ਬੇਟਾ! ਉਸ ਵਾਸਤੇ ਪ੍ਰਸ਼ਾਦ ਦਿੰਨੇ ਆਂ ਆਪਾਂ-ਸਤਿਸੰਗੀਆਂ ਦੇ ਅਨੁਭਵ- ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਹਰਬੰਸ ਸਿੰਘ ਇੰਸਾਂ ਉਰਫ ਭੋਲਾ ਇੰਸਾਂ ਸਪੁੱਤਰ ਸਚਖੰਡਵਾਸੀ ਸ੍ਰੀ ਅਮਰ ਸਿੰਘ ਪਿੰਡ ਮੂੰਮਾ, ਜ਼ਿਲ੍ਹਾ ਬਰਨਾਲਾ, ਆਪਣੀ ਮਾਤਾ ਸੁਰਜੀਤ ਕੌਰ ਇੰਸਾਂ ਤੇ ਹੋਈ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਕਰੀਬ ਸੰਨ 2000 ਦੀ ਗੱਲ ਹੈ ਕਿ ਮੇਰੀ ਮਾਤਾ ਸੁਰਜੀਤ ਕੌਰ ਇੰਸਾਂ ਨੂੰ ਇੱਕ ਦਿਨ ਅਚਾਨਕ ਉਲਟੀਆਂ ਤੇ ਦਸਤ ਲੱਗ ਗਏ, ਪਿੰਡ ਦੇ ਡਾਕਟਰ ਤੋਂ ਦਵਾਈ ਤਾਂ ਲੈਂਦੇ ਰਹੇ, ਪਰ ਉਸ ਨੂੰ ਕੋਈ ਅਰਾਮ ਨਾ ਆਇਆ, ਸਗੋਂ ਤਕਲੀਫ ਹੋਰ ਵੱਧ ਗਈ ਜ਼ਿਆਦਾ ਤਕਲੀਫ ’ਚ ਦੇਖ ਕੇ ਅਸੀਂ ਮਾਤਾ ਜੀ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਲੈ ਗਏ ਡਾਕਟਰ ਨੇ ਮਾਤਾ ਜੀ ਦੇ ਸਾਰੇ ਟੈਸਟ ਕਰਵਾਏ ਡਾਕਟਰ ਨੇ ਦੱਸਿਆ ਕਿ ਜ਼ਿਆਦਾ ਤੇਜ ਦਵਾਈ ਲੈਣ ਨਾਲ ਮਾਤਾ ਜੀ ਦੇ ਗੁਰਦੇ ਫੇਲ੍ਹ ਹੋ ਗਏ ਹਨ ਭਾਵ ਦੋਵੇਂ ਗੁਰਦੇ ਕੰਮ ਕਰਨਾ ਛੱਡ ਗਏ ਹਨ ਹੁਣ ਇਸ ਦਾ ਡਾਇਲਸਿਸ ਕਰਨਾ ਪਵੇਗਾ ਹਸਪਤਾਲ ਵਿੱਚ ਹਰ ਰੋਜ ਦੋ ਟਾਇਮ ਮਾਤਾ ਜੀ ਦਾ ਡਾਇਲਸਿਸ ਹੋਣ ਲੱਗਾ।
ਕੁਝ ਦਿਨਾਂ ਬਾਅਦ ਫਿਰ ਇੱਕ ਟਾਇਮ ਡਾਇਲਸਿਸ ਹੋਣ ਲੱਗਾ ਡਾਕਟਰਾਂ ਨੇ ਮਾਤਾ ਜੀ ਨੂੰ ਕਰੀਬ ਅਠਾਰ੍ਹਾਂ-ਉਨੀਂ ਦਿਨ ਹਸਪਤਾਲ ਵਿੱਚ ਦਾਖਲ ਰੱਖਿਆ ਜਦੋਂ ਡਾਕਟਰ ਨੇ ਮਾਤਾ ਜੀ ਨੂੰ ਛੁੱਟੀ ਦਿੱਤੀ ਤਾਂ ਕਿਹਾ ਕਿ ਮਾਤਾ ਦੀ ਜਿੰਨੀ ਉਮਰ ਬਾਕੀ ਹੈ, ਇਸ ਦਾ ਡਾਇਲਸਿਸ ਕਰਵਾਉਣਾ ਹੀ ਪਵੇਗਾ ਡਾਕਟਰ ਨੇ ਕਿਹਾ ਕਿ ਹਫਤੇ ਬਾਅਦ ਡਾਇਲਸਿਸ ਕਰਾਂਗੇ ਜੇ ਕਦੇ ਤਕਲੀਫ ਵੱਧ ਗਈ ਅਤੇ ਲੋੜ ਪਈ ਤਾਂ ਪਹਿਲਾਂ ਵੀ ਆ ਸਕਦੇ ਹੋ, ਹਫਤੇ ਤੋਂ ਬਾਅਦ ਤਾਂ ਲਗਾਤਾਰ ਆਉਣਾ ਹੀ ਆਉਣਾ ਹੈ ਉਸ ਸਮੇਂ ਮਾਤਾ ਜੀ ਦੀ ਉਮਰ ਕਰੀਬ ਅੱਸੀ ਸਾਲ ਸੀ ਇਸ ਤੋਂ ਸਾਰੇ ਪਰਿਵਾਰ ਨੂੰ ਬਹੁਤ ਪ੍ਰੇਸ਼ਾਨੀ ਹੋ ਗਈ।
ਕਿ ਇਸ ਤਰ੍ਹਾਂ ਕੰਮ ਕਿਵੇਂ ਚੱਲੂਗਾ ਅਸੀਂ ਹਸਪਤਾਲ ਤੋਂ ਘਰੇ ਆ ਗਏ ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਇਸ ਮੁਸੀਬਤ ਨਾਲ ਕਿਵੇਂ ਨਿਪਟਿਆ ਜਾਵੇ ਮਾਲਕ-ਸਤਿਗੁਰੂ ਨੇ ਮੈਨੂੰ ਅੰਦਰੋਂ ਖਿਆਲ ਦਿੱਤਾ ਕਿ ‘ਤੇਰਾ ਸਤਿਗੁਰੂ ਐਡਾ ਵੱਡਾ ਹੈ, ਉਹ ਸਭ ਕੁਝ ਕਰ ਸਕਦਾ ਹੈ! ਅਗਲੇ ਦਿਨ ਸੁਬਹ ਹੀ ਮੈਂ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਨੂੰ ਚੱਲ ਪਿਆ ਆਗਿਆ ਮਿਲਣ ’ਤੇ ਮੈਂ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਵਿੱਚ ਮਾਤਾ ਜੀ ਦੀ ਉਸ ਬਿਮਾਰੀ ਬਾਰੇ ਅਰਜ਼ ਕਰ ਦਿੱਤੀ।
ਉਪਰੋਕਤ ਸਾਰੀ ਗੱਲ ਵੀ ਦੱਸ ਦਿੱਤੀ ਸਰਵ ਸਮਰੱਥ ਸਤਿਗੁਰੂ ਹਜ਼ੂਰ ਪਿਤਾ ਜੀ ਨੇ ਫਰਮਾਇਆ, ‘‘ਬੇਟਾ! ਉਸ ਵਾਸਤੇ ਬਿਮਾਰੀ ਦਾ ਪ੍ਰਸ਼ਾਦ ਦਿੰਨੇ ਆਂ ਆਪਾਂ’’ ਹਜ਼ੂਰ ਪਿਤਾ ਜੀ ਨੇ ਮਾਤਾ ਜੀ ਵਾਸਤੇ ਇੱਕ ਪੀਸ ਬਰਫੀ ਦਾ ਆਪਣੀ ਪਵਿੱਤਰ ਉਂਗਲੀ ਦਾ ਸਪਰਸ਼ ਪ੍ਰਦਾਨ ਕਰਕੇ ਪ੍ਰਸ਼ਾਦ ਦੇ ਦਿੱਤਾ ਮੈਂ ਪ੍ਰਸ਼ਾਦ ਲੈ ਕੇ ਤੁਰੰਤ ਗੇਟ ਤੋਂ ਬਾਹਰ ਆ ਗਿਆ ਪੂਜਨੀਕ ਹਜ਼ੂਰ ਪਿਤਾ ਜੀ ਨੇ ਜੀਐੱਸਐੱਮ ਭਾਈ ਪਵਨ ਖਾਂ ਇੰਸਾਂ ਨੂੰ ਮੇਰੇ ਪਿੱਛੇ ਭੇਜਿਆ ਤਾਂ ਪਵਨ ਖਾਂ ਬਾਈ ਨੇ ਮੈਨੂੰ ਹਜ਼ੂਰ ਪਿਤਾ ਜੀ ਦਾ ਸੁਨੇਹਾ ਦਿੱਤਾ ਕਿ ‘ਇਹ ਪ੍ਰਸ਼ਾਦ ਇੱਕਲੀ ਮਾਤਾ ਨੂੰ ਹੀ ਦੇਣਾ ਹੈ, ਹੋਰ ਕਿਸੇ ਨੂੰ ਨਹੀਂ ਦੇਣਾ’।
ਮੈਂ ਉਸੇ ਦਿਨ ਆਪਣੇ ਪਿੰਡ ਘਰ ਆ ਗਿਆ ਅਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲ ਕੇ ਮਾਤਾ ਜੀ ਨੂੰ ਉਹ ਪ੍ਰਸ਼ਾਦ ਦੇ ਦਿੱਤਾ ਅਤੇ ਕਿਹਾ ਕਿ ਮਾਂ, ਨਾਅਰਾ ਲਾ ਕੇ ਖਾ ਲੈ ਇਹ ਪਿਤਾ ਜੀ ਨੇ ਸਿਰਫ ਤੇਰੇ ਲਈ ਹੀ ਦਿੱਤਾ ਹੈ ਇਸ ਦੇ ਨਾਲ ਤੂੰ ਠੀਕ ਹੋ ਜਾਵੇਗੀ ਮਾਤਾ ਜੀ ਨੇ ਨਾਅਰਾ ਲਾ ਕੇ ਪ੍ਰਸ਼ਾਦ ਖਾ ਲਿਆ ਉਪਰੰਤ ਡਾਕਟਰ ਦੇ ਕਹੇ ਅਨੁਸਾਰ ਸੱਤ ਦਿਨਾਂ ਬਾਅਦ ਅਸੀਂ ਮਾਤਾ ਜੀ ਨੂੰ ਚੁੱਕ ਕੇ ਉਸੇ ਹਸਪਤਾਲ ਲੁਧਿਆਣਾ ਲੈ ਗਏ ਡਾਕਟਰ ਨੇ ਮਾਤਾ ਜੀ ਦਾ ਬਲੱਡ ਲੈ ਕੇ ਟੈਸਟ ਕਰਵਾਏ ਰਿਪੋਰਟ ਮਿਲਣ ’ਤੇ ਡਾਕਟਰ ਆਪਣੇ ਮੱਥੇ ’ਤੇ ਹੱਥ ਮਾਰ ਕੇ ਕਹਿਣ ਲੱਗਾ ਕਿ ਇਹ ਤਾਂ ਚਮਤਕਾਰ ਹੋ ਗਿਆ!
ਮੈਂ ਰਿਪੋਰਟ ਵਿੱਚ ਲਿਖਿਆ ਸੀ ਕਿ ਮਾਤਾ ਜੀ ਦਾ ਉਮਰ-ਭਰ ਡਾਇਲਸਿਸ ਕਰਵਾਉਣਾ ਪਵੇਗਾ, ਪਰ ਇਸਨੂੰ ਤਾਂ ਅੱਜ ਵੀ ਲੋੜ ਨਹੀਂ ਰਿਪੋਰਟਾਂ ਅਨੁਸਾਰ ਮਾਤਾ ਜੀ ਦੇ ਡਾਇਲਸਿਸ ਦੀ ਕਦੇ ਵੀ ਲੋੜ ਨਹੀਂ ਪਵੇਗੀ ਉਹ ਮਾਤਾ ਜੀ ਨੂੰ ਪੁੱਛਣ ਲੱਗਾ, ਮਾਤਾ, ਤੂੰ ਕਿਸ ਦੀ ਪੂਜਾ ਕਰਦੀ ਹੈਂ? ਇਹ ਜੋ ਹੋਇਆ, ਉਸ ਉੱਪਰ ਵਾਲੇ (ਪਰਮਪਿਤਾ ਪਰਮਾਤਮਾ) ਨੇ ਹੀ ਕੀਤਾ ਹੈ ਤੇਰੀ ਬਿਮਾਰੀ ਕਿੱਧਰ ਗਈ! ਕਿਸ ਨੇ ਖ਼ਤਮ ਕੀਤੀ! ਮਾਤਾ ਜੀ ਕਹਿਣ ਲੱਗੇ ਕਿ ਮੈਂ ਡੇਰਾ ਸੱਚਾ ਸੌਦਾ ਸਰਸਾ ਜਾਂਦੀ ਹਾਂ ਤੇ ਆਪਣੇ ਗੁਰੂ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਮੰਨਦੀ ਹਾਂ ਡਾਕਟਰ ਕਹਿਣ ਲੱਗਾ।
ਕਿ ਤੂੰ ਉਹਨਾਂ ਸੰਤਾਂ ਦੇ ਪੈਰ ਪਕੜ, ਜਿਹਨਾਂ ਨੇ ਤੇਰੀ ਐਡੀ ਵੱਡੀ ਬਿਮਾਰੀ ਪਲ ਵਿੱਚ ਹੀ ਕੱਟ ਦਿੱਤੀ ਹੈ.. ਡਾਕਟਰ ਨੇ ਸਾਨੂੰ (ਪਰਿਵਾਰ ਨੂੰ) ਕਿਹਾ ਕਿ ਉਂਝ ਤਾਂ ਮਾਤਾ ਜੀ ਬਿਲਕੁਲ ਠੀਕ ਹਨ, ਕਿਸੇ ਵੀ ਦਵਾਈ ਦੀ ਲੋੜ ਨਹੀਂ ਪਰ ਫਿਰ ਵੀ ਉਨ੍ਹਾਂ ਨੇ ਕੁਝ ਦਵਾਈਆਂ ਦੇ ਹੀ ਦਿੱਤੀਆਂ ਤੇ ਮਾਤਾ ਜੀ ਨੂੰ ਕਿਹਾ ਕਿ ‘ਮੌਜ ਕਰ’! ਇਸ ਗੱਲ ਨੂੰ ਅੱਜ ਪੱਚੀ ਸਾਲ ਹੋ ਗਏ ਹਨ ਮਾਤਾ ਜੀ ਅੱਜ ਵੀ ਬਿਲਕੁਲ ਤੰਦਰੁਸਤ ਹਨ ਉਹਨਾਂ ਦੀ ਉਮਰ ਹੁਣ ਕਰੀਬ 105 ਸਾਲ ਦੀ ਹੈ ਹਰ ਵੇਲੇ ਮਾਲਕ ਸਤਿਗੁਰੂ ਦਾ ਸ਼ੁਕਰ ਕਰਦੇ ਰਹਿੰਦੇ ਹਨ ਮੇਰੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਸਾਰੇ ਪਰਿਵਾਰ ’ਤੇ ਆਪਣੀ ਰਹਿਮਤ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਅਤੇ ਸਾਨੂੰ ਸੇਵਾ, ਸਿਮਰਨ ਅਤੇ ਆਪਣੇ ਪ੍ਰਤੀ ਦ੍ਰਿੜ ਵਿਸ਼ਵਾਸ ਦਾ ਬਲ ਬਖ਼ਸ਼ਣਾ ਜੀ।