Mothers Day Story …ਅੱਜ ਦਾ ਦਿਨ ਤੇਰਾ ਸੀ ਅੰਮਾ!
ਫਿਰ ਉਹੀ ਸਭ… ਉੱਠੋ, ਭਗਵਾਨ ਨੂੰ ਨਮਸਕਾਰ ਕਰੋ, ਜਿਵੇਂ-ਕਿਵੇਂ ਨਹਾ-ਧੋ ਕੇ ਲੱਗ ਜਾਓ। ਸਵੇਰ ਦਾ ਨਾਸ਼ਤਾ, ਪਤੀ ਨੂੰ ਕੌਫੀ, ਸੱਸ ਨੂੰ ਚਾਹ, ਬੱਚਿਆਂ ਨੂੰ ਦੁੱਧ…। ਅੱਜ ਅਰੁਣਿਮਾ ਦਾ ਮਨ ਬਿਸਤਰੇ ਤੋਂ ਬਿਲਕੁਲ ਉੱਠਣ ਦਾ ਨਹੀਂ ਸੀ। ਉਹ ਫਿਰ ਤੋਂ ਪਾਸਾ ਵੱਟ ਕੇ ਸੌਂ ਗਈ।
‘‘ਉੱਠੋ ਮੰਮੀ!’’ ਅਨੁਭਾ ਬੋਲੀ।
‘‘ਸੌਣ ਦਿਓ…।’’
‘‘ਉੱਠੋ ਮੰਮੀ!’’ ਇਸ ਵਾਰ ਆਭਾਸ ਸੀ।
ਮਨ ਮਾਰ ਕੇ ਉਸ ਨੂੰ ਉੱਠਣਾ ਹੀ ਪਿਆ। ਜਿਵੇਂ ਹੀ ਉਹ ਬੈਠੀ, ਦੋਵੇਂ ਬੱਚੇ ਉਸ ਨੂੰ ਚਿੰਬੜ ਗਏ।
‘‘ਹੈਪੀ ਮਦਰਸ ਡੇ…।’’
‘‘ਓਏ…, ਮੈਨੂੰ ਤਾਂ ਯਾਦ ਵੀ ਨਹੀਂ ਸੀ।’’
‘‘ਪਰ ਸਾਨੂੰ ਯਾਦ ਸੀ ਨਾ, ਹੁਣ ਤੁਸੀਂ ਚੁੱਪਚਾਪ ਇਸੇ ਤਰ੍ਹਾਂ ਹੀ ਬੈਠੇ ਰਹਿਣਾ, ਅਸੀਂ ਹੁਣੇ ਆਏ।’’
ਅਰੁਣਿਮਾ ਪਿਆਰ ਭਰੀਆਂ ਨਜ਼ਰਾਂ ਨਾਲ ਆਪਣੇ ਦੋਵੇਂ ਜਵਾਨ ਹੁੰਦੇ ਬੱਚਿਆਂ ਨੂੰ ਦੇਖਦੀ ਰਹੀ। ਦੋਵਾਂ ਨੇ ਉਸ ਦੇ ਹੱਥ ’ਚ ਲਿਆ ਕੇ ਦੋ ਗੁਲਾਬ ਅਤੇ ਇੱਕ ਸੁੰਦਰ-ਜਿਹਾ ਕਾਰਡ ਫੜਾ ਦਿੱਤਾ। ਖੁਸ਼ ਹੋ ਕੇ ਉਹ ਨਹਾਉਣ ਚਲੀ ਗਈ। ਜਦੋਂ ਤੋਂ ਅੰਮਾ ਪਿੰਡ ਤੋਂ ਉਨ੍ਹਾਂ ਕੋਲ ਰਹਿਣ ਆਏ ਹਨ, ਇਹ ਉਨ੍ਹਾਂ ਦਾ ਆਦੇਸ਼ ਸੀ ਕਿ ਰਸੋਈ ’ਚ ਨਹਾਏ ਬਿਨਾਂ ਨਾ ਜਾਵੇ।
ਨਹਾ ਕੇ ਉਹ ਜਿਵੇਂ ਹੀ ਉਹ ਰਸੋਈ ’ਚ ਜਾਣ ਲੱਗੀ, ਬੱਚਿਆਂ ਨੇ ਉਸ ਦਾ ਰਸਤਾ ਰੋਕ ਕੇ ਉਸ ਨੂੰ ਡਾਈਨਿੰਗ ਟੇਬਲ ’ਤੇ ਬਿਠਾ ਦਿੱਤਾ। ਡਾਈਨਿੰਗ ਟੇਬਲ ਐਵੇਂ ਸੱਜਿਆ ਹੋਇਆ ਸੀ, ਜਿਵੇਂ ਘਰ ’ਚ ਕੋਈ ਪ੍ਰਾਹੁਣਾ ਆਉਣ ਵਾਲਾ ਹੋਵੇ। ਬੱਚੇ ਰਸੋਈ ’ਚੋਂ ਉਸ ਦੇ ਫੈਵਰੇਟ-ਟੀ ਸੈੱਟ ’ਚ ਚਾਹ ਅਤੇ ਉਸ ਦੀ ਪਸੰਦ ਦਾ ਨਾਸ਼ਤਾ ‘ਉਪਮਾ’ ਬਣਾ ਕੇ ਲੈ ਆਏ। ਉਹ ਹੈਰਾਨ ਸੀ। ਜੋ ਬੱਚੇ ਕਦੇ ਇੱਕ ਗਲਾਸ ਪਾਣੀ ਤੱਕ ਆਪਣੇ-ਆਪ ਲੈ ਕੇ ਨਹੀਂ ਪੀਂਦੇ ਸਨ, ਅੱਜ ਕਿਵੇਂ ਭੱਜ-ਭੱਜ ਕੇ ਸਭ ਕੰਮ ਕਰ ਰਹੇ ਹਨ।
ਉੱਧਰ ਇਸ ਸਾਰੀ ਭੱਜ-ਦੌੜ ਨੂੰ ਦੇਖ ਕੇ ਅੰਮਾ ਹੈਰਾਨ ਸੀ ਕਿ ਇਹ ਸਭ ਹੋ ਕੀ ਰਿਹਾ ਹੈ? ਨਾ ਤਾਂ ਅੱਜ ਕਿਸੇ ਦਾ ਜਨਮ ਦਿਨ ਹੈ, ਨਾ ਕੋਈ ਤੀਜ-ਤਿਉਹਾਰ। ਹੋਵੇਗਾ ਕੁਝ…! ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਰੋਕਿਆ ਤੇ ਆਪਣੇ ਕਮਰੇ ’ਚ ਜਾ ਕੇ ਗੀਤਾ-ਪਾਠ ਕਰਨ ਲੱਗੇ ਅੰਤਰਿਕਸ਼ ਟੇਬਲ ’ਤੇ ਬੈਠੇ ਹੋਏ ਉਸ ਦੀ ਉਡੀਕ ਕਰ ਰਹੇ ਸਨ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਇਸ ਛੋਟੇ ਜਿਹੇ ਪਰਿਵਾਰ ’ਚ ਉਸ ਦੀ ਵੀ ਇੱਕ ਮਹੱਤਵਪੂਰਨ ਥਾਂ ਹੈ
‘‘ਖਾਓ ਨਾ ਮਾਂ, ਉਪਮਾ ਮੈਂ ਬਣਾਇਆ ਹੈ?’’ ਅਨੁ ਬੋਲੀ।
‘‘ਝੂਠੀ ਕਿਤਿਓਂ ਦੀ, ਮੈਂ ਬਣਾਇਆ ਹੈ।’’ ਆਭਾਸ ਬੋਲਿਆ।
‘‘ਤੂੰ ਕੀ ਕੀਤਾ? ਸਿਰਫ਼ ਮਿਰਚ ਕੱਟੀ ਅਤੇ ਪਿਆਜ਼।’’
‘‘ਅੱਛਾ, ਅਤੇ ਸੂਜੀ ਕਿਸ ਨੇ ਭੁੰਨ੍ਹੀ?’’
‘‘ਸਭ ਤੂੰ ਹੀ ਕੀਤਾ ਹੈ, ਬੱਸ!’’
ਅਰੁਣਿਮਾ ਬੱਚਿਆਂ ਦਾ ਝਗੜਾ ਦੇਖਦੀ ਹੋਈ ਬੜੇ ਪਿਆਰ ਨਾਲ ਉਪਮਾ ਖਾ ਰਹੀ ਸੀ। ਮੂੰਹ ’ਚ ਇੱਕ ਚਮਚ ਉਪਮਾ ਰੱਖਦੇ ਹੀ ਅਨੁਭਾ ਬਾਹਰ ਭੱਜੀ।
‘‘ਤੁਸੀਂ ਕਿਵੇਂ ਖਾ ਰਹੇ ਹੋ? ਕਿੰਨਾ ਨਮਕ ਹੈ ਇਸ ਵਿਚ ।’’
‘‘ਮੈਨੂੰ ਤਾਂ ਨਮਕ ਨਹੀਂ ਲੱਗ ਰਿਹਾ।’’
‘‘ਝੂਠ ਬੋਲ ਰਹੇ ਹੋ ਤੁਸੀਂ।’’
‘‘ਇਸ ਵਿਚ ਤੁਹਾਡਾ ਦੋਵਾਂ ਦਾ ਪਿਆਰ ਜੋ ਭਰਿਆ ਹੈ। ਤੁਸੀਂ ਨਹੀਂ ਸਮਝੋਗੇ। ਹਾਲੇ ਤੁਸੀਂ ਛੋਟੇ ਹੋ। ਹੌਲੀ- ਹੌਲੀ ਸਿੱਖ ਲਓਗੇ। ਫਿਰ ਤੁਸੀਂ ਪਹਿਲੀ ਵਾਰ ਬਣਾਇਆ ਹੈ।’’
ਨਾਸ਼ਤਾ ਕਰਕੇ ਉਹ ਭਾਂਡੇ ਸਮੇਟਣ ਲੱਗੀ, ਤਾਂ ਦੋਵਾਂ ਨੇ ਆ ਕੇ ਉਸ ਨੂੰ ਰੋਕ ਦਿੱਤਾ।
‘‘ਅੱਜ ਕੁਝ ਵੀ ਨਹੀਂ ਕਰੋਗੋ ਤੁਸੀਂ। ਆਪਣੇ ਕਮਰੇ ’ਚ ਜਾ ਕੇ ਆਪਣੀ ਪਸੰਦ ਦੀ ਕੋਈ ਕਿਤਾਬ ਪੜ੍ਹੋ।’’
‘‘ਅਤੇ ਖਾਣਾ? ਕੀ ਖਾਣਾ ਵੀ ਤੁਸੀਂ ਦੋਵੇਂ ਬਣਾਓਗੇ?’’
‘‘ਨਹੀਂ, ਅਸੀਂ ਰੈਸਟੋਰੈਂਟ ’ਤੇ ਆਰਡਰ ਦੇ ਦਿੱਤਾ ਹੈ, ਉੱਥੋਂ ਆ ਜਾਵੇਗਾ।’’
‘‘ਅਤੇ ਦਾਦੀ ਕੀ ਖਾਣਗੇ? ਉਹ ਤਾਂ ਬਾਹਰ ਦਾ ਖਾਣਾ ਨਹੀਂ ਖਾਂਦੇ।’’
‘‘ਅਸੀਂ ਉਨ੍ਹਾਂ ਤੋਂ ਪੁੱਛ ਲਿਆ ਹੈ, ਉਹ ਕਹਿ ਰਹੇ ਸਨ ਕਿ ਦਲੀਆ ਬਣਾ ਕੇ ਖਾ ਲੈਣਗੇ’’
ਆਪਣੇ ਕਮਰੇ ’ਚ ਜਾ ਕੇ ਉਹ ਸ਼ਾਂਤ ਚਿੱਤ ਨਾਲ ਲੇਟ ਗਈ। ਕਿੰਨਾ ਆਰਾਮ, ਕਿੰਨਾ ਸੁਕੂਨ ਮਿਲ ਰਿਹਾ ਸੀ। ਅਰੁਣਿਮਾ ਆਪਣੀਆਂ ਬਚਪਨ ਦੀਆਂ ਯਾਦਾਂ ’ਚ ਡੁੱਬ ਗਈ। ਉਸ ਦੇ ਸਮੇਂ ’ਚ ਮਾਂ ਬਾਰਾਂ ਮਹੀਨੇ, ਤਿੰਨ ਸੌ ਪੈਂਠ ਦਿਨ ਘਰ ’ਚ ਸਭ ਲਈ ਖਪਦੀ ਰਹਿੰਦੀ। ਉਸਦੇ ਲਈ ਅਜਿਹਾ ਕੋਈ ਦਿਨ ਨਹੀਂ ਬਣਿਆ ਸੀ, ਜਦੋਂ ਇੱਕ ਦਿਨ ਲਈ ਹੀ ਸਹੀ ਉਸ ਨੂੰ ਆਪਣੀ ਅਹਿਮੀਅਤ ਸਮਝ ਆਵੇ। ਭਲਾ ਹੋਵੇ ਇਸ ਅੰਗਰੇਜ਼ੀ ਕਲਚਰ ਦਾ ਜੋ ਉਨ੍ਹਾਂ ਨੇ ਇੱਕ ਦਿਨ ਤਾਂ ਮਾਂ ਦੇ ਨਾਂਅ ਕਰ ਦਿੱਤਾ ਹੈ। ਇਹੀ ਸਭ ਸੋਚਦੇ-ਸੋਚਦੇ ਉਸ ਨੂੰ ਨੀਂਦ ਆ ਗਈ।
‘‘ਮਾਂ ਉੱਠੋ, ਲੰਚ ਟਾਈਮ ਹੋ ਗਿਆ ਹੈ।’’
ਅੱਖਾਂ ਖੋਲ੍ਹ ਕੇ ਅਰੁਣਿਮਾ ਨੇ ਦੇਖਿਆ ਇੱਕ ਵੱਜ ਰਿਹਾ ਸੀ। ਮੂੰਹ ਧੋ ਕੇ ਉਹ ਡਾਈਨਿੰਗ ਟੇਬਲ ’ਤੇ ਆ ਗਈ। ਉਸ ਦੇ ਬਾਗ ’ਚ ਜਿੰਨੇ ਫੁੱਲ ਸਨ, ਸਭ ਲੈ ਕੇ ਬੱਚਿਆਂ ਨੇ ਟੇਬਲ ’ਤੇ ਸਜਾ ਰੱਖੇ ਸਨ। ਮੋਗਰੇ ਅਤੇ ਗੁਲਾਬ ਦੀ ਮਿੰਨੀ-ਮਿੰਨੀ ਖੁਸ਼ਬੂ ਹਵਾਵਾਂ ’ਚ ਤੈਰ ਰਹੀ ਸੀ। ਅਨੁਭਾ ਅਤੇ ਆਭਾਸ ਭੱਜ-ਭੱਜ ਕੇ ਪਲੇਟਾਂ ਲਾਉਣ ਲੱਗੇ। ਸਾਰਾ ਖਾਣਾ ਅਰੁਣਿਮਾ ਦੀ ਪਸੰਦ ਦਾ ਸੀ, ਇੱਥੋਂ ਤੱਕ ਕਿ ਖਾਣੇ ਤੋਂ ਬਾਅਦ ਅਨੁਭਾ ਫਰਿੱਜ ’ਚੋਂ ਉਸ ਦੀ ਬੇਹੱਦ ਪਸੰਦ ਆਈਸਕ੍ਰੀਮ ਵੀ ਲੈ ਆਈ। ਉਹ ਸਮਝ ਗਈ ਸਿਰਫ ਬੱਚੇ ਹੀ ਨਹੀਂ ਇਸ ਸਾਰੇ ਪ੍ਰੋਗਰਾਮ ’ਚ ਅੰਤਰਿਕਸ਼ ਵੀ ਉਨ੍ਹਾਂ ਦੇ ਨਾਲ ਹੈ।
ਖਾਣਾ ਖਾ ਕੇ ਉਹ ਕਮਰੇ ’ਚ ਗਈ, ਤਾਂ ਦੇਖਿਆ ਪਲੰਘ ’ਤੇ ਦੋ ਗਿਫਟ ਪੈਕੇਟ ਰੱਖੇ ਹਨ। ਅਰੁਣਿਮਾ ਨੇ ਹੌਲੀ ਜਿਹੇ ਪੈਕੇਟ ਖੋਲ੍ਹੇ। ਤੋਹਫੇ ਦੇਖ ਕੇ ਉਹ ਹੈਰਾਨ ਰਹਿ ਗਈ। ਇੱਕ ਪੈਕੇਟ ’ਚ ਉਸ ਦੇ ਫੈਵਰੇਟ ਰੰਗ ਦੀ ਸਿਫ਼ਾੱਨ ਦੀ ਲਾਲ ਸਾੜ੍ਹੀ ਸੀ, ਦੂਜੇ ’ਚ ਉਸ ਦੇ ਪਸੰਦੀਦਾ ਲੇਖਕ ਦੀ ਨਵੀਂ ਕਿਤਾਬ ਸੀ। ਹੁਣ ਉਸ ਤੋਂ ਨਾ ਰਿਹਾ ਗਿਆ। ਬੱਚਿਆਂ ਦੀਆਂ ਭਾਵਨਾਵਾਂ ਤੇ ਪਿਆਰ ਨਾਲ ਉਹ ਖੁਸ਼ ਸੀ। ਉਸ ਦੇ ਹੰਝੂ ਵਗਣ ਲੱਗੇ। ਉਸ ਨੇ ਦੋਵੇਂ ਬੱਚਿਆਂ ਨੂੰ ਗਲੇ ਲਾ ਲਿਆ। ਸ਼ਾਮ ਨੂੰ ਪੰਜ ਵੱਜਦੇ ਹੀ ਉਹ ਫਿਰ ਉਸ ਦੇ ਪਿੱਛੇ ਪੈ ਗਏ।
‘‘ਜਲਦੀ ਤਿਆਰ ਹੋ ਜਾਓ। ਅਸੀਂ ਪਾਪਾ ਨੂੰ ਕਹਿ ਕੇ ਫਿਲਮ ਦੀਆਂ ਟਿਕਟਾਂ ਮੰਗਵਾ ਕੇ ਰੱਖੀਆਂ ਹਨ। ਪਹਿਲਾਂ ਪਿਕਚਰ, ਫਿਰ ਡਿਨਰ। ਵਾਹ! ਮਜ਼ਾ ਆ ਗਿਆ।’’ ਅਨੁਭਾ ਬਹੁਤ ਉਤਸ਼ਾਹਿਤ ਸੀ। ਫਿਲਮ ਦੇਖ ਕੇ ਅਤੇ ਵਧੀਆ ਜਿਹਾ ਡਿਨਰ ਕਰਕੇ ਜਦੋਂ ਉਹ ਘਰ ਵਾਪਸ ਆਏੇ, ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ।
ਅੰਮਾ ਨੇ ਦਰਵਾਜ਼ਾ ਖੋਲ੍ਹਿਆ, ਤਾਂ ਜਿਵੇਂ ਅੰਤਰਿਕਸ਼ ਦੇ ਮੱਥੇ ’ਤੇ ਕਿਸੇ ਨੇ ਹਥੌੜਾ ਮਾਰਿਆ। ਆਪਣੀ ਹੀ ਮਸਤੀ ’ਚ ਡੁੱਬੀ ਹੋਈ ਨੂੰਹ, ਪੋਤਾ, ਪੋਤੀ ਇੱਥੋਂ ਤੱਕ ਕਿ ਉਸ ਦੇ ਪੁੱਤਰ ਤੱਕ ਨੂੰ ਯਾਦ ਨਹੀਂ ਸੀ ਕਿ ਉਸ ਘਰ ਦੇ ਇੱਕ ਕਮਰੇ ’ਚ ਇੱਕ ਮਾਂ ਹੋਰ ਵੀ ਹੈ, ਜਿਸ ਨੇ ਖਾਣਾ ਖਾਧਾ ਜਾਂ ਨਹੀਂ, ਇਹ ਵੀ ਉਨ੍ਹਾਂ ਨੂੰ ਨਹੀਂ ਪਤਾ। ਬੱਚਿਆਂ ਦੇ ਪਿਆਰ ਦੇ ਨਸ਼ੇ ’ਚ ਡੁੱਬੀ ਅਰੁਣਿਮਾ ਆਪਣੇ ਕਮਰੇ ’ਚ ਜਾ ਕੇ ਸੌਂ ਗਈ।
ਅੰਤਰਿਕਸ਼ ਦਾ ਮਨ ਭਰ ਆਇਆ। ਕੀ ਮਦਰਸ ਡੇਅ ਸਿਰਫ ਜਵਾਨ ਅਤੇ ਆਧੁਨਿਕ ਮਾਂ ਲਈ ਹੀ ਹੁੰਦਾ ਹੈ? ਬਜ਼ੁਰਗਾਂ ਦਾ ਉਸ ਦਿਨ ’ਤੇ ਕੋਈ ਅਧਿਕਾਰ ਨਹੀਂ ਹੁੰਦਾ? ਕੀ ਉਹ ਮਾਂ ਨਹੀਂ ਹੁੰਦੀ? ਪਛਤਾਵੇ ਨਾਲ ਅੰਤਰਿਕਸ਼ ਦੇ ਹੰਝੂ ਵਗਣ ਲੱਗੇ। ਇਸ ਸਾਰੇ ਆਡੰਬਰ ’ਚ ਉਹ ਕਿਵੇਂ ਆਪਣੀ ਸਿੱਧੀ-ਸਾਦੀ ਸਾਤਵਿਕ ਜਨਨੀ ਨੂੰ ਭੁੱਲ ਗਿਆ। ਉਸ ਮਾਂ ਨੂੰ ਜਿਸ ਨੇ ਸਾਰੀ ਜਵਾਨੀ ਉਸ ਲਈ ਸਵਾਹ ਕਰ ਦਿੱਤੀ।
ਸੱਤ ਸਾਲ ਦਾ ਸੀ, ਜਦੋਂ ਪਿਤਾ ਚੱਲ ਵੱਸੇ ਸਨ। ਮਾਂ ਨੇ ਉਸ ਨੂੰ ਕਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਹਮੇਸ਼ਾ ਉਹ ਉਸ ਦੇ ਖਾਣਾ ਖਾਣ ਤੋਂ ਬਾਅਦ ਬਚਿਆ-ਖੁਚਿਆ ਖਾਂਦੀ ਸੀ। ਅੰਬ ਉਹ ਖਾਂਦਾ ਸੀ, ਗਿਟਕਾਂ ਉਹ ਚੂਸਦੀ ਸੀ। ਉਸ ਦੇ ਬੱਚਿਆਂ ਨੇ ਤਾਂ ਆਪਣਾ ਫ਼ਰਜ਼ ਪੂਰਾ ਕਰ ਲਿਆ, ਪਰ ਉਸਨੇ? ਉਸ ਨੇ ਆਪਣੀ ਮਾਂ ਲਈ ਕੀ ਕੀਤਾ? ਜਦੋਂ ਰੈਸਟੋਰੈਂਟ ’ਚ ਅਨੁਭਾ ਅਤੇ ਆਭਾਸ ਅਰੁਣਿਮਾ ਨੂੰ ਖਾਣਾ ਖੁਆ ਰਹੇ ਸਨ, ਉਹ ਬਜ਼ੁਰਗ ਸਵੇਰ ਦਾ ਬਚਿਆ ਹੋਇਆ ਦਲੀਆ ਖਾ ਰਹੀ ਸੀ।
ਅੰਤਰਿਕਸ਼ ਨੂੰ ਐਵੇਂ ਗੁੰਮਸੁੰਮ ਸੋਫੇ ’ਤੇ ਬੈਠਾ ਦੇਖ ਕੇ ਅੰਮਾ ਆਪਣੇ ਕਮਰੇ ’ਚੋਂ ਬਾਹਰ ਆ ਗਈ।
‘‘ਇਵੇਂ ਇਕੱਲਾ ਕਿਉਂ ਬੈਠਾ ਹੈਂ ਅਨੁ?’’
‘‘ਬੱਸ ਉਂਵੇਂ ਹੀ।’’
‘‘ਅੱਜ ਕੀ ਸੀ ਬੇਟਾ?’’
ਅੱਜ ਦਾ ਦਿਨ ਤੇਰਾ ਸੀ ਅੰਮਾ। ਅੰਤਰਿਕਸ਼ ਨੇ ਕਹਿਣਾ ਚਾਹਿਆ ਪਰ ਉਸ ਦੀ ਜ਼ੁਬਾਨ ਨੇ ਸਾਥ ਨਹੀਂ ਦਿੱਤਾ।
‘‘ਤੁਸੀਂ ਥੋੜ੍ਹੀ ਦੇਰ ਏਦਾਂ ਹੀ ਬੈਠੇ ਰਹਿਣਾ ਅੰਮਾਂ! ਮੈਂ ਹੁਣੇ ਆਇਆ।’’
ਅਚਾਨਕ ਉਹ ਅੰਮਾ ਦਾ ਛੋਟਾ-ਜਿਹਾ ਅਨੁ ਬਣ ਗਿਆ। ਰਸੋਈ ’ਚ ਜਾ ਕੇ ਉਸਨੇ ਤੁਰੰਤ ਮਾਂ ਦੀ ਪਸੰਦ ਦਾ ਸੂਜੀ ਦਾ ਹਲਵਾ ਬਣਾਇਆ ਅਤੇ ਦੋ ਕੱਪ ਕੜਕ ਚਾਹ। ਉਸ ਨੂੰ ਪਤਾ ਸੀ ਮਾਂ ਨੂੰ ਜਦੋਂ ਚਾਹੋ, ਜਿੰਨੀ ਵਾਰ ਚਾਹੋ ਪਿਆ ਦਿਓ ਕਦੀ ਮਨ੍ਹਾ ਨਹੀਂ ਕਰਨਗੇ।
‘‘ਲੈ ਖਾਓ ਅਤੇ ਚਾਹ ਪੀਓ।’’
ਅੰਮਾ ਦੀਆਂ ਅੱਖਾਂ ’ਚ ਮਮਤਾ ਦੀ ਚਮਕ ਲਹਿਰਾਈ। ਉਹ ਹੌਲੀ-ਹੌਲੀ ਕੜਾਹ ਖਾਣ ਲੱਗੀ। ਉਸ ਦੇ ਤ੍ਰਿਪਤ ਹੁੰਦੇ ਚਿਹਰੇ ਨੂੰ ਵੇਖ ਕੇ ਅੰਤਰਿਕਸ਼ ਨੂੰ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ। ਉਸ ਨੂੰ ਲੱਗਾ ਸੱਚੇ ਅਰਥਾਂ ’ਚ ਉਸਦੇ ਲਈ ਤਾਂ ਮਦਰਸ ਡੇਅ ਦੀ ਪਰਿਭਾਸ਼ਾ ਹੁਣ ਇਸ ਸਮੇਂ ਪੂਰੀ ਹੋਈ ਹੈ। ਅਗਲੇ ਦਿਨ ਮਾਰਕਿਟ ਤੋਂ ਗਿਫ਼ਟ ਦਿਵਾਇਆ -ਧੰਨਵਾਦ ਸਹਿਤ: ਨਿਸ਼ਾ ਚੰਦਰਾ


































































