People: ਲੋਕ ਕੀ ਕਹਿਣਗੇ?
ਜ਼ਿੰਦਗੀ ਇੱਕ ਅਜਿਹਾ ਸਫਰ ਹੈ, ਜਿਸ ਵਿਚ ਹਰ ਕਦਮ ’ਤੇ ਇਨਸਾਨ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ’ਚੋਂ ਕੁਝ ਸਾਡੇ ਮਨ ’ਚੋਂ ਉੱਠਦੇ ਹਨ, ਪਰ ਜ਼ਿਆਦਾਤਰ ਸਵਾਲ ਉਹ ਹਨ ਜੋ ਸਮਾਜ, ਰਿਸ਼ਤੇਦਾਰ ਅਤੇ ਆਸ-ਪਾਸ ਦੇ ਲੋਕ ਸਾਡੇ ਸਾਹਮਣੇ ਰੱਖ ਦਿੰਦੇ ਹਨ ਇਨ੍ਹਾਂ ਸਵਾਲਾਂ ਦਾ ਸਭ ਤੋਂ ਵੱਡਾ ਰੂਪ ਹੈ- ‘ਲੋਕ ਕੀ ਕਹਿਣਗੇ?’ ਇਹ ਤਿੰਨ ਸ਼ਬਦਾਂ ਦਾ ਛੋਟਾ ਜਿਹਾ ਵਾਕ ਜ਼ਿੰਦਗੀ ਦੇ ਵੱਡੇ-ਵੱਡੇ ਫੈਸਲਿਆਂ ਨੂੰ ਬਦਲ ਦਿੰਦਾ ਹੈ, ਸੁਫਨਿਆਂ ਨੂੰ ਤੋੜ ਦਿੰਦਾ ਹੈ ਅਤੇ ਇਨਸਾਨ ਨੂੰ ਆਪਣੀ ਮਰਜ਼ੀ ਨਾਲ ਜਿਉਣ ਦੀ ਬਜਾਏ ਸਮਾਜ ਦੀਆਂ ਉਮੀਦਾਂ ਦੇ ਬੋਝ ਹੇਠ ਦਬਾ ਦਿੰਦਾ ਹੈ
ਕਦੇ ਸਮਾਂ ਮਿਲੇ ਤਾਂ ਬੈਠ ਕੇ ਸੋਚੋ, ਜਦੋਂ ਤੁਸੀਂ ਇਸ ਦੁਨੀਆਂ ਤੋਂ ਚਲੇ ਜਾਓਗੇ, ਤਾਂ ਕੀ ਹੋਵੇਗਾ? ਤੁਹਾਡੀ ਲਾਸ਼ ਘਰ ਦੇ ਵਿਹੜੇ ’ਚ ਪਈ ਹੋਵੇਗੀ ਆਸ-ਪਾਸ ਕੁਝ ਲੋਕ ਬੈਠੇ ਹੋਣਗੇ ਕੋਈ ਉਦਾਸ ਹੋਵੇਗਾ, ਕੋਈ ਰੋ ਰਿਹਾ ਹੋਵੇਗਾ, ਪਰ ਇਸ ਦੇ ਨਾਲ ਹੀ ਕੁਝ ਲੋਕ ਆਪਣੇ-ਆਪਣੇ ਗਰੁੱਪਾਂ ’ਚ ਬੈਠ ਕੇ ਗੱਲਾਂ ਕਰ ਰਹੇ ਹੋਣਗੇ ਕੁਝ ਲੋਕ ਆਪਣੇ ਫੋਨ ’ਤੇ ਫੇਸਬੁੱਕ ਦੀ ਪੋਸਟ ਸਕਰੋਲ ਕਰ ਰਹੇ ਹੋਣਗੇ, ਲਾਈਕ ਕਰ ਰਹੇ ਹੋਣਗੇ ਜਾਂ ਸ਼ਾਇਦ ਤੁਹਾਡੀ ਮੌਤ ਦੀ ਖਬਰ ਨੂੰ ਸਟੇਟਸ ਦੇ ਰੂਪ ’ਚ ਪਾ ਰਹੇ ਹੋਣਗੇ
ਥੋੜ੍ਹੇ ਸਮੇਂ ਬਾਅਦ ਘਰ ’ਚ ਰੋਣ ਦੀਆਂ ਤੇਜ਼ ਅਵਾਜ਼ਾਂ ਵੀ ਬੰਦ ਹੋ ਜਾਣਗੀਆਂ ਲੋਕ ਆਪਣੇ-ਆਪਣੇ ਘਰਾਂ ਨੂੰ ਚਲੇ ਜਾਣਗੇ ਤੁਹਾਡਾ ਪਰਿਵਾਰ, ਰਿਸ਼ਤੇਦਾਰਾਂ ਲਈ ਖਾਣ-ਪੀਣ ਦੇ ਪ੍ਰਬੰਧਾਂ ’ਚ ਰੁੱਝ ਜਾਵੇਗਾ ਕੁਝ ਦਿਨਾਂ ਬਾਅਦ ਸਭ ਕੁਝ ਆਮ ਹੋ ਜਾਵੇਗਾ ਤੁਹਾਡੇ ਨਾ ਰਹਿਣ ਨਾਲ ਇਸ ਦੁਨੀਆਂ ਨੂੰ ਕੋਈ ਫਰਕ ਨਹੀਂ ਪਵੇਗਾ ਜੇਕਰ ਇਸ ਦੁਨੀਆ ਨੂੰ ਤੁਹਾਡੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਤਾਂ ਤੁਸੀਂ ਅੱਜ ਇਸ ਦੁਨੀਆਂ ਦੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਨੂੰ ਮੁਸ਼ਕਿਲ ਕਿਉਂ ਬਣਾ ਰਹੇ ਹੋ?
ਜਦੋਂ ਮਾਤਾ-ਪਿਤਾ ਆਪਣੇ ਬੇਟੇ ਜਾਂ ਬੇਟੀ ਦੇ ਵਿਆਹ ਬਾਰੇ ਸੋਚਦੇ ਹਨ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਮਨ ’ਚ ਇਹੀ ਖਿਆਲ ਆਉਂਦਾ ਹੈ ਕਿ ਜੇਕਰ ਅਸੀਂ ਸਾਦਾ ਵਿਆਹ ਕਰ ਲਵਾਂਗੇ, ਤਾਂ ਲੋਕ ਕੀ ਕਹਿਣਗੇ? ਜੇਕਰ ਬੱਚਾ ਪੜ੍ਹਾਈ ਤੋਂ ਬਾਅਦ ਜ਼ਿੰਦਗੀ ’ਚ ਕੁਝ ਵੱਡਾ ਨਾ ਕਰ ਸਕਿਆ ਤਾਂ ਲੋਕ ਸਾਡੀ ਪਰਵਰਿਸ਼ ’ਤੇ ਸਵਾਲ ਚੁੱਕਣਗੇ ਇਹ ਸੋਚ ਸਾਡੇ ਮਨ ’ਚ ਐਨੀ ਡੂੰਘੀ ਬੈਠ ਗਈ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਲਈ ਨਹੀਂ, ਸਗੋਂ ਦੂਜਿਆਂ ਦੀਆਂ ਨਜ਼ਰਾਂ ਦੇ ਹਿਸਾਬ ਨਾਲ ਜਿਉਣ ਲੱਗਦੇ ਹਾਂ
ਇਹ ਸੋਚ ਸਿਰਫ ਵਿਅਕਤੀਗਤ ਜੀਵਨ ਤੱਕ ਸੀਮਤ ਨਹੀਂ ਹੈ ਸਗੋਂ ਸਮਾਜ ਦੇ ਹਰ ਕੋਨੇ ’ਚ ਇਸ ਦਾ ਪਰਛਾਵਾਂ ਦਿਖਾਈ ਦਿੰਦਾ ਹੈ ਜਦੋਂ ਕੋਈ ਨੌਜਵਾਨ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਕੁਝ ਵੱਖਰਾ ਕਰਨ ਦੀ ਧਾਰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਅੰਦਰ ਇਹ ਡਰ ਪੈਦਾ ਹੁੰਦਾ ਹੈ-ਜੇਕਰ ਅਸਫਲ ਹੋ ਗਿਆ ਤਾਂ ਲੋਕ ਕੀ ਕਹਿਣਗੇ? ਕੋਈ ਕਲਾਕਾਰ ਆਪਣੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਹੈ, ਤਾਂ ਉਹ ਸੋਚ ’ਚ ਪੈ ਜਾਂਦਾ ਹੈ ਕਿ ਜੇਕਰ ਲੋਕਾਂ ਨੂੰ ਪਸੰਦ ਨਾ ਆਇਆ, ਤਾਂ ਉਸ ਦਾ ਮਜ਼ਾਕ ਬਣੇਗਾ ਇਹੀ ਡਰ ਹਰ ਕਦਮ ’ਤੇ ਉਸ ਨੂੰ ਰੋਕਦਾ ਹੈ ਅਤੇ ਉਸ ਦੀ ਉਡਾਣ ਤੋਂ ਪਹਿਲਾਂ ਹੀ ਖੰਭ ਕੱਟ ਦਿੰਦਾ ਹੈ
ਇਸ ਮਾਨਸਿਕਤਾ ਦਾ ਸਭ ਤੋਂ ਵੱਡਾ ਨੁਕਸਾਨ ਉਦੋਂ ਦਿਸਦਾ ਹੈ ਜਦੋਂ ਮਾਤਾ-ਪਿਤਾ ਸਮਾਜ ਦੀਆਂ ਨਜ਼ਰਾਂ ਤੋਂ ਡਰ ਕੇ ਆਪਣੇ ਬੱਚਿਆਂ ’ਤੇ ਆਪਣੀਆਂ ਇੱਛਾਵਾਂ ਥੋਪਦੇ ਹਨ ਉਹ ਚਾਹੁੰਦੇ ਹਨ ਕਿ ਬੇਟਾ ਡਾਕਟਰ ਜਾਂ ਇੰਜੀਨੀਅਰ ਬਣੇ, ਸਿਰਫ ਇਸ ਲਈ ਕਿ ਸਮਾਜ ਇਨ੍ਹਾਂ ਪੇਸ਼ਿਆਂ ਨੂੰ ‘ਸਨਮਾਨਜਨਕ’ ਮੰਨਦਾ ਹੈ ਜੇਕਰ ਬੱਚਾ ਕੁਝ ਵੱਖਰਾ ਕਰਨਾ ਚਾਹਵੇ, ਤਾਂ ਪਰਿਵਾਰ ਨੂੰ ਚਿੰਤਾ ਸਤਾਉਂਦੀ ਹੈ ਕਿ ਲੋਕ ਕੀ ਕਹਿਣਗੇ?
ਇਸ ਤੋਂ ਉਲਟ, ਜੋ ਲੋਕ ਜੀਵਨ ’ਚ ਸਫਲ ਹੋਏ ਹਨ, ਉਹ ਇਨ੍ਹਾਂ ਸਮਾਜਿਕ ਬੰਧਨਾਂ ਨੂੰ ਤੋੜਦੇ ਹਨ ਉਹ ਆਪਣੇ ਦਿਲ ਦੀ ਸੁਣਦੇ ਹਨ, ਆਪਣੇ ਸੁਫਨਿਆਂ ਦੇ ਪਿੱਛੇ ਮਿਹਨਤ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਆਪਣੀਆਂ ਸਰਤਾਂ ’ਤੇ ਜਿਉਂਦੇ ਹਨ ਉਹੀ ਲੋਕ ਇਤਿਹਾਸ ਰਚਦੇ ਹਨ ਜ਼ਿੰਦਗੀ ਇੱਕ ਮੌਕਾ ਹੈ,
ਜੋ ਸਾਨੂੰ ਆਪਣੇ ਤਰੀਕੇ ਨਾਲ ਜਿਉਣ ਲਈ ਮਿਲਦਾ ਹੈ ਜੇਕਰ ਅਸੀਂ ਇਸ ਮੌਕੇ ਨੂੰ ਸਮਾਜ ਦੇ ਡਰ ਦੀ ਵਜ੍ਹਾ ਨਾਲ ਗੁਆ ਦਿੰਦੇ ਹਾਂ, ਤਾਂ ਇਹ ਸਾਡੀ ਸਭ ਤੋਂ ਵੱਡੀ ਹਾਰ ਹੈ ਜੋ ਸੁਫਨੇ ਤੁਹਾਡੀਆਂ ਅੱਖਾਂ ’ਚ ਚਮਕ ਲਿਆਉਂਦੇ ਹਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਇਸ ਦੁਨੀਆਂ ਦੀਆਂ ਗੱਲਾਂ ਸੁਣ ਕੇ ਆਪਣੇ-ਆਪ ਨੂੰ ਬੇੜੀਆਂ ’ਚ ਨਾ ਜਕੜੋ, ਕਿਉਂਕਿ ਇਹ ਦੁਨੀਆਂ ਤੁਹਾਡੇ ਬਿਨਾਂ ਵੀ ਚੱਲੇਗੀ, ਪਰ ਤੁਹਾਡੀ ਜ਼ਿੰਦਗੀ ਸਿਰਫ ਤੁਹਾਡੇ ਲਈ ਹੈ -ਸੰਦੀਪ ਕੁਮਾਰ, ਰੂਪਨਗਰ

































































