ਖੁਸ਼ੀ ਨੂੰ ਖੁਸ਼ੀ ਮਿਲੇ, ਅਜਿਹਾ ਕੁਝ ਕਰੀਏ
ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਕਦੇ ਖੁੱਲ੍ਹ ਕੇ, ਕਦੇ ਚੁੱਪਚਾਪ, ਕਦੇ ਕਿਸੇ ਦੀਆਂ ਅੱਖਾਂ ’ਚ ਚਮਕ ਬਣ ਕੇ ਤੇ ਕਦੇ ਆਪਣੀਆਂ ਹੀ ਧੜਕਨਾਂ ’ਚ ਹਲਕੀ ਜਿਹੀ ਮੁਸਕਾਨ ਵਾਂਗ ਪਰ ਜੀਵਨ ਦੀ ਕਾਹਲ ’ਚ ਅਕਸਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਖੁਸ਼ੀ ਖੁਦ ਚੱਲ ਕੇ ਦਰਵਾਜ਼ੇ ’ਤੇ ਨਹੀਂ ਆਉਂਦੀ, ਉਸ ਨੂੰ ਸੱਦਾ ਦੇਣਾ ਪੈਂਦਾ ਹੈ, ਕਦੇ ਆਪਣੇ ਅੰਦਰ ਦੀ ਸ਼ਾਂਤੀ ਨਾਲ, ਕਦੇ ਕਿਸੇ ਹੋੋਰ ਦੇ ਚਿਹਰੇ ਦੀ ਮੁਸਕਾਨ ਨਾਲ ਤੇ ਕਈ ਵਾਰ ਉਨ੍ਹਾਂ ਅਣਚਾਹੇ ਕੰਮਾਂ ਨਾਲ ਜੋ ਦਿਲ ’ਚ ਬਿਨਾਂ ਕਿਸੇ ਧੁਨ ਦੇ ਵੀ ਗੁਣਗੁਨਾਉਣ ਲੱਗਦੇ ਹਨ
Table of Contents
ਖੁਸ਼ੀ ਲੱਭਣ ਦਾ ਨਹੀਂ, ਜਾਗਣ ਦਾ ਨਾਂਅ ਹੈ:
ਜ਼ਿੰਦਗੀ ’ਚ ਕਈ ਲੋਕ ਕਹਿੰਦੇ ਹਨ ਕਿ ਉਹ ਖੁਸ਼ ਨਹੀਂ ਹਨ ਪਰ ਸੱਚ ਇਹ ਹੈ ਕਿ ਖੁਸ਼ੀ ਗੁਆਚਦੀ ਨਹੀਂ ਹੈ, ਬੱਸ ਸੌਂ ਜਾਂਦੀ ਹੈ ਜਿਸ ਤਰ੍ਹਾਂ ਬਰਸਾਤੀ ਮੌਸਮ ’ਚ ਬੱਦਲਾਂ ਦੇ ਪਿੱਛੇ ਸੂਰਜ ਲੁਕ ਜਾਂਦਾ ਹੈ, ਪਰ ਹੁੰਦਾ ਉਹੀ ਹੈ, ਠੀਕ ਉਸੇ ਤਰ੍ਹਾਂ ਸਾਡੀ ਖੁਸ਼ੀ ਵੀ ਸਾਡੀ ਥਕਾਵਟ, ਤਣਾਅ, ਉਮੀਦਾਂ ਅਤੇ ਅਸੰਤੋਖ ਦੇ ਬੱਦਲਾਂ ਦੇ ਪਿੱਛੇ ਲੁਕ ਜਾਂਦੀ ਹੈ ਖੁਸ਼ੀ ਜਾਗਦੀ ਕਦੋਂ ਹੈ? ਜਦੋਂ ਅਸੀਂ ਉਸਨੂੰ ਆਪਣੀ ਮੌਜ਼ੂਦਗੀ ਦਾ ਅਹਿਸਾਸ ਕਰਵਾਉਂਦੇ ਹਾਂ, ਕਿਸੇ ਪੁਰਾਣੇ ਦੋਸਤ ਨੂੰ ਅਚਾਨਕ ਫੋਨ ਕਰਕੇ, ਕਿਸੇ ਅਜ਼ਨਬੀ ਦੀ ਮੱਦਦ ਕਰਕੇ, ਆਪਣੇ ਬੂਟੇ ’ਚ ਨਵਾਂ ਪੱਤਾ ਦੇਖ ਕੇ ਜਾਂ ਫਿਰ ਬੱਸ ਆਪਣੀ ਚਾਹ ਦਾ ਕੱਪ ਦੋਵੇਂ ਹੱਥਾਂ ’ਚ ਫੜ ਕੇ ਇੱਕ ਲੰਮਾ ਸਾਹ ਲੈ ਕੇ ਖੁਸ਼ੀ ਅਕਸਰ ਛੋਟੀ ਹੁੰਦੀ ਹੈ, ਪਰ ਉਸ ਦਾ ਅਸਰ ਬਹੁਤ ਵੱਡਾ ਹੁੰਦਾ ਹੈ
ਖੁਦ ਨੂੰ ਛੋਟਾ ਨਾ ਸਮਝੋ, ਤੁਸੀਂ ਕਿਸੇ ਦੀ ਖੁਸ਼ੀ ਦਾ ਸਰੋਤ ਹੋ:

ਇੱਕ ਸਹਿਕਰਮੀ ਤੁਹਾਡੀ ਮੁਸਕਾਨ ਦੇਖ ਕੇ ਹਰ ਸਵੇਰ ਰਾਹਤ ਦਾ ਸਾਹ ਲੈਂਦਾ ਹੈ ਅਸੀਂ ਸਭ ਅਨਜਾਣੇ ’ਚ ਕਈ ਲੋਕਾਂ ਦੀ ਖੁਸ਼ੀ ਦਾ ਹਿੱਸਾ ਹੁੰਦੇ ਹਾਂ ਬੱਸ, ਸਾਨੂੰ ਉਸ ਭੂਮਿਕਾ ਨੂੰ ਥੋੜ੍ਹੀ ਜਾਗਰੂਕਤਾ ਦੇਣੀ ਹੁੰਦੀ ਹੈ ਖੁਸ਼ੀ ਨੂੰ ਖੁਸ਼ੀ ਦੇਣ ਦਾ ਪਹਿਲਾ ਤਰੀਕਾ ਹੈ, ਕਿਸੇ ਹੋਰ ਲਈ ਰੌਸ਼ਨੀ ਬਣਨਾ, ਜਦੋਂ ਉਨ੍ਹਾਂ ਨੂੰ ਆਪਣੇ ਘਰ ’ਚ ਹਨੇ੍ਹਰਾ ਲੱਗੇ
ਉਨ੍ਹਾਂ ਚੀਜ਼ਾਂ ਨੂੰ ਸਮਾਂ ਦਿਓ, ਜੋ ਤੁਹਾਨੂੰ ਸਮਾਂ ਦੇਣਾ ਚਾਹੁੰਦੀਆਂ ਹਨ:
ਕਦੇ-ਕਦੇ ਖੁਸ਼ੀ ਬਹੁਤ ਆਮ ਰੂਪ ’ਚ ਸਾਡੇ ਕੋਲ ਆਉਂਦੀ ਹੈ, ਇੱਕ ਕਿਤਾਬ, ਇੱਕ ਗੀਤ, ਇੱਕ ਫੁੱਲ, ਇੱਕ ਦੋਸਤ ਦਾ ਹਾਸਾ ਜਾਂ ਆਪਣੀ ਹੀ ਡਾਇਰੀ ਦੇ ਪੰਨਿਆਂ ’ਤੇ ਲਿਖੀਆਂ ਕੁਝ ਅਧੂਰੀਆਂ ਗੱਲਾਂ ਲੈ ਕੇ ਪਰ ਅਸੀਂ ਰੁਝੇਵਿਆਂ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜ਼ਰਾ ਸੋਚੋ, ਤਿੰਨ ਸਾਲ ਤੋਂ ਅਧੂਰੀ ਪਈ ਕਿਤਾਬ, ਕੀ ਸਿਰਫ ਇੱਕ ਕਿਤਾਬ ਹੈ? ਜਾਂ ਫਿਰ ਤੁਹਾਡੀ ਗੁਆਚੀ ਹੋਈ ਖੁਸ਼ੀ, ਜੋ ਭੁੱਲ ਗਈ ਹੈ ਕਿ ਤੁਸੀਂ ਉਸਨੂੰ ਕਦੋਂ ਫਿਰ ਛੂਹੋਗੇ? ਖੁਸ਼ੀ ਨੂੰ ਖੁਸ਼ੀ ਦਿਵਾਉਣੀ ਹੈ ਤਾਂ ਉਨ੍ਹਾਂ ਚੀਜ਼ਾਂ ’ਚ ਫਿਰ ਤੋਂ ਵਾਪਸ ਆਓ, ਜਿਨ੍ਹਾਂ ਨੇ ਕਦੇ ਤੁਹਾਨੂੰ ਆਪਣੇਪਣ ਨਾਲ ਭਰਿਆ ਸੀ
ਰਿਸ਼ਤਿਆਂ ਨੂੰ ਸਿਰਫ ਨਿਭਾਓ ਨਾ, ਉਨ੍ਹਾਂ ਨੂੰ ਜੀਅ ਕੇ ਦੇਖੋ:
ਸਾਡੇ ਕੋਲ ਰਿਸ਼ਤੇ ਤਾਂ ਬਹੁਤ ਹਨ, ਪਰ ਉਨ੍ਹਾਂ ਲਈ ਸਾਡੇ ਕੋਲ ਕਿੰਨਾ ਸਮਾਂ ਹੈ? ਅੱਜ-ਕੱਲ੍ਹ ਲੋਕ ਕਹਿੰਦੇ ਹਨ ਕਿ ਸਾਨੂੰ ਪਿਆਰ ਚਾਹੀਦਾ ਹੈ, ਪਰ ਬਿਨਾਂ ਮਿਹਨਤ ਦੇ ਰਿਸ਼ਤੇ ਚਾਹੀਦੇ ਹਨ, ਪਰ ਬਿਨਾਂ ਗੱਲਬਾਤ ਦੇ ਪਰ ਸੱਚ ਇਹ ਹੈ ਕਿ ਰਿਸ਼ਤੇ ਖੁਸ਼ੀ ਦੇ ਸਭ ਤੋਂ ਵੱਡੇ ਬਗੀਚੇ ਹਨ ਅਤੇ ਬਗੀਚੇ ਸਿਰਫ ਪਾਣੀ ਦੇਣ ਨਾਲ ਨਹੀਂ, ਲਗਾਅ, ਧਿਆਨ ਅਤੇ ਦੇਖਭਾਲ ਨਾਲ ਵਧਦੇ-ਫੁੱਲਦੇ ਹਨ ਕਦੇ ਆਪਣੀ ਮਾਂ ਕੋਲ ਪੰਜ ਮਿੰਟ ਬੈਠ ਜਾਓ, ਕਦੇ ਆਪਣੇ ਪਿਤਾ ਤੋਂ ਉਨ੍ਹਾਂ ਦੀ ਪਸੰਦ ਦਾ ਖਾਣਾ ਪੁੱਛ ਲਓ, ਕਦੇ ਆਪਣੇ ਦੋਸਤ ਨੂੰ ਬਿਨਾਂ ਕਾਰਨ ਗਲੇ ਲਾ ਲਓ ਅਤੇ ਕਦੇ ਆਪਣੇ ਜੀਵਨਸਾਥੀ ਨੂੰ ਕਹਿ ਦਿਓ ਕਿ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਹਾਂ ਰਿਸ਼ਤੇ ਜਿੰਨਾ ਸਾਡੇ ਤੋਂ ਲੈਂਦੇ ਨਹੀਂ, ਉਸ ਤੋਂ ਜ਼ਿਆਦਾ ਸਾਨੂੰ ਵਾਪਸ ਦੇ ਦਿੰਦੇ ਹਨ
ਆਪਣੀ ਥਕਾਵਟ ਨੂੰ ਪਹਿਚਾਣੋ, ਉਸਨੂੰ ਅਪਰਾਧ ਨਾ ਮੰਨੋ:
ਸਾਡੀ ਪੀੜ੍ਹੀ ਦੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਥੱਕਦੇ ਹਾਂ, ਪਰ ਮੰਨਦੇ ਨਹੀਂ ਤਣਾਅ ਮਹਿਸੂਸ ਕਰਦੇ ਹਾਂ, ਪਰ ਦੱਸਦੇ ਨਹੀਂ ਹੰਝੂ ਆਉਂਦੇ ਹਨ, ਪਰ ਡਿੱਗਣ ਨਹੀਂ ਦਿੰਦੇ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਥਕਾਵਟ ਕਮਜ਼ੋਰੀ ਨਹੀਂ ਹੈ ਖੁਦ ਨੂੰ ਥੋੜ੍ਹਾ ਆਰਾਮ ਦਿਓ, ਅੱਧਾ ਘੰਟਾ ਬਿਨਾਂ ਮੋਬਾਈਲ ਦੇ ਬੈਠ ਕੇ ਇੱਕ ਹਲਕੀ ਚਾਹ ਦੇ ਨਾਲ ਆਪਣੇ ਦਿਲ ਦੀਆਂ ਧੜਕਨਾਂ ਸੁਣਦੇ ਹੋਏ ਜਾਂ ਫਿਰ ਬੱਸ ਚੁੱਪ ਰਹਿ ਕੇ, ਸਮਾਂ ਖੁਦ ਨੂੰ ਦਿਓ ਕਿਉਂਕਿ ਜੋ ਖੁਦ ਤੋਂ ਖੁਸ਼ ਨਹੀਂ ਹਨ, ਉਹ ਹੋਰਾਂ ਨੂੰ ਖੁਸ਼ੀ ਕਿਵੇਂ ਦੇਵੇਗਾ?
ਛੋਟੀਆਂ-ਛੋਟੀਆਂ ਸਫ਼ਲਤਾਵਾਂ ਨੂੰ ਸਲਾਮ ਕਰੋ:
ਸਾਡੀ ਨਜ਼ਰ ਹਮੇਸ਼ਾ ਵੱਡੀ ਸਫਲਤਾ ’ਤੇ ਟਿਕੀ ਹੁੰਦੀ ਹੈ, ਵੱਡੀ ਨੌਕਰੀ, ਵੱਡਾ ਘਰ, ਵੱਡਾ ਨਾਂਅ, ਪਰ ਖੁਸ਼ੀ? ਉਹ ਤਾਂ ਉਨ੍ਹਾਂ ਛੋਟੀਆਂ ਜਿੱਤਾਂ ’ਚ ਲੁਕੀ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਪਹਿਚਾਣ ਹੀ ਨਹੀਂ ਸਕਦੇ ਅੱਜ ਤੁਸੀਂ ਕਿਸੇ ਨੂੰ ਮਾੜਾ ਜਵਾਬ ਨਹੀਂ ਦਿੱਤਾ ਅੱਜ ਤੁਸੀਂ ਕਿਸੇ ਦਾ ਮਨ ਰੱਖ ਲਿਆ ਅੱਜ ਤੁਸੀਂ ਖੁਦ ਨੂੰ ਟਾਲਿਆ ਨਹੀਂ ਅੱਜ ਤੁਸੀਂ ਕਿਸੇ ਪੁਰਾਣੇ ਜਖ਼ਮ ਨੂੰ ਛੇੜਿਆ ਨਹੀਂ ਇਹ ਛੋਟੀਆਂ ਛੋਟੀਆਂ ਜਿੱਤਾਂ ਵੀ ਸਲਾਮ ਦੀਆਂ ਹੱਕਦਾਰ ਹਨ
ਰਾਤ ਨੂੰ ਸੌਂਦੇ ਸਮੇਂ ਖੁਦ ਦਾ ਧੰਨਵਾਦ ਕਰੋ:
ਇਹ ਇੱਕ ਅਦਭੁੱਤ ਤਜ਼ਰਬਾ ਦਿੰਦਾ ਹੈ ਪੂਰਾ ਦਿਨ ਸੰਘਰਸ਼, ਭੱਜ-ਦੌੜ, ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਤੇ ਖੁਦ ਨਾਲ ਹੋਣ ਵਾਲੀਆਂ ਛੋਟੀਆਂ-ਛੋਟੀਆਂ ਨਰਾਜਗੀਆਂ, ਇਨ੍ਹਾਂ ਸਭ ਦੇ ਵਿਚਕਾਰ ਵੀ ਤੁਸੀਂ ਜੀਓ, ਖੁਦ ਨੂੰ ਸੰਭਾਲੋ, ਆਪਣੀ ਮੁਸਕਾਨ ਬਚਾਈ ਰੱਖੋ ਅਜਿਹੀ ਰਾਤ ਨੂੰ ਆਪਣੇ ਦਿਲ ’ਤੇ ਹੱਥ ਰੱਖ ਕੇ ਇੱਕ ਵਾਰ ਕਹੋ, ਧੰੰਨਵਾਦ ਮੇਰੇ ਦੋਸਤ, ਤੁਸੀਂ ਅੱਜ ਚੰਗਾ ਕੰਮ ਕੀਤਾ ਇਹ ਵਾਕਿਆ ਹੀ ਤੁਹਾਡੇ ਅੰਦਰ ਸੁੱਤੀਆਂ ਹੋਈਆਂ ਖੁਸ਼ੀਆਂ ਦੀਆਂ ਧੜਕਨਾਂ ਨੂੰ ਫਿਰ ਤੋਂ ਜਗਾਏਗਾ
ਕਿਸੇ ਦੀ ਉਮੀਦ ਬਣੋ, ਖੁਦ ਦੇ ਅੰਦਰ ਰੌਸ਼ਨੀ ਪਰਤ ਆਏਗੀ:
ਕਈ ਲੋਕ ਕਹਿੰਦੇ ਹਨ ਕਿ ਉਹ ਖੁਸ਼ ਨਹੀਂ ਹਨ, ਕਿਉਂਕਿ ਕੋਈ ਉਨ੍ਹਾਂ ਨੂੰ ਸਮਝਦਾ ਹੀ ਨਹੀਂ ਪਰ ਕਦੋਂ ਤੱਕ ਅਸੀਂ ਬੱਸ ਚਾਹਵਾਂਗੇ ਕਿ ਕੋਈ ਹੋਰ ਸਾਡੀ ਖੁਸ਼ੀ ਦਾ ਕਾਰਨ ਬਣੇ? ਕਦੇ ਕਿਸੇ ਹੋਰ ਦੀ ਉਮੀਦ ਬਣ ਕੇ ਤਾਂ ਦੇਖੋ ਤੁਹਾਡੇ ਅੰਦਰ ਆਪਣੇ-ਆਪ ਰੌਸ਼ਨੀ ਪਰਤ ਆਏਗੀ ਕਿਸੇ ਜ਼ਰੂਰਤਮੰਦ ਦੀ ਬਿਨਾਂ ਦਿਖਾਵੇ ਦੇ ਮੱਦਦ ਕਰੋ ਕਿਸੇ ਬਜੁਰਗ ਦਾ ਹਾਲ ਪੁੱਛ ਲਓ ਕਿਸੇ ਬੱਚੇ ਦੀ ਨੰਨ੍ਹੀ ਜਿਹੀ ਖੁਸ਼ੀ ’ਚ ਸ਼ਾਮਲ ਹੋ ਜਾਓ ਕਿਸੇ ਪੇ੍ਰਸ਼ਾਨ ਵਿਅਕਤੀ ਨੂੰ ਪੰਜ ਮਿੰਟ ਸੁਣ ਲਓ ਖੁਸ਼ੀ ਨੂੰ ਖੁਸ਼ੀ ਉਦੋਂ ਮਿਲਦੀ ਹੈ, ਜਦੋਂ ਉਹ ਵੰਡੀ ਜਾਂਦੀ ਹੈ
ਕੁਦਰਤ ਨੂੰ ਆਪਣੀ ਦਵਾਈ ਬਣਾਓ:
ਕੁਦਰਤ ਇੱਕ ਅਣਕਹੀ ਦੁਆ ਵਾਂਗ ਹੈ ਉਹ ਬਿਨਾਂ ਆਵਾਜ਼ ਦੇ ਵੀ ਸਾਨੂੰ ਭਰ ਦਿੰਦੀ ਹੈ ਸਵੇਰ ਦਾ ਸੂਰਜ, ਸ਼ਾਮ ਦੀ ਮਿੰਨ੍ਹੀ-ਮਿੰਨ੍ਹੀ ਹਵਾ, ਬਾਰਸ਼ ਦੀਆਂ ਬੂੰਦਾਂ, ਰੁੱਖ ਦਾ ਝੁਕਣਾ, ਪੰਛੀਆਂ ਦਾ ਉੱਡਣਾ, ਇਨ੍ਹਾਂ ਸਭ ’ਚ ਖੁਸ਼ੀ ਦਾ ਇੱਕ ਸੂਖਮ ਸੰਗੀਤ ਹੈ, ਜੋ ਸਾਨੂੰ ਬਿਨਾਂ ਦੱਸੇ ਵੀ ਸੁਣਾਈ ਦਿੰਦਾ ਹੈ, ਜੇਕਰ ਅਸੀਂ ਸੱਚੀ ਸੁਣਨਾ ਚਾਹੀਏ ਰੋਜ਼ਾਨਾ ਘੱਟੋ-ਘੱਟ ਪੰਜ ਮਿੰਟ ਕੁਦਰਤ ਨੂੰ ਦਿਓ, ਤੁਸੀਂ ਦੇਖੋਗੇ ਕਿ ਮਨ ਹੌਲੀ-ਹੌਲੀ ਹੌਲਾ ਹੋਣ ਲੱਗਾ ਹੈ
ਦਿਨ ’ਚ ਇੱਕ ਕੰਮ ਅਜਿਹਾ ਕਰੋ, ਜਿਸ ਨਾਲ ਤੁਹਾਡਾ ਮਨ ਮੁਸਕਰਾਏ:
ਇਹ ਕੰਮ ਵੱਡਾ ਹੋਵੇ, ਅਜਿਹਾ ਜ਼ਰੂਰੀ ਨਹੀਂ ਹੈ ਬੱਸ ਦਿਲ ਨੂੰ ਹੌਲਾ ਕਰਨ ਵਾਲਾ ਹੋਣਾ ਚਾਹੀਦਾ ਹੈ ਆਪਣੇ ਬਚਪਨ ਦੀ ਤਸਵੀਰ ਦੇਖੋ, ਪਸੰਦੀਦਾ ਗਾਣਾ ਸੁਣੋ, ਕਿਸੇ ਨੂੰ ਧੰਨਵਾਦ ਲਿਖੋ, ਆਪਣੇ ਕਮਰੇ ਨੂੰ ਥੋੜ੍ਹਾ ਜਿਹਾ ਸਜਾਓ, ਆਪਣੇ ਲਈ ਇੱਕ ਫੁੱਲ ਖਰੀਦ ਲਿਆਓ ਜੋ ਤੁਹਾਨੂੰ ਚੰਗਾ ਲੱਗੇ ਖੁਸ਼ੀ ਨੂੰ ਖੁਸ਼ੀ ਦਿਵਾਉਣ ਦਾ ਇਹ ਸਭ ਤੋਂ ਕੋਮਲ ਤਰੀਕਾ ਹੈ
ਜੀਵਨ ਜਿੰਨਾ ਔਖਾ ਹੈ, ਓਨਾ ਹੀ ਸੋਹਣਾ ਵੀ:
ਅਸੀਂ ਸਭ ਰਿਸ਼ਤੇ ਜ਼ਖਮਾਂ, ਟੁੱਟੇ ਸੁਫਨਿਆਂ, ਉਲਝੀਆਂ ਜ਼ਿੰਮੇਵਾਰੀਆਂ ਤੇ ਅਣਸੁਣੀਆਂ ਇੱਛਾਵਾਂ ਨਾਲ ਜਿਉਂਦੇ ਹਾਂ ਅਸੀਂ ਸੋਚਦੇ ਹਾਂ ਕਿ ਖੁਸ਼ੀ ਕਿਤੇ ਦੂਰ ਹੈ, ਪਰ ਅਸਲ ’ਚ ਉਹ ਸਾਡੇ ਅੰਦਰ ਲੁਕੀ ਹੁੰਦੀ ਹੈ ਬੱਸ, ਉਸਨੂੰ ਬਾਹਰ ਆਉਣ ਦਾ ਮੌਕਾ ਚਾਹੀਦਾ ਹੈ ਕਦੇ ਜੀਵਨ ਨੂੰ ਫੜ ਕੇ ਉਸ ਨੂੰ ਕਹੋ ਕਿ ਮੈਂ ਤੈਨੂੰ ਸਮਝਣਾ ਚਾਹੁੰਦਾ ਹਾਂ ਜੀਵਨ ਸ਼ਾਇਦ ਜਵਾਬ ਨਾ ਦੇਵੇ, ਪਰ ਤੁਹਾਨੂੰ ਜ਼ਰੂਰ ਮਹਿਸੂਸ ਹੋਵੇਗਾ ਕਿ ਉਸਨੇ ਤੁਹਾਡੀਆਂ ਤਲ਼ੀਆਂ ’ਤੇ ਕੁਝ ਨਿੱਘ ਰੱਖ ਦਿੱਤਾ ਹੈ
ਖੁਸ਼ੀ ਮੰਜ਼ਿਲ ਨਹੀਂ, ਆਦਤ ਹੈ:
ਖੁਸ਼ੀ ਨੂੰ ਖੁਸ਼ੀ ਉਦੋਂ ਮਿਲਦੀ ਹੈ, ਜਦੋਂ ਅਸੀਂ ਖੁਦ ਨਾਲ, ਆਪਣੇ ਲੋਕਾਂ ਨਾਲ, ਆਪਣੇ ਹਰ ਦਿਨ ਨਾਲ ਅਤੇ ਆਪਣੇ ਛੋਟੇ-ਛੋਟੇ ਪਲਾਂ ਨਾਲ ਥੋੜ੍ਹਾ ਜਿਹਾ ਰਿਸ਼ਤਾ ਜੋੜ ਲੈਂਦੇ ਹਾਂ ਜੀਵਨ ਹਮੇਸ਼ਾ ਸੌਖਾ ਨਹੀਂ ਹੋਵੇਗਾ, ਪਰ ਜੇਕਰ ਅਸੀਂ ਚਾਹੁੰਦੇ ਤਾਂ ਹਰ ਮੁਸ਼ਕਿਲ ਦੇ ਅੰਦਰ ਵੀ ਇੱਕ ਛੋਟੀ ਜਿਹੀ ਰੌਸ਼ਨੀ ਲੱਭ ਸਕਦੇ ਹਾਂ ਖੁਸ਼ੀ ਨੂੰ ਖੁਸ਼ੀ ਦੇਣ ਦਾ ਰਸਤਾ ਬੱਸ ਇਹੀ ਹੈ ਕਿ ਆਪਣੇ ਜੀਵਨ ਨੂੰ ਪੋਲੇ ਹੱਥਾਂ ਨਾਲ ਫੜਨਾ, ਆਪਣਿਆਂ ਨੂੰ ਕੋਮਲਤਾ ਨਾਲ ਸਮਝਣਾ ਅਤੇ ਹਰ ਨਵੇਂ ਦਿਨ ਦਾ ਸਵਾਗਤ ਇੱਕ ਖੁੱਲ੍ਹੇ ਦਿਲ ਨਾਲ ਕਰਨਾ -ਸਨੇਹਾ ਸਿੰਘ, ਨੋਇਡਾ
































































