ਜੋ ਨਾਮ ਜਪੇ ਘਰ ਜਾਏ ਭਾਈ, ਕਾਲ ਨਾ ਉਸ ਕੋ ਖਾਏ ਭਾਈ, ਜਨਮ ਸਫ਼ਲ ਹੋ ਜਾਏ ਭਾਈ, ਨਾਮ ਧਿਆਨਾ, ਨਾਮ ਧਿਆਨਾ।
ਰੂਹਾਨੀ ਸਤਿਸੰਗ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਜੋ ਵੀ ਸਾਧ-ਸੰਗਤ ਆਸ-ਪਾਸ, ਦੂਰ-ਦਰਾਜ਼ ਤੋਂ ਸਤਿਸੰਗ ਰੂਪੀ ਬਾਗ ’ਚ, ਰੰਗ-ਬਿਰੰਗੀ ਫੁਲਵਾੜੀ ਦੇ ਰੂਪ ’ਚ ਸਜੀ ਹੈ, ਮਨ ਤੇ ਮਨਮਤੇ ਲੋਕ ਸਤਿਸੰਗ ’ਚ ਆਉਣ ਨਹੀਂ ਦਿੰਦੇ, ਪਰ ਫਿਰ ਵੀ ਇਨਸਾਨ ਆਪਣੇ ਮਨ ਨਾਲ ਲੜਦੇ ਹੋਏ ਸਤਿਸੰਗ ’ਚ ਪਧਾਰਦਾ ਹੈ, ਆਪ ਸਭ ਦਾ ਸਤਿਸੰਗ ’ਚ ਪਧਾਰਨ ਦਾ ਤਹਿਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਸਤਿਸੰਗ ਦਾ ਜੋ ਸ਼ਬਦ ਹੈ, ਜਿਸ ’ਤੇ ਅੱਜ ਸਤਿਸੰਗ ਹੋਵੇਗਾ, ਉਹ ਸ਼ਬਦ ਹੈ :-
ਜੋ ਨਾਮ ਜਪੇ ਘਰ ਜਾਏ ਭਾਈ, ਕਾਲ ਨਾ ਉਸ ਕੋ ਖਾਏ ਭਾਈ,
ਜਨਮ ਸਫ਼ਲ ਹੋ ਜਾਏ ਭਾਈ, ਨਾਮ ਧਿਆਨਾ, ਨਾਮ ਧਿਆਨਾ।
ਜੋ ਮਾਲਕ ਦਾ ਨਾਮ ਜਪਦੇ ਹਨ, ਉਸ ਦੀ ਭਗਤੀ, ਇਬਾਦਤ ਕਰਦੇ ਹਨ, ਲਗਾਤਾਰ ਸਿਮਰਨ ਕਰਦੇ ਹਨ, ਉਹ ਆਵਾਗਮਨ ਨੂੰ ਮੁਕਾ ਕੇ ਨਿੱਜਧਾਮ, ਸੱਚਖੰਡ, ਸਤਿਲੋਕ, ਅਨਾਮੀ ਵਿੱਚ ਚਲੇ ਜਾਂਦੇ ਹਨ। ਆਤਮਾ ਨੂੰ ਸਦੀਆਂ ਹੋ ਗਈਆਂ ਕਾਲ ਦੇ ਚੱਕਰ ਵਿੱਚ ਗੇੜੇ ਖਾਂਦੇ ਹੋਏ। ਪਤਾ ਨਹੀਂ ਕਿੰਨਾਂ ਸਮਾਂ ਹੋ ਗਿਆ ਆਤਮਾ ਨੂੰ ਪਰਮਾਤਮਾ ਤੋਂ ਵਿੱਛੜਿਆਂ ਹੋਇਆ
ਚੁਰਾਸੀ ਲੱਖ ਸਰੀਰਾਂ ਵਿੱਚ ਚੱਕਰ ਲਾਉਂਦੇ-ਲਾਉਂਦੇ ਅਖੀਰ ਵਿੱਚ ਮਨੁੱਖਾ ਸਰੀਰ ਮਿਲਿਆ ਹੈ। ਇਸ ਵਿੱਚ ਜੇਕਰ ਭਗਤੀ-ਇਬਾਦਤ ਕੀਤੀ ਜਾਵੇ ਤਾਂ ਜਨਮ-ਮਰਨ ਦੇ ਚੱਕਰ ਤੋਂ, ਦੁੱਖ-ਪ੍ਰੇਸ਼ਾਨੀਆਂ ਤੋਂ ਹਮੇਸ਼ਾ ਲਈ ਮੁਕਤੀ ਮਿਲ ਸਕਦੀ ਹੈ। ਮਾਲਕ ਦਾ ਨਾਮ ਅਜਿਹਾ ਮੁਕਤੀ ਦਾ ਦਾਤਾ ਹੈ, ਜਿਸ ਦਾ ਕੋਈ ਹੋਰ ਜੋੜ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨਾਮ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ਼ ਇਨਸਾਨ ਨੂੰ ਨਹੀਂ ਆਉਂਦੀ। ਚਲਦੇ-ਬੈਠਦੇ, ਲੇਟ ਕੇ, ਕੰਮ-ਧੰਦਾ ਕਰਦੇ ਹੋਏ, ਜਿੰਨਾਂ ਕੋਈ ਸਿਮਰਨ ਕਰਦਾ ਹੈ, ਜਿੰਨੀ ਭਗਤੀ-ਇਬਾਦਤ ਕਰਦਾ ਹੈ, ਓਨਾ ਹੀ ਸੁੱਖ-ਸ਼ਾਂਤੀ ਦੇ ਨੇੜੇ ਹੁੰਦਾ ਜਾਂਦਾ ਹੈ। ਤਾਂ ਨਾਮ ਜਪਣਾ, ਸਿਮਰਨ ਕਰਨਾ ਬਹੁਤ ਜ਼ਰੂਰੀ ਹੈ।
ਸਿਮਰਨ ਭਗਤੀ-ਇਬਾਦਤ ਆਦਿ-ਕਾਲ ਤੋਂ ਚਲੀ ਆ ਰਹੀ ਹੈ। ਹਰ ਯੁੱਗ ਵਿੱਚ ਆਤਮਾ ਦੀ ਖੁਰਾਕ ਜੇਕਰ ਕੋਈ ਹੈ ਤਾਂ ਉਹ ਪ੍ਰਭੂ-ਪਰਮਾਤਮਾ ਦਾ ਨਾਮ ਹੈ, ਉਸ ਦੀ ਭਗਤੀ-ਇਬਾਦਤ ਹੈ। ਇਸ ਦੇ ਬਗੈਰ ਨਾ ਤਾਂ ਆਤਮਾ ਦੇ ਕੁਝ ਕੰਮ ਆਉਂਦਾ ਹੈ ਅਤੇ ਨਾ ਹੀ ਸੁੱਖ-ਸ਼ਾਂਤੀ ਮਿਲਦੀ ਹੈ। ਜਿਸ ਤਰ੍ਹਾਂ ਤੁਸੀਂ ਕੋਈ ਟਾੱਨਿਕ ਲੈਂਦੇ ਹੋ, ਉਸ ਦਾ ਅਸਰ ਸਰੀਰ ’ਤੇ ਹੁੰਦਾ ਹੈ। ਘੱਟ ਤਾਕਤ ਮਿਲੇ, ਜ਼ਿਆਦਾ ਮਿਲੇ, ਇਹ ਉਸ ਟਾੱਨਿਕ ਅੰਦਰਲੇ ਵਿਟਾਮਿਨ ਦੇ ਅਧਾਰ ’ਤੇ ਹੀ ਨਿਰਭਰ ਹੁੰਦਾ ਹੈ। ਪਰ ਫਿਰ ਵੀ ਸਰੀਰ ਦੇ ਲਈ ਇਨਸਾਨ ਦਿਨ-ਰਾਤ ਖਾਈ ਜਾ ਰਿਹਾ ਹੈ। ਇਸ ਟਾੱਨਿਕ ਵਿੱਚ ਲੱਗਿਆ ਹੋਇਆ ਹੈ, ਪਰ ਜਿਸ ਦੀ ਵਜ੍ਹਾ ਨਾਲ ਸਰੀਰ ਸਹੀ-ਸਲਾਮਤ ਹੈ, ਸਰੀਰ ਜ਼ਿੰਦਾ ਹੈ, ਉਸ ਦੇ ਲਈ ਜੇਕਰ ਕੋਈ ਟਾੱਨਿਕ ਹੈ ਤਾਂ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਹੈ, ਰਾਮ-ਨਾਮ ਦੀ ਦਵਾਈ ਹੈ, ਭਗਤੀ-ਇਬਾਦਤ ਹੈ। ਓਹੀ ਇੱਕ ਟਾੱਨਿਕ ਹੈ, ਜਿਸ ਨੂੰ ਲੈਣ ਨਾਲ ਆਤਮਾ ਨੂੰ ਬਲ ਮਿਲਦਾ ਹੈ, ਤਾਕਤ ਮਿਲਦੀ ਹੈ।
ਨਾਮ ਵਿੱਚ ਬਹੁਤ ਸ਼ਕਤੀ ਹੈ, ਪਰ ਕੋਈ ਖਾਵੇ, ਅਜ਼ਮਾਏ ਫਿਰ ਹੀ ਪਤਾ ਲੱਗੇਗਾ। ਜਦੋਂ ਤੱਕ ਤੁਸੀਂ ਨਾਮ ਦਾ ਸੇਵਨ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਤੁਸੀਂ ਕਿਸ ਤਰ੍ਹਾਂ ਦੱਸ ਸਕਦੇ ਹੋ ਕਿ ਨਾਮ ਵਿੱਚ ਕੀ ਕੁਝ ਹੈ। ਸੁਣ ਕੇ ਤੁਸੀਂ ਇੱਕ ਵਾਰ ‘ਹਾਂ’ ਜ਼ਰੂਰ ਕਹਿ ਦੇਵੋਗੇ, ਪਰੰਤੂ ਤੁਹਾਡਾ ਮਨ ਤੁਹਾਨੂੰ ਵਿਸ਼ਵਾਸ ਨਹੀਂ ਆਉਣ ਦੇਵੇਗਾ। ਜਦੋਂ ਤੱਕ ਖੁਦ ਕੁਝ ਨਹੀਂ ਦੇਖ ਲੈਂਦਾ, ਜਦੋਂ ਤੱਕ ਉਸ ਦੀ ਦਇਆ-ਮਿਹਰ, ਰਹਿਮਤ ਦਾ ਅਹਿਸਾਸ ਖੁਦ ਨੂੰ ਨਹੀਂ ਹੋ ਜਾਂਦਾ, ਉਦੋਂ ਤੱਕ ਮਨ ਦੌੜਦਾ ਰਹੇਗਾ, ਮਨ ਭਟਕਦਾ ਰਹੇਗਾ। ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣ ਸਕਦੇ ਹੋ, ਜੇਕਰ ਸਿਮਰਨ ਕਰੋ। ਸਿਮਰਨ ਨਾਲ ਸਰੀਰਕ, ਆਤਮਿਕ ਲਾਭ ਹੋਵੇਗਾ ਅਤੇ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਬਿਮਾਰੀ ਜ਼ਰੂਰ ਦੂਰ ਹੋਵੇਗੀ। ਤਾਂ ਸਿਮਰਨ ਅਤੀ ਜ਼ਰੂਰੀ ਹੈ। ਇਸ ਕਲਿਯੁਗ ਵਿੱਚ ਜੇਕਰ ਕੋਈ ਸਿਮਰਨ ਕਰਦਾ ਹੈ ਤਾਂ ਹੀ ਸੁੱਖ-ਸ਼ਾਂਤੀ ਨਾਲ ਜੀਵਨ ਜੀਅ ਸਕਦਾ ਹੈ। ਕਲਿਯੁਗ ਵਿੱਚ ਤਾਂ ਬੜੀ ਲੋੜ ਹੈ, ਜਿਆਦਾ ਨਹੀਂ, ਬਸ! ਘੰਟਾ ਸੁਬ੍ਹਾ-ਸ਼ਾਮ, ਤੁਸੀਂ ਮਾਲਕ ਦੀ ਯਾਦ ਵਿੱਚ, ਸੱਚੀ ਲਗਨ ਨਾਲ, ਤੜਫ਼ ਨਾਲ ਪ੍ਰਭੂ ਦਾ ਸਿਮਰਨ ਕਰੋਗੇ ਤਾਂ ਉਹ ਭਗਤੀ ਜ਼ਰੂਰ ਮਨਜ਼ੂਰ ਹੋਵੇਗੀ ਅਤੇ ਬਦਲੇ ਵਿੱਚ ਤੁਹਾਨੂੰ ਫਲ ਜ਼ਰੂਰ ਮਿਲੇਗਾ।
ਜੋ ਨਾਮ ਜਪੇ ਘਰ ਜਾਏ ਭਾਈ, ਕਾਲ ਨਾ ਉਸ ਕੋ ਖਾਏ ਭਾਈ,
ਜਨਮ ਸਫ਼ਲ ਹੋ ਜਾਏ ਭਾਈ, ਨਾਮ ਧਿਆਨਾ, ਨਾਮ ਧਿਆਨਾ।
ਇਸ ਬਾਰੇ ਲਿਖਿਆ ਦੱਸਿਆ ਹੈ :-
ਨਾਮ ਦੇ ਜਪਣ ਵਾਲੇ ਨੂੰ ਅੰਦਰੂਨੀ ਮੰਡਲਾਂ ’ਤੇ ਕੋਈ ਰੁਕਾਵਟ ਨਹੀਂ ਹੁੰਦੀ। ਉਨ੍ਹਾਂ ਮੰਡਲਾਂ ਵਿੱਚ ਪਰਗਟ ਹੋ ਕੇ ਜਾਂਦਾ ਹੈ ਤੇ ਸਭ ਉਸ ਦਾ ਮਾਣ-ਸਤਿਕਾਰ ਕਰਦੇ ਹਨ। ਉਹ ਜਮ ਦੀਆਂ ਤੰਗ ਗਲੀਆਂ ਵਿੱਚ ਨਹੀਂ ਜਾਂਦਾ, ਕਿਉਂਕਿ ਉਸ ਦਾ ਸੱਚੇ ਨਾਮ ਨਾਲ ਸਬੰਧ ਹੋ ਜਾਂਦਾ ਹੈ। ਨਾਮ ਦੇ ਜਪਣ ਵਾਲਾ ਮੌਕਸ਼ ਦੇ ਦੁਆਰ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਆਪਣੇ ਪਰਿਵਾਰ ਦਾ ਵੀ ਅਧਾਰ ਬਣ ਜਾਂਦਾ ਹੈ, ਉਹ ਆਪ ਭਵਸਾਗਰ ਤੋਂ ਪਾਰ ਹੋ ਜਾਂਦਾ ਹੈ।
ਇਸ ਜਹਾਨ ਵਿੱਚ ਜਿਸ ਨੇ ਵੀ ਨਾਮ ਲਿਆ, ਉਸ ਦੀ ਅਗਲੇ ਜਹਾਨ ਵਿੱਚ ਵੀ ਜੈ-ਜੈਕਾਰ ਹੁੰਦੀ ਹੈ। ਦੇਵੀ-ਦੇਵਤੇ, ਫ਼ਰਿਸ਼ਤੇ ਆਪਣੇ ਉੱਚੇ ਸਿੰਘਾਸਨਾਂ ਤੋਂ ਉੱਠ ਕੇ ਆਤਮਾ ਦੀ ਜੈ-ਜੈਕਾਰ ਕਰਦੇ ਹਨ। ਧੰਨ ਹੈ, ਇਹ ਜੀਵ-ਆਤਮਾ ਜੋ ਕਲਿਯੁਗ ਵਿੱਚ ਕਾਲ ਦੇ ਦੇਸ਼ ਵਿੱਚ ਰਹਿੰਦੀ ਹੋਈ, ਚੰਗੇ, ਨੇਕ-ਕਰਮ ਕਰਕੇ, ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰਕੇ ਆਪਣੇ ਨਿੱਜਧਾਮ ਨੂੰ ਜਾ ਰਹੀ ਹੈ। ਤਾਂ ਦੋਵਾਂ ਜਹਾਨਾਂ ਵਿੱਚ ਉਸ ਦਾ ਨਾਂਅ ਅਮਰ ਹੋ ਜਾਂਦਾ ਹੈ।
ਭਜਨ ਦੇ ਸ਼ੁਰੂ ਵਿੱਚ ਆਇਆ ਹੈ :-
ਮਾਨਸ ਜਨਮ ਯੇ ਦੁਰਲੱਭ ਮਿਲਾ ਹੈ, ਸਦੀਓਂ ਪੀਛੇ ਫੂਲ ਖਿਲਾ ਹੈ,
ਸਦੀਓਂ ਪੀਛੇ ਫੂਲ ਖਿਲਾ ਹੈ, ਤੂ ਇਸ ਕਾ ਲਾਭ ਉਠਾਲੇ ਭਾਈ,
ਨਾਮ ਪ੍ਰਭੂ ਕਾ ਧਿਆਲੇ ਭਾਈ। ਜਨਮ ਸਫ਼ਲ ਹੋ ਜਾਏ ਭਾਈ….
ਮਨੁੱਖ ਸਰੀਰ ਨੂੰ ਦੁਰਲੱਭ ਕਿਹਾ ਗਿਆ ਹੈ, ਕਿਉਂਕਿ ਇਸ ਵਿੱਚ ਉਸ ਚਰਮ-ਸੀਮਾ ਨੂੰ ਛੂਹਿਆ ਜਾ ਸਕਦਾ ਹੈ, ਜਿਸ ਦੇ ਬਾਰੇ ਪਸ਼ੂ-ਪੰਛੀ, ਪਰਿੰਦੇ ਸੋਚ ਵੀ ਨਹੀਂ ਸਕਦੇ। ਚਰਮ-ਸੀਮਾ ਭਾਵ ਭਗਵਾਨ ਵੱਲ। ਅਜਿਹਾ ਅਹਿਸਾਸ, ਅਨੁਭਵ ਕੀਤਾ ਜਾ ਸਕਦਾ ਹੈ, ਜਿਉਂਦੇ ਜੀਅ ਉਸ ਸ਼ਕਤੀ ਦੇ ਭੰਡਾਰ ਨੂੰ ਦੇਖਿਆ ਜਾ ਸਕਦਾ ਹੈ। ਇਨਸਾਨ ਕਿੰਨਾ ਭਾਵੁਕ ਹੁੰਦਾ ਹੈ ਜਾਂ ਮਨ ਵਿੱਚ ਕਿੰਨਾ ਇੱਛਕ ਹੁੰਦਾ ਹੈ। ਕਿਸੇ ਦੇ ਕੋਲ ਕੋਈ ਵਧੀਆ ਸਾਮਾਨ ਦੇਖ ਲਵੇ ਤਾਂ ਝੱਟ ਪੁੱਛਦੇ ਹਨ ਕਿ ਕਿੱਥੋਂ ਲਿਆਇਆ ਹੈਂ ? ਪੁੱਛਣ ਦਾ ਮਤਲਬ ਇਹ ਨਹੀਂ ਕਿ ਉਹ ਵਡਿਆਈ ਕਰ ਰਿਹਾ ਹੈ, ਉਸ ਦੇ ਅੰਦਰ ਖ਼ਿਆਲ ਆਉਂਦਾ ਹੈ ਕਿ ਮੇਰੇ ਕੋਲ ਹੁੰਦਾ ਤਾਂ ਕਿਸ ਤਰ੍ਹਾਂ ਲਗਦਾ। ਇਹ ਕਿੱਥੋਂ ਲੈ ਕੇ ਆਇਆ ਹੈ, ਮੈਂ ਵੀ ਲੈ ਕੇ ਆਵਾਂਗਾ, ਮਨ ਲਲਚਾ ਜਾਂਦਾ ਹੈ, ਇਹ ਇਨਸਾਨ ਦੀ ਫਿਤਰਤ (ਸੁਭਾਅ) ਹੈ, ਇਸ ਵਿੱਚ ਕੋਈ ਗਲਤ ਨਹੀਂ ਹੈ। ਕੋਈ ਵੀ ਚੀਜ਼ ਜੇਕਰ ਚੰਗੀ ਦੇਖਦਾ ਹੈ ਤਾਂ ਅੰਦਰ ਖ਼ਿਆਲ ਆਉਂਦਾ ਹੈ
ਕਿ ਇਹ ਕਿਹੋ-ਜਿਹੀ ਹੋਵੇਗੀ। ਅਜ਼ੂਬੇ ਹਨ, ਉਨ੍ਹਾਂ ਬਾਰੇ ਸੋਚਦਾ ਹੈ ਕਿ ਕਦੇ ਦੇਖਾਂ ਤਾਂ ਪਤਾ ਲੱਗੇ ਕਿ ਕਿਹੋ-ਜਿਹੇ ਹਨ। ਦੇਖਣ ਤੋਂ ਬਾਅਦ ਬੇਸ਼ੱਕ ਚੰਗੇ ਲੱਗਣ ਜਾਂ ਨਾ ਲੱਗਣ, ਉਹ ਗੱਲ ਦੂਜੀ ਹੈ, ਪਰ ਅੰਦਰ ਤਾਂ ਇੱਕ ਇੱਛਾ ਰਹਿੰਦੀ ਹੈ ਨਾ। ਤਾਂ ਇਹ ਤਾਂ ਅਜ਼ੂਬੇ ਕੁਝ ਵੀ ਨਹੀਂ। ਉਹ ਕਿਹੋ-ਜਿਹਾ ਅਜ਼ੂਬਾ ਹੋਵੇਗਾ ਜਿਸ ਨੇ ਇੱਕ ਥੈਲੀ-ਨੁੰਮਾ ਗਰਭ ਵਿੱਚ ਸਾਨੂੰ ਸਭ ਨੂੰ ਬਣਾਇਆ ਹੈ। ਕਿਹੋ-ਜਿਹਾ ਅਜ਼ੂਬਾ ਹੈ ਉਹ? ਇਹੋ-ਜਿਹਾ ਦਿਮਾਗ ਬਣਾ ਦਿੱਤਾ, ਅਜਿਹੀਆਂ ਬਰੀਕ ਨਸਾਂ ਬਣਾ ਦਿੱਤੀਆਂ। ਇਸ ਨੂੰ ਬਣਾਉਣਾ ਤਾਂ ਦੂਰ, ਇਸ ਨੂੰ ਵੱਡੇ-ਵੱਡੇ ਡਾਕਟਰ ਤਾਂ ਹੱਥ ਨਹੀਂ ਲਾਉਂਦੇ। ਜੇਕਰ ਇੱਕ ਨਸ ਵੀ ਦਬ ਗਈ ਤਾਂ ਕੋਈ ਅੰਨ੍ਹਾ, ਬੋਲ਼ਾ, ਗੂੰਗਾ ਕੁਝ ਵੀ ਹੋ ਸਕਦਾ ਹੈ। ਉਸ ਥੈਲੀ ਵਿੱਚ ਆਟੋਮੈਟੀਕਲੀ (ਆਪਣੇ-ਆਪ) ਤਾਂ ਹੋ ਨਹੀਂ ਸਕਦਾ।
ਕਹਿਣ ਦਾ ਮਤਲਬ ਆਖਰ ਅਜਿਹਾ ਕੀ ਹੈ, ਕੌਣ ਹੈ ਉਹ, ਕਿਹੋ-ਜਿਹਾ ਹੋਵੇਗਾ ਉਹ? ਕੀ ਇੱਛਾ ਨਹੀਂ ਉੱਠਦੀ ਕਿ ਜੋ ਇੰਨਾਂ ਕੁਝ ਬਣਾਉਣ ਵਾਲਾ ਹੈ? ਜੋ ਇੱਕ ਹੁੰਦੇ ਹੋਏ ਵੀ ਕਣ-ਕਣ, ਜ਼ਰੇ੍ਹ-ਜ਼ਰ੍ਹੇ ਵਿੱਚ ਮੌਜ਼ੂਦ ਹੈ, ਜੋ ਸਾਰਿਆਂ ਦਾ ਦਾਤਾ ਹੈ, ਕੋਈ ਜਗ੍ਹਾ ਵੀ ਉਸ ਤੋਂ ਬਿਨਾਂ ਨਹੀਂ ਹੈ। ਉਹ ਕਿਹੋ-ਜਿਹਾ ਹੈ, ਕਿਉਂ ਨਾ ਉਸ ਨੂੰ ਦੇਖਿਆ ਜਾਵੇ, ਕਿਉਂ ਨਾ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਪ੍ਰਾਪਤ ਕੀਤਾ ਜਾਵੇ। ਇੱਛਾ ਤਾਂ ਉੱਠਦੀ ਹੈ, ਪਰ ਇਸ ਨੂੰ ਪਾਉਣ ਦੀ ਇਨਸਾਨ ਕੋਸ਼ਿਸ਼ ਨਹੀਂ ਕਰਦਾ ਦੁਨਿਆਵੀ ਚੀਜ਼ਾਂ ਹਾਸਲ ਕਰਨ ਲਈ ਤੜਫ਼ਦਾ ਰਹਿੰਦਾ ਹੈ, ਵਿਆਕੁਲ, ਬੇਚੈਨ ਹੁੰਦਾ ਰਹਿੰਦਾ ਹੈ। ਪਰ ਅੱਲ੍ਹਾ,ਰਾਮ, ਵਾਹਿਗੁਰੂ ਦੇ ਲਈ ਕੋਈ ਕਿੰਨਾ ਤੜਫ਼ਦਾ ਹੈ, ਇਹ ਤਾਂ ਉਹ ਹੀ ਜਾਣਦਾ ਹੈ। ਬਾਹਰੋਂ ਕੋਈ ਨਹੀਂ ਦੱਸ ਸਕਦਾ ਕੋਈ ਮਾਪ-ਤੋਲ ਨਹੀਂ, ਜਿਸ ਨਾਲ ਪਤਾ ਲੱਗੇ ਕਿ ਕੌਣ ਕਿੰਨਾ ਮਾਲਕ ਦੇ ਲਈ ਤੜਫ਼ ਰਿਹਾ ਹੈ। ਇਹ ਤਾਂ ਉਹ ਮਾਲਕ, ਪ੍ਰਭੂ, ਪਰਮਾਤਮਾ ਹੀ ਜਾਣਦਾ ਹੈ।
ਸਮੁੰਦਰ ਦੀ ਡੂੰਘਾਈ ਸ਼ਾਇਦ ਨਾਪ ਲਈ ਜਾਵੇ, ਆਸਮਾਨਾਂ ਦੀ ਉੱਚਾਈ ਸ਼ਾਇਦ ਮਿਣ ਲਈ ਜਾਵੇ, ਅੱਲ੍ਹਾ, ਮਾਲਕ ਦੇ ਪਿਆਰ-ਮੁਹੱਬਤ ਦੀ ਡੂੰਘਾਈ ਮਿਣਨ ਵਾਲਾ ਕੋਈ ਪੈਮਾਨਾ ਨਹੀਂ ਬਣਿਆ ਹੈ ਅਤੇ ਕਿੰਨੀ ਡੂੰਘਾਈ, ਕਿੰਨੀ ਤੜਫ਼ ਲਗਨ ਨਾਲ ਉਹ ਮਿਲਦਾ ਹੈ? ਇਹ ਸੰਤ, ਪੀਰ-ਫ਼ਕੀਰ ਜ਼ਰੂਰ ਦੱਸਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਦੁਨਿਆਵੀ ਸਮਾਨ ਹਾਸਲ ਕਰਨ ਲਈ ਤੜਫ਼ਦੇ ਹੋ, ਪਾਗਲ ਹੋ ਜਾਂਦੇ ਹੋ, ਬੇਚੈਨ ਹੋ ਜਾਂਦੇ ਹੋ, ਉਸ ਤੋਂ ਜੇਕਰ ਅੱਧਾ ਵੀ ਅੱਲ੍ਹਾ, ਮਾਲਕ ਲਈ ਤੜਫ਼ੋ ਤਾਂ ਉਹ ਕਿਉਂ ਨਹੀਂ ਮਿਲੇਗਾ। ਪਰ ਉਸ ਦੇ ਲਈ ਤਾਂ ਕੋਈ ਤੜਫ਼ਦਾ ਹੀ ਨਹੀਂ। ਤੁਹਾਡੇ ਬੱਚੇ ਨੂੰ ਕੋਈ ਬਿਮਾਰੀ ਲੱਗ ਗਈ, ਤੁਸੀਂ ਕਿੰਨਾ ਰੋਂਦੇ ਹੋ, ਧਨ-ਦੌਲਤ ਦਾ ਘਾਟਾ ਪੈ ਗਿਆ ਤਾਂ ਤੁਸੀਂ ਕਿੰਨਾ ਰੋਂਦੇ ਹੋ, ਉਹ ਹੰਝੂ ਤੁਹਾਡੇ ਫਜ਼ੂਲ ਜਾ ਰਹੇ ਹਨ। ਜੇਕਰ ਇਹੀ ਹੰਝੂ ਅੱਲ੍ਹਾ, ਵਾਹਿਗੁਰੂ ਰਾਮ ਵੱਲ ਵਹਿਣ ਉਸ ਦੀ ਯਾਦ ਵਿੱਚ ਵਗਣ ਤਾਂ ਇਹ ਹੰਝੂ ਹੀਰੇ, ਜਵਾਹਰਾਤ, ਮੋਤੀ ਬਣ ਜਾਣ, ਇਸ ਤੋਂ ਵੀ ਬਹੁਤ ਜ਼ਿਆਦਾ ਕੀਮਤੀ ਬਣ ਜਾਣ।
ਜੇਕਰ ਮਾਲਕ ਵਾਲੇ ਪਾਸੇ ਭਗਤੀ ਵਿੱਚ ਸਮਾਂ ਲਗਾਓ, ਉਸ ਦੇ ਦਰਸ਼-ਦੀਦਾਰ ਦੀ ਜੇਕਰ ਇੱਕ ਵਾਰ ਝਲਕ (ਨਜ਼ਾਰਾ) ਮਿਲ ਜਾਵੇ ਤਾਂ ਸਾਰਾ ਜੀਵਨ ਉਸ ਦੇ ਸਹਾਰੇ ਗੁਜ਼ਾਰਿਆ ਜਾ ਸਕਦਾ ਹੈ। ਤਾਂ ਇਹ ਜਨਮ ਬਹੁਤ ਸਮੇਂ ਬਾਅਦ ਮਿਲਿਆ ਹੈ, ਸਦੀਆਂ ਲੰਘਣ ਤੋਂ ਬਾਅਦ ਮਿਲਿਆ ਹੈ। ਇਸ ਦਾ ਫਾਇਦਾ ਉਠਾ ਭਾਈ।
ਮਾਇਆ ਪੀਛੇ ਦੌੜਾ ਫਿਰਤਾ, ਕਾਮ ਤੂ ਅਪਨਾ ਭੂਲਾ ਫਿਰਤਾ, ਕਾਮ ਤੂ ਅਪਨਾ ਭੂਲਾ ਫਿਰਤਾ, ਮਾਇਆ ਤੁਝਕੋ ਭਟਕਾਏ ਭਾਈ, ਅੰਤ ਸਮੇਂ ਤੇਰੇ ਸਾਥ ਨਾ ਜਾਈ, ਜਨਮ ਸਫਲ…..
ਇਸ ਦੇ ਬਾਰੇ ਲਿਖਿਆ ਦੱਸਿਆ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:-ਜੇਕਰ ਕੋਈ ਹਜ਼ਾਰ ਰੁਪਿਆ ਕਮਾਉਂਦਾ ਹੈ, ਫਿਰ ਉਹ ਲੱਖਾਂ ਦੀ ਪ੍ਰਾਪਤੀ ਵੱਲ ਦੇਖਦਾ ਹੈ; ਉਸ ਦੀ ਕਦੇ ਤਰਿਪਤੀ ਨਹੀਂ ਹੁੰਦੀ, ਹਮੇਸ਼ਾ ਮਾਇਆ ਦੇ ਪਿੱਛੇ ਮਾਰਿਆ-ਮਾਰਿਆ ਫਿਰਦਾ ਹੈ। ਅਨੇਕਾਂ ਭੋੋਗਾਂ ਨੂੰ ਭੋਗ-ਭੋਗ ਕੇ ਉਹ ਰੱਜਦਾ ਨਹੀਂ ਬਲਕਿ ਖਪ-ਖਪ ਕੇ ਮਰਦਾ ਹੈ। ਇਹ ਸਭ ਮਾਰ-ਧਾੜ ਸੁਫ਼ਨੇ ਵਾਂਗ ਲੰਘ ਜਾਂਦੀ ਹੈ, ਲਾਭ ਕੁਝ ਵੀ ਨਹੀਂ ਹੁੰਦਾ। ਧਨ-ਮਾਲ ਅਤੇ ਸਾਰੀ ਸਮੱਗਰੀ ਸਰੀਰ ਦੇ ਨਾਲ ਸਬੰਧ ਰੱਖਦੀ ਹੈ, ਨਾਲ ਜਾਣ ਵਾਲੀਆਂ ਚੀਜਾਂ ਨਹੀਂ। ਕਾਰੂੰ ਵਰਗੇ 40 ਖਜਾਨਿਆਂ ਦੇ ਬਾਦਸ਼ਾਹ, ਰਾਵਣ ਵਰਗੇ ਸੋਨੇ ਦੀ ਲੰਕਾ ਰੱਖਣ ਵਾਲੇ ਇਸ ਦੁਨੀਆਂ ’ਚੋਂ ਨਾਲ ਕੀ ਲੈ ਗਏ।
‘‘ਲੰਕਾ ਗਢੁ ਸੋਨੇ ਕਾ ਭਇਆ।। ਮੂਰਖੁ ਰਾਵਣੁ ਕਿਆ ਲੇ ਗਇਆ।। ’’
ਇਨਸਾਨ ਜੇਕਰ ਅੱਜ ਪਾਗਲ ਹੈ ਤਾਂ ਇਹਨਾਂ ਸਾਜੋ-ਸਮਾਨਾਂ ਦੇ ਲਈ। ਜ਼ਿਆਦਾਤਰ ਲੋਕ ਪੈਸੇ ਦੀ ਹਵਸ (ਭੁੱਖ) ਲਈ ਦਿਨ ਰਾਤ ਇੱਕ ਕਰ ਦਿੰਦੇ ਹਨ। ਬਹੁਤ ਮਿਲ ਵੀ ਜਾਂਦਾ ਹੈ, ਪਰ ਉਸ ਨਾਲ ਸੰਤੁਸ਼ਟੀ (ਸਬਰ) ਨਹੀਂ ਹੁੰਦੀ। ਹੋਰ ਪਾਉਣ ਦੀ ਇੱਛਾ, ਹੋਰ ਇਕੱਠਾ ਕਰਨ ਦੀ ਚਾਹ ਉਹਨਾਂ ਨੂੰ ਤੜਫਾਉਂਦੀ ਰਹਿੰਦੀ ਹੈ। ਤੁਸੀਂ ਰਾਵਣ ਵੱਲ ਨਿਗ੍ਹਾ ਮਾਰ ਕੇ ਦੇਖੋ, ਉਸ ਦੇ ਵੱਲ ਧਿਆਨ ਦਿਓ, ਉਸ ਦੇ ਕੋਲ ਕਿਹੜੀ ਚੀਜ ਦੀ ਘਾਟ ਸੀ। ਬਹੁਤ ਧਨ-ਦੌਲਤ, ਬਹੁਤ ਰੁਪਿਆ-ਪੈਸਾ ਸੀ। ਇੰਨਾ ਪੈਸਾ ਕਿ ਸੋਚਿਆ ਵੀ ਨਹੀਂ ਜਾ ਸਕਦਾ। ਉਸ ਦੇ ਨੌਕਰਾਂ ਕੋਲ ਵੀ ਸੋਨੇ ਦੇ ਮਕਾਨ ਸਨ। ਕਿਉਂਕਿ ਸਾਰੀ ਲੰਕਾ ਹੀ ਸੋਨੇ ਦੀ ਸੀ। ਤਾਂ ਇੰਨਾ ਸਭ ਕੁਝ ਹੋਣ ਦੇ ਬਾਅਦ ਗੁਰੂ ਸਾਹਿਬਾਨਾਂ ਨੇ ਲਿਖਿਆ ਕਿ ਉਹ ਰਾਵਣ ਮੂੁਰਖ ਕਹਾਇਆ, ਮੂਰਖ ਦਾ ਖਿਤਾਬ ਮਿਲਿਆ, ਸਭ ਕੁਝ ਹੰੁਦੇ ਹੋਏ ਵੀ ਨਾਲ ਕੁਝ ਨਹੀਂ ਗਿਆ ਅਤੇ ਸਾਰਾ ਪਰਿਵਾਰ ਤਬਾਹ-ਬਰਬਾਦ ਹੋ ਗਿਆ। ਖਾਣ ਨੂੰ ਮਿਲ ਜਾਵੇ, ਮਿਹਨਤ ਦਾ, ਹੱਕ-ਹਲਾਲ ਦਾ ਮਿਲ ਜਾਵੇ ਤਾਂ ਉਸ ਵਰਗਾ ਖਾਣਾ ਦੁਨੀਆਂ ਵਿੱਚ ਕਿਧਰੇ ਵੀ ਨਹੀਂ। ਐਸੇ-ਐਸੇ ਗਰੀਬ ਸੱਜਣਾ ਨੂੰ ਦੇਖਿਆ ਜੋ ਬਿਚਾਰੇ ਦਿਹਾੜੀ ਕਰਦੇ ਹਨ ਤੇ ਸ਼ਾਮ ਤੱਕ 50-60 ਰੁਪਏ ਮਿਲੇ, ਖਾਣਾ ਖਾਂਦੇ ਹਨ ਤੇ ਖੁਸ਼ੀ ਨਾਲ ਹਾਸੀ-ਮਜਾਕ ਨਾਲ ਆਪਣਾ ਜੀਵਨ ਗੁਜ਼ਾਰਦੇ ਹਨ।
ਉਹਨਾਂ ਨੂੰ ਇਹ ਪਤਾ ਨਹੀਂ ਕਿ ਅਰਬਾਂ ਰੁਪਏ ਵੀ ਕਮਾਉਣੇ ਚਾਹੀਦੇ ਹਨ ਕਿ ਜ਼ਿੰਦਗੀ ਦਾ ਸੁੱਖ ਅਰਬਾਂ ਰੁਪਇਆਂ ਵਿੱਚ ਹੈ। ਕਿਉਂਕਿ ਉਹਨਾਂ ਨੂੰ ਉਹਨਾਂ ਥੋੜ੍ਹੇ ਜਿਹੇ ਰੁਪਇਆਂ ਵਿੱਚ ਹੀ ਬਹੁਤ ਖੁਸ਼ੀ ਆਉਂਦੀ ਹੈ। ਉਹਨਾਂ ਦੇ ਲਈ ਮਖਮਲ ਦੇ ਗੱਦੇ ਜਾਂ ਸਪਰਿੰਗ ਵਾਲੇ ਬੈੱਡ ਜਾਂ ਕੁਝ ਅਜਿਹਾ ਨਹੀਂ ਹੁੰਦਾ ਜੋ ਵੱਡੇ-ਵੱਡੇ ਘਰਾਂ ਵਿੱਚ ਦੇਖਣ ਨੂੰ ਮਿਲਦੇ ਹਨ। ਉਹ ਕਮਾਈ ਮਿਹਨਤ ਕਰਦੇ ਹਨ, ਕੱਕੇ ਰੇਤ ਦਾ ਟਿੱਬਾ ਹੈ, ਉਸ ’ਤੇ ਲੇਟ ਗਏ ਤੇ ਫਿਰ ਜੋ ਨਜ਼ਾਰਾ ਨੀਂਦ ਦਾ ਆਉਂਦਾ ਹੈ ਉਹ ਕਹਿਣ ਸੁਣਨ ਤੋਂ ਪਰ੍ਹੇ ਹੈ। ਕਿਉਂਕਿ ਮਿਹਨਤ ਦੀ ਕਮਾਈ ਕੀਤੀ ਹੁੰਦੀ ਹੈ, ਹਾਜ਼ਮਾ ਵੀ ਚੰਗਾ ਹੁੰਦਾ ਹੈ ਤੇ ਨੀਂਦ ਵੀ ਵਧੀਆ ਆਉਂਦੀ ਹੈ, ਸੁਬ੍ਹਾ ਉੱਠਦੇ ਹਨ ਚੈਨ ਆਨੰਦ ਨਾਲ। ਕੋਈ ਟੈਨਸ਼ਨ ਨਹੀਂ ਹੁੰਦੀ, ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਜ਼ਰਾ ਉਹਨਾਂ ਦੇ ਜੀਵਨ ਨੂੰ ਦੇਖੋ, ਉਹਨਾਂ ਨੂੰ ਪੱਖਾ ਵੀ ਨਹੀਂ ਚਾਹੀਦਾ, ਬਾਕੀ ਸਾਜੋ-ਸਮਾਨ ਤੋਂ ਤਾਂ ਉਹਨਾਂ ਨੇ ਕੀ ਲੈਣਾ। ਪਰ ਫਿਰ ਵੀ ਉਹਨਾਂ ਦਾ ਸਰੀਰ ਮਜ਼ਬੂਤ ਹੁੰਦਾ ਹੈ।
ਕਦੇ ਬਿਮਾਰ ਨਹੀਂ ਹੁੰਦੇ ਕਿਉਂਕਿ ਉਹ ਮਿਹਨਤ, ਹੱਕ-ਹਲਾਲ, ਦਸਾਂ ਨਹੁੰਆਂ ਦੀ ਕਿਰਤ ਕਮਾਈ, ਹਾਰਡ ਵਰਕ ਕਰਦੇ ਰਹਿੰਦੇ ਹਨ। ਇਹ ਤਾਂ ਧਰਮਾਂ ਵਿੱਚ ਵੀ ਲਿਖਿਆ ਹੈ ਕਿ ਖਾਲੀ ਮਨ, ਖਾਲੀ ਸਰੀਰ ਸ਼ੈਤਾਨ ਦਾ ਚਰਖਾ ਹੈ। ਇਸ ’ਤੇ ਕੋਈ ਨਾ ਕੋਈ ਤੰਦ ਚੜ੍ਹਦਾ ਰਹੇਗਾ, ਕੋਈ ਨਾ ਕੋਈ ਮੀਟਿੰਗ ਹੁੰਦੀ ਰਹੇਗੀ, ਕੋਈ ਨਾ ਕੋਈ ਗੱਲ ਚੱਲਦੀ ਰਹੇਗੀ। ਤਾਂ ਤੁਸੀਂ ਜੇਕਰ ਬੁਰੇ ਵਿਚਾਰਾਂ ਤੋਂ ਬਚਣਾ ਚਾਹੋ ਤਾਂ ਮਿਹਨਤ ਦੀ ਕਰਕੇ ਖਾਓ। ਬੇਸ਼ਕ ਥੋੜ੍ਹੀ ਆ ਜਾਵੇ, ਤੁਸੀਂ ਟੈਨਸ਼ਨ ਨਾ ਲਓ। ਵਧੀਆ ਜੀਵਨ ਜੀ ਰਹੇ ਹੋ, ਅੱਲ੍ਹਾ, ਰਾਮ, ਮਾਲਕ, ਸਤਿਗੁਰ ਦੀ ਸਤਿਸੰਗ ਸੁਣਨ ਨੂੰ ਮਿਲਦੀ ਹੈ, ਸੋਹਬਤ ਮਿਲਦੀ ਹੈ। ਘਰ ਵਿੱਚ ਆਪਸ ਵਿੱਚ ਪ੍ਰੇਮ ਮੁਹੱਬਤ ਹੈ, ਲੜਾਈ-ਝਗੜਾ ਨਹੀਂ ਹੈ ਤਾਂ ਤੁਹਾਡੇ ਤੋਂ ਸੁਖੀ ਇਸ ਕਲਿਯੁਗ ਵਿੱਚ ਕੋਈ ਹੋਰ ਨਹੀਂ ਹੈ।
ਜੇਕਰ ਸੰਗਮਰਮਰ ਦੇ ਮਹਿਲ ਹਨ ਅਤੇ ਉਸ ਵਿੱਚ ਰਹਿਣ ਵਾਲੇ ਸਿਰਫ ਦੋ ਹੀ ਲੋਕ ਹਨ, ਪਰ ਉਹਨਾਂ ਦਾ ਆਪਸ ਵਿੱਚ ਸੁਰ ਨਹੀਂ ਤੇ ਬੇਸ਼ੱਕ ਉਹਨਾਂ ਦੇ ਕੋਲ ਅਰਬਾਂ ਰੁਪਇਆਂ ਦੇ ਕੋਠੀਆਂ-ਬੰਗਲੇ ਹਨ, ਸੰਤਾਂ ਨੇ ਉਸ ਨੂੰ ਸ਼ਮਸ਼ਾਨ ਭੂਮੀ ਕਬਰਿਸਤਾਨ ਦੱਸਿਆ ਹੈ। ਉੱਥੇ ਤਾਂ ਸੰਨਾਟਾ ਛਾਇਆ ਰਹਿੰਦਾ ਹੈ ਅਤੇ ਕਦੇ ਰੋਣ-ਕੁਰਲਾਉਣ ਤੇੇ ਚਿਲਾਉਣ ਦੀਆਂ ਅਵਾਜਾਂ ਆਉਂਦੀਆਂ ਹਨ। ਤਾਂ ਅਜਿਹੇ ਘਰਾਂ ਦਾ ਕੀ ਫਾਇਦਾ, ਅਜਿਹੀ ਕਮਾਈ ਦਾ ਕੀ ਫਾਇਦਾ। ਦੂਸਰੇ ਪਾਸੇ ਘਾਹ-ਫੂਸ ਦੀ ਝੌਂਪੜੀ ਹੋਵੇ, ਛੋਟਾ ਜਿਹਾ ਘਰ ਹੋਵੇ, ਉੱਥੇ ਮਿਹਨਤ ਕਰਨ ਵਾਲੇ ਹੋਣ ਤਾਂ ਉਸ ਦਾ ਮੁਕਾਬਲਾ ਕਿਸੇ ਰਾਜ ਮਹਿਲ ਨਾਲ ਵੀ ਨਹੀਂ ਹੋ ਸਕਦਾ।
ਤਾਂ ਭਾਈ ਮਿਹਨਤ ਵਿੱਚ ਬੜੀ ਹੀ ਸ਼ਾਂਤੀ ਹੈ। ਸਾਰੇ ਲੋਕ ਸੁਬ੍ਹਾ ਚਾਰ ਵਜੇ ਉੱਠਣ, ਮਾਲਕ ਨੂੰ ਯਾਦ ਕਰਨ, ਭਗਤੀ ਕਰਨ, ਆਪਣੇ-ਆਪਣੇ ਕੰਮ-ਧੰਦੇ ’ਤੇ ਜਾਣ। ਉਹ ਮੌਸਮ ਅਜਿਹਾ ਖੁਸ਼ਗਵਾਰ ਨਜ਼ਰ ਆਵੇਗਾ ਜਿਸ ਨੂੰ ਆਯੁਰਵੈਦਿਕ, ਐਲੋਪੈਥਿਕ, ਹੋਮਿਓਪੈਥਿਕ ਸਾਰੇ ਡਾਕਟਰ ਮੰਨਦੇ ਹਨ ਕਿ ਉਹ ਸਮਾਂ ਸਭ ਤੋਂ ਚੰਗਾ ਹੈ। ਅਜਿਹੇ ਸਮੇਂ ਵਿੱਚ ਮਿਹਨਤ ਕਰੋ ਅਤੇ ਆਪਣੇ ਅੱਲ੍ਹਾ, ਰਾਮ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸਿਮਰਨ ਕਰੋ ਤਾਂ ਕਿ ਤੁਹਾਨੂੰ ਖੁਸ਼ੀਆਂ, ਸ਼ਾਂਤੀ ਮਿਲੇ। ਸਿਮਰਨ ਦੇ ਬਗੈਰ ਸ਼ਾਂਤੀ ਨਹੀਂ ਮਿਲ ਸਕਦੀ ਅਤੇ ਮਿਹਨਤ ਹੱਕ-ਹਲਾਲ ਦੇ ਬਿਨਾਂ ਅੰਦਰੋਂ ਮਾਲਕ ਦਾ ਖਿਆਲ ਆ ਹੀ ਨਹੀਂ ਸਕਦਾ, ਬੁਰੇ ਗਲਤ ਵਿਚਾਰਾਂ ਦਾ ਤਾਂਤਾ ਲੱਗਿਆ ਰਹੇਗਾ। ਅਜਿਹੇ ਵਿਚਾਰ ਆਉਂਦੇ ਰਹਿਣਗੇ। ਮਨ ਤੁਹਾਨੂੰ ਡੇਗਦਾ ਚਲਾ ਜਾਵੇਗਾ। ਤਾਂ ਭਾਈ ! ਚੰਗੇ ਕੰਮ ਕਰੋ, ਮਾਲਕ ਨੂੰ ਯਾਦ ਕਰੋ, ਮਾਇਆ ਦੇ ਪਿੱਛੇ ਨਾ ਪਵੋ।
‘‘ਮਾਇਆ ਪੀਛੇ ਦੌੜਾ ਫਿਰਤਾ, ਕਾਮ ਤੂ ਅਪਨਾ ਭੂਲਾ ਫਿਰਤਾ।’’
ਤੁਹਾਡਾ ਜ਼ਿੰਦਗੀ ਵਿੱਚ ਕੀ ਉਦੇਸ਼ ਹੈ, ਜੀਵਨ ਵਿੱਚ ਤੁਹਾਡਾ ਕੀ ਕੰਮ ਹੈ, ਤੁਸੀਂ ਆਪਣੇ ਜੀਵਨ ਵਿੱਚ ਕੀ ਮਨੋਰਥ ਬਣਾਇਆ ਹੈ? ਤੁਸੀਂ ਆਪਣੇ ਉਦੇਸ਼ ਤੋਂ ਨਾ ਭਟਕੋ ਕਿਉਂਕਿ ਜਿਸ ਰਸਤੇ ’ਤੇ ਕਦੇ ਚੱਲਿਆ ਨਹੀਂ, ਚੱਲਦਾ ਹੈ ਤਾਂ ਉਹ ਭਟਕ ਜਾਂਦਾ ਹੈ। ਤੁਹਾਡਾ ਜੋ ਉਦੇਸ਼ ਅੱਲ੍ਹਾ, ਵਾਹਿਗੁਰੂ ਦੇ ਨਾਮ ਵਾਲਾ, ਮਿਹਨਤ ਹੱਕ-ਹਲਾਲ ਵਾਲਾ ਹੈ। ਉਸ ’ਤੇ ਤੁਸੀਂ ਚੱਲ ਕੇ ਦੇਖੋ। ਤੁਸੀਂ ਰਸਤੇ ਤੋਂ ਨਹੀਂ ਭਟਕੋਗੇ। ਮਾਲਕ ਤੁਹਾਡਾ ਮੱਦਦਗਾਰ ਹੋਵੇਗਾ। ਤੁਸੀਂ ਉਸ ਦਾ ਸਿਮਰਨ, ਭਗਤੀ ਇਬਾਦਤ ਕਰੋਗੇ ਤਾਂ ਉਹ ਵੀ ਤੁਹਾਡੀ ਮੱਦਦ ਜ਼ਰੂਰ ਕਰਨਗੇ।
ਵਿਸ਼ਿਓਂ ਮੇਂ ਕਿਉਂ ਹੂਆ ਅੰਧਾ, ਕਾਮ ਕਰੇ ਗੰਦੇ ਸੇ ਗੰਦਾ,
ਕਾਮ ਕਰੇ ਗੰਦੇ ਸੇ ਗੰਦਾ, ਕਿਉਂ ਨਰਕੋਂ ਮੇਂ ਜਾਏ ਭਾਈ, ਰੋਏ ਔਰ ਪਛਤਾਏ ਭਾਈ, ਜਨਮ ਸਫਲ….
ਵਿਸ਼ੇ-ਵਿਕਾਰ, ਕਾਮ-ਵਾਸਨਾ ਇਹ ਅਜਿਹੀ ਅੱਗ ਹੈ ਜਿਸ ਨੂੰ ਲੱਗ ਜਾਂਦੀ ਹੈ, ਉਸ ਦੇ ਲਈ ਰਿਸ਼ਤੇ-ਨਾਤੇ ਸਭ ਖਤਮ ਹੋ ਜਾਂਦੇ ਹਨ। ਉਹ ਤਿਲਮਿਲਾਉਂਦਾ ਹੋਇਆ ਆਪਣੇ-ਆਪ ਹੀ ਆਪਣੇ ਭੇਦ ਖੋਲ੍ਹਦਾ ਹੈ ਤੇ ਤੜਫਦਾ ਰਹਿੰਦਾ ਹੈ। ਉਹ ਕਦੇ ਵੀ ਕਿਸੇ ਦੀ ਦਇਆ ਭਾਵਨਾ ਨਾਲ ਜਾਂ ਪਿਆਰ-ਮੁਹੱਬਤ ਜੋ ਕਿ ਆਤਮਿਕ ਪਿਆਰ ਹੈ, ਨੂੰ ਨਹੀਂ ਦੇਖਦਾ। ਜਦੋਂ ਵੀ ਦੇਖਦਾ ਹੈ, ਬੁਰਾਈ ਦੀ ਨਜ਼ਰ ਨਾਲ। ਸਾਹਮਣੇ ਵਾਲੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਅੱਜ ਬੇਚੈਨੀਆਂ ਇਹਨਾਂ ਦੀ ਵਜ੍ਹਾ ਨਾਲ ਹਨ ਅਤੇ ਅੱਜ ਕਲਿਯੁਗ ਵਿੱਚ ਜੋ ਕੁਝ ਵਧਦਾ ਜਾ ਰਿਹਾ ਹੈ, ਇਨਸਾਨ ਦੀਆਂ ਦੁੱਖ-ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ, ਸਾਰਾ ਕੁਝ ਇਹਨਾਂ ਦੀ ਵਜ੍ਹਾ ਨਾਲ ਹੈ। ਜਿਉਂ-ਜਿਉਂ ਸਮਾਜ ਵਿੱਚ ਵਿਸ਼ੇ-ਵਿਕਾਰ ਵਧ ਰਹੇ ਹਨ, ਤਿਉਂ-ਤਿਉਂ ਸਮਾਜ ਵਿੱਚ ਰਿਸ਼ਤੇ-ਨਾਤੇ ਟੁੱਟ ਰਹੇ ਹਨ। ਇਨਸਾਨ ਦੁਖੀ ਹੋ ਰਿਹਾ ਹੈ ਪਰ ਦੁੱਖ ਛੁਪਾਉਣ ਨਾਲ ਛੁਪਿਆ ਨਹੀਂ ਕਰਦਾ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਜੋ ਕੁਝ ਵੀ ਕੰਮ ਕਰਦਾ ਹੈ, ਉਹ ਚੰਗਾ ਕਰੇ, ਪਰ ਅੱਜ ਉਹ ਗੰਦੇ ਤੋਂ ਗੰਦਾ ਕੰਮ ਕਰ ਰਿਹਾ ਹੈ। ਏਨਾਂ ਗਿਰ ਚੁੱਕਿਆ ਹੈ ਕਿ ਦੱਸਣ ਵਿੱਚ ਵੀ ਸ਼ਰਮ ਆਉਂਦੀ ਹੈ। ਇਨਸਾਨ ਹੱਦ ਤੋਂ ਗਿਰ ਰਿਹਾ ਹੈ, ਇਨਸਾਨੀਅਤ ਰਸਤਾਲ ਵਿੱਚ ਜਾ ਰਹੀ ਹੈ। ਤਾਂ ਭਾਈ! ਅਜਿਹੇ ਦੌਰ ਵਿੱਚ, ਅਜਿਹੇ ਸਮੇਂ ਵਿੱਚ ਪ੍ਰਭੂ ਦਾ ਨਾਮ ਹੀ ਇੱਕ ਸਹਾਰਾ ਹੈ। ਕੋਈ ਉਸ ਦੇ ਨਾਮ ਦਾ ਸਿਮਰਨ ਕਰੇ ਤਾਂ ਨਰਕ ਵਰਗੇ ਜੀਵਨ ਤੋਂ ਬਚ ਸਕਦਾ ਹੈ, ਨਹੀਂ ਤਾਂ ਨਰਕ ਤਿਆਰ ਹੈ।
ਇਨਸਾਨ ਜਦੋਂ ਮਾਲਕ ਦੇ ਨਾਮ ਤੋਂ ਦੂਰ ਭੱਜਦਾ ਹੈ ਤਾਂ ਉਹ ਹਰ ਤਰ੍ਹਾਂ ਦੀਆਂ ਬੁਰਾਈਆਂ, ਹਰ ਤਰ੍ਹਾਂ ਦੇ ਬੁਰੇ ਕਰਮ ਕਰ ਬੈਠਦਾ ਹੈ। ਪਰ ਜਦੋਂ ਤੱਕ ਮਾਲਕ ਦੀ ਛਤਰ-ਛਾਇਆ ਹੈ, ਉਸ ਦੀ ਦਇਆ-ਮਿਹਰ, ਰਹਿਮਤ ਜਦ ਤੱਕ ਮਹਿਸੂਸ ਹੋ ਰਹੀ ਹੈ ਤਾਂ ਬੁਰਾਈਆਂ ਤੋਂ ਬਚਿਆ ਹੈ। ਜਿਉਂ ਹੀ ਉਸ ਦੀ ਦਇਆ-ਮਿਹਰ, ਰਹਿਮਤ ਤੋਂ ਕੰਨੀ ਕਤਰਾ ਗਿਆ ਤਾਂ ਉਸ ’ਤੇ ਆਪਣੇ ਮਨ ਦੇ ਵਿਚਾਰ ਭਾਰੂ ਹੋ ਜਾਂਦੇ ਹਨ ਅਤੇ ਮਨ ਦੀ ਵਜ੍ਹਾ ਨਾਲ ਫਿਰ ਉਹ ਦੁਖੀ-ਪ੍ਰੇਸ਼ਾਨ ਹੋ ਜਾਂਦਾ ਹੈ।
‘‘ਕਿਉਂ ਨਰਕੋਂ ਮੇਂ ਜਾਏ ਭਾਈ, ਰੋਏ ਔਰ ਪਛਤਾਏ ਭਾਈ’’
ਇਹ ਉਸ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਾਕ-ਪਵਿੱਤਰ ਬਚਨ ਹਨ ਕਿ ਭਾਈ ! ਜਦੋਂ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋ ਜਾਂਦਾ ਹੈ, ਰੋਂਦਾ ਅਤੇ ਪਛਤਾਉਂਦਾ ਹੈ। ਜਦ ਸੰਤ ਸਮਝਾਉਂਦੇ ਹਨ ਤਦ ਗੱਲ ਚੰਗੀ ਨਹੀਂ ਲਗਦੀ। ਸੰਤ ਜਦੋਂ ਕਿਸੇ ਗੱਲ ਤੋਂ ਰੋਕਦੇ ਹਨ ਤਾਂ ਉਹ ਗੱਲ ਚੰਗੀ ਨਹੀਂ ਲਗਦੀ। ਜਦੋਂ ਮਨ ਹਾਵੀ ਹੋ ਜਾਂਦਾ ਹੈ, ਮਨ ਬਹਿਕਾਉਣ ਲਗਦਾ ਹੈ ਤਾਂ ਪਛਤਾਵੇ ਦੇ ਸਿਵਾਏ ਕੁਝ ਵੀ ਨਹੀਂ ਰਹਿੰਦਾ। ਰੋਂਦਾ ਹੈ, ਪਛਤਾਉਂਦਾ ਹੈ, ਕੇਵਲ ਆਪਣੇ ਕਰਮਾਂ ਦੀ ਵਜ੍ਹਾ ਨਾਲ। ਇਸ ਵਿੱਚ ਦੂਜਿਆਂ ਨੂੰ ਦੋਸ਼ ਕਿਉਂ ਦਿੰਦਾ ਹੈ। ਪਰ ਇਨਸਾਨ ਦਾ ਅੱਜ ਕਲਿਯੁਗ ਵਿੱਚ ਇਹ ਅਸੂਲ ਹੈ ਕਿ ਉਹ ਆਪਣੀ ਗਲਤੀ ਨਹੀਂ ਮੰਨਦਾ, ਆਪਣੀ ਖੁਦੀ ਵਿੱਚ ਆ ਜਾਂਦਾ ਹੈ ਕਿ ਮੈਂ ਹੀ ਸਹੀ ਹਾਂ, ਮੈਂ ਗਲਤ ਨਹੀਂ ਹੋ ਸਕਦਾ। ਸਾਰਾ ਦੋਸ਼ ਦੂਜਿਆਂ ’ਤੇ ਮੜ੍ਹ ਦਿੰਦਾ ਹੈ। ਪਰ ਸੰਤਾਂ ਨੇ ਤਾਂ ਇਹੀ ਲਿਖਿਆ ਹੈ,
ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ।
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰਜਨਾ।।
ਜਿਸ ਤਰ੍ਹਾਂ ਕੀਤਾ ਉਸ ਦਾ ਫਲ ਤਾਂ ਭਰਨਾ ਹੀ ਪਵੇਗਾ। ਹੁਣ ਤੜਫਣ ਅਤੇ ਕੁਰਲਾਉਣ ਦਾ ਕੋਈ ਫਾਇਦਾ ਨਹੀਂ। ਹਾਂ ਤੁਸੀਂ ਜੋ ਕਰ ਬੈਠੇ, ਉਹਨਾਂ ਕਰਮਾਂ ਦੇ ਫਲ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਭਗਤੀ ਇਬਾਦਤ ਕਰੋ।
ਅੱਜ ਕਲਿਯੁਗ ਵਿੱਚ ਦੋਗਲਾਪਨ ਬਹੁਤ ਹੈ। ਦੁਨੀਆਂ ਵਿੱਚ ਐਸੇ-ਐਸੇ ਨਾਟਕਬਾਜ਼, ਅਜਿਹੇ ਕਲਾਕਾਰ ਹਨ ਕਿ ਇੱਥੇ ਕੁਝ ਹੋਰ ਅਤੇ ਅਸਲ ਵਿੱਚ ਕੁਝ ਹੋਰ। ਅਜਿਹੇ ਲੋਕਾਂ ਨਾਲ ਜਦੋਂ ਗੱਲ ਹੁੰਦੀ ਹੈ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਇਹ ਤਾਂ ਕੁਰਬਾਨੀ ਦਾ ਪੁਤਲਾ ਹੈ। ਪਰ ਜਦੋਂ ਅਸਲੀਅਤ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਕਿੱਥੇ ਖੜ੍ਹਾ ਹੈ।
ਅਜਿਹਾ ਜੇਕਰ ਨਾਟਕਾਂ ਵਿੱਚ ਕਰੇ ਤਾਂ ਨੰਬਰ ਇੱਕ ਬਣ ਜਾਵੇ, ਜਿਸ ਤਰ੍ਹਾਂ ਅੱਜ ਕਲਿਯੁਗੀ ਲੋਕ ਜੀਵਨ ਵਿੱਚ ਕਰ ਰਹੇ ਹਨ। ਅੱਜ ਇਨਸਾਨ, ਇਨਸਾਨ ਦੀ ਮਜ਼ਬੂਰੀ ਦਾ ਫਾਇਦਾ ਉਠਾ ਰਿਹਾ ਹੈ। ਪਰ ਉਸ ਮਾਲਕ ਤੋਂ ਡਰੋ, ਉਹ ਮਜ਼ਬੂੁਰ ਨਹੀਂ ਹੈ, ਉਹ ਸਭ ਕੁਝ ਦੇਖ ਰਿਹਾ ਹੈ। ਉਹ ਹਰ ਛਿਨ-ਪਲ ਦੀ ਖਬਰ ਰਖਦਾ ਹੈ। ਇਨਸਾਨ ਨੂੰ ਮਜ਼ਬੂਰ ਕਰਕੇ ਤੁਸੀਂ ਝੁਕਾ ਲਵੋਗੇ ਪਰ ਉਹ ਨਹੀਂ ਝੁਕਣ ਵਾਲਾ। ਉਹ ਜੋ ਘਟ-ਘਟ ਵਿੱਚ ਹੈ, ਉਹ ਜੋ ਤੁਹਾਡੇ ਅੰਦਰ ਹੈ, ਉਹ ਤਾਂ ਜਿਸ ਤਰ੍ਹਾਂ ਦੇ ਤੁਸੀਂ ਕਰਮ ਕਰੋਗੇ, ਉਸੇ ਦੇ ਅਨੁਸਾਰ ਫਲ ਦੇਵੇਗਾ। ਉੱਥੇ ਨਾ ਤਾਂ ਕਿਸੇ ਦੀ ਸਿਫਾਰਿਸ਼ ਚੱਲੇਗੀ ਅਤੇ ਨਾ ਹੀ ਤੁਹਾਡੇ ਬਣਾਉਟੀਪਣ ਦਾ ਕੋਈ ਅਸਰ ਹੋਵੇਗਾ। ਉੱਥੇ ਤਾਂ ਜਿਹੋ-ਜਿਹੇ ਕਰਮ ਕੀਤੇ ਹਨ ਉਸੇ ਦਾ ਫਲ ਤੁਹਾਨੂੰ ਮਿਲੇਗਾ। ਅੱਗੇ ਸ਼ਬਦ ਵਿੱਚ ਆਇਆ ਹੈ :-
‘‘ਖਾਨੇ ਲੀਏ ਹੈਂ ਪਦਾਰਥ ਬਨਾਏ, ਪੀਤਾ ਸ਼ਰਾਬ ਔਰ ਮਾਂਸ ਕੋ ਖਾਏ,
ਪੀਤਾ ਸ਼ਰਾਬ ਔਰ ਮਾਂਸ ਕੋ ਖਾਏ। ਛੋੜੇ ਨਾ ਪਾਸ ਦੁਆਨੀ
ਭਾਈ, ਯੇ ਨਰਕੋਂ ਕੀ ਨਾਨੀ ਭਾਈ।’’
ਸ਼ਰਾਬ ਜਿਸ ਨੂੰ ਹਿੰਦੂ ਧਰਮ ਵਿੱਚ ਨਰਕਾਂ ਦੀ ਨਾਨੀ ਕਿਹਾ ਗਿਆ ਹੈ, ਹੋਰ ਵੀ ਕਿਹਾ ਗਿਆ ਹੈ ਕਿ ਅਫੀਮ ਨਹੀਂ ਖਾਣੀ, ਲੜਾਈ-ਝਗੜਾ, ਫਾਲਤੂ ਦੀ ਬਹਿਸ ਵਿੱਚ ਨਹੀਂ ਪੈਣਾ। ਇਹ ਸੰਤਾਂ ਦੇ ਪਵਿੱਤਰ ਬਚਨ ਹਨ ਜੋ ਗ੍ਰੰਥਾਂ ਵਿੱਚ ਲਿਖੇ ਹੋਏ ਹਨ। ਜਿਨ੍ਹਾਂ ਨੇ ਉਸ ਧਰਮ-ਜਾਤੀ ਨੂੰ ਬਣਾਇਆ ਹੈ ਪਰ ਉਹ ਜਿਨ੍ਹਾਂ ਦੀਆਂ ਨਿਸ਼ਾਨੀਆਂ ਹਨ ਕਿ ਇਹ ਉਸ ਧਰਮ ਦਾ ਹੈ ਅਤੇ ਕਰਮ ਮਨਮਰਜੀ ਦੇ ਕਰ ਰਹੇ ਹਨ। ਜਦੋਂ ਉਹਨਾਂ ਨੂੰ ਦੇਖਦੇ ਹਾਂ ਤਾਂ ਬਹੁਤ ਹੀ ਦੁੱਖ ਆਉਂਦਾ ਹੈ ਕਿ ਸੰਤ-ਪੀਰ ਫਕੀਰਾਂ ਨੇ ਇਹ ਸੋਚ ਕੇ ਥੋੜ੍ਹਾ ਹੀ ਧਰਮ-ਜਾਤ ਬਣਾਈ ਹੈ ਕਿ ਅਜਿਹਾ ਕਰਨਗੇ। ਉਹਨਾਂ ਨੇ ਤਾਂ ਬਹੁਤ ਹੀ ਵਧੀਆ ਨਿਯਮ ਬਣਾਏ ਹਨ, ਪਰ ਕੋਈ ਮੰਨਦਾ ਹੀ ਨਹੀਂ। ਸਿੱਖ ਧਰਮ ਵਿੱਚ ਵੀ ਸਾਰੇ ਨਸ਼ਿਆਂ ਦੀ ਮਨਾਹੀ ਹੈ।
‘‘ਪੋਸਤ ਭੰਗ ਅਫੀਮ ਮਦ, ਨਸ਼ਾ ਉਤਰ ਜਾਏ ਪ੍ਰਭਾਤ।
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।।’’
ਪੋਸਤ-ਭੰਗ, ਅਫੀਮ, ਮਦ ਭਾਵ ਸ਼ਰਾਬ ਸੁਬ੍ਹਾ ਪੀਓ ਸ਼ਾਮ ਨੂੰ ਅਤੇ ਸ਼ਾਮ ਨੂੰ ਪੀਓ ਤਾਂ ਸੁਬ੍ਹਾ ਉਤਰ ਜਾਂਦੀ ਹੈ, ਜੋ ਕਿ ਬੇਕਾਰ ਨਸ਼ਾ ਹੈ। ਜੇਕਰ ਨਸ਼ਾ ਹੀ ਕਰਨਾ ਹੈ ਤਾਂ ਵਾਹਿਗੁਰੂ, ਰਾਮ ਦੇ ਨਾਮ ਦਾ ਕਰੋ ਜੋ ਇੱਕ ਵਾਰ ਚੜ੍ਹ ਗਿਆ, ਉਸ ਦੀ ਖੁਮਾਰੀ, ਲੱਜਤ, ਮਸਤੀ ਕਦੇ ਨਹੀਂ ਉਤਰਦੀ। ਉਸ ਦੀ ਮਸਤੀ ਦੋਵਾਂ ਜਹਾਨਾਂ ਵਿੱਚ ਕਾਇਮ ਰਹਿੰਦੀ ਹੈ। ਇਸਲਾਮ ਧਰਮ ਵਿੱਚ ‘‘ਸ਼ਰ+ਆਬ’’ ਸ਼ਰ ਭਾਵ ਸ਼ਰਾਰਤ ਯਾਨੀ ਸ਼ੈਤਾਨ ਅਤੇ ਆਬ ਦਾ ਅਰਥ ਪਾਣੀ। ਖੁਦਾ ਦੀ ਇਬਾਦਤ ਕਰਨ ਵਾਲਿਓ ਸ਼ਰਾਬ ਸ਼ੈਤਾਨ ਦਾ ਪਾਣੀ ਹੈ, ਇਸ ਨੂੰ ਪੀਣਾ ਮਤ, ਵਰਨਾ ਕੀਤੀ ਹੋਈ ਇਬਾਦਤ ਖਾਕ ਵਿੱਚ ਮਿਲ ਜਾਵੇਗੀ, ਦੋਜਖ਼ ਵਿੱਚ ਜਲੋਗੇ। ਤਾਂ ਸ਼ਰਾਬ ਦੇ ਬਾਰੇ ਵਿੱਚ ਬਹੁਤ ਕੁਝ ਲਿਖਿਆ ਹੈ। ਪਰ ਫਿਰ ਵੀ ਲੋਕ ਬਾਜ ਨਹੀਂ ਆਉਂਦੇ। ਸਤਿਸੰਗ ਵਿੱਚ ਵੀ ਆਪਣੇ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਦਇਆ-ਮਿਹਰ ਨਾਲ ਕਦੋਂ ਤੋਂ ਸਮਝਾ ਰਹੇ ਹਾਂ ਕਿ ਭਾਈ ਨਸ਼ਾ ਨਾ ਕਰੋ, ਇਹ ਨਸ਼ੇ ਬਰਬਾਦੀ ਦਾ ਘਰ ਹਨ।
ਫਿਰ ਵੀ ਕਈ ਸੱਜਣ ਨਸ਼ੇ ਨਹੀਂ ਛੱਡਦੇ, ਕਈ ਸਤਿਸੰਗੀ ਨਸ਼ੇ ਕਰਦੇ ਨਜ਼ਰ ਆਉਂਦੇ ਹਨ। ਬਹੁਤ ਦੁੱਖ-ਪ੍ਰੇਸ਼ਾਨੀ ਆਉਂਦੀ ਹੈ ਕਿ ਭਾਈ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਪਰ ਕਲਿਯੁਗ ਹੈ, ਇੱਥੇ ਸਾਰੇ ਧਰਮਾਂ ਵਿੱਚ ਅਜਿਹਾ ਹੋ ਰਿਹਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਸੌ ਪ੍ਰਤੀਸ਼ਤ ਸਤਿਸੰਗੀ ਅਮਲ ਕਰਦੇ ਹਨ। ਉਹਨਾਂ ਵਿੱਚ ਇਹ ਦੇਖਣ ਵਿੱਚ ਆਉਂਦਾ ਹੈ ਕਿ 70-80 ਪ੍ਰਤੀਸ਼ਤ ਅਜਿਹੇ ਹਨ ਜੋ ਅਮਲ ਕਰਦੇ ਹਨ। ਅੱਜ ਦੇ ਸਮੇਂ ਦੇ ਹਿਸਾਬ ਨਾਲ ਐਨੇ ਲੋਕ ਵੀ ਅਮਲ ਕਰਨ ਤਾਂ ਕੋਈ ਘੱਟ ਨਹੀਂ। ਜੇਕਰ ਐਨੇ ਵੀ ਲੋਕ ਅਮਲ ਕਰਦੇ ਹੋਣ, ਇਹਨਾਂ ’ਤੇ ਚੱਲਦੇ ਹੋਣ ਤਾਂ ਭਾਈ! ਇਸ ਕਲਿਯੁਗ ਵਿੱਚ ਸੰਤਾਂ ਦੀ ਗੱਲ ਕੌੜੀ ਲਗਦੀ ਹੈ, ਇਨਸਾਨ ਮੰਨਦਾ ਨਹੀਂ। ਉਹਨਾਂ ਨੂੰ ਰੋਕੋ ਕਿ ਨਸ਼ੇ ਨਾ ਕਰੋ ਤਾਂ ਉਹ ਇਹ ਕਹਿੰਦੇ ਹਨ ਕਿ ਮੈਂ ਤਾਂ ਕਰਾਂਗਾ, ਮੈਨੂੰ ਕੌਣ ਰੋਕੇਗਾ।
ਮਾਸ ਮਛਰੀਆ ਖਾਤ ਹੈ, ਸੁਰਾ ਪਾਨ ਕੇ ਹੇਤ।
ਤੇ ਨਰ ਜੜ੍ਹ ਸੇ ਜਾਏਂਗੇ, ਜਿਉਂ ਮੂਰੀ ਕਾ ਖੇਤ।।
ਜਿਸ ਤਰ੍ਹਾਂ ਗਾਜਰ, ਮੂਲੀ ਪੁੱਟੋ ਤਾਂ ਬਾਅਦ ਵਿੱਚ ਕੀ ਬਾਕੀ ਰਹਿ ਜਾਂਦਾ ਹੈ, ਕੁਝ ਵੀ ਤਾਂ ਨਹੀਂ, ਸਿਰਫ ਟੋਇਆ ਰਹਿ ਜਾਂਦਾ ਹੈ। ਜੋ ਇਹ ਕੰਮ ਕਰਦੇ ਹਨ ਉਹ ਵੀ ਜੜ੍ਹ ਤੋਂ ਖਤਮ ਹੋ ਜਾਂਦੇ ਹਨ। ਨਰਕਾਂ ਵਿੱਚ ਪੱਕਾ ਅੱਡਾ ਲੱਗ ਜਾਂਦਾ ਹੈ। ਅਜਿਹੇ ਲੋਕ ਤੜਫਦੇ ਰਹਿੰਦੇ ਹਨ ਭਿਆਨਕ ਦੁੱਖਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਇਸ ਲਈ ਕਦੇ ਮਾਸ, ਅੰਡਾ ਨਾ ਖਾਓ, ਨਸ਼ੇ ਨਾ ਕਰੋ। ਇਹ ਦੁਖਦਾਇਕ ਹਨ, ਪ੍ਰੇਸ਼ਾਨੀ ਦੇਣ ਵਾਲੇ ਹਨ। ਇਸ ਬਾਰੇ ਲਿਖਿਆ ਦੱਸਿਆ ਹੈ।
ਹੈ ਅਦਲ (ਇਨਸਾਫ) ਦਰਗਾਹ ਦੇ ਅੰਦਰ ਹੋਣਾ,
ਇਸ ਗੱਲ ਨੂੰ ਰੱਖ ਧਿਆਨ ਅੰਦਰ।
ਸਵਾਸ-ਸਵਾਸ ਦਾ ਉੱਥੇ ਹਿਸਾਬ ਹੌਸੀ,
ਕਰਮ ਕੀਤੇ ਜੋ ਤੁਧ ਜਹਾਨ ਅੰਦਰ।
ਸਜਾ ਪਾਪੀਆਂ ਨੂੰ ਮਿਲੇ ਬਹੁਤ ਭਾਰੀ,
ਧਰਮੀ ਜਾਂਵਦੇ ਸੁਰਗ ਅਸਥਾਨ ਅੰਦਰ।
ਬਿਸ਼ਨਦਾਸ ਸੰਵਾਰ ਲੈ ਜਨਮ ਆਪਣਾ,
ਨਾਮ ਜਪਕੇ ਦੇਹ ਇਨਸਾਨ ਅੰਦਰ।
ਭਾਈ, ਨਸ਼ੇ ਛੱਡੋ, ਅਜਿਹਾ ਖਾਣਾ ਛੱਡੋ ਜਿਸ ਨਾਲ ਤੁਹਾਡੇ ਅੰਦਰੋਂ ਦਇਆ, ਰਹਿਮ ਖਤਮ ਹੋ ਰਹੇ ਹੋਣ। ਇਹਨਾਂ ਨੂੰ ਛੱਡਣ ਨਾਲ ਹੀ ਤੁਸੀਂ ਮਾਲਕ ਦੀ ਦਇਆ ਮਿਹਰ, ਰਹਿਮਤ ਨਾਲ ਮਾਲੋ-ਮਾਲ ਹੋ ਜਾਓਗੇ। ਪੀਰ-ਫਕੀਰ ਹਰ ਕਿਸੇ ਨੂੰ ਨਿਵਾਜਦੇ ਹਨ, ਪ੍ਰੇਮ ਕਰਦੇ ਹਨ। ਆਪਣੇ ਵੱਲੋਂ ਹਰ ਅਜਿਹਾ ਕਰਮ ਕਰਦੇ ਹਨ ਜਿਸ ਨਾਲ ਸਾਹਮਣੇ ਵਾਲੇ ਨੂੰ ਸੁੱਖ ਮਿਲੇ। ਪਰ ਉਸ ਦੀ ਕਦਰ ਪਾ ਕੇ ਜੇਕਰ ਕੋਈ ਸਿਮਰਨ ਕਰ ਲਵੇ ਤਾਂ ਉਹ ਮਾਲਕ ਨੂੰ ਬਹੁਤ ਜਲਦੀ ਹਾਸਲ ਕਰ ਸਕਦਾ ਹੈ। ਜੇਕਰ ਉੱਥੋਂ ਤੱਕ ਸੀਮਤ ਰਹਿ ਜਾਵੇ ਤਾਂ ਮਾਲਕ ਦੇ ਨੂਰੀ ਸਵਰੂਪ ਨੂੰ ਹਾਸਲ ਨਹੀਂ ਕਰ ਸਕਦਾ, ਇਹ ਵੀ ਅਟੱਲ ਸੱਚਾਈ ਹੈ।
ਤਾਂ ਭਾਈ ਸਿਮਰਨ ਅਤੀ ਜ਼ਰੂਰੀ ਹੈ ਮਨ ਨੂੰ ਨਕੇਲ ਪਾਉਣ ਦੇ ਲਈ। ਨਹੀਂ ਤਾਂ ਬਾਹਰਲੇ ਕੱਪੜਿਆਂ ਨਾਲ, ਬਾਹਰੀ ਦਿਖਾਵੇ ਨਾਲ ਸਿਰਫ ਲੋਕਾਂ ਦੇ ਸਾਹਮਣੇ ਗੱਲਾਂ ਕਰਨ ਨਾਲ ਤੁਸੀਂ ਪੂਰਨ ਤੌਰ ’ਤੇ ਭਗਤ ਨਹੀਂ ਬਣ ਸਕਦੇ। ਤੁਹਾਡੇ ਅੰਦਰ ਜਦੋਂ ਖੁਦ ਸ਼ਾਂਤੀ ਨਹੀਂ ਤਾਂ ਦੂਸਰਿਆਂ ਨੂੰ ਕੀ ਸ਼ਾਂਤੀ ਦੇ ਦੇਵੋਗੇ। ਪਹਿਲੇ ਆਪਣੇ ਅੰਦਰ ਆਤਮਿਕ ਸ਼ਾਂਤੀ ਆਤਮ-ਬਲ ਲਿਆਓ, ਜੋ ਰਾਮ-ਨਾਮ ਦੇ ਸਿਮਰਨ ਨਾਲ ਆਵੇਗਾ। ਸੱਚੀ ਲਗਨ ਨਾਲ, ਸੱਚੀ ਤੜਫ ਨਾਲ ਸਿਮਰਨ ਕਰੋ। ਆਪਣੀ ਮਜ਼ਬੂਰੀ ਸਮਝ ਕੇ ਨਹੀਂ ਕਿ ਦਸ ਮਿੰਟ ਬੈਠ ਗਏ ਤੇ ਕਹਿਣ ਲੱਗੇ ਕਿ ਮੈਂ ਤਾਂ ਕਰ ਲਿਆ ਸਿਮਰਨ। ਉਸ ਦਾ ਕੁਝ ਨਾ ਕੁਝ ਤਾਂ ਫਲ ਹੈ, ਪਰ ਉਹ ਗੱਲ ਨਹੀਂ ਬਣਦੀ। ਸੱਚੀ ਲਗਨ ਨਾਲ, ਤੜਫ ਨਾਲ ਸਿਮਰਨ ਕਰੋ ਤਾਂ ਫਲ ਜ਼ਿਅਦਾ ਮਿਲੇਗਾ ਅਤੇ ਮਾਲਕ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਜ਼ਰੂਰ ਬਣ ਜਾਓਗੇ। ਸ਼ਬਦ ਵਿੱਚ ਆਇਆ :
ਕਿਉਂ ਕਰਤਾ ਹੈ ਮੇਰਾ-ਮੇਰਾ, ਕੁਛ ਭੀ ਨਹੀਂ ਇਸ ਮੇਂ ਤੇਰਾ,
ਕੁਛ ਭੀ ਨਹੀਂ ਇਸ ਮੇਂ ਤੇਰਾ। ਦੋ ਦਿਨ ਕਾ ਯਹਾਂ ਬਸੇਰਾ ਭਾਈ,
ਫਿਰ ਜੰਗਲ ਮੇਂ ਡੇਰਾ ਭਾਈ, ਜਨਮ ਸਫਲ…..
ਇਨਸਾਨ ਮੈਂ-ਮੇਰੀ ਦੇ ਫੇਰ ਵਿੱਚ ਫਸਿਆ ਹੋਇਆ ਹੈ। ਜਿਸ ਨੂੰ ਵੀ ਦੇਖੋ ਇਹੀ ਕਹਿੰਦਾ ਹੈ ਕਿ ਇਹ ਮੇਰਾ ਹੈ, ਮੈਂ ਇਸ ਨੂੰ ਆਪਣਾ ਬਣਾ ਲਵਾਂ ਅਤੇ ਆਪਣਾ ਹੀ ਹੋ ਜਾਵੇ ਅਤੇ ਮੇਰਾ ਬਣ ਜਾਵੇ। ਇਸ ਮੈਂ-ਮੇਰੀ ਨੇ ਇਨਸਾਨ ਦਾ ਬੁਰਾ ਹਾਲ ਕਰ ਰੱਖਿਆ ਹੈ। ਜੇਕਰ ‘ਮੈਂ’ ਪੂਰੀ ਹੁੰਦੀ ਹੈ ਤਾਂ ਸਾਰੇ ਅੱਛੇ ਹਨ, ਜੇਕਰ ‘ਮੈਂ’ ਪੂਰੀ ਨਹੀਂ ਹੁੰਦੀ ਤਾਂ ਸਾਰੇ ਗੰਦੇ ਹਨ। ਇਹ ‘ਮੈਂ’ ਇਹ ਖੁਦੀ ਸਭ ਨੂੰ ਲੈ ਡੁੱਬਦੀ ਹੈ। ਜੇਕਰ ਨਿਮਰਤਾ ਦੀਨਤਾ ਰੱਖੋ ਤਾਂ ਫਾਇਦਾ ਹੈ, ਨਹੀਂ ਤਾਂ ‘ਮੈਂ’ ਤਾਂ ਅਜਿਹੀ ਹੈ, ਜਿਸ ਤਰ੍ਹਾਂ ਰੂੰ ਵਿੱਚ ਲਪੇਟ ਕੇ ਅੱਗ ਨੂੰ ਹੱਥ ’ਤੇ ਰੱਖੋ। ਦਹਿਕਦੇ ਹੋਏ ਅੰਗਿਆਰੇ ਨੂੰ ਰੂੰ ਵਿੱਚ ਲਪੇਟ ਕੇ ਹੱਥ ’ਤੇ ਰੱਖ ਕੇ ਆਪਣੇ ਹੱਥ ਨੂੰ ਬਚਾਓਗੇ, ਹੱਥ ਖੋਲ੍ਹਣਾ ਨਹੀਂ ਕੁਝ ਹੀ ਸੈਕਿੰਡਾਂ ਵਿੱਚ ਉਹ ਰੂੰ ਮੱਚ ਜਾਵੇਗੀ ਅਤੇ ਤੁਹਾਡਾ ਹੱਥ ਵੀ ਜਲ ਜਾਵੇਗਾ। ਉਸੇ ਤਰ੍ਹਾਂ ਹੀ ਮੈਂ-ਮੇਰੀ ਹੈ।
ਜਿਸ ਨੇ ਵੀ ਸਮਾਜ, ਦੁਨੀਆਂ ਵਿੱਚ ਹੰਕਾਰ ਕੀਤਾ, ਉਸ ਦਾ ਸਭ ਕੁਝ ਨਾਸ਼ ਹੋ ਗਿਆ। ਹੈਰਾਨੀ ਇਹ ਹੁੰਦੀ ਹੈ ਕਿ ਇਸ ਮੈਂ-ਮੇਰੀ ਦੇ ਬਾਰੇ ਵਿੱਚ ਪੜ੍ਹ ਕੇ ਵੀ ਇਨਸਾਨ ਇਸ ਤੋਂ ਬਾਜ ਨਹੀਂ ਆਉਂਦੇ ਜਿਸ ਤਰ੍ਹਾਂ ਤੁਸੀਂ ਰਾਵਣ ਨੂੰ ਹੀ ਲੈ ਲਓ। ਉਹ ਚਾਰੇ ਵੇਦਾਂ ਦਾ ਟੀਕਾਕਾਰ ਪੰਡਿਤ ਸੀ ਚਾਰੇ ਵੇਦਾਂ ’ਤੇ ਉਸ ਨੇ ਟੀਕਾ-ਟਿੱਪਣੀ ਕੀਤੀ ਸੀ, ਫਿਰ ਵੀ ਉਸ ਨੂੰ ਹੰਕਾਰ ਆ ਗਿਆ। ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਹੰਕਾਰ ਕੀਤਾ ਉਹ ਦੁਨੀਆਂ ਵਿੱਚ ਬੁਰਾਈ ਦਾ ਪ੍ਰਤੀਕ ਬਣ ਕੇ ਰਹਿ ਗਿਆ। ਇਨਸਾਨ ਦੇ ਅੰਦਰ ‘ਮੈਂ’, ਹੰਕਾਰ ਕਦੇ ਨਹੀਂ ਆਉਣੀ ਚਾਹੀਦੀ। ਜੇਕਰ ਤੁਸੀਂ ਮਾਲਕ ਤੋਂ ਦਇਆ ਮਿਹਰ ਰਹਿਮਤ ਦੀ ਉਮੀਦ ਰੱਖਦੇ ਹੋ ਤਾਂ ਉਹ ਹੰਕਾਰ ਨਾਲ ਹਾਸਲ ਨਹੀਂ ਕਰ ਸਕਦੇ। ਜਿੰਨਾ ਮਰਜੀ ਹੰਕਾਰ ਕਰੋ ਪਰ ਦੀਨਤਾ ਨਾਲ, ਨਿਮਰਤਾ ਨਾਲ, ਮਿਠਾਸ ਨਾਲ ਉਸ ਤੋਂ ਜੋ ਮੰਗੋ, ਪਰ ਦਿਲ ਵਿੱਚ ਵੀ ਮਿਠਾਸ ਹੋਣੀ ਚਾਹੀਦੀ ਹੈ।
‘ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ।
ਏਕ ਮਿਆਨ ਮੇਂ ਦੋ ਖੜਗ, ਦੇਖਾ ਸੁਨਾ ਨਾ ਕਾਨ।
ਪ੍ਰਭੂ-ਪਰਮਾਤਮਾ ਦੇ ਪ੍ਰੇਮ ਨੂੰ ਪਾਉਣਾ ਚਾਹੁੰਦਾ ਹੈਂ, ਅੰਮ੍ਰਿਤ, ਆਬੋਹਯਾਤ ਹਰੀ ਰਸ ਨੂੰ ਪਾਉਣਾ ਚਾਹੁੰਦਾ ਹਂੈ, ਪਰਮ-ਸੁੱਖ, ਪਰਮਾਨੰਦ, ਪਰਮ-ਲੱਜਤ ਨੂੰ ਪਾਉਣਾ ਚਾਹੁੰਦਾ ਹੈਂ ਅਤੇ ਦੂਜੇ ਪਾਸੇ ਹੰਕਾਰ ਰੱਖਦਾ ਹੈਂ ਤਾਂ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਆਉਂਦੀਆਂ ਉਸੇ ਤਰ੍ਹਾਂ ਇੱਕ ਸਰੀਰ ਵਿੱਚ ਝੂਠਾ ਹੰਕਾਰ ਤੇ ਮਾਲਕ ਦਾ ਪਿਆਰ ਮੁਹੱਬਤ ਇੱਕ ਸਾਥ ਨਹੀਂ ਰਹਿ ਸਕਦੇ। ਜਿੱਥੇ ਮਾਲਕ ਦਾ ਪਿਆਰ ਹੈ, ਉਸ ਦੀ ਮੁਹੱਬਤ ਹੈ, ਉੱਥੇ ਹੰਕਾਰ ਨਾਂਅ ਦੀ ਚੀਜ਼ ਨਹੀਂ। ਜਿੱਥੇ ਹੰਕਾਰ ਹੈ ਉੱਥੇ ਮਾਲਕ ਦਾ ਪਿਆਰ ਨਹੀਂ। ਇਸ ਲਈ ਭਾਈ ਖੁਦੀ ਨੂੰ, ਹੰਕਾਰ ਨੂੰ ਖਤਮ ਕਰ ਦਿਓ। ਇਹ ਵੱਡਾ ਪਰਦਾ ਹੈ ਅਤੇ ਇਸੇ ਪਰਦੇ ਵਿੱਚ ਛੁਪਿਆ ਹੋਇਆ ਹੈ, ਤੁਹਾਡਾ ਓਮ, ਹਰੀ, ਅੱਲ੍ਹਾ, ਵਾਹਿਗੁਰੂ ਰਾਮ।
‘‘ਜਨਮ ਹਾਥ ਸੇ ਜਬ ਜਾਏਗਾ, ਬਾਰ-ਬਾਰ ਨਾ ਫਿਰ ਆਏਗਾ,
ਬਾਰ-ਬਾਰ ਨਾ ਫਿਰ ਆਏਗਾ। ਸਮੇਂ ਕਾ ਲਾਭ ਉਠਾਏ ਭਾਈ,
ਗੁਜਰ ਗਿਆ ਨਾ ਆਏ ਭਾਈ, ਜਨਮ ਸਫਲ…’’
ਜੋ ਸਵਾਸ ਤੁਹਾਡੇ ਜੀਵਨ ਦੇ ਗੁਜ਼ਰ ਰਹੇ ਹਨ, ਉਹ ਤੁਹਾਡੀ ਕੁੱਲ ਉਮਰ ਵਿੱਚੋਂ ਘੱਟ ਹੋ ਰਹੇ ਹਨ। ਜਿਸ ਤਰ੍ਹਾਂ ਮੰਨ ਲਓ ਤੁਹਾਡੀ ਉਮਰ ਸੌ ਸਾਲ ਹੈ, ਵੈਸੇ ਹੈ ਤਾਂ ਅਸੰਭਵ ਪਰ ਫਿਰ ਵੀ ਮੰਨ ਲਓ ਉਸ ਵਿੱਚੋਂ ਪੰਜਾਹ ਸਾਲ ਤੁਹਾਡੇ ਗੁਜ਼ਰ ਗਏ ਹਨ ਤਾਂ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਵੱਡੇ ਹੋ ਗਏ। ਤੁਸੀਂ ਇਹ ਸੋਚੋ ਕਿ ਤੁਸੀਂ ਪੰਜਾਹ ਸਾਲ ਛੋਟੇ ਹੋ ਗਏ ਹੋ। ਇਸੇ ਤਰ੍ਹਾਂ ਜੋ ਸੈਕਿੰਡ, ਮਿੰਟ, ਘੰਟਾ, ਮਹੀਨਾ, ਸਾਲ ਤੁਹਾਡੀ ਉਮਰ ਵਿੱਚੋਂ ਗੁਜ਼ਰ ਗਿਆ ਉਹ ਤੁਹਾਨੂੰ ਤੁਹਾਡੀ ਮੌਤ ਦੇ ਨੇੜੇ ਲਿਜਾ ਰਿਹਾ ਹੈ। ਜੀਵਨ ਛੋਟਾ ਹੈ ਜਾਂ ਲੰਬਾ ਹੈ ਇਸ ਫੇਰ ਵਿੱਚ ਨਾ ਪਓ। ਜੋ ਜੀਵਨ ਵਰਤਮਾਨ ਵਿੱਚ ਜੀ ਰਹੇ ਹੋ, ਉਹ ਕਿਹੋ ਜਿਹਾ ਹੈ। ਉਸ ਵਿੱਚ ਜੋ ਗਲਤੀਆਂ ਹਨ, ਉਸ ਵਿੱਚ ਜੋ ਤੁਹਾਡੇ ਅੰਦਰ ਗ਼ਲਤ ਭਾਵਨਾਵਾਂ ਹਨ, ਉਹਨਾਂ ਨੂੰ ਮਿਟਾ ਦਿਓ। ਗੁਜ਼ਰੇ ਹੋਏ ਨੂੰ ਰੋਵੋ ਨਾ। ਵਰਤਮਾਨ ਵਿੱਚ ਜੋ ਜੀਵਨ ਹੈ, ਉਸ ਵਿੱਚੋਂ ਜੇਕਰ ਤੁਸੀਂ ਆਪਣੀਆਂ ਗਲਤੀਆਂ ਨੂੰ ਕੱਢੋਗੇ ਤਾਂ ਤੁਹਾਡਾ ਆਉਣ ਵਾਲਾ ਸਮਾਂ ਜ਼ਰੂਰ ਚੰਗਾ ਹੋਵੋਗਾ ਕਿਉਂਕਿ ਇਸ ਸਮੇਂ ਨੂੰ ਕੁਝ ਸੁਧਾਰਨ ਨਾਲ ਹੀ, ਆਉਣ ਵਾਲਾ ਸਮਾਂ ਸੁਧਰੇਗਾ। ਇਸ ਸਮੇਂ ਦਾ ਸਦ-ਉਪਯੋਗ ਕਰੋਗੇ ਭਾਵ ਅੱਲ੍ਹਾ, ਵਾਹਿਗੁਰੂ-ਰਾਮ ਦਾ ਨਾਮ ਜਪੋਗੇ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਆਨੰਦਮਈ ਬਣ ਜਾਵੇਗਾ, ਖੁਸ਼ੀਆਂ ਦੇਣ ਵਾਲਾ ਬਣ ਜਾਵੇਗਾ।
ਤਾਂ ਸਮੇਂ ਦੀ ਕਦਰ ਕਰੋ, ਸਮੇਂ ਨੂੰ ਬਰਬਾਦ ਨਾ ਕਰੋ। ਜੋ ਸਮੇਂ ਦੀ ਕਦਰ ਨਹੀਂ ਕਰਦੇ , ਆਲਸ ਵਿੱਚ ਬਰਬਾਦ ਕਰਦੇ ਰਹਿੰਦੇ ਹਨ ਉਹ ਜੀਵਨ ਵਿੱਚ ਕਦੇ ਸਫਲ ਨਹੀਂ ਹੋ ਸਕਦੇ। ਸਮੇਂ ਦੀ ਜੋ ਕਦਰ ਕਰਦੇ ਹਨ, ਜੋ ਸਮੇਂ ਦੇ ਨਾਲ-ਨਾਲ ਚਲਦੇ ਹਨ, ਉਹ ਦੁਨੀਆਂ ਵਿੱਚ ਵੀ ਤੇ ਰੂਹਾਨੀਅਤ ਵਿੱਚ ਵੀ ਹਮੇਸ਼ਾ ਤਰੱਕੀ ਕਰਦੇ ਜਾਂਦੇ ਹਨ। ਤੁਸੀਂ ਇੱਕ ਸਮਾਂ ਸਾਰਨੀ ਬਣਾਓ। ਸੌਣ ਦਾ, ਖਾਣ ਦਾ, ਰਫਾ-ਹਾਜ਼ਤ ਜਾਣ ਦਾ। ਇਹ ਨਹੀਂ ਕਿ ਆਲਸ ਕਰਦੇ ਰਹੋ, ਅਜਿਹਾ ਕਰਨਾ ਬਿਲਕੁਲ ਗ਼ਲਤ ਹੈ। ਇਹ ਤੁਹਾਡਾ ਮਨ, ਤੁਹਾਨੂੰ ਲਲਚਾ ਰਿਹਾ ਹੈ ਕਿ ਹੋਰ ਥੋੜ੍ਹਾ ਚਿਰ ਪਿਆ ਰਹਿ, ਕੀ ਫਰਕ ਪੈਂਦਾ ਹੈ ਅਤੇ ਤੁਹਾਡਾ ਸਿਮਰਨ ਦਾ ਸਮਾਂ ਚਲਿਆ ਜਾਵੇ। ਇਹ ਗਲਤ ਹੈ। ਤੁਸੀਂ ਇੱਕ ਝਟਕੇ ਨਾਲ ਖੜੇ੍ਹ ਹੋ ਜਾਓ। ਰਫਾ-ਹਾਜ਼ਤ ਜਾਣ ਦੇ ਬਾਅਦ ਹੱਥ-ਮੂੰਹ ਧੋ ਲਵੋ ਅਤੇ ਬੈਠ ਜਾਓ ਮਾਲਕ ਦੀ ਯਾਦ ਵਿੱਚ ਅੱਧਾ-ਘੰਟਾ, ਪੌਣਾ ਘੰਟਾ ਲਾਓ। ਇੱਕ ਦੋ ਦਿਨ ਪ੍ਰੇਸ਼ਾਨੀ ਆਵੇਗੀ, ਪਰੰਤੂ ਫਿਰ ਆਦਤ ਬਣ ਜਾਵੇਗੀ।
ਚੰਗੇ ਨੇਕ ਕਰਮ ਕਰਦੇ ਜਾਓ ਤਾਂ ਉਸ ਵਿੱਚ ਵੀ ਆਲਸ ਨਾ ਕਰੋ, ਉਸ ਵਿੱਚ ਵੀ ਇੱਕ-ਦੋ ਮਿੰਟ ਦੇਰੀ ਨਾ ਕਰੋ। ਜੇਕਰ ਹੱਥ-ਪੈਰ ਚਲਾਓਗੇ ਤਾਂ ਹੀ ਕਿਤੇ ਨਾ ਕਿਤੇ ਅਟਕੇਗਾ ਅਤੇ ਜੇਕਰ ਚਲਾਓਗੇ ਹੀ ਨਹੀਂ ਤਾਂ ਕਿੱਥੇ ਅਟਕੇਗਾ। ਤਾਂ ਭਾਈ ਕਰਮ ਕਰੋ। ਤੁਸੀਂ ਖੇਤੀ ਕਰਦੇ ਹੋ ਕੀ ਤੁਸੀਂ ਕਿਸੇ ਜਿੰਮੀਂਦਾਰ ਨੂੰ ਦੇਖਿਆ ਹੈ ਕਮਰੇ ਵਿੱਚ ਸੌਂ ਕੇ ਸਫਲਤਾ ਹਾਸਲ ਕਰਦੇ ਹੋਏ? ਕਿੰਨੀ ਮਿਹਨਤ ਕਰਨੀ ਪੈਂਦੀ ਹੈ ਅਤੇ ਇਸੇ ਮਿਹਨਤ ਦੀ ਵਜ੍ਹਾ ਨਾਲ ਅੱਜ ਲੋਕ ਵਿਸ਼ਵ ਵਿੱਚ ਚੋਟੀ ’ਤੇ ਪਹੁੰਚ ਚੁੱਕੇ ਹਨ। ਧਨਵਾਨ ਲੋਕਾਂ ਵਿੱਚ ਉਹਨਾਂ ਦਾ ਸਥਾਨ ਹੈ। ਪਰ ਉਹਨਾਂ ਨੇ ਮਿਹਨਤ ਕੀਤੀ। ਸ਼ੇਖ ਚਿੱਲੀ ਦੀ ਤਰ੍ਹਾਂ ਸੁਫ਼ਨੇ ਨਹੀਂ ਦੇਖੇ।
ਇੱਕ ਵਾਰ ਸ਼ੇਖ ਚਿੱਲੀ ਕਿਤੇ ਖੜ੍ਹਾ ਸੀ। ਕੋਈ ਸ਼ਾਹੂਕਾਰ ਆਇਆ ਅਤੇ ਕਹਿਣ ਲੱਗਿਆ ਕਿ ਭਾਈ ਇਹ ਮਟਕਾ ਹੈ, ਇਹ ਫਲਾਂ ਜਗ੍ਹਾ ਪਹੁੰਚਾ ਦੇ, ਤੈਨੂੰ ਪੱਚੀ ਪੈਸੇ ਦੇ ਦੇਵਾਂਗਾ। ਉਦੋਂ ਪੱਚੀ ਪੈਸਿਆਂ ਦਾ ਬਹੁਤ ਮੁੱਲ ਸੀ। ਕਾਫੀ ਮੋਟਾ ਤਕੜਾ ਇਨਸਾਨ ਸੀ। ਉਸ ਦੇ ਸਰੀਰ ’ਤੇ ਕੀ ਅਸਰ ਹੋਣਾ ਸੀ। ਉਸ ਨੇ ਉਹ ਮਟਕਾ ਸਿਰ ’ਤੇ ਚੁੱਕਿਆ ਅਤੇ ਚੱਲ ਪਿਆ। ਪਰ ਅੰਦਰ ਮੀਟਿੰਗ ਸ਼ੁਰੂ ਹੋ ਗਈ, ਉਹ ਖੁਲ੍ਹੀਆਂ ਅੱਖਾਂ ਨਾਲ ਸੁਫ਼ਨਾ ਦੇਖਦਾ ਜਾ ਰਿਹਾ ਸੀ। ਸੁਫ਼ਨਾ ਦੇਖਣਾ ਸ਼ੁਰੂ ਕਰ ਦਿੱਤਾ ਕਿ ਚੁਆਨੀ ਦੇ ਬਹੁਤ ਸਾਰੇ ਅੰਡੇ ਖਰੀਦ ਲਏ। ਉਹਨਾਂ ਅੰਡਿਆਂ ਵਿੱਚੋਂ ਬਹੁਤ ਸਾਰੇ ਚੂੁਜ਼ੇ ਨਿਕਲ ਆਏ, ਮੁਰਗੀਆਂ ਹੋ ਗਈਆਂ, ਅੰਡੇ ਵੇਚਣੇ ਸ਼ੁਰੂ ਕਰ ਦਿੱਤੇ, ਚੂਜ਼ੇ ਵੇਚਣੇ ਸ਼ੁਰੂ ਕਰ ਦਿੱਤੇ। ਬਹੁਤ ਕਾਰੋਬਾਰ ਹੋ ਗਿਆ। ਪਰ ਸੋਚਣ ਲੱਗਿਆ ਕਿ ਨਹੀਂ, ਗੱਲ ਬਣੀ ਨਹੀਂ।
ਸਾਰੀਆਂ ਮੁਰਗੀਆਂ ਵੇਚ ਦਿੱਤੀਆਂ। ਫਿਰ ਗਾਂ ਲੈ ਆਇਆ, ਵੱਛੇ, ਵੱਛੀਆਂ ਪੈਦਾ ਹੋ ਗਈਆਂ, ਗਊਸ਼ਾਲਾ ਖੁੱਲ੍ਹ ਗਈ, ਦੁੱਧ ਵੇਚਣ ਲੱਗਿਆ, ਵੱਛੇ ਵੇਚਣ ਲੱਗਿਆ, ਬਹੁਤ ਵੱਡਾ ਕਾਰੋਬਾਰ ਹੋ ਗਿਆ। ਵੈਸੇ ਤਾਂ ਪੈਦਲ ਚੱਲ ਰਿਹਾ ਹੈ, ਸਿਰ ’ਤੇ ਮਟਕਾ ਚੁੱਕ ਕੇ। ਕਾਰੋਬਾਰ ਵੱਧ ਗਿਆ, ਫਿਰ ਕਹਿੰਦਾ ਕਿ ਵਧੀਆ ਜਿਹਾ ਇੱਕ ਘਰ ਬਣਨਾ ਚਾਹੀਦਾ ਹੈ। ਪਲ ਵਿੱਚ ਮਹਿਲ ਬਣ ਗਿਆ, ਕਿਹੜਾ ਕੋਈ ਮਿਸਤਰੀ ਬੁਲਾਉਣੇ ਸਨ। ਫਿਰ ਕਹਿੰਦਾ ਕਿ ਸਭ ਕੁਝ ਹੋ ਗਿਆ, ਹੁਣ ਸ਼ਾਦੀ ਹੋਣੀ ਚਾਹੀਦੀ ਹੈ। ਸ਼ਾਦੀ ਹੋ ਗਈ, ਬਾਲ-ਬੱਚੇ ਵੀ ਹੋ ਗਏ। ਇੱਕ ਮੰਜੀ ’ਤੇ ਲੇਟਿਆ ਹੋਇਆ ਹੈ ਤਾਂ ਖਿਆਲ ਆਉਂਦਾ ਹੈ ਕਿ ਯਾਰ ਤੇਰੇ ਕੋਲ ਸਭ ਕੁਝ ਹੈ, ਤੇਰੇ ਘਰਵਾਲੀ ਔਰਤ ਤੇਰੇ ਨਾਲ ਲੜਦੀ ਰਹਿੰਦੀ ਹੈ, ਸੁਆਦ ਵਾਲੀ ਗੱਲ ਨਹੀਂ ਹੈ। ਤੇਰਾ ਰੋਬ੍ਹ ਵੀ ਕਿਸੇ ’ਤੇ ਹੋਣਾ ਚਾਹੀਦਾ ਹੈ।
ਤੇਰੀ ਡਾਂਟ ਵੀ ਕੋਈ ਸਹਿਣ ਕਰਨ ਵਾਲਾ ਹੋਣਾ ਚਾਹੀਦਾ ਹੈ। ਰੋਬ੍ਹ ਮਾਰ ਕੇ ਦੇਖਦਾ ਹਾਂ। ਤਾਂ ਉਸ ਨੇ ਸੋਚਿਆ ਕਿ ਪਹਿਲਾਂ ਘਰ ਤੋਂ ਸ਼ੁਰੂ ਕਰਦੇ ਹਾਂ। ਉਸ ਦੇ ਘਰਵਾਲੀ ਖਾਣਾ ਲੈ ਕੇ ਆਈ ਤਾਂ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਿਆ ਕਿ ਮੈਂ ਨਹੀਂ ਖਾਣਾ ਖਾਊਂਗਾ। ਉਸ ਦੀ ਘਰਵਾਲੀ ਵੀ ਕਹਿਣ ਲੱਗੀ ਕਿ ਨਿਗਲ ਲੈ, ਜੇਕਰ ਨਿਗਲਣਾ ਹੈ ਤਾਂ। ਕਿਉਂ, ਘਰਵਾਲੀ ਵੀ ਤਾਂ ਵੈਸੀ ਹੀ ਹੋਵੇਗੀ ਜਿਹੋ ਜਿਹੇ ਉਹ ਵਿਚਾਰਾਂ ਦਾ ਸਵਾਮੀ ਹੋਵੇਗਾ। ਸੁਫ਼ਨਿਆਂ ਵਿੱਚ ਤਾਂ ਐਸੀ ਹੀ ਆਏਗੀ। ਉਸ ਨੇ ਕਿਹਾ ਕਿ ਖਾਣਾ ਹੈ ਤਾਂ ਖਾ ਲੈ, ਨਹੀਂ ਤਾਂ ਨਾ ਖਾ। ਉਸ ਨੇ ਲੱਤ ਚਲਾਉਂਦੇ ਹੋਏ ਕਿਹਾ ਕਿ ਲੈ ਜਾ ਆਪਣਾ ਭੋਜਨ।
ਥਾਲੀ ਡਿੱਗ ਪਈ ਪਰ ਅਸਲ ਵਿੱਚ ਕੀ ਹੋਇਆ ਕਿ ਚੱਲਦੇ-ਚੱਲਦੇ ਲੱਤ ਚਲਾ ਦਿੱਤੀ ਅਤੇ ਸਿਰ ’ਤੇ ਜੋ ਮਟਕਾ ਸੀ ਉਹ ਧੜੰਮ ਦੇਣੇ ਥੱਲੇ ਡਿੱਗਿਆ ਅਤੇ ਫੁੱਟ ਗਿਆ। ਜਦੋਂ ਇੱਧਰ-ਉੱਧਰ ਦੇਖਿਆ ਤਾਂ ਕੁਝ ਵੀ ਨਹੀਂ। ਉਹ ਸ਼ਾਹੂਕਾਰ ਕਹਿਣ ਲੱਗਿਆ, ਅਰੇ ਬੇਵਕੂਫ! ਐਨਾ ਨੁਕਸਾਨ ਕਰ ਦਿੱਤਾ, ਤੂੰ ਮੇਰਾ ਮਟਕਾ ਤੋੜ ਦਿੱਤਾ। ਸ਼ੇਖ ਚਿੱਲੀ ਕਹਿਣ ਲੱਗਿਆ, ਅਰੇ ! ਰਹਿਣ ਦੇ, ਰਹਿਣ ਦੇ, ਤੇਰਾ ਤਾਂ ਮਟਕਾ ਹੀ ਫੁੱਟਿਆ ਹੈ, ਮੇਰਾ ਬਣਿਆ-ਬਣਾਇਆ ਘਰ-ਬਾਰ ਉੱਜੜ ਗਿਆ। ਹੁਣੇ-ਹੁਣੇ ਤਾਂ ਇੱਧਰ ਸੀ, ਪਤਾ ਨਹੀਂ ਕਿੱਧਰ ਚਲਾ ਗਿਆ! ਤਾਂ ਕਈ ਤਾਂ ਸੁਫ਼ਨਿਆਂ ਦੀ ਖਾਂਦੇ ਹਨ। ਸੁਫਨੇ ਲੈਂਦੇ ਹਨ, ਕਰਨਾ-ਕਰਾਉਣਾ ਕੁਝ ਹੈ ਨਹੀਂ। ਸੁਫ਼ਨੇ ਐਨੇ ਲੰਮੇ ਹਨ, ਜੇਕਰ ਸੁਣੋ ਤਾਂ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ।
ਬੇਪਰਵਾਹ ਜੀ ਦੇ ਬਚਨ ਹਨ :-
‘‘ਸੁਪਨੇ ਦੇ ਪੁੱਤ-ਪੋਤੇ ਕਦੇ ਦੇਖੇ ਨਹੀਂ ਹਲ ਵਾਹੁੰਦੇ। ’’
ਤਾਂ ਭਾਈ ! ਸੁਫ਼ਨਿਆਂ ਨਾਲ ਨਹੀਂ, ਕਰਮਾਂ ਨਾਲ ਕੁਝ ਹੁੰਦਾ ਹੈ। ਹਕੀਕਤ ਵਿੱਚ ਕੁਝ ਕਰੋਗੇ ਤਾਂ ਹੀ ਫਾਇਦਾ ਹੋਵੇਗਾ, ਤਾਂ ਹੀ ਕੁਝ ਹਾਸਲ ਹੋਵੇਗਾ। ਤਾਂ ਗੁਜ਼ਰੇ ਹੋਏ ਸਮੇਂ ਨੂੰ ਰੋਣਾ ਇਹ ਇੱਕ ਬਹਾਨਾ ਹੈ। ਅਰੇ ! ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ, ਹੁਣ ਜੋ ਸਮਾਂ ਤੇਰਾ ਤੇਰੇ ਕੋਲ ਹੈ, ਹੁਣ ਕਿਉਂ ਗੁਜ਼ਰਣ ਦੇ ਰਿਹਾ ਹੈਂ। ਜੇਕਰ ਵਾਕਿਆ ਹੀ ਤੇਰੇ ਵਿੱਚ ਕੋਈ ਅਜਿਹਾ ਗੁਣ ਹੈ ਤਾਂ ਸਮੇਂ ਨੂੰ ਨਾ ਲੰਘਣ ਦੇ। ਤਾਂ ਭਾਈ ! ਗੁਣ ਜ਼ਰੂਰੀ ਹੈ, ਗੁਣ ਤੋਂ ਮਤਲਬ ਕਿ ਤੁਸੀਂ ਭਗਤੀ ਕਰੋ, ਸਮਾਂ ਲੰਘਣ ਨਾ ਦਿਓ। ਤੁਸੀਂ ਸੋਚਦੇ ਹੋ ਕਿ ਬੁੱਢਾ ਹੋ ਗਿਆ, ਨਾਮ ਪਹਿਲਾਂ ਕਿਉਂ ਨਹੀਂ ਲਿਆ। ਚਲੋ ਪਹਿਲਾਂ ਨਹੀਂ ਲਿਆ, ਉਸ ਨੂੰ ਰੋਣ ਨਾਲ ਤਾਂ ਕੁਝ ਪ੍ਰਾਪਤ ਹੋਣ ਵਾਲਾ ਨਹੀਂ ਹੈ। ਜੋ ਹੁਣ ਲੈ ਲਿਆ ਤਾਂ ਘੱਟੋ-ਘੱਟ ਹੁਣ ਤਾਂ ਮਾਲਕ ਦੀ ਯਾਦ ਵਿੱਚ ਲਗਾ ਲੈ। ਤਾਂ ਸਮਾਂ ਅਤੇ ਸਮੁੰਦਰ ਦੀ ਲਹਿਰ ਕਦੇ ਕਿਸੇ ਦੇ ਲਈ ਨਹੀਂ ਰੁਕਦੇ, ਉਹ ਚਲਦੇ ਹੀ ਰਹਿੰਦੇ ਹਨ। ਇਸ ਲਈ ਸਮੇਂ ਦੀ ਕਦਰ ਕਰੋ, ਚੰਗੇ ਨੇਕ ਕਰਮ ਕਰੋ, ਮਿਹਨਤ ਦੀ ਕਮਾਈ ਕਰੋ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ।
ਭਜਨ ਦੇ ਅਖੀਰ ਵਿੱਚ ਆਇਆ ਹੈ :-
ਏਕ ਭੀ ਸਵਾਸ ਨਾ ਬਿਰਥਾ ਜਾਏ, ਸਵਾਸ-ਸਵਾਸ ਮੇਂ ਨਾਮ ਧਿਆਏ, ਸਵਾਸ-ਸਵਾਸ ਮੇਂ ਨਾਮ ਧਿਆਏ।
‘ਸ਼ਾਹ ਸਤਿਨਾਮ ਜੀ’ ਤੁਝੇ ਪੁਕਾਰੇਂ ਭਾਈ, ਪੂੰਜੀ ਜੂਏ ਹਾਰੇਂ ਭਾਈ। ਜਨਮ ਸਫਲ….
ਇਸ ਬਾਰੇ ਵਿੱਚ ਲਿਖਿਆ ਦੱਸਿਆ ਹੈ:-
ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ ਕਿ ਬੈਠਦੇ ਉੱਠਦੇ, ਖੜ੍ਹੇ, ਰਸਤੇ ਵਿੱਚ ਚਲਦੇ ਵੀ ਤੁਸੀਂ ਮਾਲਕ ਨੂੰ ਯਾਦ ਕਰਦੇ ਰਹੋ। ਸਤਿਗੁਰ ਬਚਨ ਹੈ ਅਤੇ ਬਚਨ ਹੀ ਸਤਿਗੁਰ ਹੈ, ਜਿਸ ਦੁਆਰਾ ਉਹ ਮੁਕਤੀ ਦਾ ਰਾਹ ਦਿਖਾ ਦੇਣਗੇ। ਨਾਮ ਹੀ ਸਭ ਕੁਝ ਹੈ ਅਤੇ ਨਾਮ ਤੋਂ ਹੀ ਸਭ ਕੁਝ ਹੈ। ਜਿਨ੍ਹਾਂ ਨੇ ਨਾਮ ਨੂੰ ਨਹੀਂ ਜਾਣਿਆ ਜਾਂ ਉਸ ਦੀ ਪ੍ਰਾਪਤੀ ਨਹੀਂ ਕੀਤੀ, ਉਹਨਾਂ ਨੇ ਕੁਝ ਨਹੀਂ ਜਾਣਿਆ। ਉਹ ਜੁਆਰੀਏ ਦੀ ਤਰ੍ਹਾਂ ਦੋਵੇਂ ਹੱਥ ਖਾਲੀ, ਪੱਲੇ ਝਾੜ ਕੇ ਚਲੇ ਗਏ। ਦੁਨੀਆਂ ਵਿੱਚ ਆਪਣੀ ਸਵਾਸਾਂ ਰੂਪੀ ਪੂੰਜੀ ਬਰਬਾਦ ਕਰ ਗਏ।
‘ਕਹਿ ਕਬੀਰ ਕਿਛੁ ਗੁਨੁ ਬੀਚਾਰਿ।। ਚਲੇ ਜੁਆਰੀ ਦੁਇ ਹਥ ਝਾਰਿ।। ’
ਤਾਂ ਸ਼ਬਦ ਦੇ ਅਖੀਰ ਵਿੱਚ ਆਇਆ- ‘ਇੱਕ ਵੀ ਸਵਾਸ ਨਾ ਬਿਰਥਾ ਜਾਏ, ਇੱਕ ਵੀ ਸਵਾਸ ਨੂੰ ਬਰਬਾਦ ਨਾ ਕਰੋ।’ ਇੱਕ ਸਵਾਸ ਦੀ ਤਾਂ ਛੱਡੋ, ਅੱਜ ਤਾਂ ਦਿਨਾਂ ਦੇ ਦਿਨ ਬਰਬਾਦ ਹੋ ਰਹੇ ਹਨ। ਕਿਸੇ ਨੂੰ ਕੋਈ ਪਤਾ ਨਹੀਂ, ਕੀ ਹੋ ਰਿਹਾ ਹੈ। ਤੁਸੀਂ ਜ਼ਰਾ ਸੋਚ ਕੇ ਦੇਖੋ ਕਿ ਤੁਸੀਂ ਜੋ ਸਮਾਂ ਗੁਜ਼ਾਰ ਰਹੇ ਹੋ, ਕੀ ਤੁਸੀਂ ਆਪਣੇ ਸਤਿਗੁਰ ਦੇ ਬਚਨਾਂ ’ਤੇ ਅਮਲ ਕਰਦੇ ਹੋ? ਉਹਨਾਂ ਨੇ ਤਾਂ ਕਿਹਾ ਹੈ ਕਿ ਇੱਕ ਵੀ ਸਵਾਸ ਬਿਰਥਾ ਨਹੀਂ ਜਾਣਾ ਚਾਹੀਦਾ।
ਤੁਸੀਂ ਆਪਣੇ ਜੀਵਨ ਵਿੱਚ ਨਿਗ੍ਹਾ ਮਾਰ ਕੇ ਦੇਖੋ। ਤੁਸੀਂ 24 ਘੰਟਿਆਂ ਵਿੱਚ ਕਿੰਨਾਂ ਸਮਾਂ, ਕਿੰਨੇ ਸਵਾਸ ਮਾਲਕ ਦੀ ਯਾਦ ਵਿੱਚ ਲਗਾਉਂਦੇ ਹੋ? ਜੇਕਰ ਕੋਈ ਇਨਸਾਨ 24 ਘੰਟਿਆਂ ਵਿੱਚੋਂ ਅੱਧਾ ਘੰਟਾ ਵੀ ਲਗਾ ਦਿੰਦਾ ਹੈ ਤਾਂ ਕੀ ਕਹਿਣਾ। ਅੱਧਾ ਘੰਟਾ ਸੁਬ੍ਹਾ-ਸ਼ਾਮ ਮਾਲਕ ਦੀ ਯਾਦ ਵਿੱਚ ਲਾਉਣ ਵਾਲੇ ਵੀ ਹਨ, ਦੋ-ਦੋ, ਤਿੰਨ-ਤਿੰਨ ਘੰਟੇ ਮਾਲਿਕ ਦੀ ਯਾਦ ’ਚ ਲਗਾਉਣ ਵਾਲੇ ਵੀ ਹਨ ਪਰ ਉਹ ਸਾਹਮਣੇ ਨਹੀਂ ਆਉਂਦੇ ਅਤੇ ਨਾ ਹੀ ਉਹ ਰੌਲਾ ਪਾਉਂਦੇ ਹਨ। ਉਹਨਾਂ ਵਿੱਚ ਤੁਹਾਨੂੰ ਕਿਤੇ ਵੀ ਬੜਬੋਲਾਪਣ ਨਜ਼ਰ ਨਹੀਂ ਆਵੇਗਾ। ‘ਥੋਥਾ ਚਨਾ ਬਾਜੇ ਘਨਾ।’ ਜੋ ਜਿੰਨਾ ਅੰਦਰੋਂ ਖਾਲੀ ਹੈ, ਉਹ ਓਨਾਂ ਹੀ ਜ਼ਿਆਦਾ ਅਵਾਜ ਕੱਢੇਗਾ ਅਤੇ ਜੋ ਜਿੰਨਾ ਅੰਦਰੋਂ ਭਰਿਆ ਹੋਇਆ ਹੈ, ਓਨਾਂ ਹਜ਼ਮ ਕਰ ਜਾਵੇਗਾ। ਤਾਂ ਭਾਈ ! ਬੇਪਰਵਾਹ ਜੀ ਦੇ ਇਹ ਬਚਨ ਹਨ
ਕਿ ਆਪਣਾ ਜੀਵਨ ਜੋ ਗੁਜ਼ਰ ਰਿਹਾ ਹੈ, ਉਸ ਵਿੱਚ ਇਕਾਂਤ ਵਿੱਚ ਬੈਠੋ ਅਤੇ ਦੇਖੋ ਕਿ ਤੁਸੀਂ ਕੀ ਕਰ ਰਹੇ ਹੋ, ਕਿਹੋ ਜਿਹਾ ਸਮਾਂ ਗੁਜ਼ਰ ਰਿਹਾ ਹੈ। ਇਸ ਵਿੱਚ ਕੀ-ਕੀ ਚਰਚਾ ਹੁੰਦੀ ਹੈ, ਕੀ-ਕੀ ਗੱਲਾਂ ਹੁੰਦੀਆਂ ਹਨ, ਇਹ ਸੋਚ ਕੇ ਦੇਖੋ, ਕੀ ਤੁਸੀਂ ਦੁਨੀਆਵੀ ਧੰਦਿਆਂ ਵਿੱਚ ਤਾਂ ਨਹੀਂ ਫਸੇ ਹੋਏ ਹੋ? ਸਾਰਾ ਦਿਨ ਕੰਮ-ਧੰਦਾ ਕਰਦੇ ਰਹਿੰਦੇ ਹੋ ਅਤੇ ਫਿਰ ਚੁਗਲੀ-ਨਿੰਦਿਆ, ਬੁਰਾਈਆਂ ਇਸ ਦੇ ਇਲਾਵਾ ਵੀ ਤੁਸੀਂ ਕੁਝ ਕਰਦੇ ਹੋ? ਇਹ ਸੋਚ ਕੇ ਦੇਖੋ ਕਦੇ ਅੱਲ੍ਹਾ, ਵਾਹਿਗੁਰੂ ਦੀ ਯਾਦ ਭਗਤੀ ਇਬਾਦਤ ਕਰਦੇ ਹੋ ਜੇਕਰ ਕਰਦੇ ਹੋ ਤਾਂ ਤੁਸੀਂ ਵਾਕਿਆ ਹੀ ਭਾਗਾਂ ਵਾਲੇ ਹੋ। ਜੇਕਰ ਨਹੀਂ ਕਰਦੇ ਤਾਂ ਭਾਗਸ਼ਾਲੀ ਬਣ ਜਾਓ, ਮਾਲਕ ਦਾ ਨਾਮ ਜਪ ਕੇ ਸਿਮਰਨ ਕਰਕੇ। ਕਿਉਂਕਿ ਸਿਮਰਨ ਨਾਲ ਹੀ ਤੁਹਾਡੇ ਵਿਚਾਰ ਬਦਲਣਗੇ, ਤੁਹਾਡੇ ਅੰਦਰ ਨੇਕ-ਚੰਗੇ ਵਿਚਾਰ ਆਉਣਗੇ। ਮਾਲਕ ਦੀ ਯਾਦ ਦੇ ਬਿਨਾਂ ਜੂਏ ਵਾਂਗ ਸਭ ਕੁਝ ਹਾਰਦੇ ਜਾ ਰਹੇ ਹੋ। ਸਿਮਰਨ ਕਰੋ, ਭਗਤੀ ਇਬਾਦਤ ਕਰੋ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦੇ ਹੋ। ਉਸ ਦੀ ਦਇਆ-ਦਿ੍ਰਸ਼ਟੀ ਤੁਹਾਡੇ ’ਤੇ ਵਰਸੇਗੀ ਅਤੇ ਤੁਸੀਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸੇ ਜਹਾਨ ਵਿੱਚ ਹਾਸਲ ਕਰ ਸਕਦੇ ਹੋ।