ਬੱਚੇ ਚਾਹੁੰਦੇ ਹਨ ਮਾਂ-ਬਾਪ ਦਾ ਧਿਆਨ
ਆਪਣੇ ਬੱਚਿਆਂ ਦਾ ਭਵਿੱਖ ਸੁੱਖਮਈ ਬਣਾਉਣ ਦੀ ਕਲਪਨਾ ਹਰ ਮਾਂ-ਬਾਪ ਕਰਦੇ ਹਨ ਅਤੇ ਉਹ ਇਸ ਕਲਪਨਾ ਨੂੰ ਸੱਚ ਬਣਾਉਣ ਲਈ ਹਰ ਮੁਸ਼ਕਿਲ ਦਾ ਸਾਹਮਣਾ ਕਰਦੇ ਹਨ ਇਸ ਲਈ ਉਹ ਬੱਚਿਆਂ ਦੇ ਪਾਲਣ-ਪੋਸ਼ਣ ਵੱਲ ਧਿਆਨ ਦਿੰਦੇ ਹਨ ਪਰ ਅੱਜ ਸ਼ਾਇਦ ਬਹੁਤ ਥੋੜ੍ਹੇ ਮਾਪੇ ਹਨ ਜੋ ਬੱਚੇ ਨੂੰ ਥੋੜ੍ਹਾ ਸਮਾਂ ਹੀ ਦੇ ਪਾਉਂਦੇ ਹਨ। ਅੱਜ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ਜਿੱਥੇ ਮਾਤਾ-ਪਿਤਾ ਦੋਵੇਂ ਕੰਮ ਕਰਦੇ ਹਨ, ਉਹ ਬੱਚੇ ਨੂੰ ਸਿਰਫ ਉਸ ਦੀਆਂ ਫਰਮਾਇਸ਼ਾਂ ਅਤੇ ਜ਼ਰੂਰਤਾਂ ਪੂਰੀਆਂ ਕਰਕੇ ਸੰਤੁਸ਼ਟ ਕਰ ਰਹੇ ਹਨ ਪਰ ਉਨ੍ਹਾਂ ਨੂੰ ਐਨੀ ਵਿਹਲ ਨਹੀਂ ਕਿ ਉਹ ਬੱਚਿਆਂ ਦੀ ਰੁਚੀ ਅਤੇ ਚਾਹਤ ’ਤੇ ਧਿਆਨ ਦੇ ਸਕਣ, ਉਨ੍ਹਾਂ ਨੂੰ ਪੂਰਾ ਪਿਆਰ ਦੇ ਸਕਣ ਇਸ ਲਈ ਜ਼ਿਆਦਾਤਰ ਬੱਚਿਆਂ ’ਤੇ ਮਾਪਿਆਂ ਦਾ ਕੰਟਰੋਲ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਸਹੀ ਅਤੇ ਸੰਪੂਰਨ ਵਿਕਾਸ ਨਹੀਂ ਹੋ ਪਾਉਂਦਾ।
ਬੱਚਿਆਂ ਦੇ ਸਹੀ ਵਿਕਾਸ ਲਈ ਜ਼ਰੂਰੀ ਹੈ ਉਨ੍ਹਾਂ ਨੂੰ ਸਮਾਂ ਦੇਣਾ, ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਅਨੁਕੂਲ ਵਾਤਾਵਰਨ ਦੇਣਾ, ਉਨ੍ਹਾਂ ’ਚ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣਾ। ਅੱਜ ਦੇ ਇਸ ਗਤੀਸ਼ੀਲ ਦੌਰ ’ਚ ਮਾਤਾ-ਪਿਤਾ ਦੋਵਾਂ ਦਾ ਕੰਮ ਕਰਨਾ ਇੱਕ ਜ਼ਰੂਰਤ ਬਣ ਗਿਆ ਹੈ ਪਰ ਇਹ ਨਾ ਭੁੱਲੋ ਕਿ ਤੁਸੀਂ ਜੋ ਮਿਹਨਤ ਕਰ ਰਹੇ ਹੋ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਸੁੱਖਦਾਈ ਭਵਿੱਖ ਲਈ ਹੈ ਅਤੇ ਇਹ ਭਵਿੱਖ ਉਦੋਂ ਸੁੱਖਦਾਈ ਹੋ ਸਕਦਾ ਹੈ ਜਦੋਂ ਤੁਸੀਂ ਆਪਣੇ ਬੱਚਿਆਂ ’ਚ ਇਹ ਅਹਿਸਾਸ ਨਾ ਪੈਦਾ ਹੋਣ ਦਿਓ ਕਿ ਉਨ੍ਹਾਂ ਦੇ ਮਾਪਿਆਂ ਕੋਲ ਉਨ੍ਹਾਂ ਲਈ ਸਮਾਂ ਨਹੀਂ ਹੈ
ਜੇਕਰ ਤੁਸੀਂ ਨੌਕਰੀਪੇਸ਼ਾ ਹੋਂ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ
- ਬੱਚਿਆਂ ਨੂੰ ਸਹਾਇਕ-ਸਹਾਇਕਾਂ ਦੇ ਜਿੰਮੇ ਪੂਰੀ ਤਰ੍ਹਾਂ ਨਾ ਛੱਡੋ ਮਾਂ ਆਖਿਰ ਮਾਂ ਹੀ ਹੁੰਦੀ ਹੈ ਅਤੇ ਉਹ ਜਿਸ ਤਰ੍ਹਾਂ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦੀ ਹੈ, ਨੌਕਰ-ਨੌਕਰਾਣੀਆਂ ਉਵੇਂ ਨਹੀਂ ਕਰ ਸਕਦੇ ਦਫਤਰ ਜਾਣ ਤੋਂ ਪਹਿਲਾਂ ਨੌਕਰ/ਨੌਕਰਾਣੀ ਨੂੰ ਸਮਝਾ ਕੇ ਜਾਓ ਕਿ ਬੱਚੇ ਦੇ ਸਕੂਲੋਂ ਵਾਪਸ ਆਉਣ ’ਤੇ ਉਸਨੂੰ ਕੀ ਖਾਣਾ ਦੇਣਾ ਹੈ ਜੇਕਰ ਸਹੂਲੀਅਤ ਹੋਵੇ ਤਾਂ ਦਫ਼ਤਰ ਤੋਂ ਦੁਪਹਿਰ ਨੂੰ ਫੋਨ ਕਰਕੇ ਬੱਚੇ ਨਾਲ ਗੱਲ ਕਰ ਲਓ ਅਤੇ ਪੁੱਛ ਲਓ ਕਿ ਉਸਨੇ ਖਾਣਾ ਠੀਕ ਤਰ੍ਹਾਂ ਖਾਧਾ ਹੈ ਕਿ ਨਹੀਂ ਇਸ ਨਾਲ ਬੱਚੇ ਨੂੰ ਤੁਹਾਡੇ ਘਰ ਨਾ ਹੋਣ ’ਤੇ ਵੀ ਤੁਹਾਡੇ ਹੋਣ ਦਾ ਅਹਿਸਾਸ ਹੋਵੇਗਾ।
- ਟਿਊਸ਼ਨ ਟੀਚਰ ਲਾ ਦੇਣ ਨਾਲ ਉਸਦੀ ਪੜ੍ਹਾਈ ਦੀ ਜ਼ਿੰਮੇਵਾਰੀ ਤੋਂ ਮੁਕਤੀ ਨਹੀਂ ਹੋ ਜਾਂਦੀ ਇਸ ਲਈ ਖੁਦ ਵੀ ਉਸ ਦੀ ਪੜ੍ਹਾਈ ’ਤੇ ਧਿਆਨ ਦਿਓ ਅਤੇ ਉਸ ਦੀ ਟਿਊਸ਼ਨ ਟੀਚਰ ਨਾਲ ਸੰਪਰਕ ਕਰਕੇ ਉਸ ਦੀ ਪੜ੍ਹਾਈ ਬਾਰੇ ਜਾਣਕਾਰੀ ਲੈਂਦੇ ਰਹੋ।
- ਸਮਾਂ ਮਿਲਣ ’ਤੇ ਉਸ ਦੀਆਂ ਕਾਪੀਆਂ ਦੀ ਜਾਂਚ ਵੀ ਕਰੋ ਤਾਂ ਕਿ ਉਹ ਸਕੂਲ ’ਚ ਸਹੀ ਢੰਗ ਨਾਲ ਪੜ੍ਹ ਰਿਹਾ ਹੈ ਕਿ ਨਹੀਂ, ਇਸ ਦੀ ਵੀ ਜਾਣਕਾਰੀ ਮਿਲਦੀ ਰਹੇ।
- ਬੱਚੇ ਦੇ ਖੇਡਣ ਦਾ ਸਮਾਂ ਵੀ ਤੈਅ ਕਰ ਲਓ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਖੇਡ ਵੀ ਬਹੁਤ ਜ਼ਰੂਰੀ ਹੈ ਬੱਚੇ ਦੇ ਸਰੀਰਕ ਵਿਕਾਸ ਲਈ ਖੇਡ ਬਹੁਤ ਜ਼ਰੂਰੀ ਹੈ ਸਮਾਂ ਕੱਢ ਕੇ ਜਾਂ ਵੀਕੰਡ ’ਤੇ ਬੱਚੇ ਨਾਲ ਖੁਦ ਵੀ ਖੇਡੋ।
- ਜਦੋਂ ਵੀ ਤੁਹਾਨੂੰ ਛੁੱਟੀ ਹੋਵੇ ਜਾਂ ਤੁਸੀਂ ਛੁੱਟੀ ਲਈ ਹੈ, ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿਓ ਉਸਨੂੰ ਕਿਤੇ ਬਾਹਰ ਘੁੰਮਾਉਣ ਲੈ ਜਾਓ ਤਾਂ ਕਿ ਤੁਸੀਂ ਉਸ ਦੀ ਹਫਤੇਭਰ ਦੀ ਕਮੀ ਪੂਰੀ ਕਰ ਸਕੋ।
- ਅੱਜ-ਕੱਲ੍ਹ ਕੰਪਿਊਟਰ ਦੇ ਵੱਧਦੇ ਪ੍ਰਭਾਵ ਕਾਰਨ ਮਾਪੇ ਬੱਚੇ ਨੂੰ ਕੰਪਿਊਟਰ ਖਰੀਦ ਕੇ ਤਾਂ ਦੇ ਦਿੰਦੇ ਹਨ। ਪਰ ਇਹ ਧਿਆਨ ਨਹੀਂ ਦੇ ਪਾਉਂਦੇ ਕਿ ਬੱਚੇ ਕੰਪਿਊਟਰ ਰਾਹੀਂ ਕੀ ਕਰਦੇ ਹਨ ਇੰਟਰਨੈੱਟ ਦੇ ਵਧਦੇ ਪ੍ਰਭਾਵ ਕਾਰਨ ਬੱਚੇ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਸੰਪਰਕ ਬਣਾਉਂਦੇ ਰਹਿੰਦੇ ਹਨ ਜਿਸ ਦੀ ਜਾਣਕਾਰੀ ਮਾਂ-ਬਾਪ ਨੂੰ ਨਹੀਂ ਹੁੰਦੀ ਇਸ ਲਈ ਕੰਪਿਊਟਰ ਲਵਾਉਣ ਤੋਂ ਪਹਿਲਾਂ ਕੰਪਿਊਟਰ ਦੀ ਜਾਣਕਾਰੀ ਤੁਸੀਂ ਲੈ ਲਓ ਅਤੇ ਸਾਈਟਸ ਅਤੇ ਸਾਫਟਵੇਅਰ ਬਲਾੱਕ ਕਰ ਦਿਓ ਜੋ ਬੱਚੇ ਲਈ ਠੀਕ ਨਹੀਂ ਹੈ।
- ਬੱਚਾ ਜੋ ਕੁਝ ਦੇਖਦਾ ਹੈ ਉਹੀ ਸਿੱਖਦਾ ਹੈ ਇਸ ਲਈ ਘਰ ਦੇ ਵਾਤਾਵਰਨ ਨੂੰ ਅਜਿਹਾ ਬਣਾਓ ਜਿਸ ਨਾਲ ਉਹ ਕੁੱਝ ਗਲਤ ਨਾ ਸਿੱਖੇ।
- ਬੱਚਿਆਂ ’ਤੇ ਥੋੜ੍ਹੀ-ਥੋੜ੍ਹੀ ਜਿੰਮੇਵਾਰੀ ਪਾਓ ਤਾਂ ਕਿ ਉਹ ਆਤਮ-ਨਿਰਭਰ ਬਣ ਸਕਣ ਇਸ ਨਾਲ ਉਹ ਤੁਹਾਡੇ ’ਤੇ ਘੱਟ ਨਿਰਭਰ ਰਹਿਣਗੇ ਅਤੇ ਉਨ੍ਹਾਂ ’ਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੋਵੇਗੀ।
- ਬੱਚਿਆਂ ਦੀਆਂ ਉਹੀ ਫਰਮਾਇਸ਼ਾਂ ਪੂਰੀਆਂ ਕਰੋ ਜੋ ਉਸ ਦੀ ਉਮਰ ਅਤੇ ਜ਼ਰੂਰਤ ਦੇ ਅਨੁਸਾਰ ਹੋਣ ਉਨ੍ਹਾਂ ਦੀ ਹਰ ਫਰਮਾਇਸ਼ ਪੂਰੀ ਕਰਕੇ ਤੁਸੀਂ ਉਨ੍ਹਾਂ ਨੂੰ ਜਿੱਦੀ ਬਣਾ ਦਿਓਗੇ।
-ਸੋਨੀ ਮਲਹੋਤਰਾ