Parents: ਬੱਚਿਆਂ ਤੋਂ ਸਿੱਖਣ ਮਾਪੇ
ਜਦੋਂ ਅਸੀਂ ਪੇਰੈਂਟਿੰਗ ਦੀ ਗੱਲ ਕਰਦੇ ਹਾਂ ਤਾਂ ਅਕਸਰ ਇਸ ਨੂੰ ਇੱਕ ਅਜਿਹਾ ਰਸਤਾ ਮੰਨਦੇ ਹਾਂ, ਜਿਸ ’ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਹੀ ਮੁੱਲ, ਸੰਸਕਾਰ ਅਤੇ ਦਿਸ਼ਾ ਦੇਣ ਦਾ ਯਤਨ ਕਰਦੇ ਹਨ ਮਾਤਾ-ਪਿਤਾ, ਬੱਚਿਆਂ ਦੇ ਮਾਰਗਦਰਸ਼ਕ ਦੇ ਰੂਪ ’ਚ, ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਨ ਕਿ ਉਨ੍ਹਾਂ ਦਾ ਬੱਚਾ ਜੀਵਨ ’ਚ ਕੀ ਬਣਦਾ ਹੈ ਅਤੇ ਕਿਵੇਂ ਅੱਗੇ ਵਧਦਾ ਹੈ
ਇਸ ਲਈ ਉਹ ਹਰ ਸੰਭਵ ਯਤਨ ਕਰਦੇ ਹਨ ਕਿ ਬੱਚਿਆਂ ਨੂੰ ਵਧੀਆ ਪਰਵਰਿਸ਼ ਮਿਲੇ ਪਰ ਜੇਕਰ ਅਸੀਂ ਇਸ ਨਜ਼ਰੀਏ ਨੂੰ ਥੋੜ੍ਹਾ ਬਦਲ ਕੇ ਦੇਖੀਏ, ਤਾਂ ਦੇਖਾਂਗੇ ਕਿ ਬੱਚੇ ਵੀ ਮਾਤਾ-ਪਿਤਾ ਨੂੰ ਕਈ ਅਨਮੋਲ ਸਬਕ ਸਿਖਾ ਸਕਦੇ ਹਨ ਉਨ੍ਹਾਂ ਦੀ ਮਾਸੂਮੀਅਤ, ਜੋਸ਼ ਅਤੇ ਨਵਾਂ ਨਜ਼ਰੀਆ ਸਾਨੂੰ ਜੀਵਨ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਣ ਦੀ ਪੇ੍ਰਰਨਾ ਦਿੰਦਾ ਹੈ
Table of Contents
ਆਓ! ਜਾਣਦੇ ਹਾਂ ਉਨ੍ਹਾਂ ਅਨਮੋਲ ਗੱਲਾਂ ਬਾਰੇ, ਜੋ ਬੱਚੇ ਆਪਣੇ ਮਾਤਾ-ਪਿਤਾ ਨੂੰ ਸਿਖਾਉਂਦੇ ਹਨ
ਸੱਚਾਈ ਅਤੇ ਸਪੱਸ਼ਟਤਾ:
ਬੱਚੇ ਆਪਣੀਆਂ ਭਾਵਨਾਵਾਂ ਨੂੰ ਬਿਨਾਂ ਕਿਸੇ ਛਲ-ਕਪਟ ਦੇ ਪ੍ਰਗਟ ਕਰਦੇ ਹਨ ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੀ ਮੁਸਕਾਨ ’ਚ ਝਲਕਦੀ ਹੈ ਅਤੇ ਦੁੱਖ ਉਨ੍ਹਾਂ ਦੀਆਂ ਅੱਖਾਂ ’ਚ ਸਾਫ ਦਿਸਦਾ ਹੈ ਇਹ ਸੱਚਾਈ ਸਾਨੂੰ ਸਿਖਾਉਂਦੀ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜਾਹਿਰ ਕਰਨਾ ਕਿੰਨਾ ਜ਼ਰੂਰੀ ਹੈ ਮਾਤਾ-ਪਿਤਾ ਅਕਸਰ ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਬੱਚਿਆਂ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਤੇ ਸਵੀਕਾਰ ਕਰਨਾ ਜੀਵਨ ਨੂੰ ਅਸਾਨ ਬਣਾਉਂਦਾ ਹੈ
ਜਗਿਆਸੂ ਸੁਭਾਅ:
ਬੱਚਿਆਂ ਦੀ ਸਭ ਤੋਂ ਖੂਬਸੂਰਤ ਖਾਸੀਅਤ ਹੈ ਉਨ੍ਹਾਂ ਦੀ ਉਤਸੁਕਤਾ ਉਹ ਹਰ ਛੋਟੀ-ਵੱਡੀ ਚੀਜ਼ ਬਾਰੇ ਸਵਾਲ ਕਰਦੇ ਹਨ, ਭਾਵੇਂ ਉਹ ਤਾਰਿਆਂ ਦਾ ਚਮਕਣਾ ਹੋਵੇ ਜਾਂ ਫੁੱਲਾਂ ਦਾ ਖਿੜਨਾ ਉਨ੍ਹਾਂ ਦੀ ਇਹ ਜਗਿਆਸਾ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਸਾਨੂੰ ਆਪਣੇ ਆਸ-ਪਾਸ ਦੀ ਦੁਨੀਆਂ ਨੂੰ ਹਮੇਸ਼ਾ ਨਵੇਂ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ ਉਮਰ ਵਧਣ ਦੇ ਨਾਲ ਅਸੀਂ ਅਕਸਰ ਇਹ ਉਤਸ਼ਾਹ ਗੁਆ ਦਿੰਦੇ ਹਾਂ ਅਤੇ ਚੀਜ਼ਾਂ ਨੂੰ ਉਵੇਂ ਹੀ ਸਵੀਕਾਰ ਕਰ ਲੈਂਦੇ ਹਾਂ, ਜਿਵੇਂ ਉਹ ਹਨ ਬੱਚੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਹਰ ਦਿਨ ਕੁਝ ਨਵਾਂ ਸਿੱਖਣ ਅਤੇ ਹੈਰਾਨੀਜਨਕ ਕਰਨ ਦਾ ਮੌਕਾ ਹੁੰਦਾ ਹੈ ਇਸ ਆਦਤ ਨੂੰ ਅਪਣਾ ਕੇ ਅਸੀਂ ਆਪਣੇ ਜੀਵਨ ’ਚ ਤਾਜ਼ਗੀ ਅਤੇ ਉਤਸ਼ਾਹ ਲਿਆ ਸਕਦੇ ਹਾਂ
ਦ੍ਰਿੜਤਾ ਅਤੇ ਹਿੰਮਤ:
ਬੱਚੇ ਵਾਰ-ਵਾਰ ਡਿੱਗਣ ਦੇ ਬਾਵਜੂਦ ਹਾਰ ਨਹੀਂ ਮੰਨਦੇ ਭਾਵੇਂ ਉਹ ਪਹਿਲੀ ਵਾਰ ਸਾਈਕਲ ਚਲਾਉਣਾ ਹੋਵੇ, ਕੋਈ ਨਵਾਂ ਹੁਨਰ ਸਿੱਖਣਾ ਹੋਵੇ ਜਾਂ ਕਿਸੇ ਖੇਡ ’ਚ ਮੁਹਾਰਤ ਹਾਸਲ ਕਰਨੀ ਹੋਵੇ, ਉਹ ਅਸਫਲਤਾ ਤੋਂ ਨਹੀਂ ਡਰਦੇ ਉਨ੍ਹਾਂ ਦੀ ਇਹ ਦ੍ਰਿੜਤਾ ਸਾਨੂੰ ਸਿਖਾਉਂਦੀ ਹੈ ਕਿ ਜੀਵਨ ’ਚ ਰੁਕਾਵਟਾਂ ਅਤੇ ਅਸਫਲਤਾਵਾਂ ਆਉਣਾ ਸੁਭਾਵਿਕ ਹੈ, ਪਰ ਸਾਨੂੰ ਹਾਰ ਮੰਨਣ ਦੀ ਬਜਾਏ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਤਾ-ਪਿਤਾ, ਜੋ ਅਕਸਰ ਜੋਖਿਮ ਲੈਣ ਤੋਂ ਝਿਜਕਦੇ ਹਨ, ਬੱਚਿਆਂ ਦੀ ਇਸ ਹਿੰਮਤ ਤੋਂ ਪੇ੍ਰਰਨਾ ਲੈ ਸਕਦੇ ਹਨ ਅਤੇ ਆਪਣੇ ਡਰ ਨੂੰ ਪਿੱਛੇ ਛੱਡ ਸਕਦੇ ਹਨ
ਵਰਤਮਾਨ ’ਚ ਜਿਉਣ ਦੀ ਕਲਾ:
ਬੱਚੇ ਵਰਤਮਾਨ ਪਲ ’ਚ ਜਿਉਣਾ ਬਾਖੂਬੀ ਜਾਣਦੇ ਹਨ ਉਹ ਨਾ ਤਾਂ ਬੀਤੇ ਹੋਏ ਕੱਲ੍ਹ ਦੀ ਚਿੰਤਾ ਕਰਦੇ ਹਨ ਅਤੇ ਨਾ ਹੀ ਆਉਣ ਵਾਲੇ ਕੱਲ੍ਹ ਬਾਰੇ ਸੋਚਦੇ ਹਨ ਉਨ੍ਹਾਂ ਦਾ ਪੂਰਾ ਧਿਆਨ ਹੁਣੇ ਅਤੇ ਇਸੇ ਪਲ ’ਤੇ ਹੁੰਦਾ ਹੈ, ਭਾਵੇਂ ਉਹ ਦੋਸਤਾਂ ਦੇ ਨਾਲ ਹੱਸਣਾ-ਖੇਡਣਾ ਹੋਵੇ ਜਾਂ ਕੋਈ ਨਵੀਂ ਚੀਜ਼ ਤਲਾਸ਼ਣਾ ਹੋਵੇ ਦੂਜੇ ਪਾਸੇ, ਮਾਤਾ-ਪਿਤਾ ਅਕਸਰ ਭਵਿੱਖ ਦੀਆਂ ਯੋਜਨਾਵਾਂ ਜਾਂ ਪੁਰਾਣੀਆਂ ਗੱਲਾਂ ’ਚ ਉਲਝੇ ਰਹਿੰਦੇ ਹਨ ਬੱਚਿਆਂ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਵਰਤਮਾਨ ਨੂੰ ਪੂਰਨ ਤੌਰ ’ਤੇ ਜਿਉਣਾ ਕਿੰਨਾ ਮਹੱਤਵਪੂਰਨ ਹੈ ਇਹ ਸਾਨੂੰ ਤਣਾਅ ਤੋਂ ਮੁਕਤੀ ਦਿੰਦਾ ਹੈ ਅਤੇ ਜੀਵਨ ਦੇ ਹਰ ਪਲ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ
ਮੁਆਫੀ ਅਤੇ ਅੱਗੇ ਵਧਣਾ:
ਬੱਚੇ, ਭਾਵੇਂ ਛੋਟੇ ਹੋਣ ਜਾਂ ਵੱਡੇ, ਜਲਦੀ ਹੀ ਚੀਜ਼ਾਂ ਨੂੰ ਭੁਲਾ ਕੇ ਅੱਗੇ ਵਧ ਜਾਂਦੇ ਹਨ ਪਰ ਮਾਤਾ-ਪਿਤਾ ਅਕਸਰ ਪੁਰਾਣੀਆਂ ਗੱਲਾਂ ਨੂੰ ਦਿਲ ’ਤੇ ਲਾਈ ਰੱਖਦੇ ਹਨ, ਜਿਸ ਨਾਲ ਮਾਨਸਿਕ ਪ੍ਰੇਸ਼ਾਨੀਆਂ ਵਧਦੀਆਂ ਹਨ ਬੱਚਿਆਂ ਦੀ ਇਹ ਆਦਤ ਸਾਨੂੰ ਸਿਖਾਉਂਦੀ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਭੁਲਾ ਕੇ ਜੀਵਨ ’ਚ ਅੱਗੇ ਵਧਣਾ ਜ਼ਰੂਰੀ ਹੈ ਇਸ ਆਦਤ ਨੂੰ ਅਪਣਾ ਕੇ ਮਾਤਾ-ਪਿਤਾ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾ ਸਕਦੇ ਹਨ
ਛੋਟੀਆਂ ਗੱਲਾਂ ’ਚ ਖੁਸ਼ੀ:
ਬੱਚਿਆਂ ਲਈ ਛੋਟੀਆਂ-ਛੋਟੀਆਂ ਚੀਜ਼ਾਂ ਹੀ ਵੱਡੀਆਂ ਖੁਸ਼ੀਆਂ ਲਿਆਉਂਦੀਆਂ ਹਨ ਦੋਸਤਾਂ ਨਾਲ ਸਮਾਂ ਬਿਤਾਉਣਾ, ਮੀਂਹ ’ਚ ਭਿੱਜਣਾ ਜਾਂ ਆਪਣੀਆਂ ਗੱਲਾਂ ਖੁੱਲ੍ਹ ਕੇ ਕਹਿਣਾ ਇਹ ਸਭ ਉਨ੍ਹਾਂ ਲਈ ਅਨਮੋਲ ਪਲ ਹੁੰਦੇ ਹਨ ਇਹ ਸਾਨੂੰ ਸਿਖਾਉਂਦਾ ਹੈ ਕਿ ਖੁਸ਼ੀ ਮਹਿੰਗੀਆਂ ਚੀਜ਼ਾਂ ’ਚ ਨਹੀਂ, ਸਗੋਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗੱਲਾਂ ’ਚ ਛੁਪੀ ਹੁੰਦੀ ਹੈ ਜੇਕਰ ਮਾਤਾ-ਪਿਤਾ ਬੱਚਿਆਂ ਤੋਂ ਇਹ ਸਿੱਖਿਆ ਲੈਣ ਕਿ ਛੋਟੇ-ਛੋਟੇ ਪਲਾਂ ਦਾ ਆਨੰਦ ਕਿਵੇਂ ਲਿਆ ਜਾਵੇ, ਤਾਂ ਉਨ੍ਹਾਂ ਦਾ ਜੀਵਨ ਹੋਰ ਵੀ ਸਰਲ ਅਤੇ ਸੁਖੀ ਹੋ ਸਕਦਾ ਹੈ


































































