ਟੀਵੀ ’ਤੇ ਇੱਕ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਸੀ 3 ਜੋੜੇ ਬੈਠੇ ਹੋਏ ਸਨ ਔਰਤਾਂ ਤੋਂ ਪਛਾਣ ਪੁੱਛੀ ਗਈ ਇੱਕ ਨੇ ਦੱਸਿਆ ਕਿ ਉਹ ਅਧਿਆਪਕ ਹੈ ਦੂਜੀ ਨੇ ਆਪਣੇ-ਆਪ ਨੂੰ ਬੈਂਕ ਅਧਿਕਾਰੀ ਦੱਸਿਆ ਉਨ੍ਹਾਂ ਦੋਵਾਂ ਦੇ ਚਿਹਰਿਆਂ ’ਤੇ ਚਮਕ ਸੀ ਤੀਜੀ ਨੇ ਦਬੇ ਹੋਏ ਸੁਰ ’ਚ ਕਿਹਾ ਕਿ ਉਹ ਸਿਰਫ ਘਰੇਲੂ ਔਰਤ ਹੈ ਉਸ ਦੇ ਹਾਵ-ਭਾਵ ਦੇਖ ਕੇ ਅਜਿਹਾ ਲੱਗਾ ਜਿਵੇਂ ਉਹ ਹੀਣਭਾਵਨਾ ਨਾਲ ਗ੍ਰਸਤ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਔਰਤ ਤੋਂ ਪੁੱਛਿਆ ਜਾਂਦਾ ਹੈ ਕਿ ਉਸ ਦਾ ਕੰਮ ਕੀ ਹੈ, ਤਾਂ ਘਰੇਲੂ ਔਰਤ ਕਹਿਣ ’ਚ ਉਸ ਨੂੰ ਝਿਜਕ ਮਹਿਸੂਸ ਹੁੰਦੀ ਹੈ ਪਰ ਕੀ ਅਜਿਹਾ ਹੋਣਾ ਚਾਹੀਦਾ? ਕੀ ਅਸਲ ’ਚ ਘਰ ਚਲਾਉਣ ਦਾ ਭਾਰ ਉਸ ਜਿੰਮੇਵਾਰੀ ਤੋਂ ਘੱਟ ਹੈ ਜਿਸ ਨੂੰ ਇੱਕ ਔਰਤ ਕਿਸੇ ਦਫਤਰ ’ਚ ਇੱਕ ਅਧਿਕਾਰੀ ਦੇ ਰੂਪ ’ਚ, ਸਕੂਲ ’ਚ ਅਧਿਆਪਕਾ ਜਾਂ ਕਿਸੇ ਸੰਸਥਾਨ ’ਚ ਇੱਕ ਕਰਮਚਾਰੀ ਦੇ ਰੂਪ ’ਚ ਨਿਭਾਉਂਦੀ ਹੈ?
ਸੱਚ ਤਾਂ ਇਹ ਹੈ ਕਿ ਕੰਮਕਾਜੀ ਔਰਤਾਂ ਨੇ ਤਾਂ ਆਪਣੇ ਸੀਮਤ ਖੇਤਰ ’ਚ ਹੀ ਜ਼ਿੰਮੇਵਾਰ ਸੰਭਾਲਣੀ ਹੁੰਦੀ ਹੈ ਪਰ ਘਰੇਲੂ ਔਰਤ ਨੂੰ ਤਾਂ ਕਈ ਮੋਰਚਿਆਂ ’ਤੇ ਜਿੰਮੇਵਾਰੀ ਨਿਭਾਉਣੀ ਪੈਂਦੀ ਹੈ ਉਸ ਨੂੰ ਘਰ ਦੇ ਪ੍ਰਬੰਧ ’ਚ ਇੱਕ ਦਫਤਰ ਦੇ ਮੁਖੀ ਦੀ, ਬੱਚਿਆਂ ਦੀ ਸਿੱਖਿਆ ’ਚ ਅਧਿਆਪਕਾ ਦੀ ਅਤੇ ਘਰ ਦੀ ਅਰਥਵਿਵਸਥਾ ’ਚ ਵਿੱਤੀ ਸਲਾਹਕਾਰ ਦੀ ਭੂਮਿਕਾ ਅਦਾ ਕਰਨੀ ਪੈਂਦੀ ਹੈ ਜੇਕਰ ਉਹ ਇਨ੍ਹਾਂ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਾ ਨਿਭਾਵੇ ਤਾਂ ਘਰ ਦੀ ਵਿਵਸਥਾ ਹੀ ਡਾਵਾਂਡੋਲ ਹੋ ਜਾਵੇ ਇਸ ਦਾ ਖਮਿਆਜਾ ਪੂਰੇ ਪਰਿਵਾਰ ਨੂੰ ਝੱਲਣਾ ਪੈਂਦਾ ਹੈ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਘਰੇਲੂ ਔਰਤ ਦੀ ਜ਼ਿੰਮੇਵਾਰੀ ਦੂਜੇ ਬਾਹਰ ਦੇ ਕੰਮਾਂ ਤੋਂ ਘੱਟ ਹੈ?
ਇੱਕ ਗੱਲ ਹੋਰ, ਕੰਮਕਾਜੀ ਔਰਤ ਆਪਣੇ ਬੱਚਿਆਂ ’ਤੇ ਸਹੀ ਧਿਆਨ ਨਹੀਂ ਦੇ ਪਾਉਂਦੀ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ, ਉਨ੍ਹਾਂ ਨੂੰ ਚੰਗੀਆਂ ਆਦਤਾਂ ਸਿਖਾਉਣ ਅਤੇ ਜੀਵਨ ਸੰਘਰਸ਼ ’ਚ ਸਫਲ ਹੋਣ ਦੀ ਪ੍ਰੇਰਨਾ ਇੱਕ ਘਰੇਲੂ ਔਰਤ ਹੀ ਦੇ ਸਕਦੀ ਹੈ ਜਦੋਂਕਿ ਕੰਮਕਾਜੀ ਔਰਤ ਆਪਣੇ ਹੀ ਕੰਮ ’ਚ ਐਨੀ ਉਲਝੀ ਰਹਿੰਦੀ ਹੈ ਕਿ ਬੱਚਿਆਂ ਵੱਲ ਧਿਆਨ ਘੱਟ ਹੀ ਦੇ ਪਾਉਂਦੀ ਹੈ ਆਮ ਤੌਰ ’ਤੇ ਕੰਮਕਾਜੀ ਔਰਤਾਂ ਦੇ ਬੱਚੇ ਨੌਕਰਾਂ ਦੇ ਭਰੋਸੇ ਜਾਂ ਸ਼ਿਸ਼ੂ ਸਦਨਾਂ ’ਚ ਪਲ਼ਦੇ ਹਨ।
ਪ੍ਰਬੰਧਕ ਸ਼ਬਦ ਦਾ ਧਿਆਨ ਆਉਂਦੇ ਹੀ ਕਈ ਗੱਲਾਂ ਧਿਆਨ ’ਚ ਆਉਂਦੀਆਂ ਹਨ ਇਸ ਸ਼ਬਦ ਦੇ ਨਾਲ ਸਫ਼ਲਤਾ ਦਾ ਅਹਿਸਾਸ ਹੁੰਦਾ ਹੈ ਅਸੀਂ ਉੱਚ ਪੱਧਰੀ ਪ੍ਰਬੰਧਕਾਂ ਨੂੰ ਸੁੰਦਰ ਇਮਾਰਤਾਂ ’ਚ ਰਹਿੰਦੇ, ਨਵੀਂਆਂ-ਨਵੀਂਆਂ ਗੱਡੀਆਂ ’ਚ ਆਉਂਦੇ-ਜਾਂਦੇ ਦੇਖਦੇ ਹਾਂ ਪਰ ਜੇਕਰ ਕਿਸੇ ਦੇ ਘਰ ’ਚ ਹੁਨਰਮੰਦ ਘਰੇਲੂ ਔਰਤ ਨਾ ਹੋਵੇ ਤਾਂ ਉਸ ਦੀ ਕਾਰਜ ਸਮਰੱਥਾ ਨੂੰ ਗ੍ਰਹਿਣ ਲੱਗ ਜਾਵੇ। ਪ੍ਰਬੰਧਕ ਦਿਨ ਭਰ ’ਚ ਕਈ ਫੈਸਲੇ ਲੈਂਦੇ ਹਨ ਅਤੇ ਉਹ ਹੁਸ਼ਿਆਰੀ ਨਾਲ ਸਥਿਤੀ ਦੇ ਅਨੁਸਾਰ ਕੰਮ ਕਰਦੇ ਹਨ ਸਮੱਸਿਆਵਾਂ ਨਾਲ ਜੂਝਦੇ ਹੋਏ ਹੱਲ ਕੱਢਦੇ ਹਨ।
ਹਰ ਕੰਮ ’ਚ ਗੜਬੜਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਹੌਂਸਲੇ ਅਤੇ ਸੂਝ-ਬੂਝ ਨਾਲ ਨਜਿੱਠਣਾ ਹੁੰਦਾ ਹੈ ਸਮੇਂ ਦਾ ਪ੍ਰਬੰਧਨ ਕਰਕੇ ਉਸਦੇ ਅਨੁਸਾਰ ਕੰਮ ਕਰਦੇ ਹਨ ਮਾਹਿਰ ਪ੍ਰਬੰਧਕ ਕੰਮ ਕਰਵਾਉਣ ਦੇ ਗੁਰ ਜਾਣਦਾ ਹੈ ਉਹ ਦੇਖਦਾ ਹੈ ਕਿ ਕੀ ਸੰਸਥਾਨ ਸਮੇਂ ’ਤੇ ਆਪਣੇ ਵਾਅਦੇ ਪੂਰੇ ਕਰ ਰਿਹਾ ਹੈ? ਵਾਅਦੇ ਅਨੁਸਾਰ ਕੰਮ ਦਿੱਤਾ ਜਾ ਰਿਹਾ ਹੈ ਜਾਂ ਨਹੀਂ? ਕੰਮ ਦਾ ਵਿਕੇਂਦਰੀਕਰਨ ਕਰਕੇ ਦੂਜਿਆਂ ਨੂੰ ਆਪਣੇ ਅਧਿਕਾਰ ਖੇਤਰ ’ਚ ਸਹਿਯੋਗੀ ਬਣਾਉਂਦਾ ਹੈ ਉਹ ਜਾਣਦਾ ਹੈ ਕਿ ਕੰਮ ਕਿਸ ਤਰ੍ਹਾਂ ਵੰਡੇ ਕਿ ਉਹ ਸੁਚਾਰੂ ਰੂਪ ਨਾਲ ਹੁੰਦਾ ਚਲਿਆ ਜਾਵੇ।
ਦੇਖੋ ਕਿ ਘਰੇਲੂ ਔਰਤਾਂ ਦਾ ਉਪਰੋਕਤ ਗੱਲਾਂ ਨਾਲ ਕੀ ਸੰਬੰਧ ਹੈ ਪਰਿਵਾਰ ਵਿਚ ਅਜਿਹਾ ਵਿਅਕਤੀ ਕੌਣ ਹੈ ਜੋ ਸਮੇਂ ਦਾ ਪ੍ਰਬੰਧ ਕਰਦਾ ਹੈ, ਫੈਸਲਾ ਲੈਂਦਾ ਹੈ, ਸਮੱਸਿਆਵਾਂ ਹੱਲ ਕਰਦਾ ਹੈ, ਦੂਜਿਆਂ ਤੋਂ ਕੰਮ ਲੈਂਦਾ ਹੈ ਤੇ ਦੂਜਿਆਂ ਨੂੰ ਆਪਣੀ ਜਿੰਮੇਵਾਰੀ ’ਚ ਸਹਿਯੋਗੀ ਬਣਾਉਂਦਾ ਹੈ? ਬਿਨਾ ਸ਼ੱਕ ਇੱਕ ਹੁਨਰਮੰਦ ਘਰੇਲੂ ਔਰਤ ਹੀ ਕਈ ਜਿੰਮੇਵਾਰੀਆਂ ਨਿਭਾਉਂਦੀ ਹੈ ਜਿਹੜੀਆਂ ਔਰਤਾਂ ਨੇ ਘਰ ਦੇ ਪ੍ਰਬੰਧ ਨੂੰ ਆਪਣਾ ਵਪਾਰ ਬਣਾ ਲਿਆ ਹੈ, ਇਸ ਕਸੌਟੀ ’ਤੇ ਖਰੀਆਂ ਉੱਤਰਦੀਆਂ ਹਨ ਜ਼ਰਾ ਕਿਸੇ ਵੀ ਘਰ, ਜਿੱਥੇ ਘਰੇਲੂ ਔਰਤ ਨਹੀਂ ਹੈ, ’ਚ ਜਾ ਕੇ ਦੇਖੋ, ਘੋਰ ਅਵਿਵਸਥਾ ਦਿਖਾਈ ਦੇਵੇਗੀ ਸਾਰਾ ਘਰ ਖਿੱਲਰਿਆ-ਪੁੱਲਰਿਆ ਨਜ਼ਰ ਆਵੇਗਾ।
ਇੱਕ ਘਰੇਲੂ ਔਰਤ ਦਾ ਮਹੱਤਵ ਪ੍ਰਬੰਧਕ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਜੇਕਰ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤਾਂ ਕੰਪਨੀ ਦਾ ਨੁਕਸਾਨ ਹੁੰਦਾ ਹੈ ਉਸ ਨੂੰ ਕੱਢ ਕੇ ਦੂਜਾ ਵਿਅਕਤੀ ਰੱਖਿਆ ਜਾ ਸਕਦਾ ਹੈ ਪਰ ਜੇਕਰ ਘਰੇਲੂ ਆਪਣੀ ਜਿੰਮੇਵਾਰੀ ਨਹੀਂ ਨਿਭਾਉਂਦੀ ਤਾਂ ਪਰਿਵਾਰ ਟੁੱਟ ਜਾਂਦਾ ਹੈ ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਤਰ੍ਹਾਂ ਨਹੀਂ ਹੁੰਦਾ ਉਹ ਵਿਗੜ ਜਾਂਦੇ ਹਨ ਅਤੇ ਆਰਥਿਕ ਸੰਕਟ ਵਧਦਾ ਜਾਂਦਾ ਹੈ ਦਫਤਰ ਦੇ ਪ੍ਰਬੰਧਕ ਦੇ ਬਿਮਾਰ ਪੈਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਘਰੇਲੂ ਔਰਤ ਬਿਮਾਰ ਪੈ ਜਾਵੇ ਤਾਂ ਘਰ ਕੁਰਲਾ ਉੱਠਦਾ ਹੈ ਉਸ ਸਮੇਂ ਔਰਤ ਦੇ ਕੰਮਾਂ ਦਾ ਮਹੱਤਵ ਪਰਿਵਾਰ ਵਾਲੇ ਸਮਝਦੇ ਹਨ।
ਉਸਨੂੰ ਅਹੁਦਿਓਂ ਲਾਹੁਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਹਰ ਘਰੇਲੂ ਔਰਤ ਨੂੰ ਆਪਣੀ ਜ਼ਿੰਮੇਵਾਰੀ ਲਈ ਸਵੇਰੇ ਉੱਠ ਕੇ ਕਈ ਫੈਸਲੇ ਲੈਣੇ ਪੈਂਦੇ ਹਨ ਅਤੇ ਇਹ ਸਿਲਸਿਲਾ ਰੋਜ਼ਾਨਾ ਚੱਲਦਾ ਰਹਿੰਦਾ ਹੈ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਨਾਲ ਨਜਿੱਠਣਾ ਹੁੰਦਾ ਹੈ ਮਹਿੰਗਾਈ ਵਧ ਰਹੀ ਹੈ ਅਤੇ ਪਰਿਵਾਰ ਪਰੇਸ਼ਾਨ ਹਨ ਜ਼ਿਆਦਾਤਰ ਮਾਮਲਿਆਂ ’ਚ ਔਰਤਾਂ ਨੂੰ ਹੀ ਕਈ ਲੋੜਾਂ ਦੀ ਪੂਰਤੀ ਕਰਨੀ ਹੁੰਦੀ ਹੈ ਅਖੀਰ ਘਰ ਦੇ ਬਜਟ ਲਈ ਉਹੀ ਤਾਂ ਜ਼ਿੰਮੇਵਾਰ ਹੁੰਦੀਆਂ ਹਨ ਜੇਕਰ ਕੋਈ ਘਰੇਲੂ ਔਰਤ ਸਹੀ ਮਾਇਨੇ ’ਚ ਪ੍ਰਬੰਧਕ ਹੈ ਤਾਂ ਖਰੀਦਦਾਰੀ ਸਹੀ ਭਾਅ ’ਚ ਕਰੇਗੀ ਜੋ ਕੰਮ ਇੱਕ ਪ੍ਰਬੰਧਕ ਕਈ ਸਹਾਇਕਾਂ ਦੀ ਮੱਦਦ ਨਾਲ ਕਰਦਾ ਹੈ।
ਉਹ ਘਰੇਲੂ ਔਰਤ ਖੁਦ ਕਰਦੀ ਹੈ ਉਹ ਖੁਦ ਹੀ ਵਿਵਸਥਾ ਦੇਖਦੀ ਹੈ, ਪ੍ਰਸ਼ਾਸਨ ਦੇਖਦੀ ਹੈ, ਬਾਹਰੀ ਤਾਲਮੇਲ ਬਿਠਾਉਂਦੀ ਹੈ, ਬੱਚਿਆਂ ਦੇ ਝਗੜੇ ਨਜਿੱਠਦੀ ਹੈ ਤੇ ਗੁਆਂਢੀਆਂ ਨਾਲ ਵਧੀਆ ਸਬੰਧ ਰੱਖਦੀ ਹੈ। ਜੋ ਔਰਤ ਘਰੇਲੂ ਔਰਤ ਬਣਨ ਦਾ ਫੈਸਲਾ ਲੈਂਦੀ ਹੈ, ਉਹ ਇੱਕ ਉੱਤਮ ਕੰਮ ਹੱਥ ’ਚ ਲੈਂਦੀ ਹੈ ਕਿਸੇ ਵੀ ਪ੍ਰਬੰਧਕ, ਅਰਥ ਪ੍ਰਬੰਧਕ ਜਾਂ ਕੰਮ ਘਰੇਲੂ ਔਰਤ ਦੇ ਕੰਮ ਤੋਂ ਵੱਡਾ ਨਹੀਂ ਹੁੰਦਾ ਸਮਾਂ ਆ ਗਿਆ ਹੈ ਕਿ ਲੋਕ ਇਸ ਸੱਚਾਈ ਨੂੰ ਸਮਝਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਘਰੇਲੂ ਔਰਤ ਆਪਣੇ ਬੱਚਿਆਂ ਦਾ ਕਰੈਕਟਰ ਬਿਲਡ ਕਰਦੀ ਹੈ ਉਹ ਆਪਣੀ ਪ੍ਰਤਿਭਾ ਦੀ ਵਰਤੋਂ ਪਤਨੀ ਤੇ ਮਾਂ ਦੇ ਰੂਪ ’ਚ ਕਰਕੇ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਅਖੀਰ ਆਪਣੇ ਇਸ ਕੰਮ ਬਾਰੇ ਦੱਸਣ ’ਚ ਸੰਕੋਚ ਕਿਉਂ?
ਉਰਵਸ਼ੀ