Relationships: ਰਿਸ਼ਤੇ ਜੋ ਸਮਾਂ ਤੇ ਦੂਰੀ ਤੋਂ ਪਰੇ ਹੁੰਦੇ ਹਨ
ਸਾਡੇ ਸਾਰਿਆਂ ਦੇ ਜੀਵਨ ’ਚ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਸਾਡੀ ਹੋਂਦ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ ਪਰ ਜਿਵੇਂ-ਜਿਵੇਂ ਜ਼ਿੰਦਗੀ ਅੱਗੇ ਵਧਦੀ ਹੈ, ਰੁਝੇਵੇਂ ਵਧਦੇ ਹਨ, ਲੋਕ ਆਪੋ-ਆਪਣੇ ਰਸਤਿਆਂ ’ਤੇ ਤੁਰ ਪੈਂਦੇ ਹਨ ਉਦੋਂ ਸਾਡੇ ਵਿੱਚ ਭੂਗੋਲਿਕ ਦੂਰੀਆਂ ਤਾਂ ਆ ਜਾਂਦੀਆਂ ਹਨ, ਪਰ ਕੀ ਇਸ ਨਾਲ ਦਿਲਾਂ ਦੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਹਨ? ਬਿਲਕੁਲ ਵੀ ਨਹੀਂ ਕਿਉਂਕਿ ਸੱਚੇ ਰਿਸ਼ਤੇ ਸਿਰਫ ਸਰੀਰ ਦੇ ਨਾਲ ਨਹੀਂ, ਦਿਲ ਨਾਲ ਜੁੜੇ ਹੁੰਦੇ ਹਨ
Table of Contents
ਆਓ! ਜਾਣਦੇ ਹਾਂ ਕਿ ਕਿਉਂ ਇਹ ਰਿਸ਼ਤਿਆਂ ਦੀ ਡੋਰ ਦੂਰ ਹੋ ਕੇ ਵੀ ਅਟੁੱਟ ਬਣੀ ਰਹਿੰਦੀ ਹੈ
ਦਿਲਾਂ ਦੀ ਨੇੜਤਾ ਜ਼ਿਆਦਾ ਮਾਇਨੇ ਰੱਖਦੀ ਹੈ:
ਕਈ ਵਾਰ ਲੋਕ ਕੋਲ ਹੋ ਕੇ ਵੀ ਭਾਵਨਾਤਮਕ ਰੂਪ ਨਾਲ ਦੂਰ ਹੋ ਜਾਂਦੇ ਹਨ, ਜਦਕਿ ਕੁਝ ਲੋਕ ਦੂਰ ਰਹਿ ਕੇ ਵੀ ਹਰ ਸੁੱਖ-ਦੁੱਖ ’ਚ ਸਾਡੇ ਸਭ ਤੋਂ ਕਰੀਬ ਹੁੰਦੇ ਹਨ ਇਸ ਦਾ ਕਾਰਨ ਹੈ- ਦਿਲਾਂ ਦੀ ਨੇੜਤਾ ਸੱਚੇ ਰਿਸ਼ਤੇ ਉਸ ਮਾਨਸਿਕ ਅਤੇ ਆਤਮਿਕ ਜੁੜਾਅ ’ਤੇ ਟਿਕੇ ਹੁੰਦੇ ਹਨ ਜਿੱਥੇ ਸ਼ਬਦਾਂ ਦੀ ਲੋੜ ਨਹੀਂ ਪੈਂਦੀ, ਸਿਰਫ ਅਹਿਸਾਸ ਹੀ ਕਾਫੀ ਹੁੰਦਾ ਹੈ ਭਲੇ ਹੀ ਸਮਾਂ ਜਾਂ ਦੂਰੀ ਨਾਲ ਨਾ ਹੋਣ ਦੇਣ, ਪਰ ਦਿਲ ਨਾਲ ਜੋ ਲੋਕ ਜੁੜੇ ਹੁੰਦੇ ਹਨ, ਉਨ੍ਹਾਂ ਦਾ ਸਾਥ ਹਮੇਸ਼ਾ ਮਹਿਸੂਸ ਹੁੰਦਾ ਹੈ
ਗੱਲਬਾਤ ਹੀ ਬਣਾਉਂਦੀ ਹੈ ਰਿਸ਼ਤਿਆਂ ਦਾ ਪੁਲ:
ਕਿਸੇ ਵੀ ਰਿਸ਼ਤੇ ਦੀ ਆਤਮਾ ਗੱਲਬਾਤ ਹੁੰਦੀ ਹੈ ਜਦੋਂ ਦੋ ਜਣੇ ਗੱਲ ਕਰਨਾ ਬੰਦ ਕਰ ਦਿੰਦੇ ਹਨ, ਤਾਂ ਭਾਵੇਂ ਉਹ ਇੱਕ ਹੀ ਘਰ ’ਚ ਕਿਉਂ ਨਾ ਰਹਿਣ, ਦੂਰੀਆਂ ਵੱਧ ਜਾਂਦੀਆਂ ਹਨ ਦੂਜੇ ਪਾਸੇ ਜੇਕਰ ਗੱਲਬਾਤ ਚੱਲਦੀ ਰਹੇ ਭਾਵੇਂ ਉਹ ਫੋਨ ਕਾੱਲ ਦੇ ਜ਼ਰੀਏ ਹੋਵੇ, ਮੈਸੇਜ ਜਾਂ ਚਿੱਠੀ ਜ਼ਰੀਏ ਤਾਂ ਹਜ਼ਾਰਾਂ ਮੀਲ ਦੂਰ ਹੋ ਕੇ ਵੀ ਆਪਣਾਪਣ ਮਹਿਸੂਸ ਹੁੰਦਾ ਹੈ ਅੱਜ ਤਕਨੀਕ ਨੇ ਇਹ ਸੁਵਿਧਾ ਦਿੱਤੀ ਹੈ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ’ਚੋਂ ਆਪਣਿਆਂ ਨਾਲ ਜੁੜ ਸਕਦੇ ਹੋ ਇਸ ਲਈ ਗੱਲਬਾਤ ਕਰਦੇ ਰਹਿਣਾ ਹੀ ਉਹ ਰਸਤਾ ਹੈ ਜੋ ਦੂਰੀ ਨੂੰ ਮਹੱਤਵਹੀਣ ਬਣਾ ਦਿੰਦਾ ਹੈ
ਵਿਸ਼ਵਾਸ ਅਤੇ ਸਮਝ:
ਕਿਸੇ ਵੀ ਰਿਸ਼ਤੇ ’ਚ ਜੇਕਰ ਭਰੋਸਾ ਅਤੇ ਸਮਝ ਬਣੀ ਰਹੇ, ਤਾਂ ਦੂਰੀਆਂ ਉਸ ਨੂੰ ਤੋੜ ਨਹੀਂ ਸਕਦੀਆਂ ਵਿਸ਼ਵਾਸ ਦਾ ਅਰਥ ਸਿਰਫ ਨਿਹਚਾ ਨਹੀਂ, ਸਗੋਂ ਇਹ ਵੀ ਹੈ ਕਿ ਸਾਹਮਣੇ ਵਾਲਾ ਭਾਵੇਂ ਦੂਰ ਹੋਵੇ, ਫਿਰ ਵੀ ਤੁਸੀਂ ਉਸ ਦੀਆਂ ਭਾਵਨਾਵਾਂ, ਫੈਸਲਿਆਂ ਤੇ ਰੁਝੇਵਿਆਂ ਨੂੰ ਸਮਝਦੇ ਹੋਵੋ ਇਹੀ ਸਮਝ ਰਿਸ਼ਤਿਆਂ ਨੂੰ ਆਪਣਾਪਣ ਅਤੇ ਪਰਿਪੱਕਤਾ ਦਿੰਦੀ ਹੈ ਜਦੋਂ ਤੁਸੀਂ ਬਿਨਾਂ ਸ਼ੱਕ ਦੇ ਇੱਕ-ਦੂਜੇ ਦੀ ਸੋਚ ਨੂੰ ਸਵੀਕਾਰਦੇ ਹੋ, ਤਾਂ ਦੂਰੀ ਕਦੇ ਰੁਕਾਵਟ ਨਹੀਂ ਬਣਦੀ
ਪੁਰਾਣੀਆਂ ਯਾਦਾਂ ’ਚ ਵੱਸਦੇ ਹਨ ਅੱਜ ਦੇ ਰਿਸ਼ਤੇ:
ਬਚਪਨ ਦੇ ਦੋਸਤ, ਸਕੂਲ ਦੇ ਅਧਿਆਪਕ, ਜਾਂ ਪੁਰਾਣੇ ਸਹਿਕਰਮੀ ਇਨ੍ਹਾਂ ਨਾਲ ਬਿਤਾਏ ਪਲ ਹੀ ਸਾਡੇ ਵਰਤਮਾਨ ਨੂੰ ਊਰਜਾ ਦਿੰਦੇ ਹਨ ਸਾਲਾਂ ਤੱਕ ਕੋਈ ਗੱਲ ਨਾ ਹੋਵੇ, ਕੋਈ ਮੁਲਾਕਾਤ ਨਾ ਹੋਵੇ, ਪਰ ਜਿਵੇਂ ਹੀ ਗੱਲ ਹੁੁੰਦੀ ਹੈ, ਇੱਕ ਮੁਸਕਾਨ ਚਿਹਰੇ ’ਤੇ ਆ ਜਾਂਦੀ ਹੈ ਇਹ ਉਹ ਰਿਸ਼ਤਾ ਹੁੰਦਾ ਹੈ ਜੋ ਸਮੇਂ ਦੀ ਮਾਰ ਨਹੀਂ ਝੱਲਦਾ, ਸਗੋਂ ਸਮੇਂ ਦੇ ਨਾਲ ਹੋਰ ਵੀ ਕੀਮਤੀ ਹੋ ਜਾਂਦਾ ਹੈ ਸੱਚੇ ਰਿਸ਼ਤੇ ਸਿਰਫ ਰੋਜ਼ਾਨਾ ਦੇ ਸੰਪਰਕ ਨਾਲ ਨਹੀਂ ਚੱਲਦੇ, ਉਹ ਯਾਦ ’ਚ ਸਮਾਏ ਹੁੰਦੇ ਹਨ
ਨਿਭਾਉਣ ਦੀ ਭਾਵਨਾ ਰਿਸ਼ਤਿਆਂ ਨੂੰ ਜਿਉਂਦਾ ਰੱਖਦੀ ਹੈ:
ਰਿਸ਼ਤਿਆਂ ਨੂੰ ਨਿਭਾਉਣਾ ਇੱਕ ਸੰਕਲਪ ਹੈ ਇਸ ਵਿਚ ਸਮਾਂ, ਯਤਨ ਅਤੇ ਭਾਵਨਾ ਦਾ ਸਮੱਰਪਣ ਚਾਹੀਦਾ ਹੈ ਕਦੇ-ਕਦੇ ਇੱਕ ਛੋਟਾ ਜਿਹਾ ਹਾਲਚਾਲ ਪੁੱਛ ਲੈਣਾ, ਕਿਸੇ ਖਾਸ ਦਿਨ ’ਤੇ ਯਾਦ ਕਰ ਲੈੈਣਾ ਜਾਂ ਮੱਦਦ ਦੇ ਸਮੇਂ ਨਾਲ ਖੜ੍ਹੇ ਹੋ ਜਾਣਾ-ਇਹ ਛੋਟੇ ਜਿਹੇ ਕਦਮ ਰਿਸ਼ਤਿਆਂ ਨੂੰ ਜਿਉਂਦਾ ਰੱਖਦੇ ਹਨ ਹਰ ਰਿਸ਼ਤਾ ਬਰਾਬਰੀ ਨਹੀਂ ਮੰਗਦਾ, ਪਰ ਭਾਵਨਾਤਮਕ ਮੌਜੂਦਗੀ ਜ਼ਰੂਰੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਜਤਾਉਂਦੇ ਹੋ ਕਿ ਤੁਸੀਂ ਮੇਰੇ ਲਈ ਜ਼ਰੂਰੀ ਹੋ, ਤਾਂ ਉਹ ਡੋਰ ਹੋਰ ਮਜ਼ਬੂਤ ਹੋ ਜਾਂਦੀ ਹੈ
ਆਪਣਾਪਣ ਅਤੇ ਹਮਦਰਦੀ ਦੀ ਨਿਰੰਤਰਤਾ:
ਰਿਸ਼ਤਿਆਂ ਦੀ ਸੁੰਦਰਤਾ ਉਨ੍ਹਾਂ ਦੇ ਲਗਾਤਾਰ ਸਾਂਭੇ ਜਾਣ ’ਚ ਹੈ ਸਿਰਫ ਇੱਕ ਦਿਨ, ਇੱਕ ਮੌਕਾ ਜਾਂ ਇੱਕ ਤਿਉਹਾਰ ਨਹੀਂ, ਸਗੋਂ ਰੋਜ਼ਾਨਾ ਥੋੜ੍ਹਾ-ਥੋੜ੍ਹਾ ਆਪਣਾਪਣ, ਥੋੜ੍ਹੀ-ਥੋੜ੍ਹੀ ਹਮਦਰਦੀ ਹੀ ਉਨ੍ਹਾਂ ਨੂੰ ਜਿਉਂਦਾ ਬਣਾਈ ਰੱਖਦੀ ਹੈ ਕਦੇ ਇੱਕ ਪਿਆਰਾ ਜਿਹਾ ਮੈਸੇਜ, ਕਦੇ ਕਿਸੇ ਸਮੱਸਿਆ ’ਚ ਸਾਥ ਦੇਣਾ, ਜਾਂ ਬੱਸ ਇੰਜ ਹੀ ਕਿਸੇ ਦੀ ਚਿੰਤਾ ਕਰ ਲੈਣਾ-ਇਹ ਸਭ ਰਿਸ਼ਤਿਆਂ ਦੀ ਉਸ ਡੋਰ ਨੂੰ ਵਾਰ-ਵਾਰ ਗੰਢ ਮਾਰਦਾ ਹੈ ਜਿਸ ਨੂੰ ਕੋਈ ਵੀ ਦੂਰੀ ਨਹੀਂ ਤੋੜ ਸਕਦੀ
ਸੱਚੇ ਰਿਸ਼ਤੇ ਉਨ੍ਹਾਂ ਬੂਟਿਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਲਗਾਤਾਰ ਭਾਵਨਾ, ਗੱਲਬਾਤ ਅਤੇ ਵਿਸ਼ਵਾਸ ਨਾਲ ਸਿੰਜਿਆ ਜਾਂਦਾ ਹੈ ਦੂਰੀ ਸਿਰਫ ਸਰੀਰ ਦੀ ਹੁੰਦੀ ਹੈ, ਆਤਮਾ ਦੀ ਨਹੀਂ ਜੇਕਰ ਰਿਸ਼ਤਿਆਂ ’ਚ ਸੱਚਾਈ, ਹਮਦਰਦੀ ਅਤੇ ਸਮਝ ਬਣੀ ਰਹੇ, ਤਾਂ ਉਹ ਨਾ ਸਿਰਫ ਸਮਾਂ ਸਗੋਂ ਥਾਂ ਦੀਆਂ ਹੱਦਾਂ ਤੋਂ ਵੀ ਪਰੇ ਹੋ ਜਾਂਦੇ ਹਨ ਇਸ ਲਈ ਰਿਸ਼ਤਿਆਂ ਨੂੰ ਸਾਂਭੋ, ਨਿਭਾਓ ਅਤੇ ਉਨ੍ਹਾਂ ਨੂੰ ਕਦੇ ਵੀ ਦੂਰੀ ਦੀ ਕਸੌਟੀ ’ਤੇ ਨਾ ਤੋਲੋ ਕਿਉਂਕਿ ਰਿਸ਼ਤਿਆਂ ਦੀ ਡੋਰ, ਦੂਰੀਆਂ ਨਾਲ ਨਹੀਂ, ਅਣਦੇਖੀ ਨਾਲ ਟੁੱਟਦੀ ਹੈ

































































