Criticism: ਆਲੋਚਨਾ ਤੋਂ ਬਚ ਕੇ ਰਹੋ
ਆਲੋਚਨਾ ਇੱਕ ਅਜਿਹੀ ਚੰਗਿਆੜੀ ਹੈ ਜੋ ਕਿਸੇ ਵੀ ਵਿਅਕਤੀ ਦੇ ਹੰਕਾਰ ਨੂੰ ਪਲ ਭਰ ’ਚ ਸਾੜ ਕੇ ਸੁਆਹ ਕਰ ਸਕਦੀ ਹੈ ਅਤੇ ਹੋ ਸਕਦਾ ਹੈ ਇਹ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਜਾਵੇ ਪਰ ਲੋਕ ਇਸ ਬਾਰੇ ਘੱਟ ਹੀ ਸੋਚਦੇ ਹਨ ਕੁਝ ਲੋਕ ਤਾਂ ਅਜਿਹੇ ਵੀ ਦੇਖੇ ਗਏ ਹਨ ਜਿਨ੍ਹਾਂ ਨੂੰ ਕਿਸੇ ਦੂਜੇ ਦੀ ਆਲੋਚਨਾ ਕਰਨ ’ਚ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ
ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ ਦੀ ਆਲੋਚਨਾ ਕਰਨ ਦੀ ਇਹ ਆਦਤ ਕਿਸੇ ਦੂਜੇ ਲਈ ਕਿੰਨੀ ਕਸ਼ਟਦਾਇਕ ਹੈ? ਉਨ੍ਹਾਂ ਦੀ ਇਹ ਆਦਤ ਉਨ੍ਹਾਂ ਨੂੰ ਲੋਕਾਂ ਤੋਂ ਬਿਲਕੁਲ ਅਲੱਗ ਕਰ ਸਕਦੀ ਹੈ ਜਿਸ ਕਾਰਨ ਉਹ ਚਿੜਚਿੜੇ ਵਿਅਕਤੀ ਦੇ ਨਾਂਅ ਨਾਲ ਸੰਬੋਧਿਤ ਕੀਤੇ ਜਾਣ ਲੱਗਦੇ ਹਨ
ਜਿੱਥੇ ਪੁਰਸ਼ਾਂ ਵਿਚ ਆਲੋਚਨਾ ਅਤੇ ਸਮਾਲੋਚਨਾ ਦੀ ਹੋਂਦ ਕਾਇਮ ਰਹਿੰਦੀ ਹੈ, ਉੱਥੇ ਔਰਤਾਂ ਵੀ ਇਸ ਅਵਿਹਾਰਕ ਕੰਮ ’ਚ ਪਿੱਛੇ ਨਹੀਂ ਹਨ ਅਕਸਰ ਔਰਤਾਂ ’ਚ ਵੀ ਇਸ ਤਰ੍ਹਾਂ ਦੇ ਦੋਸ਼ਪੂਰਨ ਗੁਣ ਦੇਖੇ ਜਾਂਦੇ ਹਨ ਉਹ ਵੀ ਆਪਣੇ-ਆਪ ਨੂੰ ਸਰਵਸ੍ਰੇਸ਼ਠ ਸਾਬਤ ਕਰਨ ਲਈ ਕਿਸੇ ਦੂਜੇ ਦੀ ਆਲੋਚਨਾ ਕਰਨ ਤੋਂ ਕਦੇ ਪਰਹੇਜ਼ ਨਹੀਂ ਕਰਦੇ
ਸਾਡੇ ਗੁਆਂਢ ਦੀ ਇੱਕ ਔਰਤ ਹੈ ਜਿਸ ਨੂੰ ਹਰ ਕਿਸੇ ਦੀ ਆਲੋਚਨਾ ਕਰਨ ਦੀ ਬਿਮਾਰੀ ਹੈ ਜੇਕਰ ਮੁਹੱਲੇ ਦੀ ਕੋਈ ਹੋਰ ਔਰਤ ਨਵੀਂ ਸਾੜ੍ਹੀ ਖਰੀਦ ਕੇ ਲਿਆਉਂਦੀ ਹੈ ਅਤੇ ਉਸ ਨੂੰ ਦਿਖਾਉਂਦੀ ਹੈ ਤਾਂ ਪਹਿਲਾਂ ਉਸ ਨੂੰ ਉਹ ਸਾੜ੍ਹੀ ਕਦੇ ਪਸੰਦ ਨਹੀਂ ਆਵੇਗੀ ਅਤੇ ਜੇਕਰ ਪਸੰਦ ਆ ਵੀ ਗਈ ਤਾਂ ਉਸ ਔਰਤ ’ਤੇ ਇਹ ਕਹਿ ਕੇ ਆਪਣੇ ਵਿਅੰਗਾਂ ਦੇ ਤੀਰ ਛੱਡਣਾ ਸ਼ੁਰੂ ਕਰ ਦਿੰਦੀ ਹੈ
ਕਿ ਇਹ ਸਾੜ੍ਹੀ ਤੁਸੀਂ ਅੱਠ ਸੌ ਰੁਪਏ ’ਚ ਲਿਆਏ ਹੋ, ਲੱਗਦਾ ਹੈ ਤੁਸੀਂ ਚੰਗੀ ਤਰ੍ਹਾਂ ਠੱਗੇ ਗਏ ਹੋ ਕਿਤੇ ਇਹ ਅੱਠ ਸੌ ਰੁਪਏ ਦੀ ਮਿਲਦੀ ਹੈ ਕੀ ਇਹ ਤਾਂ ਫਲਾਣੀ ਥਾਂ ਮੈਂ ਤਿੰਨ ਸੌ ਰੁਪਏ ਦੀ ਦੇਖੀ ਸੀ ਪਰ ਮੈਂ ਨਹੀਂ ਖਰੀਦੀ ਕਿਉਂਕਿ ਇਸ ਦਾ ਫੈਸ਼ਨ ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ
ਸ਼ੁਰੂ-ਸ਼ੁਰੂ ’ਚ ਤਾਂ ਆਂਢ-ਗੁਆਂਢ ਦੀਆਂ ਸਾਰੀਆਂ ਔਰਤਾਂ ਉਨ੍ਹਾਂ ਦੀ ਇਸ ਆਦਤ ਨੂੰ ਸਲਾਹ-ਮਸ਼ਵਰੇ ਦੇ ਰੂਪ ’ਚ ਸਵੀਕਾਰ ਕਰਦੀਆਂ ਰਹੀਆਂ ਪਰ ਜਿਉਂ-ਜਿਉਂ ਉਨ੍ਹਾਂ ਦੇ ਇਸ ਔਗੁਣ ਤੋਂ ਵਾਕਿਫ ਹੁੰਦੀਆਂ ਗਈਆਂ,
ਉਨ੍ਹਾਂ ਤੋਂ ਪਾਸਾ ਵੱਟਣ ਲੱਗੀਆਂ ਹੁਣ ਹਾਲਾਤ ਇਹ ਹੋ ਗਏ ਕਿ ਮੁਹੱਲੇ ਦੀਆਂ ਸਾਰੀਆਂ ਔਰਤਾਂ ਆਪਣੀ ਹਰ ਨਵੀਂ ਖਰੀਦੀ ਚੀਜ਼ ਨੂੰ ਇਸ ਤਰ੍ਹਾਂ ਲੁਕਾਉਂਦੀਆਂ ਹਨ ਕਿ ਉਹ ਉਨ੍ਹਾਂ ਦੀ ਨਜ਼ਰ ’ਚ ਨਾ ਆ ਸਕੇ ਅਤੇ ਉਨ੍ਹਾਂ ਦੀ ਆਲੋਚਨਾ ਦਾ ਸ਼ਿਕਾਰ ਨਾ ਹੋਣਾ ਪਵੇ ਦਰਅਸਲ, ਹਰੇਕ ਵਿਅਕਤੀ ਭਾਵੇਂ ਉਹ ਆਦਮੀ ਹੋਵੇ ਜਾਂ ਔਰਤ, ਆਪਣੇ-ਆਪ ਨੂੰ ਪੂਰਨ ਸਮਝਦਾ ਹੈ
ਹਾਲਾਂਕਿ ਦੁਨੀਆਂ ’ਚ ਹਾਲੇ ਤੱਕ ਕੋਈ ਵੀ ਵਿਅਕਤੀ ਪੂਰਨ ਨਹੀਂ ਹੋਇਆ ਹੈ ਪਰ ਫਿਰ ਵੀ ਉਹ ਆਪਣੇ ਅੰਦਰ ਲੁਕੀਆਂ ਕਮੀਆਂ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦਾ ਜੇਕਰ ਕਿਸੇ ਦੂਜੇ ਵੱਲੋਂ ਉਸ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ ਤਾਂ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ ਅਤੇ ਈਰਖ਼ਾ ਦੀ ਭਾਵਨਾ ਨਾਲ ਉਹ ਵੀ ਉਸ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੰਦਾ ਹੈ ਕਦੇ-ਕਦੇ ਇਹ ਸਥਿਤੀ ਐਨੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਜਿਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ
ਦਰਅਸਲ, ਜਦੋਂ ਅਸੀਂ ਕਿਸੇ ਦੇ ਨਾਲ ਵਿਹਾਰ ਕਰ ਰਹੇ ਹੁੰਦੇ ਹਾਂ ਤਾਂ ਇਹ ਭੁੱਲ ਜਾਂਦੇ ਹਾਂ ਕਿ ਜਿਸ ਦੇ ਨਾਲ ਅਸੀਂ ਵਿਹਾਰ ਕਰ ਰਹੇ ਹਾਂ ਉਸ ਦਾ ਵੀ ਕੋਈ ਮਾਨਸਿਕ ਵੇਗ ਹੈ, ਉਹ ਵੀ ਆਪਣੇ-ਆਪ ਨੂੰ ਪੂਰਨ ਵਿਅਕਤੀ ਮੰਨਦਾ ਹੈ ਅਤੇ ਪੱਖਪਾਤ, ਮਾਣ, ਹੰਕਾਰ ਉਸਦੇ ਅੰਦਰ ਵੀ ਮੌਜੂਦ ਹੈ ਹੁਣ ਜੇਕਰ ਉਸਦੇ ਨਾਲ ਅਣਦੇਖੀਪੂਰਨ ਵਿਹਾਰ ਕੀਤਾ ਜਾਵੇ ਅਤੇ ਉਸ ਦੇ ਕੰਮਾਂ ਦੀ ਆਲੋਚਨਾ ਕੀਤੀ ਜਾਵੇ ਤਾਂ ਉਸ ਦੇ ਮਾਨਸਿਕ ਵੇਗ ਦੀ ਕੀ ਸਥਿਤੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ
ਧਿਆਨ ਰਹੇ, ਇੱਕ ਸ਼ਰਾਬੀ ਕਦੇ ਵੀ ਸ਼ਰਾਬ ਨੂੰ ਮਾੜਾ ਨਹੀਂ ਕਹਿੰਦਾ ਜਦੋਂਕਿ ਦੁਨੀਆਂ ਨੂੰ ਪਤਾ ਹੈ ਕਿ ਸ਼ਰਾਬ ਕਿਸੇ ਘਰ ਨੂੰ ਤਬਾਹ ਕਰਨ ਲਈ ਕਿੰਨੀ ਜਿੰਮੇਵਾਰ ਹੈ ਇੱਕ ਅਪਰਾਧੀ ਵੀ ਇਹ ਸਮਝਦਾ ਹੈ ਕਿ ਉਹ ਜੋ ਕੁਝ ਕਰ ਰਿਹਾ ਹੈ, ਉਹ ਸਭ ਸਹੀ ਹੈ ਭਲੇ ਹੀ ਦੁਨੀਆਂ ਉਸ ਨੂੰ ਮਾੜਾ ਕਹੇ ਜਦੋਂ ਇੱਕ ਸ਼ਰਾਬੀ ਤੇ ਇੱਕ ਅਪਰਾਧੀ ਵੀ ਆਪਣੇ-ਆਪ ਨੂੰ ਪੂਰਨ ਸਮਝਦਾ ਹੈ
ਅਤੇ ਆਪਣੇ ਕੀਤੇ ਗਏ ਅਸਮਾਜਿਕ ਕੰਮਾਂ ਨੂੰ ਸਹੀ ਠਹਿਰਾਉਂਦਾ ਹੈ ਤਾਂ ਉਹ ਲੋਕ ਜੋ ਸਾਡੇ ਤੇ ਤੁਹਾਡੇ ਸੰਪਰਕ ’ਚ ਹਨ, ਆਪਣੀ ਆਲੋਚਨਾ ਕਿਵੇਂ ਬਰਦਾਸ਼ਤ ਕਰ ਸਕਦੇ ਹਨ? ਇਸ ਲਈ ਕਿਸੇ ਦੀ ਆਲੋਚਨਾ ਕਰਨ ਤੋਂ ਬਿਹਤਰ ਹੈ ਕਿ ਸਾਨੂੰ ਉਸ ਤੋਂ ਇਹ ਜਾਣਨਾ ਚਾਹੀਦਾ ਹੈ ਕਿ ਉਹ ਜੋ ਕੁਝ ਕਰ ਰਿਹਾ ਹੈ ਜਾਂ ਕਰਦਾ ਹੈ, ਕਿਉਂ ਕਰਦਾ ਹੈ? ਉਸ ਦਾ ਕਾਰਨ ਕੀ ਹੈ?
ਇਹ ਅਲੋਚਨਾ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਅਤੇ ਕਾਰਗਰ ਸਿੱਧ ਹੋਵੇਗਾ ਇਸ ਨਾਲ ਸਹਿਣਸ਼ੀਲਤਾ, ਹਮਦਰਦੀ ਅਤੇ ਦਿਆਲਤਾ ਪ੍ਰਗਟ ਹੁੰਦੀ ਹੈ ਕਿਸੇ ਦੀ ਅਲੋਚਨਾ ਕਰਨ ਤੋਂ ਬਿਹਤਰ ਹੈ ਕਿ ਉਸ ਨੂੰ ਮੁਆਫ ਕੀਤਾ ਜਾਵੇ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਨ-ਸਮਝਣ ਦਾ ਯਤਨ ਕੀਤਾ ਜਾਵੇ ਕਿਉਂਕਿ ਬਜ਼ੁਰਗਾਂ ਦਾ ਕਹਿਣਾ ਹੈ
ਕਿ ਖੁਦ ਭਗਵਾਨ ਵੀ ਮਨੁੱਖ ਦੇ ਕਰਮਾਂ ’ਤੇ ਵਿਚਾਰ ਉਸ ਦੀ ਮੌਤ ਤੋਂ ਪਹਿਲਾਂ ਨਹੀਂ ਕਰਦਾ, ਫਿਰ ਤੁਸੀਂ ਅਤੇ ਅਸੀਂ ਕਿਉਂ ਕਰੀਏ? ਆਪਣੇ ਚੰਗੇ ਕਰਮ ਕਰਨ ਨਾਲ ਜਿੱਥੇ ਇਨਸਾਨੀਅਤ ਦਾ ਭਲਾ ਕਰਨਾ ਤੇ ਸੇਵਾ-ਸਿਮਰਨ ਨਾਲ ਇਨਸਾਨ ਆਪਣੀਆਂ ਤਕਦੀਰਾਂ ਬਦਲ ਸਕਦਾ ਹੈ -ਨਜ਼ਮ ਕਾਜ਼ਿਮ

































































