when sai ji left the water of the canal without a turn experiences of satsangis -sachi shiksha punjabi

ਜਦੋਂ ਸਾਈਂ ਜੀ ਨੇ ਬਿਨਾ ਵਾਰੀ ਨਹਿਰ ਦਾ ਪਾਣੀ ਛੱਡਵਾਇਆ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪਿਆਰੇ ਦਾਤਾਰ ਜੀ ਨੇ ਆਪਣੀ ਰਹਿਮਤ ਨਾਲ ਪਾਣੀ ਦੀ ਸਮੱਸਿਆ ਸੁਲਝਾ ਦਿੱਤੀ
ਪ੍ਰੇਮੀ ਬਾਘ ਚੰਦ ਪੁੱਤਰ ਸੱਚਖੰਡ ਵਾਸੀ ਸ੍ਰੀ ਵਰਿਆਮ ਚੰਦ ਢਾਣੀ ਵਰਿਆਮ ਚੰਦ ਵਾਲੀ ਤਹਿਸੀਲ ਤੇ ਜ਼ਿਲ੍ਹਾ ਸਰਸਾ ਤੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-

ਪ੍ਰੇਮੀ ਆਪਣੇ ਪੱਤਰ ਵਿੱਚ ਦੱਸਦਾ ਹੈ ਕਿ 1960 ਤੋਂ ਪਹਿਲਾਂ ਦੀ ਗੱਲ ਹੈ ਮੇਰੇ (ਪ੍ਰੇਮੀ ਬਾਘ ਚੰਦ ਜੀ ਦੇ) ਬਾਪੂ ਸ੍ਰੀ ਵਰਿਆਮ ਚੰਦ ਜੀ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਿਤਾਏ ਹੋਏ (ਨਾਮ-ਲੇਵਾ) ਸਨ ਇਸ ਲਈ ਉਹ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੁਣਨ ਲਈ ਪਹਿਲਾਂ ਡੇਰਾ ਬਾਬਾ ਜੈਮੱਲ ਸਿੰਘ ਬਿਆਸ ਜਾਇਆ ਕਰਦੇ ਸਨ ਉਸ ਸਮੇਂ ਤੋਂ ਹੀ ਉਹ ਪੂਜਨੀਕ ਮਸਤਾਨਾ ਜੀ ਮਹਾਰਾਜ ਨੂੰ ਜਾਣਦੇ ਸਨ

Also Read :-

ਬਾਪੂ ਜੀ ਸੁਣਾਇਆ ਕਰਦੇ ਕਿ ਜਦੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਵੱਡੇ-ਵੱਡੇ ਘੁੰਗਰੂ ਬੰਨ੍ਹ ਕੇ ਨੱਚਦੇ ਤਾਂ ਬਾਬਾ ਜੀ ਬਹੁਤ ਖੁਸ਼ ਹੁੰਦੇ ਅਤੇ ਪੂਜਨੀਕ ਮਸਤਾਨਾ ਜੀ ਦੇ ਪੱਖ ਵਿੱਚ ਅਨੇਕ ਬਚਨ ਕਰਦੇ ਮੇਰੇ ਬਾਪੂ ਜੀ ਨੇ ਕਈ ਵਾਰ ਅਜਿਹੇ ਨਜ਼ਾਰੇ ਆਪਣੀਆਂ ਅੱਖਾਂ ਨਾਲ ਦੇਖੇ ਤੇ ਸਤਿਗੁਰੂ ਜੀ ਦੇ ਮੁਖਾਰਬਿੰਦ ਦੇ ਬਚਨ ਆਪਣੇ ਕੰਨਾਂ ਨਾਲ ਸੁਣੇ, ਜੋ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਉਸ ਸਮੇਂ ਫਰਮਾਏ, ‘‘ਜਾ ਮਸਤਾਨਾ! ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ’’ ਤੇ ਹੋਰ ਵੀ ਅਨੇਕ ਬਖਸ਼ਿਸ਼ਾਂ ਕੀਤੀਆਂ ਜਦੋਂ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪਣਾ ਚੋਲ਼ਾ ਬਦਲ ਗਏ ਤਾਂ ਮੇਰੇ ਬਾਪੂ ਜੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਸੋਹਬਤ ਵਿੱਚ ਡੇਰਾ ਸੱਚਾ ਸੌਦਾ ਸਰਸਾ ਜਾਣ ਲੱਗੇ

ਇੱਕ ਦਫ਼ਾ ਦਾ ਜ਼ਿਕਰ ਹੈ ਕਿ ਪੂਜਨੀਕ ਬੇਪਰਵਾਹ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਾਡੀ ਢਾਣੀ (ਢਾਣੀ ਵਰਿਆਮ ਚੰਦ) ਵਿੱਚ ਸਤਿਸੰਗ ਮਨਜ਼ੂਰ ਕਰ ਦਿੱਤਾ ਉਸ ਸਮੇਂ ਤੱਕ ਸਾਡੇ ਪਰਿਵਾਰ ਦੇ ਕਾਫ਼ੀ ਮੈਂਬਰਾਂ ਨੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਸ਼ਬਦ ਲੈ ਲਿਆ ਸੀ ਉਸ ਸਾਲ ਵਰਖਾ ਨਾ ਹੋਣ ਦੇ ਕਾਰਨ ਇਲਾਕੇ ਵਿੱਚ ਕਾਫੀ ਸੋਕਾ ਪਿਆ ਹੋਇਆ ਸੀ ਪਾਣੀ ਦੀ ਬਹੁਤ ਕਿੱਲਤ ਸੀ ਸਾਡੇ ਇੱਧਰ ਰਜਵਾਹੇ ਵੀ ਸੁੱਕੇ ਪਏ ਸਨ ਆਸ-ਪਾਸ ਦੇ ਲੋਕ ਸਾਨੂੰ ਮਜ਼ਾਕ ਕਰ ਰਹੇ ਸਨ ਕਿ ਤੁਹਾਡਾ ਐਡਾ ਮਹਾਨ ਗੁਰੂ (ਪੂਜਨੀਕ ਮਸਤਾਨਾ ਜੀ) ਹੈ ਫਿਰ ਵੀ ਤੁਹਾਡੀ ਕਣਕ ਪਾਣੀ ਦੇ ਬਿਨਾਂ ਸੁੱਕ ਰਹੀ ਹੈ ਸਤਿਸੰਗ ਵਿੱਚ ਉਦੋਂ ਕੇਵਲ ਦੋ ਦਿਨ ਬਾਕੀ ਸਨ ਸਤਿਸੰਗ ਵਿੱਚ ਆਉਣ ਵਾਲੀ ਸੰਗਤ ਲਈ ਵੀ ਪਾਣੀ ਦੀ ਸਖ਼ਤ ਜ਼ਰੂਰਤ ਸੀ

ਸਾਡੀਆਂ ਭਾਵਨਾਵਾਂ ਨੂੰ ਜਾਣਦੇ ਹੋਏ ਅਤੇ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅੰਤਰਯਾਮੀ ਸਤਿਗੁਰੂ ਜੀ ਨੇ ਆਪਣੀ ਰਹਿਮਤ ਦਾ ਇੱਕ ਕਮਾਲ ਦਾ ਖੇਡ ਰਚਿਆ ਕਿ ਪਿੱਛੋਂ ਕੋਈ ਨਹਿਰ ਟੁੱਟਣ ਨਾਲ ਉਸ ਦਾ ਪਾਣੀ ਪਤਾ ਨਹੀਂ ਕਿਵੇਂ (ਅੱਲ੍ਹਾ, ਰਾਮ ਖੁਦ ਪੂਜਨੀਕ ਮਸਤਾਨਾ ਜੀ ਜਾਣੇ) ਸਾਡੇ ਵਾਲੇ ਰਜਵਾਹੇ ਵਿੱਚ ਭਰ ਗਿਆ ਉਸ ਪਾਣੀ ਨਾਲ ਅਸੀਂ ਜਿੱਥੇ ਆਪਣੀ ਕਣਕ ਦੀ ਸਾਰੀ ਫਸਲ ਨੂੰ ਵੀ ਸਿੰਜ ਲਿਆ ਅਤੇ ਇਸ ਤੋਂ ਇਲਾਵਾ ਆਪਣੇ ਘਰ ਦੇ ਕੋਲ ਰੇਤ ਦੇ ਟਿੱਬੇ ਵਿੱਚ ਕੁਝ ਡੂੰਘੇ ਟੋਏ ਪੁੱਟ ਕੇ ਉਹਨਾਂ ਵਿੱਚ ਪਾਣੀ ਭਰ ਲਿਆ ਜੋ ਕਿ ਸਤਿਸੰਗ ਦੇ ਦੌਰਾਨ ਸੰਗਤ ਦੇ ਪੀਣ ਦੇ ਕੰਮ ਆਇਆ

ਨਿਸ਼ਚਿਤ ਪ੍ਰੋਗਰਾਮ ਦੇ ਅਨੁਸਾਰ ਸੱਚੇ ਪਾਤਸ਼ਾਹ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਾਡੀ ਢਾਣੀ ਵਿੱਚ ਪਧਾਰੇ ਅਤੇ ਖੂਬ ਜ਼ਬਰਦਸਤ ਸਤਿਸੰਗ ਫਰਮਾਇਆ ਪਰਮ ਦਿਆਲੂ ਸਤਿਗੁਰੂ ਜੀ ਨੇ ਅਨੇਕ ਜੀਵਾਂ ਤੋਂ ਬੁਰਾਈਆਂ ਛੁਡਵਾ ਕੇ ਤੇ ਉਹਨਾਂ ਨੂੰ ਨਾਮ-ਸ਼ਬਦ ਦੀ ਦਾਤ ਦੇ ਕੇ ਮੌਕਸ਼ ਦੇ ਅਧਿਕਾਰੀ ਬਣਾਇਆ ਸਤਿਸੰਗ ਦੇ ਪ੍ਰੋਗਰਾਮ ਦੀ ਸਮਾਪਤੀ ’ਤੇ ਵਾਲੀ ਦੋ ਜਹਾਨ ਪੂਜਨੀਕ ਬੇਪਰਵਾਹ ਜੀ ਨੇ ਸਾਡੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਬਚਨਾਂ ਦੁਆਰਾ ਸਾਨੂੰ ਅਪਾਰ ਰਹਿਮਤਾਂ ਬਖਸ਼ੀਆਂ ਅੰਤਰਯਾਮੀ ਸਤਿਗੁਰੂ ਜੀ ਨੇ ਫਰਮਾਇਆ, ‘‘ਹਮ ਆਗੇ ਭੀ ਆਇਆ ਕਰੇਂਗੇ ਔਰ ਸਤਿਸੰਗ ਕੀਆ ਕਰੇਂਗੇ ਸਤਿਸੰਗ ਪਹਿਲੇ ਸੇ ਭੀ ਬੜ੍ਹਕਰ ਹੋਂਗੇ’’ ਮੇਰੇ ਬਾਪੂ ਜੀ ਦੁਆਰਾ ਇਹ ਅਰਜ਼ ਕਰਨ ’ਤੇ ਕਿ ਸਾਈਂ ਜੀ! ਸਾਡੀ ਮੱਝ ਦਾ ਫਲ (ਬੱਚਾ) ਨਹੀਂ ਬਚਦਾ, ਮਰ ਜਾਂਦਾ ਹੈ ਤਾਂ ਸਰਵ ਸਮਰੱਥ ਸਤਿਗੁਰੂ ਜੀ ਨੇ ਫਰਮਾਇਆ, ‘‘ਅਬ ਨਹੀਂ ਮਰੇਗਾ’’ ਮੇਰੇ ਬਾਪੂ ਜੀ ਦੁਆਰਾ ਬੱਚੇ (ਪੋਤਰੇ) ਦਾ ਨਾਂ ਰੱਖਣ ਦੀ ਅਰਜ਼ ਕਰਨ ’ਤੇ ਸ਼ਹਿਨਸ਼ਾਹ ਜੀ ਨੇ ਮੇਰੇ ਇੱਕ ਭਤੀਜੇ ਦਾ ਨਾਂ ਰੱਖਿਆ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘‘ਪੁੱਟਰ! ਇਸਕਾ ਨਾਮ ਰੰਗਾਰਾਮ ਰੱਖਤੇ ਹੈ, ਰੰਗ ਲਾਏਗਾ’’

ਸਰਵ ਸਮਰੱਥ ਸਤਿਗੁਰੂ ਜੀ ਦੁਆਰਾ ਫਰਮਾਏ ਗਏ ਉਕਤ ਸਾਰੇ ਬਚਨ ਸੱਚ ਹੋਏ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਉਪਰੋਕਤ ਬਚਨਾਂ ਅਨੁਸਾਰ ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਡੀ ਢਾਣੀ ਵਿੱਚ ਸਮੇਂ-ਸਮੇਂ ’ਤੇ ਪਧਾਰ ਕੇ ਅਨੇਕ ਵੱਡੇ-ਵੱਡੇ ਰੂਹਾਨੀ ਸਤਿਸੰਗ ਫਰਮਾਏ ਤੇ ਸੱਚੇ ਪਾਤਸ਼ਾਹ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਉਸ ਮੱਝ ਦਾ ਫਲ (ਬੱਚਾ) ਫਿਰ ਕਦੇ ਨਹੀਂ ਮਰਿਆ ਅਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਜਿਵੇਂ-ਜਿਵੇਂ ਰੰਗਾਰਾਮ ਵੱਡਾ ਹੁੰਦਾ ਗਿਆ, ਸਾਡਾ ਪਰਿਵਾਰ ਹਰ ਪਾਸੇ ਤੋਂ ਤਰੱਕੀ ਕਰਦਾ ਹੀ ਗਿਆ ਇਹ ਰਹਿਮਤਾਂ ਤਾਂ ਸਾਡੇ ਸਾਹਮਣੇ ਪ੍ਰਤੱਖ ਹਨ ਅਤੇ ਅਨੇਕ ਰਹਿਮਤਾਂ ਉਹ ਵੀ ਹਨ ਜੋ ਦਿਸਣ ਵਿੱਚ ਨਹੀਂ ਆਉਂਦੀਆਂ ਅਤੇ ਜਿਹਨਾਂ ਦਾ ਵਰਣਨ ਲਿਖ ਬੋਲ ਕੇ ਹੋ ਨਹੀਂ ਸਕਦਾ ਸੱਚੇ ਸਤਿਗੁੁਰੂ ਦਾਤਾ ਪਿਆਰੇ ਦੀ ਖੁਦ ਪਿਆਰੇ ਦਾਤਾ ਜੀ ਜਾਣਦੇ ਹਨ

ਮੇਰੇ ਬਾਪੂ ਜੀ 103 ਸਾਲ ਦੀ ਉਮਰ ਭੋਗ ਕੇ ਤੇ ਚਾਰ ਪਾਤਸ਼ਾਹੀਆਂ ਦੀ ਸੋਹਬਤ ਕਰਦੇ ਹੋਏ ਸਤਿਲੋਕ-ਸੱਚਖੰਡ ਜਾ ਪਧਾਰੇ ਹਨ ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਸੱਚੇ ਸੌਦੇ ਨਾਲ ਜੁੜਿਆ ਹੋਇਆ ਹੈ ਸਾਡੇ ਪਰਿਵਾਰ ਦੇ ਕਈ ਮੈਂਬਰ ਸੇਵਾ ਤੇ ਸਿਮਰਨ ਕਰਦੇ ਹਨ ਅਸੀਂ ਆਪਣੇ ਪਿਆਰੇ ਸਤਿਗੁਰੂ ਜੀ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਪ੍ਰੀਤ ਤੇ ਪ੍ਰਤੀਤ ਆਪ ਜੀ ਦੇ ਚਰਨਾਂ ਨਾਲ ਹਮੇਸ਼ਾ-ਹਮੇਸ਼ਾ ਬਣੀ ਰਹੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!