ਰਾਤੋ-ਰਾਤ ਅਮੀਰ ਬਣਨ ਦੀ ਇੱਛਾ ’ਚ ਜ਼ਿੰਦਗੀ ਬਣ ਰਹੀ ਤਣਾਅਗ੍ਰਸਤ
ਆਧੁਨਿਕ ਸੁੱਖ-ਸੁਵਿਧਾਵਾਂ ਦੀ ਦੌੜ ਇਸ ਤਰ੍ਹਾਂ ਵੱਧ ਰਹੀ ਹੈ ਕਿ ਹਰ ਇਨਸਾਨ ਰਾਤੋ-ਰਾਤ ਸਭ ਕੁਝ ਪਾਉਣਾ ਚਾਹੁੰਦਾ ਹੈ ਇੱਥੇ ਹੀ ਉਹ ਵਧੇਰੇ ਰੁਝੇਵੇਂ ਅਤੇ ਬੇਨੇਮੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਚੰਗੀ-ਭਲ਼ੀ ਜ਼ਿੰਦਗੀ ਤਣਾਅਗ੍ਰਸਤ ਬਣਾ ਲੈਂਦਾ ਹੈ ਸਾਡਾ ਇਹ ਰੂਟੀਨ ਹੀ ਰੋਗਾਂ ਨੂੰ ਸੱਦਾ ਦਿੰਦਾ ਹੈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਅਤੇ ਹਾਰਟ ਦੇ ਮਰੀਜ਼ ਵਧ ਰਹੇ ਹਨ ਨਾਲ ਹੀ ਵੱਧ ਰਹੀਆਂ ਹਨ ਲੀਵਰ ਅਤੇ ਕਿਡਨੀ ਦੀਆਂ ਪ੍ਰਾਬਲਮਜ਼ ਸਰੀਰ ਦੇ ਹੋਰ ਅੰਗ ਵੀ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹੋ ਰਹੇ ਹਨ ਅਤੇ ਸ਼ੁਰੂ ਹੈ ਹਸਪਤਾਲਾਂ ਦੀ ਦੌੜ….
ਟੀ.ਵੀ. ਨੇ ਸਾਡੀ ਜ਼ਿੰਦਗੀ ਅਤੇ ਜੀਵਨਸ਼ੈਲੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ।
ਉਪਭੋਗਤਾਵਾਦੀ ਸੱਭਿਆਚਾਰ ਦਾ ਵਧਦਾ ਹੋਇਆ ਅਸਰ ਜੇਕਰ ਸਮਾਂ ਰਹਿੰਦੇ ਨਾ ਰੋਕਿਆ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋਵੇਗਾ ਭੌਤਿਕਵਾਦ ਦੇ ਅਧੀਨ ਹਰ ਕੋਈ ਅੱਜ ਸਿਰਫ ਇੱਕ ਹੀ ਦੌੜ ’ਚ ਸ਼ਾਮਲ ਹੈ, ਉਹ ਹੈ ਭੌਤਿਕ ਸੁੱਖ-ਸਹੂਲਤਾਂ ਨੂੰ ਜੁਟਾਉਣ ਦੀ ਦੌੜ ਇਸ ਅੰਨ੍ਹੀ ਦੌੜ ’ਚ ਹਰ ਕੋਈ ਸੋਚਦਾ ਹੈ ਇੱਕ ਸ਼ਾਨਦਾਰ ਆਲੀਸ਼ਾਨ ਜ਼ਿੰਦਗੀ ਦੀਆਂ ਸਾਰੀਆਂ ਸੁੱਖ-ਸਹੂਲਤਾਂ ਰਾਤੋ-ਰਾਤ ਮਿਲ ਜਾਣ ਵੱਧ ਤੋਂ ਵੱਧ ਦੌਲਤ ਪਾਉਣ ਦੀ ਇੱਛਾ ਹੁਣ ਲਾਲਚ ਬਣਦੀ ਜਾ ਰਹੀ ਹੈ।
ਰਾਤੋ-ਰਾਤ ਸਭ ਕੁਝ ਹਾਸਲ ਕਰ ਲੈਣ ਦੇ ਲਾਲਚ ਨੇ ਸਾਡੇ ਤੋਂ ਸਾਡੀ ਆਤਮਿਕ ਅਤੇ ਮਾਨਸਿਕ ਸ਼ਾਂਤੀ ਖੋਹ ਲਈ ਹੈ ਸਰੀਰਕ ਸੁੱਖ ਜ਼ਰੂਰ ਖਰੀਦਿਆ ਜਾ ਸਕਦਾ ਹੈ ਪਰ ਮਾਨਸਿਕ ਸੁੱਖ-ਸ਼ਾਂਤੀ ਨਹੀਂ ਸੁੱਖ-ਸਹੂਲਤਾਂ ਜੁਟਾਉਣ ਦੇ ਪਿੱਛੇ ਅੱਜ ਹਰ ਕੋਈ ਪਾਗਲ ਜਿਹਾ ਹੋ ਗਿਆ ਹੈ ਅਤੇ ਇਹੀ ਪਾਗਲਪਣ ਜ਼ਿੰਦਗੀ ਨੂੰ ਤਣਾਅਗ੍ਰਸਤ ਵੀ ਬਣਾ ਰਿਹਾ ਹੈ। ਹਰ ਇਨਸਾਨ ਸੁੱਖ-ਸਹੂਲਤਾਂ ਜੁਟਾਉਣ ’ਚ ਸਭ ਕੁਝ ਭੁਲਾ ਕੇ ਰੁੱਝ ਗਿਆ ਹੈ ਇਸ ਅੰਨ੍ਹੀ ਦੌੜ ਦਾ ਮਾੜਾ ਨਤੀਜਾ ਇਹ ਹੈ ਕਿ ਸਾਡੀਆਂ ਲੋੜਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਵੱਧ ਰਹੇ ਹਨ ਬੇਲੋੜੇ ਖਰਚੇ ਜਿਨ੍ਹਾਂ ਦੀ ਪੂਰਤੀ ਕਰ ਸਕਣਾ ਸੌਖਾ ਨਹੀਂ ਕਿਉਂਕਿ ਕਿਸ਼ਤਾਂ ’ਤੇ ਸਭ ਕੁਝ ਮਿਲ ਰਿਹਾ ਹੈ ਮਕਾਨ, ਦੁਕਾਨ, ਗੱਡੀ ਇੱਥੋਂ ਤੱਕ ਕਿ ਦੇਸ਼-ਵਿਦੇਸ਼ ਦੇ ਟੂਰ ਵੀ ਕਿਸ਼ਤਾਂ ’ਚ ਅਦਾਇਗੀ ਨਾਲ ਉਪਲੱਬਧ ਹਨ।
ਜਿਵੇਂ-ਕਿਵੇਂ ਕਰਕੇ ਲੋਕ ਤਮਾਮ ਸਹੂਲਤਾਂ ਤਾਂ ਜੁਟਾ ਲੈਂਦੇ ਹਨ ਪਰ ਇਸ ਅੰਨ੍ਹੀ ਦੌੜ ’ਚ ਕਰਜ਼ੇ ਨਾਲ ਦੁਖੀ ਹੋ ਜਾਂਦੇ ਹਨ ਅਤੇ ਵਧਾ ਲੈਂਦੇ ਹਨ ਬੇਲੋੜਾ ਤਣਾਅ ਇੱਕ ਸਮੱਸਿਆ ਤੋਂ ਇਨਸਾਨ ਉੱਭਰਦਾ ਨਹੀਂ ਤੇ ਦੂਜੀ ਨਾਲ ਜੂਝਣ ਲੱਗਦਾ ਹੈ ਜ਼ਲਦਬਾਜੀ ਦੀ ਇਸ ਜਿੰਦਗੀ ’ਚ ਬੇਨੇਮੀਆਂ ਵੱਧ ਰਹੀਆਂ ਹਨ। ਅਸੰਤੁਲਿਤ ਜ਼ਿੰਦਗੀ ’ਚ ਖਾਣ-ਪੀਣ ਵੀ ਬੇਢੰਗਾ ਹੋ ਗਿਆ ਹੈ ਇਹੀ ਰੋਗਾਂ ਨੂੰ ਸੱਦਾ ਦੇ ਦਿੰਦੇ ਹਨ ਸਿਗਰਟਨੋਸ਼ੀ, ਸ਼ਰਾਬ ਫੈਸ਼ਨ ਬਣ ਗਿਆ ਹੈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਦੇ ਰੋਗ ਵੱਧ ਰਹੇ ਹਨ ਅਜਿਹੀਆਂ ਬਿਮਾਰੀਆਂ ਨਾਲ ਹਾਰਟ, ਲੀਵਰ ਅਤੇ ਕਿਡਨੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਹੌਲੀ-ਹੌਲੀ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਸਾਡੀ ਸਾਰੀ ਕਮਾਈ ਹਸਪਤਾਲਾਂ ਦੇ ਚੱਕਰ ਲਾਉਣ ’ਚ ਖਰਚ ਹੋਣੀ ਸ਼ੁਰੂ ਹੋ ਜਾਂਦੀ ਹੈ।
ਕੀ ਫਾਇਦਾ ਅਜਿਹੀ ਦੌੜ ’ਚ ਸ਼ਾਮਲ ਹੋ ਕੇ ਜਿੱਥੇ ਸਾਰਾ ਪਰਿਵਾਰ ਹੀ ਤਣਾਅਗ੍ਰਸਤ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੋ ਜਾਵੇ ਅਤੇ ਫਿਰ ਇੱਕ ਸਮਾਂ ਇਹ ਵੀ ਆ ਜਾਵੇ ਕਿ ਸਭ ਕੁਝ ਹੁੰਦੇ ਹੋਏ ਵੀ ਇਨਸਾਨ ਕੁਝ ਵੀ ਵਰਤਣ ਦੇ ਲਾਇਕ ਨਾ ਰਹਿ ਸਕੇ। ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ’ਚ ਬੇਨੇਮੀਆਂ ਵਧ ਰਹੀਆਂ ਹਨ ਨਾ ਤਾਂ ਅਸੀਂ ਸਮੇਂ ਨਾਲ ਸੌਂਦੇ ਹਾਂ ਅਤੇ ਨਾ ਹੀ ਉੱਠਦੇ ਹਾਂ ਖਾਣ-ਪੀਣ ਦਾ ਵੀ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਜਦੋਂ ਸਮਾਂ ਮਿਲਿਆ ਖਾ ਲਿਆ ਜਿਸਨੂੰ ਦੇਖੋ ਉਸੇ ਦੇ ਸਿਰ ’ਤੇ ਭੂਤ ਸਵਾਰ ਹੈ ਸਫ਼ਲਤਾ ਦੇ ਸਿਖ਼ਰ ਨੂੰ ਚੁੰਮਣ ਦਾ, ਦੁਨੀਆਂ ਦਾ ਸਭ ਤੋਂ ਵੱਡਾ ਦੌਲਤਮੰਦ ਇਨਸਾਨ ਬਣਨ ਦਾ ਇਸੇ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਤਣਾਅਗ੍ਰਸਤ ਬਣਾ ਦਿੱਤੀ।
ਹੋਰ ਰੋਗਾਂ ਦੇ ਨਾਲ-ਨਾਲ ਦਿਲ ਦੇ ਰੋਗ ਵੀ ਬੜੀ ਤੇਜ਼ੀ ਨਾਲ ਵੱਧ ਰਹੇ ਹਨ ਵਿਅਕਤੀ ਸਰੀਰਕ ਤੌਰ ’ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਹਰ ਸਮੇਂ ਥਕਾਵਟ ਰਹਿੰਦੀ ਹੈ, ਆਲਸ ਰਹਿੰਦਾ ਹੈ, ਦਿਲ ਧੜਕਣ ਲੱਗਦਾ ਹੈ ਜ਼ਿਆਦਾ ਕੰਮ ਕਰਨ ’ਤੇ ਸਾਹ ਫੁੱਲਣ ਲੱਗਦਾ ਹੈ ਸਿਰ ’ਚ ਦਰਦ ਹੋਣ ਲੱਗਦਾ ਹੈ ਬੇਚੈਨੀ ਸਤਾਉਣ ਲੱਗਦੀ ਹੈ ਭੁੱਖ ਵੀ ਨਹੀਂ ਲੱਗਦੀ ਨੀਂਦ ਤਾਂ ਗਾਇਬ ਹੀ ਹੋ ਜਾਂਦੀ ਹੈ ਸਿੱਟੇ ਵਜੋਂ ਵਿਅਕਤੀ ਆਇਰਨ ਦੀ ਕਮੀ ਅਨੀਮੀਆ ਦਾ ਮਰੀਜ਼ ਬਣ ਜਾਂਦਾ ਹੈ। ਦਿਲ ਦੇ ਰੋਗੀਆਂ ਦੀ ਜਿਸ ਤੇਜ਼ੀ ਨਾਲ ਸਾਡੇ ਦੇਸ਼ ’ਚ ਗਿਣਤੀ ਵੱਧ ਰਹੀ ਹੈ, ਇਹ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹੈ ਹਾਲੇ ਕੁਝ ਦਿਨ ਪਹਿਲਾਂ ਹੀ ਇੱਕ ਖੋਜ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਦਿਲ ਦੇ ਰੋਗ ਤੋਂ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਭਾਰਤ ’ਚ ਹੋਵੇਗੀ।
ਲਗਭਗ 27 ਪ੍ਰਤੀਸ਼ਤ ਮੌਤਾਂ ਦਿਲ ਦੇ ਰੋਗ ਦੀ ਵਜ੍ਹਾ ਨਾਲ ਹੋ ਰਹੀਆਂ ਹਨ ਜੀਵਨਸ਼ੈਲੀ ’ਚ ਬਦਲਾਅ ਦੀ ਅਸੀਂ ਆਲੋਚਨਾ ਨਹੀਂ ਕਰ ਰਹੇ ਹਾਂ ਬਦਲਾਅ ਤਾਂ ਕੁਦਰਤ ਦਾ ਨਿਯਮ ਹੈ ਪਰ ਕੁਦਰਤ ਦੇ ਨਾਲ ਖਿਲਵਾੜ ਸਮਝਦਾਰੀ ਨਹੀਂ ਦਿਨ ਅਤੇ ਰਾਤ ਦੀਆਂ ਕਿਰਿਆਵਾਂ ਦਾ ਕੁਦਰਤ ਨਾਲ ਸਿੱਧਾ ਸਬੰਧ ਹੈ ਪਰ ਅੱਜ-ਕੱਲ੍ਹ ਇਨ੍ਹਾਂ ਸਬੰਧਾਂ ’ਚ ਕੁੜੱਤਣ ਪੈਦਾ ਹੋ ਰਹੀ ਹੈ ਵੱਡੇ-ਬਜ਼ੁਰਗ ਹੀ ਜੇਕਰ ਜੀਵਨਸ਼ੈਲੀ ’ਚ ਆਏ ਬਦਲਾਅ ਤੋਂ ਬੇਫਿਕਰ ਹੋ ਜਾਣ ਤਾਂ ਉਸਦਾ ਖਾਮਿਆਜ਼ਾ ਨਵੀਂ ਪੀੜ੍ਹੀ ਨੇ ਤਾਂ ਭੁਗਤਣਾ ਹੀ ਹੈ ਅਤੇ ਅਜਿਹਾ ਹੋ ਵੀ ਰਿਹਾ ਹੈ
ਅਸੰਤੁਲਨ ਵਧ ਰਿਹਾ ਹੈ ਲੋਕ ਘਰਾਂ ’ਚ ਜਾਗਦੇ ਹਨ ਅਤੇ ਦਫ਼ਤਰਾਂ ’ਚ ਸੌਂਦੇ ਹਨ।
ਜੀਵਨ ਨੂੰ ਸ਼ਾਂਤੀ ਨਾਲ ਜਿਉਣ ਦੀ ਬਜਾਏ ਅਸੀਂ ਫਾਸਟ ਜਿਉਣਾ ਚਾਹੁੰਦੇ ਹਾਂ ਫਾਸਟ ਫੂਡ ਸੱਭਿਆਚਾਰ ਨੇ ਸਾਡੀ ਮਾਨਸਿਕਤਾ ਤੱਕ ਨੂੰ ਦੂਸ਼ਿਤ ਕਰ ਰੱਖਿਆ ਹੈ ਬੇਲੋੜੀਆਂ ਜ਼ਿੰਮੇਵਾਰੀਆਂ ਨੂੰ ਵਧਾਉਣ ਦੇ ਨਾਲ-ਨਾਲ ਹੀ ਅਸੀਂ ਆਪਣੀਆਂ ਇੱਛਾਵਾਂ ਵੀ ਵਧਾ ਲਈਆਂ ਹਨ ਪਰ ਉਨ੍ਹਾਂ ਦੀ ਪੂਰਤੀ ਲਈ ਤੈਅ ਸਮਾਂ-ਹੱਦ ਨੂੰ ਘਟਾ ਲਿਆ ਤੇ ਖੁਦ ਹੀ ਤਣਾਅਗ੍ਰਸਤ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੋ ਗਏ। ਤੁਸੀਂ ਭਾਵੇਂ ਕਿਸੇ ਵੀ ਪੇਸ਼ੇ ਨਾਲ ਜੁੜੇ ਹੋ, ਉਸ ’ਚ ਸਫਲ ਹੋਣ ਲਈ ਤੁਹਾਡਾ ਸਰੀਰਕ ਤੌਰ ’ਤੇ ਸਿਹਤਮੰਦ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਨ ਦੇ ਨਾਲ ਹੀ ਨਾਲ ਮਨ ਵੀ ਪ੍ਰਫੁੱਲਿਤ ਰਹਿਣਾ ਚਾਹੀਦਾ ਹੈ ਮਾਸਪੇਸ਼ੀਆਂ ਦੀ ਤਾਕਤ ਵਧਣ ਦੇ ਨਾਲ ਹੀ ਉਨ੍ਹਾਂ ’ਚ ਬਿਹਤਰ ਤਾਲਮੇਲ ਅਤੇ ਸੰਤੁਲਨ ਵੀ ਪੈਦਾ ਹੋਣਾ ਜ਼ਰੂਰੀ ਹੈ ਤਾਂ ਹੀ ਦਿਮਾਗੀ ਪ੍ਰਣਾਲੀ ਸਹੀ ਰਹੇਗੀ।
ਫੇਫੜੇ ਅਤੇ ਖੂਨ ਦੇ ਸੰਚਾਰ ਦੀ ਵਿਵਸਥਾ ਠੀਕ ਹੋਣ ਨਾਲ ਸਰੀਰ ’ਚ ਚੁਸਤੀ ਅਤੇ ਫੁਰਤੀ ਦਾ ਵਿਕਾਸ ਹੁੰਦਾ ਹੈ ਕੈਲੋਰੀ ਦੀ ਵੀ ਚੰਗੀ ਖਪਤ ਹੋ ਜਾਂਦੀ ਹੈ ਪਰ ਇਹ ਉਦੋਂ ਸੰਭਵ ਹੋਵੇਗਾ ਜਦੋਂ ਤੁਸੀਂ ਲਗਾਤਾਰ ਕਸਰਤ ਕਰੋਗੇ ਸਵੇਰ ਦੀ ਸੈਰ ਕਰੋਗੇ ਰੱਸੀ ਟੱਪਣਾ ਵੀ ਇੱਕ ਕਸਰਤ ਹੈ ਕੁਝ ਲੋਕ ਸਵੀਮਿੰਗ ਨੂੰ ਮਹੱਤਵ ਦਿੰਦੇ ਹਨ ਤਾਂ ਕੁਝ ਬੈਡਮਿੰਟਨ ਨੂੰ ਅਤੇ ਕੁਝ ਸਿਰਫ ਖਾਣ-ਪੀਣ ’ਚ ਹੀ ਜੀਵਨ ਦਾ ਸੱਚਾ ਸੁੱਖ ਲੱਭਦੇ ਹਨ ਸੱਚ ਇਹ ਵੀ ਹੈ ਕਿ ਜੋ ਲੋੜ ਤੋਂ ਜ਼ਿਆਦਾ ਸੌਂਦਾ ਹੈ, ਉਹ ਗੁਆਉਂਦਾ ਹੈ ਅਤੇ ਜੋ ਲੋੜ ਦੇ ਅਨੁਸਾਰ ਵੀ ਨਹੀਂ ਸੌਂਦੇ, ਉਹ ਵੀ ਗੁਆਉਂਦੇ ਹਨ। ਤਣਾਅਮੁਕਤ ਰਹਿਣ ਲਈ ਧਿਆਨ, ਯੋਗ, ਪ੍ਰਾਣਾਯਾਮ ਜ਼ਰੂਰੀ ਹੈ।
ਜਿਸ ਲਈ ਸਾਡੇ ਕੋਲ ਸਮਾਂ ਨਹੀਂ ਹੈ ਇਹੀ ਵਜ੍ਹਾ ਹੈ ਕਿ ਸਾਡੇ ਲਈ ਸਮਾਂ ਵੀ ਸੁੰਗੜਦਾ ਜਾ ਰਿਹਾ ਹੈ ਨਿਯਮਿਤ ਸਮੇਂ ’ਤੇ ਸੰਤੁਲਿਤ ਭੋਜਨ ਲੈਣਾ ਉਦੋਂ ਸੰਭਵ ਹੋਵੇਗਾ ਜਦੋਂ ਅਸੀਂ ਆਪਣੀਆਂ ਬੇਲੋੜੀਆਂ ਜ਼ਰੂਰਤਾਂ ’ਤੇ ਕਾਬੂ ਪਾਉਣ ਲਈ ਯਤਨਸ਼ੀਲ ਹੋਵਾਂਗੇ ਇਸਦੇ ਨਾਲ-ਨਾਲ ਸਾਨੂੰ ਸਮੇਂ-ਸਮੇਂ ’ਤੇ ਹੈਲਥ ਚੈਕਅੱਪ ਵੀ ਕਰਵਾਉਣਾ ਹੋਵੇਗਾ ਤਾਂ ਹੀ ਰੋਗਾਂ ਤੋਂ ਬਚਾਅ ਹੋਵੇਗਾ। ਅੱਜ ਲੋੜ ਹੈ ਡਿਪ੍ਰੈਸ਼ਨ ਤੋਂ ਬਚਣ ਦੀ ਨਾ ਕਿ ਉਸਨੂੰ ਗਲੇ ਲਾਉਣ ਦੀ ਜੇਕਰ ਅਸੀਂ ਸੰਯਮ ਅਤੇ ਹੌਂਸਲੇ ਨਾਲ ਹੌਲੀ-ਹੌਲੀ ਆਪਣੇ ਜੀਵਨ ਪੱਧਰ ਨੂੰ ਸੁਧਾਰਨ ਦੀ ਆਦਤ ਪਾਈਏ ਅਤੇ ਓਨੀਆਂ ਹੀ ਸੁੱਖ-ਸਹੂਲਤਾਂ ਜੁਟਾਉਣ ਦਾ ਯਤਨ ਕਰੀਏ ਜਿੰਨੀਆਂ ਇੱਕ ਜ਼ਿੰਦਗੀ ਲਈ ਜ਼ਰੂਰੀ ਹਨ।
ਤਾਂ ਅਸੀਂ ਖੁਦ ਅਤੇ ਆਪਣੇ ਪਰਿਵਾਰ ਨੂੰ ਬੇਲੋੜੇ ਤਣਾਅ ਤੋਂ ਦੂਰ ਰੱਖ ਸਕਦੇ ਹਾਂ ਸਮਝਦਾਰੀ ਇਸੇ ’ਚ ਹੈ ਕਿ ਅਸੀਂ ਆਪਣੀਆਂ ਜ਼ਰੂਰਤਾਂ ਦਾ ਮੁਲਾਂਕਣ ਕਰੀਏ ਅਤੇ ਬੇਲੋੜੀਆਂ ਜ਼ਰੂਰਤਾਂ ਨੂੰ ਘੱਟ ਕਰਨ ਦਾ ਯਤਨ ਕਰੀਏ। ਬਜ਼ੁਰਗਾਂ ਨੇ ਠੀਕ ਹੀ ਕਿਹਾ ਹੈ ਕਿ ਜਿੱਡੀ ਚਾਦਰ ਹੈ, ਓਨੇ ਹੀ ਪੈਰ ਪਸਾਰੋ ਪਰ ਅੱਜ ਦੇ ਇਸ ਆਧੁਨਿਕ ਸੱਭਿਆਚਾਰ ’ਚ ਹਰ ਕੋਈ ਪੈਰ ਪਸਾਰਦਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਚਾਦਰ ਲੰਮੀ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟਦਾ ਹੈ ਇੱਥੇ ਹੀ ਹਰ ਕਿਸੇ ਤੋਂ ਗਲਤੀ ਹੁੰਦੀ ਹੈ ਅਤੇ ਚੰਗੀ-ਭਲੀ ਜ਼ਿੰਦਗੀ ਤਣਾਅਗ੍ਰਸਤ ਹੋ ਜਾਂਦੀ ਹੈ ਚੰਗਾ ਹੋਵੇ ਜੇਕਰ ਅਸੀਂ ਆਤਮਿਕ ਅਤੇ ਮਾਨਸਿਕ ਸੁੱਖ-ਸ਼ਾਂਤੀ ਨੂੰ ਮਹੱਤਵ ਦੇਈਏ, ਨਾ ਕਿ ਭੌਤਿਕਵਾਦ ਨੂੰ ਲੋੜ ਹੈ ਮਾਨਸਿਕ ਤਣਾਅ ਤੋਂ ਖੁਦ ਨੂੰ ਮੁਕਤ ਰੱਖਣ ਦੀ।
-ਦੀਪਕ ਲਾਲਵਾਣੀ