-ਕੱਲ੍ਹ ਤਾਂ ਇਹ ਵੀ ਖ਼ਬਰ, ਸ਼ਾਇਦ ਕੱਲ੍ਹ-ਪਰਸੋਂ ਕਿਸੇ ਨੇ ਦੱਸਿਆ ਕਿ ਆਪਣੇ ਹੀ ਬੇਟੇ ਦੀ ਬਲੀ ਚੜ੍ਹਾ ਦਿੱਤੀ ਇੱਕ ਇਨਸਾਨ ਨੇ ਬੜੇ ਅਜ਼ੀਬੋ-ਗਰੀਬ ਹਾਲਾਤ ਹਨ ਭਾਈ! ਦੇਵਤਾ, ਫ਼ਰਿਸ਼ਤਾ ਕਿਸ ਨੂੰ ਕਹਿੰਦੇ ਹਨ, ਅੱਜ ਵਾਲਾ ਤਾਂ ਇਹ ਭੁੱਲ ਗਿਆ ਹੈ ਦੇਵਤਾ, ਫ਼ਰਿਸ਼ਤੇ ਦਾ ਮਤਲਬ ਹੈ ਜੋ ਮਜ਼ਬੁੂਰਾਂ ਦਾ ਸਾਥ ਦੇਵੇ ਅਤੇ ਜ਼ੁਲਮੋ-ਸਿਤਮ ਕਰਨ ਵਾਲਿਆਂ ਨੂੂੰ ਰੋਕੇ ਉਸ ਨੂੰ ਦੇਵਤਾ ਜਾਂ ਫਰਿਸ਼ਤਾ ਕਹਿੰਦੇ ਹਨ ਭਾਵ ਭਲਾਈ, ਨੇਕੀ ਦਾ ਸਾਥ ਦੇਵੇ ਅਤੇ ਬਦੀ ਨੂੰ ਰੋਕੇ ਪਰ ਅੱਜ ਦਾ ਇਨਸਾਨ ਨਿਰਦੋਸ਼ਾਂ ਨੂੰ ਕੱਟ ਕੇ ਬਲੀ ਦੇਵਤਿਆਂ ਨੂੰ ਚੜ੍ਹਾਉਦਾ ਹੈ ਤਾਂ ਦੱਸੋ ਦੇਵਤਾ ਖੁਸ਼ ਹੋਵੇਗਾ? ਨਹੀਂ, ਉਹ ਨਰਾਜ਼ ਹੋਵੇਗਾ ਕਿਉਂਕਿ ਉਹ ਤਾਂ ਨਿਰਦੋਸ਼ਾਂ ਦੀ ਮੱਦਦ ਕਰਨ ਵਾਲਾ ਹੈ ਤਾਂ ਭਾਈ! ਇਹ ਅਜੀਬੋ-ਗਰੀਬ ਮੰਜਰ ਇਸ ਕਲਿਯੁਗ ਵਿੱਚ, ਸ਼ੈਤਾਨ ਦੇ ਯੁੱਗ ਵਿੱਚ ਚੱਲ ਰਿਹਾ ਹੈ ਇਸ ਬਾਰੇ ਲਿਖਿਆ ਹੈ:-

ਔਗੁਣ ਕਹੂੰ ਸ਼ਰਾਬ ਕਾ, ਗਿਆਨਵੰਤ ਸੁਨ ਲੇ।
ਮਾਨਸ ਸੇ ਪਸੁੂਆ ਕਰੇ, ਦ੍ਰਵਯ ਗਾਂਠ ਕੋ ਦੇ।

ਸ਼ਰਾਬ ਜਾਂ ਚਾਹੇ ਕੋਈ ਵੀ ਨਸ਼ਾ ਹੈ ਸਭ ਬਰਬਾਦ ਕਰਨ ਵਾਲੇ ਹਨ, ਤੁਸੀਂ ਉਸ ਦੇ ਗੁਲਾਮ ਹੋ ਜਾਂਦੇ ਹੋ, ਉਸ ਦੇ ਬਿਨਾਂ ਚੱਲ ਨਹੀਂ ਸਕਦੇ ਨਵੀਂ ਪੀੜ੍ਹੀ, ਨਵੇਂ ਨਸ਼ੇ ਚਰਸ, ਹੈਰੋਇਨ, ਸਮੈਕ, ਟੀਕੇ ਤਰ੍ਹਾਂ-ਤਰ੍ਹਾਂ ਦੇ ਲੋਕ ਲਗਾਉਂਦੇ ਹਨ, ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਬਰਬਾਦ ਕਰਦੇ ਹਨ ਆਪਣੀ ਤਬਾਹੀ ਦਾ ਸਮਾਨ ਖ਼ੁਦ ਬਣਾ ਰਹੇ ਹਨ ਇਸ ਵਿੱਚ ਕੋਈ ਮਾਨ-ਵਡਿਆਈ ਨਹੀਂ ਤੁਸੀਂ ਸੋਚਦੇ ਹੋ ਕਿ ਮੈਂ ਵੱਡੇ ਘਰਾਣੇ ਦਾ ਹਾਂ ਤਾਂ ਵੱਡਾ ਨਸ਼ਾ ਕਰਾਂ ਅਜਿਹਾ ਕਰਨ ਨਾਲ ਤੁਸੀਂ ਤਬਾਹੀ ਵੱਲ ਜਾ ਰਹੇ ਹੋ ਜੇ ਨਸ਼ਾ ਕਰਨਾ ਹੈ ਤਾਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਯਾਦ ਦਾ ਨਸ਼ਾ ਕਰੋ, ਅਜਿਹਾ ਨਸ਼ਾ ਨਾ ਖ਼ਰੀਦਣਾ ਪਵੇ, ਨਾ ਅਲੱਗ ਤੋਂ ਕੁਝ ਛੁਪਾਉਣਾ ਪਵੇ ਅਤੇ ਨਾ ਚੋਰੀ-ਛਿਪੇ ਕਰਨਾ ਪਵੇ ਸ਼ਰ੍ਹੇਆਮ ਕਰ ਸਕਦੇ ਹੋ, ਕੋਈ ਰੋਕ ਨਹੀਂ ਸਕਦਾ, ਕੋਈ ਟੋਕ ਨਹੀਂ ਸਕਦਾ ਪਰ ਕਈ ਚੋਰੀ-ਛਿਪੇ ਕਰਦੇ ਹਨ ਕਿ ਪਤਾ ਵੀ ਨਾ ਲੱਗ ਜਾਵੇ ਅਤੇ ਕਰਨਾ ਵੀ ਜ਼ਰੂਰ ਤਾਂ ਇਹ ਬਿਲਕੁਲ ਗਲਤ ਹੈ, ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ।

ਤੁਸੀਂ ਸੇਵਾ, ਨੇਕ ਕਰਮ ਕਰਦੇ ਰਹੋ ਅਤੇ ਨਾਲ ਹੀ ਮਾਲਕ ਦੀ ਭਗਤੀ-ਇਬਾਦਤ ਕਰਦੇ ਰਹੋ ਇੱਥੇ ਬਹੁਤ ਲੋਕ ਆਉਂਦੇ ਹਨ, ਰੋਜ਼ਾਨਾ ਲਗਭਗ 100-200 ਲੋਕ ਇੱਥੇ ਨਸ਼ਾ ਛੱਡਣ ਆਉਂਦੇ ਹਨ ਤਾਂ ਭਾਈ! ਮਾਲਕ ਦੀ ਭਗਤੀ ਵਿੱਚ ਸ਼ਕਤੀ ਹੈ, ਉਸ ਦੀ ਇਬਾਦਤ ਵਿੱਚ ਤਾਕਤ ਹੈ, ਜੇਕਰ ਇਨਸਾਨ ਭਗਤੀ ਦੁਆਰਾ ਉਸ ਨੂੰ ਹਾਸਲ ਕਰ ਲਵੇ ਤਾਂ ਨਸ਼ੇ ਛੁੱਟ ਜਾਂਦੇ ਹਨ ਕਿਉਂਕਿ ਅੰਦਰ ਵਾਲਾ ਨਸ਼ਾ ਆਉਣਾ ਜਦੋਂ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਨਸ਼ੇ ਗੰਦਗੀ ਦੇ ਵਾਂਗ ਲਗਦੇ ਹਨ ਇਸ ਲਈ ਭਾਈ! ਇਹ ਨਸ਼ੇ ਛੱਡੋ, ਭਗਵਾਨ ਨੇ ਕੰਚਨ ਜਿਹੀ, ਸੋਨੇ ਜਿਹੀ ਕਾਇਆ ਦਿੱਤੀ ਹੈ, ਇਹ ਜ਼ਿੰਦਗੀ ਬਰਬਾਦ ਨਾ ਕਰੋ ਜੋ ਖਵਾਉਂਦੇ-ਪਿਆਉਂਦੇ ਹਨ, ਉਨ੍ਹਾਂ ਦਾ ਕੁਝ ਨਹੀਂ ਜਾਂਦਾ ਪਰ ਤੁਸੀਂ ਬਰਬਾਦ ਹੋ ਜਾਵੋਗੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਬਹੁਤ ਕਸ਼ਟ ਉਠਾਉਣੇ ਪੈਣਗੇ ਤਾਂ ਨਸ਼ੇ ਨੂੰ ਛੱਡਣਾ ਬਹੁਤ ਜ਼ਰੂਰੀ ਹੈ ਭਜਨ ਵਿੱਚ ਅੱਗੇ ਆਇਆ ਹੈ:-

‘ਸਾਰਾ ਦਿਨ ਰਹਿੰਦਾ ਹੈ ਬੁਰਾਈਆਂ ਨੂੰ ਲੋਚਦਾ।
ਕਰਾਂ ਕਿਹੜਾ ਕੰਮ ਭੈੜਾ ਇਹੋ ਸੋਚਦਾ।
ਜੀ ਕੰਮ ਭੈੜਾ ਨਾ ਛੱਡਿਆ ਜੋ ਨਜ਼ਰ ਹੈ ਇਸ ਦੇ ਆਇਆ।

ਜ਼ਿਆਦਾਤਰ ਲੋਕਾਂ ਦੀ ਸੋਚ ਬੁਰਾਈ ਵੱਲ ਚੱਲਦੀ ਹੈ ਕਿਤੇ ਵੀ ਜਾਓ, ਪਹਿਲਾਂ ਦੇਖਣਗੇ, ਕੋਈ ਖ਼ੁਰਾਕ ਹੈ? ਜੈਸੀ ਅੰਦਰ ਗੰਦੀ ਸੋਚ ਹੰੁਦੀ ਹੈ ਵੈਸਾ ਸਮਾਨ ਇੱਧਰ ਹੈ ਕਿ ਨਹੀਂ ਖਾਣ ਦਾ, ਪੀਣ ਦਾ, ਦੇਖਣ ਦਾ ਕਿਉੁਂਕਿ ਅੰਦਰ ਗੰਦੀ ਸੋਚ, ਗੰਦਗੀ ਦਾ ਕੀੜਾ ਬਣ ਜਾਂਦਾ ਹੈ ਉਸ ਇਨਸਾਨ ਨੂੰ ਕੁਝ ਵੀ ਚੰਗਾ ਨਜ਼ਰ ਨਹੀਂ ਆਉਂਦਾ ਜਿੱਥੇ ਵੀ ਜਾਵੇਗਾ ਪਹਿਲਾਂ ਇਹੀ ਪੁੱਛ-ਗਿੱਛ ਹੰੁਦੀ ਹੈ ਕਿ ਇੱਥੇ ਗੰਦਗੀ ਕੀ ਹੈ ਅਤੇ ਕਿਵੇਂ ਉਸ ਨੂੰ ਲੈ ਸਕਦਾ ਹਾਂ? ਕਿਸ ਤਰ੍ਹਾਂ ਗ੍ਰਹਿਣ ਕਰ ਸਕਦਾ ਹਾਂ ਤਾਂ ਉਥੇ ਧਿਆਨ ਜਾਂਦਾ ਹੈ ਅਤੇ ਦਿਲੋ-ਦਿਮਾਗ ਵਿੱਚ ਹਮੇਸ਼ਾ ਬੁਰਾਈ ਦੀ ਗੱਲ ਚੱਲਦੀ ਹੈ ਚੁਗਲੀ-ਨਿੰਦਿਆ, ਦੂਸਰਿਆਂ ਦੀਆਂ ਬੁਰਾਈਆਂ, ਬੁਰੇ ਕਰਮ ਇਹ ਖ਼ਿਆਲਾਤ ਜ਼ਿਆਦਾ ਘੁੰਮਦੇ ਹਨ, ਅੱਛਾਈ-ਨੇਕੀ ਨਹੀਂ ਇਸ ਬਾਰੇ ਲਿਖਿਆ-ਦੱਸਿਆ ਹੈ:-

ਐਨ-ਅਕਲ ਦਾ ਕੋਈ ਨਾ ਕੰਮ ਕੀਤਾ,
ਸ਼ਕਲ ਧਾਰ ਕੇ ਤੁਧ ਇਨਸਾਨ ਵਾਲੀ
ਦਾੜ੍ਹੀ-ਮੁੱਛ ਥੀਂ ਆਦਮੀ ਜਾਪਦਾ ਹੈ
ਐਪਰ ਆਦਤ ਸਭੀ ਹੈਵਾਨ ਵਾਲੀ
ਮਾਇਆ ਦੇ ਲਈ ਪਾਪ ਕਮਾਉਂਦਾ ਹੈ,
ਰੀਤ ਛੱਡ ਕੇ ਧਰਮ-ਈਮਾਨ ਵਾਲੀ
ਬਿਸ਼ਨ ਦਾਸ ਨਹੀਂ ਮੌਤ ਯਾਦ ਤੈਨੂੰ ,
ਜ਼ਾਲਿਮ ਚੋਟੀ ਤੋਂ ਪਕੜ ਲੈ ਜਾਣ ਵਾਲੀ

ਬੁਰੇ ਕਰਮ ਕਰਦਾ ਹੈ ਦੌਲਤ ਦੇ ਲਈ ਦੀਨ-ਈਮਾਨ ਸਭ ਕੁਝ ਵੇਚ ਦਿੰਦਾ ਹੈ ਅਤੇ ਇਹ ਬੁਰਾਈ ਦਾ ਨਤੀਜ਼ਾ ਬੁਰਾ ਜ਼ਰੂਰ ਨਿਕਲਦਾ ਹੈ ਇਸ ਲਈ ਭਾਈ ਤੁਸੀਂ ਬੁਰੇ ਕਰਮ ਛੱਡੋ ਦੇਖਣ ਵਿੱਚ ਜ਼ਰੂਰ ਦਾੜ੍ਹੀ-ਮੁੱਛ ਤੋਂ ਇਨਸਾਨ ਨਜ਼ਰ ਆਉਦਾ ਹੈ ਪਰ ਕੰਮ ਜਾਨਵਰਾਂ ਵਾਲੇ ਹੀ ਹਨ ਇਸ ’ਤੇ ਤੁਹਾਨੂੰ ਇੱਕ ਗੱਲ ਸੁਣਾਉਂਦੇ ਹਾਂ

ਇੱਕ ਇਨਸਾਨ ਨਸ਼ੇੜੀ ਸੀ ਡਿੱਗਦਾ-ਢਹਿੰਦਾ ਜਾ ਰਿਹਾ ਸੀ ਪਹਿਲਾਂ ਮਾਤਾ-ਭੈਣਾਂ ਇੱਕ ਦਰਵਾਜ਼ੇ ਵਿੱਚ ਬੈਠ ਜਾਂਦੀਆਂ ਸਨ, ਚਰਖ਼ਾ-ਸੂਤ ਕੱਤਿਆ ਕਰਦੀਆਂ ਸਨ ਗੱਲਾਂ ਵੀ ਕਰਦੀਆਂ ਰਹਿੰਦੀਆਂ, ਤਾਂ ਉਹ ਜਦੋਂ ਉੱਥੋਂ ਦੀ ਲੰਘਿਆ ਤਾਂ ਉਸ ਨੇ ਮਾਤਾ-ਭੈਣਾਂ ਨੂੰ ਦੇਖਿਆ ਅਤੇ ਕੁਝ ਅਸ਼ਲੀਲ ਹਰਕਤ ਕੀਤੀ, ਕੁਝ ਗਲਤ ਬੋਲ ਗਿਆ ਉਹ ਅੱਗੇ ਚਲਾ ਗਿਆ ਇੱਕ ਮਾਤਾ ਦੂਸਰੀ ਨੂੰ ਪੁੱਛਦੀ ਹੈ, ਇਹ ਕੌਣ ਹੈ? ਉਹ ਕਹਿੰਦੀ ਹੈ, ਇਹ ਉਹ ਹੈ ਪਹਿਲੀ ਕਹਿੰਦੀ, ਇਸ ਦੇ ਉਹ ਤਾਂ ਹੈ ਨੀ? ਦੂਸਰੀ ਕਹਿੰਦੀ ਕਿ ਇਹ ਬਿਨਾਂ ਉਹ ਦੇ ਹੀ ਉਹ ਹੈ! ਤਾਂ ਪਹਿਲੀ ਪੁੱਛਦੀ ਕਿ ਉਹ ਕੌਣ ਹੈ, ਦੂਸਰੀ ਕਹਿੰਦੀ ਇਹ ਉਹ ਹੈ ਭਾਵ ਪਸ਼ੂ ਹੈ ਤਾਂ ਪਹਿਲੀ ਕਹਿੰਦੀ, ਇਸ ਦੇ ਉਹ ਤਾਂ ਹੈ ਨਹੀਂ ਭਾਵ ਸਿੰਙ ਅਤੇ ਪੂਛ ਤਾਂ ਦੂਸਰੀ ਕਹਿੰਦੀ ਇਹ ਬਿਨਾਂ ਉਹ ਦੇ ਹੀ ਉਹ ਹੈ ਤਾਂ ਇੰਨੀ ਉੱਚੀ ਜੂਨੀ, ਮਾਲਕ ਨੇ ਖੁਦ-ਮੁਖਤਿਆਰ ਬਣਾਇਆ, ਆਪਣਾ ਨੂਰ ਸੰਤਾਂ ਨੇ ਲਿਖਿਆ ਅਤੇ ਅਜਿਹੀਆਂ ਹਰਕਤਾਂ ਕਰਕੇ ਕੀ ਬਣਿਆ, ਪਸ਼ੂ ਕੀ ਸ਼ੱਕ ਹੈ? ਪਸ਼ੂ ਵੀ ਕਈ ਤਰੀਕਿਆਂ ਨਾਲ ਚੰਗਾ ਹੈ ਪਰ ਇਨਸਾਨ ਬਹੁਤ ਪਿੱਛੇ ਹੈ ਇਸ ਮਾਮਲੇ ਵਿੱਚ ਭਜਨ ਵਿੱਚ ਅੱਗੇ ਆਇਆ:-

ਭੁੱਲ ਗਿਆ ਕੰਮ ਜਿਹੜਾ ਕਰਨ ਸੀ ਆਇਆ।
ਮੋਹ-ਮਾਇਆ ਨੇ ਜਾਲ ਵਿਛਾਇਆ
ਜੋ ਫਸ ਜਾਵੇ ਇੱਕ ਵਾਰੀ, ਉਹ ਫਿਰ ਛੁੱਟਣ ਨਾ ਪਾਇਆ

ਸੱਚੇ ਮੁਰਸ਼ਿਦੇ-ਕਾਮਿਲ ਨੇ ਇੱਕ-ਇੱਕ ਸ਼ਬਦ ਸੱਚਾ ਲਿਖਿਆ ਹੈ ਕਿ ਜੇਕਰ ਧਿਆਨ ਨਾਲ ਸੁਣੋ ਜ਼ਿੰਦਗੀ ਦਾ ਸਾਰ, ਜਿਉਣ ਦਾ ਭੇਦ ਮਿਲਦਾ ਹੈ ਕੀ ਫਰਮਾਇਆ-ਮੋਹ-ਮਾਇਆ ਨੇ ਜਾਲ ਵਿਛਾਇਆ ਹੋਇਆ ਹੈ, ਇੱਕ ਵਾਰ ਫਸ ਗਿਆ, ਨਿਕਲ ਨਹੀਂ ਸਕਦਾ ਬਿਲਕੁੱਲ ਸੱਚ ਬੜਾ ਮੁਸ਼ਕਲ ਹੈ ਨਿਕਲਣਾ ਮੋਹ-ਮਮਤਾ ਵਿੱਚ ਜੋ ਅੰਨ੍ਹੇ ਹੋ ਜਾਂਦੇ ਹਨ, ਕਿੰਨਾ ਵੀ ਗਿਆਨ ਦੇ ਦਿਓ ਕਿੰਨਾ ਵੀ ਸਮਝਾ ਲਵੋ, ਕਿੰਨੀ ਵੀ ਸਿੱਖਿਆ ਦੇ ਲਵੋ, ਸਾਰੀਆਂ ਤਾਕ ’ਤੇ ਰੱਖ ਦਿੰਦੇ ਹਨ ਜਦੋਂ ਮੋਹ ਦੀ ਗੱਲ ਆਉਂਦੀ ਹੈ, ਜਦੋਂ ਮੋਹ-ਮਮਤਾ ਦਾ ਚੱਕਰ ਚਲਦਾ ਹੈ ਤਾਂ ਕਿਹੜਾ ਭਗਵਾਨ, ਕਿਹੜੀ ਨੇਕੀ, ਕਿਹੜਾ ਮਾਲਕ, ਕਿਹੜਾ ਮਾਲਕ ਦਾ ਰਹਿਮੋ-ਕਰਮ ਸਾਰਾ ਪਲ ਵਿੱਚ ਭੁਲਾ ਦਿੰਦਾ ਹੈ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਤਾਕ ’ਤੇ ਰੱਖ ਦਿੰਦਾ ਹੈ ਅਤੇ ਮਾਇਆ ਲਈ, ਮਨ-ਹੰਕਾਰੀ ਬਣ ਜਾਂਦਾ ਹੈ ਅਜਿਹੇ ਲੋਕਾਂ ਦੇ ਕੋਲ ਵਾਰ-ਵਾਰ ਜਾਂਦਾ ਹੈ ਜਿਹੜੇ ਬੁਰਾਈਆਂ ਵਿੱਚ ਡੁੱਬੇ ਹੁੰਦੇ ਹਨ ਜਿਹੜਾ ਉਨ੍ਹਾਂ ਦੀ ਸੋਹਬਤ, ਉਨ੍ਹਾਂ ਦਾ ਸੰਗ ਕਰਦਾ ਹੈ, ਕਿੰਨੇ ਦਿਨ ਬਚ ਸਕੇਗਾ ਆਖ਼ਰ ਬੁਰਾਈ ਦਾ ਪ੍ਰਤੀਕ ਬਣ ਜਾਵੇਗਾ ਇਸ ਲਈ ਮੋਹ-ਮਮਤਾ ਵਿੱਚ ਅੰਨ੍ਹੇ ਨਾ ਬਣੋ

ਮੋਹ-ਮਮਤਾ ਕਿਸ ਨੂੰ ਕਹਿੰਦੇ ਹਨ? ਤੁਹਾਡੇ ਬੱਚਿਆਂ ਨੂੰ ਜਿਨ੍ਹਾਂ ਨੂੰ ਆਪ ਨੇ ਪੈਦਾ ਕੀਤਾ ਹੈ, ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣਾ, ਉਨ੍ਹਾਂ ਨਾਲ ਇੱਕ ਹੱਦ ਤੱਕ ਪਿਆਰ-ਮੁਹੱਬਤ ਕਰਨਾ ਇਹ ਮੋਹ-ਮਮਤਾ ਨਹੀਂ ਹੈ, ਪਰ ਅੱਠੇ ਪਹਿਰ ਉਨ੍ਹਾਂ ਦੀ ਚਰਚਾ ਦਿਲੋ-ਦਿਮਾਗ ਵਿੱਚ ਛਾਈ ਰਹਿਣਾ, ਕਿ ਉਹ ਮਰ ਗਿਆ, ਉਹ ਡੁੱਬ ਗਿਆ, ਉਹ ਲੁਟਿਆ ਗਿਆ, ਉਹ ਬਰਬਾਦ ਹੋ ਗਿਆ, ਤੁਸੀਂ ਕਿੰਨੀਆਂ ਦੁਆਵਾਂ ਦੇ ਰਹੇ ਹੋ, ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਇੱਕ ਕਹਾਵਤ ਹੈ ਪੰਜਾਬੀ ਵਿੱਚ ਕਿ ‘ਬੱਚੇ ਦਾ ਮਾੜਾ ਬੱਚੇ ਦੀ ਮਾਂ ਪਹਿਲਾਂ ਸੋਚਦੀ ਹੈ,’ ਕੋਈ ਸ਼ੱਕ ਨਹੀਂ ਪਹਿਲਾਂ ਇਹੀ ਸੋਚਦੀ ਹੈ ਕਿ ਪਹਿਲਾਂ ਇਹ ਹੋਵੇਗਾ, ਪਹਿਲਾਂ ਉਹ ਹੋਵੇਗਾ, ਤਾਂ ਇਹ ਹੈ ਮੋਹ-ਮਮਤਾ ਵਿੱਚ ਅੰਨੇ੍ਹ ਲੋਕਾਂ ਦਾ ਕੰਮ ਉਹ ਹੱਦ ਤੋਂ ਜ਼ਿਆਦਾ ਉਨ੍ਹਾਂ ਦੇ ਫ਼ਿਕਰ ਵਿੱਚ ਲੱਗੇ ਰਹਿੰਦੇ ਹਨ ਬਸ, ਤੜਫਦੇ ਰਹਿੰਦੇ ਹਨ,

ਬੇਚੈਨ ਰਹਿੰਦੇ ਹਨ, ਆਪਣੇ ਮਾਲਕ ਦੀ ਭਗਤੀ-ਇਬਾਦਤ ਨਹੀਂ ਕਰਦੇ ਜਿਸ ਨਾਲ ਸ਼ਾਂਤੀ ਮਿਲੇ, ਉਨ੍ਹਾਂ ਦਾ ਵੀ ਫਾਇਦਾ ਹੋਵੇ ਜੀ ਨਹੀਂ, ਅਜਿਹਾ ਨਹੀਂ ਕਰਦੇ ਜਿਨ੍ਹਾਂ ਅੰਦਰ ਮੋਹ-ਮਮਤਾ ਆ ਜਾਂਦੀ ਹੈ, ਉਨ੍ਹਾਂ ਨੂੰ ਦੁਨੀਆਂ ਸਾਰੀ ਗੰਦੀ ਲਗਦੀ ਹੈ ਚੰਗਾ ਉਹ ਲਗਦਾ ਹੈ, ਜਿਸ ਨਾਲ ਮੋਹ-ਪਿਆਰ ਹੈ, ਚਾਹੇ ਸਾਰੀ ਦੁਨੀਆਂ ਵਾਲਿਆਂ ਨਾਲ ਉਨ੍ਹਾਂ ਦੀ ਨਾ ਬਣਦੀ ਹੋਵੇ ਪਰ ਉਹ ਮਾਲਕ ਦਾ ਰੂਪ ਲਗਦਾ ਹੈ ਅਤੇ ਅਸਲੀ ਮਾਲਕ ਦਾ ਰੂਪ ਦੂਰ ਹੋ ਜਾਂਦਾ ਹੈ ਅਤੇ ਮਾਲਕ ਦਾ ਪਿਆਰ ਦੂਰ ਹੋ ਜਾਂਦਾ ਹੈ ਕਿਉਂਕਿ ਮੋਹ-ਮਮਤਾ ਬੜੀ ਜ਼ਬਰਦਸਤ ਆਰੀ (ਛੁਰੀ) ਹੈ ਜਿਹੜਾ ਇਸ ਵਿੱਚ ਡੁੱਬਦਾ ਹੈ, ਇਹ ਇੰਨੀ ਤਿੱਖੀ ਹੈ ਕਿ ਅੱਲ੍ਹਾ, ਰਾਮ ਤੋਂ ਸਬੰਧ ਤੋੜ ਦਿੰਦੀ ਹੈ ਅਤੇ ਦੁਨਿਆਵੀ ਰਿਸ਼ਤਿਆਂ ਨਾਲ ਜੋੜ ਦਿੰਦੀ ਹੈ ਦੁਨਿਆਵੀ ਰਿਸ਼ਤਿਆਂ ਦਾ ਕੀ ਭਰੋਸਾ ਕਦੋਂ ਧੋਖਾ ਦੇ ਜਾਣ ਜਦੋਂ ਤੱਕ ਤੁਸੀਂ ਦਿੰਦੇ ਹੋ, ਉਹ ਤੁਹਾਡੇ ਹਨ ਅਤੇ ਜਦੋਂ ਦੇਣਾ ਬੰਦ ਕਰ ਦਿੱਤਾ ਤਾਂ ਤੁਸੀਂ ਕੌਣ ਅਤੇ ਉਹ ਕੌਣ? ਪਰ ਗਿਆਨ ਭਾਵੇਂ ਕੋਈ ਕਿੰਨਾ ਵੀ ਦੇਵੇ, ਭਾਵੇਂ ਕਿੰਨਾ ਵੀ ਸਮਝਾਏ ਜੀਵ ਨਹੀਂ ਮੰਨਦਾ ਅਤੇ ਜਦੋਂ ਠੋਕਰਾਂ ਲੱਗ ਜਾਂਦੀਆਂ ਹਨ, ਬੁਰਾ ਹਾਲ ਹੋ ਜਾਂਦਾ ਹੈ,

ਫਿਰ ਮੰਨੇ ਨਾ ਮੰਨੇ ਉਸ ਦੀ ਮਰਜ਼ੀ ਤਾਂ ਮੋਹ-ਮਮਤਾ ਵਿੱਚ ਹੱਦ ਤੋਂ ਜ਼ਿਆਦਾ ਨਾ ਪਵੋ, ਇਹ ਵੀ ਅਜਿਹੀਆਂ ਜੰਜ਼ੀਰਾਂ ਹਨ ਜਿਹੜੀਆਂ ਜਕੜ ਲੈਂਦੀਆਂ ਹਨ ਅਤੇ ਫਿਰ ਛੁੱਟਦੀਆਂ ਨਹੀਂ ਭਾਵ ਮਾਇਆ ਵਿੱਚ ਅੰਨੇ੍ਹ ਨਾ ਬਣੋ ਤੁਹਾਡੇ ਜੀਵਨ ਦਾ ਜੋ ਲਕਸ਼ ਹੈ, ਜੋ ਨਿਸ਼ਾਨਾ ਤੁਸਾਂ ਨੇ ਮਿੱਥ ਲਿਆ ਹੈ ਉਸ ਨਿਸ਼ਾਨੇ ’ਤੇ ਚੱਲੋ, ਨੇਕੀ ਕਰੋ, ਚੰਗੇ ਕਰਮ ਕਰੋ ਅਤੇ ਮਾਲਕ ਦੀ ਭਗਤੀ-ਇਬਾਦਤ ਕਰੋ ਚੈਨ ਨਾਲ ਜ਼ਿੰਦਗੀ ਜੀਵੋ, ਖੁਦ ਵੀ ਜੀਓ ਅਤੇ ਦੂਜਿਆਂ ਨੂੰ ਵੀ ਜਿਉਣ ਦਿਓ ਕਿਉਂਕਿ ਤੁਸੀਂ ਨਾ-ਸਮਝ ਹੋ ਆਪਣੇ-ਆਪ ਵਿੱਚ ਜਦੋਂ ਤੁਸੀਂ ਨਾ-ਸਮਝ ਹੋ ਤਾਂ ਦੂਜਿਆਂ ਨੂੰ ਕੀ ਸਮਝ ਦੇਵੋਂਗੇ ਪਰ ਤੁਸੀਂ ਵੀ ਡੁੱਬੋਂਗੇ ਅਤੇ ਉਨ੍ਹਾਂ ਨੂੰ ਵੀ ਡੁਬੋਵੋਂਗੇ ਇਸ ਲਈ ਤੁਹਾਡਾ ਫਰਜ਼ ਹੈ ਮਾਲਕ ਦੀ ਭਗਤੀ-ਇਬਾਦਤ ਕਰਨਾ, ਮਿਹਨਤ ਦੀ ਰੋਜ਼ੀ-ਰੋਟੀ ਖਾਣਾ, ਸਾਰਿਆਂ ਦਾ ਭਲਾ ਸੋਚਣਾ, ਅਤੇ ਪਹਿਲਾ ਪਿਆਰ-ਮੁਹੱਬਤ ਆਪਣੇ ਮਾਲਕ ਨਾਲ ਕਰਨਾ ਅਜੀ! ਰੋਂਦੇ ਹੋ ਤਾਂ ਉਸ ਦੀ ਯਾਦ ਵਿੱਚ ਰੋਵੋ, ਵੈਰਾਗ ਆਉਂਦਾ ਹੈ

ਤਾਂ ਆਪਣੇ ਮਾਲਕ ਦੇ ਲਈ, ਅੱਲ੍ਹਾ, ਰਾਮ, ਹਰੀ ਦੇ ਲਈ ਰੋਵੋ ਅਜੀ! ਅੱਖਾਂ ਵਿੱਚੋਂ ਹੰਝੂ ਵਹਿ ਜਾਣਗੇ ਉਹ ਹੀਰੇ-ਲਾਲ, ਜਵਾਹਰਾਤ ਬਣ ਜਾਣਗੇ, ਜਿਹੜੇ ਉਸ ਦੀ ਯਾਦ ਵਿੱਚ ਵਹਿੰਦੇ ਹਨ ਅਤੇ ਜੋ ਦੁਨਿਆਵੀ ਰਿਸ਼ਤੇ-ਨਾਤੇ ਲਈ ਖੁਦ ਤੜਫਦੇ ਰਹਿੰਦੇ ਹਨ, ਤੁਹਾਡਾ ਦਿਲ ਹਲਕਾ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਮਨ ਹਲਕਾ ਹੋ ਸਕਦਾ ਹੈ, ਰੱਤੀ ਭਰ ਵੀ ਉਸ ਦਾ ਫਾਇਦਾ ਨਹੀਂ ਹੈ ਤਾਂ ਭਾਈ! ਮੋਹ-ਮਮਤਾ ਵਿੱਚ ਨਾ ਪਵੋ, ਸੱਚੇ ਮੁਰਸ਼ਿਦੇ-ਕਾਮਲ ਨੇ ਬੜਾ ਜ਼ਬਰਦਸਤ ਲਿਖਿਆ ਜੇਕਰ ਕੋਈ ਸਮਝੇ ਤਾਂ ‘ ਭੁੱਲ ਗਿਆ ਕੰਮ ਜਿਹੜਾ ਕਰਨ ਸੀ ਆਇਆ ਮੋਹ-ਮਾਇਆ ਨੇ ਜਾਲ ਵਿਛਾਇਆ ਜੋ ਫਸ ਜਾਵੇ ਇੱਕ ਵਾਰੀ, ਉਹ ਫਿਰ ਛੁੱਟਣ ਨਾ ਪਾਇਆ।’ ਉਹ ਨਿਕਲਦਾ ਹੀ ਨਹੀਂ, ਇੱਕ ਵਾਰ ਇਨ੍ਹਾਂ ਦੇ ਜਾਲ ਵਿੱਚ ਫਸ ਗਿਆ ਨਿਕਲ ਸਕਦਾ ਹੈ ਜੇਕਰ ਫ਼ਕੀਰ ਦੀ ਗੱਲ ਨੂੰ ਸੁਣੇ ਅਤੇ ਓਮ, ਹਰੀ, ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਇਹ ਬੰਧਨ ਢਿੱਲੇ ਹੋ ਜਾਂਦੇ ਹਨ ਅਤੇ ਇਨਸਾਨ ਮਾਲਕ ਦੇ ਰਹਿਮੋ-ਕਰਮ ਦਾ ਹੱਕਦਾਰ ਜ਼ਰੂਰ ਬਣ ਜਾਂਦਾ ਹੈ ਤਾਂ ਇਸ ਬਾਰੇ ਵਿੱਚ ਲਿਖਿਆ ਦੱਸਿਆ ਹੈ ਜੀ:

ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ-

ਪਾਪਾਂ ਬਿਨਾਂ ਨਾ ਹੁੰਦੀ ਇਕੱਠੀ, ਉਹ ਵੀ ਜਾਂਦੀ ਨਾਲ ਨਹੀਂ।’
ਬੰਦਾ ਜਿਉਂਦੇ-ਜੀਅ ਇਹ ਸਮਝੇ, ਆਉਣਾ ਕਦੇ ਵੀ ਕਾਲ ਨਹੀਂ।
ਪੁੱਤਰ-ਪੁਤਰੀਆਂ, ਕੁਟੰਬ ਕਬੀਲਾ, ਇਹ ਸਭ ਇੱਥੇ ਹੀ ਰਹਿ ਜਾਣਾ
ਆਸ ਉਮੀਦਾਂ ਦਾ ਇਹ ਮੰਦਰ, ਇੱਕ ਹੀ ਪਲ ਵਿੱਚ ਢਹਿ ਜਾਣਾ
ਜਿਸ ਨੂੰ ਤੂੰ ਰਿਹਾ ਆਪਣਾ ਸਮਝ, ਇਹ ਤਾਂ ਸਭ ਕੁਝ ਤੇਰਾ ਨਹੀਂ
ਕਹੇਂ ‘ਸ਼ਾਹ ਸਤਿਨਾਮ ਜੀ’ ਗਿਆਨ ਤੋਂ ਬਿਨਾਂ, ਹੁੰਦਾ ਕਦੇ ਸਵੇਰਾ ਨਹੀਂ।’

ਕਿ ਜਿਸ ਨੂੰ ਤੂੰ ਆਪਣਾ ਸਮਝਦਾ ਹੈਂ ਇਹ ਸਭ ਪਰਾਇਆ ਹੈ ਅਤੇ ਜੋ ਆਪਣਾ ਹੈ ਉਸ ਨੂੰ ਪਰਾਇਆ ਸਮਝਦਾ ਹੈਂ ਹਿੰਦੂ ਧਰਮ ਵਿੱਚ, ਸਿੱਖ ਧਰਮ ਵਿੱਚ, ਇਸਲਾਮ ਧਰਮ ਵਿੱਚ ਲਿਖਿਆ ਹੈ ਕਿ ਜੋ ਕੁਝ ਵੀ ਨਜ਼ਰ ਆਉਂਦਾ ਹੈ ਸਭ ਕੁਝ ਤਬਾਹਕਾਰੀ ਹੈ, ਫਨਾਹਕਾਰੀ ਹੈ, ਫਾਨੀ ਹੈ ਅਤੇ ਕੁਝ ਵੀ ਨਾਲ ਜਾਣ ਵਾਲਾ ਨਹੀਂ ਸਭ ਕੁਝ ਬਦਲ ਜਾਵੇਗਾ ਜੋ ਨਾਲ ਜਾਣ ਵਾਲਾ ਓਮ, ਹਰੀ, ਅੱਲ੍ਹਾ, ਮਾਲਕ ਦਾ ਨਾਮ, ਭਗਤੀ-ਇਬਾਦਤ ਹੈ ਉਸ ਦੀ ਤਰਫ਼ ਧਿਆਨ ਨਹੀਂ ਜਾਂਦਾ ਅਤੇ ਉਸ ਨੂੰ ਤੂੰ ਫਜ਼ੂਲ ਦੀ ਲੈਕਚਰਬਾਜ਼ੀ, ਧੂੰਆਂਧਾਰ ਭਾਸ਼ਣਬਾਜ਼ੀ ਕਹਿੰਦਾ ਹੈ ਭਾਈ! ਉਹ ਹੀ ਮਾਲਕ ਦਾ ਨਾਮ ਦੋਨਾਂ ਜਹਾਨਾਂ ਦਾ ਸਾਥੀ ਹੈ ਇੱਥੇ-ਉੱਥੇ ਦੋਨਾਂ ਜਹਾਨਾਂ ਵਿੱਚ ਤੇਰਾ ਸਾਥ ਦੇਵੇਗਾ ਅਤੇ ਮਾਲਕ ਦੇ ਚਰਨਾਂ ਵਿੱਚ ਜਾ ਬਿਠਾਏਗਾ ‘ਭੁੱਲ ਗਿਆ ਕੰਮ ਜਿਹੜਾ ਕਰਨ ਸੀ ਆਇਆ’ ਮਾਲਕ ਨੂੰ ਭੁੱਲ ਗਿਆ,‘ਮੋਹ-ਮਾਇਆ ਨੇ ਜਾਲ ਵਿਛਾਇਆ’ ਅਜਿਹਾ ਮੋਹ-ਮਾਇਆ ਦੇ ਜਾਲ ਵਿੱਚ ਫਸ ਗਿਆ ਕਿ ਉਸ ਦਾ ਬਣ ਕੇ ਰਹਿ ਗਿਆ

‘ਜੋ ਫਸ ਜਾਵੇ ਇੱਕ ਵਾਰੀ, ਫਿਰ ਛੁੱਟਣ ਨਾ ਪਾਇਆ।’

ਇੱਕ ਵਾਰ ਜੋ ਫਸ ਜਾਂਦੇ ਹਨ ਤਾਂ ਉਹ ਬਾਹਰ ਨਹੀਂ ਆਉਂਦੇ ਜੋ ਆਪਣੇ ਪੀਰ-ਫ਼ਕੀਰ ’ਤੇ ਦਿ੍ਰੜ ਵਿਸ਼ਵਾਸ਼ ਰੱਖਦੇ ਹਨ ਦਿ੍ਰੜ ਵਿਸ਼ਵਾਸ਼ ਦੀ ਕੀ ਨਿਸ਼ਾਨੀ ਹੈ ਕਿ ਫ਼ਕੀਰ ਜੋ ਕਹਿੰਦਾ ਹੈ ਉਸ ’ਤੇ ਜਿਹੜੇ ਮੁਰੀਦ ਅਮਲ ਕਰਦੇ ਹਨ, ਉਸ ਨੂੰ ਮੰਨ ਲੈਂਦੇ ਹਨ ਉਹ ਸਭ ਕੁਝ ਹਾਸਲ ਕਰ ਜਾਂਦੇ ਹਨ ਦੂਜਿਆਂ ਨੂੰ ਇਹ ਸਭ ਨਸੀਬ ਵਿੱਚ ਨਹੀਂ ਮਿਲਦਾ ਤਾਂ ਭਾਈ! ਫ਼ਕੀਰ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ, ਕਿਸੇ ਨੂੰ ਬੁਰਾ ਕਹਿੰਦੇ ਨਹੀਂ ਲੋਕ ਉਨ੍ਹਾਂ ਨੂੰ ਕਾਫਰ ਕਹਿਣ, ਬੁਰਾ ਕਹਿਣ ਕੋਈ ਅਸਰ ਨਹੀਂ ਹੁੰਦਾ ਉਨ੍ਹਾਂ ਨੂੰ ਪਰ ਉਹ (ਰੂਹਾਨੀ ਪੀਰ-ਫ਼ਕੀਰ) ਇਹੀ ਕਹਿੰਦੇ ਹਨ ਜਿਸ ਵਿੱਚ ਸਭ ਦਾ ਭਲਾ ਹੋਵੇ

ਉਹ ਸਭ ਨੂੰ ਨੇਕੀ ਦੇ ਬਚਨ, ਭਲਾਈ ਦੇ ਬਚਨ ਕਰਦੇ ਹਨ ਤਾਂ ਗੱਲ ਇੱਥੇ ਆਈ ਸੀ ਕਿ ਜੇਕਰ ਤੁਸੀਂ ਪੀਰ-ਫ਼ਕੀਰ ਦੀ ਗੱਲ ਨੂੰ ਮੰਨ ਲਓ ਤਾਂ ਮਨ ਜ਼ਾਲਮ, ਕਾਮ-ਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਸਭ ਕੁਝ ਛੁੱਟ ਜਾਵੇਗਾ ਜਦੋਂ ਹਊਮੈਂ-ਖੁਦੀ ਆਉਂਦੀ ਹੈ ਤਾਂ ਖੁਦਾ ਦੂਰ ਹੋ ਜਾਂਦਾ ਹੈ ਜਦੋਂ ਹੰਕਾਰ ਆਉਂਦਾ ਹੈ, ‘ਮੈਂ’ ਆਉਂਦੀ ਹੈ ਤਾਂ ਮਾਲਕ ਦੀ ਦਾਇਆ-ਮਿਹਰ, ਰਹਿਮਤ ਤੋਂ ਇਨਸਾਨ ਦੂਰ ਹੋ ਜਾਂਦਾ ਹੈ, ਕੋਲ ਹੁੰਦੇ ਹੋਏ ਵੀ ਖ਼ਜ਼ਾਨਾ ਖਾਲੀ ਰਹਿ ਜਾਂਦਾ ਹੈ ਤਾਂ ਫ਼ਕੀਰਾਂ ਦਾ ਕੰਮ ਨੇਕ-ਨੀਅਤ ਹੁੰਦੀ ਹੈ, ਸਭ ਲਈ ਦੁਆ ਕਰਨਾ, ਭਲਾ ਮੰਗਣਾ ਅਤੇ ਭਲਾ ਕਰਨ ਦੀ ਪ੍ਰੇਰਨਾ ਦੇਣਾ ਹੁੰਦਾ ਹੈ ਥੋੜ੍ਹਾ ਜਿਹਾ ਭਜਨ ਰਹਿ ਰਿਹਾ ਹੈ ਜੀ:

6. ਭੇਜਿਆ ਸੀ ਰੂਪ ਆਪਣਾ ਬਣਾ ਕੇ,
ਬਣ ਗਿਆ ਵਹਿਸ਼ੀ ਡੰਗਰ ਆ ਕੇ।
ਜੀ ਸਾਰਾ ਦਿਨ ਕੰਮ ਕਰਿਆ,
ਰਾਤੀਂ ਸੋਇਆ ਤੇ ਦਿਨ ਨੂੰ ਹੈ ਖਾਇਆ ਜੀ ਸੋਚਾਂ…

7. ਤੂੜੀ ਖਾ ਕੇ ਗੱਡਾ ਹਲ ਵਾਹੁੰਦੇ,
ਪਸ਼ੂਆਂ ਦੇ ਚੰਮ ਹੱਡ ਕੰਮ ਆਉਂਦੇ।
ਜੀ ਉਮਰ ਗੁਜ਼ਾਰੀ ਐਬਾਂ ਵਿੱਚ,
ਅਤੇ ਮਰ ਕੇ ਵੀ ਕੰਮ ਨਾ ਆਇਆ ਜੀ ਸੋਚਾਂ…

8. ਨਾਮ ਜਪ ਕੇ ਸੀ ਜੇਲ੍ਹ ਮੁਕਾਣਾ,
ਵਿੱਛੜਿਆ ਜਿੱਥੋਂ ਜਾ ਕੇ ਮਿਲ ਜਾਣਾ।
ਇਤਬਾਰ ਇਹਨੂੰ ਨਾ ਆਵੇ,
‘ਸ਼ਾਹ ਸਤਿਨਾਮ ਜੀ’ ਨੇ ਬੜਾ ਸਮਝਾਇਆ ਜੀ ਸੋਚਾਂ…

ਭਜਨ ਦੇ ਆਖ਼ਰ ਵਿੱਚ ਆਇਆ:-

ਭੇਜਿਆ ਸੀ ਰੂਪ ਆਪਣਾ ਬਣਾ ਕੇ, ਬਣ ਗਿਆ ਵਹਿਸ਼ੀ ਡੰਗਰ ਆ ਕੇ, ਡੰਗਰ ਆ ਕੇ
ਜੀ ਸਾਰਾ ਦਿਨ ਕੰਮ ਕਰਿਆ, ਰਾਤੀਂ ਸੋਇਆ ਤੇ ਦਿਨ ਨੂੰ ਹੈ ਖਾਇਆ।।

ਤਾਂ ਭਾਈ! ਇਨਸਾਨ ਨੂੰ ਬਣਾਇਆ ਕੁਝ ਹੋਰ ਸੀ ਅਤੇ ਉਹ ਕੁਝ ਹੋਰ ਬਣ ਕੇ ਬੈਠ ਗਿਆ ਆਪਣਾ ਰੂਪ ਬਣਾ ਕੇ ਮਾਲਕ ਨੇ ਭੇਜਿਆ ਪਰ ਇੱਥੇ ਆ ਕੇ ਪਸ਼ੂਆਂ ਦੀ ਤਰ੍ਹਾਂ ਕੰਮ ਕਰਨ ਲੱਗ ਗਿਆ ਪਸ਼ੂੁ ਦੌੜਦੇ ਹਨ, ਇਨਸਾਨ ਵੀ ਦੌੜਦਾ ਨਜ਼ਰ ਆਉਂਦਾ ਹੈ ਪਸ਼ੂ ਆਪਣੇ ਪੇਟ ਲਈ, ਆਪਣੇ ਬੱਚਿਆਂ ਲਈ ਦੌੜਦੇ ਹਨ ਤਾਂ ਇਨਸਾਨ ਵੀ ਆਪਣੇ ਪੇਟ ਲਈ ਅਤੇ ਬੱਚਿਆਂ ਲਈ ਇਨਸਾਨ ਜਿਵੇਂ ਚਾਹੰੁਦਾ ਹੈ ਵੈਸਾ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪਸ਼ੂ ਨੂੰ ਜੈਸਾ ਮਿਲ ਜਾਵੇ, ਜਦੋਂ ਮਿਲ ਜਾਵੇ ਵੈਸਾ ਖਾਣ ਦੀ ਕੋਸ਼ਿਸ਼ ਕਰਦਾ ਹੈ ਪਰ ਦੋਨਾਂ ਦਾ ਮਕਸਦ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਨਾ ਅਤੇ ਆਪਣੇ ਲਈ ਸ਼ਕਤੀ, ਪਾਵਰ ਹਾਸਲ ਕਰਨਾ ਹੈ

ਬਾਲ-ਬੱਚੇ ਇਨਸਾਨ ਦੇ ਹੁੰਦੇ ਹਨ ਤਾਂ ਪਸ਼ੂਆਂ ਦੇ ਵੀ ਹੁੰਦੇ ਹਨ ਘਰ ਇਨਸਾਨ ਬਣਾਉਦਾ ਹੈ ਤਾਂ ਪਸ਼ੂ-ਪੰਛੀ ਵੀ ਕੋਈ ਜਗ੍ਹਾ ਆਪਣੇ ਲਈ ਨਿਸ਼ਚਿਤ ਕਰਦੇ ਹਨ ਜਾਂ ਆਲ੍ਹਣਾ ਆਦਿ ਬਣਾਉਂਦੇ ਹਨ ਤਾਂ ਭਾਈ! ਬਿਲਕੁਲ ਉਨ੍ਹਾਂ ਦੀ ਤਰ੍ਹਾਂ ਹੀ ਇਨਸਾਨ ਹੈ, ਜੇਕਰ ਓਮ, ਹਰੀ ,ਅੱਲਾ, ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਇਹੀ ਤਾਂ ਇੱਕ ਫ਼ਰਕ ਹੈ ਇਨਸਾਨਾਂ ਵਿੱਚ ਅਤੇ ਹੈਵਾਨਾਂ ਭਾਵ ਜਾਨਵਰਾਂ ਵਿੱਚ ਬਾਕੀ ਕੋਈ ਫ਼ਰਕ ਨਹੀਂ ਇਨਸਾਨ ਜੇਕਰ ਚਾਹੇ ਤਾਂ ਮਾਲਕ ਦੀ ਭਗਤੀ-ਇਬਾਦਤ ਕਰਕੇ ਉਸ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਬਣ ਸਕਦਾ ਹੈ ਅਤੇ ਪਸ਼ੂ ਚਾਹੰੁਦੇ ਹੋਏ ਵੀ ਅਜਿਹਾ ਨਹੀਂ ਕਰ ਸਕਦੇ ਇਸ ਬਾਰੇ ਲਿਖਿਆ ਹੈ ਜੀ:-

ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ ਖਾਣ ਅਤੇ ਸੌਣ ਵਿੱਚ ਗੁਜ਼ਾਰਦੇ ਹਾਂ ਪਰ ਆਪਣੇ-ਆਪ ਅਤੇ ਇਸ ਦੇ ਆਧਾਰ ਮਾਲਕ ਪਰਿਪੂੁਰਨ ਨੂੰ ਨਹੀਂ ਜਾਣਦੇ ਅਸੀਂ ਬਾਹਰ ਵਾਲੀਆਂ ਚੀਜ਼ਾਂ ਵਿੱਚ ਮਸਤ ਹੋਏ ਰਹਿੰਦੇ ਹਾਂ ਫਿਰ ਅਸੀਂ ਉਸ ਮਾਲਕ ਨੂੰ ਜੋ ਕਿ ਅੰਤਰਮੁੱਖ ਹੈ ਕਿਵੇਂ ਪਾ ਸਕਦੇ ਹਾਂ।

ਤੂੜੀ ਖਾ ਕੇ, ਗੱਡਾ ਹਲ ਵਾਹੁੰਦੇ, ਪਸ਼ੂਆਂ ਦੇ ਚੰਮ ਹੱਡ ਕੰਮ ਆਉਂਦੇ
ਜੀ ਉਮਰ ਗੁਜ਼ਾਰੀ ਐਬਾਂ ਵਿੱਚ, ਅਤੇ ਮਰ ਕੇ ਵੀ ਕੰਮ ਨਾ ਆਇਆ।

ਜੇਕਰ ਪਸ਼ੂੁਆਂ ਦਾ ਜੀਵਨ ਦੇਖੋ ਕਿ ਘਾਹ-ਫੁੂਸ ਜਾਂ ਜਿਹੋ-ਜਿਹਾ ਮਿਲ ਗਿਆ ਖਾ ਲਿਆ ਅਤੇ ਜੇਕਰ ਪਾਲਤੂ ਹੈ ਤਾਂ ਜਿਹੋ ਜਿਹਾ ਤੁਸੀਂ ਪਾਉਂਦੇ ਹੋ ਉਹੋ ਜਿਹਾ ਖਾ ਲਿਆ, ਗੁਜ਼ਾਰਾ ਕਰ ਲਿਆ ਅਤੇ ਕੰਮ ’ਤੇ ਲੱਗ ਗਿਆ ਉਹ ਨਾ ਚਾਹੁੰਦੇ ਹੋਏ ਵੀ ਪਰਮਾਰਥ ਕਰਦੇ ਹਨ, ਭਲਾ ਕਰਦੇ ਹਨ, ਤੁਹਾਡਾ ਕੰਮ ਕਰਦੇ ਹਨ, ਤੁਹਾਡੇ ਲਈ ਕੰਮ ਕਰਦੇ ਹਨ ਜਿਵੇਂ ਗਾਂ, ਮੱਝ ਹੈ, ਉਹ ਤੁਹਾਡੇ ਲਈ ਦੁੱਧ ਨਹੀਂ ਦਿੰਦੀ ਉਹ ਤਾਂ ਆਪਣੇ ਵੱਛੇ , ਆਪਣੇ ਕੱਟੇ ਲਈ ਦੁੱਧ ਦਿੰਦੀ ਹੈ ਪਰ ਹੁੰਦਾ ਕੀ ਹੈ ਕਿ ਤੁਸੀਂ ਜਾਣਦੇ ਹੋ ਕਿ ਥੋੜ੍ਹਾ ਜਿਹਾ ਵੱਛਾ ਛੱਡਿਆ, ਦੁੱਧ ਆ ਗਿਆ ਤਾਂ ਵੱਛੇ ਨੂੰ ਹਟਾ ਕੇ ਚੋਅਲਿਆ, ਬਾਲਟੀ ਵਿੱਚ ਲੈ ਲਿਆ ਹਾਲਾਂਕਿ ਉਹ ਤਾਂ ਆਪਣੇ ਬੱਚੇ ਲਈ ਦੇ ਰਹੀ ਸੀ ਪਰ ਤੁਹਾਨੂੰ ਪੀਣ ਲਈ ਮਿਲਿਆ ਅਰਥਾਤ ਉਹ ਤਾਂ ਪਰਮਾਰਥ ਕਰ ਰਹੀ ਹੈ, ਚਾਹੇ ਕਿਸੇ ਵੀ ਰੂਪ ਵਿੱਚ ਕਰ ਰਹੀ ਹੈ ਕੀ ਪਸ਼ੁੂ ਚੰਗੇ ਨਜ਼ਰ ਨਹੀਂ ਆਉਂਦੇ? ਆਦਮੀ ਨੂੰ ਆਪਣੇ ਲਈ ਇੱਕ ਪਲਾਟ ਮਿਲ ਗਿਆ, ਦੁੂਜਾ ਮਿਲ ਗਿਆ ਤਾਂ ਠੀਕ ਹੈ

ਨਹੀਂ ਤਾਂ ਮੈਂ ਕੁਝ ਆਦਮੀ ਭੇਜ ਦੇਵਾਂਗਾ, ਮੈਂ ਇਹ ਕਰ ਦੇਵਾਂਗਾ, ਅਰਥਾਤ ਹਰ ਤਰ੍ਹਾਂ ਦਾ ਜਾਇਜ਼-ਨਾਜਾਇਜ਼ ਤਰੀਕਾ ਪ੍ਰਯੋਗ ਵਿੱਚ ਲਿਆਉਂਦਾ ਹੈ, ਐਸ਼ੋ-ਅਰਾਮ ਲਈ ਕੀ ਪਸ਼ੂ ਅਜਿਹਾ ਕਰਦੇ ਹਨ? ਜੇਕਰ ਅੱਜ ਸਾਰੀ ਦੁਨੀਆਂ ਨੂੰ ਇਹ ਕਹੀਏ ਕਿ ਬਾਰੂਦ ਦੇ ਢੇਰ ’ਤੇ ਬੈਠੀ ਹੈ ਤਾਂ ਗਲਤ ਨਹੀਂ ਹੋਵੇਗਾ ਐਟਮ, ਹਾਈਡ੍ਰੋਜਨ, ਪ੍ਰਮਾਣੂੰ ਆਦਿ ਐਸੇ-ਐਸੇ ਬੰਬ ਬਣਾਏ ਗਏ ਹਨ ਜਿਨ੍ਹਾ ਦੀ ਵਜ੍ਹਾ ਨਾਲ ਸਾਰੇ ਲੋਕ ਬਾਰੂਦ ਦੇ ਢੇਰ ’ਤੇ ਬੈਠੇ ਹਨ ਕੀ ਅਜਿਹਾ ਖ਼ਤਰਾ ਕਿਸੇ ਪਸ਼ੂ ਤੋਂ ਹੋ ਸਕਦਾ ਹੈ? ਕੀ ਪਸ਼ੂ ਏਨਿਆਂ ਨੂੰ ਖਾ ਜਾਵੇਗਾ ਜਿੰਨਿਆਂ ਨੂੰ ਇਹ ਇੱਕ ਪਲ ਵਿੱਚ ਖਾਣ ਨੂੰ ਤਿਆਰ ਬੈਠਾ ਹੈ? ਕੀ ਪਸ਼ੂ ਚੰਗਾ ਨਹੀਂ ਹੋਇਆ? ਇਹੀ ਨਹੀਂ, ਜਿਉਂਦੇ-ਜੀ ਉਨ੍ਹਾਂ ਦਾ ਮਲ-ਮੂਤਰ ਕੰਮ ਆਉਂਦਾ ਹੈ ਨਵੀਆਂ-ਨਵੀਆਂ ਗੱਲਾਂ ਆ ਰਹੀਆਂ ਹਨ ਕਿ ਗਊਆਂ ਦਾ ਪੇਸ਼ਾਬ ਬਹੁਤ ਸਾਰੀਆਂ ਦਵਾਈਆਂ ਵਿੱਚ ਕੰਮ ਆ ਰਿਹਾ ਹੈ ਅਤੇ ਉਸ ਦੇ ਨਤੀਜੇ ਵੀ ਕਾਫ਼ੀ ਚੰਗੇ ਆ ਰਹੇ ਹਨ, ਇਹ ਸੁਣਨ ਵਿੱਚ ਆਇਆ ਹੈ

ਜੇਕਰ ਇਨ੍ਹਾਂ ਦਵਾਈਆਂ ਨੂੰ ਵੀ ਛੱਡ ਦੇਈਏ ਫਿਰ ਵੀ ਇਨ੍ਹਾਂ ਦਾ ਮਲ-ਮੁੂਤਰ ਖਾਦ ਬਣਾਉਣ ਵਿੱਚ ਕੰਮ ਆਉਂਦਾ ਹੈ ਪਰ ਇਨਸਾਨ ਦਾ ਇਸ ਵਿੱਚ ਕੁਝ ਵੀ ਕੰਮ ਨਹੀਂ ਆਉਂਦਾ ਮਰਨ ਤੋਂ ਬਾਅਦ ਪਸ਼ੂ ਦੀਆਂ ਹੱਡੀਆਂ, ਉਸ ਦਾ ਚਮੜਾ, ਮਾਸ ਵੀ ਕੰਮ ਆਉਂਦਾ ਹੈ, ਇਨਸਾਨ ਦਾ ਨਾ ਜਿਉਂਦੇ ਜੀ ਕੁਝ ਕੰਮ ਆਵੇ ਅਤੇ ਨਾ ਹੀ ਮਰਨ ਤੋਂ ਬਾਅਦ ਕੰਮ ਵਿੱਚ ਆਵੇ ਅਰੇ! ਤੇਰਾ ਜੋ ਥੋੜ੍ਹਾ ਜਿਹਾ ਸਮਾਨ ਬਚਦਾ ਹੈ ਜੋ ਗੁਥਲੀ ਜਿਹੀ ਬੰਨ੍ਹ ਕੇ ਲੈ ਜਾਂਦੇ ਹਨ, ਜਿਸ ਨੂੰ ਪੰਜਾਬੀ ਵਿੱਚ ਫੁੱਲ (ਅਸਥੀਆਂ) ਕਹਿੰਦੇ ਹਨ ਉਨ੍ਹਾਂ ਨੂੰ ਵੀ ਜਦੋਂ ਦੂਰ ਬਹਾਉਣ ਲਈ ਲੈ ਕੇ ਜਾਓ ਤਾਂ ਟੈਕਸ ਲਗਦਾ ਹੈ ਤਾਂ ਬੜਾ ਅਜੀਬੋ-ਗਰੀਬ ਮਾਮਲਾ ਹੈ ਇਨਸਾਨ ਦਾ, ਜਦੋਂ ਕਿ ਪਸ਼ੂਆਂ ਦੀਆਂ ਹੱਡੀਆਂ, ਚਮੜਾ ਸਭ ਕੰਮ ਵਿੱਚ ਲੈ ਲੈਂਦੇ ਹਨ ਤਾਂ ਕਿਸ ਮਾਮਲੇ ਵਿੱਚ ਤੁਸੀਂ ਬਿਹਤਰ ਹੋ, ਕਿਸ ਮਾਮਲੇ ਵਿੱਚ ਤੁਸੀਂ ਆਪਣੇ ਆਪ ਨੂੰ ਵਧੀਆ ਸਮਝਦੇ ਹੋ? ਜੇਕਰ ਤੁਸੀਂ ਸਾਇੰਸ ਵਿੱਚ ਚੰਗਿਆਈ ਲਈ ਕੁਝ ਬਣਾਇਆ ਹੋਇਆ ਹੈ

ਤਾਂ ਭਾਈ! ਇੱਕ ਹੀ ਤਰੀਕਾ ਹੈ ਜੇਕਰ ਤੁਸੀਂ ਚੰਗੇ ਹੋ ਅਤੇ ਤੁਹਾਨੂੰ ਸੰਤਾਂ ਨੇ ਕਿਉਂ ਸਰਵੋਤਮ ਕਿਹਾ, ਪਸ਼ੁੂਆਂ ਨੂੰ ਕਿਉਂ ਨਹੀਂ ਕਿਹਾ ਕਿਉਂਕਿ ਉਹ ਮਾਲਕ ਦੀ ਭਗਤੀ-ਇਬਾਦਤ ਚਾਹੰੁਦੇ ਹੋਏ ਵੀ ਨਹੀਂ ਕਰ ਸਕਦੇ ਅਤੇ ਤੁਸੀਂ ਭਗਤੀ-ਇਬਾਦਤ ਕਰਕੇ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਹੀ ਨਹੀਂ ਬਲਕਿ ਉਸ ਦੇ ਦਰਸ਼-ਦੀਦਾਰ ਦੇ ਕਾਬਲ ਵੀ ਬਣ ਸਕਦੇ ਹੋ ਇਸ ਵਜ੍ਹਾ ਨਾਲ ਤੁਹਾਨੂੰ ਅਤੀ-ਉੱਤਮ, ਖੁਦ-ਮੁਖਤਿਆਰ, ਸਰਵੋਤਮ, ਸਰਦਾਰ, ਸਰਤਾਜ ਜੂਨੀ ਕਿਹਾ ਹੈ, ਹੁਣ ਤੁਸੀਂ ਦੇਖ ਲਓ ਕਿ ਤੁਸੀਂ ਕਿਹੜੇ ਕਰਮ ਜ਼ਿਆਦਾ ਕਰਦੇ ਹੋ, ਜੋ ਸੰਤਾਂ ਨੇ ਤੁਹਾਨੂੰ ਸਰਵੋਤਮਤਾ ਦਾ ਖਿਤਾਬ ਦਿੱਤਾ ਹੈ, ਉਹ ਵਾਲੇ ਜਾਂ ਫਿਰ ਦੂਜੇ ਜਿਹਾ ਕਿ ਉੱਪਰ ਦੱਸਿਆ ਗਿਆ ਹੈ ਤੁਸੀਂ ਸਮਝ ਗਏ ਹੋਵੋਗੇ ਜ਼ਿਆਦਾ ਕੀ ਕਹੀਏ, ਵਾਰ-ਵਾਰ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ, ਸੁਣਦੇ ਹੋਏ ਤਾਂ ਆਏਗੀ ਹੀ ਤਾਂ ਭਾਈ! ਅਜੀਬੋ-ਗਰੀਬ ਹਾਲਤ ਹੈ ਇਨਸਾਨ ਦੀ।

ਜਿਉਂਦੇ-ਜੀ ਬੁਰਾਈਆਂ, ਨਸ਼ੇ ਚੁਗਲੀ-ਨਿੰਦਿਆ, ਦੂਜਿਆਂ ਦੀਆਂ ਬੁਰਾਈਆਂ ਜੀ ਭਰ ਕੇ ਕੀਤੀਆਂ ਅਤੇ ਮਰਨ ਦੇ ਬਾਅਦ ਕਿਸੇ ਕੰਮ ਵਿੱਚ ਨਹੀਂ ਆਇਆ, ਜਲਾ ਦਿੱਤਾ ਗਿਆ, ਦਫ਼ਨਾ ਦਿੱਤਾ ਗਿਆ, ਤਾਂ ਭਾਈ! ਸੋਚ-ਵਿਚਾਰ ਕਰੋ ਇਸ ਬਾਰੇ ਲਿਖਿਆ ਹੈ:-
ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ,

‘ਬੰਦੇ ਨਾਲੋਂ ਪਸ਼ੂ ਚੰਗਾ, ਜੇ ਬੰਦੇ ਵਾਲੀ ਗੱਲ ਨਹੀਂ,
ਬੰਦੇ ਤੋਂ ਨੇਕ ਪਰਿੰਦੇ , ਜੋ ਮਚਾਉਂਦੇ ਤੜਥੱਲ ਨਹੀਂ
ਪਸ਼ੁੂਆਂ ਦੀ ਤਾਂ ਖੱਲ ਵੀ ਸਾਡੇ ਕੰਮ ਅਨੇਕਾਂ ਆਉਂਦੀ ਹੈ।
ਉਨ੍ਹਾਂ ਦੀ ਫਿਤਰਤ ਵੀ ਸਾਨੂੰ ਕਈ ਗੱਲਾਂ ਸਮਝਾਉਂਦੀ ਹੈ
ਪਸ਼ੂ ਅਤੇ ਬੰਦਿਆਂ ਅੰਦਰ ਫ਼ਰਕ ਸਿਰਫ਼ ਪ੍ਰਭੂ ਜਾਣਨ ਦਾ
ਕਹੇਂ ‘ਸ਼ਾਹ ਸਤਿਨਾਮ ਜੀ’ ਸਿਰਫ਼ ਬੰਦੇ ਨੂੰ ਹੱਕ ਹੈ ਪ੍ਰਭੂ ਪਛਾਣਨ ਦਾ।’

ਤਾਂ ਭਜਨ ਦੇ ਅਖੀਰ ਵਿੱਚ ਆਇਆ ਜੀ:-

ਨਾਮ ਜਪ ਕੇ ਸੀ ਜੇਲ੍ਹ ਮੁਕਾਣਾ,
ਵਿੱਛੜਿਆ ਜਿੱਥੋਂ, ਜਾ ਕੇ ਮਿਲ ਜਾਣਾ।
ਇਤਬਾਰ ਇਹਨੂੰ ਨਾ ਆਵੇ,
‘ਸ਼ਾਹ ਸਤਿਨਾਮ ਜੀ’ ਨੇ ਬੜਾ ਸਮਝਾਇਆ।

ਨਾਮ ਜਪਣ ਲਈ, ਭਗਤੀ-ਇਬਾਦਤ ਲਈ ਇਹ ਸਰੀਰ ਮਿਲਿਆ ਸੰਤਾਂ ਨੇ ਸਮਝਾਇਆ, ਪਾਕ-ਪਵਿੱਤਰ ਗ੍ਰੰਥਾਂ ਵਿੱਚ ਦਰਜ਼ ਕੀਤਾ ਸਭ ਕੁਝ ਲਿਖ ਕੇ ਦਿੱਤਾ ਪਰ ਇਤਬਾਰ ਨਹੀਂ ਕਰਦਾ, ਸੰਤਾਂ, ਪੀਰਾਂ-ਫ਼ਕੀਰਾਂ ਦੀ ਗੱਲ ’ਤੇ ਵਿਸ਼ਵਾਸ ਨਹੀਂ ਕਰਦਾ ਝੁੂਠੀਆਂ ਗੱਲਾਂ ’ਤੇ ਝਟ ਵਿਸ਼ਵਾਸ ਕਰ ਲੈਂਦਾ ਹੈ ਅਤੇ ਵਿਸ਼ਵਾਸ-ਯਕੀਨ ਦੇ ਬਿਨਾਂ ਦੁਨੀਆਂ ਵਿੱਚ ਕੋਈ ਵੀ ਕੰਮ ਨਹੀਂ ਹੋ ਸਕਦਾ ਜਿਵੇਂ ਡਾਕਟਰ ਹੈ ਉਹ ਅਪ੍ਰੇਸ਼ਨ ਕਰਦਾ ਹੈ ਪਰ ਤੁਹਾਡੇ ਕੋਲੋਂ ਪਹਿਲਾਂ ਲਿਖਵਾ ਲੈਂਦਾ ਹੈ ਕਿ ਅਪ੍ਰੇਸ਼ਨ ਦੇ ਦਰਮਿਆਨ ਤੁਹਾਡਾ ਪਟਾਕਾ ਬੋਲ ਗਿਆ ਭਾਵ ਅੱਲ੍ਹਾ ਨੂੰ ਪਿਆਰੇ ਹੋ ਗਏ ਤਾਂ ਮੈਂ ਜ਼ਿੰਮੇਵਾਰ ਨਹੀਂ ਤੁਸੀਂ! ਕਿਉਂ ਲਿਖ ਕੇ ਦੇ ਰਹੇ ਹੋਂ ਭਾਈ! ਕੀ ਤੁਹਾਡੀ ਕੋਈ ਗਿਆਨ-ਇੰਦਰੀ ਦੱਸ ਰਹੀ ਹੈ ਕਿ ਤੁਸੀਂ ਬਚ ਜਾਵੋਂਗੇ? ਆਪਣੇ ਹੱਥਾਂ ਨਾਲ ਆਪ ਲਿਖ ਕੇ ਦਿੰਦੇ ਹੋ ਕਿ ਠੀਕ ਹੈ

ਜੀ ਅਤੇ ਹਸਤਾਖ਼ਰ ਕਰ ਦਿੰਦੇ ਹੋ ਕਿ ਮੈਂ ਜ਼ਿੰਮੇਵਾਰ ਹੋਵਾਂਗਾ, ਮੇਰਾ ਅਪ੍ਰੇਸ਼ਨ ਕਰੋ ਕਿਉਂ ਕਰਵਾ ਰਹੇ ਹੋ ਭਾਈ! ਤੁਹਾਨੂੰ ਵਿਸ਼ਵਾਸ ਹੈ ਨਾ ਇਸ ਲਈ, ਹੋਰ ਤਾਂ ਕੋਈ ਗੱਲ ਨਹੀਂ ਤੁਸੀਂ ਗੱਡੀ ’ਤੇ ਚੜ੍ਹ ਜਾਂਦੇ ਹੋ, ਬੱਸ ਦੀ ਬੜੀ ਤੇਜ਼ ਰਫ਼ਤਾਰ ਹੈ, ਐਕਸਪ੍ਰੇੈਸ ’ਤੇ’ ਚੜ੍ਹਦੇ ਹੋ, ਕੀ ਤੁਹਾਨੂੰ ਪਤਾ ਹੈ ਕਿ ਡਰਾਈਵਰ ਟ੍ਰੇਂਡ ਹੈ? ਤੁਹਾਡੀਆਂ ਮਨੋ-ਇੰਦਰੀਆਂ ਤੁਹਾਨੂੰ ਦੱਸਦੀਆਂ ਹਨ ਕਿ ਦੇਖ ਕੇ, ਸੁਣ ਕੇ ਜਾਂ ਸੰੁਘ ਕੇ, ਸਪਰਸ਼ ਕਰਕੇ ਕੀ ਦੱਸ ਸਕਦੇ ਹੋ ਤੁਸੀਂ ਕਿ ਉਹ ਡਰਾਈਵਰ ਵਾਕਿਆ-ਈ ਟ੍ਰੇਂਡ ਹੈ? ਜੀ ਨਹੀਂ, ਜੇਕਰ ਕਿਤੇ ਐਕਸੀਡੈਂਟ ਹੋ ਗਿਆ ਤਾਂ ! ਤੁਸੀਂ ਕਿਉਂ ਬੈਠ ਰਹੇ ਹੋ ਸਿਰਫ ਤੁਹਾਨੂੰ ਵਿਸ਼ਵਾਸ ਹੈ! ਜ਼ਿੰਮੀਂਦਾਰ ਭਾਈ ਦੁਕਾਨਾਂ ’ਤੇ ਜਾਂਦੇ ਹਨ ਅਤੇ ਉੱਥੋਂ ਬੀਜ਼ ਦਿੰਦਾ ਹੈ ਦੁਕਾਨਦਾਰ ਕੀ ਕਹਿੰਦਾ ਹੈ, ਇੱਕ ਏਕੜ ’ਚੋਂ ਦਸ ਕੁਵਿੰਟਲ, 15 ਕੁਵਿੰਟਲ ਝੜੇਗਾ ਤੁਸੀਂ ਖਾ ਕੇ ਦੇਖ ਲਓ, ਸੁੰਘ ਕੇੇ, ਦੇਖ ਕੇ ਜਾਂ ਸਪਰਸ਼ ਕਰਕੇ ਦੇਖੋ, ਕੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਬੀਜ਼ ਇੰਨਾ ਝੜੇਗਾ, ਝਾੜ ਏਨਾ ਹੀ ਹੋਵੇਗਾ? ਨਹੀਂ ਪਤਾ ਚੱਲੇਗਾ ਨਾ ! ਫਿਰ ਵੀ ਤੁਸੀਂ ਮਹਿੰਗੇ ਰੇਟ ਉਹ ਬੀਜ਼ ਖਰੀਦ ਲੈਂਦੇ ਹੋ ਕਿਉੁਂ? ਕਿਉਂਕਿ ਤੁਹਾਨੂੰ ਵਿਸ਼ਵਾਸ ਹੈ

ਤਾਂ ਤੁਸੀਂ ਦੇਖਿਆ ਹਰ ਕੰਮ ਦੇ ਲਈ ਵਿਸ਼ਵਾਸ ਜ਼ਰੂਰੀ ਹੈ ਪਰ ਜਦੋਂ ਸੰਤ, ਪੀਰ-ਫਕੀਰ ਅੱਲ੍ਹਾ-ਵਾਹਿਗੁਰੂ, ਰਾਮ ਦੀ ਗੱਲ ਕਰਦੇ ਹਨ ਅਤੇ ਬਦਲੇ ਵਿਚ ਲੈਂਦੇ ਵੀ ਕੁਝ ਨਹੀਂ ਨਾ ਰੁਪਇਆ, ਨਾ ਚੜ੍ਹਾਵਾ, ਨਾ ਧਰਮ ਛੱਡੋ, ਨਾ ਦੀਨ-ਈਮਾਨ, ਮਜ਼੍ਹਬ ਬਦਲਣਾ ਕੀ ਕਹਿੰਦੇ ਹਨ ਭਗਤੀ, ਕਲਮਾ, ਨਾਮ, ਗੁਰਮੰਤਰ ਲਓ, ਉਸ ਦਾ ਜਾਪ ਕਰੋ ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਬਣ ਜਾਓਗੇ, ਫਿਰ ਵੀ ਲੋਕ ਵਿਸ਼ਵਾਸ ਨਹੀਂ ਕਰਦੇ, ਕਿਉਂ ਨਹੀਂ ਕਰਦੇ ਜਰਾ ਦੱਸੋ? ਜਿੰਨੇ ਪਵਿੱਤਰ ਗ੍ਰੰਥ ਸੰਤਾਂ ਨੇ ਲਿਖੇ, ਪੀਰ-ਪੈਗੰਬਰਾਂ ਨੇ ਲਿਖੇ, ਸਾਰਾ ਜੀਵਨ, ਸਾਰਾ ਪਰਿਵਾਰ ਤੱਕ ਕਈ ਮਹਾਂਪੁਰਸ਼ਾਂ ਨੇ ਕੁਰਬਾਨ ਕਰ ਦਿੱਤਾ ਪਰ ਫਿਰ ਵੀ ਉਨ੍ਹਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਵਿਸ਼ਵਾਸ ਉਨ੍ਹਾਂ ’ਤੇ ਹੈ ਜੋ ਬੁਰਾਈ ਦੇ ਵੱਲ ਚੱਲਦੇ ਹਨ ਜੋ ਝੂਠ ਬੋਲਦੇ ਹਨ ਉੱਥੇ ਕੋਈ ਕਿਉਂ ਅੱਗੇ ਨਹੀਂ ਵਧਦਾ ਕਿਉਂਕਿ ਪੰਜਾਬੀ ਵਿਚ ਕਹਾਵਤ ਹੈ ਕਿ ‘ਨਾਲ ਦੀ ਨਾਲ ਕੰਨ ਸੇਕ ਦਿੰਦੇ ਹਨ’, ਉਸ ਦੇ ਵੱਲ ਕੋਈ ਨਹੀਂ ਵਧਦਾ ਅਤੇ ਨੇਕੀ-ਭਲਾਈ ਵੱਲ ਚੱਲਣ ਵਿਚ ਵਿਸ਼ਵਾਸ ਨਹੀਂ ਹੈ ਤਾਂ ਭਾਈ! ਤੁਸੀਂ ਰਾਮ, ਅੱਲ੍ਹਾ, ਵਾਹਿਗੁਰੂ, ਰੱਬ ’ਤੇ ਵਿਸ਼ਵਾਸ ਰੱਖੋ ਅਤੇ ਸਿਮਰਨ ਕਰੋ ਸੰਤ ਕੁਝ ਨਹੀਂ ਲੈਂਦੇ ਤੁਹਾਥੋਂ, ਕੋਈ ਟੈਕਸ ਨਹੀਂ, ਕੋਈ ਚੜ੍ਹਾਵਾ ਨਹੀਂ ਫਿਰ ਵੀ ਤੁਸੀਂ ਵਿਸ਼ਵਾਸ ਕਿਉਂ ਨਹੀਂ ਕਰਦੇ ਇਸ ਕਿਉਂ ਦਾ ਜਵਾਬ ਹੈ

ਕਲਿਯੁਗ ਜਿੱਥੇ ਝੂਠੀਆਂ, ਬੁਰਾਈ ਦੀਆਂ ਗੱਲਾਂ ਲੋਕ ਚਟਕਾਰੇ ਲੈ-ਲੈ ਕੇ ਕਰਦੇ ਹਨ ਅਤੇ ਨੇਕੀ-ਭਲਾਈ, ਅੱਲ੍ਹਾ, ਮਾਲਕ ਦੀ ਗੱਲ ਲਈ ਕਹਿੰਦੇ ਹਨ ਪਹਿਲਾਂ ਭਗਵਾਨ ਦਿਖਾ ਦਿਓ, ਫਿਰ ਮੰਨਾਂਗਾ ਫਕੀਰ ਪੂਰਾ ਹੈ ਪਹਿਲਾਂ ਐਮ. ਏ. ਦੀ ਡਿਗਰੀ ਦੇ ਦਿਓ, ਕਹਿੰਦਾ ਫਿਰ ਮੈਂ ਐਲ. ਕੇ. ਜੀ., ਯੂ.ਕੇ.ਜੀ. ਕਰਾਂਗਾ ਹੈ ਨਾ ਹਾਸੀ ਵਾਲੀ ਗੱਲ ਤਾਂ ਕੀ ਰੁੂਹਾਨੀਅਤ ਵਿਚ ਇਹ ਮੁੁੂਰਖਤਾ ਵਾਲੀ ਗੱਲ ਨਹੀਂ ਹੈ ਕਿ ਪਹਿਲਾਂ ਭਗਵਾਨ, ਅਜੇ ਗੁਰੂਮੰਤਰ ਤਾਂ ਲਿਆ ਹੀ ਨਹੀਂ, ਜਾਪ ਕੀਤਾ ਹੀ ਨਹੀਂ, ਭਗਤੀ-ਇਬਾਦਤ ਕੀਤੀ ਹੀ ਨਹੀਂ ਤਾਂ ਹਰ ਖੇਤਰ ਵਿਚ ਇੱਕ ਥਿਓੁਰੀ ਹੈ ਪਹਿਲਾਂ ਮਿਹਨਤ ਕਰੋ, ਫਲ ਬਾਅਦ ਵਿਚ ਤਾਂ ਅਜਿਹੀ ਥਿਓੁਰੀ ਹੀ ਅੱਲ੍ਹਾ, ਵਾਹਿਗੁਰੂ, ਮਾਲਕ ਵੱਲ ਹੈ ਪਹਿਲਾਂ ਭਗਤੀ-ਇਬਾਦਤ ਕਰੋ, ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਇਸ ਲਈ ਭਾਈ, ਪਹਿਲਾਂ ਇਸ ਥਿਓੁਰੀ ’ਤੇ ਅਮਲ ਕਰੋ ਇਹੀ ਸੱਚੇ ਮੁਰਸ਼ਿਦੇ ਕਾਮਿਲ ਨੇ ਫਰਮਾਇਆ ਬਹੁਤ ਸਮਝਾਉਂਦੇ ਹਨ ਪੀਰੋ-ਮੁਰਸ਼ਿਦੇ ਕਾਮਿਲ, ਫਕੀਰ ਪਰ ਵਿਸ਼ਵਾਸ ਜੋ ਕਰਦੇ ਹਨ ਉਹ ਰਹਿਮਤ ਨਾਲ ਝੋਲੀਆਂ ਭਰ ਲੈਂਦੇ ਹਨ, ਜੋ ਵਿਸ਼ਵਾਸ ਨਹੀਂ ਕਰਦੇ, ਪਾਰੇ ਦੀ ਤਰ੍ਹਾਂ ਵਿਸ਼ਵਾਸ ੳੁੱਪਰ-ਹੇਠਾਂ, ਉੱਪਰ-ਹੇਠਾਂ ਮਨਮਤੇ ਚੱਲਦੇ ਰਹਿੰਦੇ ਹਨ ਉਹ ਖੁਸ਼ੀਆਂ ਦੇ ਹੱਕਦਾਰ ਨਹੀਂ ਬਣ ਸਕਦੇ।

ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਫਰਮਾਇਆ ਕਿ ਭਾਈ ਇਤਬਾਰ ਕਰੋ, ਕਿਉਂਕਿ ਸੰਤ-ਮਹਾਂਪੁਰਸ਼, ਫਕੀਰ ਜੋ ਕਹਿੰਦਾ ਹੈ, ਉਹ ਸਭ ਦੇ ਭਲੇ ਲਈ ਹੀ ਕਹਿੰਦਾ ਹੈ, ਆਪਣੇ ਫਾਇਦੇ ਲਈ ਕਦੇ ਨਹੀਂ ਕਹਿੰਦਾ, ਤੁਸੀਂ ਅਮਲ ਕਰ ਕੇ ਦੇਖੋ, ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਤੁਸੀਂ ਜ਼ਰੂਰ ਬਣ ਜਾਓਗੇ ਮੰਨ ਲਓ ਤੁਸੀਂ ਜ਼ਿੰਦਗੀ ਵਿਚ, ਆਪਣੀ ਗੁਜ਼ਰੀ ਜ਼ਿੰਦਗੀ ਵਿਚ ਕੋਈ ਪਾਪ-ਗੁਨਾਹ ਕਰ ਬੈਠੇ ਹੋ, ਘਬਰਾਓ ਨਾ, ਉਹ ਰਹਿਮਤ ਦਾ ਦਾਤਾ ਹੈ, ਉਹ ਦਇਆ ਦਾ ਸਾਗਰ ਹੈ, ਜੇਕਰ ਸੱਚੇ ਦਿਲ ਨਾਲ ਭਗਤੀ-ਇਬਾਦਤ ਕਰੋਗੇ ਤਾਂ ਵੱਡੇ-ਵੱਡੇ ਰਾਖਸ਼ਾਂ ਨੂੰ ਉਸ ਨੇ ਮਾਫ ਕੀਤਾ ਹੈ, ਉਹ ਤੁਹਾਨੂੰ ਵੀ ਮਾਫ ਕਰੇਗਾ ਅਤੇ ਆਪਣਾ ਪਿਆਰਾ ਭਗਤ ਬਣਾ ਕੇ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਜ਼ਰੂਰ ਕਰ ਦੇਵੇਗਾ ਇਸ ਲਈ ਭਗਤੀ-ਇਬਾਦਤ ਕਰੋ ਤਾਂ ਹੀ ਛੁਟਕਾਰਾ ਹੈ, ਤਾਂ ਹੀ ਪਰੇਸ਼ਾਨੀਆਂ ਦੂਰ ਹੰੁਦੀਆਂ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!