‘ਉਸ ਨੂੰ ਤਾਂ ਮਾਲਕ ਸੱਚਖੰਡ ਲੈ ਗਏ…’ ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਦਇਆ-ਮਿਹਰ
ਪ੍ਰੇਮੀ ਭਰਪੂਰ ਸਿੰਘ ਇੰਸਾਂ ਸਪੁੱਤਰ ਸ੍ਰੀ ਗੁਰਬਚਨ ਸਿੰਘ ਪਿੰਡ ਜੰਡਵਾਲਾ ਸਿਖਾਨ ਬਲਾਕ ਸੰਗਰੀਆ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜ.) ਪ੍ਰੇਮੀ ਅੱਖੀਂ ਦੇਖੇ ਅਦਭੁੱਤ ਕਰਿਸ਼ਮੇ ਦਾ ਵਰਣਨ ਕਰਦੇ ਹਨ
ਸੰਨ 1990 ਦੀ ਗੱਲ ਹੈ, ਉਸ ਸਮੇਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਗੁਰਗੱਦੀ ’ਤੇ ਅਜੇ ਬਿਰਾਜਮਾਨ ਨਹੀਂ ਹੋਏ ਸਨ ਉਸ ਸਮੇਂ ਤੱਕ ਹਜ਼ੂਰ ਪਿਤਾ ਜੀ ਆਪਣੀਆਂ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਜਾਇਆ ਕਰਦੇ ਸਨ ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਾਡੇ ਘਰ ਹਜ਼ੂਰ ਪਿਤਾ ਜੀ ਦੇ ਸਹੁਰੇ ਹਨ ਛੋਟੇ ਮਾਤਾ ਜੀ ਦਾ ਜਨਮ ਸਥਾਨ ਹੈ ਛੋਟੇ ਮਾਤਾ ਜੀ (ਪੂਜਨੀਕ ਹਜ਼ੂਰ ਪਿਤਾ ਜੀ ਦੀ ਧਰਮ ਸੁਪਤਨੀ) ਮੇਰੇ ਭੂਆ ਜੀ ਲਗਦੇ ਹਨ
ਗੁਰਗੱਦੀ ਦੀ ਰਸਮ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਪੂਜਨੀਕ ਹਜ਼ੂਰ ਪਿਤਾ ਜੀ ਸਾਡੇ ਘਰ ਪਧਾਰੇ ਮੇਰੇ ਮਾਮਾ ਜੀ ਮੱਲ ਸਿੰਘ ਪਿੰਡ ਮੈਹਤਾ ਵਾਲੇ ਵੀ ਆਏ ਹੋਏ ਸਨ ਮੇਰੇ ਮਾਮਾ ਜੀ ਦਾ ਹਜ਼ੂਰ ਪਿਤਾ ਜੀ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਉਹ ਹਜ਼ੂਰ ਪਿਤਾ ਜੀ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਉਹ ਹਜ਼ੂਰ ਪਿਤਾ ਜੀ ਨੂੰ ਆਪਣੀਆਂ ਪਲਕਾਂ ’ਤੇ ਬਿਠਾ ਲੈਂਦੇ ਅਤੇ ਉਹਨਾਂ ਦਾ ਬਹੁਤ ਸਨਮਾਨ ਕਰਦੇ ਉਹ ਹਜ਼ੂਰ ਪਿਤਾ ਜੀ ਨੂੰ ਕਹਿਣ ਲੱਗੇ ਕਿ ਤੁਹਾਡਾ ਪਿੰਡ ਦੇਖਣ ਨੂੰ ਬਹੁਤ ਦਿਲ ਕਰਦਾ ਹੈ ਪੂਜਨੀਕ ਹਜ਼ੂਰ ਪਿਤਾ ਜੀ ਕਹਿਣ ਲੱਗੇ ਕਿ ਆਓ, ਲੈ ਚੱਲਦੇ ਹਾਂ ਉਹ ਕਹਿਣ ਲੱਗੇ ਕਿ ਫਿਰ ਆਊਂਗਾ, ਤਿੰਨ-ਚਾਰ ਦਿਨ ਲੰਘਾ ਕੇ ਆਊਂਗਾ ਉਸ ਤੋਂ ਬਾਅਦ ਮੇਰੇ ਮਾਮਾ ਮੱਲ ਸਿੰਘ ਜੀ ਆਪ ਪਿੰਡ ਮੈਹਤਾ ਜਾ ਕੇ ਬਿਮਾਰ ਹੋ ਗਏ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ
ਬਾਅਦ ਵਿੱਚ ਡਾਕਟਰਾਂ ਨੇ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਅਤੇ ਕਿਹਾ ਕਿ ਹੁਣ ਇਹ ਜਿੰਨੇ ਦਿਨ ਹਨ, ਘਰੇ ਹੀ ਸੇਵਾ ਕਰ ਲਓ ਉਧਰ ਹਜ਼ੂਰ ਪਿਤਾ ਜੀ ਆਪਣੇ ਸਹੁਰੇ ਘਰ ’ਚ ਦੋ-ਤਿੰਨ ਦਿਨ ਲਾ ਕੇ ਆਪਣੇ ਘਰ ਸ੍ਰੀ ਗੁਰੂਸਰ ਮੋਡੀਆ ਆ ਗਏ ਸਨ ਤਿੰਨ-ਚਾਰ ਦਿਨ ਬਾਅਦ ਫਿਰ ਤੋਂ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਸਹੁਰੇ ਜਾਣ ਲਈ ਤਿਆਰ ਹੋ ਗਏ ਅਤੇ ਨਾਲ ਬੱਚੇ ਵੀ ਤਿਆਰ ਕਰ ਲਏ ਵੱਡੇ ਮਾਤਾ ਜੀ (ਆਦਰਯੋਗ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਆਦਰਯੋਗ ਮਾਤਾ ਜੀੇ) ਕਹਿਣ ਲੱਗੇ ਕਿ ਹੁਣ ਤਾਂ ਜਾ ਕੇ ਆਏ ਹੋ ਤਾਂ ਹਜ਼ੂਰ ਪਿਤਾ ਜੀ ਬੋਲੇ ਕਿ ਕੋਈ ਜ਼ਰੂਰੀ ਕੰਮ ਹੈ ਹਜ਼ੂਰ ਪਿਤਾ ਜੀ, ਛੋਟੇ ਮਾਤਾ ਜੀ ਤੇ ਬੱਚਿਆਂ ਨਾਲ ਜੀਪ ਵਿੱਚ ਸ਼ਾਮ ਨੂੰ ਸਾਡੇ ਪਿੰਡ ਜੰਡ ਵਾਲਾ ਸਿਖਾਨ ਪਹੁੰਚ ਗਏ ਚਾਹ-ਪਾਣੀ ਲੈਣ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਮੈਨੂੰ ਨਾਲ ਲੈ ਕੇ ਜੀਪ ’ਤੇ ਖੇਤ ਵੱਲ ਘੁੰਮਣ ਨਿਕਲ ਗਏ ਜਦੋਂ ਅਸੀਂ ਵਾਪਸ ਆਏ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਸਾਡੇ ਪਰਿਵਾਰ ਨੂੰ ਕਹਿਣ ਲੱਗੇ ਕਿ ਛੇਤੀ ਖਾਣਾ ਖਾ ਲਓ, ਉਸ ਤੋਂ ਬਾਅਦ ਸਾਰੇ ਬੈਠ ਕੇ ਗੱਲਾਂ ਕਰਾਂਗੇ ਤਾਂ ਮੇਰੇ ਮੰਮੀ ਜੀ ਪਿਤਾ ਜੀ ਨੂੰ ਬੋਲੇ ਕਿ ਫਿਰ ਕੋਈ ਕੰਮ ਹੋ ਜਾਂਦਾ ਹੈ,
ਇਸ ਲਈ ਪਹਿਲਾਂ ਖਾਣਾ ਖਾ ਲਓ ਅਸੀਂ ਅਜੇ ਖਾਣਾ ਖਾ ਰਹੇ ਸੀ ਕਿ ਮੈਹਤਾ ਪਿੰਡ ਤੋਂ ਇੱਕ ਆਦਮੀ ਨੇ ਆ ਕੇ ਦੱਸਿਆ ਕਿ ਮੱਲ ਸਿੰਘ ਜੀ (ਮੇਰੇ ਮਾਮਾ ਜੀ) ਬਹੁਤ ਤਕਲੀਫ਼ ਵਿੱਚ ਹਨ ਪੂਜਨੀਕ ਹਜ਼ੂਰ ਪਿਤਾ ਜੀ ਸੁਣਦੇ ਹੀ ਜਾਣ ਲਈ ਤਿਆਰ ਹੋ ਗਏ ਉਹ ਮੇਰੇ ਮੰਮੀ, ਪਾਪਾ, ਛੋਟੇ ਮਾਤਾ ਜੀ ਤੇ ਮੈਨੂੰ ਬਿਠਾ ਕੇ ਚੱਲ ਪਏ ਪਿੰਡ ਮੈਹਤਾ ਜ਼ਿਲ੍ਹਾ ਬਠਿੰਡਾ ਵਿੱਚ ਘਰ ਜਾ ਕੇ ਪਤਾ ਲੱਗਿਆ ਕਿ ਕੁਝ ਦੇਰ ਪਹਿਲਾਂ ਮੱਲ ਸਿੰਘ ਬੁਰੀ ਤਰ੍ਹਾਂ ਤੜਫ ਰਹੇ ਸਨ, ਪਰ ਹੁਣ ਜਦੋਂ ਆਪ 3-4 ਕਿਲੋਮੀਟਰ ਪਿੱਛੇ ਹੋਵੋਂਗੇ ਤਾਂ ਉਦੋਂ ਤੋਂ ਇਹਨਾਂ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋਈ ਅਤੇ ਹੁਣ ਆਪ ਜੀ ਦੇ ਆਉਣ ਨਾਲ ਬਿਲਕੁਲ ਸ਼ਾਂਤ ਹੋ ਗਏ ਹਨ ਹੁਣ ਪਾਣੀ ਪੀ ਰਹੇ ਹਨ, ਜਦੋਂ ਕਿ ਪਹਿਲਾਂ ਕੁਝ ਵੀ ਅੰਦਰ ਨਹੀਂ ਜਾਂਦਾ ਸੀ ਰਾਤ ਨੂੰ ਮੇਰੇ ਪਾਪਾ ਜੀ ਮੈਨੂੰ ਤੇ ਹਜ਼ੂਰ ਪਿਤਾ ਜੀ ਨੂੰ ਸੌਣ ਲਈ ਮੇਰੇ ਛੋਟੇ ਮਾਮਾ ਜੀ ਦੇ ਘਰ ਛੱਡ ਆਏ
ਉਸੇ ਰਾਤ ਜਦੋਂ ਮੇਰੇ ਮਾਮਾ ਜੀ ਦਾ ਅੰਤ ਸਮਾਂ ਆਇਆ ਤਾਂ ਹਜ਼ੂਰ ਪਿਤਾ ਜੀ ਸਾਨੂੰ ਉੱਥੇ ਸੁੱਤਿਆਂ ਨੂੰ ਛੱਡ ਕੇ ਮੇਰੇ ਮਾਮਾ ਜੀ ਕੋਲ ਆ ਕੇ ਉਹਨਾਂ ਦੇ ਸਾਹਮਣੇ ਕੁਰਸੀ ’ਤੇ ਬੈਠ ਗਏ ਇਸ ਤਰ੍ਹਾਂ ਮੇਰੇ ਮਾਮਾ ਜੀ ਨੇ ਹਜ਼ੂਰ ਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਪਣਾ ਚੋਲ਼ਾ ਛੱਡਿਆ ਬਾਅਦ ਵਿੱਚ ਪਤਾ ਲੱਗਿਆ ਕਿ ਹਜ਼ੂਰ ਪਿਤਾ ਜੀ ਮੇਰੇ ਮਾਮਾ ਜੀ ਦਾ ਉੱਧਾਰ ਕਰਨ ਲਈ ਹੀ ਸ੍ਰੀ ਗੁਰੂਸਰ ਮੋਡੀਆ ਤੋਂ ਉੱਥੇ ਗਏ ਸਨ ਉੱਥੋਂ ਵਾਪਸ ਆਉਂਦੇ ਸਮੇਂ ਹਜ਼ੂਰ ਪਿਤਾ ਜੀ ਨੇ ਛੋਟੇ ਮਾਤਾ ਜੀ (ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ) ਨੂੰ ਬੋਲਿਆ ਕਿ ਭੈਣ (ਮੇਰੀ ਮਾਤਾ ਬਲਜਿੰਦਰ ਕੌਰ) ਨੂੰ ਕਹਿ ਦੇਣਾ ਕਿ ਕੋਈ ਫਿਕਰ ਨਾ ਕਰੇ ਉਸ ਨੂੰ ਤਾਂ ਮਾਲਕ ਸੱਚਖੰਡ ਲੈ ਗਏ ਮੈਂ ਆਪਣੀ ਮੰਮੀ ਬਲਜਿੰਦਰ ਕੌਰ ਨੂੰ ਕਿਹਾ ਕਿ ਮੇਰੇ ਮਾਮਾ ਜੀ ਨੇ ਨਾਮ ਨਹੀਂ ਲਿਆ ਸੀ ਅਤੇ ਕਦੇ-ਕਦਾਈਂ ਸ਼ਰਾਬ ਵੀ ਪੀ ਲੈਂਦਾ ਸੀ,
ਫਿਰ ਇਸ ਤਰ੍ਹਾਂ ਕਿਵੇਂ ਸੱਚਖੰਡ ਗਿਆ ਤਾਂ ਮੇਰੀ ਮੰਮੀ ਬੋਲੀ ਕਿ ਬੇਟਾ, ਸੁਣਦੇ ਹਾਂ ਕਿ ਜੋ ਸੱਚੇ ਸੌਦੇ ਜਾਂਦੇ ਹਨ, ਉਹਨਾਂ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਤੁਹਾਡੇ ਫੁੱਫੜ ਜੀ (ਪਰਮ ਪੂਜਨੀਕ ਹਜ਼ੂਰ ਪਿਤਾ ਜੀ) ਸੱਚੇ ਸੌਦੇ ਜਾਂਦੇ ਹਨ ਅਤੇ ਬਹੁਤ ਸੇਵਾ ਵੀ ਕਰਦੇ ਹਨ ਅਤੇ ਹੋ ਸਕਦਾ ਹੈ ਇਹਨਾਂ ਦਾ ਦਸਵਾਂ ਦੁਆਰ ਖੁੱਲਿ੍ਹਆ ਹੋਵੇ ਉਹਨਾਂ ਦਿਨਾਂ ਵਿੱਚ ਹੀ ਹਜ਼ੂਰ ਪਿਤਾ ਜੀ ਡੇਰਾ ਸੱਚਾ ਸੌਦਾ ਵਿੱਚ ਗੁਰਗੱਦੀ ’ਤੇ ਬਿਰਾਜ਼ਮਾਨ ਹੋ ਗਏ ਅਤੇ ਸਾਨੂੰ ਵੀ ਸੰਤਮਤ ਦਾ ਕੁਝ ਗਿਆਨ ਹੋ ਗਿਆ
ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਇਹ (ਪਰਮ ਪੂਜਨੀਕ ਹਜ਼ੂਰ ਪਿਤਾ ਜੀ) ਤਾਂ ਦਸਵਾਂ ਦੁਆਰ ਖੋਲ੍ਹਣ ਵਾਲੇ ਹਨ ਪੂਰਨ ਸਤਿਗੁਰੂ ਹਨ, ਜੋ ਚਾਹੁਣ ਕਰ ਸਕਦੇ ਹਨ ਜੇਕਰ ਚਾਹੁਣ ਤਾਂ ਬਿਨਾਂ ਨਾਮ ਵਾਲੇ ਜੀਵ ਦਾ ਵੀ ਉੱਧਾਰ ਕਰ ਸਕਦੇ ਹਨ ਜਿਵੇਂ ਕਿ ਉਪਰੋਕਤ ਕਰਿਸ਼ਮੇ ਵਿੱਚ ਸਪੱਸ਼ਟ ਹੈ