‘‘12ਵੇਂ ਮਹੀਨੇ ਦੀ ਤੇਰਾਂ ਤਰੀਕ ਦਿਨ ਸ਼ੁੱਕਰਵਾਰ ਦੁਪਹਿਰ ਦੇ ਸਾਢੇ ਬਾਰਾਂ ਵਜੇ’’
ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਸਾਧੂ ਸਿੰਘ ਇੰਸਾਂ ਪੁੱਤਰ ਸ੍ਰੀ ਮੱਠੂ ਸਿੰਘ ਪਿੰਡ ਮਸੀਤਾਂ ਜ਼ਿਲ੍ਹਾ ਸਰਸਾ (ਹਰਿਆਣਾ) ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ
ਮਹਾਰਾਜ ਦੇ ਇੱਕ ਅਨੋਖੇ ਅਲੌਕਿਕ ਕਰਿਸ਼ਮੇ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ:-
ਫਰਵਰੀ 1991 ਦੀ ਗੱਲ ਹੈ, ਕਿ ਮੈਂ ਸਤਿਸੰਗ ਸੁਣਨ ਅਤੇੇ ਸੇਵਾ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ਵਿਖੇ ਗਿਆ ਹੋਇਆ ਸੀ ਉਸ ਸਮੇਂ ਸਤਿਗੁਰੂ ਦੀਆਂ ਦੋਵੇਂ ਪਵਿੱਤਰ ਬਾਡੀਆਂ ਸਤਿਸੰਗ, ਮਜਲਿਸ ਵਿੱਚ ਇਕੱਠੀਆਂ ਦਰਸ਼ਨ ਦਿਆ ਕਰਦੀਆਂ ਸਨ ਇੱਕ ਦਿਨ ਸ਼ਾਮ ਦੀ ਮਜਲਿਸ ਦੇ ਸਮੇਂ ਦੋਵੇਂ ਪਿਤਾ ਜੀ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਸ਼ਾਹੀ ਸਟੇਜ ’ਤੇ ਬਿਰਾਜ਼ਮਾਨ ਸਨ
ਉਸ ਸਮੇਂ ਮੈਂ ਆਪਣਾ ਬਣਾਇਆ ਇੱਕ ਸ਼ਬਦ ਬੋਲਿਆ ਜੋ ਕਿ ਇਸ ਤਰ੍ਹਾਂ ਹੈ:-
1. ਪਿਤਾ ਜੀ ਨੂਰੀ ਮੁਖੜੇ ’ਚੋਂ ਹੁਕਮ ਸੁਣਾ ਦਿਓ,
ਮਸੀਤਾਂ ਵਿੱਚ ਕਦੋਂ ਆਓਗੇ
ਸਾਡੇ ਦਿਲਾਂ ’ਚ ਕਾਇਮ ਹੋਣ ਖੁਸ਼ੀਆਂ,
ਦੱਸੋ ਜੀ ਕਿਹੜੇ ਵਾਰ ਆਓਗੇ,
ਪਿਤਾ ਜੀ ਕਿਹੜੇ ਟੈਮ ਆਓਗੇ
2. ਪਹਿਲਾਂ ਸਭ ਤੋਂ ਹੈ ਰੁੱਖਾਂ ਦਾ ਸਲਾਮ ਜੀ,
ਜੀਹਦੇ ਪੱਤਿਆਂ ’ਚ ਲਿਖਿਆ ਤੁਹਾਡਾ ਨਾਂਅ ਜੀ
ਖੁਸ਼ੀ ਹੋਣਗੇ ਪੰਖੇਰੂ ਦਰਸ਼ਨ ਪਾ ਕੇ,
ਜੀ ਜਿਸ ਰਾਹੀਂ ਤੁਸੀਂ ਆਓਗੇ
ਸਾਡੇ ਦਿਲਾਂ ’ਚ……..
3. ਤੁਸੀਂ ਬੈਠ ਜਾਓਂ ਜਿੱਥੇ ਦੀਨ ਦਿਆਲ ਜੀ,
ਓਸ ਧਰਤੀ ਦੇ ਜਾਗ ਪੈਣ ਭਾਗ ਜੀ
ਲੱਖਾਂ ਪਾਪੀ ਤਾਰੋਂ ਨਜ਼ਰਾਂ ਦੇ ਨਾਲ ਜੀ,
ਜੀ ਜਿੱਥੇ ਪਰਛਾਵਾਂ ਪਾਓਗੇ
ਸਾਡੇ ਦਿਲਾਂ ’ਚ……..
4. ਥੋਡੀ ਖੁਸ਼ੀ ਵਿੱਚ ਸਾਡੇ ਰੰਗ ਰਾਗ ਜੀ,
ਸਾਰੀ ਸੰਗਤ ਦੀ ਇਹੋ ਹੈ ਫਰਿਆਦ ਜੀ
ਰਹੇ ਸੱਚਾ ਸੌਦਾ ਰਹਿੰਦੀ ਦੁਨੀਆਂ ਨਾਲ ਜੀ,
ਜਿਹੜਾ ਤੁਸੀਂ ਤੋਲੀ ਜਾਓਗੇ
ਸਾਡੇ ਦਿਲਾਂ ’ਚ……..
ਉਸ ਸਮੇਂ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਵਿਖੇ ਸੇਵਾਦਾਰ ਬਲਬੀਰ ਸਿੰਘ ਦੀ
ਨਿਗਰਾਨੀ ਵਿੱਚ ਕਪਾਹ, ਨਰਮੇ ਦੀਆਂ ਛਿਟੀਆਂ ਦਾ ਛੌਰ ਲਾਉਣ ਦੀ ਸੇਵਾ ਚੱਲ ਰਹੀ ਸੀ ਸੇਵਾਦਾਰ ਬਲਬੀਰ ਸਿੰਘ ਨੇ ਮੇਰੀ ਡਿਊਟੀ ਛੌਰ ਲਗਵਾਉਣ ਦੀ ਲਾ ਦਿੱਤੀ ਕਿ ਤੈਨੂੰ ਇਹ ਕੰਮ ਕਰਨਾ ਆਉਂਦਾ ਹੈ ਮੈਂ ਡੇਰੇ ਵਿੱਚ ਇਹ ਸੇਵਾ ਕੁਝ ਦਿਨ ਕਰਦਾ ਰਿਹਾ ਇਸ ਸਮੇਂ ਦੌਰਾਨ ਇੱਕ ਦਿਨ ਮੈਨੂੰ ਦੋਵੇਂ ਪਿਤਾ ਜੀਆਂ ਦੀ ਹਜ਼ੂਰੀ ਵਿੱਚ ਸ਼ਬਦ ਬੋਲਣ ਦਾ ਮੌਕਾ ਮਿਲ ਗਿਆ ਮੈਂ ਉਪਰੋਕਤ ਸ਼ਬਦ ਥੋੜ੍ਹਾ ਜਿਹਾ ਬਦਲ ਕੇ
ਇਸ ਤਰ੍ਹਾਂ ਬੋਲਿਆ:-
ਪਿਤਾ ਜੀ ਨੂਰੀ ਮੁਖੜੇ ’ਚੋਂ ਹੁਕਮ ਸੁਣਾ ਦਿਓ,
ਮਸੀਤਾਂ ਵਿੱਚ ਕਦੋਂ ਆਓਗੇ
ਸਾਡੇ ਦਿਲਾਂ ’ਚ ਕਾਇਮ ਹੋਣ ਖੁਸ਼ੀਆਂ,
ਦੱਸੋ ਜੀ ਕਿਹੜੇ ਵਾਰ ਆਓਗੇ,
ਪਿਤਾ ਜੀ ਕਿਹੜੇ ਟੈਮ ਆਓਗੇ
ਪਿਤਾ ਜੀ ਕਿਹੜੇ ਰਾਹੀਂ ਜਾਓਗੇ
ਚਾਹ ਦੇ ਨਾਲ ਕੀ ਖਾਓਗੇ
ਤਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਤਿੰਨ ਵਾਰ ਫਰਮਾਇਆ, ‘‘ਭਾਈ! ਜਾਵਾਂਗੇ, ਜਾਵਾਂਗੇ, ਜਾਵਾਂਗੇ’’ ਫਿਰ ਪਰਮ ਪਿਤਾ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਦੀਆਂ ਉਂਗਲਾਂ ’ਤੇ ਗਿਣ ਕੇ ਫਰਮਾਇਆ, ‘‘ਚਾਰ, ਅੱਠ, ਬਾਰਾਂ, ਜਾਵਾਂਗੇ, ਜਾਵਾਂਗੇ, ਜ਼ਰੂਰ ਜਾਵਾਂਗੇ ਬਾਰ੍ਹਵੇਂ ਮਹੀਨੇ ਦੀ ਤੇਰਾਂ ਤਰੀਕ ਦਿਨ ਸ਼ੁੱਕਰਵਾਰ, ਦੁਪਹਿਰ ਦੇ ਸਾਢੇ ਬਾਰਾਂ ਵਜੇ’’ ਅਤੇ ਨਾਲ ਮੈਨੂੰ ਮੁਖਾਤਿਬ ਹੋ ਕੇ ਕਿਹਾ, ‘‘ਭਾਈ! ਯਾਦ ਰੱਖਣਾ’’
ਤਾਂ ਫਿਰ ਮੈਂ ਆਪਣੇ ਹੱਥ ਜੋੜ ਕੇ ਪਰਮ ਪਿਤਾ ਜੀ ਨੂੰ ਅਰਜ਼ ਕੀਤੀ,
‘‘ਪਿਤਾ ਜੀ! ਕਿਸ ਟਾਇਮ ਆਓਗੇ’’
ਤਾਂ ਪਰਮ ਪਿਤਾ ਸ਼ਹਿਨਸ਼ਾਹ ਜੀ ਨੇ
ਫਰਮਾਇਆ, ‘‘ਦੁਪਹਿਰ ਸਾਢੇ ਬਾਰਾਂ ਵਜੇ, ਚਾਹ ਪੀਂਦੇ ਈ ਨਹੀਂ’’
ਫਿਰ ਸੱਚੇ ਪਾਤਸ਼ਾਹ ਪਰਮ ਪਿਤਾ ਜੀ ਨੇ ਹੌਲੀ ਆਵਾਜ਼ ਵਿੱਚ ਫਰਮਾਇਆ, ‘‘ਭਾਈ! ਯਾਦ ਰੱਖਿਓ’’ ਤਦ ਸ਼ਹਿਨਸ਼ਾਹ ਜੀ ਨੇ ਕੋਲ ਖੜ੍ਹੇ ਸੇਵਾਦਾਰਾਂ ਨੂੰ ਥੋੜ੍ਹਾ ਉੱਚੀ ਅਵਾਜ਼ ਵਿੱਚ
ਫਰਮਾਇਆ, ‘‘ਭਾਈ! ਯਾਦ ਰੱਖਿਓ’’ ਫਿਰ ਸਰਵਸਮਰੱਥ ਸਤਿਗੁਰ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ-ਕਮਲਾਂ ਦੀਆਂ ਉਗਲਾਂ ਸਾਰੀ ਸਾਧ-ਸੰਗਤ ਵੱਲ ਫੇਰਦੇ ਹੋਏ ਫਰਮਾਇਆ, ‘‘ਭਾਈ! ਸਾਰੇ ਹੀ ਯਾਦ ਰੱਖਿਓ’’
ਉਸ ਸਮੇਂ ਸਾਰੀ ਸੰਗਤ ਨੇ ਇਹ ਸਮਝਿਆ ਕਿ ਪਰਮ ਪਿਤਾ ਜੀ ਮਸੀਤਾਂ (ਪਿੰਡ ਦਾ ਨਾਂਅ) ਜਾਣ ਦਾ ਪ੍ਰੋਗਰਾਮ ਦੱਸ ਰਹੇ ਹਨ ਪਰ ਉਹਨਾਂ ਨੂੰ (ਸੰਗਤ ਅਤੇ ਸੇਵਾਦਾਰਾਂ ਨੂੰ) ਕੀ ਪਤਾ ਸੀ ਕਿ ਇਸ ਗੱਲ ਦਾ ਕੀ ਰਾਜ ਹੈ ਇਸ ਇਲਾਹੀ ਬਚਨ ਦਾ ਤਾਂ ਉਦੋਂ ਪਤਾ ਲੱਗਿਆ ਜਦੋਂ 13 ਦਸੰਬਰ 1991 ਨੂੰ ਦੁਪਹਿਰ ਦੇ ਸਾਢੇ ਬਾਰਾਂ ਵਜੇ ਸ਼ਹਿਨਸ਼ਾਹ ਜੀ ਨੇ ਆਪਣਾ ਨੂਰੀ ਚੋਲ਼ਾ ਬਦਲ ਲਿਆ ਤੇ ਉਹ ਸੰਗਤ ਦੀਆਂ ਅੱਖਾਂ ਤੋਂ ਓਝਲ ਹੋ ਗਏ ਜਦੋਂ ਕਿ ਸ਼ਹਿਨਸ਼ਾਹ ਜੀ ਨੇ ਇਸ਼ਾਰੇ ਤੇ ਰਮਜ਼ ਦੁਆਰਾ ਸਾਰੀ ਸੰਗਤ ਨੂੰ ਆਪਣੀ ਨੂਰੀ ਬਾਡੀ ਬਦਲਣ ਦਾ ਠੀਕ ਸਮਾਂ ਲਗਭਗ ਦਸ ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ
ਇਸ ਤੋਂ ਬਾਅਦ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਜੀਵੋ ਉੱਧਾਰ ਯਾਤਰਾ ਦੌਰਾਨ ਸੰਨ 1998 ਵਿੱਚ ਪਿੰਡ ਮਸੀਤਾਂ ਵਿਖੇ ਪਧਾਰੇ ਉਸ ਸਮੇਂ ਹਜ਼ੂਰ ਪਿਤਾ ਜੀ ਨੇ ਕਈ ਘਰਾਂ ਵਿੱਚ ਆਪਣੇ ਪਵਿੱਤਰ ਚਰਨ ਟਿਕਾਏ ਜਦੋਂ ਸਰਵ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ (ਪੇ੍ਰਮੀ ਸਾਧੂ ਸਿੰਘ ਇੰਸਾਂ) ਘਰ ਪਧਾਰੇ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਿਤਾ ਜੀ ਬੈੱਡ ’ਤੇ ਬਿਰਾਜ਼ਮਾਨ ਹੁੰਦੇ ਹੀ ਮੈਨੂੰ ਮੁਖਾਤਿਬ ਹੋ ਕੇ ਫਰਮਾਇਆ, ‘‘ਲਿਆ ਭਾਈ ਚਾਹ ਨਾਲ ਕੀ ਖਵਾਏਂਗਾ ਅਸੀਂ ਤੇਰੀ ਮੰਗ ਪੂਰੀ ਕਰਨ ਆਏ ਹਾਂ ਤੇਰਾ ਸਾਰਾ ਕੁਝ ਹੀ ਮਨਜ਼ੂਰ ਹੈ’’
ਇਹ ਬਚਨ ਸੁਣ ਕੇ ਮੈਂ ਵੈਰਾਗ ਵਿੱਚ ਆ ਗਿਆ ਤੇ ਮੈਨੂੰ ਆਪਣੇ ਆਪ ਦੀ ਹੋਸ਼ ਨਾ ਰਹੀ ਮੇਰੇ ਸਾਹਮਣੇ ਸਾਰੀ ਉਹ ਰੀਲ ਘੁੰਮ ਗਈ ਜਦੋਂ ਮੈਂ ਪਰਮ ਪਿਤਾ ਜੀ ਤੇ ਹਜ਼ੂਰ ਪਿਤਾ ਜੀ ਦੀ ਹਜ਼ੂਰੀ ਵਿੱਚ ਸ਼ਬਦ ਰਾਹੀਂ ਮਸੀਤਾਂ ਆਉਣ, ਚਾਹ ਪੀਣ ਤੇ ਚਾਹ ਨਾਲ ਕੁਝ ਖਾਣ ਦੀ ਅਰਜ਼ ਕੀਤੀ ਸੀ ਮੈਂ ਅਰਜ਼ ਤਾਂ ਪਰਮ ਪਿਤਾ ਜੀ ਨੂੰ ਕੀਤੀ ਸੀ ਪਰ ਉਹਨਾਂ ਦੇ ਹੀ ਸਵਰੂਪ ਹਜ਼ੂਰ ਪਿਤਾ ਜੀ ਨੇ ਮੇਰੀ ਅਰਜ਼ ਪ੍ਰਵਾਨ ਕਰਕੇ ਮੈਨੂੰ ਬੇਅੰਤ ਖੁਸ਼ੀਆਂ ਬਖ਼ਸ਼ੀਆਂ ਤੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਹੀ ਪਰਮ ਪਿਤਾ (ਸ਼ਾਹ ਸਤਿਨਾਮ ਜੀ ਮਹਾਰਾਜ) ਜੀ ਹਾਂ