ਹੁਣ ਨ੍ਹੀਂ ਆਉਂਦੇ ਵਣਜਾਰੇ ਤੇ ਨਾ ਹੀ ਤੰਦੂਰਾਂ ’ਤੇ ਲੱਗਣ ਮਹਿਫ਼ਲਾਂ
ਘੁੱਗ ਵੱਸਦੇ ਪੰਜਾਬ ਦੀਆਂ ਬਾਤਾਂ ਹੀ ਕੁੱਝ ਹੋਰ ਸਨ। ਇੱਥੋਂ ਦੀ ਰਹਿਣੀ-ਬਹਿਣੀ, ਖਾਣ-ਪਾਣ ਤੇ ਵਧੀਆ ਤਾਜ਼ੀਆਂ ਫਿਜ਼ਾਵਾਂ ਬਹੁਤ ਹੀ ਮਨਮੋਹਕ ਰਹੀਆਂ ਹਨ। ਪ੍ਰਹੁਣਚਾਰੀ ਵਿੱਚ ਵੀ ਪੰਜਾਬ ਦਾ ਕੋਈ ਸਾਨੀ ਨਹੀਂ ਸੀ।
ਕੋਈ ਸਮਾਂ ਸੀ ਜਦ ਸੱਜ ਵਿਆਹੀਆਂ ਧੀਆਂ-ਭੈਣਾਂ ਜਦ ਵੀ ਪੇਕੀਂ ਆਉਂਦੀਆਂ ਤਾਂ ਰੰਗ-ਬਿਰੰਗੀਆਂ ਚੂੜੀਆਂ ਚੜ੍ਹਾਉਂਦੀਆਂ, ਸਾਉਣ ਮਹੀਨੇ ’ਚ ਤੀਆਂ ਲਾਉਂਦੀਆਂ ਤੇ ਸਹੁਰੇ ਪਰਿਵਾਰਾਂ ਦੀਆਂ ਗੱਲਾਂ-ਬਾਤਾਂ ਆਪਣੀਆਂ ਸਹੇਲੀਆਂ ਨਾਲ ਸਾਂਝੀਆਂ ਕਰਨੀਆਂ, ਪੀਂਘਾਂ ਝੂਟਣੀਆਂ ਤੇ ਮੋਹ ਦੀ ਮਸਤੀ ਵਿੱਚ ਕਿਧਰੇ ਗੁੰਮ ਹੋ ਜਾਣਾ।
ਜਦ ਕਦੇ ਵੀ ਵਣਜਾਰਾ ਗਲੀ ਵਿੱਚ ਆਉਣਾ ਤੇ ਚੂੜੀਆਂ ਦਾ ਹੋਕਾ ਸੁਣਨਾ ਤਾਂ ਝੱਟ ਸਭਨਾਂ ਨੇ ’ਕੱਠੀਆਂ ਹੋ ਕੇ ਵਣਜਾਰੇ ਨੂੰ ਕਿਸੇ ਇੱਕ ਜਗ੍ਹਾ ’ਤੇ ਬਿਠਾ ਕੇ ਰੰਗ-ਬਿਰੰਗੀਆਂ ਚੂੜੀਆਂ ਚੜ੍ਹਵਾਉਣੀਆਂ ਤੇ ਕਲੀਚਰੀਆਂ ਪੈਰਾਂ ਦੀਆਂ ਉਂਗਲਾਂ ’ਚ ਪਾਉਣੀਆਂ ਤੇ ਨਾਲ ਦੀ ਨਾਲ ਵਣਜਾਰੇ ਨੂੰ ਮਖ਼ੌਲ ਕਰੀ ਜਾਣੇ, ਕਿਉਂਕਿ ਉਹ ਸਮੇਂ ਬਹੁਤ ਅਪਣੱਤ ਭਰੇ ਸਨ। ਕੋਈ ਵੀ ਕਿਸੇ ਦਾ ਗੁੱਸਾ-ਗਿਲਾ ਨਹੀਂ ਸੀ ਕਰਦਾ, ਸਬਰ ਸੰਤੋਖ਼ ਦਾ ਮਾਦਾ ਸਭਨਾ ਵਿੱਚ ਸੀ।
Also Read :-
- ਸੰਸਕਾਰੀ ਹੁੰਦੇ ਹਨ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਪਲਣ ਵਾਲੇ ਬੱਚੇ
- ਅਟੁੱਟ ਵਿਸ਼ਵਾਸ ਸਾਹਿਤ
- ਕਰਜ ਤਾਂ ਕਿਸੇ ਨਾ ਕਿਸੇ ਰੂਪ ’ਚ ਚੁਕਾਉਣਾ ਹੀ ਪੈਂਦਾ ਹੈ
- ਤਨਾਅ ਮੁਕਤ ਜ਼ਿੰਦਗੀ ਲਈ ਵਰਤੋ ਥੋੜ੍ਹੀ ਸਮਝਦਾਰੀ, ਥੋੜ੍ਹਾ ਹੌਸਲਾ
ਹਰ ਧੀ-ਭੈਣ ਦੀ ਇੱਜਤ ਕਰਨਾ ਆਪਣਾ ਧਰਮ ਸਮਝਿਆ ਜਾਂਦਾ ਸੀ। ਵਿਆਹੀਆਂ ਕੁੜੀਆਂ ਕੁਆਰੀਆਂ ’ਤੇ ਪਿਆਰ ਭਰਿਆ ਗੋਲ ਵੀ ਮਾਰਦੀਆਂ ਰਹੀਆਂ ਤੇ ਕੁਆਰੀਆਂ ਨੇ ਵੀ ਬਰਦਾਸ਼ਤ ਕਰਨਾ ਤੇ ਉਨ੍ਹਾਂ ਦਾ ਹਰ ਕਹਿਣਾ ਮੰਨਣਾ, ਇਹ ਸਮੇਂ ਪੰਜਾਬ ਵਿੱਚ ਰਹੇ ਹਨ। ਪਰ ਸਮੇਂ ਦੇ ਵੇਗ ਵਿੱਚ ਅਜੋਕੇ ਸਮੇਂ ਵਿੱਚ ਇਹ ਸਭ ਅਲੋਪ ਹੋ ਚੁੱਕਾ ਹੈ।
ਇਸੇ ਤਰ੍ਹਾਂ ਹੀ ਸਿਆਣੀਆਂ ਸਵਾਣੀਆਂ ਨੇ ਇੱਕੋ ਤੰਦੂਰ ’ਤੇ ਇਕੱਠੀਆਂ ਹੋ ਕੇ ਆਪੋ-ਆਪਣਾ ਬਾਲਣ (ਸੱਲਰੇ, ਫੋਕ ਜਾਂ ਛਟੀਆਂ) ਪਾ ਕੇ ਤੰਦੂਰ ਤਪਾਉਣਾ ਤੇ ਵਾਰੋ-ਵਾਰੀ ਨਾਲ ਰੋਟੀਆਂ ਲਾਹੁਣੀਆਂ। ਨਾਲੇ ਆਪਸ ਵਿੱਚ ਗੱਲਾਂਬਾਤਾਂ ਕਰਕੇ ਢਿੱਡ ਹੌਲਾ ਕਰ ਲੈਣਾ। ਬੇਸ਼ੱਕ ਕੁਝ ਕੁ ਸਵਾਣੀਆਂ ਐਸੀਆਂ ਵੀ ਸਨ ਜਿਨ੍ਹਾਂ ਨੂੰ ਚੁਗਲੀ ਦੀ ਆਦਤ ਹੁੰਦੀ ਸੀ ਪਰ ਉਹ ਸਮੇਂ ਆਪਸੀ ਪਿਆਰ ਲਈ ਕਾਫ਼ੀ ਮਸ਼ਹੂਰ ਸਨ ਮਜ਼ਾਲ ਹੈ ਕਿਸੇ ਪਿੱਛੇ ਲੱਗ ਕੇ ਆਪਣਾ ਘਰ ਪੱਟਣਾ, ਜੋ ਕਿ ਅਜੋਕੇ ਦੌਰ ਵਿੱਚ ਆਮ ਹੀ ਰਿਵਾਜ਼ ਹੋ ਗਿਆ ਹੈ।
ਰੋਟੀਆਂ ਪਕਾ ਕੇ ਪੁਰਾਣੀਆਂ ਸਵਾਣੀਆਂ ਨੇ ਸਾਰੇ ਪਰਿਵਾਰ ਨੂੰ ਇਕੱਠਿਆਂ ਬਿਠਾ ਕੇ ਰੋਟੀ ਖਵਾਉਣੀ। ਹਾਲ਼ੀਆਂ-ਪਾਲ਼ੀਆਂ ਦੀ ਰੋਟੀ ਖੇਤ ਭੇਜ ਦੇਣੀ, ਹਰ ਘਰ ਵਿੱਚ ਲਵੇਰਾ ਹੁੰਦਾ ਸੀ। ਦੁੱਧ ਘਿਉ, ਮੱਖਣ ਤੇ ਲੱਸੀ ਆਮ ਹੁੰਦੇ ਸਨ। ਮੱਖਣ ਤੋਂ ਬਿਨਾ ਰੋਟੀਆਂ ਖਾਣ ਨੂੰ ਮਿਹਣਾ ਸਮਝਿਆ ਜਾਂਦਾ ਰਿਹਾ ਹੈ। ਸਿਹਤਾਂ ਚੰਗੀਆਂ ਦਾ ਰਾਜ਼ ਵੀ ਉਪਰੋਕਤ ਖ਼ੁਰਾਕਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਅੱਜ 21ਵੀਂ ਸਦੀ ਦੀ ਤਰੱਕੀ ਤੇ ਬੇ-ਮਤਲਬੀ ਭੱਜ-ਦੌੜ ਨੇ ਉਹ ਸਮੇਂ ਤੇ ਉਹ ਪਿਆਰ ਅਜੋਕੇ ਮਨੁੱਖ ਤੋਂ ਮਨਫ਼ੀ ਕਰ ਦਿੱਤਾ ਹੈ।
ਜਸਵੀਰ ਸ਼ਰਮਾ ਦੱਦਾਹੂਰ