Tiredness: ਜਦੋਂ ਥਕਾਵਟ ਸਤਾਵੇ ਤਾਂ…
ਅੱਜ ਦੇ ਮਸ਼ੀਨੀ ਯੁੱਗ ’ਚ ਹਰੇਕ ਵਿਅਕਤੀ ਰੁੱਝਿਆ ਹੈ ਹਰ ਸਮੇਂ ਬੱਸ ਕੰਮ ਹੀ ਕੰਮ ਸਭ ਦਾ ਰੂਟੀਨ ਬਣ ਜਾਂਦਾ ਹੈ ਇੱਕ ਕੰਮ ਖ਼ਤਮ ਕਰੋ ਤਾਂ ਦੂਜੇ ਦੀ ਤਿਆਰੀ ’ਚ ਜੁਟ ਜਾਓ, ਇੱਥੋਂ ਤੱਕ ਕਿ ਥੱਕ-ਹਾਰ ਕੇ ਘਰ ਵਾਪਸ ਆਉਣ ’ਤੇ ਵੀ ਕਦੇ ਕਿਸੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਦੇਰ ਰਾਤ ਤੱਕ ਲੈਪਟਾਪ ’ਤੇ ਕੰਮ ਕਰਦੇ ਰਹੋ ਜਾਂ ਫਿਰ ਫਾਈਲਾਂ ’ਚ ਉਲਝੇ ਰਹੋ
ਉਂਜ ਇਸ ਭੱਜ-ਦੌੜ ਭਰੇ ਰੁਟੀਨ ’ਚ ਰੋਜ਼ਾਨਾ ਹੀ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਪਰ ਕਈ ਵਾਰ ਇਸ ਦਾ ਅਸਰ ਉਦੋਂ ਮਨ ’ਤੇ ਕੁਝ ਜ਼ਿਆਦਾ ਹੀ ਨਜ਼ਰ ਆਉਂਦਾ ਹੈ ਜਦੋਂ ਵਿਅਕਤੀ ਖੁਦ ਨੂੰ ਬੇਜਾਨ ਜਿਹਾ ਮਹਿਸੂਸ ਕਰਨ ਲੱਗਦਾ ਹੈ
- ਜਦੋਂ ਤੁਹਾਨੂੰ ਅਜਿਹਾ ਮਹਿਸੂਸ ਹੋਵੇ ਤਾਂ ਕੁਝ ਦੇਰ ਲਈ ਕੰਮ ਕਰਨਾ ਬੰਦ ਕਰੋ ਆਪਣੇ ਕੈਬਿਨ ਜਾਂ ਕਮਰੇ ਨੂੰ ਅੰਦਰੋਂ ਬੰਦ ਕਰ ਲਓ ਮੋਬਾਇਲ ਦਾ ਸਵਿੱਚ ਆਫ ਕਰ ਦਿਓ ਅਤੇ ਦਸ-ਪੰਦਰ੍ਹਾਂ ਮਿੰਟਾਂ ਲਈ ਅਰਾਮਦੇਹ ਹਾਲਤ ’ਚ ਲੇਟ ਜਾਓ ਇਹ ਛੋਟੀ ਜਿਹੀ ਨੀਂਦ ਦੀ ਝਪਕੀ ਤੁਹਾਨੂੰ ਫਿਰ ਤੋਂ ਊਰਜਾਵਾਨ ਬਣਾ ਦੇਵੇਗੀ ਅਤੇ ਤੁਸੀਂ ਦੁਬਾਰਾ ਤਰੋਤਾਜ਼ਾ ਹੋ ਕੇ ਆਪਣੇ ਕੰਮ ’ਚ ਲੱਗ ਜਾਓਗੇ
- ਖੁੱਲ੍ਹ ਕੇ ਹੱਸੋ, ਉੱਚੀ-ਉੱਚੀ ਹੱਸੋ ਜੇਕਰ ਤੁਹਾਡੇ ਕੋਲ ਕੋਈ ਬੈਠਾ ਹੋਵੇ ਤਾਂ ਜੋਕ ਸੁਣਾ ਕੇ ਉਸ ਨੂੰ ਵੀ ਹਸਾਓ ਤੇ ਖੁਦ ਵੀ ਹੱਸੋ ਨਵੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਖਿੜ-ਖਿੜਾ ਕੇ ਹੱਸਣ ਨਾਲ ਨਾ ਸਿਰਫ ਤੁਹਾਡਾ ਉਤਸ਼ਾਹ ਵਧਦਾ ਹੈ ਸਗੋਂ ਇਸ ਨਾਲ ਵਿਅਰਥ ਦੀ ਕੈਲੋਰੀ ਵੀ ਨਸ਼ਟ ਹੁੰਦੀ ਹੈ ਜੇਕਰ ਸੰਭਵ ਹੋਵੇ ਤਾਂ 15-20 ਮਿੰਟਾਂ ਲਈ ਟੀਵੀ ਆਨ ਕਰੋ ਅਤੇ ਕੋਈ ਕਮੇਡੀ ਫਿਲਮ ਜਾਂ ਸੀਰੀਅਲ ਦੇਖੋ ਜੋ ਤੁਹਾਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਦੇਵੇ ਤੁਸੀਂ ਦੇਖੋਗੇ ਕਿ ਤੁਹਾਡੀ ਥਕਾਵਟ ਛੂ-ਮੰਤਰ ਹੋ ਗਈ ਹੈ
- ਜੇਕਰ ਘਰੇ ਕੰਮ ਕਰਦੇ ਸਮੇਂ ਬੋਰੀਅਤ ਮਹਿਸੂਸ ਹੋ ਰਹੀ ਹੋਵੇ ਤਾਂ ਥੋੜ੍ਹੀ ਦੇਰ ਲਈ ਕੰਮ ਨੂੰ ਰੋਕ ਕੇ ਬੱਚਿਆਂ ਦੇ ਨਾਲ ਕੋਈ ਛੋਟੀ-ਮੋਟੀ ਇੰਡੋਰ ਗੇਮ ਖੇਡੋ ਪਤਨੀ ਨਾਲ ਕੁਝ ਹਾਸਾ ਮਜ਼ਾਕ ਕਰੋ ਜਾਂ ਫਿਰ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਹੋ ਤਾਂ ਆਪਣੀ ਪਸੰਦੀਦਾ ਕਿਤਾਬ ਦੇ ਕੁਝ ਪੰਨੇ ਪੜ੍ਹੋ ਜੇਕਰ ਬਾਗਬਾਨੀ ਦਾ ਸ਼ੌਂਕ ਹੈ ਤਾਂ ਘਰ ਦੇ ਗਾਰਡਨ ’ਚ ਕੁਝ ਸਮਾਂ ਬਿਤਾਓ ਗਾਰਡਨ ਦੀ ਦੇਖਭਾਲ ਵੀ ਹੋ ਜਾਵੇਗੀ ਅਤੇ ਤੁਹਾਡਾ ਦਿਲ-ਪਰਚਾਵਾ ਵੀ ਹੋ ਜਾਵੇਗਾ
- ਸੰਗੀਤ ਬੋਰ ਹੋਣ ਤੋਂ ਬਚਣ ਦਾ ਇੱਕ ਮਜ਼ਬੂਤ ਜ਼ਰੀਆ ਹੈ ਇਹ ਤੁਹਾਡੇ ਦਿਲ ਦੀਆਂ ਤਾਰਾਂ ਨੂੰ ਛੇੜ ਦਿੰਦਾ ਹੈ ਅਤੇ ਤੁਸੀਂ ਰੋਮਾਂਚ ਨਾਲ ਭਰ ਜਾਂਦੇ ਹੋ, ਸੋ ਕੰਮ ਦੀ ਥਕਾਵਟ ਦੂਰ ਕਰਨ ਲਈ ਆਪਣਾ ਮਨਪਸੰਦ ਦਾ ਸੰਗੀਤ ਸੁਣੋ
- ਸ਼ਾਵਰ ਇਸ਼ਨਾਨ ਕਰਨ ਨਾਲ ਵੀ ਤੁਸੀਂ ਖੁਦ ਨੂੰ ਫਿਰ ਤਰੋਤਾਜ਼ਾ ਮਹਿਸੂਸ ਕਰ ਸਕਦੇ ਹੋ ਘਰ ’ਚ ਹੋ ਤਾਂ ਬਾਥਟੱਬ ’ਚ ਨਹਾਓ ਥੋੜ੍ਹਾ ਸਮਾਂ ਜ਼ਿਆਦਾ ਲਓ ਅਤੇ ਇੱਕ ਬੱਚੇ ਵਾਂਗ ਹੌਲੀ-ਹੌਲੀ, ਮਸਤੀ ਨਾਲ ਗੁਣਗੁਣਾਉਂਦੇ ਹੋਏ ਨਹਾਉਣ ਦਾ ਅਨੰਦ ਲਓ ਤੁਹਾਡੀ ਥਕਾਵਟ ਤੁਰੰਤ ਦੂਰ ਹੋ ਜਾਵੇਗੀ
- ਜੇਕਰ ਤੁਸੀਂ ਉਸ ਸਮੇਂ ਸਮੁੰਦਰ ਦੇ ਆਸ-ਪਾਸ ਹੋ ਤਾਂ ਸਮੁੰਦਰ ਦੇ ਕਿਨਾਰੇ ਜਾ ਕੇ ਪਾਣੀ ਦੀਆਂ ਉੱਠਦੀਆਂ-ਵਹਿੰਦੀਆਂ ਲਹਿਰਾਂ ਨੂੰ ਦੇਖੋ ਯਕੀਨ ਮੰਨੋ, ਦਿਲ ’ਚ ਇੱਕ ਨਵੀਂ ਉਮੰਗ ਪੈਦਾ ਹੋ ਜਾਵੇਗੀ
- ਮੀਂਹ ਪੈ ਰਿਹਾ ਹੋਵੇ ਤਾਂ ਇਸ ਦਾ ਪੂਰਾ ਮਜ਼ਾ ਲਓ ਮੀਂਹ ਦੀਆਂ ਬੂੰਦਾਂ ’ਚ ਖੁਦ ਨੂੰ ਭਿਓਂਵੋ ਪਰ ਜੇਕਰ ਤੁਹਾਨੂੰ ਮੀਂਹ ਦੇ ਪਾਣੀ ’ਚ ਭਿੱਜਣ ਤੋਂ ਐਲਰਜ਼ੀ ਹੋਵੇ ਤਾਂ ਅਜਿਹਾ ਬਿਲਕੁਲ ਨਾ ਕਰੋ
- ਆਪਣੇ ਕਿਸੇ ਖਾਸ ਦੋਸਤ ਨਾਲ ਫੋਨ ’ਤੇ ਗੱਲ ਕਰੋ ਇਸ ਨਾਲ ਵੀ ਤੁਹਾਡੀ ਥਕਾਵਟ ਦੂਰ ਹੋ ਸਕਦੀ ਹੈ ਬਸ਼ਰਤੇ ਤੁਹਾਡੀਆਂ ਗੱਲਾਂ ਗੰਭੀਰ ਨਾ ਹੋ ਕੇ ਮਨ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਹੋਣ
- ਡਾਂਸ ਕਰਨ ਦੇ ਸ਼ੌਂਕੀਨ ਹੋ ਤਾਂ ਸੰਗੀਤ ਦੀਆਂ ਧੁਨਾਂ ’ਤੇ ਡਾਂਸ ਕਰੋ -ਭਾਸ਼ਣਾ ਬਾਂਸਲ

































































