Forgotten Heritage

Forgotten Heritage ਵਿੱਸਰ ਗਈ ਵਿਰਾਸਤ : ਸਾਡੇ ਪਿੱਪਲ, ਬੋਹੜ ਅਤੇ ਬਜ਼ੁਰਗ

ਸਮਾਂ ਬਹੁਤ ਬਲਵਾਨ ਹੈ। ਇੱਕ ਵਾਰ ਹੱਥੋਂ ਨਿੱਕਲਿਆ ਸਮਾਂ ਕਦੇ ਵਾਪਸ ਨਹੀ ਆਉਂਦਾ। ਅੱਜ ਜਦੋਂ ਅਸੀਂ ਬੀਤੇ ਸਮੇਂ ’ਤੇ ਝਾਤ ਮਾਰਦੇ ਹਾਂ ਤਾਂ ਇੱਕ ਆਨੰਦਮਈ ਅਹਿਸਾਸ ਹੁੰਦਾ ਹੈ । ਲੰਘ ਗਿਆ ਸਮਾਂ ਹੁਣ ਵਾਪਸ ਨਹੀਂ ਆਉਣਾ ਪਰ ਉਸ ਸਮੇਂ ਦੀਆਂ ਯਾਦਾਂ ਅਜੋਕੀ ਉਲਝਣਾਂ ਭਰੀ ਜ਼ਿੰਦਗੀ ਵਿੱਚ ਦਿਲ ਨੂੰ ਇੱਕ ਵੱਖਰਾ ਸਕੂਨ ਜ਼ਰੂਰ ਬਖਸ਼ਿਸ ਕਰਦੀਆਂ ਹਨ।

ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਅਸੀਂ ਆਪਣੀ ਵਿਰਾਸਤ ਸੱਭਿਆਚਾਰ ਅਤੇ ਕਲਚਰ ਤੋਂ ਬਹੁਤ ਦੂਰ ਹੋ ਗਏ ਹਾਂ, ਜਿਵੇਂ ਕਿ ਪਹਿਲਾਂ ਵਾਲੀਆਂ ਖੇਡਾਂ ਗੁੱਲੀ ਡੰਡਾ, ਬਾਂਦਰ ਕਿੱਲਾ, ਲੋਹਾ ਲੱਕੜ, ਲੁਕਣਮੀਚੀ ਇਹ ਸੀ ਦੇਸੀ ਖੇਡਾਂ, ਬੱਚਿਆ ਦੀ ਵਰਜਿਸ਼ ਨਾਲੇ ਮੋਹ-ਮੁਹੱਬਤ ਅਤੇ ਪਿਆਰ ਦੀਆਂ ਖੇਡਾਂ, ਇਹ ਸੀ ਸਾਡੀ ਵਿਰਾਸਤ।

ਅੱਜ-ਕੱਲ੍ਹ ਦੇ ਬੱਚੇ ਇਨ੍ਹਾਂ ਖੇਡਾਂ ਤੋਂ ਬਿਲਕੁਲ ਅਣਜਾਣ ਹਨ ਕਿਉਂਕਿ ਇਨ੍ਹਾਂ ਖੇਡਾਂ ਦੀ ਥਾਂ ਹੁਣ ਮੋਬਾਇਲਾਂ ਨੇ ਲੈ ਲਈ ਹੈ। ਕਲਚਰ ਦੀ ਗੱਲ ਕਰੀਏ ਤਾਂ ਸਾਡਾ ਕਲਚਰ ਕਿੱਧਰ ਨੂੰ ਜਾ ਰਿਹਾ ਹੈ ਨਾ ਉਹ ਪਹਿਰਾਵਾ ਰਿਹਾ ਤੇ ਨਾ ਹੀ ਉਹ ਖਾਣ-ਪੀਣ ਦੀਆਂ ਚੀਜ਼ਾਂ, ਪਹਿਲਾਂ ਵਾਲਾ ਪਹਿਰਾਵਾ ਸਲਵਾਰ ਸੂਟ, ਪੰਜਾਬੀ ਕੁੜਤਾ ਪਜਾਮਾ ਸਾਡਾ ਅਸਲੀ ਪਹਿਰਾਵਾ ਸੀ ਪਰ ਅੱਜ-ਕੱਲ੍ਹ ਤਾਂ ਟਾਪ ਜੀਨਾਂ, ਸਕਰਟਾਂ, ਪਲਾਜ਼ੋ ਅਤੇ ਹੋਰ ਪਤਾ ਨਹੀਂ ਕੀ-ਕੀ ਚੱਲ ਰਿਹਾ ਹੈ।

ਪਹਿਲਾਂ ਪਿੰਡਾਂ ਵਿੱਚ ਪਿੱਪਲ, ਬੋਹੜ ਭਾਰੇ-ਭਾਰੇ ਦਰੱਖਤ ਹੁੰਦੇ ਸੀ। ਉਨ੍ਹਾਂ ਥੱਲੇ ਸਾਡੇ ਬਜ਼ੁਰਗ ਬੈਠਦੇ ਸੀ, ਉਸ ਨੂੰ ਪਿੰਡ ਦੀ ਸੱਥ ਆਖਿਆ ਜਾਂਦਾ ਸੀ। ਸਾਰੇ ਬਜ਼ੁਰਗ ਰਲ-ਮਿਲ ਕੇ ਗੱਲਾਂ ਕਰਦੇ ਅਤੇ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਰਹਿੰਦੇ, ਮਨ ਨੂੰ ਸਕੂਨ ਮਿਲਦਾ, ਇਹ ਸੀ ਸਾਡੀ ਵਿਰਾਸਤ।

ਬੱਚਿਆਂ ਨੇ ਰਲ ਕੇ ਖੇਡਾਂ ਖੇਡਣੀਆਂ ਅਤੇ ਸਕੂਲ ਜਾਣਾ। ਫਿਰ ਆ ਕੇ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਣਾ। ਹਰੇਕ ਘਰੇ ਲਵੇਰੀਆਂ ਹੋਣੀਆਂ। ਛੱਪੜਾਂ ’ਤੇ ਲੈ ਕੇ ਜਾਣਾ ਅਤੇ ਛੱਪੜ ਵਿੱਚ ਵੜ ਕੇ ਮੱਝਾਂ ’ਤੇ ਝੂਟੇ ਲੈਣੇ, ਜਿਹੜੇ ਕਿ ਅੱਜ ਦੀਆਂ ਚੰਡੋਲਾਂ ਨੂੰ ਪਰੇ ਕਰਦੇ ਸੀ। ਇਹ ਸਾਡੀ ਵਿਰਾਸਤ ਦੀ ਹੀ ਦੇਣ ਸੀ। ਜਦੋਂ ਸਾਉਣ ਦਾ ਮਹੀਨਾ ਚੜ੍ਹਨਾ ਤਾਂ ਵਿਆਹੀਆਂ ਹੋਈਆਂ ਕੁੜੀਆਂ ਨੇ ਸਹੁਰਿਆਂ ਤੋਂ ਆਉਣਾ, ਤੀਆਂ ਲੱਗਣੀਆਂ ਅਤੇ ਰਲ-ਮਿਲ ਕੇ ਹਾਸਾ-ਠੱਠਾ ਕਰਨਾ। ਵਿਆਹ ਵਰਗੇ ਦਿਨ ਲੰਘਣੇ।

Also Read:  Chennai: ਸੱਭਿਆਚਾਰਕ ਨਗਰੀ ਚੇਨਈ ਦੀ ਸੁੰਦਰਤਾ

ਮੀਂਹ ਪੈਣਾ ਤਾਂ ਹਰੇਕ ਘਰ ਖੀਰ, ਪੂੜੇ, ਗੁਲਗੁਲੇ, ਮੱਠੀਆਂ ਸ਼ੁੱਧ ਅਤੇ ਦੇਸੀ ਪਕਵਾਨ ਬਣਨੇ ਪਰ ਅਫਸੋਸ ਕਿ ਅੱਜ-ਕੱਲ੍ਹ ਦੇ ਬੱਚੇ ਇਨ੍ਹਾਂ ਪਕਵਾਨਾਂ ਤੋਂ ਕੋਹਾਂ ਦੂਰ ਹਨ। ਕਿਉਂਕਿ ਇਨ੍ਹਾਂ ਦੀ ਥਾਂ ਹੁਣ ਚਟਪਟੇ ਪਕਵਾਨਾਂ ਪੀਜ਼ਾ, ਬਰਗਰ, ਚਾਊਮੀਨ ਹੋਰ ਪਤਾ ਨਹੀਂ ਕੀ ਕੁਝ ਮਿਲ ਰਿਹਾ ਹੈ, ਉਨ੍ਹਾਂ ਨੇ ਲੈ ਲਈ ਹੈ।

ਸ਼ੁੱਧ ਖਾਣਾ ਅਤੇ ਹੱਥੀਂ ਕੰਮ ਕਰਨੇ ਸਰੀਰ ਨੂੰ ਮੁੜ੍ਹਕਾ ਆਉਣਾ ਤਾਂ ਸਰੀਰ ਤੰਦਰੁਸਤ ਰਹਿਣਾ, ਲੰਮੀਆਂ ਉਮਰਾਂ ਭੋਗਣੀਆਂ ਇਹ ਸਭ ਬਖਸ਼ਿਸ਼ਾਂ ਕੁਦਰਤ ਨੇ ਪਹਿਲਾਂ ਵਾਲੇ ਬਜ਼ੁਰਗਾਂ ਦੇ ਹਿੱਸੇ ਦਿੱਤੀਆਂ, ਜਿਹੜੇ ਕਿ ਸਾਡੇ ਤੋਂ ਦੂਰ ਜਾ ਚੁੱਕੀ ਵਿਰਾਸਤ ਦੇ ਜਰਨੈਲ ਸਨ। ਪਹਿਲਾਂ ਵਾਲੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਉਹ ਸੀ ਰਸ ਭਰੀ ਜ਼ਿੰਦਗੀ, ਜਿਹੜੀ ਅੱਜ ਸੁਖ-ਸਹੂਲਤਾਂ ਦੇ ਵਾਧੇ ਤੋਂ ਬਾਅਦ ਵੀ ਹੁਣ ਫਿੱਕੀ-ਫਿੱਕੀ ਜਾਪਦੀ ਹੈ। ਭਾਈ ਵੀਰ ਸਿੰਘ ਦੀ ਕਵਿਤਾ ਹਮੇਸ਼ਾ ਸਮੇਂ ਦਾ ਸਹੀ ਉਪਯੋਗ ਕਰਨ ਦੀ ਪ੍ਰੇਰਨਾ ਦਿੰਦੀ ਹੈ:-

ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਫੜ-ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ…

ਸੋ ਦੋਸਤੋ! ਸਮਾਂ ਫਿਰ ਨਿੱਕਲ ਰਿਹਾ ਹੈ, ਅੱਜ ਵੀ ਸਾਡੇ ਬਹੁਤ ਸਾਰੇ ਫਰਜ਼ ਨੇ, ਅਜੋਕੇ ਸਮੇਂ ਵਿੱਚ ਹਵਾ, ਪਾਣੀ, ਧਰਤੀ ਨੂੰ ਗੰਦਲਾ ਹੋਣ ਤੋਂ ਬਚਾਉਣਾ ਅਤੇ ਬੱਚਿਆਂ ਨੂੰ ਬਾਜ਼ਾਰੀ ਮਿਲਾਵਟੀ ਖਾਣਿਆਂ ਤੋਂ ਦੂਰ ਰੱਖ ਕੇ ਦੇਸੀ ਪਕਵਾਨਾਂ ਨਾਲ ਜੋੜਨਾ ਅਤੇ ਮੋਬਾਇਲਾਂ ਤੋਂ ਦੂਰ ਰੱਖ ਕੇ ਚੰਗੀਆਂ ਕਿਤਾਬਾਂ ਅਤੇ ਅਖਬਾਰ ਪੜ੍ਹਨ ਲਈ ਪ੍ਰੇਰਿਤ ਕਰਨਾ ਸਾਡੇ ਮੁੱਢਲੇ ਫਰਜ਼ ਹਨ। -ਸ਼ਿੰਦਰਪਾਲ ਸ਼ਰਮਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ