ins-vikrant-becomes-navys-first-indigenous-warship -sachi shiksha punjabi

ਸਮੁੰਦਰੀ ਫੌਜ ਦੀ ਤਾਕਤ ਬਣਿਆ ਪਹਿਲਾ ਸਵਦੇਸ਼ੀ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ

ਭਾਰਤ ਦਾ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ (ਆਈਐੱਨਐੱਸ) ਵਿਕਰਾਂਤ ਹੁਣ ਭਾਰਤੀ ਸਮੁੰਦਰੀ ਫੌਜ ਦਾ ਹਿੱਸਾ ਬਣ ਗਿਆ ਹੈ। 45 ਹਜ਼ਾਰ ਟਨ ਵਜ਼ਨ ਵਾਲੇ ਇਸ ਜੰਗੀ ਜਹਾਜ਼ ਨੂੰ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦਾ ਡੇਕ ਦੋ ਫੁੱਟਬਾਲ ਮੈਦਾਨਾਂ ਦੇ ਬਰਾਬਰ ਹੈ। ਇਸ ’ਤੇ ਇੱਕੋ ਸਮੇਂ 30 ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਜਾ ਸਕਦੇ ਹਨ।

ਇਹ ਜਹਾਜ਼ ਆਤਮ-ਨਿਰਭਰ ਭਾਰਤ ਮੁਹਿੰਮ ਤਹਿਤ ਬਣਾਇਆ ਗਿਆ ਹੈ। ਇਸ ਜੰਗੀ ਬੇੜੇ ਦੀਆਂ 76 ਫੀਸਦੀ ਵਸਤਾਂ ਭਾਰਤ ਵਿੱਚ ਬਣੀਆਂ ਹਨ। ਇਹ ਲਗਭਗ 500 ਭਾਰਤੀ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਹਨ। ਸਰਕਾਰ ਮੁਤਾਬਕ ਪਿਛਲੇ 13 ਸਾਲਾਂ ’ਚ ਜਹਾਜ਼ ਨਿਰਮਾਣ ਖੇਤਰ ’ਚ ਕਰੀਬ 15,000 ਨੌਕਰੀਆਂ ਆਈਆਂ ਹਨ। ਇਸ ਦੇ 2300 ਕੰਪਾਰਟਮੈਂਟ ਹਨ ਅਤੇ ਇਹ 262 ਮੀਟਰ ਲੰਮਾ ਅਤੇ 60 ਮੀਟਰ ਉੱਚਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ ਨੂੰ ਕੇਰਲ ਦੇ ਕੋਚੀ ਵਿੱਚ ਆਈਐਨਐਸ ਵਿਕਰਾਂਤ ਦੇਸ਼ ਨੂੰ ਸਮਰਪਿਤ ਕੀਤਾ। ਭਾਰਤੀ ਸਮੁੰਦਰੀ ਫੌਜ ਦਾ ਹਿੱਸਾ ਬਣਦੇ ਹੀ ਵਿਕਰਾਂਤ ਦੇ ਨਾਂਅ ਦੇ ਅੱਗੇ ਆਈਐਨਐਸ ਸ਼ਬਦ ਜੋੜ ਦਿੱਤਾ ਗਿਆ ਹੈ। ਆਈਐਨਐਸ ਵਿਕਰਾਂਤ ਦੇ ਨਾਲ ਹੀ ਭਾਰਤੀ ਸਮੁੰਦਰੀ ਫੌਜ ਨੂੰ ਇੱਕ ਨਵਾਂ ਝੰਡਾ ਵੀ ਦਿੱਤਾ ਗਿਆ ਹੈ। ਉਦਘਾਟਨ ਸਮਾਗਮ ਵਿੱਚ ਸਮੁੰਦਰੀ ਫੌਜ ਦੇ ਨਵੇਂ ਝੰਡੇ ਨੂੰ ਵੀ ਜਨਤਕ ਕੀਤਾ ਗਿਆ।

Also Read :-

ਭਾਰਤੀ ਸਮੁੰਦਰੀ ਫੌਜ ਦੇ ਬਸਤੀਵਾਦੀ ਅਤੀਤ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਨਿਸ਼ਾਨ ਨੂੰ ਬਦਲਿਆ ਗਿਆ ਹੈ।

ਚਾਰ ਵਾਰ ਬਦਲਿਆ ਪੁਰਾਣਾ ਝੰਡਾ

ਭਾਰਤੀ ਸਮੁੰਦਰੀ ਫੌਜ ਦਾ ਪੁਰਾਣਾ ਝੰਡਾ ਭਾਰਤ ਵਿੱਚ ਬਿ੍ਰਟਿਸ਼ ਸ਼ਾਸਨ ਦੌਰਾਨ ਬਣਾਇਆ ਗਿਆ ਸੀ। ਹਾਲਾਂਕਿ ਇਸ ਵਿੱਚ ਤਬਦੀਲੀਆਂ ਆਈਆਂ ਤੇ ਇਸ ਤੋਂ ਬਾਅਦ ਅਸ਼ੋਕ ਚਿੰਨ੍ਹ ਨੂੰ ਵੀ ਝੰਡੇ ਵਿੱਚ ਜੋੜ ਦਿੱਤਾ ਗਿਆ। ਪੁਰਾਣੇ ਝੰਡੇ ਦੇ ਚਿੱਟੇ ਆਧਾਰ ’ਤੇ ਲਾਲ ਰੰਗ ਦਾ ਸੇਂਟ ਜਾਰਜ ਕਰਾਸ ਸੀ। ਇਸ ਦੇ ਖੱਬੇ ਪਾਸੇ ਭਾਰਤ ਦਾ ਝੰਡਾ ਬਣਿਆ ਹੋਇਆ ਸੀ। ਕ੍ਰਾਸ ਦੇ ਵਿਚਕਾਰ ਅਸ਼ੋਕਾ ਚਿੰਨ੍ਹ ਬਣਾਇਆ ਗਿਆ ਸੀ, ਜਿਸ ਦੇ ਹੇਠਾਂ ‘ਸੱਤਿਆਮੇਵ ਜਯਤੇ’ ਲਿਖਿਆ ਗਿਆ ਸੀ। ਇਹ ਕਰਾਸ ਸੇਂਟ ਜਾਰਜ ਦੇ ਨਾਂਅ ’ਤੇ ਮਾਰਕ ਕੀਤਾ ਗਿਆ ਹੈ।

ਸੇਂਟ ਜਾਰਜ ਨੂੰ ਇੱਕ ਮਹਾਨ ਧਰਮਯੋਧਾ ਕਿਹਾ ਜਾਂਦਾ ਹੈ, ਜਿਸ ਨੇ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ ਰੋਮ ਦੀ ਫੌਜ ਵਿਚ ਯੋਧਾ ਸੀ ਪਰ ਈਸਾਈ ਧਰਮ ਵਿਚ ਉਸ ਨੂੰ ਸੰਤ ਦੀ ਉਪਾਧੀ ਮਿਲੀ ਹੈ। ਸਮੁੰਦਰੀ ਫੌਜ ਦੇ ਝੰਡੇ ਨੂੰ ਪਹਿਲਾਂ ਚਾਰ ਵਾਰ ਬਦਲਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਦੀ ਸਰਕਾਰ ਅਤੇ ਮੌਜ਼ੂਦਾ ਸਰਕਾਰ ਵਿੱਚ ਵੀ ਬਦਲਾਅ ਆਏ ਹਨ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ 26 ਜਨਵਰੀ 1950 ਨੂੰ ਜਲ ਫੌਜ ਦਾ ਝੰਡਾ ਬਦਲਿਆ ਗਿਆ ਸੀ। ਇਸ ਵਿੱਚ ਪਹਿਲਾਂ ਸੇਂਟ ਜਾਰਜ ਕਰਾਸ ਦੇ ਨਾਲ ਖੱਬੇ ਪਾਸੇ ਬਰਤਾਨੀਆ ਦਾ ਝੰਡਾ ਬਣਾਇਆ ਗਿਆ ਸੀ, ਜਿਸ ਨੂੰ ਹਟਾ ਕੇ ਭਾਰਤ ਦਾ ਝੰਡਾ ਲਾਇਆ ਗਿਆ ਸੀ।

ਇਸ ਤੋਂ ਬਾਅਦ ਸਾਲ 2001 ਵਿੱਚ ਵਾਜਪਾਈ ਸਰਕਾਰ ਵਿੱਚ ਸੇਂਟ ਜਾਰਜ ਕਰਾਸ ਨੂੰ ਇਸ ਝੰਡੇ ਤੋਂ ਹਟਾ ਦਿੱਤਾ ਗਿਆ ਸੀ। ਇਸ ਦੀ ਬਜਾਏ, ਨੀਲੇ ਰੰਗ ਵਿੱਚ ਅਸ਼ੋਕਾ ਚਿੰਨ੍ਹ ਦੇ ਹੇਠਾਂ ਐਂਕਰ ਬਣਿਆ ਹੋਇਆ ਸੀ, ਪਰ ਅਪਰੈਲ 2004 ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੂੰ ਬਦਲ ਦਿੱਤਾ ਗਿਆ ਸੀ। ਨੀਲਾ ਰੰਗ ਅਸਮਾਨ ਅਤੇ ਸਮੁੰਦਰ ਦੇ ਰੰਗ ਤੋਂ ਵੱਖਰਾ ਨਹੀਂ ਲੱਗਦਾ। ਇਸ ਤੋਂ ਬਾਅਦ ਸਮੁੰਦਰੀ ਫੌਜ ਦੇ ਝੰਡੇ ਵਿੱਚ ਸੇਂਟ ਜਾਰਜ ਕਰਾਸ ਦੀ ਵਾਪਸੀ ਹੋਈ। ਪਰ, ਇਸ ਵਾਰ ਅਸ਼ੋਕ ਦਾ ਚਿੰਨ੍ਹ ਕਰਾਸ ਦੇ ਵਿਚਕਾਰ ਬਣਾਇਆ ਗਿਆ ਸੀ।

ਸਾਲ 2014 ’ਚ ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਝੰਡੇ ’ਚ ਇੱਕ ਹੋਰ ਬਦਲਾਅ ਕੀਤਾ ਗਿਆ ਅਤੇ ਅਸ਼ੋਕਾ ਸਤੰਭ ਦੇ ਹੇਠਾਂ ‘ਸੱਤਿਆਮੇਵ ਜਯਤੇ’ ਲਿਖਿਆ ਗਿਆ। ਲਾਲ ਰੰਗ ਦੇ ਸੇਂਟ ਜਾਰਜ ਕਰਾਸ ਨੂੰ ਨਵੇਂ ਨਿਸ਼ਾਨ ਤੋਂ ਹਟਾ ਦਿੱਤਾ ਗਿਆ ਹੈ। ਹੁਣ ਤਿਰੰਗਾ ਉੱਪਰ ਖੱਬੇ ਪਾਸੇ ਖਿੱਚਿਆ ਗਿਆ ਹੈ। ਹਾਲਾਂਕਿ ਝੰਡੇ ਦਾ ਆਧਾਰ ਚਿੱਟਾ ਰੱਖਿਆ ਗਿਆ ਹੈ, ਜੋ ਸਮੁੰਦਰੀ ਫੌਜ ਨੂੰ ਛੱਡ ਕੇ ਪੂਰੇ ਭਾਰਤ ਨੂੰ ਦਰਸਾਉਂਦਾ ਹੈ। ਸੁਨਹਿਰੀ ਰੰਗ ਦਾ ਅਸ਼ੋਕਾ ਚਿੰਨ੍ਹ ਸੱਜੇ ਪਾਸੇ ਨੀਲੇ ਰੰਗ ਦੀ ਪਿੱਠਭੂਮੀ ਦੇ ਨਾਲ ਇੱਕ ਅਸ਼ਟਭੁੱਜ ਵਿੱਚ ਉੱਕਰਿਆ ਹੋਇਆ ਹੈ।

ਅਸ਼ਟਭੁੱਜ ਦੇ ਘੇਰੇ ’ਤੇ ਦੋ ਸੁਨਹਿਰੀ ਰੰਗ ਦੇ ਬਾਰਡਰ ਵੀ ਹਨ। ਇਸ ਦੇ ਹੇਠਾਂ ‘ਸੱਤਿਆਮੇਵ ਜਯਤੇ’ ਲਿਖਿਆ ਹੋਇਆ ਹੈ ਅਤੇ ਐਂਕਰ ਬਣਿਆ ਹੋਇਆ ਹੈ। ਦਰਅਸਲ ਇਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਾਹੀ ਮੋਹਰ ਹੈ। ਇਸ ਸਭ ਦੇ ਹੇਠਾਂ ਸੰਸਕਿ੍ਰਤ ਵਿੱਚ ‘ਸ਼ੰ ਨੋ ਵਰੁਣ’ ਹੈ, ਜਿਸ ਦਾ ਅਰਥ ਹੈ ‘ਵਰੁਣ, ਪਾਣੀ ਦਾ ਦੇਵਤਾ, ਸਾਡੇ ਲਈ ਸ਼ੁੱਭ ਹੋਵੇ। ‘ਇਸ ਦੇ ਅਸ਼ਟਭੁੱਜ ਅੱਠ ਦਿਸ਼ਾਵਾਂ ਨੂੰ ਦਰਸ਼ਾਉਂਦੇ ਹਨ ਜਿੱਥੋਂ ਭਾਰਤੀ ਜਲ ਫੌਜ ਦੀ ਗਲੋਬਲ ਪਹੁੰਚ ਹੈ।

ਕਿਹੋ-ਜਿਹਾ ਹੈ ਭਾਰਤੀ ਸਮੁੰਦਰੀ ਫੌਜ ਦਾ ਨਵਾਂ ਝੰਡਾ

ਭਾਰਤੀ ਸਮੁੰਦਰੀ ਫੌਜ ਦਾ ਮੌਜ਼ੂਦਾ ਝੰਡਾ ਸਫੈਦ ਰੰਗ ਦਾ ਹੈ, ਜਿਸ ਵਿੱਚ ਕਰਾਸ ਦੇ ਨਿਸ਼ਾਨ ਹਨ ਅਤੇ ਭਾਰਤ ਦੇ ਕੌਮੀ ਝੰਡੇ ਦੇ ਉੱਪਰਲੇ ਹਿੱਸੇ ਵਿੱਚ ਖੱਬੇ ਪਾਸੇ ਤਿਰੰਗਾ ਹੈ ਤੇ ਵਿਚਕਾਰ ਅਸ਼ੋਕ ਸਤੰਭ ਦਾ ਸ਼ੇਰ ਹੈ ਅਤੇ ਸੱਤਿਆਮੇਵ ਜਯਤੇ ਲਿਖਿਆ ਹੋਇਆ ਹੈ। ਭਾਰਤੀ ਸਮੁੰਦਰੀ ਫੌਜ ਦੇ ਝੰਡੇ ਵਿੱਚ ਚਪਟੀਆਂ ਤੇ ਲੰਬਕਾਰੀ ਲਾਲ ਧਾਰੀਆਂ ਹਨ, ਇਹ ਸੇਂਟ ਜਾਰਜ ਕਰਾਸ, ਇੰਗਲੈਂਡ ਦੇ ਕੌਮੀ ਝੰਡੇ ਦਾ ਪ੍ਰਤੀਕ ਹੈ ਤੇ ਸਾਨੂੰ ਸਾਡੀ ਬਸਤੀਵਾਦੀ ਅਤੀਤ ਦੀ ਮਾਨਸਿਕਤਾ ਦੀ ਯਾਦ ਦਿਵਾਉਂਦਾ ਹੈ। ਭਾਰਤੀ ਸਮੁੰਦਰੀ ਫੌਜ ਦਾ ਆਪਣਾ ਝੰਡਾ 2 ਸਤੰਬਰ ਨੂੰ ਚੁਣਿਆ ਗਿਆ ਸੀ।

ਭਾਰਤੀ ਸਮੁੰਦਰੀ ਫੌਜ ਦੁਨੀਆ ਦੀ ਸੱਤਵੀਂ ਸਭ ਤੋਂ ਵੱਡੀ ਸਮੁੰਦਰੀ ਫੌਜ

ਦੁਨੀਆ ਵਿੱਚ 25 ਏਅਰਕ੍ਰਾਫਟ ਕੈਰੀਅਰ ਹਨ। ਇਨ੍ਹਾਂ ਵਿੱਚੋਂ ਅਮਰੀਕਾ ਦੇ 11, ਚੀਨ ਦੇ 3, ਭਾਰਤ-ਇਟਲੀ-ਯੂਕੇ ਨਾਲ 2-2 ਜਦੋਂਕਿ ਬ੍ਰਾਜੀਲ, ਰੂਸ, ਫਰਾਂਸ, ਸਪੇਨ ਅਤੇ ਥਾਈਲੈਂਡ ਕੋਲ ਇੱਕ-ਇੱਕ ਜਹਾਜ਼ ਹੈ। ਭਾਰਤੀ ਸਮੁੰਦਰੀ ਫੌਜ ਦੁਨੀਆ ਦੀ ਸੱਤਵੀਂ ਸਭ ਤੋਂ ਵੱਡੀ ਸਮੁੰਦਰੀ ਫੌਜ ਹੈ। ਅਮਰੀਕਾ, ਰੂਸ, ਚੀਨ, ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਫਰਾਂਸ ਇਸ ਸੂਚੀ ਵਿੱਚ ਭਾਰਤ ਤੋਂ ਅੱਗੇ ਹਨ, ਪਰ ਮੌਜ਼ੂਦਾ ਸਮੇਂ ਵਿੱਚ ਅਸੀਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਸਮੁੰਦਰੀ ਫੌਜ ਹਾਂ।
ਭਾਰਤੀ ਸਮੁੰਦਰੀ ਫੌਜ ਕੋਲ ਇਸ ਸਮੇਂ 150 ਤੋਂ ਵੱਧ ਪਣਡੁੱਬੀਆਂ ਅਤੇ ਸਮੁੰਦਰੀ ਜਹਾਜ਼ ਹਨ। ਭਾਰਤੀ ਸਮੁੰਦਰੀ ਫੌਜ ਦੀ ਸਥਾਪਨਾ ਸਾਲ 1912 ਵਿੱਚ ਹੋਈ ਸੀ ਅਤੇ ਇਸ ਦਾ ਨਾਂਅ ਰਾਇਲ ਇੰਡੀਅਨ ਨੇਵੀ ਸੀ।

ਭਾਰਤੀ ਸਮੁੰਦਰੀ ਫੌਜ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦੈ

ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੇ ਇਸ ਸਮੁੰਦਰੀ ਸ਼ਕਤੀ ਦੇ ਦਮ ’ਤੇ ਅਜਿਹੀ ਸਮੁੰਦਰੀ ਫੌਜ ਬਣਾਈ, ਜਿਸ ਨੇ ਦੁਸ਼ਮਣਾਂ ਦੀ ਨੀਂਦ ਉਡਾ ਦਿੱਤੀ। ਜਦੋਂ ਅੰਗਰੇਜ਼ ਭਾਰਤ ਆਏ ਤਾਂ ਉਹ ਭਾਰਤੀ ਜਹਾਜ਼ਾਂ ਦੀ ਤਾਕਤ ਅਤੇ ਉਨ੍ਹਾਂ ਰਾਹੀਂ ਹੋਣ ਵਾਲੇ ਵਪਾਰ ਤੋਂ ਹੈਰਾਨ ਸਨ। ਹੁਣ ਤੱਕ ਭਾਰਤੀ ਸਮੁੰਦਰੀ ਫੌਜ ਦਾ ਝੰਡਾ ਗੁਲਾਮੀ ਦੀ ਪਛਾਣ ਬਣਿਆ ਹੋਇਆ ਸੀ ਪਰ ਅੱਜ ਤੋਂ ਛਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ ਸਮੁੰਦਰੀ ਫੌਜ ਦਾ ਨਵਾਂ ਝੰਡਾ ਸਮੁੰਦਰ ਤੇ ਅਸਮਾਨ ਵਿੱਚ ਉੱਡੇਗਾ। ਅੱਜ ਦੀ ਇਤਿਹਾਸਕ ਤਾਰੀਖ (2 ਸਤੰਬਰ, 2022) ਨੂੰ ਇੱਕ ਹੋਰ ਇਤਿਹਾਸ ਬਦਲਣ ਵਾਲਾ ਕੰਮ ਹੋਇਆ ਹੈ। ਅੱਜ ਭਾਰਤ ਨੇ ਆਪਣੇ ਸੀਨੇ ਤੋਂ ਗੁਲਾਮੀ ਦਾ ਨਿਸ਼ਾਨ ਗੁਲਾਮੀ ਦਾ ਬੋਝ ਲਾਹ ਲਿਆ ਹੈ।

ਕੁਝ ਖਾਸ ਗੱਲਾਂ

ਵਜ਼ਨ :45 ਹਜ਼ਾਰ ਟਨ
ਚਾਲਕ ਟੀਮ ਦੇ ਮੈਂਬਰ :1600
ਲੰਬਾਈ : 262 ਮੀਟਰ
ਉੱਚਾਈ : 60 ਮੀਟਰ
ਲਾਗਤ : ਜੰਗੀ ਜਹਾਜ਼ ਦਾ ਖਰਚਾ
20 ਹਜ਼ਾਰ ਕਰੋੜ
ਖੇਤਰਫ਼ਲ : ਦੋ ਫੁੱਟਬਾਲ ਮੈਦਾਨਾਂ ਬਰਾਬਰ
ਏਅਰਕ੍ਰਾਫ਼ਟ : 30 ਲੜਾਕੂ ਜਹਾਜ਼
ਸਹੂਲਤ : 2300 ਕੰਪਾਰਟਮੈਂਟ
: 700 ਪੌੜੀਆਂ
: 14 ਡੈੱਕ
ਰਫ਼ਤਾਰ : 51 ਕਿਲੋਮੀਟਰ ਪ੍ਰਤੀ ਘੰਟਾ

  • ਇੱਕ ਵਾਰ ਤੇਲ ਭਰਨ ਤੋਂ ਬਾਅਦ, 45 ਦਿਨਾਂ ਲਈ ਸਮੁੰਦਰ ਵਿੱਚ ਰਹਿ ਸਕਦਾ ਹੈ, ਸਮੁੰਦਰ ਵਿੱਚ ਰੀਫਿਲ ਦੀ ਸਹੂਲਤ
  • 2400 ਕਿਲੋਮੀਟਰ ਦੀ ਕੇਬਲ ਵਰਤੀ ਗਈ
  • 16 ਬੈੱਡਾਂ ਵਾਲਾ ਅਤਿ-ਆਧੁਨਿਕ ਹਸਪਤਾਲ
  • 2 ਆਪ੍ਰੇਸ਼ਨ ਥੀਏਟਰ, ਸੀਟੀ ਸਕੈਨ ਦੀ ਸਹੂਲਤ ਵੀ
  • 8 ਵੱਡੇ ਜਨਰੇਟਰ, ਜੋ 5 ਹਜ਼ਾਰ ਘਰਾਂ ਨੂੰ ਬਿਜਲੀ ਦੇ ਸਕਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!