ਤਰੋਤਾਜ਼ਾ ਕਰ ਦਿੰਦੀ ਹੈ ਤੀਰਥਨ ਘਾਟੀ

ਗਰਮੀ ’ਚ ਠੰਢਕ ਅਤੇ ਸਕੂਨ ਦੇ ਸਕਣ ਵਾਲੀ ਜਗ੍ਹਾ ਤਲਾਸ਼ਣ ਵਾਲੇ ਸੈਲਾਨੀਆਂ ਲਈ ਹਿਮਾਚਲ ਪ੍ਰਦੇਸ਼ ਦੀ ਤੀਰਥਨ ਘਾਟੀ ਇੱਕ ਮਨਪਸੰਦ ਜਗ੍ਹਾ ਹੋ ਸਕਦੀ ਹੈ ਪਹਾੜਾਂ ’ਤੇ ਕੁਝ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਜ਼ਿਆਦਾ ਭੀੜ ਰਹਿਣ ਲੱਗੀ ਹੈ ਅਤੇ ਅਜਿਹੇ ’ਚ ਹੁਣ ਸੈਲਾਨੀ ਉਨ੍ਹਾਂ ਥਾਵਾਂ ਦੀ ਤਲਾਸ਼ ਕਰਦੇ ਹਨ ਜਿੱਥੇ ਭੀੜ-ਭੜੱਕਾ ਘੱਟ ਹੋਵੇ ਅਤੇ ਇਸ ਦ੍ਰਿਸ਼ਟੀ ਨਾਲ ਤੀਰਥਨ ਘਾਟੀ ਸਹੀ ਹੈ ਇਹ ਘਾਟੀ ਸੰਘਣੇ ਜੰਗਲਾਂ ਅਤੇ ਪਹਾੜੀਆਂ ’ਚ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਸ਼ਾਂਤ ਮਾਹੌਲ ’ਚ ਇਕੱਲੇ, ਪਰਿਵਾਰ ਜਾਂ ਦੋਸਤਾਂ ਨਾਲ ਸਕੂਨ ਦੇ ਪਲ ਬਿਤਾ ਸਕਦੇ ਹੋ।

ਪਹਾੜਾਂ ’ਚ ਖੂਬਸੂਰਤ ਹਰੇ-ਭਰੇ ਜੰਗਲਾਂ ’ਚ ਸਥਿਤ ਇਹ ਜਗ੍ਹਾ ਵੱਖ-ਵੱਖ ਤਰ੍ਹਾਂ ਦੇ ਟਰੈਕ ਦਾ ਪ੍ਰਵੇਸ਼ ਦੁਆਰ ਵੀ ਹੈ ਇਸ ਲਈ ਜੇਕਰ ਤੁਹਾਨੂੰ ਐਡਵੈਂਚਰ ਪਸੰਦ ਹੈ ਤਾਂ ਵੀ ਇਹ ਜਗ੍ਹਾ ਤੁਹਾਨੂੰ ਖੂਬ ਭਾਉਣ ਵਾਲੀ ਹੈ ਇੱਥੇ ਤੁਸੀਂ ਟ੍ਰੈਕਿੰਗ, ਫਿਸ਼ਿੰਗ, ਵਾਈਲਡ ਲਾਈਫ ਸਭ ਦਾ ਮਜ਼ਾ ਲੈ ਸਕਦੇ ਹੋ ਛੁੱਟੀਆਂ ਬਿਤਾਉਣ ਲਈ ਇਹ ਵਧੀਆ ਬਦਲ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਸਮੁੰਦਰ ਤਲ ਤੋਂ 1600 ਮੀਟਰ ਦੀ ਉੱਚਾਈ ’ਤੇ ਸਥਿਤ ਹੈ ਤੀਰਥਨ ਘਾਟੀ ਇਹ ਕਸੋਲ ਤੋਂ ਲਗਭਗ 75 ਕਿਲੋਮੀਟਰ ਦੀ ਦੂਰੀ ’ਤੇ ਹੈ ਕੁਦਰਤੀ ਸੁੰਦਰਤਾ ਨਾਲ ਭਰਪੂਰ ਇਹ ਹਿਮਾਚਲ ਪ੍ਰਦੇਸ਼ ਦੀਆਂ ਸਭ ਤੋਂ ਖੂਬਸੂਰਤ ਪਹਾੜੀਆਂ ’ਚੋਂ ਇੱਕ ਹੈ ਜੋ ਪੂਰਾ ਸਾਲ ਵੱਡੀ ਗਿਣਤੀ ’ਚ ਦੇਸ਼ੀ-ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ ਰੋਮਾਂਚ ਦੀ ਤਲਾਸ਼ ’ਚ ਰਹਿਣ ਵਾਲੇ ਸੈਲਾਨੀਆਂ ਲਈ ਤਾਂ ਇਹ ਪਹਾੜੀ ਸਵਰਗ ਤੋਂ ਘੱਟ ਨਹੀਂ ਹੈ।

ਪੂਰੇ ਸਾਲ ਦੌਰਾਨ ਹੀ ਇੱਥੇ ਕੁਦਰਤ ਦੇ ਵੱਖ-ਵੱਖ ਰੰਗ ਨਜ਼ਰ ਆਉਂਦੇ ਹਨ ਜਦੋਂ ਮੈਦਾਨੀ ਇਲਾਕਿਆਂ ’ਚ ਗਰਮੀ ਪਿੰਡਾ ਲੂਹਣ ਲੱਗਦੀ ਹੈ ਤਾਂ ਇਹ ਜਗ੍ਹਾ ਵਧੀਆ ਪਨਾਹਗਾਹ ਬਣ ਜਾਂਦੀ ਹੈ ਗਰਮੀ ਦਾ ਮੌਸਮ ਅਤੇ ਸਰਦੀ ਦੇ ਸ਼ੁਰੂਆਤੀ ਮਹੀਨੇ ’ਚ ਇਸ ਜਗ੍ਹਾ ’ਤੇ ਸਮਾਂ ਬਿਤਾਉਣ ਦਾ ਸਭ ਤੋਂ ਠੀਕ ਸਮਾਂ ਮੰਨਿਆ ਜਾਂਦਾ ਹੈ ਅਪਰੈਲ ਤੋਂ ਜੂਨ ਦਰਮਿਆਨ ਤਾਂ ਤੀਰਥਨ ਘਾਟੀ ਦਾ ਮੌਸਮ ਬੇਹੱਦ ਸੁਹਾਵਣਾ ਹੁੰਦਾ ਹੈ ਤੁਸੀਂ ਕਿਤੇ ਵੀ ਚਲੇ ਜਾਓ, ਤੁਹਾਨੂੰ ਆਸ-ਪਾਸ ਹਰੇ-ਭਰੇ ਜੰਗਲ ਮਿਲਣਗੇ ਅਤੇ ਉਨ੍ਹਾਂ ’ਚੋਂ ਹੋ ਕੇ ਵਗਣ ਵਾਲੀਆਂ ਠੰਢੀਆਂ ਪੌਣਾਂ ਇਸ ਦੌਰਾਨ ਘਾਟੀ ਫੁੱਲਾਂ ਨਾਲ ਵੀ ਮਹਿਕਦੀ ਹੈ।

ਤੀਰਥਨ ਨਦੀ ਦੇ ਕਿਨਾਰੇ ਹੋਣ ਦੀ ਵਜ੍ਹਾ ਨਾਲ ਇਸ ਦਾ ਨਾਂਅ ਤੀਰਥਨ ਘਾਟੀ ਪਿਆ ਹਰੇ-ਭਰੇ ਜੰਗਲਾਂ ’ਚੋਂ ਲੰਘਦੀ ਹੋਈ ਤੀਰਥਨ ਨਦੀ ਅੱਗੇ ਜਾ ਕੇ ਬਿਆਸ ਦਰਿਆ ’ਚ ਮਿਲ ਜਾਂਦੀ ਹੈ ਇਸ ਨਦੀ ਦੇ ਕਿਨਾਰੇ ਹਿਮਾਚਲ ਦੇ ਕਈ ਖੂਬਸੂਰਤ ਪਿੰਡ ਵੀ ਵੱਸੇ ਹੋਏ ਹਨ ਜਿੱਥੇ ਤੁਸੀਂ ਅਥਾਹ, ਅਣਛੂਹੀ ਖੂਬਸੂਰਤੀ ਦੇਖ ਸਕਦੇ ਹੋ ਜਿਹੜੇ ਲੋਕਾਂ ਨੂੰ ਨਦੀ ਦੇ ਕਿਨਾਰੇ ਪਸੰਦ ਹਨ, ਇਹ ਥਾਂ ਉਨ੍ਹਾਂ ਲਈ ਆਦਰਸ਼ ਹੈ ਨਦੀ ਦੇ ਨਾਲ ਹੀ ਝਰਨੇ ਦੇਖਣਾ ਸਭ ਨੂੰ ਭਾਉਂਦਾ ਹੈ, ਖਾਸ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਇੱਥੋਂ ਦੇ ਛੋਟੇ-ਵੱਡੇ ਝਰਨਿਆਂ ’ਚ ਖੂਬ ਮਜ਼ਾ ਆਉਂਦਾ ਹੈ। ਤੀਰਥਨ ਘਾਟੀ ਨੂੰ ਘੁੰਮਦੇ ਹੋਏ ਤੁਸੀਂ ਕਈ ਖੂਬਸੂਰਤ ਝਰਨਿਆਂ ਨਾਲ ਰੂਬਰੂ ਹੁੰਦੇ ਹੋ ਜਿੱਥੇ ਸੈਲਾਨੀਆਂ ਦੀ ਭੀੜ ਬਿਲਕੁਲ ਨਹੀਂ ਹੁੰਦੀ ਬਹੁਤ ਆਰਾਮ ਨਾਲ ਇਸ ਜਗ੍ਹਾ ਦਾ ਲੁਤਫ ਸੈਲਾਨੀ ਲੈ ਸਕਦੇ ਹਨ ਤੀਰਥਨ ਘਾਟੀ ਦੇ ਆਸ-ਪਾਸ ਐਨੀਆਂ ਖੂਬਸੂਰਤ ਥਾਵਾਂ ਹਨ ਕਿ ਤੁਸੀਂ ਇੱਥੇ ਤਿੰਨ-ਚਾਰ ਦਿਨ ਅਨੰਦ ਲੈ ਸਕਦੇ ਹੋ।

ਤੀਰਥਨ ਘਾਟੀ ਦੇ ਮੁੱਖ ਦੇਖਣਯੋਗ ਸਥਾਨ :

ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ:

ਤੀਰਥਨ ਘਾਟੀ ਤੋਂ ਤਿੰਨ ਕਿੱਲੋਮੀਟਰ ਦੀ ਦੂਰੀ ’ਤੇ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਹੈ 50 ਵਰਗ ਕਿੱਲੋਮੀਟਰ ਇਲਾਕੇ ’ਚ ਫੈਲਿਆ ਇਹ ਕੌਮੀ ਪਾਰਕ 30 ਤੋਂ ਜ਼ਿਆਦਾ ਥਣਧਾਰੀਆਂ ਅਤੇ 300 ਤੋਂ ਜ਼ਿਆਦਾ ਪੰਛੀਆਂ ਦੀਆਂ ਪ੍ਰਜਾਤੀਆਂ ਸਮੇਤ ਬਨਸਪਤੀਆਂ ਅਤੇ ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਦੀ ਇੱਕ ਵਿਸਤ੍ਰਤ ਵਿਭਿੰਨਤਾ ਨੂੰ ਸਮੇਟੇ ਹੋਏ ਹੈ। ਮੁੱਖ ਬਨਸਪਤੀਆਂ ’ਚ ਚੰਦਵਾ ਵਣ, ਓਕ, ਅਲਪਾਈਨ ਝਾੜੀਆਂ, ਉਪ ਅਲਪਾਈਨ ਸਮੁਦਾਏ ਅਤੇ ਅਲਪਾਈਨ ਘਾਹ ਸ਼ਾਮਲ ਹਨ ਪਾਰਕ ਕਈ ਫੁੱਲਾਂ ਦੀਆਂ ਪ੍ਰਜਾਤੀਆਂ ਲਈ ਵੀ ਪ੍ਰਸਿੱਧ ਹਨ ਜਿਨ੍ਹਾਂ ਦੀ ਸੁਗੰਧ ਅਤੇ ਔਸ਼ਧੀ ਗੁਣਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ ਇਸ ਪੂਰੇ ਇਲਾਕੇ ’ਚ ਬਨਸਪਤੀਆਂ ਫੈਲੀਆਂ ਹਨ ਅਤੇ ਜਦੋਂ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਉਨ੍ਹਾਂ ਨਾਲ ਪੂਰੀ ਘਾਟੀ ਫੁੱਲਾਂ ਦੀ ਖੁਸ਼ਬੂ ਨਾਲ ਮਹਿਕਦੀ ਹੈ।

ਪਾਰਾਸ਼ਰ ਝੀਲ :

ਤੀਰਥਨ ਘਾਟੀ ਦੀ ਖੂਬਸੂਰਤੀ ’ਚ ਚਾਰ ਚੰਨ ਲਾਉਂਦੀ ਹੈ ਪਾਰਾਸ਼ਰ ਝੀਲ ਇਸ ਝੀਲ ਦੇ ਕਿਨਾਰੇ ’ਤੇ ਤਿੰਨ ਮੰਜ਼ਿਲਾ ਪਗੋਡਾ ਸਟਾਈਲ ਦਾ ਮੰਦਰ ਹੈ ਮੰਦਰ ਅਤੇ ਝੀਲ ਦੋਵੇਂ ਰਿਸ਼ੀ ਪਾਰਾਸ਼ਰ ਦੇ ਨਾਂਅ ’ਤੇ ਹਨ ਜਿਨ੍ਹਾਂ ਨੇ ਇੱਥੇ ਧਿਆਨ ਕੀਤਾ ਸੀ
ਸ਼ਿਰੰਗੀ ਮੰਦਰ: ਤੀਰਥਨ ਘਾਟੀ ਦੇ ਆਸ-ਪਾਸ ਦੇ ਪਿੰਡਾਂ ’ਚ ਵੱਸੇ ਇੱਥੋਂ ਦੇ ਸਥਾਨਕ ਲੋਕ ਅੱਜ ਵੀ ਆਪਣੀਆਂ ਮੂਲ ਪਰੰਪਰਾਵਾਂ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਨ ਆਪਣੇ ਰੀਤੀ-ਰਿਵਾਜ਼ਾਂ ਦਾ ਪਾਲਣ ਬਹੁਤ ਸ਼ਰਧਾ ਨਾਲ ਕਰਦੇ ਹਨ ਇੱਥੇ ਸਥਿਤ ਸ਼ਿਰੰਗੀ ਮੰਦਰ ’ਚ ਭਗਵਾਨ ਦੇ 24 ਵੱਖ-ਵੱਖ ਅਵਤਾਰਾਂ ਨੂੰ ਦਰਸਾਇਆ ਗਿਆ ਹੈ।

ਜਿਭੀ ਝਰਨਾ :

ਇੱਥੋਂ ਦਾ ਇੱਕ ਹੋਰ ਮੁੱਖ ਆਕਰਸ਼ਣ ਜਿਭੀ ਝਰਨਾ ਹੈ ਪਹਾੜਾਂ ਤੋਂ ਡਿੱਗਦੇ ਝਰਨੇ ਖੂਬਸੂਰਤ ਤਾਂ ਲੱਗਦੇ ਹੀ ਹਨ ਪਰ ਉਨ੍ਹਾਂ ਦੀ ਤੇਜ਼ ਰਫਤਾਰ ਵਾਲੀ ਧਾਰ ਨੂੰ ਦੇਖਣ ਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਹੈ ਇੱਥੇ ਤੁਸੀਂ ਘੰਟਿਆਂ ਬੈਠ ਕੇ ਵਗਦੇ ਪਾਣੀ ਦਾ ਅਨੰਦ ਲੈ ਸਕਦੇ ਹੋ ਜ਼ਿਆਦਾ ਭੀੜ ਨਾ ਹੋਣ ਕਾਰਨ ਤੁਹਾਨੂੰ ਪੂਰਾ ਸਕੂਨ ਮਿਲਦਾ ਹੈ।

ਚੈਹਣੀ ਪਿੰਡ :

ਇੱਥੇ ਸਥਿਤ ਚੈਹਣੀ ਪਿੰਡ ਬਹੁਤ ਹੀ ਖੂਬਸੂਰਤ ਪਿੰਡ ਹੈ ਇਸ ਛੋਟੇ ਜਿਹੇ ਪਿੰਡ ਦੀ ਖੂਬਸੂਰਤੀ ਆਪਣੇ-ਆਪ ’ਚ ਅਨੋਖੀ ਹੈ ਇੱਥੇ ਇੱਕ ਚੈਹਣੀ ਕੋਠੀ ਹੈ ਲੱਕੜ ਨਾਲ ਬਣੀ ਇਹ ਕੋਠੀ ਤਕਰੀਬਨ 1500 ਸਾਲ ਪੁਰਾਣੀ ਹੈ ਇਹ ਕੋਠੀ ਕਦੇ ਕੁੱਲੂ ਦੇ ਰਾਜਾ ਰਾਣਾ ਢਾਂਢੀਆ ਦੀ ਰਿਹਾਇਸ਼ ਹੋਇਆ ਕਰਦੀ ਸੀ ਪਹਿਲਾਂ ਇਹ ਕੋਠੀ 15 ਮੰਜ਼ਿਲੀ ਸੀ ਪਰ 1905 ’ਚ ਆਏ ਭੂਚਾਲ ਤੋਂ ਬਾਅਦ ਇਹ ਇਮਾਰਤ ਬੱਸ 10 ਮੰਜ਼ਿਲੀ ਹੀ ਰਹਿ ਗਈ ਹੈ ਇਹ ਕੋਠੀ ਪੂਰਬੀ ਹਿਮਾਲਿਆ ਇਲਾਕੇ ਦੀ ਸਭ ਤੋਂ ਉੱਚੀ ਕੋਠੀ ਹੈ ਚੈਹਣੀ ਤੋਂ ਇਲਾਵਾ ਇੱਥੋਂ ਦੇ ਨਾਗਨੀ, ਘੁਸ਼ੈਨੀ, ਬੰਜਰ ਅਤੇ ਸ਼ੋਜਾ ਪਿੰਡ ਵੀ ਸੁੰਦਰਤਾ ਨਾਲ ਭਰਪੂਰ ਹਨ।

ਕਿੱਥੇ ਰੁਕੀਏ :

ਉਂਝ ਤਾਂ ਰੁਕਣ ਲਈ ਆਸ-ਪਾਸ ਕਈ ਰਿਜ਼ੌਰਟ ਹਨ ਪਰ ਨਦੀ ਦੇ ਕਿਨਾਰੇ ਸਥਿਤ ਲੱਕੜ ਦੇ ਬਣੇ ਘਰਾਂ ’ਚ ਰੁਕਣ ਦਾ ਮਜ਼ਾ ਹੀ ਕੁਝ ਹੋਰ ਹੈ ਇੱਥੇ ਪਹੁੰਚਣ ਲਈ ਇੱਕ ਤਾਰ ਨਾਲ ਲਟਕੀਆਂ ਹੋਈਆਂ ਟਰਾਲੀਆਂ ਨਾਲ ਨਦੀ ਨੂੰ ਪਾਰ ਕਰਨਾ ਰੋਮਾਂਚਿਕ ਹੈ ਜੇਕਰ ਤੁਹਾਨੂੰ ਟ੍ਰੈਕਿੰਗ ਦਾ ਸ਼ੌਂਕ ਹੈ ਤਾਂ ਇੱਥੇ ਤੁਸੀਂ ਆਪਣੀ ਸਮਰੱਥਾ ਅਤੇ ਕਠਿਨਾਈ ਦੇ ਪੱਧਰ ਦੇ ਆਧਾਰ ’ਤੇ ਅੱਧਾ ਦਿਨ ਜਾਂ ਫਿਰ ਪੂਰਾ ਦਿਨ ਟ੍ਰੈਕਿੰਗ ਕਰ ਸਕਦੇ ਹੋ ਕੈਂਪਿੰਗ ਵੀ ਕੀਤੀ ਜਾ ਸਕਦੀ ਹੈ।

ਕਿਵੇਂ ਪਹੁੰਚੀਏ

  • ਸੜਕੀ ਮਾਰਗ : ਦਿੱਲੀ ਤੋਂ ਵਾਲਵੋ ਅਤੇ ਹਿਮਾਚਲ ਟੂਰਿਜ਼ਮ ਦੀਆਂ ਬੱਸਾਂ ਮਿਲਦੀਆਂ ਹਨ ਜੋ ਤੁਹਾਨੂੰ ਸਵੇਰੇ 6 ਵਜੇ ਦੇ ਕਰੀਬ ਓਟ ਪਹੁੰਚਾਉਣਗੀਆਂ ਇੱਥੋਂ ਤੀਰਥਨ ਪਹਾੜੀ ਦੀ ਦੂਰੀ 30 ਕਿੱਲੋਮੀਟਰ ਹੈ ਜਿਸ ਲਈ ਤੁਹਾਨੂੰ ਟੈਕਸੀ ਲੈਣੀ ਹੋਵੇਗੀ।
  • ਰੇਲ ਮਾਰਗ : ਤੀਰਥਨ ਘਾਟੀ ਦਾ ਆਪਣਾ ਕੋਈ ਰੇਲਵੇ ਸਟੇਸ਼ਨ ਨਹੀਂ ਹੈ ਸ਼ਿਮਲਾ ਤੱਕ ਪਹੁੰਚਣ ਤੋਂ ਬਾਅਦ ਤੁਹਾਨੂੰ ਟੈਕਸੀ ’ਤੇ ਤੀਰਥਨ ਘਾਟੀ ਜਾਣਾ ਪਵੇਗਾ ਉਂਜ ਚੰਡੀਗੜ੍ਹ ਤੋਂ ਨੇੜੇ ਕਾਲਕਾ ਤੱਕ ਦੀ ਟ੍ਰੇਨ ਵੀ ਉਪਲੱਬਧ ਹੈ।
  • ਹਵਾਈ ਮਾਰਗ : ਜੇਕਰ ਤੁਸੀਂ ਹਵਾਈ ਯਾਤਰਾ ਕਰ ਰਹੇ ਹੋ ਤਾਂ ਭੁੰਤਰ ਸਭ ਤੋਂ ਨਜ਼ਦੀਕ ਹੈ ਜਿੱਥੋਂ ਟੈਕਸੀ ਲੈ ਕੇ ਤੀਰਥਨ ਘਾਟੀ ਤੱਕ ਪਹੁੰਚਿਆ ਜਾ ਸਕਦਾ ਹੈ।

ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!