Working woman’s: ਨੌਕਰੀਪੇਸ਼ਾ ਔਰਤਾਂ ਦਾ ਅਜਿਹਾ ਹੋਵੇ ਗ੍ਰਹਿਸਥ ਜੀਵਨ
ਗ੍ਰਹਿਸਥੀ ਨੂੰ ਸਹੀ ਅਤੇ ਵਧੀਆ ਢੰਗ ਨਾਲ ਚਲਾਉਣ ਲਈ ਔਰਤ, ਮਰਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਇਸ ਕੰਮ ’ਚ ਉਹ ਆਫਿਸ ਤਾਂ ਜਾਂਦੀ ਹੀ ਹੈ, ਨਾਲ ਹੀ ਨਾਲ ਘਰ ਪਰਿਵਾਰ , ਬੱਚਿਆਂ ਦੀ ਦੇਖਭਾਲ ਦੀ ਪੂਰੀ ਜਿੰਮੇਵਾਰੀ ਵੀ ਉਸ ਦੇ ਮੋਢਿਆਂ ’ਤੇ ਹੈ ਇਨ੍ਹਾਂ ਦੋ ਪਾਲਿਆ ’ਚ ਵੰਡੀ ਹੋਈ ਔਰਤ ਨੂੰ ਬਾਹਰ ਅਤੇ ਘਰ ਦੋਵਾਂ ਨੂੰ ਸੰਭਾਲਣਾ ਪੈਂਦਾ ਹੈ
ਗ੍ਰਹਿਸਥੀ ਨੂੰ ਚਲਾਉਣ ਲਈ ਜਿੰਨੀ ਲੋੜ ਪੈਸਿਆਂ ਦੀ ਹੈ ਓਨੀ ਲੋੜ ਪਿਆਰ ਅਤੇ ਦੇਖਭਾਲ ਦੀ ਵੀ ਹੈ ਇਸ ਲਈ ਨੌਕਰੀਪੇਸ਼ਾ ਔਰਤਾਂ ਨੂੰ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਵਿਉਂਤਬੰਦ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਭਲੀ-ਭਾਂਤੀ ਨਿਭਾਅ ਸਕਣ
ਆਓ ਦੇਖੀਏ ਵਿਉਂਤਬੰਦੀ ਦੇ ਵੱਖ-ਵੱਖ ਪੜਾਅ:-
- ਸਭ ਤੋਂ ਪਹਿਲੀ ਅਤੇ ਮੁੱਖ ਗੱਲ ਇਹ ਹੈ ਕਿ ਆਪਣੇ ਕੰਮਾਂ ਨੂੰ ਵਿਉਂਤਬੰਦ ਕਰਕੇ ਉਨ੍ਹਾਂ ਨੂੰ ਯੋਜਨਾ ਦਾ ਰੂਪ ਦਿਓ ਜਿਵੇਂ ਸਵੇਰੇ ਉੱਠ ਕੇ ਕੀ-ਕੀ ਕੰਮ ਕਰਨੇ ਹਨ ਤਾਂ ਕਿ ਤੁਸੀਂ ਸਾਰੇ ਕੰਮ ਸਮੇਂ ’ਤੇ ਕਰ ਸਕੋ
- ਸਵੇਰੇ ਜੋ ਨਾਸ਼ਤਾ ਬਣਾਉਣਾ ਹੈ, ਉਹ ਰਾਤ ਨੂੰ ਸੋਚ ਲਓ ਅਤੇ ਸੰਭਵ ਹੋਵੇ ਤਾਂ ਮਸਾਲੇ ਰਾਤ ਨੂੰ ਹੀ ਤਿਆਰ ਕਰਕੇ ਫਰਿੱਜ਼ ’ਚ ਰੱਖ ਲਓ
- ਬੱਚਿਆਂ ਦੇ ਬੈਗ ਰਾਤ ਨੂੰ ਹੀ ਤਿਆਰ ਕਰਕੇ ਰੱਖੋ ਬੱਚਿਆਂ ਦੀ ਸਕੂਲ ਡਰੈੱਸ ਰਾਤ ਨੂੰ ਹੀ ਪ੍ਰੈੱਸ ਕਰ ਲਓ ਟਾਈ, ਬੈਲਟ, ਜ਼ੁਰਾਬਾਂ ਆਦਿ ਸੰਭਾਲ ਕੇ ਰੱਖੋ ਅਤੇ ਬੱਚਿਆਂ ਨੂੰ ਸਿਖਾਓ ਕਿ ਆਪਣੇ ਕੱਪੜਿਆਂ, ਚੀਜ਼ਾਂ ਆਦਿ ਨੂੰ ਸਹੀ ਥਾਂ ਰੱਖਣ ਅਤੇ ਲੋੜ ਪੈਣ ’ਤੇ ਤੁਹਾਡੇ ਤੋਂ ਮੰਗਣ ਦੀ ਬਜਾਏ ਉਹ ਖੁਦ ਇਨ੍ਹਾਂ ਨੂੰ ਚੁੱਕ ਲੈਣ ਇਸ ਨਾਲ ਬੱਚੇ ਆਤਮ-ਨਿਰਭਰ ਬਣਦੇ ਹਨ
- ਇਸੇ ਤਰ੍ਹਾਂ ਪਤੀ ਦੇ ਕੱਪੜੇ, ਬ੍ਰੀਫਕੇਸ ਆਦਿ ਵੀ ਰਾਤ ਨੂੰ ਹੀ ਸਹੀ ਜਗ੍ਹਾ ਰੱਖ ਦਿਓ ਤਾਂ ਕਿ ਸਵੇਰੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
- ਇਹ ਤਾਂ ਹੋਈ ਬੱਚਿਆਂ ਅਤੇ ਪਤੀ ਦੀ ਸਵੇਰ ਦੀ ਤਿਆਰੀ ਹੁਣ ਖੁਦ ’ਤੇ ਵੀ ਧਿਆਨ ਦਿਓ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਹੀ ਆਪਣੇ ਆਫਿਸ ਜਾਣ ਦੀ ਤਿਆਰੀ ਕਰੋ ਪਤੀ ਦਾ ਲੰਚ ਪੈਕ ਕਰਦੇ ਸਮੇਂ ਆਪਣਾ ਵੀ ਲੰਚ ਪੈਕ ਕਰ ਲਓ ਜੇਕਰ ਤੁਹਾਡਾ ਆਫਿਸ ਪਤੀ ਦੇ ਦਫਤਰ ਦੇ ਰਸਤੇ ’ਚ ਆਉਂਦਾ ਹੈ ਤਾਂ ਆਪਣੇ ਪਤੀ ਤੋਂ ਲਿਫਟ ਲੈਣ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਨੂੰ ਆਪਣੇ ਪਤੀ ਨਾਲ ਕੁਝ ਗੱਲਾਂ ਕਰਨ ਦਾ ਵੀ ਸਮਾਂ ਮਿਲ ਜਾਵੇਗਾ ਅਤੇ ਤੁਸੀਂ ਦਫਤਰ ਵੀ ਸਮੇਂ ’ਤੇ ਪਹੁੰਚ ਜਾਓਗੇ
- ਜੇਕਰ ਤੁਹਾਡੀ ਤਨਖਾਹ ਵਧੀਆ ਹੈ ਤਾਂ ਨੌਕਰਾਣੀ ਰੱਖ ਲਓ ਇਸ ਨਾਲ ਤੁਹਾਨੂੰ ਕਾਫੀ ਮੱਦਦ ਮਿਲੇਗੀ
- ਨੌਕਰ ਜਾਂ ਨੌਕਰਾਣੀ ਰੱਖਦੇ ਸਮੇਂ ਖਾਸ ਤੌਰ ’ਤੇ ਅਲਮਾਰੀ ਜਾਂ ਅਜਿਹਾ ਕਮਰਾ, ਜਿਸ ’ਚ ਕੀਮਤੀ ਸਾਮਾਨ ਹੋਵੇ, ਉਨ੍ਹਾਂ ਨੂੰ ਜਿੰਦਰਾ ਮਾਰ ਕੇ ਰੱਖੋ ਗਹਿਣੇ ਅਤੇ ਕੈਸ਼ ਨੂੰ ਬੈਂਕ ਲਾੱਕਰ ’ਚ ਰੱਖੋ
- ਦਫਤਰ ਜਾਂਦੇ ਸਮੇਂ ਨੌਕਰ ਜਾਂ ਨੌਕਰਾਣੀ ਨੂੰ ਉਨ੍ਹਾਂ ਦੇ ਕੰਮ ਰੋਜ਼ ਸਮਝਾਉਣ ਦੀ ਬਜਾਏ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੁਝ ਕੰਮਾਂ ਦੀ ਜਿੰਮੇਵਾਰੀ ਸੌਂਪ ਦਿਓ ਜਿਵੇਂ ਸਫਾਈ, ਕੱਪੜੇ ਧੋਣਾ, ਭਾਂਡੇ ਸਾਫ ਕਰਨਾ ਆਦਿ ਬੱਚਿਆਂ ਦੇ ਲੰਚ ਦਾ ਵੀ ਉਨ੍ਹਾਂ ਨੂੰ ਸਮਝਾ ਦਿਓ ਤਾਂ ਕਿ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਸਮੇਂ ’ਤੇ ਮਿਲਦਾ ਰਹੇ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਤੁਸੀਂ ਬੱਚਿਆਂ ਲਈ
- ਫਲ ਰੱਖ ਕੇ ਜਾਂਦੇ ਹੋ ਪਰ ਨੌਕਰ, ਨੌਕਰਾਣੀ ਉਸ ਨੂੰ ਖਾ ਲੈਂਦੇ ਹਨ ਇਸ ਲਈ ਘਰ ਜਾ ਕੇ ਬੱਚਿਆਂ ਤੋਂ ਪੁੱਛੋ ਕਿ ਉਨ੍ਹਾਂ ਨੇ ਖਾਣੇ ਦੇ ਨਾਲ ਫਲ ਖਾਧੇ ਹਨ ਕਿ ਨਹੀਂ
- ਜੇਕਰ ਤੁਹਾਡੇ ਬੱਚੇ ਟਿਊਸ਼ਨ ਪੜ੍ਹਦੇ ਹਨ ਅਤੇ ਟਿਊਸ਼ਨ ਟੀਚਰ ਘਰੇ ਆਉਂਦਾ ਹੈ ਤਾਂ ਤੁਸੀਂ ਬੱਚਿਆਂ ਦੀ ਪੜ੍ਹਾਈ ਵੱਲੋਂ ਲਾਪਰਵਾਹ ਨਾ ਰਹੋ ਖੁਦ ਵੀ ਸਮੇਂ-ਸਮੇਂ ’ਤੇ ਟਿਊਸ਼ਨ ਟੀਚਰ ਨਾਲ ਬੱਚੇ ਦੀ ਪੜ੍ਹਾਈ ਬਾਰੇ ਗੱਲ ਕਰਦੇ ਰਹੋ ਖੁਦ ਵੀ ਬੱਚੇ ਨੂੰ ਪੜ੍ਹਾਓ ਅਤੇ ਉਸ ਦੇ ਸਕੂਲ ਦੀਆਂ ਕਾਪੀਆਂ ਅਤੇ ਡਾਇਰੀ ਜ਼ਰੂਰ ਦੇਖੋ ਹਫਤੇ ’ਚ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਘੁਮਾਉਣ ਲੈ ਜਾਓ ਤਾਂ ਕਿ ਬੱਚੇ ਛੁੱਟੀ ਦਾ ਅਨੰਦ ਲੈ ਸਕਣ ਕੋਸ਼ਿਸ਼ ਕਰੋ ਕਿ ਤੁਸੀਂ ਛੁੱਟੀ ਵਾਲੇ ਦਿਨ ਬੱਚਿਆਂ ਦੇ ਨਾਲ ਹੀ ਰਹੋ ਇਸ ਨਾਲ ਤੁਹਾਡੇ ਹਫਤੇ ਭਰ ਦੀ ਕਮੀ ਪੂਰੀ ਹੋ ਜਾਵੇਗੀ
- ਦਫਤਰ ਦੇ ਕੰਮ ਘਰ ’ਚ ਨਾ ਲਿਆਓ ਉਨ੍ਹਾਂ ਨੂੰ ਦਫਤਰ ’ਚ ਹੀ ਨਿਪਟਾ ਕੇ ਆਓ
- ਰਾਤ ਨੂੰ ਸਭ ਕੰਮ ਨਿਪਟਾ ਲੈਣ ਤੋਂ ਬਾਅਦ ਪਤੀ ਦੇ ਨਾਲ ਕੁਝ ਸਮਾਂ ਟੀਵੀ ਦੇਖੋ ਕਿਉਂਕਿ ਤੁਹਾਡੇ ਲਈ ਵੀ ਮਨੋਰੰਜਨ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਜੀਵਨ ਬੇਰਸ ਬਣ ਜਾਵੇਗਾ ਟੀਵੀ ਦੇਖਣ ਦੇ ਨਾਲ-ਨਾਲ ਉਨ੍ਹਾਂ ਦੇ ਕੰਮ ਅਤੇ ਮੁਸ਼ਕਿਲਾਂ ਬਾਰੇ ਪੁੱਛੋ ਅਤੇ ਉਨ੍ਹਾਂ ਨੂੰ ਸਲਾਹ ਦਿਓ ਉਨ੍ਹਾਂ ਤੋਂ ਆਪਣੀਆਂ ਕਠਿਨਾਈਆਂ ਬਾਰੇ ਵੀ ਸਲਾਹ ਲਓ
- ਸਭ ਤੋਂ ਜ਼ਰੂਰੀ ਗੱਲ, ਤੁਸੀਂ ਪੂਰੇ ਦਿਨ ’ਚ ਕੁਝ ਸਮਾਂ ਆਪਣੀ ਦੇਖਭਾਲ ਨੂੰ ਵੀ ਦਿਓ ਆਪਣੀ ਸੁੰਦਰਤਾ ਪ੍ਰਤੀ ਸੁਚੇਤ ਰਹੋ ਜੇਕਰ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਤਾਂ ਆਟਾ ਗੁੰਨ੍ਹਦੇ ਸਮੇਂ ਜਾਂ ਕੋਈ ਵੀ ਕੰਮ ਕਰਦੇ ਸਮੇਂ ਪੰਜ-ਦਸ ਮਿੰਟ ਕੋਈ ਫੇਸ ਪੈਕ ਲਾ ਲਓ ਇਸ ਨਾਲ ਤੁਹਾਡਾ ਚਿਹਰਾ ਵੀ ਤੁਹਾਡੇ ਕੰਮ ਵਾਂਗ ਨਿੱਖਰਿਆ ਨਜ਼ਰ ਆਵੇਗਾ -ਸੋਨੀ ਮਲਹੋਤਰਾ


































































