computer vision syndrome: ਕੰਪਿਊਟਰ ਵਿਜ਼ਨ ਸਿੰਡ੍ਰੋਮ ਨਾਲ ਬਚਾਓ ਅੱਖਾਂ ਦੀ ਰੌਸ਼ਨੀ
ਅੱਜ ਦੀ ਡਿਜ਼ੀਟਲ ਦੁਨੀਆਂ ’ਚ ਕੰਪਿਊਟਰ, ਲੈਪਟਾਪ ਅਤੇ ਮੋਬਾਇਲ ਸਾਡੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ ਆਫਿਸ ਵਰਕ ਤੋਂ ਲੈ ਕੇ ਪੜ੍ਹਾਈ, ਈਮੇੇਲ, ਸੋਸ਼ਲ ਮੀਡੀਆ ਅਤੇ ਮਨੋਰੰਜਨ ਤੱਕ ਹਰ ਗਤੀਵਿਧੀ ਹੁਣ ਸਕ੍ਰੀਨ ਅਧਾਰਿਤ ਹੋ ਗਈ ਹੈ ਪਰ ਲਗਾਤਾਰ ਘੰਟਿਆਂ ਤੱਕ ਸਕ੍ਰੀਨ ’ਤੇ ਧਿਆਨ ਕੇਂਦਰਿਤ ਕਰਨਾ ਸਾਡੀਆਂ ਅੱਖਾਂ ’ਤੇ ਗੰਭੀਰ ਅਸਰ ਪਾ ਸਕਦਾ ਹੈ
ਅੱਖਾਂ ਦੇ ਰੋਗ ਮਾਹਿਰ ਇਸ ਸਥਿਤੀ ਨੂੰ ਕੰਪਿਊਟਰ ਵਿਜ਼ਨ ਸਿੰਡ੍ਰੋਮ ਜਾਂ ਡਿਜ਼ੀਟਲ ਆਈ ਸਟ੍ਰੇਨ ਕਹਿੰਦੇ ਹਨ ਅੱਜ ਅਸੀਂ ਜਾਣਾਂਗੇ ਕਿ ਲਗਾਤਾਰ ਕੰਪਿਊਟਰ ’ਤੇ ਬੈਠਣ ਨਾਲ ਅੱਖਾਂ ਨੂੰ ਕੀ ਨੁਕਸਾਨ ਹੁੰਦੇ ਹਨ, ਉਨ੍ਹਾਂ ਦੇ ਪਿੱਛੇ ਦਾ ਵਿਗਿਆਨਕ ਕਾਰਨ ਕੀ ਹੈ, ਅਤੇ ਕਿਵੇਂ ਅਸੀਂ ਸਰਲ ਸਾਵਧਾਨੀਆਂ ਨਾਲ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ
Table of Contents
ਅੱਖਾਂ ਨੂੰ ਹੋਣ ਵਾਲੇ ਨੁਕਸਾਨ
ਡਰਾਈ ਆਈ ਸਿੰਡ੍ਰੋਮ:
ਜਦੋਂ ਅਸੀਂ ਸਕਰੀਨ ’ਤੇ ਲਗਾਤਾਰ ਦੇਖਦੇ ਹਾਂ, ਤਾਂ ਪਲਕਾਂ ਝਪਕਣ ਦੀ ਦਰ 66 ਪ੍ਰਤੀਸ਼ਤ ਤੱਕ ਘਟ ਜਾਂਦੀ ਹੈ ਇਸ ਦਾ ਨਤੀਜਾ ਹੁੰਦਾ ਹੈ ਹੰਝੂ ਗ੍ਰੰਥੀਆਂ ਦਾ ਘੱਟ ਸਰਗਰਮ ਹੋਣਾ ਅਤੇ ਹੰਝੂਆਂ ਦੇ ਵਾਸ਼ਪੀਕਰਨ ਦੀ ਗਤੀ ’ਚ ਵਾਧਾ ਇਸ ਨਾਲ ਅੱਖਾਂ ਸੁੱਕਣ ਲੱਗਦੀਆਂ ਹਨ, ਜਲਣ ਹੁੰਦੀ ਹੈ ਅਤੇ ਅਸਹਿਜ਼ਤਾ ਮਹਿਸੂਸ ਹੁੰਦੀ ਹੈ
ਥਕਾਵਟ ਅਤੇ ਧੁੰਦਲੀ ਨਜ਼ਰ:
ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਨੇੜੇ ਦੀ ਚੀਜ਼ (ਸਕ੍ਰੀਨ) ’ਤੇ ਲੰਮੇ ਸਮੇਂ ਤੱਕ ਫੋਕਸ ਬਣਾਈ ਰੱਖਣ ’ਚ ਮਿਹਨਤ ਕਰਨੀ ਪੈਂਦੀ ਹੈ ਇਹ ਯਤਨ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਥਕਾ ਦਿੰਦਾ ਹੈ, ਜਿਸ ਨਾਲ ਅਸਥਾਈ ਧੁੰਦਲਾਪਣ, ਦੂਹਰੀ ਦ੍ਰਿਸ਼ਟੀ ਅਤੇ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ
ਨੀਲੀ ਰੌਸ਼ਨੀ ਦਾ ਅਸਰ:
ਡਿਜ਼ੀਟਲ ਸਕ੍ਰੀਨ ’ਚੋਂ ਨਿੱਕਲਣ ਵਾਲੀ ਨੀਲੀ ਰੌਸ਼ਨੀ ਸਿੱਧੇ ਰੈਟੀਨਾ ਤੱਕ ਪਹੁੰਚਦੀ ਹੈ ਇਹ ਮੈਲਾਟੋਨਿਨ ਹਾਰਮੋਨ ਦੇ ਰਿਸਾਅ ਨੂੰ ਰੋਕਦੀ ਹੈ, ਜਿਸ ਨਾਲ ਨੀਂਦ ਦੀ ਗੁਣਵੱਤਾ ਖਰਾਬ ਹੁੰਦੀ ਹੈ ਲੰਮੇ ਸਮੇਂ ’ਚ ਇਹ ਅੱਖਾਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਏਜ਼-ਰਿਲੇਟਡ ਮੈਕਿਊਲਰ ਡਿਜੇਨੇਰੇਸ਼ਨ ਦਾ ਕਾਰਨ ਬਣ ਸਕਦੀ ਹੈ
ਅੱਖਾਂ ਦਾ ਤਣਾਅ ਅਤੇ ਚੱਕਰ ਆਉਣਾ:
ਲਗਾਤਾਰ ਸਕ੍ਰੀਨ ਵੱਲ ਦੇਖਣ ਨਾਲ ਅੱਖਾਂ ਦੇ ਆਸ-ਪਾਸ ਖੂਨ ਪ੍ਰਵਾਹ ਅਤੇ ਆਕਸੀਜਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸਿਰ ’ਚ ਭਾਰੀਪਣ, ਚੱਕਰ ਤੇ ਅੱਖਾਂ ’ਚ ਖਿਚਾਅ ਦੀ ਸਮੱਸਿਆ ਸਾਹਮਣੇ ਆਉਂਦੀ ਹੈ
ਗਲੂਕੋਮਾ ਅਤੇ ਰੈਟੀਨਲ ਨੁਕਸਾਨ ਦਾ ਜ਼ੋਖਿਮ:
ਹਾਲਾਂਕਿ ਇਹ ਲੱਛਣ ਹੌਲੀ-ਹੌਲੀ ਸਾਹਮਣੇ ਆਉਂਦੇ ਹਨ, ਪਰ ਲੰਮੇ ਸਮੇਂ ਤੱਕ ਡਿਜ਼ੀਟਲ ਉਪਕਰਨਾਂ ਦੀ ਜ਼ਿਆਦਾ ਵਰਤੋਂ ਅੱਖਾਂ ’ਤੇ ਦਬਾਅ ਵਧਾ ਸਕਦੀ ਹੈ, ਜੋ ਗਲੂਕੋਮਾ ਵਰਗੇ ਸਥਾਈ ਅੱਖਾਂ ਦੇ ਰੋਗ ਦਾ ਕਾਰਨ ਬਣ ਸਕਦਾ ਹੈ
ਬਚਾਅ ਦੇ ਪ੍ਰਭਾਵਸ਼ਾਲੀ ਤਰੀਕੇ ਅਤੇ ਇਲਾਜ ਦਾ ਸੁਝਾਅ
20-20-20 ਨਿਯਮ ਦਾ ਪਾਲਣ ਕਰੋ:
ਹਰ 20 ਮਿੰਟਾਂ ਬਾਅਦ, 20 ਫੁੱਟ ਦੂਰ ਕਿਸੇ ਚੀਜ਼ ਨੂੰ 20 ਸੈਕਿੰਡਾਂ ਤੱਕ ਦੇਖਣ ਨਾਲ ਅੱਖਾਂ ਦੀਆਂ ਥੱਕੀਆਂ ਹੋਈਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਫੋਕਸਿੰਗ ਸਮਰੱਥਾ ਬਣੀ ਰਹਿੰਦੀ ਹੈ
ਸਕ੍ਰੀਨ ਸੈਟਿੰਗਸ ਨੂੰ ਅਨੁਕੂਲ ਬਣਾਓ:
ਬ੍ਰਾਈਟਨੈੱਸ ਅਤੇ ਕੰਟ੍ਰਾਸਟ ਕਮਰੇ ਦੀ ਰੌਸ਼ਨੀ ਦੇ ਅਨੁਸਾਰ ਰੱਖੋ ਨਾਈਟ ਮੋਡ ਜਾਂ ਬਲੂ ਲਾਈਟ ਫਿਲਟਰ ਆੱਨ ਕਰੋ, ਜਿਸ ਨਾਲ ਨੀਲੀ ਰੌਸ਼ਨੀ ਦਾ ਅਸਰ ਘੱਟ ਹੋ ਸਕੇ ਐਂਟੀ-ਗਲੇਅਰ ਸਕ੍ਰੀਨ ਜਾਂ ਮੈਟ ਫਿਨਿਸ਼ ਪ੍ਰੋਟੈਕਟਰ ਦੀ ਵਰਤੋਂ ਕਰੋ
ਪਲਕ ਝਪਕਾਉਣਾ ਆਦਤ ਬਣਾਓ:
ਹਰੇਕ ਮਿੰਟ ’ਚ ਆਮ ਤੌਰ ’ਤੇ ਅਸੀਂ 15-20 ਵਾਰ ਪਲਕਾਂ ਝਪਕਾਉਂਦੇ ਹਾਂ, ਪਰ ਸਕ੍ਰੀਨ ’ਤੇ ਕੰਮ ਕਰਦੇ ਹੋਏ ਇਹ ਦਰ 5-7 ਤੱਕ ਡਿੱਗ ਜਾਂਦੀ ਹੈ ਇਸ ਕਾਰਨ ਅੱਖਾਂ ਸੁੱਕ ਜਾਂਦੀਆਂ ਹਨ ਇਸ ਲਈ ਵਾਰ-ਵਾਰ ਪਲਕਾਂ ਝਪਕਾਉਣਾ ਅੱਖਾਂ ਨੂੰ ਨਮ ਬਣਾਈ ਰੱਖਣ ਦਾ ਸੌਖਾ ਤਰੀਕਾ ਹੈ
ਸਕ੍ਰੀਨ ਅਤੇ ਅੱਖਾਂ ਵਿਚਕਾਰ ਸਹੀ ਦੂਰੀ ਬਣਾਈ ਰੱਖੋ:
ਕੰਪਿਊਟਰ ਸਕ੍ਰੀਨ ਘੱਟ ਤੋਂ ਘੱਟ 20-24 ਇੰਚ (ਲਗਭਗ 1.5 ਤੋਂ 2 ਫੁੱਟ) ਦੀ ਦੂਰੀ ’ਤੇ ਅਤੇ ਅੱਖਾਂ ਦੇ ਪੱਧਰ ਤੋਂ ਥੋੜ੍ਹੀ ਹੇਠਾਂ ਹੋਣੀ ਚਾਹੀਦੀ ਹੈ
ਰੌਸ਼ਨੀ ਦੀ ਵਿਵਸਥਾ ’ਤੇ ਧਿਆਨ ਦਿਓ:
ਸਕ੍ਰੀਨ ਦੇ ਪਿੱਛੇ ਜਾਂ ਉੱਪਰ ਬਹੁਤ ਤੇਜ਼ ਰੌਸ਼ਨੀ ਅੱਖਾਂ ਨੂੰ ਚੁਭਦੀ ਹੈ ਹਮੇਸ਼ਾ ਡਾਇਰੈਕਟ ਰੌਸ਼ਨੀ ਤੋਂ ਬਚੋ ਅਤੇ ਕਮਰੇ ਦੀ ਰੌਸ਼ਨੀ ਨੂੰ ਸੰਤੁਲਿਤ ਰੱਖੋ
ਹਰ ਦੋ ਘੰਟਿਆਂ ਬਾਅਦ 10-15 ਮਿੰਟਾਂ ਦਾ ਬ੍ਰੇਕ ਲਓ:
ਅੱਖਾਂ ਨੂੰ ਥਕਾਵਟ ਤੋਂ ਬਚਾਉਣ ਲਈ ਦੋ ਘੰਟੇ ਸਕ੍ਰੀਨ ਦੀ ਵਰਤੋਂ ਕਰਨ ਤੋਂ ਬਾਅਦ ਛੋਟੇ ਬ੍ਰੇਕ ਲਓ ਇਸ ਦੌਰਾਨ ਹਲਕੀ ਸਟ੍ਰੈਚਿੰਗ ਕਰੋ ਅਤੇ ਦੂਰ ਦੀਆਂ ਚੀਜ਼ਾਂ ਨੂੰ ਦੇਖੋ
ਡਾ. ਮੋਨਿਕਾ ਗਰਗ ਅੱਖਾਂ ਦੇ ਰੋਗਾਂ ਦੇ ਮਾਹਿਰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ

































































