Lessons from Parents

ਬਾਲ ਕਹਾਣੀ :ਮਾਤਾ-ਪਿਤਾ ਦੀ ਸਿੱਖਿਆ Lessons from Parents

ਸੈਂਕੜੇ ਸਾਲ ਪੁਰਾਣੀ ਗੱਲ ਹੈ ਏਥੈਂਸ (ਯੂਨਾਨ) ਦੇ ਵਿਸ਼ਵ ਪ੍ਰਸਿੱਧ ਪੁਰਾਤੱਤ ਮਾਹਿਰ ਜਿਸ ਸਕੂਲ ’ਚ ਪੜ੍ਹਾਉਂਦੇ ਸਨ ਉਸ ’ਚ ਇੱਕ ਅਤਿਅੰਤ ਗਰੀਬ ਬੱਚਾ ਕਿਲੇਂਥਿਸ ਵੀ ਪੜ੍ਹਾਈ ਕਰਦਾ ਸੀ ਉਸਦੇ ਕੱਪੜੇ ਪਾਟੇ-ਪੁਰਾਣੇ ਹੁੰਦੇ, ਫਿਰ ਵੀ ਪੜ੍ਹਾਈ ਦੇ ਬਦਲੇ ਦਿੱਤੀ ਜਾਣ ਵਾਲੀ ਫੀਸ ਉਹ ਲਗਾਤਾਰ ਭਰਦਾ ਸੀ

ਉਹ ਪੜ੍ਹਨ ’ਚ ਬਹੁਤ ਤੇਜ਼ ਸੀ ਅਤੇ ਧਨਾਢਾਂ ਦੇ ਬੱਚਿਆਂ ਤੋਂ ਹਰ ਵਿਸ਼ੇ ’ਚ ਅੱਗੇ ਰਹਿੰਦਾ ਸੀ ਇਸ ਨਾਲ ਅਕਸਰ ਅਮੀਰ ਬੱਚੇ ਚਿੜਦੇ ਸਨ ਉਸ ਫਟੀਚਰ ਲੜਕੇ ਦਾ ਪੜ੍ਹਾਈ ’ਚ ਅੱਗੇ ਰਹਿਣਾ ਜਦੋਂ ਉਨ੍ਹਾਂ ਦੀ ਸਹਿਣਸ਼ੀਲਤਾ ਤੋਂ ਬਾਹਰ ਹੋ ਗਿਆ ਤਾਂ ਇੱਕ ਸਾਜਿਸ਼ ਕਰਕੇ ਉਨ੍ਹਾਂ ਨੇ ਕਿਲੇਂਥਿਸ ਨੂੰ ਚੋਰੀ ਦੇ ਦੋਸ਼ ’ਚ ਫੜਵਾ ਦਿੱਤਾ ਉਸਨੂੰ ਜ਼ੇਲ੍ਹ ’ਚ ਸੁੱਟ ਦਿੱਤਾ ਗਿਆ ਪਰ ਉਸਨੂੰ ਸਫਾਈ ਪੇਸ਼ ਕਰਨ ਲਈ

ਗਵਾਹ ਆਦਿ ਬੁਲਾਉਣ ਦੀ ਸੁਵਿਧਾ ਦਿੱਤੀ ਗਈ ਇੱਕ ਤੈਅ ਮਿਤੀ ਨੂੰ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਜੱਜ ਨੇ ਸਵਾਲ ਕੀਤਾ ਕਿ ਤੁਹਾਡੇ ’ਤੇ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਹੈ ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਅਤਿਅੰਤ ਗਰੀਬ ਹੋ ਤੁਹਾਡੇ ’ਤੇ ਦੋਸ਼ ਹੈ ਕਿ ਚੋਰੀ ਕਰਕੇ ਤੁਸੀਂ ਸਕੂਲ ਦੀ ਫੀਸ ਦਿੰਦੇ ਹੋ

ਕਿਲੇਂਥਿਸ ਨੇ ਦ੍ਰਿੜਤਾ ਨਾਲ ਕਿਹਾ, ‘‘ਇਹ ਝੂਠ ਹੈ ਸ੍ਰੀਮਾਨ ਮੈਂ ਅੱਜ ਤੱਕ ਚੋਰੀ ਨਹੀਂ ਕੀਤੀ’’ ਜੱਜ ਨੇ ਪੁੱਛਿਆ, ‘‘ਫਿਰ ਤੁਹਾਡੇ ਕੋਲ ਪੈਸੇ ਕਿੱਥੋਂ ਆਉਂਦੇ ਹਨ?’’ ਕਿਲੇਂਥਿਸ ਨੇ ਕਿਹਾ, ‘‘ਸ੍ਰੀਮਾਨ ਇਸ ਦਾ ਜਵਾਬ ਮੇਰੇ ਪੱਖ ’ਚ ਆਏ ਇਨ੍ਹਾਂ ਦੋ ਜਣਿਆਂ ਤੋਂ ਤੁਹਾਨੂੰ ਮਿਲ ਜਾਵੇਗਾ ਜੋ ਮੈਨੂੰ ਪੈਸੇ ਦਿੰਦੇ ਹਨ’’

ਕਟਹਿਰੇ ’ਚ ਖੜ੍ਹੇ ਇੱਕ ਆਦਮੀ ਨੇ ਕਿਹਾ, ‘‘ਸ੍ਰੀਮਾਨ, ਮੈਂ ਇੱਕ ਬਗੀਚੇ ਦਾ ਮਾਲੀ ਹਾਂ ਇਹ ਲੜਕਾ ਰੋਜ਼ ਸਵੇਰੇ ਆ ਕੇ ਖੂਹ ’ਚੋਂ ਪਾਣੀ ਖਿੱਚਦਾ ਹੈ ਤਾਂ ਮੈਂ ਅਸਾਨੀ ਨਾਲ ਬੂਟਿਆਂ ਨੂੰ ਲਾ ਦਿੰਦਾ ਹਾਂ ਪਾਣੀ ਖਿੱਚਣ ਦੇ ਬਦਲੇ ਮੈਂ ਇਸਨੂੰ ਕੁਝ ਸਿੱਕੇ ਦੇ ਦਿੰਦਾ ਹਾਂ’’ ਇਸ ਤੋਂ ਬਾਅਦ ਇੱਕ ਬਜ਼ੁਰਗ ਨੇ ਦੱਸਿਆ, ‘‘ਸ੍ਰੀਮਾਨ ਮੈਂ ਕਿਰਾਏ ’ਤੇ ਅਨਾਜ ਪੀਹਣ ਦਾ ਕੰਮ ਕਰਦੀ ਹਾਂ ਹੁਣ ਕਮਜ਼ੋਰੀ ਕਾਰਨ ਜ਼ਿਆਦਾ ਪੀਹਣ ਨਹੀਂ ਹੋ ਪਾਉਂਦਾ ਇਹ ਲੜਕਾ ਮੇਰੇ ਕੋਲ ਆ ਕੇ ਘੰਟੇ ਦੋ ਘੰਟੇ ਪਿਸਾਈ ਕਰ ਜਾਂਦਾ ਹੈ ਇਸ ਦੀ ਮਿਹਨਤ ਲਈ ਮੈਂ ਇਸਨੂੰ ਕੁਝ ਪੈਸੇ ਦਿੰਦੀ ਹਾਂ’’

Also Read:  ਕੋਰੋਨਾ ਵੈਕਸੀਨ ਮਿਥਕਾਂ ਤੋਂ ਬਚੋ

ਹੁਣ ਲੜਕੇ ਨੇ ਕਿਹਾ, ‘‘ਸ੍ਰੀਮਾਨ ਸਵੇਰੇ ਅਤੇ ਸ਼ਾਮ ਮਿਹਨਤ ਕਰਕੇ ਮੈਂ ਜੋ ਕੁਝ ਵੀ ਕਮਾਉਂਦਾ ਹਾਂ, ਉਹ ਮੈਂ ਨਿਯਮਤ ਫੀਸ ਅਤੇ ਘਰ ’ਚ ਖਰਚ ਕਰਦਾ ਹਾਂ’’ ਲੜਕੇ ਦੀ ਅਸਲ ਸਥਿਤੀ ਜਾਣ ਕੇ ਜੱਜ ਅਤੇ ਸਾਰੇ ਦੇਖਣ-ਸੁਣਨ ਵਾਲੇ ਹੈਰਾਨ ਰਹਿ ਗਏ ਜੱਜ ਨੇ  ਸੋਚਿਆ ਲੜਕਾ ਕਾਫੀ ਮੁਸ਼ਕਿਲ ’ਚ ਹੈ ਅਜਿਹੇ ਹੋਣਹਾਰ ਲੜਕੇ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ’ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਨ੍ਹਾਂ ਕਿਹਾ, ‘‘ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੇ ਪਰਿਵਾਰ ਨੂੰ ਆਰਥਿਕ ਮੱਦਦ ਤੁਰੰਤ ਦਿੱਤੀ ਜਾਵੇ ਤੇ ਉਦੋਂ ਤੱਕ ਦਿੱਤੀ ਜਾਵੇ ਜਦੋਂ ਤੱਕ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਕੇ ਕਿਸੇ ਕੰਮ-ਧੰਦੇ ’ਚ ਨਹੀਂ ਲੱਗ ਜਾਂਦੇ’’

ਲੜਕਾ ਬੋਲਿਆ, ‘‘ਅਜਿਹਾ ਨਾ ਕਰੋ ਸ੍ਰੀਮਾਨ, ਮੈਂ ਆਪਣੀ ਮਿਹਨਤ ਨਾਲ ਹੀ ਆਪਣੇ ਖਰਚ ਪੂਰਾ ਕਰਨਾ ਚਾਹੁੰਦਾ ਹਾਂ ਮੇਰੇ ਮਾਪਿਆਂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਾਨੂੰ ਅਜਿਹਾ ਇੱਕ ਵੀ ਪੈਸਾ ਸਵੀਕਾਰ ਨਹੀਂ ਕਰਨਾ ਚਾਹੀਦਾ ਜਿਸ ਲਈ ਅਸੀਂ ਮਿਹਨਤ ਨਾ ਕੀਤੀ ਹੋਵੇ ਇਸ ਲਈ ਤੁਹਾਡੀ ਦਇਆ ਭਾਵਨਾ ਲਈ ਮੈਂ ਤੁਹਾਡਾ ਧੰਨਵਾਦੀ ਹਾਂ ਅਤੇ ਤੁਹਾਡੇ ਤੋਂ ਇਹ ਉਮੀਦ ਕਰਦਾ ਹਾਂ ਕਿ ਮੈਨੂੰ ਆਪਣੀ ਮਿਹਨਤ ਨਾਲ ਆਪਣਾ ਖਰਚ ਚਲਾਉਣ ਦਿਓ’’

ਇਸ ਗੱਲ ਨਾਲ ਪੂਰੀ ਅਦਾਲਤ ਸੁੰਨ ਰਹਿ ਗਈ ਕਿਸੇ ਨੇ ਕਿਹਾ ਕਿ ਧੰਨ ਹਨ ਉਹ ਮਾਪੇ ਜਿਨ੍ਹਾਂ ਨੇ ਅਜਿਹੀ ਵਿਚਾਰਵਾਨ, ਮਿਹਨਤੀ ਔਲਾਦ ਪੈਦਾ ਕੀਤੀ ਕਿਸੇ ਨੇ ਕਿਹਾ ਕਿ ਜੇਕਰ ਘਰ-ਘਰ ’ਚ ਅਜਿਹੇ ਮਾਪੇ ਅਤੇ ਬੱਚੇ ਹੋਣ ਤਾਂ ਇਹ ਧਰਤੀ ਖੁਸ਼ਹਾਲੀ ਅਤੇ ਅਨੰਦ ਨਾਲ ਭਰ ਉੱਠੇਗੀ -ਅਯੁੱਧਿਆ ਪ੍ਰਸਾਦ ‘ਭਾਰਤੀ’