Strength ਅੰਦਰੂਨੀ ਮਜ਼ਬੂਤੀ ’ਚ ਹੀ ਹੁੰਦੀ ਹੈ ਅਸਲ ਸੁਰੱਖਿਆ
ਕਾਂਵਾਂ ਦਾ ਇੱਕ ਜੋੜਾ ਕਿਤਿਓਂ ਉੱਡਦਾ ਹੋਇਆ ਆਇਆ ਅਤੇ ਇੱਕ ਉੱਚੇ ਜਿਹੇ ਰੁੱਖ ’ਤੇ ਆਲ੍ਹਣਾ ਬਣਾਉਣ ’ਚ ਲੱਗ ਗਿਆ ਕਾਂਵਾਂ ਨੂੰ ਇਸ ਰੁੱਖ ’ਤੇ ਆਲ੍ਹਣਾ ਬਣਾਉਂਦੇ ਦੇਖ ਇੱਕ ਚੂਹੀ ਨੇ ਉਨ੍ਹਾਂ ਨੂੰ ਕਿਹਾ, ‘‘ਦੇਖੋ ਭਾਈ ਇੱਥੇ ਆਲ੍ਹਣਾ ਨਾ ਬਣਾਓ ਇੱਥੇ ਆਲ੍ਹਣਾ ਬਣਾਉਣਾ ਸੁਰੱਖਿਅਤ ਨਹੀਂ ਹੈ’’ ਚੂਹੀ ਦੀ ਗੱਲ ਸੁਣ ਕੇ ਕਾਂਵਾਂ ਨੇ ਕਿਹਾ, ‘‘ਆਲ੍ਹਣਾ ਬਣਾਉਣ ਲਈ ਇਸ ਉੱਚੇ ਰੁੱਖ ਤੋਂ ਵੱਧ ਸੁਰੱਖਿਅਤ ਥਾਂ ਕਿਹੜੀ ਹੋਵੇਗੀ?’’ ਚੂਹੀ ਨੇ ਫਿਰ ਕਿਹਾ, ‘‘ਦੇਖੋ ਭਾਈ ਉੱਚਾ ਹੁੰਦੇ ਹੋਏ ਵੀ ਇਹ ਰੁੱਖ ਸੁਰੱਖਿਅਤ ਨਹੀਂ ਹੈ’’
ਚੂਹੀ ਆਪਣੀ ਗੱਲ ਪੂਰੀ ਵੀ ਨਹੀ ਕਰ ਸਕੀ ਸੀ ਕਿ ਕਾਂਵਾਂ ਨੇ ਵਿਚਾਲੇ ਹੀ ਚੂਹੀ ਨੂੰ ਰੋਕ ਕੇ ਡਾਂਟਦੇ ਹੋਏ ਕਿਹਾ, ‘‘ਸਾਡੇ ਕੰਮ ’ਚ ਦਖ਼ਲ ਨਾ ਦਿਓ ਅਤੇ ਆਪਣਾ ਕੰਮ ਦੇਖੋ ਅਸੀਂ ਪੂਰਾ ਦਿਨ ਜੰਗਲਾਂ ਦੇ ਉੱਪਰ ਉੱਡਦੇ ਰਹਿੰਦੇ ਹਾਂ ਅਤੇ ਸਾਰੇ ਜੰਗਲਾਂ ਨੂੰ ਹਰ ਤਰ੍ਹਾਂ ਜਾਣਦੇ ਹਾਂ ਤੂੰ ਜ਼ਮੀਨ ਦੇ ਅੰਦਰ ਰਹਿਣ ਵਾਲੀ ਛੋਟੀ ਜਿਹੀ ਚੂਹੀ ਰੁੱਖਾਂ ਬਾਰੇ ਕੀ ਜਾਣੇਂ?’’ ਇਹ ਕਹਿ ਕੇ ਕਾਂ ਫਿਰ ਆਪਣਾ ਆਲ੍ਹਣਾ ਬਣਾਉਣ ’ਚ ਰੁੱਝ ਗਏ
ਕੁਝ ਦਿਨਾਂ ਦੀ ਮਿਹਨਤ ਨਾਲ ਕਾਵਾਂ ਨੇ ਇੱਕ ਵਧੀਆ ਆਲ੍ਹਣਾ ਤਿਆਰ ਕਰ ਲਿਆ ਅਤੇ ਮਾਦਾ ਕਾਂ ਨੇ ਉਸ ’ਚ ਆਂਡੇ ਵੀ ਦੇ ਦਿੱਤੇ ਹਾਲੇ ਆਂਡਿਆਂ ’ਚੋਂ ਬੱਚੇ ਨਿੱਕਲੇ ਵੀ ਨਹੀਂ ਸਨ ਕਿ ਇੱਕ ਦਿਨ ਅਚਾਨਕ ਹਨੇ੍ਹਰੀ ਚੱਲਣ ਲੱਗੀ ਰੁੱਖ ਹਵਾ ’ਚ ਜ਼ੋਰ-ਜ਼ੋਰ ਨਾਲ ਝੂਲਣ ਲੱਗਾ ਹਨੇ੍ਹਰੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਅਤੇ ਦੇਖਦੇ-ਦੇਖਦੇ ਰੁੱਖ ਜੜ੍ਹ ਸਮੇਤ ਉੱਖੜ ਕੇ ਤਹਿਸ-ਨਹਿਸ ਹੋ ਗਿਆ ਕਾਂ ਦਾ ਆਲ੍ਹਣਾ ਦੂਰ ਜਾ ਡਿੱਗਾ, ਅਤੇ ਉਸ ’ਚੋਂ ਆਂਡੇ ਨਿੱਕਲ ਕੇ ਧਰਤੀ ’ਤੇ ਡਿੱਗ ਕੇ ਟੁੱਟ ਗਏ ਕਾਂਵਾਂ ਦਾ ਪੂਰਾ ਸੰਸਾਰ ਪਲ ਭਰ ’ਚ ਉੱਜੜ ਗਿਆ ਉਹ ਰੋਣ-ਕੁਰਲਾਉਣ ਲੱਗੇ
ਇਹ ਸਭ ਦੇਖ ਕੇ ਚੂਹੀ ਨੂੰ ਵੀ ਬੜਾ ਦੁੱਖ ਹੋਇਆ ਅਤੇ ਕਾਂਵਾਂ ਕੋਲ ਆ ਕੇ ਬੋਲੀ, ‘‘ਤੁਸੀਂ ਸਮਝਦੇ ਸੀ ਕਿ ਤੁਸੀਂ ਪੂਰੇ ਜੰਗਲ ਨੂੰ ਜਾਣਦੇ ਹੋ ਪਰ ਤੁਸੀਂ ਰੁੱਖ ਨੂੰ ਸਿਰਫ ਬਾਹਰੋਂ ਦੇਖਿਆ ਸੀ ਰੁੱਖ ਦੀ ਉੱਚਾਈ ਦੇਖੀ ਸੀ, ਜੜ੍ਹਾਂ ਦੀ ਡੂੰਘਾਈ ਅਤੇ ਸਿਹਤ ਨਹੀਂ ਦੇਖੀ ਮੈਂ ਰੁੱਖ ਨੂੰ ਅੰਦਰੋਂ ਦੇਖਿਆ ਸੀ ਰੁੱਖ ਦੀਆਂ ਜੜ੍ਹਾਂ ਸੜ ਕੇ ਹੌਲੀ-ਹੌਲੀ ਕਮਜ਼ੋਰ ਹੁੰਦੀਆਂ ਜਾ ਰਹੀਆਂ ਸਨ ਤੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਤੁਸੀਂ ਮੇਰੀ ਗੱਲ ਵਿਚਾਲੇ ਹੀ ਕੱਟ ਦਿੱਤੀ ਅਤੇ ਆਪਣੀ ਜਿੱਦ ’ਤੇ ਅੜੇ ਰਹੇ ਇਸ ਲਈ ਅੱਜ ਇਹ ਦਿਨ ਦੇਖਣਾ ਪਿਆ
ਕਿਸੇ ਚੀਜ਼ ਨੂੰ ਸਿਰਫ ਬਾਹਰੋਂ ਜਾਣਨਾ ਹੀ ਕਾਫੀ ਨਹੀਂ ਹੁੰਦਾ ਸਗੋਂ ਅੰਦਰੋਂ ਜਾਣਨਾ ਵੀ ਜ਼ਰੂਰੀ ਹੈ ਜੋ ਚੀਜ਼ ਅੰਦਰੋਂ ਸੁਰੱਖਿਅਤ ਨਹੀਂ, ਉਹ ਬਾਹਰੋਂ ਕਿਵੇਂ ਸੁਰੱਖਿਅਤ ਹੋਵੇਗੀ? ਇਹ ਗੱਲ ਮਨੁੱਖ ਦੇ ਸੰਦਰਭ ’ਚ ਵੀ ਕਹੀ ਜਾ ਸਕਦੀ ਹੈ ਮਨੁੱਖ ਦੀ ਮਜ਼ਬੂਤੀ ਸਿਰਫ ਉਸ ਦੇ ਭੌਤਿਕ ਸਰੀਰ ’ਚ ਨਹੀ ਸਗੋਂ ਉਸ ਦੇ ਮਨੋਭਾਵਾਂ ’ਚ ਹੈ ਜੇਕਰ ਮਨੁੱਖ ਅੰਦਰੋਂ ਕਮਜ਼ੋਰ ਹੈ ਅਰਥਾਤ ਉਸ ਦਾ ਮਨ ਆਦਿ ਵਿਕਾਰਾਂ ਨਕਾਰਾਤਮਕ ਭਾਵਾਂ ਨਾਲ ਭਰਿਆ ਹੈ ਤਾਂ ਇੱਕ ਦਿਨ ਇਹ ਸਰੀਰ ਵੀ ਕਈ ਰੋਗਾਂ ਦਾ ਸ਼ਿਕਾਰ ਹੋ ਕੇ ਕਮਜ਼ੋਰ ਜੜ੍ਹ ਵਾਲੇ ਰੁੱਖ ਵਾਂਗ ਛੇਤੀ ਹੀ ਨਸ਼ਟ ਹੋ ਕੇ ਢਹਿ ਜਾਵੇਗਾ
ਜ਼ਰੂਰੀ ਹੈ ਕਿ ਅਸੀਂ ਖੁਦ ਨੂੰ ਅੰਦਰੋਂ ਮਜ਼ਬੂਤ ਬਣਾਉਣ ਦਾ ਯਤਨ ਕਰੀਏ ਇਸ ਲਈ ਸਾਨੂੰ ਸਰੀਰ ਨੂੰ ਕਮਜੋਰ ਕਰਨ ਵਾਲੇ ਮਨੋਭਾਵਾਂ ਅਰਥਾਤ ਵਿਕਾਰਾਂ ਤੋਂ ਪੂਰੀ ਤਰ੍ਹਾਂ ਮੁਕਤੀ ਪਾਉਣੀ ਹੋਵੇਗੀ ਅਸ਼ਟਾਂਗ ਯੋਗ ਦੇ ਲਗਾਤਾਰ ਅਭਿਆਸ ਨਾਲ ਅਸੀਂ ਨਾ ਸਿਰਫ ਭੌਤਿਕ ਸਿਹਤ ਠੀਕ ਕਰ ਸਕਦੇ ਹਾਂ ਸਗੋਂ ਅੰਦਰੂਨੀ ਵਿਕਾਸ ਦਾ ਵੀ ਇਹੀ ਇੱਕੋ-ਇੱਕ ਤਰੀਕਾ ਹੈ -ਸੀਤਾਰਾਮ ਗੁਪਤਾ

































































