ruhani-satsang-shah-satnam-ji-dham-dera-sacha-sauda

ਆਪਣੇ ਔਗੁਣ ਛੱਡ ਕਿਸੇ ਦੇ ਫੋਲੀਂ ਨਾ | ਦੇਖ ਪਰਾਇਆ ਮਾਲ ਕਦੇ ਵੀ ਡੋਲੀਂ ਨਾ ||
ਰੂਹਾਨੀ ਸਤਿਸੰਗ:?ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਮਾਲਕ ਦੀ ਸਾਜ਼ੀ-ਨਿਵਾਜ਼ੀ ਪਿਆਰੀ ਸਾਧ-ਸੰਗਤ ਜੀ, ਆਪ ਸਭ ਦਾ ਸਤਿਸੰਗ ’ਚ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਰੂਹਾਨੀ ਸਤਿਸੰਗ ਸਰਵ-ਧਰਮ ਸੰਗਮ ਹੁੰਦਾ ਹੈ ਇਨਸਾਨੀਅਤ ਦੇ ਬਾਰੇ ’ਚ ਸੰਤ-ਮਹਾਂਪੁਰਸ਼ਾਂ ਦੇ ਅਨੁਭਵ ਹੁੰਦੇ ਹਨ ਜੋ ਉਹ ਮਹਿਸੂਸ ਕਰਦੇ ਹਨ ਅਤੇ ਸਮਾਜ ਨੂੰ ਦੱਸਦੇ ਹਨ ਸਾਰੇ ਧਰਮਾਂ ਦਾ ਅਦਬ-ਸਤਿਕਾਰ, ਇੱਜ਼ਤ, ਸੰਤ, ਪੀਰ-ਫਕੀਰ ਕਰਦੇ ਹਨ ਉਹ ਕਿਸੇ ਵੀ ਇਨਸਾਨ ਨੂੰ ਬੁਰਾ ਨਹੀਂ ਕਹਿੰਦੇ ਬਲਕਿ ਬੁਰਾਈ ਨੂੰ ਬੁਰਾ ਕਹਿੰਦੇ ਹਨ ਅਤੇ ਜੋ ਅੱਛਾਈ ਹੈ ਉਸ ਨੂੰ ਚੰਗਾ ਕਹਿੰਦੇ ਹਨ ਅੱਜ ਦੀ ਸਤਿਸੰਗ ਦਾ ਜੋ ਭਜਨ ਹੈ, ਜਿਸ ’ਤੇ ਅੱਜ ਦਾ ਸਤਿਸੰਗ ਹੋਣਾ ਹੈ ਤੁਹਾਡੀ ਸੇਵਾ ’ਚ ਅਰਜ਼ ਕਰਨਾ ਹੈ ਉਹ ਭਜਨ, ਸ਼ਬਦ ਹੈ:-

ਆਪਣੇ ਔਗੁਣ ਛੱਡ ਕਿਸੇ ਦੇ ਫੋਲੀਂ ਨਾ
ਦੇਖ ਪਰਾਇਆ ਮਾਲ ਕਦੇ ਵੀ ਡੋਲੀਂ ਨਾ

ਹੇ ਇਨਸਾਨ! ਤੂੰ ਦੂਸਰਿਆਂ ਦੀ ਬੁਰਾਈ ਗਾਉਂਦਾ ਰਹਿੰਦਾ ਹੈ, ਦੂਸਰਿਆਂ ਦੀਆਂ ਬੁਰਾਈਆਂ ਦੀ ਚਰਚਾ ਕਰਦਾ ਰਹਿੰਦਾ ਹੈ ਪਰ ਆਪਣੇ ਗਿਰ੍ਹੇਬਾਨ ’ਚ, ਆਪਣੇ ਅੰਦਰ ਨਿਗਾਹ ਨਹੀਂ ਮਾਰਦਾ ਦੂਸਰਿਆਂ ਦੀ ਬੁਰਾਈ ਗਾਉਣ ਨਾਲ, ਦੂਸਰਿਆਂ ਨੂੰ ਗਲਤ ਕਹਿਣ ਨਾਲ ਇਨਸਾਨ ਖੁਦ ਵੀ ਬੁਰਾਈਆਂ ਨਾਲ ਜੁੜ ਸਕਦਾ ਹੈ ਅਤੇ ਕੋਈ ਫਾਇਦਾ, ਲਾਭ ਨਹੀਂ ਹੁੰਦਾ ਜੋ ਵੀ ਕੋਈ ਇਨਸਾਨ ਕਿਸੇ ਦੂਜੇ ਦੀ ਬੁਰਾਈ ਗਾਉਂਦਾ ਹੈ ਜਾਂ ਕਿਸੇ ਬਾਰੇ ਸੋਚਦਾ ਹੈ ਤਾਂ ਉਸ ਦੇ ਅੰਦਰ, ਜ਼ਹਿਨ ’ਚ ਇਹ ਖਿਆਲ ਹੁੰਦੇ ਹਨ ਕਿ ਜਿਸ ਦਾ ਮੈਂ ਬੁਰਾ ਚਾਹ ਰਿਹਾ ਹਾਂ ਮਾਲਕ ਉਸ ਦਾ ਬੁਰਾ ਜ਼ਰੂਰ ਕਰੇ ਲੇਕਿਨ ਇਨਸਾਨ ਦੇ ਚਾਹੁਣ ਨਾਲ ਕਿਸੇ ਦਾ ਬੁਰਾ ਨਹੀਂ ਹੋ ਸਕਦਾ ਬਲਕਿ ਉਸ ਨੂੰ ਖੁਦ ਨੂੰ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਰਥਾਤ ਕਿਸੇ ਬਾਰੇ ਬੁਰਾ ਸੋਚਣ ਨਾਲ ਇੱਕ ਤਾਂ ਉਹ ਖੁਦ ਅਸ਼ਾਂਤ ਰਹਿੰਦਾ ਹੈ ਅਤੇ ਦੂਜਾ ਉਸ ਸਬੰਧਿਤ ਵਿਅਕਤੀ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਅਰਾਮ ਨਾਲ ਘੁੰਮਦਾ ਦੇਖ ਕੇ ਉਸ ਨੂੰ ਇਹ ਟੈਨਸ਼ਨ ਹੋ ਜਾਂਦੀ ਹੈ

ਕਿ ਇਸ ਦਾ ਤਾਂ ਮੈਂ ਏਨਾ ਬੁਰਾ ਮੰਗ ਰਿਹਾ ਸੀ ਇਸ ਦਾ ਤਾਂ ਬੁਰਾ ਹੋਇਆ ਨਹੀਂ ਅਤੇ ਉਸੇ ਟੈਨਸ਼ਨ ਨਾਲ ਇਨਸਾਨ ਨੂੰ ਤਰ੍ਹਾਂ-ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਹਾਈ ਬਲੱਡ ਪ੍ਰੈਸ਼ਰ, ਚਿੜਚਿੜਾਪਣ ਅਤੇ ਬਿਨਾਂ ਵਜ੍ਹਾ ਦੀ ਚਿੰਤਾ ਉਸ ਨੂੰ ਸਤਾਉਂਦੀ ਰਹਿੰਦੀ ਹੈ ਇਸ ਤਰ੍ਹਾਂ ਉਹ ਇਨਸਾਨ ਗ਼ਮ, ਚਿੰਤਾ-ਫ਼ਿਕਰ ’ਚ ਪੈ ਕੇ ਆਪਣਾ ਬੇਸ਼-ਕੀਮਤੀ ਸਮਾਂ (ਮਨੁੱਖ ਜਨਮ ਦੇ ਕੀਮਤੀ ਸਮੇਂ, ਕੀਮਤੀ ਸੁਆਸਾਂ) ਨੂੰ ਬਰਬਾਦ ਕਰ ਲੈਂਦਾ ਹੈ ਅਗਰ ਕਿਸੇ ਦਾ ਬੁਰਾ ਸੋਚਿਆ ਹੈ ਤਾਂ ਬੁਰਾ ਤਾਂ ਮਿਲੇਗਾ ਹੀ ਪਰ ਫਿਰ ਵੀ ਇਨਸਾਨ ਨੂੰ ਸਮਝ ਨਹੀਂ ਆਉਂਦੀ ਇਨਸਾਨ ਦੂਜਿਆਂ ਦੀ ਬੁਰਾਈ ਗਾਉਣ ’ਚ, ਬੁਰਾ ਸੋਚਣ ’ਚ ਤਾਂ ਸਾਰਾ-ਸਾਰਾ ਦਿਨ ਲੱਗਿਆ ਰਹਿੰਦਾ ਹੈ, ਪਰ ਅੱਲ੍ਹਾ, ਰਾਮ, ਵਾਹਿਗੁਰੂ, ਖੁਦਾ ਦੀ ਯਾਦ ’ਚ ਥੋੜ੍ਹਾ ਜਿਹਾ ਸਮਾਂ ਵੀ ਦੇਣਾ ਪਸੰਦ ਨਹੀਂ ਕਰਦਾ ਉੱਧਰ ਤਾਂ ਇਹ ਸਮਝਦਾ ਹੈ ਕਿ ਉਸ ਦਾ ਟਾਈਮ ਬਰਬਾਦ ਹੋ ਰਿਹਾ ਹੈ

ਪਰ ਜਦੋਂ ਗੱਪ-ਸ਼ੱਪ ਕਰਦਾ ਹੈ, ਦੂਜਿਆਂ ਦੀ ਬੁਰਾਈ ਕਰਦਾ ਹੈ ਤਾਂ ਕੀ ਉਦੋਂ ਸਮਾਂ ਬਰਬਾਦ ਨਹੀਂ ਹੋ ਰਿਹਾ ਹੁੰਦਾ ਮਾਲਕ, ਵਾਹਿਗੁਰੂ, ਰਾਮ ਨੂੰ ਯਾਦ ਕਰਨਾ ਹੋਵੇ ਤਾਂ ਟੈਨਸ਼ਨ ਖੜ੍ਹੀ ਹੋ ਜਾਂਦੀ ਹੈ, ਉਦੋਂ ਬਹੁਤ ਸਾਰੇ ਕੰਮ-ਧੰਦੇ ਯਾਦ ਆ ਜਾਂਦੇ ਹਨ, ਨੀਂਦ ਆਉਣ ਲੱਗਦੀ ਹੈ, ਖਾਜ-ਖੁੱਜਲੀ ਹੋਣ ਲੱਗਦੀ ਹੈ ਪਰ ਗੱਪ ਮਾਰਦੇ ਸਮੇਂ ਖਾਜ-ਖੁੱਜਲੀ ਦੀ ਗੱਲ ਤਾਂ ਦੂਰ ਸਰੀਰ ਦਾ ਹੋਸ਼ੋ-ਹੱਵਾਸ, ਕੋਈ ਸੁਧ ਨਹੀਂ ਰਹਿੰਦੀ ਅਜਿਹਾ ਕਿਉਂ? ਕਿਉਂਕਿ ਰਾਮ-ਨਾਮ ਮਾਲਕ ਦੀ ਯਾਦ ਕਾਲ ਦੇ ਬਿਲਕੁਲ ਉਲਟ ਹੈ ਕਿਉਂਕਿ ਜੋ ਰਾਮ-ਨਾਮ ਜਪੇਗਾ ਉਹ ਕਾਲ ਦੇ ਦਾਇਰੇ ਤੋਂ ਬਾਹਰ ਚਲਿਆ ਜਾਏਗਾ ਅਤੇ ਇੱਥੇ ਰਹਿੰਦੇ ਹੋਏ ਅੱਲ੍ਹਾ, ਰਾਮ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕੇਗਾ ਅਤੇ ਅਜਿਹਾ ਹੋਣ ਨਾਲ ਆਤਮਾ ਕਾਲ ਦੀ ਜਕੜ ਤੋਂ ਬਾਹਰ ਨਿਕਲ ਜਾਂਦੀ ਹੈ ਅਜ਼ਾਦ ਹੋ ਜਾਂਦੀ ਹੈ ਅਤੇ ਉਸ ਨੂੰ ਕੋਈ ਗ਼ਮ, ਚਿੰਤਾ, ਕੋਈ ਟੈਨਸ਼ਨ ਨਹੀਂ ਸਤਾਉਂਦੀ ਪਰ ਮਨ, ਨਫ਼ਜ਼-ਸ਼ੈਤਾਨ ਇਹ ਵੀ ਨਹੀਂ ਚਾਹੁੰਦਾ

ਕਿ ਕੋਈ ਆਤਮਾ ਉਸ ਦੇ ਚੁੰਗਲ ’ਚੋਂ, ਉਸ ਦੇ ਦਾਇਰੇ ਤੋਂ ਆਜ਼ਾਦ ਹੋਵੇ ਅਤੇ ਇਸ ਲਈ ਉਹ ਸ਼ੈਤਾਨ ਇਨਸਾਨ ਨੂੰ ਕਿਸੇ ਨਾਲ ਕਿਸੇ ਬਹਾਨੇ, ਇੰਦਰੀਆਂ ਰਾਹੀਂ, ਖਿਆਲਾਂ ਰਾਹੀ ਭਟਕਾਉਂਦਾ ਹੈ ਅਸਲ ’ਚ ਇਹ ਯੁੱਗ ਕਾਲ ਦਾ ਨੈਗੇਟਿਵ ਪਾਵਰ, ਸ਼ੈਤਾਨ ਦਾ ਯੁੱਗ ਕਲਿਯੁਗ ਹੈ ਮੰਨ ਲਓ ਕਿਸੇ ਦਾ ਦੇਸ਼ ਹੋਵੇ ਅਤੇ ਉਸੇ ਦੇ ਦੇਸ਼ ’ਚ ਉਸ ਦੇ ਖਿਲਾਫ਼ ਬੋਲਿਆ ਜਾਵੇ, ਇਹ ਬਹੁਤ ਹੀ ਮੁਸ਼ਕਲ ਹੈ ਤਾਂ ਕਾਲ ਇਹ ਕਦੇ ਨਹੀਂ ਸਹਿਣ ਕਰਦਾ ਅਤੇ ਉਹ ਮਨ-ਮਾਇਆ ਤੇ ਇੰਦਰੀਆਂ ਨਾਲ ਆਤਮਾ ਨੂੰ ਭਰਮਾਉਂਦਾ ਹੈ ਇਸ ਲਈ ਜਦੋਂ ਤੁਸੀਂ ਸਤਿਸੰਗ ’ਚ, ਨਾਮ ’ਚ ਬੈਠਦੇ ਹੋ ਤਾਂ ਤੁਹਾਡਾ ਧਿਆਨ ਕਦੇ ਕਿੱਧਰ ਅਤੇ ਕਦੇ ਕਿੱਧਰ ਜਾਂਦਾ ਹੈ ਅਤੇ ਕਈ ਵਾਰ ਤਾਂ ਅਜਿਹਾ ਕੁਝ ਹੋਇਆ ਵੀ ਨਹੀਂ ਹੁੰਦਾ ਉਹ ਲਿਆ ਕੇ ਸਾਹਮਣੇ ਖੜ੍ਹਾ ਕਰ ਦਿੰਦਾ ਹੈ ਇਨਸਾਨ ਸੋਚਦਾ ਹੈ ਕਿ ਪਹਿਲਾਂ ਤਾਂ ਇਹ ਗੱਲ ਕਦੇ ਨਹੀਂ ਆਈ,

ਅੱਜ ਹੀ ਕਿਉਂ? ਉਸ ਕਿਉਂ ਦਾ ਜਵਾਬ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਮਨ-ਕਾਲ ਦੀ ਵਜ੍ਹਾ ਨਾਲ ਹੀ ਹੈ ਉਹ ਤੁਹਾਡੇ ਦਿਮਾਗ ਨੂੰ ਪੂਰੀ ਤਰ੍ਹਾਂ ਕਾਬੂ ਕੀਤੇ ਹੋਏ ਹੈ ਅਤੇ ਜਦੋਂ ਝੂਠ ਦੀ ਗੱਲ ਹੁੰਦੀ ਹੈ, ਗੱਪ ਮਾਰਨਾ, ਕਿਸੇ ਦੀ ਨਿੰਦਾ ਕਰਨਾ, ਕਿਸੇ ਨੂੰ ਬੁਰਾ-ਭਲਾ ਕਹਿਣਾ (ਭਲਾ ਘੱਟ ਪਰ ਬੁਰਾ ਜ਼ਿਆਦਾ) ਤਾਂ ਉਸ ਟਾਈਮ ਮਨ, ਕਾਲ ਦਾ ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਦਿੱਕਤ ਨਹੀਂ ਹੁੰਦੀ

ਤਾਂ ਭਾਈ! ਇਹ ਹੀ ਭਜਨ ’ਚ, ਸ਼ਬਦ ’ਚ ਆਇਆ ਹੈ:-

ਆਪਣੇ ਔਗੁਣ ਛੱਡ ਕਿਸੇ ਦੇ ਫੋਲੀ ਨਾ
ਦੇਖ ਪਰਾਇਆ ਮਾਲ ਕਦੇ ਵੀ ਡੋਲੀ ਨਾ

ਦੂਜਿਆਂ ਦਾ ਧਨ ਆਦਿ ਦੇਖ ਕੇ ਡੋਲਣਾ ਨਾ, ਬਹਿਕਣਾ ਨਾ ਅਤੇ ਅਪਣਾ ਜੋ ਹੈ ਉਸ ’ਤੇ ਤੁਸੀਂ ਕਦੇ ਆਨੰਦ ਲੈ ਕੇ ਤਾਂ ਦੇਖੋ
ਟੇਕ:- ਆਪਣੇ ਔਗੁਣ ਛੱਡ ਕਿਸੇ ਦੇ ਫੋਲੀਂ ਨਾ

ਦੇਖ ਪਰਾਇਆ ਮਾਲ ਕਦੇ ਵੀ ਡੋਲੀਂ ਨਾ

1. ਕਾਲੇ ਮੈਂਡੇ ਕੱਪੜੇ, ਤੇ ਕਾਲਾ ਮੈਂਡਾ ਵੇਸ਼,
ਗੁਨਾਹੀ ਭਰਿਆ ਮੈਂ ਫਿਰਾਂ,
ਤੇ ਲੋਕ ਕਹਿਣ ਦਰਵੇਸ਼,
ਹੋਰ ਕੁਝ ਬੋਲੀਂ ਨਾ ਦੇਖ ਪਰਾਇਆ…

2. ਇਕ ਆਪ ਨੂੰ ਛੱਡ ਕੇ ਜੀ,
ਹੋਰ ਸਭਨੂੰ ਸਮਝੀਂ ਚੰਗੇ
ਇੱਕ ਨੂਰ ਤੋਂ ਸਾਜੇ ਜੀ,
ਫਿਰ ਕੌਣ ਭਲੇ ਕੌਣ ਮੰਦੇ,
ਪਾਪ ਫਰੋਲੀਂ ਨਾ ਦੇਖ ਪਰਾਇਆ…

3. ਇਹ ਹੀਰਾ ਜਨਮ ਅਮੋਲਾ,
ਨਾ ਇਸਨੂੰ ਦਾਗ ਲਗਾਵੀਂ
ਤੂੰ ਪੀ ਕੇ ਪ੍ਰੇਮ ਦਾ ਪਿਆਲਾ,
ਤੇ ਅੰਦਰੋਂ ਦਰਸ਼ਨ ਪਾਵੀਂ,
ਜੰਗਲੀਂ ਟੋਲੀਂ ਨਾ ਦੇਖ ਪਰਾਇਆ…

4. ਤੂੰ ਵਾਂਗ ਹੰਸ ਦੇ ਭਾਈ,
ਸਾਗਰ ’ਚੋਂ ਮੋਤੀ ਰੋਲੀਂ
ਨਾ ਕਾਲੇ ਕਾਗਾਂ ਵਾਂਗੂ,
ਗੰਦਗੀ ਦੇ ਢੇਰ ਫਰੋਲੀਂ,
ਵਿਸ਼ਟਾ ਫੋਲੀਂ ਨਾ ਦੇਖ ਪਰਾਇਆ…

ਭਜਨ ਦੇ ਸ਼ੁਰੂ ’ਚ ਆਇਆ ਹੈ:-

ਕਾਲੇ ਮੈਂਡੇ ਕੱਪੜੇ, ਤੇ ਕਾਲਾ ਮੈਂਡਾ ਵੇਸ਼
ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼, ਹੋਰ ਕੁਛ ਬੋਲੀ ਨਾ

ਇਹ ਸ਼ੇਖ ਫਰੀਦ ਜੀ ਦੇ ਵਾਕ ਹਨ:-

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ
ਗੁਨਾਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ

ਮੈਂ ਬਾਹਰੋਂ ਵੀ ਚੰਗਾ ਨਹੀਂ ਹਾਂ ਅਤੇ ਮੇਰਾ ਜੋ ਭੇਸ਼ ਹੈ, ਜੋ ਮੈਂ ਬੋਲਦਾ ਹਾਂ ਉਹ ਵੀ ਸਹੀ ਨਹੀਂ ਹੈ, ਗੁਨਾਹਾਂ ਨਾਲ ਭਰਿਆ ਹੋਇਆ ਹੈ ਪਰ ਫਿਰ ਵੀ ਲੋਕ ਮੈਨੂੰ ਦਰਵੇਸ਼ ਕਹਿੰਦੇ ਹਨ ਇਹ ਇਸ਼ਾਰਾ ਕੀਤਾ ਹੈ ਜੋ ਕਿ ਇੱਕ ਉੱਚ ਕੋਟੀ ਦਾ ਸੰਤ ਹੀ ਕਰ ਸਕਦਾ ਹੈ ਹੇ ਇਨਸਾਨ! ਤੂੰ ਬਾਹਰੋਂ ਕੁਝ ਨਜ਼ਰ ਆਉਂਦਾ ਹੈ ਦੇਖਣ ’ਚ ਵੀ ਤੂੰ ਕਾਲਾ ਹੈਂ, ਤੇਰੇ ਕੰਮ ਵੀ ਕਾਲੇ ਹਨ, ਤੇਰੇ ਅੰਦਰ ਵੀ ਗੁਨਾਹ ਭਰੇ ਹਨ ਅਤੇ ਲੋਕ ਤੈਨੂੰ ਕੀ ਕਹਿੰਦੇ ਹਨ ਦਰਵੇਸ਼ ਕੱਪੜੇ, ਪਹਿਨਾਵਾ ਤੂੰ ਅਜਿਹਾ ਕੀਤਾ ਕਿ ਦੇਖਣ ਵਾਲੇ ਨੂੰ ਇੰਜ ਲੱਗੇ ਕਿ ਤੂੰ ਹੀ ਭਗਤ ਹੈਂ ਅਤੇ ਅਜਿਹੇ ਲੋਕ ਅੱਗੇ ਵਧਦੇ ਹਨ ਲੇਕਿਨ ਦੂਜੇ ਸ਼ਬਦਾਂ ’ਚ ਦੋ ਅਰਥ ਹਨ

ਇਸ ਦੇ, ਇੱਕ ਤਾਂ ਇਹੀ ਅਤੇ ਦੂਜਾ ਅਜਿਹਾ ਜੇਕਰ ਕੋਈ ਕਹੇ ਤਾਂ ਮੰਨੇ ਅਜਿਹਾ ਅਤੇ ਸੋਚੋ ਕਿ ਮੈਂ ਵਾਕਈ ਅਜਿਹਾ ਹਾਂ ਤਾਂ ਉਹ ਆਪਣੀਆਂ ਬੁਰਾਈਆਂ ਨੂੰ ਸਾਫ਼ ਕਰੇਗਾ ਅਤੇ ਅਜਿਹਾ ਉਹ ਕਰਦਾ ਜਾਏਗਾ ਤਾਂ ਇੱਕ ਦਿਨ ਅੱਲ੍ਹਾ, ਰਾਮ ਨੂੰ ਜ਼ਰੂਰ ਪਾ ਜਾਏਗਾ ਇਸ ਤਰ੍ਹਾਂ ਦੋਵੇਂ ਤਰ੍ਹਾਂ ਨਾਲ ਆਪਣੇ ਅੰਦਰ ਦੀ ਬੁਰਾਈ ਨੂੰ ਕੱਢ ਸਕਦੇ ਹਨ ਉਹ ਅਤੇ ਹੋਰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਯਾਨੀ ਕਿਸੇ ਨੂੰ ਬੁਰਾ ਨਾ ਕਹੋ, ਕਿਸੇ ਨੂੰ ਗਲਤ ਨਾ ਕਹੋ, ਆਪਣੇ ਬਾਰੇ ’ਚ ਸੋਚ ਕੇ ਬੁਰੀਆਂ-ਗੰਦੀਆਂ ਆਦਤਾਂ ਛੱਡ ਦੇ ਜਾਓ

ਤੁਸੀਂ ਸਤਿਸੰਗ ’ਚ ਆਉਂਦੇ ਹੋ ਤਾਂ ਇਹ ਇੱਕ ਦ੍ਰਿੜ੍ਹ ਸੰਕਲਪ ਵੀ ਕਰ ਲਿਆ ਕਰੋ ਅੰਦਰ ਹੀ ਅੰਦਰ ਕਿ ਅੱਜ ਤੋਂ ਬਾਅਦ ਮੈਂ ਇਹ ਬੁਰਾਈ ਛੱਡਾਂਗਾ, ਪੱਕਾ ਆਪਣੀਆਂ ਗੰਦੀਆਂ ਆਦਤਾਂ ਨੂੰ ਬਦਲਾਂਗਾ ਨਾਲ ਹੀ ਸਿਮਰਨ ਕਰੋ ਤਾਂ ਸਤਿਸੰਗ ਦਾ ਫਲ ਮਿਲੇਗਾ ਹੀ ਮਿਲੇਗਾ ਅਤੇ ਤੁਹਾਨੂੰ ਮਨ ਨਾਲ, ਅੰਦਰ ਦੀਆਂ ਬੁਰਾਈਆਂ ਨਾਲ ਲੜਨ ਦਾ ਜ਼ਰੀਆ ਵੀ ਮਿਲ ਜਾਏਗਾ ਅਜਿਹਾ ਕਰਦੇ-ਕਰਦੇ ਇੱਕ ਦਿਨ ਅਜਿਹਾ ਹੋਵੇਗਾ ਕਿ ਅੰਦਰ-ਬਾਹਰ ਤੁਸੀਂ ਮਾਲਕ ਦੇ ਦਰਸ਼-ਦੀਦਾਰ ਕਰ ਸਕੋਗੇ

ਇੱਕ ਆਪ ਨੂੰ ਛੱਡ ਕੇ ਜੀ,
ਹੋਰ ਸਭਨੂੰ ਸਮਝੀ ਚੰਗੇ
ਇੱਕ ਨੂਰ ਤੋਂ ਸਾਜੇ ਜੀ,
ਫਿਰ ਕੌਣ ਭਲੇ ਕੌਣ ਮੰਦੇ, ਪਾਪ ਫਰੋਲੀ ਨਾ
ਇਸ ਬਾਰੇ ’ਚ ਦੱਸਿਆ ਹੈ:-

ਇਕ ਦੀ ਨੂਰ ਹੈ ਸਭ ਦੇ ਅੰਦਰ,
ਨਰ ਹੈ ਚਾਹੇ ਨਾਰੀ ਹੈ
ਬ੍ਰਾਹਮਣ, ਖੱਤਰੀ, ਵੈਸ਼, ਹਰੀਜਨ,
ਇਕ ਹੀ ਖਲਕਤ ਸਾਰੀ ਹੈ
‘ਸਰੀਰ ਸਭ ਦਾ ਇਕ ਜੈਸਾ ਹੈ,
ਇਕ ਹੀ ਪ੍ਰਭੂ ਸੰਵਾਰੀ ਹੈ
ਜਾਤ-ਪਾਤ ਦੇ ਝਗੜੇ ਕਿਸ ਲੀਏ,
ਕਿਸ ਚੀਜ਼ ਦੀ ਲੋਕਾਚਾਰੀ ਹੈ
ਹਿੰਦੂ, ਮੁਸਲਿਮ, ਸਿੱਖ, ਈਸਾਈ
ਇਕ ਹੀ ਪ੍ਰਭੂ ਦੇ ਬੰਦੇ ਹਨ
ਬੰਦੇ ਸਮਝਕੇ ਪਿਆਰ ਹੈ ਕਰਨਾ,
ਚੰਗੇ ਚਾਹੇ ਮੰਦੇ ਹਨ’

ਜੇ ਸਭ ਦੇ ਅੰਦਰ ਇੱਕ ਹੀ ਪ੍ਰਭੂ ਹੈ ਕੌਣ ਬੁਰਾ ਔਰ ਕੌਣ ਹੈ ਚੰਗਾ
ਜੈਸੇ ਗੰਦਗੀ ਮਿਲ ਗੰਗਾ ਮੇਂ ਹੋ ਜਾਤੀ ਹੈ ਆਪ ਵੀ ਗੰਗਾ

ਭਾਈ! ਜਾਤ-ਪਾਤ ਮਜਹਬ ਦਾ ਜੋ ਝਗੜਾ ਹੈ ਇਹ ਇਨਸਾਨ ਦਾ ਬਣਾਇਆ ਹੈ, ਪੀਰ-ਪੈਗੰਬਰ, ਗੁਰੂ, ਮਹਾਂਪੁਰਸ਼ਾਂ ਦਾ ਨਹੀਂ ਯਾਨੀ ਜਾਤ-ਪਾਤ ਇਨਸਾਨ ਦੀ ਹੀ ਦੇਣ ਹੈ ਤੁਹਾਨੂੰ ਆਪਣੀ ਦੇਖੀ, ਮਹਿਸੂਸ ਕੀਤੀ ਗੱਲ ਸੁਣਾਉਂਦੇ ਹਾਂ- ਇਹ ਲਗਭਗ 1978 ਜਾਂ 1980 ਦੇ ਕਰੀਬ ਦੀ ਗੱਲ ਹੋਵੇਗੀ ਖੇਤਾਂ ’ਚ ਸਭ ਕੰਮ ਕਰਦੇ, ਅਸੀਂ ਵੀ ਉੱਥੇ ਖੇਤ ’ਚ ਚਲੇ ਜਾਇਆ ਕਰਦੇ ਅਤੇ ਦੇਖਦੇ ਉੱਥੇ ਇੱਕ ਡਿੱਗੀ ਬਣੀ ਹੋਈ ਸੀ, ਉਸ ’ਚ ਠੰਡਾ ਪਾਣੀ ਸੀ ਜ਼ਿੰਮੀਦਾਰਾਂ ਦੇ ਕੋਲ ਜੋ ਨੌਕਰੀ ਕਰਦੇ, ਕਿਸੇ ਜ਼ਿੰਮੀਦਾਰ ਦੇ ਚਾਰ-ਚਾਰ ਨੌਕਰ ਹੁੰਦੇ, ਕਿਸੇ ਦੇ ਪੰਜ-ਪੰਜ, ਕਿਸੇ ਦੇ ਸੱਤ ਵੀ ਸਨ ਖਾਣਾ ਘਰ ਤੋਂ ਬਣ ਕੇ ਆਉਂਦਾ ਤਾਂ ਉਹ ਜ਼ਿੰਮੀਦਾਰ ਆਪਣੇ ਨੌਕਰਾਂ ਨੂੰ ਆਪਣੇ ਹੱਥ ਨਾਲ ਦਿੰਦੇ ਪਰ ਜਦੋਂ ਪਾਣੀ ਦਾ ਮਟਕਾ ਭਰ ਕੇ ਲਿਆਉਣਾ ਹੁੰਦਾ ਹੈ

ਤਾਂ ਨੌਕਰ ਨੂੰ ਭੇਜਦੇ ਨੌਕਰ ਪਾਣੀ ਦਾ ਮਟਕਾ ਲਿਆਉਂਦਾ ਤਾਂ ਆਪਣੇ ਕੋਲ ਰਖਵਾ ਲੈਂਦੇ ਅਤੇ ਕਹਿੰਦੇ ਕਿ ਤੁਸੀਂ ਇਸ ਨੂੰ ਹੱਥ ਨਾ ਲਾਉਣਾ, ਪਾਣੀ ਅਸੀਂ ਖੁਦ ਪਾ ਕੇ ਦੇਵਾਂਗੇ ਕਿਉਂ ਭਾਈ! ਅਜਿਹਾ ਕਿਉਂ ਕਰਦੇ ਹੋ? ਇਹ ਬੜੀ ਅਜੀਬੋ-ਗਰੀਬ ਦਸ਼ਾ ਹੈ ਸਾਡੇ ਸਮਾਜ ’ਚ! ਬੜਾ ਹੀ ਦੁੱਖ ਹੁੰਦਾ ਹੈ ਸੋਚਣ ਵਾਲੀ ਗੱਲ ਹੈ, ਲੋਕ ਉਨ੍ਹਾਂ ਨੂੰ ਛੋਟੀ ਜਾਤ ਦਾ ਕਹਿੰਦੇ ਹਨ, ਫਕੀਰ ਨਹੀਂ ਕਹਿੰਦੇ, ਉਹ ਤਾਂ ਸਭ ਨੂੰ ਇੱਕ ਸਮਝਦੇ ਹਨ ਸਭ ਨੂੰ ਬਰਾਬਰ ਇਨਸਾਨ ਸਮਝਦੇ ਹਨ

ਲੋਕ ਜਿਨ੍ਹਾਂ ਨੂੰ ਛੋਟੀ ਜਾਤ ਦਾ ਕਹਿੰਦੇ ਹਨ, ਜੇਕਰ ਤੁਸੀਂ ਸਿਰਫ਼ ਉਨ੍ਹਾਂ ਦੇ ਹੱਥ ਲੱਗਿਆ ਖਾਣਾ ਨਹੀਂ ਖਾਂਦੇ ਤਾਂ ਕੀ ਹੋਇਆ, ਨਹਿਰ ਤੋਂ ਪਾਣੀ ਲਾਉਣਾ, ਟਿਊਬਵੈੱਲ ਦਾ ਬੋਰਿੰਗ ਵਗੈਰਾ ਸਾਰਾ ਕੰਮ ਵੀ ਉਹੀ ਕਰਦੇ ਹਨ, ਆਟਾ ਚੱਕੀਆਂ ’ਚ ਜੋ ਪੱਥਰ ਹੁੰਦੇ ਹਨ ਉਨ੍ਹਾਂ ਨੂੰ ਵੀ ਉਹੀ ਤਰਾਸ਼ਦੇ ਹਨ, ਫਸਲ ਨੂੰ ਕੱਟਣਾ, ਦਾਣੇ ਕੱਢਣਾ, ਤੋਲ ਵੀ ਉਹੀ ਲਾਉਂਦੇ ਹਨ ਅਤੇ ਇੱਥੋਂ ਤੱਕ ਕਿ ਆਟਾ ਵੀ ਉਹੀ ਲੋਕ ਪਿਸਵਾ ਕੇ ਲਿਆਉਂਦੇ ਹਨ ਜਿਨ੍ਹਾਂ ਨੂੰ ਇਨਸਾਨ ਛੋਟੀ ਜਾਤ ਦਾ ਕਹਿੰਦੇ ਹਨ ਅਤੇ ਜਦੋਂ ਰੋਟੀ ਬਣ ਗਈ ਤਾਂ ਕਹਿੰਦੇ ਹਨ ਕਿ ਹੱਥ ਨਾ ਲਾਉਣਾ ਅਜਿਹਾ ਕਹਿਣ ਵਾਲਾ ਕਿੰਨਾ ਦੋਗਲਾ ਅਤੇ ਬੇ-ਸ਼ਰਮ ਇਨਸਾਨ ਹੈ ਜਦੋਂ ਸਭ ਕੁਝ ਉਹ ਹੀ ਕਰ ਰਿਹਾ ਹੈ ਤਾਂ ਬਾਅਦ ’ਚ ਕੀ ਚੱਕਰ ਪੈ ਗਿਆ, ਕਿ ਜਾਤ-ਪਾਤ ਮੰਨਣਾ ਸ਼ੁਰੂ ਕਰ ਦਿੱਤਾ! ਕਈ ਸੱਜਣ ਕਹਿੰਦੇ ਹਨ ਕਿ ਨਾ ਜੀ! ਅਸੀਂ ਤਾਂ ਧਰਮ ਦੇ ਪੱਕੇ ਹਾਂ! ਪਰ ਜਦੋਂ ਜਾਨ ਆਫ਼ਤ ’ਚ ਫਸੀ ਹੋਵੇ ਤਾਂ ਕਹਿੰਦੇ ਹਨ ਕਿ ਪਹਿਲਾਂ ਜਾਨ ਬਚ ਜਾਵੇ ਧਰਮ ਬਾਅਦ ’ਚ ਦੇਖਾਂਗੇ

ਇਸੇ ਤਰ੍ਹਾਂ ਇੱਕ ਵਾਰ ਅਸੀਂ ਆਪਣੇ ਇੱਕ ਦੋਸਤ, ਸੱਜਣ ਦੇ ਨਾਲ ਰੇਲਗੱਡੀ ’ਚ ਬੀਕਾਨੇਰ ਸਾਈਡ ’ਚ ਜਾ ਰਹੇ ਸੀ ਇਹ ਕਈ ਸਾਲ ਪਹਿਲਾਂ ਦੀ ਗੱਲ ਹੈ (ਸਾਡੇ ਇੱਥੇ ਆਉਣ ਤੋਂ ਪਹਿਲਾਂ ਦੀ) ਸ਼ਾਇਦ ਅਪਰੈਲ-ਮਈ ਦਾ ਮਹੀਨਾ ਸੀ ਸਫ਼ਰ ’ਚ ਅਸੀਂ ਛੋਲੇ ਲੈ ਲਏ ਅਤੇ ਚੁਬਾਉਂਦੇ, ਆਪਸ ’ਚ ਗੱਲਾਂ ਕਰਦੇ ਜਾ ਰਹੇ ਸੀ ਸਾਨੂੰ ਪਿਆਸ ਲੱਗੀ, ਉੱਥੇ ਪਾਣੀ ਦੀ ਇੱਕ ਝਾਰੀ ਉੱਥੇ ਬੈਠੇ ਸੱਜਣ ਦੇ ਕੋਲ ਸੀ ਦੁਨੀਆਂ ਦੀ ਨਿਗਾਹ ’ਚ ਤਾਂ ਸ਼ਾਇਦ ਉਹ ਛੋਟੇ ਧਰਮ ਦੇ ਸਨ ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਭਾਈ ਸਾਹਿਬ! ਜੇਕਰ ਇਸ ’ਚ ਪਾਣੀ ਹੈ ਅਤੇ ਤੁਸੀਂ ਦੇ ਸਕੋ ਤਾਂ ਅਸੀਂ ਪੀ ਲਈਏ? ਤਾਂ ਉਹ ਭਾਈ ਕਹਿਣ ਲੱਗਿਆ ਕਿ ਜੀ! ਖੁਸ਼ੀ ਨਾਲ ਲੈ ਲਓ ਅਸੀਂ ਉਹ ਲੋਟ ਫੜੀ ਅਤੇ ਇੰਜ (ਓਕ ’ਚ) ਪਾਣੀ ਪੀਣ ਲੱਗੇ ਤਾਂ ਸਾਡੇ ਸਾਥੀ ਨੇ ਸਾਨੂੰ ਕੂਹਣੀ ਮਾਰੀ, ਕਹਿੰਦਾ, ਨਾ ਪੀਓ! ਅਸੀਂ ਕਿਹਾ ਕੀ ਹਰਜ਼ ਹੈ?

ਕਹਿੰਦਾ ਨਹੀਂ, ਤੁਸੀਂ ਵੱਡੇ ਧਰਮ ਵਾਲੇ ਹੋ, ਪੀਓਗੇ ਤਾਂ ਤੁਹਾਡਾ ਧਰਮ ਖਰਾਬ ਹੋ ਜਾਏਗਾ ਅਸੀਂ ਕਿਹਾ ਕਿ ਸਾਡੇ ਵਾਲਾ ਧਰਮ ਏਨਾ ਕੱਚਾ ਨਹੀਂ ਹੈ ਜੋ ਖਰਾਬ ਹੋ ਜਾਏਗਾ ਅਸੀਂ ਬਚਪਨ ’ਚ ਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ’ਚ ਆ ਗਏ ਸੀ ਅਸੀਂ ਕਿਹਾ ਕਿ ਸਾਡੇ ਵਾਲੇ ਧਰਮ ਨੂੰ ਕੁਝ ਨਹੀਂ ਹੁੰਦਾ ਤੂੰ ਆਪਣੇ ਨੂੰ ਸੰਭਾਲ ਕੇ ਰੱਖਣਾ ਅਸੀਂ ਪਾਣੀ ਨੂੰ ਪੀ ਗਏ ਬਹੁਤ ਚੰਗਾ, ਠੰਡਾ ਤੇ ਸਵਾਦਿਸ਼ਟ ਪਾਣੀ ਪੀ ਕੇ ਸੰਤੁਸ਼ਟੀ ਹੋ ਗਈ ਅਸੀਂ ਕਿਹਾ ਤੁਸੀਂ ਨਾ ਪੀਣਾ ਛੋਲੇ ਖਾ ਰਹੇ ਸੀ ਕੁਝ ਤਾਂ ਉਸ ਦਾ ਜੀਅ ਲਲਚਾ ਗਿਆ ਠੰਡਾ ਪਾਣੀ ਦੇਖ ਕੇ ਅਤੇ ਕੁਝ ਗੱਲਾਂ ਕਰਦੇ-ਕਰਦੇ ਛੋਲਿਆਂ ਦਾ ਕੋਰ ਅਟਕ ਗਿਆ ਪੰਜਾਬੀ ’ਚ ਕਹਿੰਦੇ ਹਨ

‘ਬੁਰਕੀ ਫਸ ਗਈ’, ਤਾਂ ਉਸ ਨੇ ਆਸਾ ਦੇਖਿਆ, ਨਾ ਪਾਸਾ ਦੇਖਿਆ, ਝਟ ਨਾਲ ਸਾਹਮਣੇ ਵਾਲੇ ਤੋਂ ਪਾਣੀ ਦੀ ਉਹ ਲੋਟ ਖੋਹੀ ਅਤੇ ਗਟਾਗਟ ਪੀ ਗਿਆ ਅਸੀਂ ਬਹੁਤ ਕਿਹਾ, ਅਰੇ, ਨਾ ਪੀ, ਤੇਰਾ ਧਰਮ ਗਿਆ, ਤੇਰੀ ਜਾਤ ਗਈ ਉਸ ਨੇ ਇੱਕ ਨਾ ਸੁਣੀ ਪਾਣੀ ਪੀ ਗਿਆ ਅਸੀਂ ਕਿਹਾ ਹੁਣ ਦੱਸ ਤੇਰੇ ਧਰਮ ਦਾ ਕੀ ਹੋਵੇਗਾ? ਕਹਿੰਦਾ ਨਹੀਂ, ਜਦੋਂ ਜਾਨ ਨਿਕਲ ਰਹੀ ਹੋਵੇ ਤਾਂ ਉਦੋਂ ਧਰਮ ਨਹੀਂ ਸੋਚਿਆ ਜਾਂਦਾ ਅਸੀਂ ਕਿਹਾ ਅਰੇ ਬੇ-ਸ਼ਰਮ ਬੰਦੇ! ਜਿਸ ਦੇ ਪਾਣੀ ਨੇ ਤੇਰੀ ਜਾਨ ਬਚਾ ਦਿੱਤੀ ਹੈ ਦੱਸ, ਉਸ ’ਚ ਗੰਦੀ ਚੀਜ਼ ਕੀ ਹੈ ਜੋ ਤੂੰ ਨਫ਼ਰਤ ਕਰਦਾ ਹੈਂ? ਜੇਕਰ ਉਸ ਦਾ ਪਾਣੀ ਨਾ ਹੁੰਦਾ ਤਾਂ ਅੱਜ ਤੇਰਾ ਰਾਮ-ਨਾਮ ਸਤ ਹੋ ਜਾਣਾ ਸੀ ਅਤੇ ਮੋਢੇ ’ਤੇ ਉਠਾ ਕੇ ਅਲੱਗ ਲੈ ਜਾਣਾ ਪੈਂਦਾ,

ਹੁਣ ਉਸੇ ਦੇ ਪਾਣੀ ਨੇ ਤੇਰੀ ਜਾਨ ਬਚਾਈ ਹੈ ਤਾਂ ਤੂੰ ਨਫ਼ਰਤ ਕਿਉਂ ਕਰਦਾ ਹੈ, ਕਿਉਂ ਧਰਮ, ਜਾਤ-ਪਾਤ ਦਾ ਫਰਕ ਕਰਦਾ ਹੈਂ? ਕਹਿੰਦਾ ਉਹ ਤਾਂ ਮਾਂ-ਬਾਪ ਨੇ ਦੱਸਿਆ ਸੀ ਅਸੀਂ ਕਿਹਾ, ਹੁਣ ਤਾਂ ਨਹੀਂ ਕਰੇਂਗਾ? ਤੂੰ ਪੜਿ੍ਹਆ-ਲਿਖਿਆ ਹੈਂ ਕਹਿੰਦਾ-ਨਹੀਂ, ਹੁਣ ਨਹੀਂ ਕਰਾਂਗਾ ਅਸੀਂ ਕਿਹਾ-ਪੱਕਾ! ਕਹਿੰਦਾ, ਬਿਲਕੁਲ ਪੱਕਾ ਅਸੀਂ ਕਿਹਾ ਤਾਂ ਫਿਰ ਹੁਣ ਪੀ ਕੇ ਦਿਖਾ ਪਾਣੀ ਤਾਂ ਉਹ ਬਕਾਇਦਾ ਦੁਬਾਰਾ ਪਾਣੀ ਪੀ ਗਿਆ ਤਾਂ ਭਾਈ! ਇਹ ਤਾਂ ਇੱਕ ਉਦਾਹਰਨ ਹੈ, ਸੋਚੋ, ਇਸ ’ਚ ਗਲਤ ਕੀ ਹੈ? ਕੁਦਰਤ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੀ ਦਰਖੱਤ ’ਤੇ ਲੱਗਿਆ ਅੰਬ ਸਭ ਲਈ ਹੈ ਜੋ ਤੋੜੇਗਾ ਉਹੀ ਉਹ ਖਾ ਲਵੇਗਾ ਇਹ ਤਾਂ ਹੈ

ਨਹੀਂ ਕਿ ਵੱਡੇ ਧਰਮ ਵਾਲਾ ਜਾਵੇ ਤਾਂ ਅੰਬ ਆਪਣੇ ਆਪ ਟੁੱਟ ਕੇ ਉਸ ਦੀ ਝੋਲੀ ’ਚ ਡਿੱਗ ਜਾਵੇਗਾ ਕਿ ਲੈ ਮੈਨੂੰ ਖਾ ਲੈ ਅਤੇ ਕੋਈ ਛੋਟੇ ਧਰਮ-ਜਾਤ ਵਾਲਾ ਜਾਵੇ ਤਾਂ ਉਹ ਅੰਬ ਉੱਪਰ ਚਲਿਆ ਜਾਏਗਾ ਕਿ ਨਾ-ਨਾ, ਮੈਨੂੰ ਹੱਥ ਨਾ ਲਾਉਣਾ ਨਹੀਂ, ਉਹ ਉੱਥੇ ਖੜ੍ਹਾ ਰਹੇਗਾ ਜਿੱਥੇ ਲੱਗਿਆ ਹੈ ਅਤੇ ਜੋ ਉਸ ਨੂੰ ਤੋੜੇਗਾ ਉਹ ਖਾ ਲਵੇਗਾ ਜਦੋਂ ਕੁਦਰਤ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੀ, ਅੱਲ੍ਹਾ-ਰਾਮ ਨੇ ਕੋਈ ਭੇਦਭਾਵ ਨਹੀਂ ਕੀਤਾ ਹੈ, ਅਰੇ ਜੋ ਕਹਿੰਦਾ ਹੈ ਕਿ ਮੈਂ ਸਭ ਤੋਂ ਵੱਡਾ ਹਾਂ ਤਾਂ ਦੱਸੋ, ਕੀ ਉਸ ਦੀਆਂ ਨਾੜੀਆਂ ’ਚ ਘਿਓ-ਦੁੱਧ ਵਹਿੰਦਾ ਹੈ ਅਤੇ ਜੋ ਛੋਟੇ ਧਰਮ ਦਾ ਹੈ ਉਸ ’ਚ ਪਾਣੀ ਵਹਿੰਦਾ ਹੈ? ਫਿਰ ਕਿਉਂ, ਕਿਸ ਲਈ? ਸਿਵਾਏ ਨਫ਼ਰਤ ਦੇ, ਲੜਾਈ-ਝਗੜੇ ਅਤੇ ਹੀਣ-ਭਾਵਨਾ ਦੇ ਕਿਸੇ ਨੂੰ ਕੀ ਮਿਲਦਾ ਹੈ? ਇਨਸਾਨੀਅਤ ਦਾ ਖਾਤਮਾ ਇਨ੍ਹਾਂ ਗੱਲਾਂ ਨਾਲ ਹੁੰਦਾ ਹੈ ਨਫਰਤ ਦੀਆਂ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ

ਤਾਂ ਭਾਈ! ਅਜਿਹਾ ਸੋਚਣਾ, ਅਜਿਹਾ ਕਰਨਾ ਬਿਲਕੁਲ ਗਲਤ ਹੈ, ਅਜਿਹਾ ਕੋਈ ਸੋਚੇ ਵੀ ਨਾ ਕਿਉਂਕਿ ਭਗਵਾਨ ਨੇ ਸਭ ਨੂੰ ਇੱਕੋ ਜਿਹਾ ਬਣਾਇਆ ਹੈ, ਕੁਦਰਤ ਸਭ ਨਾਲ ਇੱਕੋ ਜਿਹਾ ਵਿਹਾਰ ਕਰਦੀ ਹੈ ਫਕੀਰ ਦੀ ਨਿਗਾਹ ’ਚ ਤੁਸੀਂ ਸਾਰੇ ਉਸ ਮਾਲਕ ਦੇ ਬੱਚੇ ਹੋ ਅੱਲ੍ਹਾ-ਰਾਮ ਨੂੰ ਉਹ ਹੀ ਭਾਉਂਦਾ ਹੈ ਜੋ ਆਪਣਾ ਅੰਦਰ ਪਾਕ-ਪਵਿੱਤਰ ਕਰ ਲੈਂਦਾ ਹੈ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ
ਕੇ ਸਭ ਬੰਦੇ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ
ਭਲੇ ਕੋ ਮੰਦੇ

ਇੱਕ ਹੀ ਨੂਰ ਨਾਲ ਇੱਕ ਹੀ ਪ੍ਰਕਾਸ਼ ਦੀਆਂ ਕਿਰਨਾਂ ਆ ਕੇ ਟਕਰਾਉਂਦੀਆਂ ਹਨ ਕਿਤੇ ਵੀ ਹੋਵੇ ਉਹ ਇੱਕ ਹੀ ਹੈ ਗੈਰ, ਦੂਈ-ਦੁੁਵੈਤ ਕਿਵੇਂ ਹੋ ਗਈ? ਇਸ ਲਈ ਕਿਸੇ ਨੂੰ ਬੁਰਾ, ਗਲਤ ਕਹਿਣਾ ਜਾਂ ਭਲਾ ਕਹਿਣਾ ਵੀ ਹੱਦ ਤੋਂ ਜ਼ਿਆਦਾ ਸਹੀ ਨਹੀਂ ਹੈ
ਅੱਗੇ ਆਇਆ ਹੈ:-

ਇਹ ਹੀਰਾ ਜਨਮ ਅਮੋਲਾ,
ਨਾ ਇਸਨੂੰ ਦਾਗ ਲਗਾਵੀਂ
ਤੂੰ ਪੀ ਕੇ ਪ੍ਰੇਮ ਦਾ ਪਿਆਲਾ,
ਤੇ ਅੰਦਰੋਂ ਦਰਸ਼ਨ ਪਾਵੀਂ, ਜੰਗਲੀਂ ਟੋਲੀਂ ਨਾ
ਇਸ ਬਾਰੇ ’ਚ ਲਿਖਿਆ ਹੈ:-

ਬਾਹਰ ਵਾਲੇ ਨਸ਼ੇ, ਸੱਚੇ ਪ੍ਰੇਮ ਦੀ ਇੱਕ ਘੁੱਟ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ ਉਹ ਜਾਨ ਜਾਂ ਰੂਹ ਦੀ ਸ਼ਰਾਬ ਹੈ ਉਹ ਕਿੱਥੋਂ ਦੀ ਅਤੇ ਇਹ ਜ਼ਮੀਨੀ ਸ਼ਰਾਬ ਕਿੱਥੋਂ ਦੀ ਇਨ੍ਹਾਂ ਦੋਵਾਂ ਦਾ ਕੀ ਮੁਕਾਬਲਾ ਹੋ ਸਕਦਾ ਹੈ ਹਾਫ਼ਿਜ਼ ਸਾਹਿਬ ਫਰਮਾਉਂਦੇ ਹਨ ਕਿ ਮਜਾਜ਼ੀ ਸ਼ਰਾਬ ਦੇ ਦੋ ਹਜ਼ਾਰ ਮਟਕੇ, ਸਤਿਗੁਰੂ ਦੇ ਪ੍ਰੇਮ ਪਿਆਲੇ ਦੇ ਇੱਕ ਘੁੱਟ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ

ਕਿ ਭਾਈ! ਪ੍ਰੇਮ ਦਾ ਪਿਆਲਾ ਯਾਨੀ ਹਰੀ, ਅੱਲ੍ਹਾ, ਖੁਦਾ, ਵਾਹਿਗੁਰੂ ਦੀ ਮੁਹੱਬਤ, ਉਸ ਦੇ ਪਿਆਰ ਨੂੰ ਅਗਰ ਇੱਕ ਵਾਰ ਕੋਈ ਪਾ ਜਾਵੇ ਤਾਂ ਦੁਨੀਆਂ ਦੀਆਂ ਬਹਿਸ਼ਤਾਂ, ਗੁਲਜ਼ਾਰਾਂ ਵੀ ਉਸ ਦਾ ਮਨ ਨਹੀਂ ਡੁਲਾ ਸਕਦੀਆਂ, ਕਿਉਂਕਿ ਉਸ ’ਚ ਜੋ ਆਨੰਦ, ਜੋ ਲੱਜ਼ਤ ਹੈ ਇਹ ਆਨੰਦ, ਲੱਜ਼ਤ, ਸੁੱਖ ਆਦਿ ਸ਼ਬਦ ਉਸ ਅੱਗੇ ਬੌਣੇ ਪੈ ਜਾਂਦੇ ਹਨ ਇਸ ਲਈ ਕਬੀਰ ਸਾਹਿਬ ਜੀ ਨੇ ਇੱਕ ਜਗ੍ਹਾ ਲਿਖਿਆ ਹੈ- ਹੇ ਸਖੀ! ਜਿੱਥੋਂ ਦੀ ਅਸੀਂ ਸੈਰ ਕਰਦੇ ਹਾਂ, ਅੱਲ੍ਹਾ, ਰਾਮ ਨੇ ਜੈਸਾ ਸਾਨੂੰ ਦਿਖਾਇਆ ਹੈ, ਉੱਥੇ ਨਾ ਦੁੱਖ ਹੈ, ਨਾ ਸੁੱਖ ਹੈ, ਨਾ ਉੱਥੇ ਸ਼ਾਂਤੀ ਹੈ, ਨਾ ਅਸ਼ਾਂਤੀ, ਉੱਥੇ ਨਾ ਲੱਜ਼ਤ ਹੈ, ਨਾ ਗ਼ਮ ਹੈ ਉੱਥੋਂ ਦੀ ਗੱਲ ਹੀ ਨਿਰਾਲੀ ਹੈ

ਰਾਜਸਥਾਨ ’ਚ ਇੱਕ ਵਾਰ ਸਾਨੂੰ ਇਹ ਸਵਾਲ ਕੀਤਾ ਗੁਰੂ ਜੀ! ਉੱਥੇ ਸੁੱਖ ਵੀ ਨਹੀਂ, ਦੁੱਖ ਵੀ ਨਹੀਂ ਹੈ ਤਾਂ ਅਜਿਹੇ ਜਹਾਨ ’ਚ ਜਾ ਕੇ ਕੀ ਕਰਨਾ ਹੈ? ਅਸੀਂ ਕਿਹਾ, ਅਰੇ ਬੇਸਮਝ ਭਾਈ! ਗੱਲ ਕੁਝ ਹੋਰ ਤਰ੍ਹਾਂ ਨਾਲ ਹੈ (ਇਸ ਦਾ ਅਰਥ ਕੋਈ ਹੋਰ ਹੈ) ਕਬੀਰ ਜੀ ਦੇ ਕਹਿਣ ਦਾ ਮਤਲਬ ਹੈ ਕਿ ਸੁੱਖ ਦਾ ਸਾਨੂੰ ਕਿਉਂ ਪਤਾ ਚੱਲਦਾ ਹੈ ਕਿ ਸੁੱਖ ਕੀ ਹੈ, ਅਗਰ ਦੁੁੱਖ ਸਾਹਮਣੇ ਹੋਵੇਗਾ ਉਦੋਂ ਸੁੱਖ ਦਾ ਪਤਾ ਚੱਲੇਗਾ ਨਾ ਜਿਸ ਨੂੰ ਜ਼ਰਾ ਜਿਹਾ ਵੀ ਦੁੱਖ ਨਹੀਂ ਆਇਆ ਉਸ ਨੂੰ ਸੁੱਖ ਦਾ ਅਨੁਭਵ ਨਹੀਂ ਹੁੰਦਾ ਹਾਲਾਂਕਿ ਉਸ ਨੂੰ ਸੁੱਖ ਮਿਲਦੇ ਹਨ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੁੱਖ ਕੀ ਚੀਜ਼ ਹੁੰਦੀ ਹੈ ਜਦੋਂ ਕਿਸੇ ਨੂੰ ਗ਼ਮ ਆਉਂਦਾ ਹੈ ਅਤੇ ਬਾਅਦ ’ਚ ਸ਼ਾਂਤੀ, ਆਨੰਦ ਮਿਲਦਾ ਹੈ

ਤਾਂ ਫਿਰ ਉਸ ਨੂੰ ਦੁੱਖ, ਗ਼ਮ ਦਾ ਪਤਾ ਚੱਲਦਾ ਹੈ ਕਿ ਹਾਂ, ਉਹ ਗ਼ਮ ਸੀ ਅਤੇ ਇਹ ਸੁੱਖ ਹੈ ਯਾਨੀ ਸੁੱਖ ਦਾ ਦੁੱਖ ਦੇ ਬਿਨਾਂ ਅਹਿਸਾਸ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਅਸ਼ਾਂਤੀ ਦੇ ਬਿਨਾਂ ਸ਼ਾਂਤੀ ਦਾ ਪਤਾ ਨਹੀਂ ਚੱਲਦਾ ਅਤੇ ਗ਼ਮ ਦੇ ਬਿਨਾਂ ਆਨੰਦ ਦਾ ਅਹਿਸਾਸ ਨਹੀਂ ਹੁੰਦਾ ਤਾਂ ਭਾਈ! ਇਹੀ ਗੱਲ ਕਬੀਰ ਸਾਹਿਬ ਨੇ ਕਹੀ ਹੈ ਕਿ ਉੱਥੇ ਅਜਿਹਾ ਪਰਮਾਨੰਦ ਹੈ ਜਿਸ ਦਾ ਮੁਕਾਬਲਾ ਹੀ ਨਹੀਂ ਹੈ, ਉਸ ਨੂੰ ਸੁੱਖ ਕਹਿ ਕੇ ਅਸੀਂ ਉਸ ਨੂੰ ਛੋਟਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਸੁੱਖ ਦੇ ਨਾਲ ਦੁੱਖ ਜੁੜਿਆ ਹੈ ਅਤੇ ਸ਼ਾਂਤੀ ਦੇ ਨਾਲ ਅਸ਼ਾਂਤੀ ਜੁੜੀ ਹੈ ਪਰ ਉੱਥੇ ਤਾਂ ਹਮੇਸ਼ਾ ਹੀ ਸੁੱਖ ਹੈ, ਆਨੰਦ-ਪਰਮਾਨੰਦ ਹੈ ਜਿਸ ਨੂੰ ਸ਼ਬਦਾਂ ’ਚ ਤੋਲਿਆ ਨਹੀਂ ਜਾ ਸਕਦਾ ਯਾਨੀ ਉਨ੍ਹਾਂ ਦੇ ਕਹਿਣ ਦਾ ਮਤਲਬ ਹੈ

ਕਿ ਉੱਥੇ ਜੋ ਲੱਜ਼ਤ, ਜੋ ਖੁਸ਼ੀ, ਜੋ ਆਨੰਦ ਹੈ ਉਸ ਦਾ ਕਿਸੇ ਨਾਲ ਵਰਣਨ ਨਹੀਂ ਹੋ ਸਕਦਾ ਤਾਂ ਭਾਈ! ਮਾਲਕ ਦੇ ਉਸ ਪੇ੍ਰਮ ਦੇ ਪਿਆਲੇ ਨੂੰ ਪੀ ਕੇ ਦੇਖਿਆ ਇਸ ਮਾਰਗ ’ਤੇ ਚੱਲਣ ਵਾਲਿਆਂ ਨੂੰ ਬੇਸ਼ੱਕ ਬੇਹੱਦ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਕਠਿਨਾਈਆਂ ਝੱਲੀਆਂ ਪਰ ਧੰਨ ਹਨ ਉਹ ਮਾਲਕ ਦੇ ਪਿਆਰੇ ਜੋ ਮਾਲਕ ਦੇ ਪਿਆਰ-ਮੁਹੱਬਤ ਦੇ ਰਸਤੇ ’ਤੇ ਅਡੋਲ ਚੱਲਦੇ ਰਹੇ, ਜ਼ਰਾ ਵੀ ਉਨ੍ਹਾਂ ਦੇ ਕਦਮ ਡਗਮਗਾਏ ਨਹੀਂ ਬੇਸ਼ੱਕ ਨੰਨ੍ਹੇ-ਨੰਨ੍ਹੇ ਬੱਚਿਆਂ ਨੂੰ ਉਨ੍ਹਾਂ ਦੀ ਮਾਤਾਵਾਂ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ ਗਿਆ ਅਤੇ ਹਾਰ ਬਣਾ ਕੇ ਉਹਨਾਂ ਦੇ ਗਲੇ ਵਿੱਚ ਪਾ ਦਿੱਤਾ ਗਿਆ ਪਰ ਧੰਨ ਹਨ ਉਹ ਮਾਵਾਂ, ਜੋ ਫਿਰ ਵੀ ਇਹੀ ਕਹਿੰਦੀਆਂ ਕਿ ਧੰਨ ਹੈ

ਮੇਰਾ ਮਾਲਕ, ਸਤਿਗੁਰੂ, ਵਾਹਿਗੁਰੂ, ਰਾਮ ਪਰਮਾਤਮਾ ਕਿ ਜਿਸ ਨੇ ਮੈਨੂੰ ਇਸ ਕੁਰਬਾਨੀ ਦੇ ਕਾਬਲ ਸਮਝਿਆ ਅਜਿਹੀ ਕੁਰਬਾਨੀ ਦੇਣਾ ਤਾਂ ਦੂਰ ਦੀ ਗੱਲ ਹੈ ਅਜਿਹਾ ਸੋਚਣਾ, ਅਜਿਹਾ ਕਹਿਣਾ ਵੀ ਬਹੁਤ ਮੁਸ਼ਕਲ ਹੈ ਮਾਲਕ ਦੇ ਪਿਆਰਿਆਂ ਨੇ ਅਜਿਹੀਆਂ-ਅਜਿਹੀਆਂ ਕੁਰਬਾਨੀਆਂ ਦਿੱਤੀਆਂ ਅਜਿਹਾ ਨਹੀਂ ਹੈ ਕਿ ਅੱਜ ਅੱਲ੍ਹਾ, ਰਾਮ ਦੇ ਅਜਿਹੇ ਪਿਆਰੇ ਨਹੀਂ ਹਨ, ਅੱਜ ਵੀ ਬਹੁਤ ਹਨ ਇਹ ਤਾਕਤ ਅੱਲ੍ਹਾ, ਰਾਮ ਦੇ ਪਿਆਰ-ਮੁਹੱਬਤ ਦੀ ਹੈ ਜਦੋਂ ਉਸ ਦੇ ਪਿਆਰ-ਮੁਹੱਬਤ ’ਚ ਚੱਲਦੇ ਹਨ ਨਾ ਉਨ੍ਹਾਂ ਨੂੰ ਮੋਹ ਸਤਾਉਂਦਾ ਹੈ ਅਤੇ ਨਾ ਹੀ ਕੋਈ ਹੋਰ ਗਮ, ਚਿੰਤਾ, ਫਿਕਰ ਰਹਿੰਦਾ ਹੈ ਇਹ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ ਜਾਂ ਉਨ੍ਹਾਂ ਨੂੰ ਦੁਤਕਾਰ ਦਿੰਦੇ ਹਨ ਨਹੀਂ, ਉਹ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ ਪਰ ਉਨ੍ਹਾਂ ਦੇ ਪਿਆਰ ’ਚ ਪਾਗਲ ਨਹੀਂ ਹੋਏ ਰਹਿੰਦੇ,

ਬਲਕਿ ਮਾਲਕ ਦੀ ਰਜ਼ਾ ’ਚ ਰਹਿੰਦੇ ਹਨ ਉਹ ਸੁੱਖ-ਦੁੱਖ, ਗ਼ਮ, ਚਿੰਤਾ ਦੀ ਤਮੀਜ਼ ਹੀ ਨਹੀਂ ਰੱਖਦੇ, ਮਾਲਕ ਦੇ ਪਿਆਰ ’ਚ ਖੋਏ ਰਹਿੰਦੇ ਹਨ ਅਤੇ ਆਪਣੀ ਮੰਜ਼ਿਲ ’ਤੇ ਵਧਦੇ ਚਲੇ ਜਾਂਦੇ ਹਨ ਅਜਿਹੇ ਵੀ ਹੁੰਦੇ ਹਨ ਕਿ ਜ਼ਰਾ ਜਿਹਾ ਕੰਡਾ ਲੱਗਿਆ ਕਿ ਤੜਫ ਉੱਠੇ ਭਗਵਾਨ ਨਾਲ ਸ਼ਰਤ ਰੱਖਦੇ ਹਨ ਕਿ ਸੱਤ ਦਿਨਾਂ ’ਚ ਮੇਰੀ ਇਹ ਡਿਮਾਂਡ ਪੂਰੀ ਨਾ ਕੀਤੀ ਤਾਂ ਮੈਂ ਤੈਨੂੰ ਯਾਦ ਕਰਨਾ ਹੀ ਛੱਡ ਦੇਵਾਂਗਾ ਤਾਂ ਅਜਿਹੇ ਵੀ ਮਾਲਕ ਦੇ ਆਸ਼ਕ ਹਨ

ਤੂੰ ਵਾਂਗ ਹੰਸ ਦੇ ਭਾਈ, ਸਾਗਰ ’ਚੋਂ ਮੋਤੀ ਰੋਲੀਂ,
ਨਾ ਕਾਲੇ ਕਾਗਾਂ ਵਾਂਗੂ ਗੰਦਗੀ ਦੇ ਢੇਰ ਫਰੋਲੀਂ ਵਿਸ਼ਟਾ ਫੋਲੀ ਨਾ
ਇਸ ਬਾਰੇ ’ਚ ਲਿਖਿਆ ਹੈ:-

ਜਿਸ ਨੂੰ ਤੂੰ ਵਿੱਚ ਜੰਗਲ ਲੱਭੇਂ ਉਹ ਘਰ ਤੇਰੇ ਵਿਚ ਵੱਸਦਾ
ਤੂ ਉਸਦਾ ਕੋਈ ਪਤਾ ਨਾ ਪਾਏਂ,
ਸ਼ਕਲਾਂ ਕਈ ਬਣਾ-ਬਣਾ ਦੱਸਦਾ
ਕਦੀ ਗੰਗਾ ਤੇ ਕਦੀ ਮੱਕੇ ਜਾਵੇਂ,
ਤੂ ਮਰ ਗਿਆ ਭੱਜਦਾ, ਨੱਸਦਾ
ਜੇ ਬੰਦੇ ਤੂੰ ਛੱਡਦੇਂ ਹਸਤੀ,
ਤੈਨੂੰ ਯਾਰ ਮਿਲੇ ਘਰ ਹੱਸਦਾ

ਤਾਂ ਭਾਈ! ‘ਤੂੰ ਵਾਂਗ ਹੰਸ ਦੇ ਭਾਈ ਸਾਗਰ ’ਚੋਂ ਮੋਤੀ ਰੋਲੀਂ’ ਹੰਸ ਉਸ ਨੂੰ ਕਹਿੰਦੇ ਹਨ, ਫਕੀਰਾਂ ਦੀ ਬਾਣੀ ’ਚ ਵੀ ਆਉਂਦਾ ਹੈ ਕਿ ਜੋ ਪਾਣੀ ’ਚੋਂ ਮੋਤੀ ਲੈ ਲੈਂਦਾ ਹੈ ਅਤੇ ਕਿਤੇ ਤਾਂ ਇਹ ਵੀ ਲਿਖਿਆ ਹੈ ਕਿ ਉਹ, ਦੁੱਧ ’ਚ ਜੋ ਪਾਣੀ ਦਾ ਅੰਸ਼ ਮਿਲਿਆ ਹੁੰਦਾ ਹੈ ਉਸ ਨੂੰ ਛੱਡ ਕੇ ਦੁੱਧ ਪੀ ਜਾਂਦਾ ਹੈ ਅਜਿਹੀ ਕੁਦਰਤ ਨੇ ਉਸ ਨੂੰ ਤਾਕਤ ਦਿੱਤੀ ਹੈ ਤਾਂ ਹੇ ਇਨਸਾਨ! ਤੈਨੂੰ ਵੀ ਅੱਲ੍ਹਾ, ਰਾਮ ਨੇ ਸੋਚਣ-ਸਮਝਣ ਦੀ ਬਹੁਤ ਤਾਕਤ ਦਿੱਤੀ ਹੈ ਇਸ ਲਈ ਸਮਾਜ ’ਚ ਰਹਿੰਦੇ ਹੋਏ ਕਿਸੇ ਨਾਲ ਨਫ਼ਰਤ ਨਾ ਕਰਨਾ ਅਤੇ ਲੋਕਾਂ ’ਚ ਰਹਿੰਦੇ ਹੋਏ ਗੁਣ ਗ੍ਰਹਿਣ ਕਰਦੇ ਰਹਿਣਾ, ਗੁਣਾਂ ਨੂੰ ਲੈਂਦੇ ਰਹਿਣਾ ਅਤੇ ਅਵਗੁਣਾਂ ਨੂੰ ਛੱਡਦੇ ਰਹਿਣਾ

ਗੁਰਮੁਖ ਐਸਾ ਚਾਹੀਏ, ਜੈਸੇ ਸੂਪ ਸੁਭਾਇ
ਸਾਰ ਸਾਰ ਕੋ ਚੁਨ ਲੇ, ਥੋਥਾ ਦੇ ਉਡਾਇ

ਜਿਵੇਂ ਛਾਜ (ਛੱਜਲੀ) ਹੁੰਦੀ ਹੈ, ਜਿਸ ਨਾਲ ਦਾਣੇ ਛੰਡਦੇ ਹਨ, ਤਾਂ ਜੋ ਮੋਟੇ, ਚੰਗੇ, ਭਰੇ ਦਾਣੇ ਹੁੰਦੇ ਹਨ ਉਹ ਕੋਲ ਆ ਜਾਂਦੇ ਹਨ ਅਤੇ ਜੋ ਹਲਕੇ-ਥੋਥੇ ਦਾਣੇ ਹੁੰਦੇ ਹਨ ਉਨ੍ਹਾਂ ਨੂੰ ਉਡਾ ਦਿੰਦੀ ਹੈ ਤਾਂ ਮਾਲਕ ਦੇ ਉਸ ਭਗਤ ਨੂੰ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ ਕਿ ਕੈਸੇ ਵੀ ਵਾਤਾਵਰਣ ’ਚ ਰਹੇ ਉਸ ’ਤੇ ਉਸ ਵਾਤਾਵਰਨ ਦਾ ਅਸਰ ਨਾ ਹੋਵੇ, ਬਲਕਿ ਉਹ ਕਿਸੇ ਦੇ ਗੁਣਾਂ ਨੂੰ ਗ੍ਰਹਿਣ ਕਰੇ ਅਤੇ ਜੋ ਉਸ ਦੀਆਂ ਬੁਰਾਈਆਂ ਹਨ ਉਨ੍ਹਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ ਕਰ ਦੇਵੇ ਉਸ ਦਾ ਜ਼ਿਕਰ ਵੀ ਕਿਤੇ ਨਾ ਕਰੇ ਤਾਂ ਅਜਿਹੇ ਭਗਤ ’ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਹਮੇਸ਼ਾ ਵਰਸਦੀ ਰਹਿੰਦੀ ਹੈ ਇਹੀ ਗੁਰੂ, ਪੀਰ-ਫਕੀਰ ਆਪਣੇ ਸ਼ਿਸ਼ ਨੂੰ ਸਿਖਾਉਂਦੇ ਹਨ ਅਰੇ ਭਾਈ! ਜਿਵੇਂ ਕਮਲ ਚਿੱਕੜ ’ਚ ਰਹਿ ਕੇ ਚਿੱਕੜ ਨਹੀਂ ਬਣਦਾ ਸਗੋਂ ਉਸ ’ਚ ਖਿਲ ਕੇ ਲੋਕਾਂ ਦਾ ਮਨ ਮੋਹ ਲੈਂਦਾ ਹੈ ਉਸੇ ਤਰ੍ਹਾਂ ਮਾਲਕ ਦਾ ਭਗਤ ਦੁਨੀਆਂਦਾਰੀ ’ਚ ਕਿਤੇ ਵੀ ਜਾਵੇ, ਉਹ ਦੁਨੀਆਂਦਾਰੀ ’ਚ ਗੁਆਚਦਾ ਨਹੀਂ ਉਸ ’ਚ ਰਹਿੰਦਾ ਹੋਇਆ ਉਹ ਗੁਣਾਂ ਨੂੰ ਗ੍ਰਹਿਣ ਕਰਦਾ, ਭਲਾਈ ਕਰਦਾ ਹੈ, ਆਪਣਾ ਫਰਜ਼ ਵੀ ਨਿਭਾਉਂਦਾ ਹੈ ਅਤੇ ਮਾਲਕ ਨੂੰ ਯਾਦ ਵੀ ਕਰਦਾ ਹੈ, ਤਾਂ ਉਹ ਮਾਲਕ ਦਾ ਪਿਆਰਾ ਜ਼ਰੂਰ ਬਣ ਜਾਂਦਾ ਹੈ ਤਾਂ ਇਹੀ ਦੱਸਿਆ ਹੈ:-

ਤੂੰ ਵਾਂਗ ਹੰਸ ਦੇ ਭਾਈ, ਸਾਗਰ ’ਚੋਂ ਮੋਤੀ ਰੋਲੀਂ
ਨਾ ਕਾਲੇ ਕਾਗਾਂ ਵਾਗੂੰ ਗੰਦਗੀ ਦੇ ਢੇਰ ਫਰੋਲੀਂ

ਬੁਰਾਈ ਨਾ ਕਰਨਾ, ਰੂੜੀ ’ਤੇ ਜਾ ਕੇ ਉਸ ਗੰਦਗੀ ਨੂੰ ਫਰੋਲਣ ਨਾ ਲੱਗ ਜਾਣਾ ਬਲਕਿ ਹੰਸ ਵਾਂਗ ਸਾਗਰ ’ਚੋਂ ਮੋਤੀ ਚੁਣਨਾ, ਚੰਗਿਆਈ ਨੂੰ, ਗੁਣਾਂ ਨੂੰ ਗ੍ਰਹਿਣ ਕਰਨਾ, ਮਾਲਕ ਨੂੰ ਯਾਦ ਕਰਨਾ ਤਾਂ ਕਮੀ ਕਿਸੇ ਚੀਜ਼ ਦੀ ਨਹੀਂ ਰਹੇਗੀ
ਥੋੜ੍ਹਾ ਭਜਨ-ਸ਼ਬਦ ਹੋਰ ਹੈ:-

5. ਵਿਚ ਲੱਖ ਚੁਰਾਸੀ ਫਿਰਦੇ,
ਨਾਮ ਨੇ ਹਨ ਸਭ ਤਾਰੇ
ਨਾਮ ਸੰਤ ਸ਼ਰਨ ਦੇ ਬਾਝੋਂ,
ਨਾ ਹੁੰਦੇ ਛੁਟਕਾਰੇ,
ਥਾਂ-ਥਾਂ ਡੋਲੀ ਨਾ ਦੇਖ ਪਰਾਇਆ…

6. ਛੱਡ ਝੂਠੇ ਸੌਦੇ ਜੀ,
ਸੌਦਾ ਸੱਚ ਦਾ ਭਾਈ ਕਰਨਾ
ਸਭ ਨਾਲ ਪ੍ਰੇਮ ਹੈ ਕਰਨਾ,
ਹਰ ਵੇਲੇ ਰੱਬ ਤੋਂ ਡਰਨਾ,
ਘੱਟ-ਵੱਧ ਤੋਲੀਂ ਨਾ ਦੇਖ ਪਰਾਇਆ…

7. ‘ਸ਼ਾਹ ਸਤਿਨਾਮ ਜੀ’ ਕਹਿੰਦੇ ਨੇ,
ਰੋਟੀ ਹੱਕ ਹਲਾਲ ਦੀ ਖਾਈਂ
ਨਾ ਦੇਖ ਪਰਾਈ ਚੀਜ਼,
ਨਾ ਆਪਣਾ ਮਨ ਤਰਸਾਈਂ,
ਜ਼ਹਿਰ ਨੂੰ ਘੋਲੀਂ ਨਾ ਦੇਖ ਪਰਾਇਆ…

ਅੱਗੇ ਭਜਨ ’ਚ ਆਇਆ ਹੈ:-
ਵਿੱਚ ਲੱਖ ਚੁਰਾਸੀ ਫਿਰਦੇ,
ਨਾਮ ਨੇ ਹਨ ਸਭ ਤਾਰੇ
ਨਾਮ ਸੰਤ ਸ਼ਰਨ ਦੇ ਬਾਝੋਂ,
ਨਾ ਹੁੰਦੇ ਛੁਟਕਾਰੇ, ਥਾਂ-ਥਾਂ ਡੋਲੀਂ ਨਾ

ਭਜਨ ’ਚ ਅੱਗੇ ਆਇਆ ਕਿ ਭਾਈ! ਮਾਲਕ ਨੂੰ ਪਾਉਣ ਲਈ ਜਗ੍ਹਾ-ਜਗ੍ਹਾ ਭੱਜ-ਦੌੜ ਕਰਨਾ, ਗੁੰਮਰਾਹ ਹੋਣਾ, ਇਹ ਸਹੀ ਨਹੀਂ ਹੈ ਜਿਵੇਂ ਕੋਈ ਕਹਿੰਦਾ ਹੈ ਕਿ ਅੱਲ੍ਹਾ, ਰਾਮ, ਪਰਮਾਤਮਾ ਜੰਗਲਾਂ ’ਚ ਰਹਿੰਦਾ ਹੈ, ਅਗਰ ਇਹ ਸਹੀ ਹੁੰਦਾ ਤਾਂ ਸਭ ਜੰਗਲੀ ਜਾਨਵਰ ਉਸ ਦੇ ਕੋਲ ਕਿਉਂ ਨਹੀਂ ਜਾਂਦੇ? ਕੋਈ ਕਹਿੰਦਾ ਹੈ ਉਹ ਉਜਾੜਾਂ ’ਚ ਰਹਿੰਦਾ ਹੈ ਉਜਾੜਾਂ ’ਚ ਉੱਲੂ ਮਹਾਸ਼ਿਆ ਬਹੁਤ ਰਹਿੰਦੇ ਹਨ, ਉਹ ਅੱਲ੍ਹਾ, ਰਾਮ ਦੇ ਕੋਲ ਕਿਉਂ ਨਹੀਂ ਜਾਂਦੇ? ਕੋਈ ਕਹਿੰਦਾ ਹੈ ਕਿ ਕੱਪੜੇ ਐਨੇ ਪਹਿਨੋ ਕਿ ਕੁਝ ਦਿਖਾਈ ਨਾ ਦੇਵੇ ਤਾਂ ਉਹ ਮਿਲ ਜਾਏਗਾ ਤਾਂ ਕਈ ਜਾਨਵਰ, ਪੰਛੀ ਆਦਿ ਅਜਿਹੇ ਵੀ ਹਨ ਜਿਨ੍ਹਾਂ ਦੀਆਂ ਕੇਵਲ ਅੱਖਾਂ ਹੀ ਨਜ਼ਰ ਆਉਂਦੀਆਂ ਹਨ ਉਨ੍ਹਾਂ ਨੂੰ ਮਾਲਕ ਕਿਉਂ ਨਹੀਂ ਮਿਲਦਾ? ਪੰਜਾਬੀ ’ਚ ਉਸ ਜਾਨਵਰ ਨੂੰ ‘ਝਾਹ’ ਕਹਿੰਦੇ ਹਨ ਕੋਈ ਕਹਿੰਦਾ ਹੈ

ਕਿ ਕੱਪੜੇ ਪਹਿਨੋ ਹੀ ਨਾ ਤਾਂ ਮਾਲਕ ਮਿਲ ਜਾਏਗਾ ਅਗਰ ਅਜਿਹਾ ਹੁੰਦਾ ਤਾਂ ਪਸ਼ੂਆਂ ਨੇ ਕਿਹੜੀ ਪੈਂਟ-ਸ਼ਰਟ ਪਹਿਨ ਰੱਖੀ ਹੈ ਉਹ ਤਾਂ ਅੱਲ੍ਹਾ, ਰਾਮ ਦੇ ਕੋਲ ਗਏ ਨਹੀਂ ਨਾ ਹੀ ਕਿਸੇ ਇੱਕ ਰੰਗ ਦੇ ਕੱਪੜੇ ਪਹਿਨਣ ਨਾਲ ਭਗਵਾਨ ਮਿਲਦਾ ਹੈ ਅਤੇ ਨਾ ਹੀ ਭਿੰਨ-ਭਿੰਨ ਰੰਗ ਵਾਲੇ ਕੱਪੜੇ ਪਹਿਨਣ ਨਾਲ ਵੱਖ-ਵੱਖ ਰੰਗਾਂ ਦੇ ਕੱਪੜਿਆਂ ਦਾ ਜੋ ਰੁਝਾਨ ਹੈ ਉਹ ਇਸ ਲਈ ਹੈ ਤਾਂ ਕਿ ਉਸ ਪੀਰ-ਫਕੀਰ ਦੇ ਮੁਰੀਦਾਂ ਦੀ ਵੱਖ-ਵੱਖ ਪਹਿਚਾਣ ਹੋਵੇ ਅਤੇ ਉਹ ਸਮਾਜ ’ਚ ਰਹਿੰਦੇ ਹੋਏ ਬੁਰਾਈ ਤੋਂ ਦੂਰ ਰਹਿਣ, ਡਰਦੇ ਰਹਿਣ ਕਿ ਜੇਕਰ ਬੁਰਾ ਕਰਮ ਕਰਾਂਗੇ ਤਾਂ ਲੋਕ ਉਨ੍ਹਾਂ ਨੂੰ ਕੀ ਕਹਿਣਗੇ, ਦੁਤਕਾਰਨਗੇ ਕਿ ਇਸ ਨੇ ਕੱਪੜੇ ਤਾਂ ਫਲਾਂ ਗੁਰੂ ਦੇ ਸ਼ਿਸ਼ ਵਾਲੇ ਪਹਿਨ ਰੱਖੇ ਹਨ ਅਤੇ ਕੰਮ ਬੁਰੇ ਕਰਦਾ ਹੈ ਇਸ ’ਚ ਸੰਤਾਂ ਨੇ ਨਿਸ਼ਾਨੀਆਂ ਦਿੱਤੀਆਂ ਹਨ ਵੱਖ-ਵੱਖ ਧਰਮਾਂ ’ਚ ਵੱਖ-ਵੱਖ ਜਿਵੇਂ ਸਮੇਂ-ਸਮੇਂ ’ਤੇ ਸੰਤ ਆਉਂਦੇ ਰਹੇ ਤਾਂ ਕਿ ਉਸ ਨਿਸ਼ਾਨੀ ਵਾਲੇ ਉਨ੍ਹਾਂ ਦੇ ਸ਼ਿਸ਼ ਸਮਾਜ ’ਚ ਬੁਰੇ ਕੰਮਾਂ ਤੋਂ ਡਰਦੇ ਰਹਿਣ ਪਰ ਅੱਜ ਨਿਸ਼ਾਨੀਆਂ ਵੀ ਸਾਰੀਆਂ ਉਹ ਹੀ ਹਨ,

ਦਿੱਖਣ ’ਚ ਸਭ ਵੈਸਾ ਹੀ ਹੈ ਪਰ ਜ਼ਿਆਦਾ ਲੋਕ ਅਧਰਮ ਦੇ ਕੰਮ ਕਰਦੇ ਨਜ਼ਰ ਆਉਂਦੇ ਹਨ ਤਾਂ ਭਾਈ! ਇਸ ਦਾ ਨਾਂਅ ਕਲਿਯੁਗ ਹੈ ਅਤੇ ਇਸ ’ਚ ਪਾਖੰਡ, ਢੌਂਗ, ਬਹੁਤ ਸਾਰੇ ਅਜਿਹੇ-ਅਜਿਹੇ ਦਿਖਾਵੇ ਹਨ ਜੋ ਦੇਖ ਕੇ ਹੈਰਾਨੀ ਹੁੰਦੀ ਹੈ ਤਾਂ ਭਾਈ! ਇਨ੍ਹਾਂ ਪਾਖੰਡਾਂ ’ਚ ਕੁਝ ਵੀ ਨਹੀਂ ਰੱਖਿਆ ਕਈ ਲੋਕ ਨਕਲ ਕਰਨਾ ਸ਼ੁਰੂ ਕਰ ਦਿੰਦੇ ਹਨ, ਕਈ ਜ਼ਰਾ-ਜ਼ਰਾ ਜਿਹੀ ਗੱਲ ’ਤੇ ਭਰਮ ਪੈਦਾ ਕਰ ਲੈਂਦੇ ਹਨ, ਕਈ ਆਪਣੀ ਸਰੀਰਕ ਸ਼ਕਤੀ ਰਾਹੀਂ ਦੂਜਿਆਂ ਨੂੰ ਭ੍ਰਮਿਤ ਕਰਦੇ ਹਨ, ਜਿਵੇਂ ਅੱਗ ਨੂੰ ਆਪਣੇ ਚਾਰੇਂ ਪਾਸੇ ਕੋਲ-ਕੋਲ ਜਲਾ ਕੇ ਵਿਚਕਾਰ ਬੈਠ ਜਾਣਾ ਦੇਖਣ ਵਾਲਾ ਤਾਂ ਕਹੇਗਾ ਕਿ ਇਹ ਤਾਂ ਬਹੁਤ ਵੱਡਾ ਭਗਤ ਹੈ!

ਇਸ ਨੂੰ ਅੱਗ ਕੁਝ ਵੀ ਨਹੀਂ ਕਹਿ ਰਹੀ! ਇਹ ਕੋਈ ਵੱਡੀ ਗੱਲ ਨਹੀਂ ਹੈ ਆਮ ਆਦਮੀ ਵੀ ਅਜਿਹਾ ਕਰ ਸਕਦਾ ਹੈ ਪਹਿਲਾਂ ਦਸ-ਦਸ ਫੁੱਟ ਦਾ ਅੰਤਰ ਰੱਖ ਕੇ ਦੋ-ਦੋ ਘੰਟੇ ਤੱਕ ਆਰਾਮ ਨਾਲ ਬੈਠ ਸਕਦਾ ਹੈ ਹੌਲੀ-ਹੌਲੀ ਫਾਸਲਾ ਘੱਟ ਕਰਦਾ ਜਾਵੇ ਸਰੀਰ ਦੀ ਸਹਿਣਸ਼ਕਤੀ ਹੌਲੀ-ਹੌਲੀ ਵਧ ਜਾਏਗੀ ਅਤੇ ਇੱਕ ਦਿਨ ਉਹ ਵੀ ਆਪਣੇ ਚਾਰੇ ਪਾਸੇ ਅੱਗ ਨੂੰ ਜਲਾ ਕੇ ਆਰਾਮ ਨਾਲ ਬੈਠ ਸਕੇਗਾ ਅਜਿਹਾ ਹਠ-ਯੋਗੀ ਕਰਦੇ ਹਨ ਪਰ ਇਸ ਨਾਲ ਮਾਲਕ ਨਹੀਂ ਮਿਲਦਾ ਚਮਕਦੇ ਸੂਰਜ ਵੱਲ ਕੋਈ ਦੇਖੇ ਤਾਂ ਝਟ ਦੇਣੇ ਅੱਖਾਂ ’ਚੋਂ ਪਾਣੀ ਆਉਣ ਲੱਗਦਾ ਹੈ, ਦੇਖਿਆ ਨਹੀਂ ਜਾਂਦਾ ਪਰ ਕਈ ਲੋਕ ਤਿੰਨ-ਤਿੰਨ, ਚਾਰ-ਚਾਰ ਘੰਟੇ ਲਗਾਤਾਰ ਸੂਰਜ ਨੂੰ ਦੇਖਦੇ ਰਹਿੰਦੇ ਹਨ

ਉਨ੍ਹਾਂ ਦਾ ਵੀ ਇਹੀ ਅਭਿਆਸ ਹੋ ਜਾਂਦਾ ਹੈ ‘‘ਕਰਤ-ਕਰਤ ਅਭਿਆਸ ਕੇ ਜੜਮਤਿ ਹੋਤ ਸੁਜਾਨ’’ ਕੋਈ ਠੰਡੇ ਪਾਣੀ ’ਚ ਬੈਠਣਾ ਸ਼ੁਰੂ ਕਰ ਦੇਵੇ ਤਾਂ ਅਭਿਆਸ ਨਾਲ ਉਹ ਬਰਫ਼ ’ਚ ਵੀ ਲੇਟ ਸਕਦਾ ਹੈ ਈਸ਼ਵਰ ਨੇ ਇਹ ਕਮਾਲ ਦਾ ਸਰੀਰ ਦਿੱਤਾ ਹੈ! ਤਾਂ ਭਾਈ! ਇਸ ’ਚ ਕੋਈ ਅਲੱਗ ਗੱਲ ਨਹੀਂ ਹੈ ਕਬੀਰ ਜੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਕੋਈ ਹਵਾ ’ਚ ਉੱਡਣ ਲੱਗੇ ਤਾਂ ਵੀ ਨਹੀਂ ਮੰਨਾਂਗਾ, ਕੋਈ ਸਰੀਰ ਬਦਲ ਲਵੇ ਤਾਂ ਵੀ ਨਹੀਂ ਮੰਨਾਂਗਾ, ਕੋਈ ਅਲੋਪ ਹੋ ਜਾਵੇ ਅਤੇ ਫਿਰ ਪ੍ਰਗਟ ਹੋ ਜਾਵੇ ਤਾਂ ਵੀ ਨਹੀਂ ਮੰਨਾਂਗਾ ਮੰਨਾਂਗਾ ਉਦੋਂ, ਜਦੋਂ ਅੱਲ੍ਹਾ, ਰਾਮ ਨੂੰ ਪਾ ਜਾਵੇ ਅਤੇ ਬਾਕੀ ਸਭ ਟਰਿੱਕ ਹਨ, ਥੋੜ੍ਹੀ-ਬਹੁਤ ਹੱਥ ਦੀ ਸਫਾਈ, ਥੋੜ੍ਹੀ ਮਿਹਨਤ, ਟਰਿੱਕਬਾਜ਼ੀ ਅਤੇ ਕੁਝ ਰਿੱਧੀ-ਸਿੱਧੀਆਂ ਦਾ ਕਮਾਲ ਹੁੰਦਾ ਹੈ ਅੱਜ ਦੇ ਜ਼ਿਆਦਾ ਲੋਕ ਵਿਗਿਆਨ ਦਾ ਸਹਾਰਾ ਲੈਂਦੇ ਹਨ ਵਿਗਿਆਨ ’ਚ ਬਹੁਤ ਕੁਝ ਅਜਿਹਾ ਹੈ

ਜੋ ਆਮ ਆਦਮੀ ਦੀ ਨਾੱਲੇਜ (ਜਾਣਕਾਰੀ) ’ਚ ਨਹੀਂ ਹੁੰਦਾ, ਉਸ ਦੀ ਵਰਤੋਂ ਕਰਕੇ ਲੋਕਾਂ ਨੂੰ ਭਰਮਾਉਂਦੇ ਰਹਿੰਦੇ ਹਨ ਤਾਂ ਭਾਈ! ਇਨ੍ਹਾਂ ਪਾਖੰਡਾਂ ’ਚ, ਦਿਖਾਵਿਆਂ ’ਚ ਨਾ ਪਓ
ਛੱਡ ਝੂਠੇ ਸੌਦੇ ਜੀ,
ਸੌਦਾ ਸੱਚ ਦਾ ਭਾਈ ਕਰਨਾ
ਸਭ ਨਾਲ ਪ੍ਰੇਮ ਹੈ ਕਰਨਾ,
ਹਰ ਵੇਲੇ ਰੱਬ ਤੋਂ ਡਰਨਾ,
ਘੱਟ ਵੱਧ ਤੋਲੀਂ ਨਾ
ਇਸ ਬਾਰੇ ’ਚ ਲਿਖਿਆ-ਦੱਸਿਆ ਹੈ:-

ਹੈ ਭੀ ਵਿਸਾਹ ਕੀ ਇਸ ਜਿੰਦਗੀ ਦਾ, ਬੈਠਾ ਨਾ ਕਰ ਸੋਚ ਵਿਚਾਰ ਬੰਦੇ
ਪਤਾ ਨਹੀਂ ਸਵਾਸ ਆਏ ਕਿ ਨਾ ਆਏ, ਇਸ ਸਵਾਸ ਦਾ ਕੀ ਇਤਬਾਰ ਬੰਦੇ
ਝੂਠੇ ਧੰਦਿਆਂ ਵਿੱਚ ਗੁਲਤਾਨ ਹੋਕੇ, ਰਿਹਾ ਕੀਮਤੀ ਸਮਾਂ ਗੁਜਾਰ ਬੰਦੇ
ਸਭ ਛੱਡਕੇ ਝੂਠੇ ਧੰਦਿਆਂ ਨੂੰ, ਕਰ ਲੈ ਸੱਚ ਦਾ ਵਣਜ ਵਪਾਰ ਬੰਦੇ

ਅੱਜ ਇਨਸਾਨ ਝੂਠ ’ਚ ਜ਼ਿਆਦਾ ਫਸਿਆ ਹੋਇਆ ਹੈ ਚਾਰੇ ਪਾਸੇ ਝੂਠ ਦਾ ਬੋਲਬਾਲਾ ਹੈ ਸੱਚੀ ਗੱਲ ਬੁਰੀ ਲੱਗਦੀ ਹੈ ਅਤੇ ਝੂਠਾ ਆਦਮੀ ਇਸ ਕਾਲ ਦੇ ਦੇਸ਼ ’ਚ ਕਾਫ਼ੀ ਅੱਗੇ ਵੱਧਦਾ ਹੈ ਜਿੰਨਾ ਹੀ ਕੋਈ ਜ਼ਿਆਦਾ ਝੂਠ ਬੋਲਦਾ ਹੈ, ਓਨਾ ਹੀ ਉਹ ਅੱਗੇ ਵਧਦਾ ਹੈ ਕਈ ਸੱਜਣ ਸਾਨੂੰ ਮਿਲੇ, ਕਹਿਣ ਲੱਗੇ ਕਿ ਅਸੀਂ ਸਮਾਜ ’ਚ ਬਹੁਤ ਝੂਠ ਬੋਲਦੇ ਹਾਂ ਪਰ ਮਹਾਰਾਜ ਜੀ! ਜਦੋਂ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਤਾਂ ਸਾਨੂੰ ਲੱਭ ਕੇ ਸੱਚ ਬੋਲਣਾ ਪੈਂਦਾ ਹੈ ਪਰ ਇਹ ਦੇਖਿਆ ਹੈ ਸਾਰੇ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਸਿਰਫ ਝੂਠ ਬੋਲਣਾ ਹੀ ਨਹੀਂ, ਬਲਕਿ ਝੂਠ ਦਾ ਵਿਹਾਰ ਵੀ ਕਰਦੇ ਹਨ, ਝੂਠ ਹੀ ਇਕੱਠਾ ਕਰਦੇ ਹਨ ਝੂਠਾ ਵਿਹਾਰ ਕਰਨ ਨੂੰ ਹੀ ਇੱਥੇ ਝੂਠ ਕਿਹਾ ਗਿਆ ਹੈ ਕਿ ਉਹ ਪਦਾਰਥ ਜੋ ਨਾਲ ਜਾਣ ਵਾਲੇ ਨਹੀਂ ਹਨ ਉਨ੍ਹਾਂ ਲਈ ਕਿਸੇ ਨੂੰ ਤੜਫਾਉਣਾ ਬੇਈਮਾਨੀ ਕਰਨਾ, ਦੁੱਖ ਪਹੁੰਚਾਉਣਾ ਸਭ ਦੇ ਸਭ ਝੂਠ ਦੇ ਸੌਦੇ ਹਨ

ਇੱਥੇ ਰਹਿੰਦੇ ਹੋਏ ਤੁਹਾਡੀ ਬਾਡੀ (ਸਰੀਰ) ਕਰਮ ਭੂਮੀ ਹੈ ਅਤੇ ਤੁਸੀਂ ਕਰਮ ਯੋਧਾ ਹੋ ਤੁਸੀਂ ਸ਼ੂਰਵੀਰ ਬਣੋ ਅਤੇ ਬੁਰਾਈਆਂ ਨਾਲ ਲੜੋ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਸੰਘਰਸ਼ ਸ਼ੁਰੂ ਕਰੋ ਅਤੇ ਫਿਰ ਤੁਸੀਂ ਰਾਮ-ਨਾਮ ਦਾ ਬੀਜ ਆਪਣੀ ਬਾਡੀ, ਆਪਣੇ ਸਰੀਰ ’ਚ ਪਾਓ ਉਸ ਦਾ ਅਭਿਆਸ-ਸਿਮਰਨ ਕਰੋ ਅੱਧਾ ਘੰਟਾ ਸਵੇਰੇ-ਸ਼ਾਮ ਜਾਂ ਘੰਟਾ ਸਵੇਰੇ-ਸ਼ਾਮ ਫਿਰ ਵੀ 24 ਘੰਟਿਆਂ ’ਚੋਂ 22 ਘੰਟੇ ਬਿਜ਼ਨੈੱਸ, ਵਪਾਰ, ਕੰਮ-ਧੰਦੇ ਲਈ ਤੁਹਾਡੇ ਕੋਲ ਹਨ, ਉੱਧਰ ਲਾਓ ਕੋਈ ਰੋਕਦਾ ਨਹੀਂ ਹੈ ਪਰ ਉਸ ’ਚ ਵੀ ਝੂਠ ਨਹੀਂ ਬੋਲਣਾ, ਝੂਠਾ ਵਿਹਾਰ ਨਹੀਂ ਕਰਨਾ, ਕਿਸੇ ਨੂੰ ਤੜਫਾਉਣਾ, ਸਤਾਉਣਾ ਨਹੀਂ, ਕਿਸੇ ਨੂੰ ਬੁਰਾ ਨਾ ਬੋਲੋ ਕਿਉਂਕਿ ਅਜਿਹਾ ਕਰਨਾ ਇਨਸਾਨੀਅਤ, ਮਾਨਵਤਾ ਦੇ ਖਿਲਾਫ਼ ਹੈ

ਤਾਂ ਭਾਈ! ਅੱਜ ਝੂਠ ਦੇ ਸੌਦੇ ਬਹੁਤ ਹੋ ਗਏ ਹਨ ਬਿਜ਼ਨੈੱਸ-ਵਪਾਰ ਕਰਦੇ ਹਨ ਉਸ ’ਚ ਵੀ ਝੂਠ, ਇਸੇ ਤਰ੍ਹਾਂ ਕੋਈ ਵੀ ਗੱਲ ਨੂੰ ਦੇਖ ਲਓ ਝੂਠ ਸਭ ਪਾਸੇ ਨਜ਼ਰ ਆਉਂਦਾ ਹੈ ਲੋਕ ਵਿਆਹ-ਸ਼ਾਦੀ ’ਚ ਬਹੁਤ ਕੁਝ ਮੰਗਦੇ ਹਨ ਪਿੰਡਾਂ ’ਚ ਆਮ ਸਿੱਧਾ ਜਿਹਾ ਕਹਿ ਦਿੰਦੇ ਹਨ ਕਿ ਏਨੇ ਮੁਰੱਬੇ ਹਨ, ਏਨੇ ਏਕੜ ਜ਼ਮੀਨ ਹੈ, ਜਿਵੇਂ ਵੀ ਕਿਸੇ ਦਾ ਅੰਦਾਜ ਹੈ, ਇਸ ਨਾਲੋਂ ਅੱਧੀ ਜ਼ਮੀਨ ਵਾਲਿਆਂ ਨੂੰ ਕਾਰ ਮਿਲੀ ਹੈ, ਹੁਣ ਤੁਸੀਂ ਅੰਦਾਜ਼ਾ ਲਾ ਲਓ ਦੱਸੋ ਕਿੰਨੇ ਲੱਖ? ਦਸ ਲੱਖ, ਪੰਦਰ੍ਹਾਂ ਲੱਖ ਅਤੇ ਜੋ, ਜੋ ਅਮੀਰ ਹਨ ਉਨ੍ਹਾਂ ਦੀ ਹੋਰ ਆੱਫਰ ਵਧ ਜਾਂਦੀ ਹੈ ਅਸੀਂ ਖੁਦ ਆਪਣੇ ਕੰਨਾਂ ਨਾਲ ਸੁਣਿਆ ਹੈ, ਇੱਕ ਕਰੋੜ, ਡੇਢ ਕਰੋੜ ਰੁਪਇਆ ਦਿਓ ਤਾਂ ਉਹ ਸ਼ਾਦੀ ਲਈ ਤਿਆਰ ਹਨ ਤਾਂ ਭਾਈ! ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਬੇਟੇ ਨੂੰ ਇੱਕ ਵਸਤੂ, ਪਦਾਰਥ ਬਣਾ ਦਿੱਤਾ ਕਿ ਏਨੇ ’ਚ ਖਰੀਦ ਲਓ ਅਤੇ ਜੋ ਪੜ੍ਹੇ-ਲਿਖੇ ਹਨ, ਹਾਈ ਸਟੈਂਡਰਡ ਦੇ ਹਨ, ਉਹ ਅਜਿਹਾ ਨਹੀਂ ਬੋਲਦੇ ਲੜਕੀ ਵਾਲਿਆਂ ਨੂੰ ਘਰ ਲੈ ਕੇ ਜਾਣਗੇ,

ਆਓ ਜੀ ਚਾਹ-ਪਾਣੀ ਤਾਂ ਪੀਓ ਬੈਠ ਕੇ ਗੱਲਾਂ ਕਰਦੇ ਹਾਂ ਦੇਖੋ ਜੀ! ਸਾਡਾ ਬੇਟਾ ਨਰਸਰੀ ਤੋਂ ਲੈ ਕੇ ਹੁਣ ਤੱਕ ਕਾਨਵੈਂਟ ਸਕੂਲ ’ਚ ਪੜਿ੍ਹਆ ਹੈ ਤੁਸੀਂ ਜਾਣਦੇ ਹੋ ਕਿਸੇ ਛੋਟੇ-ਮੋਟੇ ’ਚ ਨਹੀਂ, ਪਹਾੜੀ ਇਲਾਕਿਆਂ ’ਚ, ਉੱਧਰ ਉਸ ਸਾਈਡ ’ਚ! ਤਾਂ ਉਸ ਦਾ ਖਰਚਾ ਏਨਾ ਆਇਆ ਹੈ ਫਿਰ ਨੌਕਰੀ ’ਚ ਲਾਉਣਾ ਪਿਆ ਤੁਸੀਂ ਜਾਣਦੇ ਹੀ ਹੋ ਕਿ ਨੌਕਰੀ ਕਿੱਥੇ ਵੈਸੇ ਹੀ ਲੱਗ ਜਾਂਦੀ ਹੈ? ਤਾਂ ਕੁੱਲ ਮਿਲਾ ਕੇ ਏਨਾ ਪੈਸਾ ਹੋ ਗਿਆ! ਇਹ ਤਾਂ ਸਾਡਾ ਮੂਲ ਹੈ, ਵਿਆਜ ਦੀ ਤੁਸੀਂ ਸੋਚ ਲੈਣਾ ਅਤੇ ਲੜਕੀ ਸਾਨੂੰ ਦੇ ਦੇਣਾ ਮੰਗਿਆ ਤਾਂ ਹੈ ਪਰ ਥੋੜ੍ਹਾ ਵਲ (ਟੇਢ ਨਾਲ) ਪਾ ਕੇ ਤਾਂ ਭਾਈ, ਅਜਿਹਾ ਮੰਗਣ ਵਾਲਾ ਕੋਈ ਸੱਜਣ ਜੇਕਰ ਇੱਧਰ ਬੈਠਾ ਹੈ ਤਾਂ ਸ਼ਰਮ ਕਰਨਾ ਥੋੜ੍ਹੀ ਜੀ ਭਾਈ, ਗੁੱਸਾ ਨਾ ਕਰਨਾ ਹਾਂ, ਜੇਕਰ ਤੁਸੀਂ ਅਜਿਹਾ ਮੰੰਗਣਾ ਚਾਹੁੰਦੇ ਹੋ ਤਾਂ ਤਰੀਕਾ ਅਸੀਂ ਦੱਸਦੇ ਹਾਂ ਕਿ ਇੱਕ ਵੱਡਾ ਜਿਹਾ ਸਟੇਜ ਲਗਵਾ ਲਓ ਜਿਵੇਂ ਹਿੰਦੂ ਧਰਮ ’ਚ ਪਹਿਲਾਂ ਸਵੰਬਰ ਹੋਇਆ ਕਰਦਾ ਸੀ ਉੱਥੇ ਲੜਕੇ ਆ ਜਾਂਦੇ ਸਨ ਅਤੇ ਲੜਕੀ ਵਰਮਾਲਾ ਲੈ ਕੇ ਘੁੰਮਦੀ ਸੀ

ਪਰ ਉਹ ਸਵੰਬਰ ਤਾਂ ਹੁਣ ਚੰਗਾ ਨਹੀਂ ਲੱਗੇਗਾ ਅੱਜ ਦੇ ਯੁੱਗ ’ਚ ਉਸ ਨੂੰ ਮੇਲਾ ਕਹਿ ਦਿੰਦੇ ਹਨ ਕਿ ਸ਼ਾਦੀ ਦਾ ਮੇਲਾ ਲੱਗਿਆ ਹੋਵੇ, ਲੜਕੇ ਇੱਕ ਉੱਚੇ ਮੰਚ ’ਤੇ ਖੜ੍ਹੇ ਹੋਣ ਅਤੇ ਉਨ੍ਹਾਂ ਦੇ ਗਲੇ ’ਚ ਫੱਟੀ ਪਾਈ ਹੋਵੇ ਜਿਸ ’ਤੇ ਉਸ ਦੀ ਕੀਮਤ ਲਿਖੀ ਹੋਵੇ ਕਿ ਇਹ ਦਸ ਹਜ਼ਾਰ ਵਾਲਾ ਹੈ, ਇਹ ਪੰਜਾਹ ਹਜ਼ਾਰ ਵਾਲਾ ਹੈ, ਇਹ ਪੰਜ ਲੱਖ ਵਾਲਾ ਹੈ, ਇਹ ਦਸ ਲੱਖ ਵਾਲਾ ਤਾਂ ਕਿ ਲੜਕੀ ਦੇ ਬਾਪ ਨੂੰ ਖਰੀਦਣਾ ਆਸਾਨ ਹੋ ਜਾਵੇ ਕਿ ਕਿਹੜਾ ਵਾਲਾ ਆਈਟਮ ਲੈਣਾ ਹੈ ਲੜਕਾ ਥੋੜ੍ਹਾ ਹੀ ਹੈ ਉਹ ਤਾਂ ਆਈਟਮ, ਗੁੱਡਾ ਹੈ, ਇੱਕ ਚੱਲਦਾ-ਫਿਰਦਾ ਗੁੱਡਾ ਸ਼ਰਮ ਨਹੀਂ ਆਉਂਦੀ ਇੰਝ ਲੈਂਦੇ ਹੋਏ ਨਿਚੋੜ ਦਿੰਦੇ ਹਨ ਅਗਲੇ ਨੂੰ ਤਾਂ ਭਾਈ! ਬੇਪਰਵਾਹ ਜੀ ਨੇ ਇਸ ਬਾਰੇ ’ਚ ਬਹੁਤ ਵਾਰ ਜੋਰ ਦਿੱਤਾ, ਕਈਆਂ ਨੇ ਹੱਥ ਵੀ ਖੜ੍ਹੇ ਕੀਤੇ ਸਨ, ਪਰ ਉਹ ਹੀ ਢੀਠ ਦੇ ਢੀਠ! ਹੱਥ ਖੜ੍ਹੇ ਕੀਤੇ ਕਿ ਅਸੀਂ ਬਚਨਾਂ ’ਤੇ ਪੱਕੇ ਰਹਾਂਗੇ ਅਸੀਂ ਨਹੀਂ ਲਵਾਂਗੇ ਪਰ ਬੈਠੇ-ਬਿਠਾਏ ਹੀ ਦੌਲਤ ਆ ਜਾਵੇ ਬੰਡਲ ਦੇ ਬੰਡਲ ਨਾ ਮਿਹਨਤ ਕੀਤੀ,

ਨਾ ਕੁਛ ਹੋਰ, ਹੋਰ ਕੀ ਚਾਹੀਦੈ! ਸਭ ਕੁਝ ਕਰ-ਕਰਾ ਕੇ ਵੀ ਵੈਸਾ ਹੀ ਕਰਦੇ ਹਨ (ਉਕਤ ਅਨੁਸਾਰ ਮੰਗ ਕਰ ਲੈਂਦੇ ਹਨ) ਨਾ ਮਿਹਨਤ ਕੀਤੀ ਵਿਚਾਰੇ ਤੜਫਦੇ ਹਨ, ਆਇਆ ਨਹੀਂ ਕਿਉਂ ਨਹੀਂ ਆਇਆ? ਏਨਾ ਮਿਲਣਾ ਚਾਹੀਦੈ, ਓਨਾ ਮਿਲਣਾ ਚਾਹੀਦੈ, ਅਰੇ! ਸ਼ਰਮ ਕਰੋ, ਸ਼ਰਮ! ਇਹ ਬਿਜ਼ਨੈੱਸ ਤਾਂ ਨਾ ਕਰੋ ਇਸ ਤਰ੍ਹਾਂ ਨਾਲ ਹਾਰਾਮ ਦੀ ਖਾਣ ਦੀ ਹੋਰ ਆਦਤ ਪੈ ਜਾਂਦੀ ਹੈ ਕੰਮ ਤਾਂ ਕਰ ਨਹੀਂ ਪਾਉਂਦਾ ਅਤੇ ਉਹ ਨੋਟ ਕਿੰਨੀ ਦੇਰ ਟਿਕਣਗੇ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਅਤੇ ਫਿਰ ਤੁਹਾਡੀ ਡਿਮਾਂਡ ਸ਼ੁਰੂ ਹੋ ਜਾਏਗੀ ਤਾਂ ਇਸ ਤਰ੍ਹਾਂ ਝੂਠੇ ਸੌਦੇ ਸਮਾਜ ’ਚ ਵਧਦੇ ਜਾ ਰਹੇ ਹਨ ਆਪਣਾ ਕੰਮ ਕਰਕੇ ਖਾਓ ਉਸ ’ਚ ਮਜ਼ਾ ਅਲੱਗ ਹੈ, ਨਾ ਸਿਰ ਝੁਕਾਉਣਾ ਪਵੇ, ਨਾ ਕਿਸੇ ਦਾ ਕੁਝ ਸੁਣਨਾ ਪਵੇ ਅਤੇ ਉਸ ’ਚ ਜੋ ਆਨੰਦ, ਜੋ ਖੁਸ਼ੀ, ਲੱਜ਼ਤ ਹੈ ਉਹ ਕਹਿਣ ਸੁਣਨ ਤੋਂ ਪਰ੍ਹੇ ਹੈ ਅਸੀਂ ਤਾਂ ਭਾਈ ਸਿੱਖਿਆ ਦੇਣੀ ਹੈ, ਦੱਸਣਾ ਹੈ, ਮੰੰਨਣਾ, ਨਾ ਮੰਨਣਾ ਤੁਹਾਡੀ ਮਰਜ਼ੀ ਹੈ

ਕਈ ਸੱਜਣਾਂ ਨੇ ਕਿਹਾ ਗੁਰੂ ਜੀ! ਸਤਿਸੰਗ ਅਸੀਂ ਸੁਣਿਆ, ਟੈਲੀਵੀਜ਼ਨਾਂ ’ਤੇ ਸੁਣਿਆ, ਬਹੁਤ ਸਟੇਟਾਂ ’ਚ, ਜਿਵੇਂ ਆਮ ਸੁਣਨ ’ਚ ਆਉਂਦਾ ਹੈ, ਲੋਕ ਦੱਸਦੇ ਹਨ, ਕਹਿੰਦੇ, ਜੀ ਹਾਂ ਸੁਣਦੇ ਹਾਂ ਪਰ ਤੁਸੀਂ ਇੱਕ ਗੱਲ ਵਾਰ-ਵਾਰ ਕਿਉਂ ਕਹਿੰਦੇ ਹੋ? ਅਸੀਂ ਕਿਹਾ ਕਿ ਕਿਹੜੀ ਵਾਲੀ? ਕਹਿੰਦੇ ਮਿਹਨਤ ਕਰਕੇ ਖਾਇਆ ਕਰੋ ਵਾਲੀ, ਹੱਕ-ਹਲਾਲ ਦੀ ਕਰਕੇ ਖਾਇਆ ਕਰੋ ਵਾਲੀ, ਤੁਹਾਡੇ ਸਤਿਸੰਗ ਦੇ ਹਰ ਐਪੀਸੋਡ ’ਚ ਲਗਭਗ ਹੁੰਦਾ ਹੈ, ਕਹਿੰਦੇ ਅਜਿਹਾ ਕਿਉਂ? ਅਸੀਂ ਕਿਹਾ, ਪੱਕਾ ਸੁਣੋਗੇ? ਕਹਿੰਦੇ ਹਾਂ ਜੀ ਅਸੀਂ ਕਿਹਾ ਕਿ ਲੋਕ ਏਨੇ ਬੇਸ਼ਰਮ ਹੋ ਗਏ ਹਨ ਕਿ ਏਨੇ ਵਾਰ ਯਾਦ ਕਰਾਉਣ ਦੇ ਬਾਵਜ਼ੂਦ ਵੀ ਨਹੀਂ ਹਟਦੇ ਇੱਕ ਵਾਰ ਦਾ ਕਹਿਣ ਦਾ ਉਨ੍ਹਾਂ ’ਤੇ ਕੀ ਅਸਰ ਹੋਵੇਗਾ? ਵਾਰ-ਵਾਰ ਕਹਿੰਦੇ ਹਾਂ ਫਿਰ ਵੀ ਢੀਠ ਦੇ ਢੀਠ ਕਹਿੰਦੇ ਕੀ ਹਨ ਹੋਰ ਕਈ ਤਾਂ ਟੀਵੀ ਬੰਦ ਕਰ ਦਿੰਦੇ ਹਨ ਕਿ ਮਹਾਰਾਜ ਜੀ ਉਹ ਹੀ ਸੁਣਾਉਣਗੇ ਕਿਉਂ ਕੌੜਾ ਲਗਦਾ ਹੈ ਕਿ? ਛੱਡਦਾ ਕਿਉਂ ਨਹੀਂ, ਗਲਤ ਕਹਿੰਦੇ ਹਾਂ ਤਾਂ ਦੱਸੋ? ਤਾਂ ਉਹ ਮੰਨ ਗਏ ਕਹਿੰਦੇ, ਗੁਰੂ ਜੀ! ਬਿਲਕੁੱਲ ਸੱਚ ਹੈ, ਹੁਣ ਸਾਨੂੰ ਪਤਾ ਚੱਲਿਆ ਕਿ ਵਾਰ-ਵਾਰ ਕਿਉਂ ਕਹਿੰਦੇ ਹੋ? ਤਾਂ ਭਾਈ! ਸੰਤ, ਪੀਰ-ਫਕੀਰ ਗੱਲ ਨੂੰ ਉਦੋਂ ਰਿਪੀਟ ਕਰਦੇ ਹਨ

ਜਦੋਂ ਲੋਕ ਨਹੀਂ ਮੰਨਦੇ, ਉਦੋਂ ਵਾਰ-ਵਾਰ ਕਹਿੰਦੇ ਹਾਂ ਭਾਈ ਕਿ ਸਾਰਿਆਂ ਨੂੰ ਸ਼ਰਮ ਆਏਗੀ ਤੁਹਾਨੂੰ ਸ਼ਰਮ ਆਏ ਨਾ ਆਏ ਭਾਈ ਤੁਹਾਡੀ ਮਰਜ਼ੀ, ਪਰ ਅਸੀਂ ਤਾਂ ਤੁਹਾਨੂੰ ਦੱਸਿਆ ਹੈ ਕਿ ਇਹ ਬੁਰਾਈਆਂ ਹਨ, ਗਲਤ ਹੈ, ਇਹ ਕੰਮ ਨਾ ਕਰਿਆ ਕਰੋ, ਅੱਗੇ ਤੁਸੀਂ ਜਾਣੋ ਤੁਹਾਡਾ ਮਾਲਕ ਜਾਣੇ ਸੰਤ, ਪੀਰ-ਫਕੀਰਾਂ ਦਾ ਕੰਮ ਤਾਂ ਦੱਸਣਾ ਹੈ ਉਹ ਕੌੜਾ ਲੱਗੇ, ਮਿੱਠਾ ਲੱਗੇ ਜਾਂ ਨਮਕੀਨ ਲੱਗੇ ਵੈਸੇ ਸੰਤਾਂ ਦੀ ਗੱਲ ਕੌੜੀ ਜ਼ਿਆਦਾ ਲੱਗਦੀ ਹੈ, ਮਿੱਠੀ ਤਾਂ ਘੱਟ ਹੀ ਲੱਗਦੀ ਹੈ ਮਿੱਠੀ ਤਾਂ ਮਨ ਦੀ ਗੱਲ ਲੱਗਦੀ ਹੈ ਅਤੇ ਅਗਰ ਮਨ ਦੀ ਗੱਲ ਪੂਰੀ ਨਹੀਂ ਹੋਈ ਤਾਂ ਕੌੜੀ ਹੈ

ਕਈ ਲੋਕ ਸਾਨੂੰ ਕਹਿੰਦੇ ਹਨ, ਗੁਰੂ ਜੀ, ਬਚਨ ਕਰੋ ਅਸੀਂ ਕਿਹਾ ਭਾਈ ਬਚਨ ਕਿਵੇਂ, ਕੋਈ ਗੱਲ ਹੈ, ਸਲਾਹ ਲੈ ਲਓ ਅਗਰ ਕੋਈ ਲੈਣਾ ਚਾਹੁੰਦੇ ਹੋ ਕਈ ਲੋਕ ਆਉਂਦੇ ਹਨ ਪੁੱਛਦੇ ਹਨ, ਬਹੁਤ ਤਰ੍ਹਾਂ ਦੀ ਸਲਾਹ ਲੈਂਦੇ ਹਨ ਕੋਈ ਗੱਡੀ ਦੀ ਸਲਾਹ ਲੈਂਦਾ ਹੈ, ਕੋਈ ਟਰੈਕਟਰ ਦੀ ਸਲਾਹ ਲੈਂਦਾ ਹੈ, ਕਈ ਤਾਂ ਕਹਿਣਗੇ ਮਹਾਰਾਜ ਜੀ, ਤੁਸੀਂ ਦੱਸੋ ਕਿਹੜਾ ਕੰਮ ਕਰੀਏ ਅਸੀਂ ਕਿਹਾ, ਭਾਈ! ਜਿਸ ਕੰਮ ਦਾ ਤਜ਼ਰਬਾ ਹੈ ਉਹ ਕੰਮ ਕਰ ਲੈਣਾ ਉਹ ਕਹਿੰਦੇ, ਨਹੀਂ ਜੀ, ਤੁਸੀਂ ਦੱਸੋ ਅਸੀਂ ਕਿਹਾ, ਭਾਈ ਅਸੀਂ ਤਾਂ ਕਹਿ ਦੇਵਾਂਗੇ ਕੰਪਿਊਟਰ ਇੰਜੀਨੀਅਰ ਬਣ ਜਾ ਅਤੇ ਤੂੰ ਪੜਿ੍ਹਆ ਹੈਂ ਦਸ ਜਮਾਤਾਂ, ਤਾਂ ਦੱਸ ਕਿਵੇਂ ਕਰੇਂਗਾ? ਕਹਿੰਦਾ, ਹਾਂ, ਇਹ ਤਾਂ ਠੀਕ ਹੈ ਤਾਂ ਫਿਰ ਤੂੰ ਦੱਸ ਭਾਈ! ਕਈ ਦੱਸ ਦਿੰਦੇ ਹਨ ਅਤੇ ਕਈ ਤਾਂ ਜ਼ਿਦ ਹੀ ਫੜ ਲੈਂਦੇ ਹਨ ਇਸੇ ਤਰ੍ਹਾਂ ਇੱਕ ਸੱਜਣ ਆਏ, ਤੁਹਾਨੂੰ ਪਹਿਲਾਂ ਵੀ ਕਈ ਵਾਰ ਸੁਣਾਈ ਹੈ

ਇਹ ਗੱਲ ਕਹਿਣ ਲੱਗਿਆ, ਮਹਾਰਾਜ ਜੀ ਕੋਈ ਟਰੈਕਟਰ ਲੈਣਾ ਹੈ, ਕਿਹੜਾ ਲਵਾਂ? ਅਸੀਂ ਕਿਹਾ, ਜੋ ਤੁਹਾਨੂੰ ਚੰਗਾ ਲੱਗਦਾ ਹੈ ਕਹਿੰਦੇ ਨਹੀਂ-ਨਹੀਂ, ਜੋ ਤੁਸੀਂ ਦੱਸੋ ਤਾਂ ਸਾਨੂੰ ਤਜ਼ਰਬਾ ਹੈ, ਖੁਦ ਵੀ ਕਰਦੇ ਰਹੇ ਖੇਤੀ, ਬਹੁਤ ਚਲਾਉਂਦੇ ਰਹੇ ਟਰੈਕਟਰ ਦਿਨ-ਰਾਤ ਵੀ ਚਲਾਉਂਦੇ ਰਹੇ ਤਾਂ ਅਸੀਂ ਕਿਹਾ ਭਾਈ, ਕਿੰਨੀ ਜ਼ਮੀਨ ਹੈ? ਥੋੜ੍ਹੀ ਜ਼ਮੀਨ ਸੀ ਅਸੀਂ ਕਿਹਾ ਆਈਸ਼ਰ ਠੀਕ ਰਹੇਗਾ, ਕਿਉਂ, ਡੀਜ਼ਲ ਘੱਟ ਖਾਂਦਾ ਹੈ, ਪੈਸੇ ਵੀ ਘੱਟ ਲੱਗਣਗੇ, ਤੁਸੀਂ ਲੈ ਆਓ, ਖਰਚਾ ਵੀ ਘੱਟ ਹੈ, ਜ਼ਮੀਨ ਥੋੜ੍ਹੀ ਜਿਹੀ ਹੈ ਤਾਂ ਤੁਹਾਨੂੰ ਠੀਕ ਰਹੇਗਾ ਕਹਿੰਦਾ ਉਹ ਗੱਲ ਤਾਂ ਠੀਕ ਹੈ ਗੁਰੂ ਜੀ ਅਗਰ ਹਿੰਦੁਸਤਾਨ ਲੈ ਲਵਾਂ ਤਾਂ ਕਿਵੇਂ ਰਹੇਗਾ? ਅਸੀਂ ਕਿਹਾ, ਆਈਸ਼ਰ ਵਧੀਆ ਹੈ ਤੇਰੇ ਹਿਸਾਬ ਨਾਲ ਕਹਿੰਦਾ ਨਹੀਂ, ਉਹ ਤਾਂ ਠੀਕ ਹੈ ਅਗਰ ਹਿੰਦੁਸਤਾਨ ਲੈ ਲਵਾਂ ਤਾਂ ਅਸੀਂ ਕਿਹਾ ਲੈ ਲੈ, ਫਿਰ ਪੁੱਛਿਆ ਕਿਉਂ? ਅੱਜ ਲੋਕਾਂ ਦਾ ਖਿਆਲ ਕੀ ਹੈ

ਕਿ ਗੱਲ ਗੁਰੂ ਜੀ ਸਾਡੇ ਵਾਲੀ ਕਹਿਣ, ਠੱਪਾ, ਮੋਹਰ ਗੁਰੂ ਜੀ ਦਾ ਉੱਪਰ ਲੱਗਿਆ ਹੋਵੇ ਕਿ ਅਸੀਂ ਬਚਨ ਕਰਵਾਏ ਹਨ ਬਚਨਾਂ ਨੂੰ ਕੱਟਣਗੇ, ਤੋੜਨਗੇ, ਮਰੋੜਨਗੇ ਕਿ ਕਿਸੇ ਤਰ੍ਹਾਂ ਨਾਲ ਆਪਣੇ ਵਾਲੀ ਲਾਈਨ ’ਤੇ ਗੱਡੀ ਚੱਲ ਪਵੇ ਨਾ, ਫਿਰ ਵਧੀਆ ਹੈ ਤਾਂ ਭਾਈ ਫਕੀਰ ਨੂੰ ਤਾਂ

ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ

ਜੈਸਾ ਸਤਿਗੁਰੂ ਮੁਰਸ਼ਿਦ ਦਾ ਖਿਆਲ ਆ ਗਿਆ ਉਹ ਤੁਹਾਡੀ ਸੇਵਾ ’ਚ ਅਰਜ਼ ਕਰ ਦਿੱਤਾ ਕਰਨ ਵਾਲਾ ਸਤਿਗੁਰੂ, ਵਾਹਿਗੁਰੂ, ਅੱਲ੍ਹਾ, ਰਾਮ ਹੈ ਦੇਣਾ ਤਾਂ ਉਸ ਨੇ ਹੈ ਸਭ ਕੁਝ ਅਸੀਂ ਤਾਂ ਤੁਹਾਨੂੰ ਅਰਜ਼ ਕਰਨੀ ਹੈ ਤਾਂ ਭਾਈ ਇਹੀ ਅਰਜ਼ ਕਰਦੇ ਹਾਂ, ਝੂਠ ਨਾਲ ਨਾਤਾ ਤੋੜੋ ਹਕੀਕਤ ’ਚ ਆਓ, ਹਕੀਕਤ ਦੇ ਧਰਾਤਲ ’ਤੇ ਚੱਲੋਂਗੇ ਤਾਂ ਯਕੀਨਨ ਤੁਸੀਂ ਉਸ ਦੀ ਦਇਆ-ਮਿਹਰ ਦੇ ਕਾਬਲ ਬਣੋਗੇ ਅਤੇ ਇੱਥੇ ਸਵਰਗ ਜੰਨੰਤ ਤੋਂ ਵਧ ਕੇ ਨਜ਼ਾਰੇ ਲੈ ਸਕੋਂਗੇ

ਭਜਨ ਦੇ ਆਖਰ ’ਚ ਆਇਆ:-

‘ਸ਼ਾਹ ਸਤਿਨਾਮ ਜੀ’ ਕਹਿੰਦੇ ਨੇ,
ਰੋਟੀ ਹੱਕ ਹਲਾਲ ਦੀ ਖਾਈਂ
ਨਾ ਦੇਖ ਪਰਾਈ ਚੀਜ਼,
ਨਾ ਆਪਣਾ ਮਨ ਤਰਸਾਈਂ,
ਜ਼ਹਿਰ ਨੂੰ ਘੋਲੀਂ ਨਾ

ਸ਼ਾਹ ਸਤਿਨਾਮ ਜੀ ਮਹਾਰਾਜ ਸੱਚੇ ਮੁਰਸ਼ਿਦੇ ਕਾਮਲ ਸਤਿਗੁਰੂ ਜਿਨ੍ਹਾਂ ਨੇ ਰੂਹਾਨੀਅਤ, ਸੂਫੀਅਤ ਦਾ ਸਾਨੂੰ ਪਾਠ ਪੜ੍ਹਾਇਆ, ਉਹ ਫਰਮਾਉਂਦੇ ਹਨ ਭਜਨ ਦੇ ਆਖਰ ’ਚ ਕਿ ਜਿੱਥੋਂ ਤੱਕ ਹੋ ਸਕੇ ਰੋਟੀ ਹੱਕ-ਹਲਾਲ ਸਖ਼ਤ ਮਿਹਨਤ, ਦੀ ਕਰਕੇ ਖਾਣਾ ਕਿਉਂਕਿ ਉਹ ਮਿਹਨਤ ਦੀ ਰੋਟੀ ਅਗਰ ਖਾਓਗੇ ਤਾਂ ਉਹ ਇੱਕ ਰੁਪਇਆ ਵੀ ਸੌ ਜਿੰਨਾ ਕੰਮ ਕਰ ਜਾਂਦਾ ਹੈ, ਇਹ ਅਸੀਂ ਅਜ਼ਮਾਇਆ ਹੈ, ਅਪਣੇ ਬਿਲਕੁਲ ਅਜ਼ਮਾ ਕੇ ਦੇਖਿਆ ਹੈ ਅਤੇ ਅਗਰ ਕੋਈ ਪੈਸਾ ਦਬਾ ਲੈਂਦਾ ਹੈ ਤਾਂ ਉਹ ਹਜ਼ਮ ਨਹੀਂ ਹੁੰਦਾ, ਕਈ ਗੁਣਾ ਹੋ ਕੇ ਨਿਕਲਦਾ ਹੈ ਹੱਕ-ਹਲਾਲ ਦੀ ਰੋਟੀ ਨਾਲ ਚਿਹਰੇ ’ਤੇ ਨੂਰ ਵੱਖਰਾ ਆਉਂਦਾ ਹੈ ਅਤੇ ਮਾਲਕ ਦੀ ਯਾਦ ਅਲੱਗ ਤੋਂ ਆਉਂਦੀ ਹੈ ਇਸ ਬਾਰੇ ਲਿਖਿਆ, ਦੱਸਿਆ ਹੈ:-

ਸ਼ੇਖ ਫਰੀਦ ਸਾਹਿਬ ਜੀ ਫਰਮਾਉਂਦੇ ਹਨ ਸੰਤੋਸ਼ੀ ਪੁਰਸ਼ ਆਪਣੀ ਹੱਕ-ਹਲਾਲ ਦੀ ਰੋਜ਼ੀ ਜਾਂ ਦਸ ਨਹੁੰਆਂ ਦੀ ਕਿਰਤ ਕਰਕੇ ਕਮਾਏ ਹੋਏ ਧਨ ਨਾਲ ਨਿਰਵਾਹ ਕਰਦਾ ਹੈ ਅਤੇ ਆਪਣੀ ਰੁੱਖੀ-ਸੁੱਕੀ ਖਾ ਕੇ ਉਹ ਪਕਵਾਨ ਸਮਝਦਾ ਹੈ ਅਤੇ ਠੰਡਾ ਪਾਣੀ ਪੀ ਕੇ ਉਹ ਅੰਮ੍ਰਿਤ ਦੇ ਸਮਾਨ ਜਾਣਦਾ ਹੈ ਪਰਾਈ ਚਿਕਣੀ-ਚੋਪੜੀ ਦੇਖ ਕੇ ਉਸ ਦਾ ਦਿਲ ਨਹੀਂ ਤਰਸਦਾ
ਤਾਂ ਭਾਈ ਮੁਰਸ਼ਿਦੇ-ਕਾਮਲ ਨੇ ਇਹੀ ਫਰਮਾਇਆ ਕਿ ਪਰਾਈ ਵਸਤੂ ਦੇਖ ਕੇ ਜੀ ਨੂੰ ਲਲਚਾਓ ਨਾ ਜੋ ਕੋਲ ਹੈ ਉਸ ’ਚ ਸੰਤੁਸ਼ਟੀ ਕਰੋ ਅਤੇ ਹੋਰ ਪਾਉਣ ਲਈ ਮਿਹਨਤ ਕਰੋ ਸਾਡੇ ਧਰਮਾਂ ’ਚ ਲਿਖਿਆ ਹੈ:-

ਹਿੰਮਤ ਕਰੇ ਅਗਰ ਇਨਸਾਨ,
ਤਾਂ ਸਹਾਇਤਾ ਕਰੇ ਭਗਵਾਨ
ਹਿੰਮਤੇ ਮਰਦਾਂ ਮੱਦਦੇ ਖੁਦਾ

ਤਾਂ ਤੁਸੀਂ ਹਿੰਮਤ ਕਰੋ, ਅੱਲ੍ਹਾ, ਰਾਮ ਤੁਹਾਡੀ ਮੱਦਦ ਜ਼ਰੂਰ ਕਰਨਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!