Happy Lohri: ‘ਸਾਨੂੰ ਪਾ ਲੋਹੜੀ, ਤੇਰੀ ਜੀਵੇ ਜੋੜੀ…’
ਕੁਝ ਏਦਾਂ ਹੀ ਦਿਲ ਦੀਆਂ ਗਹਿਰਾਈਆਂ ’ਚ ਉੱਤਰਨ ਵਾਲੇ ਲੋਕ-ਗੀਤਾਂ ਨਾਲ ਸੱਜਿਆ ਲੋਹੜੀ ਦਾ ਤਿਉਹਾਰ ਖੁਦ ’ਚ ਕਈ ਸੱਭਿਆਚਾਰਕ ਰੰਗਾਂ ਨੂੰ ਵੀ ਸਮੇਟੇ ਹੋਏ ਹੈ ਆਸਥਾ ਦੇ ਨਾਲ-ਨਾਲ ਸੱਭਿਆਚਾਰ ਦਾ ਇਹ ਅਨੋੋਖਾ ਮੇਲ ਬੜਾ ਦਿਲਚਸਪ ਨਜ਼ਾਰਾ ਪੇਸ਼ ਕਰਦਾ ਹੈ ਲੋਹੜੀ, ਪੋਂਗਲ ਅਤੇ ਮਕਰ ਸੰਕ੍ਰਾਂਤੀ (13 ਜਨਵਰੀ) ਇਕੱਠੇ ਮਨਾਏ ਜਾਣ ਵਾਲੇ ਇਹ ਤਿਉਹਾਰ ਧਰਤੀ ’ਤੇ ਖੁਸ਼ਹਾਲੀ ਲਿਆਉਣ ਲਈ ਸਰਵਸ਼ਕਤੀਮਾਨ ਈਸ਼ਵਰ ਦਾ ਧੰਨਵਾਦ ਕਰਨ ਦਾ ਸੁਨੇਹਾ ਦਿੰਦਾ ਹੈ ਕਿਉਂਕਿ ਇਸ ਮੌਸਮ ’ਚ ਕਿਸਾਨਾਂ ਦੇ ਖੇਤ ਫਸਲਾਂ ਨਾਲ ਲਹਿਰਾਉਂਦੇ ਦਿਖਾਈ ਦਿੰਦੇ ਹਨ।
ਜੀਵਨ ਦੇ 80 ਬਸੰਤ ਦੇਖ ਚੁੱਕੀ ਸੁਖਦੇਵ ਕੌਰ ਲਈ ਇਹ ਲੋਹੜੀ ਦਾ ਤਿਉਹਾਰ ਇੱਕ ਅਮਿੱਟ ਛਾਪ ਵਾਂਗ ਹੈ, ਜਿਸ ਦੀਆਂ ਯਾਦਾਂ ਨੂੰ ਤਰੋਤਾਜ਼ਾ ਕਰਦੇ ਹੋਏ ਉਹ ਦੱਸਦੀ ਹੈ ਕਿ ਮੈਂ ਜੀਵਨ ਦੇ ਬਹੁਤ ਉੱਤਰਾਅ-ਚੜ੍ਹਾਵਾਂ ਵਿਚਕਾਰ ਇਸ ਤਿਉਹਾਰ ਦੀ ਹਰ ਖੁਸ਼ੀ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ ਬੇਸ਼ੱਕ ਸਮੇਂ ਦੀ ਰਫਤਾਰ ਮੁਤਾਬਿਕ ਇਸ ਦੇ ਰਿਵਾਜ਼ਾਂ ’ਚ ਬਦਲਾਅ ਆਇਆ ਹੈ, ਪਰ ਇਸ ਦੀ ਸਾਰਥਿਕਤਾ ਅੱਜ ਵੀ ਕਾਇਮ ਹੈ ਉਹ ਦੱਸਦੀ ਹੈ ਕਿ ਲੋਹੜੀ ਵਾਲੇ ਦਿਨ ਜਿਉਂ-ਜਿਉਂ ਸੂਰਜ ਆਪਣੇ ਸਿਖਰ ’ਤੇ ਪਹੁੰਚਦਾ ਹੈ ਤਾਂ ਨੌਜਵਾਨ ਲੋਹੜੀ ਮੰਗਣ ਲਈ ਟੋਲੀਆਂ ’ਚ ਇਕੱਠੇ ਹੋ ਜਾਂਦੇ ਸੂਰਜ ਦੀ ਢਲਦੀ ਲਾਲੀ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ।
ਲੋਹੜੀ ਬਣਾਉਣ ਦੀ ਤਿਆਰੀ ਘਰ-ਘਰ ਜਾ ਕੇ ਮਾਤਾ-ਭੈਣਾਂ ਤੋਂ ਲੋਹੜੀ ਲਈ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਵੱਡੇ ਪਿੰਡਾਂ ’ਚ ਆਪਣੀ ਪੱਤੀ ਜਾਂ ਮੁਹੱਲੇ ਦੇ ਹਿਸਾਬ ਨਾਲ ਲੋਹੜੀ ਬਣਾਈ ਜਾਂਦੀ ਪਾਥੀਆਂ ਦਾ ਵੱਡਾ ਜਿਹਾ ਢੇਰ ਲਾ ਕੇ ਉਸਨੂੰ ਤਰੀਕੇ ਨਾਲ ਸਜਾਇਆ ਜਾਂਦਾ ਕਿ ਉਹ ਪੂਰੀ ਰਾਤ ਬਲ਼ਦਾ ਰਹੇ ਉੱਧਰ ਘਰਾਂ ’ਚ ਮਾਤਾ-ਭੈਣਾਂ ਜ਼ਲਦੀ ਹੀ ਆਪਣੇ ਰੂਟੀਨ ਦਾ ਕੰਮਕਾਜ ਨਿਪਟਾ ਲੈਂਦੀਆਂ ਸਨ ਜਿਉਂ ਹੀ ਸ਼ਾਮ ਢਲ਼ਦੀ ਉਹ ਲੋਹੜੀ ਲਈ ਨਿਰਧਾਰਤ ਥਾਂ ’ਤੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪੂਰੇ ਹਾਰ-ਸ਼ਿੰਗਾਰ ਨਾਲ ਸਜੀਆਂ ਮੁਟਿਆਰਾਂ ਮਾਹੌਲ ਨੂੰ ਪੂਰੀ ਤਰ੍ਹਾਂ ਖੁਸ਼ਨੁਮਾ ਬਣਾ ਦਿੰਦੀਆਂ ਫਿਰ ਸ਼ੁਰੂ ਹੁੰਦੀ ਲੋਕਗੀਤਾਂ ਦੀ ਗੁਨਗੁਨਾਹਟ:-
ਪਾ ਮਾਏ ਲੋਹੜੀ, ਤੇਰਾ ਪੁੱਤ ਚੜ੍ਹੇ ਘੋੜੀ
ਮਾਏ ਨੀ ਮਾਏ ਪਾ ਪਾਥੀ, ਤੇਰਾ ਪੁੱਤ ਚੜ੍ਹੇ ਹਾਥੀ
ਇਸੇ ਤਰ੍ਹਾਂ ਦੇ ਕਈ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਸੀ ਦੇਰ ਰਾਤ ਤੱਕ ਢੋਲ ਦੇ ਡਗੇ, ਗਿੱਧਿਆਂ-ਭੰਗੜਿਆਂ ਦੀ ਧਮਕ ਅਤੇ ਗੀਤਾਂ ਦੀ ਆਵਾਜ਼ ਗੂੰਜਦੀ ਰਹਿੰਦੀ ਹੈ ਪੰਜਾਬ ਦੀਆਂ ਕਈ ਥਾਵਾਂ ’ਤੇ ਰਿਵਾਇਤੀ ਪਹਿਰਾਵੇ ਪਹਿਨ ਕੇ ਔਰਤਾਂ ਅਤੇ ਪੁਰਸ਼ ਨਾਚ ਕਰਦੇ ਹਨ।
Table of Contents
ਆਸਥਾ ਸੰਗ ਸੱਭਿਆਚਾਰ ਦਾ ਹੁੰਦਾ ਹੈ ਸੁਮੇਲ

ਨਵੇਂ ਵਿਆਹੇ ਜੋੜੇ ਅਤੇ ਜੰਮੇ ਬੱਚਿਆਂ ਦੇ ਨਾਂਅ ਹੁੰਦੀ ਹੈ ਖਾਸ ਲੋਹੜੀ
ਰਿਵਾਇਤੀ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਜਿਸ ਰਾਤ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉਹ ਸਾਲ ਦੀ ਸਭ ਤੋਂ ਲੰਮੀ ਰਾਤ ਹੁੰਦੀ ਹੈ ਸੂਰਜ ਛਿਪਣ ਤੋਂ ਬਾਅਦ ਖੁੱਲ੍ਹੀ ਥਾਂ ’ਚ ਗੋਹੇ ਦੀਆਂ ਪਾਥੀਆਂ ਅਤੇ ਲੱਕੜ ਨਾਲ ਅੱਗ ਬਾਲ਼ੀ ਜਾਂਦੀ ਹੈ ਪਰਿਵਾਰ ਦੇ ਸਾਰੇ ਮੈਂਬਰ ਇਸ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ ਇਹ ਪਵਿੱਤਰ ਅਗਨੀ ਨਵੇਂ ਵਿਆਹੇ ਜੋੜੇ ਅਤੇ ਨਵੇਂ ਬੱਚਿਆਂ ਦੇ ਮਾਤਾ-ਪਿਤਾ ਲਈ ਖਾਸ ਤੌਰ ’ਤੇ ਸ਼ੁੱਭ ਮੰਨੀ ਜਾਂਦੀ ਹੈ ਅਜਿਹੇ ਨਵੇਂ ਵਿਆਹੇ ਜੋੜੇ ਅਤੇ ਮਾਤਾ-ਪਿਤਾ ਅੱਗ ਦੀ ਪਰਿਕਰਮਾ ਕਰਦੇ ਹਨ ਅਤੇ ਅੱਗ ’ਚ ਗੁੜ ਦੀ ਗੱਚਕ ਅਤੇ ਤਿਲ ਦੀ ਰਿਉੜੀ ਅਰਪਿਤ ਕਰਦੇ ਹਨ ਇਸ ਦੌਰਾਨ ਔਰਤਾਂ ਲੋਕਗੀਤ ਗਾਉਂਦੀਆਂ ਹਨ ਅਤੇ ਗਿੱਧਾ ਪਾਉਂਦੀਆਂ ਹਨ ਬੰਦੇ ਵੀ ਭੰਗੜਾ ਪਾ ਕੇ ਤਿਉਹਾਰ ਮਨਾਉਂਦੇ ਹਨ ਇਸਦੇ ਨਾਲ ਹੀ ਕੜਾਕੇ ਦੀ ਠੰਢ ਦਾ ਵੀ ਅੰਤ ਹੋਣ ਲੱਗਦਾ ਹੈ।
ਵਿਅੰਜਨਾਂ ਦਾ ਖਾਸ ਮਹੱਤਵ
ਇਸ ਦਿਨ ਸਰ੍ਹੋਂ ਦਾ ਸਾਗ-ਮੱਕੀ ਦੀ ਰੋਟੀ, ਪਿੰਨੀਆਂ, ਤਿਲ ਦੇ ਲੱਡੂ, ਪੰਜੀਰੀ ਅਤੇ ਮਖਾਣੇ ਦੀ ਖੀਰ ਵਰਗੇ ਵਿਅੰਜਨ ਬਣਾਏ ਜਾਂਦੇ ਹਨ ਪੰਜੀਰੀ ਅਸਲ ’ਚ ਵੱਖ-ਵੱਖ ਮੇਵਿਆਂ, ਬੀਜਾਂ, ਵੱਖ-ਵੱਖ ਅਨਾਜ ਦੇ ਆਟੇ, ਗੁੜ, ਖਾਣ ਵਾਲੀ ਗੂੰਦ ਅਤੇ ਘਿਓ ਨਾਲ ਮਿਲਾ ਕੇ ਬਣਾਈ ਜਾਂਦੀ ਹੈ ਪੰਜੀਰੀ ਨੂੰ ਉਨ੍ਹਾਂ ਔਰਤਾਂ ਲਈ ਵੀ ਪੋਸ਼ਣ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਹਾਲ ਹੀ ’ਚ ਬੱਚੇ ਨੂੰ ਜਨਮ ਦਿੱਤਾ ਹੈ ਲੋਹੜੀ ਤੋਂ ਕੁਝ ਦਿਨ ਪਹਿਲਾਂ ਨੌਜਵਾਨ ਲੜਕੇ-ਲੜਕੀਆਂ ਘਰ-ਘਰ, ਡੋਰ ਟੂ ਡੋਰ ਜਾ ਕੇ ਗੀਤ ਗਾਉਂਦੇ ਹਨ ਇਸ ’ਤੇ ਲੋਕ ਉਨ੍ਹਾਂ ਨੂੰ ਲੋਹੜੀ ਦੀਆਂ ਪਾਥੀਆਂ, ਪੈਸੇ ਤੇ ਮਠਿਆਈਆਂ ਦਿੰਦੇ ਹਨ ਉਨ੍ਹਾਂ ਦੇ ਗੀਤਾਂ ’ਚ ਦੁੱਲਾ ਭੱਟੀ ਦਾ ਇੱਕ ਪੁਰਾਣਾ ਗੀਤ ਮੁੱਖ ਤੌਰ ’ਤੇ ਸ਼ਾਮਲ ਰਹਿੰਦਾ ਹੈ…
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿਚਾਰਾ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!
ਕੁੜੀ ਦਾ ਲਾਲ ਪਟਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲੀ ਦੇਸੇ!
ਚਾਚੇ ਚੂਰੀ ਕੁੱਟੀ! ਜਮੀਦਾਰਾਂ ਲੁੱਟੀ!
ਜਮੀਂਦਾਰ ਸੁਧਾਏ!
ਬਮ ਬਮ ਭੋਲੇ ਆਏ!
ਏਕ ਭੋਲਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਤੇਰੀ ਜੀਵੇ ਜੋੜੀ!































































