ਕਿਸੇ ਵੀ ਘਰ ’ਚ ਦੇਖ ਲਓ ਅਲਮਾਰੀਆਂ ’ਚ, ਰੈਕਾਂ ’ਚ, ਦਰਾਜਾਂ ’ਚ, ਇੱਥੇ-ਉੱਥੇ, ਹਰ ਜਗ੍ਹਾ ਢੇਰਾਂ ਅਜਿਹੀਆਂ ਬਚੀਆਂ-ਖੁਚੀਆਂ, ਬੇਮਤਲਬ ਦੀਆਂ ਬੇਕਾਰ ਚੀਜ਼ਾਂ ਸੰਭਾਲ ਕੇ ਰੱਖੀਆਂ ਮਿਲਣਗੀਆਂ ਜਿਨ੍ਹਾਂ ਦੀ ਸਾਲਾਂ ਤੋਂ ਨਾ ਕੋਈ ਵਰਤੋਂ ਹੋਈ ਹੈ ਅਤੇ ਨਾ ਸ਼ਾਇਦ ਕਦੇ ਹੋਣ ਦੀ ਕੋਈ ਸੰਭਾਵਨਾ ਹੈ ਪਰ ਅਸੀਂ ਹਾਂ ਕਿ ਇਸ ਕਬਾੜ ਨੂੰ ਸੀਨੇ ਨਾਲ ਲਾਈ ਬੈਠੇ ਹਾਂ, ਢੋਈ ਜਾ ਰਹੇ ਹਾਂ। ਨੌਜਵਾਨ ਪੀੜ੍ਹੀ ਸੁੱਟਣਾ ਵੀ ਚਾਹੁੰਦੀ ਹੈ ਪਰ ਵੱਡੇ-ਬਜ਼ੁਰਗ ਆਪਣੇ ਸੁਭਾਅ ਤੋਂ ਮਜ਼ਬੂਰ ਉਨ੍ਹਾਂ ਦੀ ਨਜ਼ਰ ਬਚਾ ਕੇ ਚੁੱਕ ਕੇ ਫਿਰ ਰੱਖ ਲੈਂਦੇ ਹਨ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਸ਼ਾਇਦ ਪੁਰਾਣੇ ਲੋਕਾਂ ਨੂੰ ਪੁਰਾਣਿਆਂ ਦਾ ਮੋਹ ਕੁਝ ਜ਼ਿਆਦਾ ਹੀ ਹੁੰਦਾ ਹੈ।

ਅੱਜ-ਕੱਲ੍ਹ ਮਕਾਨਾਂ ਵਿਚ ਥਾਂ ਦੀ ਬੇਹੱਦ ਤੰਗੀ ਹੁੰਦੀ ਹੈ ਜ਼ਰੂਰੀ ਸਾਮਾਨ ਰੱਖਣ ਨੂੰ ਵੀ ਥਾਂ ਪੂਰੀ ਨਹੀਂ ਹੁੰਦੀ ਕਿਸੇ ਨਾ ਕਿਸੇ ਤਰ੍ਹਾਂ ਬੱਸ ਜੁਗਾੜ ਬਿਠਾਉਣਾ ਪੈਂਦਾ ਹੈ ਪਰ ਫਿਰ ਵੀ ਫਿਜੂਲ ਦੇ ਬੇਕਾਰ ਕੂੜਾ-ਕਬਾੜ ਤੋਂ ਛੁਟਕਾਰਾ ਪਾਉਣ ਦਾ ਹੌਂਸਲਾ ਅਸੀਂ ਨਹੀਂ ਜੁਟਾ ਪਾਉਂਦੇ ਇਹ ਕਿਸੇ ਇੱਕ ਦੀ ਗੱਲ ਨਹੀਂ, ਘਰ-ਘਰ ਦੀ, ਮੇਰੀ, ਤੁਹਾਡੀ, ਹਰ ਘਰ ਦੀ ਕਹਾਣੀ ਹੈ ਤੁਸੀਂ ਖੁਦ ਆਪਣੇ ਘਰ ’ਚ ਹੀ ਇੱਕ ਨਜ਼ਰ ਮਾਰ ਕੇ ਦੇਖ ਲਓ, ਕਿਉਂ ਹੈ ਨਾ ਇਹੀ ਗੱਲ।

ਸੋਚ ਕੇ ਦੇਖੋ ਲੋੜ ਪੈਣ ’ਤੇ ਕੀ ਕਦੇ ਸਾਲਾਂ ਤੋਂ ਸੰਭਾਲ ਕੇ ਰੱਖੀਆਂ ਇਨ੍ਹਾਂ ਚੀਜ਼ਾਂ ’ਚੋਂ ਕੋਈ ਇੱਕ ਵੀ ਚੀਜ਼ ਕੰਮ ਆਈ ਹੈ ਸ਼ਾਇਦ ਕਦੇ ਨਹੀਂ ਉਸ ਸਮੇਂ ਜਾਂ ਤਾਂ ਉਨ੍ਹਾਂ ਵੱਲ ਧਿਆਨ ਹੀ ਨਹੀਂ ਜਾਂਦਾ ਜਾਂ ਫਿਰ ਲੱਭਣ ’ਤੇ ਵੀ ਉਹ ਸਮੇਂ ’ਤੇ ਮਿਲਦੀ ਨਹੀਂ ਉਸ ਸਮੇਂ ਤਾਂ ਤੁਰੰਤ ਬਾਜ਼ਾਰੋਂ ਜ਼ਰੂਰਤ ਦੀ ਚੀਜ਼ ਮੰਗਾ ਲਈ ਜਾਂਦੀ ਹੈ ਅਤੇ ਇਹ ਰੱਖੀ ਹੋਈ ਚੀਜ਼ ਉਵੇਂ ਦੀ ਉਵੇਂ ਰੱਖੀ ਰਹਿ ਜਾਂਦੀ ਹੈ। ਅਤੇ ਇਨ੍ਹਾਂ ’ਚ ਜ਼ਿਆਦਾਤਰ ਹੁੰਦਾ ਕੀ ਹੈ ਖਰਾਬ ਹੋਏ ਬਿਜਲੀ ਦੇ ਪਲੱਗ ਅਤੇ ਸਵਿੱਚ ਕਿ ਸ਼ਾਇਦ ਉਨ੍ਹਾਂ ਦਾ ਕੋਈ ਹਿੱਸਾ ਕਦੇ ਕੰਮ ਆ ਜਾਵੇ, ਬਚੀਆਂ ਹੋਈਆਂ ਦਵਾਈਆਂ, ਖਾਲੀ ਹੋਏ ਡੱਬੇ, ਸ਼ੀਸ਼ੀਆਂ, ਬੋਤਲਾਂ, ਗੱਤੇ ਦੇ ਉਹ ਖਾਲੀ ਡੱਬੇ ਜਿਨ੍ਹਾਂ ’ਚ ਕਦੇ ਸਾੜ੍ਹੀਆਂ/ਸੂਟ ਆਏ ਸਨ।

ਵੱਖ-ਵੱਖ ਨਾਪ ਦੇ ਬਚੇ-ਖੁਚੇ ਵਿੰਗੇ-ਟੇਢੇ ਕਿੱਲ, ਨਟ ਬੋਲਟ, ਕਬਜ਼ੇ, ਕੁੰਡੇ, ਪੇਚ, ਮੈਗਜ਼ੀਨਾਂ ’ਚੋਂ ਕੱਟ ਕੇ ਰੱਖੇ ਹੋਏ ਸਿਲਾਈ-ਕਢਾਈ ਦੇ ਡਿਜ਼ਾਇਨ, ਖਰਾਬ ਹੋਏ ਟਾਈਮਪੀਸ, ਟੁੱਟੀਆਂ ਐਨਕਾਂ, ਬਿਨਾਂ ਰਿਫਲ ਦੇ ਪੈੱਨ, ਬਿਨਾਂ ਹੈਂਡਲ ਦੀਆਂ ਛੱਤਰੀਆਂ, ਦਸ ਸਾਲ ਪਹਿਲਾਂ ਬਣਵਾਈ ਮੇਜ਼ ਦੀ ਬਚੀ ਹੋਈ ਲੱਕੜ ਅਤੇ ਸਨਮਾਈਕਾ ਦੇ ਟੁਕੜੇ ਅਤੇ ਇਸ ਤਰ੍ਹਾਂ ਦਾ ਹੋਰ ਫਾਲਤੂ ਦਾ ਸਾਮਾਨ। ਕੁਝ ਲੋਕ ਤਾਂ ਟੀ.ਵੀ., ਫਰਿੱਜ਼ ਆਦਿ ਦੇ ਵੱਡੇ-ਵੱਡੇ ਕਾਰਟੂਨ ਤੱਕ ਵੀ ਸਾਲਾਂ ਤੋਂ ਸੰਭਾਲ ਕੇ ਰੱਖੀ ਰੱਖਦੇ ਹਨ ਕਿ ਸ਼ਾਇਦ ਮਕਾਨ ਬਦਲਣ ’ਤੇ ਜਾਂ ਟਰਾਂਸਫਰ ਹੋਣ ’ਤੇ ਉਨ੍ਹਾਂ ਦੀ ਲੋੜ ਪੈ ਜਾਵੇ।

ਪੁਰਾਣੇ ਜ਼ਮਾਨੇ ’ਚ ਘਰ ਵੱਡੇ-ਵੱਡੇ ਹੁੰਦੇ ਸਨ ਤਾਂ ਇਹ ਸਭ ਚੱਲ ਜਾਂਦਾ ਸੀ ਪਰ ਅੱਜ ਦੇ ਫਲੈਟਾਂ ਦੇ ਯੁੱਗ ’ਚ ਬੱਸ ਉਹ ਰੱਖੀਏ ਜੋ ਜ਼ਰੂਰੀ ਹੈ ਪੁਰਾਣੀਆਂ ਬੇਕਾਰ ਦੀਆਂ ਚੀਜ਼ਾਂ ਦਾ ਮੋਹ ਨਾ ਪਾਲ਼ੋ ਆਪਣੇ ਸੁਭਾਅ ਨੂੰ ਥੋੜ੍ਹਾ ਜਿਹਾ ਬਦਲ ਦਿਓ ਜਿਸ ਚੀਜ਼ ਦੀ ਸਾਲਾਂ ਤੋਂ ਕਦੇ ਕੋਈ ਵਰਤੋਂ ਨਾ ਹੋਈ ਹੋਵੇ, ਉਸ ਨੂੰ ਸੰਭਾਲ ਕੇ ਰੱਖੀ ਰੱਖਣ ਦਾ ਭਲਾ ਕੀ ਤੁੱਕ ਹੈ ਉਸ ਨੂੰ ਵਿਦਾ ਕਰ ਦਿਓ ਸੁੱਟਣ ਦਾ ਮਨ ਨਾ ਵੀ ਕਰੇ ਤਾਂ ਕਬਾੜੀਏ ਦੇ ਹਵਾਲੇ ਕਰ ਦਿਓ ਕੁਝ ਥਾਂ ਵੀ ਖਾਲੀ ਹੋ ਜਾਵੇਗੀ ਅਤੇ ਕੁਝ ਪੈਸੇ ਵੀ ਹੱਥ ਆ ਜਾਣਗੇ। ਤਾਂ ਬੱਸ ਇਸ ਵਾਰ ਹਿੰਮਤ ਕਰ ਲਓ ਤੁਸੀਂ ਖੁਦ ਦੇਖੋਗੇ ਕਿ ਫਾਲਤੂ ਕਬਾੜ ਨਿੱਕਲ ਜਾਣ ਨਾਲ ਤੁਹਾਡਾ ਘਰ ਕਿੰਨਾ ਸਾਫ-ਸੁਥਰਾ, ਖੁੱਲ੍ਹਾ-ਖੁੱਲ੍ਹਾ, ਨਿੱਖਰਿਆ-ਨਿੱਖਰਿਆ, ਪਿਆਰਾ ਜਿਹਾ ਦਿਸਣ ਲੱਗਾ ਹੈ।

ਓਮ ਪ੍ਰਕਾਸ਼ ਬਜਾਜ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!