ਗਾਇਬ ਹੋਇਆ ਸੁਆਣੀਆਂ ਦੇ ਸਿਰ ਦਾ ਗਹਿਣਾ, ਸੱਗੀ- Saggi
ਬਦਲਦੇ ਸਮੇਂ ਅਤੇ ਬਦਲਦੇ ਰਿਵਾਜ਼ਾਂ ਨਾਲ ਸਭ ਕੁਝ ਦਿਨੋਂ-ਦਿਨ ਅਲੋਪ ਹੁੰਦਾ ਜਾ ਰਿਹਾ ਹੈ ਅਜੋਕੇ ਬਦਲਦੇ ਹਾਲਾਤਾਂ ਵਿੱਚ ਕੋਈ ਵੀ ਧੀ-ਭੈਣ ਕਿਸੇ ਤਰ੍ਹਾਂ ਦੇ ਗਹਿਣੇ ਨੂੰ ਪਾ ਕੇ ਹੀ ਰਾਜ਼ੀ ਨਹੀਂ ਇੱਕਵੀਂ ਸਦੀ ਵਿੱਚ ਅਸੀਂ ਤਰੱਕੀ ਤਾਂ ਭਾਵੇਂ ਬਹੁਤ ਕਰ ਲਈ ਏ ਪਰ ਅਸੀਂ ਦਿਨੋਂ-ਦਿਨ ਅਸੁਰੱਖਿਅਤ ਹੀ ਮਹਿਸੂਸ ਕਰ ਰਹੇ ਹਾਂ ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਧੀਆਂ-ਭੈਣਾਂ ਬਾਹਰ ਤਾਂ ਛੱਡੋ, ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਰਹੀਆਂ ਜੇ ਇਹੋ ਹੀ ਗੱਲ ਅਜੋਕੇ ਮਰਦ ਪ੍ਰਧਾਨ ਸਮਾਜ ’ਤੇ ਕਹਿ ਲਈਏ ਕਿ ਮਰਦ ਵੀ ਸੁਰੱਖਿਅਤ ਨਹੀਂ ਹਨ।
ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਦੇਸ਼ ਕਹਿ ਲਈਏ ਜਾਂ ਫਿਰ ਆਪਣਾ ਪੰਜਾਬ ਸੂਬਾ ਜੋ ਕਦੇ ਸੁੱਖਾਂ ਦੀ ਖਾਨ ਰਿਹਾ ਹੈ ਤੇ ਧੀਆਂ-ਭੈਣ ਦੀਆਂ ਇੱਜ਼ਤਾਂ ਦੀ ਰਖਵਾਲੀ ਕਰਨ ’ਚ ਵੀ ਮੋਹਰੀ ਹੁੰਦਾ ਸੀ, ਅੱਜ ਆਪਣੀ ਇੱਜ਼ਤ ਬਚਾਉਣ ਦੇ ਸਮਰੱਥ ਵੀ ਨਹੀਂ ਰਿਹਾ। ਜੇਕਰ ਪੁਰਾਤਨ ਪੰਜਾਬ ਦੀ ਗੱਲ ਕਰੀਏ ਤਾਂ ਸਾਡੀਆਂ ਮਾਵਾਂ, ਭੈਣਾਂ ਤੇ ਵਡੇਰੀ ਉਮਰ ਦੀਆਂ ਸੁਆਣੀਆਂ ਦੇ ਬਹੁਤ ਹਾਰ-ਸ਼ਿੰਗਾਰ ਭਾਵ ਗਹਿਣੇ-ਗੱਟੇ ਪਾਏ ਹੁੰਦੇ ਸਨ ਸਮੇਂ ਵਧੀਆ ਸਨ, ਹਰ ਕੋਈ ਪਿੰਡ ਦੀ ਧੀ-ਭੈਣ ਨੂੰ ਆਪਣੀ ਇੱਜ਼ਤ ਸਮਝਦਾ ਸੀ।
ਕੀ ਮਜ਼ਾਲ ਕਿ ਕਿਸੇ ਨੂੰ ਵੀ ਕੋਈ ਮਾੜੀ ਨਜ਼ਰ ਨਾਲ ਤੱਕ ਲਵੇ ਪੈਰਾਂ ਦੀਆਂ ਕਲੀਚੜੀਆਂ, ਝਾਂਜਰਾਂ, ਭਾਰੇ ਝਮੂਲੀ ਵਾਲੇ ਕਾਂਟੇ ਨਾਲ ਹੀ ਸੋਨੇ ਜੜੇ ਸਹਾਰੇ, ਸਿੰਘ ਤਵੀਤ, ਗਲ ਦੀ ਗਾਨੀ, ਨੱਕ ਦਾ ਵੱਡੇ ਆਕਾਰ ਦਾ ਕੋਕਾ, ਸੱਗੀ ਫੁੱਲ ਹਰ ਧੀ-ਭੈਣ ਦੇ ਰੰਗ-ਰੂਪ ਨੂੰ ਚਾਰ ਚੰਨ ਲਾਉਂਦੇ ਸਨ ਪਰ ਅੱਜ-ਕੱਲ੍ਹ ਇਹ ਸਾਰੇ ਹੀ ਗਹਿਣੇ ਅਲੋਪ ਹੋ ਗਏ ਕਹਿ ਲਈਏ ਕਿ ਮਾੜੇ ਸਮਿਆਂ ਕਰਕੇ ਅੱਜ ਦੀਆਂ ਧੀਆਂ-ਭੈਣਾਂ ਇਹ ਪਹਿਨਣੋੋਂ ਹੀ ਹਟ ਗਈਆਂ ਹਨ ਇਨ੍ਹਾਂ ਦੀ ਜਗ੍ਹਾ ਅੱਜ ਸਿਰਫ ਛੋਟੇ-ਛੋਟੇ ਟੌਪਸਾਂ ਨੇ ਲੈ ਲਈ ਹੈ ਇੱਕ ਤਾਂ ਸਮਾਂ ਖਤਰਨਾਕ ਅਤੇ ਦੂਜਾ ਅਜੋਕੇ ਸਮਾਜ ਤੇ ਬਦਲੇ ਸਮੇਂ ਅੰਤਾਂ ਦੀ ਮਹਿੰਗਾਈ ਵਿੱਚ ਘਰ ਦੀ ਧੀ ਤੇ ਨੂੰਹ ਨੂੰ ਨੌਕਰੀ ਦੀ ਤਾਂਘ ਰਹਿੰਦੀ ਹੈ।
ਕੋਈ ਸੱਤਰ ਫੀਸਦੀ ਧੀਆਂ-ਭੈਣਾਂ ਨੌਕਰੀ ਕਰ ਵੀ ਰਹੀਆਂ ਨੇ ਐਸੇ ਹਾਲਾਤਾਂ ਮੁਤਾਬਕ ਜ਼ਿਆਦਾ ਗਹਿਣੇ ਪਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਪਰ ਪੁਰਾਤਨ ਪੰਜਾਬ ਵਿੱਚ ਸਾਰੇ ਗਹਿਣਿਆਂ ਦੇ ਨਾਲ ਸੱਗੀ ਫੁੱਲ ਵੀ ਸਿਰ ਦਾ ਅਹਿਮ ਗਹਿਣਾ ਸੀ ਜੋ ਸਿਰ ਦੇ ਭਰਵੇਂ ਵਾਲਾਂ ਨੂੰ ਗੁੰਦ ਕੇ ਪਾਏ ਜਾਂਦੇ ਸਨ ਤੇ ਘਰ ਦੀ ਨੂੰਹ ਦੀ ਵੀ ਪਛਾਣ ਕਰਵਾਉਂਦੇ ਸਨ ਕੁਆਰੀਆਂ ਧੀਆਂ ਇਹ ਗਹਿਣਾ ਨਹੀਂ ਸੀ ਪਹਿਨਦੀਆਂ ਪਰ ਘਰ ਵਿੱਚ ਜੋ ਨੂੰਹ ਆਉਂਦੀ ਉਸਦਾ ਇਹ ਮਨਪਸੰਦ ਗਹਿਣਾ ਹੋਇਆ ਕਰਦਾ ਸੀ।
ਅੱਜ-ਕੱਲ੍ਹ ਇਹ ਗਹਿਣਾ ਅਲੋਪ ਹੋ ਕੇ ਸਿਰਫ ਵਿਰਸੇ ਦਾ ਹਿੱਸਾ ਬਣ ਚੁੱਕਾ ਹੈ ਜਾਂ ਫਿਰ ਕਦੇ-ਕਦਾਈਂ ਕਿਸੇ ਪਿੰਡ ਵਿੱਚ ਗੱਡੀਆਂ ਵਾਲੇ ਆਏ ਹੋਣ ਤਾਂ ਉਨ੍ਹਾਂ ਦੀਆਂ ਸੁਆਣੀਆਂ ਦੇ ਸਿਰਾਂ ’ਤੇ ਵੇਖਿਆ ਜਾ ਸਕਦਾ ਹੈ ਕਿਉਂਕਿ ਦੱਸਿਆ ਜਾਂਦਾ ਹੈ ਕਿ ਉਸ ਬਰਾਦਰੀ ਦਾ ਪਿਛੋਕੜ ਕਿਸੇ ਮਹਾਰਾਜਾ ਦੇ ਪਰਿਵਾਰ ਨਾਲ ਰਿਹਾ ਕਰਕੇ ਉਨ੍ਹਾਂ ਵਿੱਚ ਹਾਲੇ ਵੀ ਇਹ ਰਿਵਾਜ਼ ਪ੍ਰਚੱਲਿਤ ਹੈ ਪਰ ਅੱਜ-ਕੱਲ੍ਹ ਇਹ ਲੋਕ ਬਹੁਤ ਘੱਟ ਆਉਂਦੇ ਹਨ ਕਿਉੁਂਕਿ ਬਦਲਵੇਂ ਹਾਲਾਤਾਂ ਕਰਕੇ ਇਨ੍ਹਾਂ ਨੇ ਵੀ ਆਪਣੇ ਕਾਰੋਬਾਰ ਬਦਲ ਲਏ ਨੇ ਇਸ ਕਰਕੇ ਹੁਣ ਸੱਗੀ ਫੁੱਲ ਦੇ ਦਰਸ਼ਨ ਕਿਸੇ ਅਜ਼ਾਇਬ ਘਰ ’ਚ ਜਾਂ ਫਿਰ ਗੂਗਲ ਜਾਂ ਨੈੱਟ ’ਤੇ ਭਾਲ ਕੇ ਹੀ ਕੀਤੇ ਜਾ ਸਕਦੇ ਨੇ।
-ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ