dera-sacha-sauda-mouj-mastpura-dham-shri-jalalana-sahib

ਇੱਥੇ ਆ ਕੇ ਮਸਤ ਹੋ ਉੱਠੀ ਸੀ ਮੌਜ | ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ ਸ਼੍ਰੀ ਜਲਾਲਾਣਾ ਸਾਹਿਬ ਪੂਜਨੀਕ ਪਰਮ ਪਿਤਾ ਜੀ ਨੇ ਪਹਿਲਾ ਟੱਕ ਲਾ ਕੇ ਰਵਾਇਤੀ ਢੰਗ ਨਾਲ ਸੇਵਾ ਦਾ ਕੰਮ ਸ਼ੁਰੂ ਕਰਵਾਇਆ ਇਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਦੇ ਘਰ ਤੋਂ ਗੁੜ ਦੇ ਥਾਲ ਭਰ ਕੇ ਲਿਆਂਦੇ ਗਏ ਅਤੇ ਸੰਗਤ ’ਚ ਵੰਡਿਆ ਗਿਆ ਦੱਸਦੇ ਹਨ ਕਿ ਉਸ ਦਿਨ ਪਿੰਡ ’ਚ ਜਿੰਨੀਆਂ ਵੀ ਇੱਟਾਂ ਦੀਆਂ ਭੱਠੀਆਂ ਚੱਲ ਰਹੀਆਂ ਸਨ, ਸਾਰਿਆਂ ਨੇ ਸਭ ਦੀਆਂ ਸਭ ਡੇਰੇ ਲਈ ਦੇ ਦਿੱਤੀਆਂ

ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਜੜਿਤ ਸ੍ਰੀ ਜਲਾਲਆਣਾ ਸਾਹਿਬ ਪਿੰਡ ਦਾ ਰੁਤਬਾ ਬੜਾ ਮਹਾਨ ਹੈ ਇੱਥੋਂ ਦੀ ਪਾਵਨ ਧਰਾ ਨੇ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਜਨਮ ਭੂਮੀ ਹੋਣ ਦਾ ਮਾਨ ਹਾਸਲ ਕੀਤਾ ਹੈ, ਜੋ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਲਈ ਨਮਨਯੋਗ, ਪੂਜਨੀਕ ਹੈ ਹਾਲਾਂਕਿ ਇਸ ਪਿੰਡ ਦਾ ਨਾਮਕਰਨ ਲਗਭਗ ਸਵਾ ਦੋ ਸੌ ਸਾਲ ਪਹਿਲਾਂ ਹੋ ਗਿਆ ਸੀ, ਪਰ ਇਸ ਦੀ ਸਾਰਥਿਕਤਾ ਸਾਲ 1960 ’ਚ ਉਦੋਂ ਸਿੱਧ ਹੋਈ ਜਦੋਂ ਪੂਜਨੀਕ ਪਰਮ ਪਿਤਾ ਜੀ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਇਸ ਪਿੰਡ ਦਾ ਵਿਰਾਸਤੀ ਨਾਂਅ ਜਲਾਲਆਣਾ ਹੈ,

ਜੋ ਖੁਦ ’ਚ ਇੱਕ ਵੱਡਾ ਰਹੱਸ ਛੁਪਾਏ ਹੋਏ ਹੈ ਜਲਾਲਆਣਾ ਭਾਵ ‘ਜਲਾਲ ਦਾ ਆਣਾ’ ਜਲਾਲ ਭਾਵ ਪ੍ਰਕਾਸ਼ ਜਾਂ ਤੇਜ਼ ਦਾ ਉਹ ਪੁੰਜ ਜਿਸ ਦਾ ਪ੍ਰਤਾਪ ਪੂਰੀ ਦੁਨੀਆ ’ਚ ਫੈਲਿਆ ਹੋਇਆ ਹੈ, ਜਿਸ ਦੀ ਹਰ ਪਾਸੇ ਮਹਿਮਾ ਹੋ ਰਹੀ ਹੈ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਾਲ 1957 ਵਿੱਚ ਕਈ ਵਾਰ ਅਜਿਹੇ ਅਲੌਕਿਕ ਸੰਦੇਸ਼ ਦੇਣ ਦਾ ਯਤਨ ਕੀਤਾ ਕਿ ਭਵਿੱਖ ’ਚ ਇਹ ਪਿੰਡ ਤੀਰਥ ਸਥਾਨ ਬਣ ਜਾਏਗਾ ਇੱਥੇ (ਸ੍ਰੀ ਜਲਾਲਆਣਾ ਸਾਹਿਬ) ਆ ਕੇ ਮੌਜ ਮਸਤ ਹੋ ਉੱਠੀ, ਭਾਵ ਖੁਦ ਖੁਦਾ ਇੱਥੇ ਆ ਕੇ ਬਿਰਾਜਮਾਨ ਹੋਏ ਹਨ ਬੇਪਰਵਾਹ ਪੂਜਨੀਕ ਸਾਈਂ ਜੀ ਨੇ 18 ਦਿਨ ਦੇ ਆਪਣੇ ਪ੍ਰਵਾਸ ਦੌਰਾਨ ਇੱਕ ਦਿਨ ਡੰਗੋਰੀ ਨਾਲ ਰਸਤੇ ’ਚ ਇੱਕ ਪੈੜ(ਪੈਰ ਦੇ ਨਿਸ਼ਾਨ) ’ਤੇ ਗੋਲ ਦਾਇਰਾ ਖਿੱਚਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਯੇਹ ਰੱਬ ਕੀ ਪੈੜ ਹੈ’ ਦੇਖਣ ਵਾਲੇ ਬੇਸ਼ੱਕ ਇਸ ਗੱਲ ਨੂੰ ਸਮਝ ਨਹੀਂ ਪਾਏ, ਪਰ ਕਰੀਬ 3 ਸਾਲ ਬਾਅਦ

ਉਸੇ ਪੈੜ ਦੇ ਧਨੀ ਸਰਦਾਰ ਹਰਬੰਸ ਸਿੰਘ ਜੀ ਦੁਨੀਆਂ ਦੇ ਸਾਹਮਣੇ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਪ੍ਰਗਟ ਹੋਏ ਸ੍ਰੀ ਜਲਾਲਆਣਾ ਸਾਹਿਬ ਪਿੰਡ ਦੀ ਆਬੋਹਵਾ ਉਦੋਂ ਖੁਸ਼ੀਆਂ ਨਾਲ ਮਹਿਕ ਉੱਠੀ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਸਿੱਧੂ ਵੰਸ਼ ਦੇ ਜੈਲਦਾਰ ਪਰਿਵਾਰ ’ਚ ਅਵਤਾਰ ਧਾਰਨ ਕੀਤਾ ਬਚਪਨ ਦੀਆਂ ਅਠਖੇਲੀਆਂ ਦੀਆਂ ਬਹੁਤ ਸਾਰੀਆਂ ਯਾਦਾਂ ਅੱਜ ਵੀ ਪਿੰਡ ਦੇ ਲੋਕਾਂ ਦੇ ਦਿਲੋ-ਦਿਮਾਗ ’ਚ ਸਮਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਯਾਦ ਕਰਕੇ ਉਹ ਖੁਸ਼ੀ ਨਾਲ ਉੱਛਲ ਪੈਂਦੇ ਹਨ ਪੂਜਨੀਕ ਪਰਮ ਪਿਤਾ ਜੀ ਦੀ ਜਵਾਨੀ ਦਾ ਜੋਸ਼ ਵੀ ਪਿੰਡ ਵਾਸੀਆਂ ਨੇ ਖੂਬ ਦੇਖਿਆ ਹੈ ਉਨ੍ਹਾਂ ਦੇ ਪੁਰਸ਼ਾਰਥ ਦੇ ਚਰਚੇ ਅੱਜ ਵੀ ਸੱਥਾਂ ’ਚ ਬਜ਼ੁਰਗਾਂ ਦੀ ਜ਼ੁਬਾਨ ’ਤੇ ਰਹਿੰਦੇ ਹਨ ਪੂਜਨੀਕ ਪਰਮ ਪਿਤਾ ਜੀ ਹਮੇਸ਼ਾ ਨਵੀਂ ਉਮੰਗ ਦੇ ਨਾਲ ਅੱਗੇ ਵਧਦੇ ਅਤੇ ਲੋਕਾਂ ਨੂੰ ਵੀ ਹਮੇੇਸ਼ਾ ਇਹ ਪੇ੍ਰਰਿਤ ਕਰਦੇ ਕਿ ਜੀਵਨ ਅੱਗੇ ਵਧਣ ਦਾ ਨਾਂਅ ਹੈ ਉਨ੍ਹਾਂ ਦੇ ਰੂਟੀਨ ਦੇ ਜੀਵਨ ਦੀ ਡਾਇਰੀ ’ਚ ਕਿਤੇ ਵੀ ਥਕਾਵਟ ਜਾਂ ਆਲਸ ਵਰਗੇ ਸ਼ਬਦਾਂ ਦੀ ਕੋਈ ਥਾਂ ਨਹੀਂ ਸੀ ਪਿੰਡ ਦੇ ਬਜ਼ੁਰਗ ਦੱਸਦੇ ਹਨ

ਕਿ ਪੂਜਨੀਕ ਪਰਮ ਪਿਤਾ ਜੀ ਕੱਦ-ਕਾਠੀ ’ਚ ਏਨੇ ਮਜ਼ਬੂਤ ਸਨ ਕਿ ਉਹ ਇਕੱਲੇ ਹੀ 5-5 ਜਣਿਆਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਅਤੇ ਕਦੇ ਥਕਾਵਟ ਵੀ ਮਹਿਸੂਸ ਨਾ ਕਰਦੇ ਜਦੋਂ ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ ਬਣਾਉਣ ਦਾ ਸੇਵਾ-ਕਾਰਜ ਚੱਲ ਰਿਹਾ ਸੀ, ਉਨ੍ਹਾਂ ਦਿਨਾਂ ’ਚ ਤਾਂ ਪੂਜਨੀਕ ਪਰਮ ਪਿਤਾ ਜੀ ’ਤੇ ਇੱਕ ਅਜ਼ਬ ਜਿਹੀ ਖੁਮਾਰੀ ਚੜ੍ਹੀ ਹੋਈ ਸੀ ਸੇਵਾ ’ਚ ਦਿਨ-ਰਾਤ ਲੱਗੇ ਰਹਿੰਦੇ ਸਵੇਰੇ ਉੱਠਣਾ, ਸੇਵਾਦਾਰਾਂ ਨੂੰ ਘਰਾਂ ’ਚੋਂ ਬੁਲਾ ਕੇ ਲਿਆਉਣਾ, ਸਾਰਾ ਦਿਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਨਾ ਡੇਰੇ ਦੇ ਨਿਰਮਾਣ ਦੌਰਾਨ ਇੱਟਾਂ ਕੱਢਣ ਦੀ ਸੇਵਾ ਕਾਫ਼ੀ ਸਮੇਂ ਤੱਕ ਚੱਲਦੀ ਰਹੀ, ਇਸ ਦੌਰਾਨ ਪਰਮ ਪਿਤਾ ਜੀ ਖੁਦ ਗਾਰਾ ਬਣਾਉਂਦੇ ਅਤੇ ਬਾਅਦ ’ਚ ਉਸ ਗਾਰੇ ਨਾਲ ਇੱਟਾਂ ਬਣਾਉਣ ਲਈ ਗੋਲੇ ਤਿਆਰ ਕਰਦੇ ਦੱਸਦੇ ਹਨ

ਕਿ ਗੱਜਣ ਸਿੰਘ ਮੁੰਨੀ ਗਾਰੇ ਦਾ ਇੱਕ ਗੋਲਾ ਕੱਟਦਾ ਤਾਂ ਓਨੇ ਸਮੇਂ ’ਚ ਹੀ ਪਰਮ ਪਿਤਾ ਜੀ 5 ਗੋਲੇ ਤਿਆਰ ਕਰ ਦਿੰਦੇ ਅਤੇ ਉਹ ਵੀ ਪੂਰੇ ਨਾਪ-ਤੋਲ ਕੇ ਜਾਣਕਾਰ ਦੱਸਦੇ ਹਨ ਕਿ ਇੱਟਾਂ ਕੱਢਣ ਵਾਲੇ ਸਾਂਚੇ ’ਚ ਜੋ ਗੋਲਾ ਪਾਇਆ ਜਾਂਦਾ ਹੈ, ਆਮ ਤੌਰ ’ਤੇ ਉਸ ’ਚ ਗਾਰਾ ਘੱਟ ਜਾਂ ਜ਼ਿਆਦਾ ਹੋਣਾ ਸੁਭਾਵਿਕ ਹੈ ਪਰ ਪਰਮ ਪਿਤਾ ਜੀ ਗਾਰੇ ਦਾ ਜੋ ਗੋਲਾ ਤਿਆਰ ਕਰਦੇ ਉਹ ਪੂਰਾ ਫਿੱੱਟ ਬੈਠਦਾ ਸੀ ਇੱਟਾਂ ਬਣਾਉਣ ਵਾਲੇ ਕਾਰੀਗਰ ਨੂੰ ਉਸ ’ਚ ਕੁਝ ਵੀ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੀ ਪੂਜਨੀਕ ਪਰਮ ਪਿਤਾ ਜੀ ਏਨੀ ਫੁਰਤੀ ਨਾਲ ਕੰਮ ਕਰਦੇ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ

Table of Contents

ਡੇਰਾ ਬਣਾਉਣ ਲਈ ਅਰਜ਼ ਹੋਈ ਸਵੀਕਾਰ

ਅਗਸਤ 1956 ਦੀ ਗੱਲ ਹੈ, ਸਾਈਂ ਜੀ ਦੇ ਰੂਹਾਨੀ ਪ੍ਰੇਮ ਦੀ ਖੁਮਾਰੀ ਪਿੰਡ ’ਤੇ ਪੂਰੀ ਤਰ੍ਹਾਂ ਚੜ੍ਹ ਚੁੱਕੀ ਸੀ ਉਨ੍ਹਾਂ ਦਿਨਾਂ ’ਚ ਪਿੰਡ ਦੇ ਬਾਬਾ ਚੰਦ ਸਿੰਘ, ਚੌਧਰੀ ਹਾਕਮ ਸਿੰਘ, ਨੰਦ ਸਿੰਘ, ਬਾਬਾ ਮੱਖਣ ਸਿੰਘ, ਸਰਦਾਰ ਨੰਦ ਸਿੰਘ, ਸ. ਗੱਜਣ ਸਿੰਘ ਮੁਨੀ, ਸ. ਜਗਨ ਸਿੰਘ, ਮੋਦੀ ਭਾਵੜਾ ਤੇ ਸ. ਗੱਜਣ ਸਿੰਘ ਨੇ ਪਰਮ ਪੂਜਨੀਕ ਪਰਮ ਪਿਤਾ ਜੀ ਨਾਲ ਚੋਰਮਾਰ ਦਰਬਾਰ ’ਚ ਜਾ ਕੇ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਅਰਜ਼ ਕੀਤੀ ਕਿ ਸਾਈਂ ਜੀ, ਸਾਡੇ ਪਿੰਡ ’ਚ ਵੀ ਡੇਰਾ ਬਣਾਓ ਜੀ ਇਹ ਸੁਣ ਕੇ ਸਾਈਂ ਜੀ ਬਹੁਤ ਖੁਸ਼ ਹੋਏ, ਫਰਮਾਇਆ-‘ਆਪਕੋ ਡੇਰਾ ਮਨਜ਼ੂਰ ਹੈ ਜ਼ਮੀਨ ਬਤਾਓ, ਕਹਾਂ ਪਰ ਬਣਾਓਗੇ?’ ਹਾਲਾਂਕਿ ਇਸ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਜੀ ਇਸ ਵਿਸ਼ੇ ’ਤੇ ਕਾਫ਼ੀ ਮੰਥਨ ਕਰ ਚੁੱਕੇ ਸਨ ਕਿ ਡੇਰਾ ਕਿੱਥੇ ਬਣਾਇਆ ਜਾਵੇ, ਇਸ ਲਈ ਆਪਣੇ ਨਾਲ ਕੁਝ ਨਕਸ਼ੇ ਵੀ ਬਣਾ ਕੇ ਲੈ ਗਏ ਸਨ ਪਹਿਲਾਂ ਮਾਤਾ ਭਗਵਾਨ ਕੌਰ ਦੀ 5 ਏਕੜ ਜ਼ਮੀਨ ਦਾ ਨਕਸ਼ਾ ਦਿੱਤਾ ਗਿਆ,

ਉਹ ਜ਼ਮੀਨ ਪਿੰਡ ਤੋਂ ਕੁਝ ਦੂਰ ਪੂਰਬ-ਦੱਖਣ ਦਿਸ਼ਾ ’ਚ ਸੀ ਸਾਈਂ ਜੀ ਨੇ ਫਰਮਾਇਆ, ‘‘ਇਸਕੇ ਅਲਾਵਾ ਕੋਈ ਔਰ ਬਤਾਓ’’ ਇਸ ’ਤੇ ਬਾਬਾ ਚੰਦ ਸਿੰਘ ਨੇ ਜਗਮਾਲਵਾਲੀ ਵਾਲੇ ਰਸਤੇ ’ਤੇ ਪਿੰਡ ਦੇ ਬਿਲਕੁਲ ਨਜ਼ਦੀਕ ਆਪਣੀ 2 ਏਕੜ 16 ਮਰਲੇ ਜ਼ਮੀਨ ਬਾਰੇ ਦੱਸਿਆ ਇਹ ਉਹ ਜ਼ਮੀਨ ਸੀ ਜਿੱਥੇ ਹੁਣ ਦਰਬਾਰ (ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ) ਬਣਿਆ ਹੋਇਆ ਹੈ ਇਸ ਜ਼ਮੀਨ ਦੇ ਕੋਲੋਂ ਨਹਿਰ ਵੀ ਲੰਘਦੀ ਹੈ ਸਾਈਂ ਜੀ ਬੋਲੇ, ‘ਭਾਈ! ਯੇ ਜ਼ਮੀਨ ਠੀਕ ਹੈ’ ਪੂਜਨੀਕ ਪਰਮ ਪਿਤਾ ਜੀ ਉਸ ਜ਼ਮੀਨ ਦਾ ਨਕਸ਼ਾ ਵੀ ਬਣਾ ਕੇ ਨਾਲ ਲਿਆਏ ਸਨ ਇਹ ਦੇਖ ਕੇ ਸਾਈਂ ਜੀ ਬਹੁਤ ਖੁਸ਼ ਹੋਏ ਸਾਈਂ ਜੀ ਨੇ ਨਕਸ਼ੇ ’ਤੇ ਹੀ ਸਾਰਾ ਕੁਝ ਸਮਝਾ ਦਿੱਤਾ

ਕਿ ਇਸ ਜਗ੍ਹਾ ਡੇਰਾ ਬਣਾਉਣਾ ਹੈ, ਇੱਥੇ ਗੁਫ਼ਾ ਤਿਆਰ ਕਰਨੀ ਹੈ ਅਤੇ ਇੱਥੇ ਇੱਟਾਂ ਕੱਢਣੀਆਂ ਹਨ ਮੌਜ਼ੂਦਾ ਸਮੇਂ ’ਚ ਬਣੀ ਡਿੱਗੀ ਦੀ ਜਗ੍ਹਾ ਦੀ ਚੋਣ ਕਰਦੇ ਹੋਏ ਹੁਕਮ ਦਿੱਤਾ- ‘ਯਹਾਂ ਸੇ ਗਾਰਾ ਬਣਾਨਾ, ਜੋ ਗੱਢਾ ਬਣੇਗਾ, ਉਸਮੇਂ ਬਾਅਦ ਮੇਂ ਕੱਚੀ ਡਿੱਗੀ ਤਿਆਰ ਕਰ ਲੈਣਾ’ ਪਾਣੀ ਦੀ ਸੁਵਿਧਾ ਅਨੁਸਾਰ ਇਹ ਸਹੀ ਸੀ, ਕਿਉਂਕਿ ਕੋਲੋਂ ਹੀ ਨਹਿਰੀ ਖਾਲ ਲੰਘ ਰਿਹਾ ਸੀ ਨਾਲ ਹੀ ਇਹ ਵੀ ਬਚਨ ਫਰਮਾਏ ਕਿ- ‘ਭਈ! ਈਟੇਂ ਨਿਕਾਲਣੇ ਕੀ ਸੇਵਾ ਆਪ ਸਭੀ ਸੇਵਾਦਾਰੋਂ ਨੇ ਖੁਦ ਕਰਨੀ ਹੈ, ਯਦਿ ਕਿਸੀ ਦੂਸਰੇ ਸੇ ਅਰਥਾਤ ਪੈਸੇ ਦੇ ਕੇ ਇਹ ਕਰਵਾਓਗੇ ਤੋ ਉਹ ਤੁਮ੍ਹਾਰੀ ਸੇਵਾ ਕਾ ਫਲ ਲੈ ਜਾਏਗਾ’

ਜਦੋਂ ਸੰਗਤ ਦੇ ਅਥਾਹ ਪ੍ਰੇਮ ਦੇ ਵਸ਼ੀਭੂਤ ਹੋਏ ਪੂਜਨੀਕ ਸਾਈਂ ਜੀ

ਪੂਜਨੀਕ ਪਰਮ ਪਿਤਾ ਜੀ ਦੀ ਸ਼ਖਸੀਅਤ ਹਮੇਸ਼ਾ ਸਾਦਗੀ, ਸਦਾਚਾਰ ਅਤੇ ਸਦਭਾਵਨਾ ਵਰਗੇ ਗੁਣਾਂ ਨਾਲ ਪੂਰਨ ਰਹੀ ਹੈ ਪਿੰਡ ਦੇ ਹਰ ਸਾਂਝੇ ਕੰਮ ’ਚ ਪਿੰਡ ਵਾਲੇ ਆਪ ਜੀ ਦੀ ਸਹਿਮਤੀ ਲਿਆ ਕਰਦੇ ਸਨ ਪੂਜਨੀਕ ਸਾਈਂ ਜੀ ਦਾ ਪਿੰਡ ’ਚ ਸਤਿਸੰਗ ਕਰਵਾਉਣ ਲਈ ਬੰਤਾ ਸਿੰਘ ਜੀ ਮਹਿਰਾਜ ਕਾ, ਬਾਬਾ ਚੰਦ ਸਿੰਘ, ਸਰਦਾਰ ਨੰਦ ਸਿੰਘ, ਸਰਦਾਰ ਗੱਜਣ ਸਿੰਘ ਮੁਨੀ, ਸਰਦਾਰ ਗੱਜਣ ਸਿੰਘ, ਸਰਦਾਰ ਹਾਕਮ ਸਿੰਘ, ਸਰਦਾਰ ਮੱਖਣ ਸਿੰਘ, ਸ਼ੇਰ ਰਾਮ, ਊਧਮ ਸਿੰਘ, ਸਰਦਾਰ ਧੰਨਾ ਸਿੰਘ, ਸਰਦਾਰ ਨੰਦ ਸਿੰਘ ਆਦਿ ਪੂਜਨੀਕ ਪਰਮ ਪਿਤਾ ਜੀ ਤੋਂ ਸਲਾਹ ਲੈਣ ਪਹੁੰਚੇ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਦਾ ਖੂਬ ਹੌਸਲਾ ਵਧਾਇਆ ਅਤੇ ਸਤਿਸੰਗ ਲਈ ਸਾਈਂ ਜੀ ਦੇ ਪਾਵਨ ਚਰਨਾਂ ’ਚ ਅਰਜ਼ ਕਰਨ ਦੀ ਗੱਲ ਸਮਝਾਈ ਸਾਰੇ ਸਤਿਸੰਗੀ ਉਤਸ਼ਾਹ ਨਾਲ ਪੂਜਨੀਕ ਪਰਮ ਪਿਤਾ ਜੀ ਨੂੰ ਨਾਲ ਲੈ ਕੇ ਸਰਸਾ ਦਰਬਾਰ ਪਹੁੰਚੇ ਇੱਥੇ ਪਤਾ ਚੱਲਿਆ ਕਿ ਸਾਈ ਜੀ ਤਾਂ ਮਹਿਮਦਪੁਰ ਰੋਹੀ ’ਚ ਹਨ ਪ੍ਰੇਮ ਏਨਾ ਉਮੜਿਆ ਸੀ

ਕਿ ਇਹ ਸਤਿਸੰਗੀ ਭਾਈ ਉੱਥੇ ਜਾ ਪਹੁੰਚੇ ਪਰ ਜਿਵੇਂ ਹੀ ਪਿੰਡ ’ਚ ਦਾਖਲ ਹੋਏ ਤਾਂ ਪਤਾ ਚੱਲਿਆ ਕਿ ਸਾਈਂ ਜੀ ਨੇ ਮੌਨ ਧਾਰਨ ਕੀਤਾ ਹੋਇਆ ਹੈ ਮੌਨ ਦੌਰਾਨ ਸਾਈਂ ਜੀ ਇਕਾਂਤਵਾਸ ’ਚ ਹੀ ਰਹਿੰਦੇ ਸਨ ਪਿੰਡ ਵਾਲਿਆਂ ਨੇ ਸਲਾਹ ਦਿੱਤੀ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ ਇਹ ਸੁਣ ਕੇ ਸੰਗਤ ਨਿਰਾਸ਼ ਜਿਹੀ ਹੋ ਗਈ, ਪਰ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਨੇ ਹੌਸਲਾ ਦਿੰਦੇ ਹੋਏ ਕਿਹਾ- ਆਪਣੇ ਸਾਰੀ ਸੰਗਤ ਪਿੰਡ ’ਚੋਂ ਜ਼ੋਰ-ਜ਼ੋਰ ਨਾਲ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਬੋਲਦੇ ਚੱਲਾਂਗੇ ਪੂਰੇ ਪਿੰਡ ’ਚ ਨਾਅਰੇ ਗੂੰਜਣ ਲੱਗੇ ਜਦੋਂ ਸੰਗਤ ਮਹਿਮਦਪੁਰ ਰੋਹੀ ਦੇ ਦਰਬਾਰ ’ਚ ਪਹੁੰਚੀ ਤਾਂ ਪੂਜਨੀਕ ਸਾਈਂ ਜੀ ਪਹਿਲਾਂ ਹੀ ਗੁਫਾ ਤੋਂ ਬਾਹਰ ਆ ਕੇ ਖੜ੍ਹੇ ਹੋ ਗਏ ਸਨ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ’ਚ ਸਤਿਸੰਗ ਫਰਮਾਉਣ ਦੀ ਅਰਜ਼ ਕੀਤੀ ਤਾਂ ਸਾਈਂ ਜੀ ਨੇ ਤੁਰੰਤ ਮਨਜ਼ੂਰ ਕਰਕੇ 16 ਮਾਰਚ (ਸੰਨ 1955) ਦਾ ਦਿਨ ਤੈਅ ਕਰ ਦਿੱਤਾ

ਸੰਗਤ ਖੁਸ਼ੀ ’ਚ ਝੂਮਦੀ ਹੋਈ ਵਾਪਸ ਸ੍ਰੀ ਜਲਾਲਆਣਾ ਸਾਹਿਬ ਵਾਪਸ ਆਈ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਕੂਲ ’ਚ ਪਹਿਲਾ ਸਤਿਸੰਗ ਲਾਇਆ ਉਸ ਦਿਨ ਸਾਈਂ ਜੀ ਦਾ ਉਤਾਰਾ ਪੂਜਨੀਕ ਪਰਮ ਪਿਤਾ ਜੀ ਦੀ ਹਵੇਲੀ ਦੇ ਚੁਬਾਰੇ ’ਚ ਸੀ ਸਾਈਂ ਜੀ ਨੇ ਦਿਨ ਅਤੇ ਰਾਤ ਦੇ ਦੋ ਸਤਿਸੰਗ ਫਰਮਾਏ ਅਤੇ ਹਵੇਲੀ ’ਚ ਹੀ ਨਾਮ ਦੀ ਇਲਾਹੀ ਦਾਤ ਪ੍ਰਦਾਨ ਕੀਤੀ ਉਸ ਦਿਨ ਬੰਤਾ ਸਿੰਘ ਮਹਿਰਾਜ ਕਾ, ਸਰਦਾਰ ਸ਼ਾਮ ਸਿੰਘ ਤੇ ਸ੍ਰੀ ਚੰਗਾ ਰਾਮ ਜੀ ਪੁੱਤਰ ਸ. ਬਾਬਾ ਚੰਦ ਸਿੰਘ ਸਮੇਤ ਕਰੀਬ 45 ਜੀਵਾਂ ਨੇ ਨਾਮ ਦੀ ਦਾਤ ਪ੍ਰਾਪਤ ਕੀਤੀ ਸੀ ਉਨ੍ਹਾਂ ਦਿਨਾਂ ’ਚ ਸਾਈਂ ਜੀ ਨਾਮ-ਦਾਨ ਦੇਣ ਤੋਂ ਪਹਿਲਾਂ ਜ਼ਿੰਮੇਵਾਰੀ ਲਿਆ ਕਰਦੇ ਸਨ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਜੀ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਇਆ, ‘ਭਾਈ ਸਰਦਾਰ ਹਰਬੰਸ ਸਿੰਘ ਜੀ! ਆਪ ਇਨ ਸਭ ਜੀਵੋਂ ਕੇ ਜਾਮਣ ਹੈਂ’ ਪੂਜਨੀਕ ਪਰਮ ਪਿਤਾ ਜੀ ਨੇ ਅਰਜ਼ ਕੀਤੀ, ‘ਸਾਈਂ ਜੀ! ਆਪ ਜੀ ਨੇ ਇਨ੍ਹਾਂ ਨੂੰ ਨਾਮ ਦੇਣਾ ਹੈ ਅਤੇ ਆਪ ਜੀ ਨੇ ਖੁਦ ਹੀ ਇਨ੍ਹਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾਉਣਾ ਹੈ, ਫਿਰ ਅਸੀਂ ਜ਼ਿੰਮੇਵਾਰ ਕਿਵੇਂ ਹੋਏ ਜੀ?’ ਸਾਈਂ ਜੀ ਨੇ ਫਿਰ ਫਰਮਾਇਆ, ‘ਨਹੀਂ ਭਾਈ! ਆਪ ਹੀ ਇਨਕੇ ਜ਼ਿੰਮੇਵਾਰ ਹੈਂ ਯਹਾਂ ਕੇ ਭੀ ਔਰ ਅਗਲੇ ਜਹਾਨ ਕੇ ਜ਼ਿੰਮੇਵਾਰ ਭੀ ਆਪ ਹੀ ਹੈਂ’

ਜਦੋਂ ਸਾਈਂ ਜੀ ਦੇ ਸਵਾਗਤ ’ਚ ਨੰਗੇ ਪੈਰ ਭੱਜ ਪਏ ਪਿੰਡਵਾਸੀ

ਸੰਨ 1957 ਦੀ ਗੱਲ ਹੈ, ਦੱਸਦੇ ਹਨ ਕਿ ਮੌਜ ਮਸਤਪੁਰਾ ਧਾਮ ਕਰੀਬ-ਕਰੀਬ ਬਣ ਚੁੱਕਿਆ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਥੀ ਹਾਕਮ ਸਿੰਘ ਨੂੰ ਕਿਹਾ ਕਿ ਚਲੋ ਸਰਸਾ ਡੇਰਾ ’ਚ ਚੱਲਦੇ ਹਾਂ ਨਾਲ ਦੇ ਪਿੰਡ ’ਚ ਬਣੇ ਰੇਲਵੇ ਸਟੇਸ਼ਨ ’ਤੇ ਆਏ ਅਤੇ ਰੇਲ ’ਤੇ ਸਰਸਾ ਪਹੁੰਚ ਗਏ ਅਰਜ਼ ਕੀਤੀ ਗਈ ਕਿ ਸਾਈਂ ਜੀ ਡੇਰਾ ਬਣ ਕੇ ਕਰੀਬ ਤਿਆਰ ਹੈ ਆਪ ਜੀ ਪਾਵਨ ਚਰਨ ਟਿਕਾਓ ਜੀ ਸਾਈਂ ਜੀ ਨੇ ਅਰਜ਼ ਸਵੀਕਾਰ ਕਰਦੇ ਹੋਏ ਫਰਮਾਇਆ- ‘ਵਰੀ! ਆਜ ਹੀ ਚਲੇਂਗੇ’ ਇਸ ਤੋਂ ਬਾਅਦ ਪਰਮ ਪਿਤਾ ਜੀ ਨੇ ਹਾਕਮ ਸਿੰਘ ਨੂੰ ਸਾਇਡ ’ਚ ਲਿਜਾ ਕੇ ਦੱਸਿਆ ਕਿ ਅਸੀਂ ਸਾਈਂ ਜੀ ਦੇ ਨਾਲ ਜੀਪ ’ਤੇ ਆਵਾਂਗੇ ਅਤੇ ਤੁਸੀਂ ਪਿੰਡ ’ਚ ਜਾ ਕੇ ਤਿਆਰੀ ਕਰਵਾਓ ਅਤੇ ਵਾਪਸ ਕਿਵੇਂ ਜਾਣਾ ਹੈ ਇਹ ਵੀ ਸਮਝਾਇਆ ਨਾਲ ਹੀ ਪਿੰਡ ਦੇ ਕਈ ਲੋਕਾਂ ਦੇ ਨਾਂਅ ਵੀ ਗਿਣਵਾਏ ਕਿ ਇਨ੍ਹਾਂ ਨੂੰ ਵੀ ਦੱਸ ਦੇਣਾ ਹਾਕਮ ਸਿੰਘ ਦਰਬਾਰ ਤੋਂ ਸ਼ਹਿਰ ਹੁੰਦੇ ਹੋਏ ਕਿਸੇ ਤਰ੍ਹਾਂ ਔਢਾਂ ਤੱਕ ਆ ਗਿਆ

ਸ੍ਰੀ ਜਲਾਲਆਣਾ ਸਾਹਿਬ ਵੱਲ ਨੂੰ ਆਉਣ ਵਾਲਾ ਰਸਤਾ ਕੱਚਾ ਸੀ ਸੋ ਪੈਦਲ ਹੀ ਉੱਥੋਂ ਦੌੜਦੇ ਹੋਏ ਕਰੀਬ 12 ਵਜੇ ਪਿੰਡ ਆ ਪਹੁੰਚਿਆ ਜਿਵੇਂ ਹੀ ਪਿੰਡ ’ਚ ਆਇਆ ਤਾਂ ਉੱਧਰੋਂ ਪੂਜਨੀਕ ਪਰਮ ਪਿਤਾ ਜੀ ਵੱਲੋਂ ਦੱਸੇ ਹੋਏ ਪੂਜਨੀਕ ਮਾਤਾ ਆਸ ਕੌਰ ਜੀ, ਮਾਤਾ ਸਦਾ ਕੌਰ, ਮਾਤਾ ਧੰਨ ਕੌਰ, ਲਾਜਵੰਤੀ ਤੇ ਚੰਦ ਸਿੰਘ ਆਦਿ ਦੇ ਘਰਾਂ ’ਚ ਦੱਸਣਾ ਸ਼ੁਰੂ ਕਰ ਦਿੱਤਾ ਕਿ ਸਾਈਂ ਮਸਤਾਨਾ ਜੀ ਮਹਾਰਾਜ ਅੱਜ ਪਿੰਡ ’ਚ ਬਣੇ ਡੇਰੇ ਦਾ ਮਹੂਰਤ ਕਰਨ ਪਧਾਰ ਰਹੇ ਹਨ ਜਿਵੇਂ ਹੀ ਇਹ ਖਬਰ ਪਿੰਡ ’ਚ ਫੈਲੀ ਤਾਂ ਲੋਕਾਂ ਨੇ ਆਵ ਦੇਖਿਆ ਨਾ ਤਾਵ, ਉਸ ਸਾਇਡ ਵੱਲ, ਕਈ ਤਾਂ ਨੰਗੇ ਪੈਰ ਹੀ, ਭੱਜ ਪਏ ਜਿੱਧਰੋਂ ਸਾਈਂ ਜੀ ਨੇ ਆਉਣਾ ਸੀ ਜਿਵੇਂ ਹੀ ਸ਼ਾਮ ਦੇ 4 ਵੱਜੇ, ਮੰਨੋ ਪੂਰਾ ਪਿੰਡ ਹੀ ਦੱਖਣ ਦਿਸ਼ਾ ਤੋਂ ਪਿੰਡ ’ਚ ਦਾਖਲ ਕਰਦੇ ਮਾਰਗ ’ਤੇ ਆ ਖੜ੍ਹਾ ਹੋਇਆ ਪੂਜਨੀਕ ਸਾਈਂ ਜੀ ਜਦੋਂ ਡੇਰੇ ’ਚ ਪਧਾਰੇ ਤਾਂ ਬੈਂਡ-ਵਾਜਿਆਂ ਨਾਲ ਸਵਾਗਤ ਕੀਤਾ ਗਿਆ, ਰਸਤੇ ’ਤੇ ਕੱਪੜੇ ਵਿਛਾਏ ਗਏ ਸਨ ਸਾਈਂ ਜੀ ਇਹ ਦੇਖ ਕੇ ਬਹੁਤ ਖੁਸ਼ ਹੋਏ, ਪਰ ਰਸਤੇ ’ਤੇ ਵਿਛੇ ਕੱਪੜਿਆਂ ਨੂੰ ਸਾਇਡ ’ਚ ਕਰਵਾਉਂਦੇ ਹੋਏ ਫਰਮਾਇਆ- ‘ਵਰੀ! ਯਹ ਠੀਕ ਨਹੀਂ ਹੈ’ ਸਾਈਂ ਜੀ ਨੇ ਬੈਂਡ-ਵਾਜੇ ਵਾਲੇ ਸੇਵਾਦਾਰਾਂ ਨੂੰ ਸਿੱਕਿਆਂ ਦੇ ਰੂਪ 5-5 ਰੁਪਏ ਦੇ ਕੇ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੱਤਾ ਹਾਕਮ ਸਿੰਘ ਚੌਧਰੀ ਦੇ 75 ਸਾਲ ਦੇ ਪੁੱਤਰ ਸੁਖਰਾਜ ਸਿੰਘ ਦੱਸਦੇ ਹਨ

ਕਿ ਪੂਜਨੀਕ ਸਾਈਂ ਜੀ ਨੇ ਉਸ ਦਿਨ ਪਿੰਡ ਵਾਲਿਆਂ ਦੇ ਪ੍ਰੇਮ-ਭਾਵ ਨੂੰ ਦੇਖਦੇ ਹੋਏ ਡੇਰੇ ਦਾ ਨਾਂਅ ਡੇਰਾ ਸੱਚਾ ਸੌਦਾ ਮਸਤਪੁਰਾ ਧਾਮ ਰੱਖਿਆ ਸੀ ਉੱਧਰ ਡੇਰੇ ’ਚ ਉਸ ਦਿਨ ਦੁੱਧ ਵੱਡੀ ਮਾਤਰਾ ’ਚ ਆਇਆ, ਪਿੰਡ ਵਾਲੇ ਡੋਲੂ, ਬਾਲਟੀਆਂ ’ਚ ਭਰ ਕੇ ਦੁੱਧ ਲਿਆਏ ਜਦੋਂ ਸੇਵਾਦਾਰਾਂ ਨੇ ਪੁੱਛਿਆ ਕਿ ਸਾਈਂ ਜੀ, ਏਨਾ ਦੁੱਧ ਇਕੱਠਾ ਹੋ ਗਿਆ ਹੈ ਕਿ ਸੰਭਾਲੇ ਨਹੀਂ ਸੰਭਲ ਰਿਹਾ, ਇਸ ਦਾ ਕੀ ਕਰੀਏ? ਤਾਂ ਸਾਈਂ ਜੀ ਨੇ ਫਰਮਾਇਆ- ‘ਵਰੀ! ਤੁਮ ਗਾਓਂ ਮੇਂ ਮਾਂਗਣੇ ਤੋ ਨਹੀਂ ਗਏ ਨਾ?’ ਨਹੀਂ ਜੀ ‘ਤੋ ਐਸਾ ਕਰੋ, ਇਸ ਦੂਧ ਮੇਂ ਚਾਵਲ ਡਾਲ ਦੋ ਔਰ ਖੀਰ ਬਣਾਕੇ ਸਭਕੋ ਖਿਲਾ ਦੋ’ ਸਾਰੀ ਸੰਗਤ ਨੂੰ ਖੀਰ ਖੁਆਈ ਗਈ

ਪੂਜਨੀਕ ਪਰਮ ਪਿਤਾ ਜੀ ਨੇ ਲਾਇਆ ਪਹਿਲਾ ਟੱਕ, ਗੁੜ ਨਾਲ ਕਰਵਾਇਆ ਸੀ ਮਿੱਠਾ ਮੂੰਹ

ਡੇਰਾ ਬਣਾਉਣ ਦੀ ਬਖਸ਼ਿਸ਼ ਪਾ ਕੇ ਸੇਵਾਦਾਰ ਖੁਸ਼ੀ-ਖੁਸ਼ੀ ਪਿੰਡ ਵਾਪਸ ਆਏ ਅਤੇ ਸੰਗਤ ਤੱਕ ਇਹ ਗੱਲ ਪਹੁੰਚਾਈ, ਜਿਸ ਨਾਲ ਬੜਾ ਉਤਸ਼ਾਹ ਪੈਦਾ ਹੋ ਗਿਆ ਸੇਵਾਦਾਰ ਭਾਈਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ, ਸਮਾਨ ਇਕੱਠਾ ਕੀਤਾ ਜਾਣ ਲੱਗਿਆ ਸੇਵਾਦਾਰ ਸ. ਗੱਜਣ ਸਿੰਘ ਮੁਨੀ ਦੇ 73 ਸਾਲ ਦੇ ਪੁੱਤਰ ਬੂਟਾ ਸਿੰਘ ਦੱਸਦੇ ਹਨ ਕਿ ਉਸ ਦਿਨ ਡੇਰਾ ਬਣਾਉਣ ਦੀ ਸ਼ੁਰੂਆਤ ਨੂੰ ਲੈ ਕੇ ਤਿਆਰੀ ਪੂਰੀ ਹੋ ਚੁੱਕੀ ਸੀ, ਹੁਣ ਗੱਲ ਆਈ ਕਿ ਨੀਂਹ ਲਈ ਪਹਿਲਾ ਟੱਕ ਕਿਸ ਤੋਂ ਲਗਵਾਇਆ ਜਾਵੇ?

ਪਿੰਡ ਵਾਸੀਆਂ ਨੇ ਇੱਕਸੁਰ ’ਚ ਕਿਹਾ ਕਿ ਇਹ ਨੇਕ ਕੰਮ ਸ. ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਜੀ) ਤੋਂ ਹੀ ਕਰਵਾਇਆ ਜਾਵੇ ਪੂਜਨੀਕ ਪਰਮ ਪਿਤਾ ਜੀ ਨੇ ਪਹਿਲਾ ਟੱਕ ਲਾ ਕੇ ਰਵਾਇਤੀ ਢੰਗ ਨਾਲ ਸੇਵਾ ਦਾ ਕੰਮ ਸ਼ੁਰੂ ਕਰਵਾਇਆ ਇਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਦੇ ਘਰ ਤੋਂ ਗੁੜ ਦੇ ਥਾਲ ਭਰ ਕੇ ਲਿਆਂਦੇ ਗਏ ਅਤੇ ਸੰਗਤ ’ਚ ਵੰਡਿਆ ਗਿਆ ਦੱਸਦੇ ਹਨ ਕਿ ਉਸ ਦਿਨ ਪਿੰਡ ’ਚ ਜਿੰਨੀਆਂ ਵੀ ਇੱਟਾਂ ਦੀਆਂ ਭੱਠੀਆਂ ਚੱਲ ਰਹੀਆਂ ਸਨ, ਸਾਰਿਆਂ ਨੇ ਸਭ ਦੀਆਂ ਸਭ ਡੇਰੇ ਲਈ ਦੇ ਦਿੱਤੀਆਂ ਉੱਧਰ ਸੇਵਾਦਾਰਾਂ ਨੇ ਇੱਟਾਂ ਕੱਢਣ ਲਈ ਗਾਰਾ ਵੀ ਬਣਾ ਲਿਆ, ਪਰ ਇੱਕ ਸਮੱਸਿਆ ਆ ਖੜ੍ਹੀ ਹੋਈ ਸੀ ਕਿ ਇੱਟਾਂ ਕਿਵੇਂ ਕੱਢਣੀਆਂ ਹਨ ਇਹ ਕੋਈ ਨਹੀਂ ਜਾਣਦਾ ਸੀ ਕਾਫ਼ੀ ਯਤਨ ਵੀ ਕੀਤਾ ਗਿਆ, ਪਰ ਇੱਟਾਂ ਕੱਢਣ ਦੀ ਵਿਧੀ ਨਾ ਆਉਣ ਕਾਰਨ ਇੱਟਾਂ ਸਹੀ ਨਹੀਂ ਬਣ ਪਾ ਰਹੀਆਂ ਸਨ

ਅਗਲੀ ਸਵੇਰ ਸੇਵਾਦਾਰ ਫਿਰ ਚੋਰਮਾਰ ਜਾ ਪਹੁੰਚੇ ਅਤੇ ਅਰਜ਼ ਕੀਤੀ ਕਿ ਸਾਈਂ ਜੀ ਸਾਨੂੰ ਤਾਂ ਇੱਟਾਂ ਕੱਢਣੀਆਂ ਹੀ ਨਹੀਂ ਆਉਂਦੀਆਂ ਜੇਕਰ ਤੁਸੀਂ ਆਗਿਆ ਦਿਓ ਤਾਂ ਇੱਕ ਮਿਸਤਰੀ ਨੂੰ ਨਾਲ ਲਾ ਲਈਏ ਇਸ ’ਤੇ ਸਾਈਂ ਜੀ ਨੇ ਕਾਫ਼ੀ ਵਿਚਾਰ ਕਰਦੇ ਹੋਏ ਫਰਮਾਇਆ- ‘ਚਲੋ ਭਈ! ਏਕ ਮਿਸਤਰੀ (ਇੱਟਾਂ ਬਣਾਉਣ ਵਾਲੇ ਸਾਂਚੇ ਦੀ ਜਾਣਕਾਰੀ ਰੱਖਣ ਵਾਲਾ) ਕੋ ਸਾਥ ਲੈ ਲੈਣਾ ਲੇਕਿਨ ਬਾਕੀ ਸਾਰਾ ਕਾਮ ਖੁਦ ਕਰਨਾ ਹੈ’ ਬੂਟਾ ਸਿੰਘ ਦੱਸਦੇ ਹਨ ਕਿ ਜਿੰਨੇ ਦਿਨ ਸੇਵਾ ਚੱਲਦੀ ਰਹੀ, ਪੂਜਨੀਕ ਪਰਮ ਪਿਤਾ ਜੀ ਨੇ ਕਦੇ ਸੰਗਤ ਦਾ ਹੌਸਲਾ ਘੱਟ ਨਹੀਂ ਹੋਣ ਦਿੱਤਾ ਸਵੇਰੇ ਜਲਦੀ ਉੱਠਦੇ ਅਤੇ ਨਹਾ-ਧੋ ਕੇ ਪਹਿਲਾਂ ਸੇਵਾਦਾਰਾਂ ਨੂੰ ਘਰ-ਘਰ ਜਾ ਕੇ ਉਨ੍ਹਾਂ ਨੂੰ ਉਠਾਉਂਦੇ ਅਤੇ ਫਿਰ ਉਨ੍ਹਾਂ ਨੂੰ ਇਕੱਠੇ ਕਰਨ ਲਈ ਜ਼ੋਰ ਨਾਲ ਆਵਾਜ਼ ਲਾਉਂਦੇ ਕਿ ‘ਆਜੋ…ਆਜੋ…ਆਜੋ’ ਉਸ ਸਮੇਂ ਲਾਊਡ ਸਪੀਕਰ ਦੀ ਸੁਵਿਧਾ ਨਹੀਂ ਹੁੰਦੀ ਸੀ,

ਉੱਚੀਆਂ ਅਵਾਜ਼ਾਂ ਨਾਲ ਘਰਾਂ ਤੱਕ ਸੰਦੇਸ਼ ਪਹੁੰਚਾਇਆ ਜਾਂਦਾ ਸੀ ਪੂਜਨੀਕ ਪਰਮ ਪਿਤਾ ਜੀ ਖੁਦ ਸਿਰ ’ਤੇ ਸਾਫ਼ਾ (ਪਟਕਾ) ਬੰਨ੍ਹ ਕੇ ਗਾਰੇ ’ਚ ਉਤਰ ਜਾਂਦੇ ਅਤੇ ਇਸ ਰਫ਼ਤਾਰ ਨਾਲ ਕੱਸੀ ਚਲਾਉਂਦੇ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ ਦਿਨ ਦੇ ਸਮੇਂ ਇੱਟਾਂ ਕੱਢੀਆਂ ਜਾਂਦੀਆਂ ਅਤੇ ਰਾਤ ਨੂੰ ਸਾਰੀ ਸੰਗਤ ਨੀਹਾਂ ਦੀ ਖੁਦਾਈ ਅਤੇ ਕੁਟਾਈ ਕਰਦੀ ਦੱਸਦੇ ਹਨ ਕਿ ਇਸ ਸੇਵਾ ’ਚ ਮਾਤਾ-ਭੈਣਾਂ ਦੀ ਵੀ ਬੜੀ ਭੂਮਿਕਾ ਰਹੀ ਬੂਟਾ ਸਿੰਘ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਦੇ ਪੂਜਨੀਕ ਮਾਤਾ ਆਸ ਕੌਰ ਜੀ, ਬਾਬਾ ਚੰਦ ਸਿੰਘ ਜੀ ਦੇ ਮਾਤਾ ਸਤਿਨਾਮ ਕੌਰ ਜੀ, ਮਾਤਾ ਧੰਨੋ ਤੇ ਮਾਤਾ ਨਿਹਾਲ ਕੌਰ ਨੇ ਲਿਪਾਈ ਦੇ ਸਮੇਂ ਭਰਪੂਰ ਸੇਵਾ ਕੀਤੀ ਸੀ ਖੁਦਾਈ ਕਰਕੇ ਜ਼ਮੀਨ ’ਚ ਸ਼ਹਿਨਸ਼ਾਹੀ ਗੁਫ਼ਾ ਤਿਆਰ ਕੀਤੀ ਗਈ ਬਾਅਦ ’ਚ ਉਸ ਦੇ ਅੱਗੇ ਇੱਕ ਬਰਾਮਦਾ, ਉੱਪਰ ਇੱਕ ਛੋਟਾ ਜਿਹਾ ਚੌਬਾਰਾ ਅਤੇ ਉੱਪਰ ਚੜ੍ਹਨ ਲਈ ਪੌੜੀਆਂ ਬਣਾਈਆਂ ਗਈਆਂ ਛੋਟੀਆਂ-ਛੋਟੀਆਂ 6 ਕੋਠੜੀਆਂ ਅੰਦਰੋਂ ਕੱਚੀਆਂ ਅਤੇ ਬਾਹਰੋਂ ਪੱਕੀਆਂ ਇੱਟਾਂ ਦੀ ਚਿਣਾਈ ਕਰਕੇ (ਗਲੇਫੀਦਾਰ) ਤਿਆਰ ਕਰ ਦਿੱਤੀਆਂ ਗਈਆਂ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਕੱਚੀਆਂ ਪੌੜੀਆਂ, ਗਲੇਫੀਦਾਰ ਗੁਫ਼ਾ ਅੱਜ ਵੀ ਜਿਉਂ ਦੀ ਤਿਉਂ ਖੜ੍ਹੀ ਹੈ

ਸਾਈਂ ਜੀ 18 ਦਿਨ ਲਗਾਤਾਰ ਪਿੰਡ ’ਚ ਠਹਿਰੇ, ਕਈ ਨਿਰਾਲੇ ਚੋਜ਼ ਦਿਖਾਏ

ਸਾਈਂ ਮਸਤਾਨਾ ਜੀ ਮਹਾਰਾਜ ਜਦੋਂ ਦੂਜੀ ਵਾਰ ਸ੍ਰੀ ਜਲਾਲਆਣਾ ਸਾਹਿਬ ’ਚ ਪਧਾਰੇ ਤਾਂ ਇੱਥੇ 18 ਦਿਨ ਤੱਕ ਠਹਿਰੇ ਇਸ ਦੌਰਾਨ ਸਾਈਂ ਜੀ ਨੇ ਕਈ ਲੀਲ੍ਹਾਵਾਂ ਦਿਖਾਈਆਂ, ਜੋ ਸ਼ਾਇਦ ਦੁਨੀਆਂਦਾਰੀ ਦੇ ਲੋਕ ਸਮਝ ਨਾ ਸਕਣ ਇਸ ਪ੍ਰਵਾਸ ਦੌਰਾਨ ਹੀ ਸਾਈਂ ਜੀ ਨੇ ਡੇਰੇ ’ਚ ਕਈ ਨਿਰਮਾਣ ਕਾਰਜਾਂ ਨੂੰ ਅੰਤਿਮ ਰੂਪ ਦਿੱਤਾ ਦਰਬਾਰ ’ਚ ਬਣੀ ਮੀਨਾਕਾਰੀ ਵੀ ਖੁਦ ਦੀ ਦੇਖ-ਰੇਖ ’ਚ ਕਰਵਾਈ
ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਮਿਸਤਰੀ ਰਾਮ ਸਿੰਘ ਕੋਹੜੀ ਤੇ ਨਰਾਇਣ ਸਰ ਜੋ ਦੋਵੇਂ ਭਰਾ ਸਨ, ਨੇ ਗੁਫ਼ਾ ਬਣਾਈ ਅਤੇ ਉਸ ਦੀਆਂ ਉੱਪਰੀ ਦੀਵਾਰਾਂ ’ਤੇ ਦੋ ਸ਼ੇਰ ਤੇ ਕਾਲ ਦਾ ਇੱਕ ਬੁੱਤ ਵੀ ਤਿਆਰ ਕੀਤਾ ਇਹ ਵੀ ਦੱਸਦੇ ਹਨ ਕਿ ਰਾਮ ਸਿੰਘ ਨੂੰ ਕੋਹੜ ਦੀ ਬਿਮਾਰੀ ਸੀ, ਜਿਸ ਦੇ ਚੱਲਦਿਆਂ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ

ਜਦੋਂ ਉਹ ਪਹਿਲੀ ਵਾਰ ਦਰਸ਼ਨ ਕਰਨ ਪਹੁੰਚਿਆ ਤਾਂ ਸਾਈਂ ਜੀ ਨੇ ਪੁੱਛਿਆ- ‘ਵਰੀ! ਤੇਰੇ ਕੋ ਯੇ ਕਯਾ ਹੂਆ ਹੈ?’ ਉਸ ਨੇ ਦੱਸਿਆ ਕਿ ਬਾਬਾ ਜੀ, ਮੈਨੂੰ ਕੋਹੜ ਹੋ ਗਿਆ ਹੈ ਮੈਂ ਬਹੁਤ ਦੁਖੀ ਹਾਂ, ਮਨ ਕਰਦਾ ਹੈ ਕਿ ਆਤਮਹੱਤਿਆ ਕਰ ਲਵਾਂ ਸਾਈਂ ਜੀ ਨੇ ਫਰਮਾਇਆ- ‘ਜਾਓ, ਉਸ ਡਿੱਗੀ ਮੇਂ ਨਹਾ ਲੋ’ ਉਸ ਨੇ ਵੈਸਾ ਹੀ ਕੀਤਾ, ਤਾਂ ਹਰ ਕਿਸੇ ਦੇ ਹੈਰਾਨੀ ਦੀ ਹੱਦ ਨਾ ਰਹੀ ਉਸੇ ਪਲ ਉਹ ਖੁਦ ਨੂੰ ਸਿਹਤਮੰਦ ਮਹਿਸੂਸ ਕਰਨ ਲੱਗਿਆ ਦੱਸਦੇ ਹਨ ਕਿ ਕੁਝ ਦਿਨਾਂ ਬਾਅਦ ਉਸ ਦੇ ਜ਼ਖ਼ਮ ਠੀਕ ਹੋ ਗਏ ਉਸ ਤੋਂ ਬਾਅਦ ਉਹ ਦਰਬਾਰ ’ਚ ਰਹਿ ਕੇ ਸੇਵਾ ਕਰਨ ਲੱਗਿਆ ਸੀ ਉੱਥੇ ਨਰਾਇਣ ਸਰ ਭਜਨ ਮੰਡਲੀ ’ਚ ਸੇਵਾ ਕਰਦਾ ਸੀ ਉਨ੍ਹਾਂ ਦੇ ਬਾਪ ਨੇਕੀ ਰਾਮ ਨੇ ਵੀ ਸਾਈਂ ਜੀ ਤੋਂ ਨਾਮ-ਦਾਨ ਲਿਆ ਹੋਇਆ ਸੀ ਦੱਸਦੇ ਹਨ ਕਿ ਰਾਮ ਸਿੰਘ ਦੀ ਖੁਰਾਕ ਬਹੁਤ ਜ਼ਿਆਦਾ ਸੀ

ਸੇਵਾ ਦੌਰਾਨ ਇੱਕ ਦਿਨ ਉਹ 13 ਜਣਿਆਂ ਦੇ ਹਿੱਸੇ ਦਾ ਭੋਜਨ ਇਕੱਲਾ ਖਾ ਗਿਆ ਸੇਵਾਦਾਰਾਂ ਨੇ ਇਹ ਗੱਲ ਸਾਈਂ ਜੀ ਨੂੰ ਇਹ ਸੋਚਦੇ ਹੋਏ ਦੱਸੀ ਕਿ ਉਸ ਨੂੰ ਡਾਂਟ ਪਵੇਗੀ ਸਾਈਂ ਜੀ ਨੇ ਸਾਰੇ ਸੇਵਾਦਾਰਾਂ ਨੂੰ ਕੋਲ ਬੁਲਾਇਆ ਅਤੇ ਰਾਮ ਸਿੰਘ ਨੂੰ ਖੜ੍ਹਾ ਕਰਕੇ ਕਹਿਣ ਲੱਗੇ- ਦੇਖੋ ਵਰੀ! ਐਸੇ ਹੈਂ ਹਮਾਰੇ ਸੇਵਾਦਾਰ, ਜੋ ਇਤਨੀ ਭੂਖ ਕੋ ਰੋਕ ਕਰ 18-18 ਘੰਟੇ ਸੇਵਾ ਕਰਤੇ ਹੈਂ, ਸਿਰਫ ਸਤਿਗੁਰ ਕੋ ਪਾਣੇ ਕੇ ਲੀਏ ਸਾਈਂ ਜੀ ਦੀ ਇਹ ਦਿਆਲਤਾ ਦੇਖ ਕੇ ਉੱਥੇ ਮੌਜ਼ੂਦ ਸੇਵਾਦਾਰ ਬੜੇ ਖੁਸ਼ ਹੋਏ ਅਤੇ ਸ਼ੁਕਰਾਨਾ ਅਦਾ ਕਰਨ ਲੱਗੇ

‘ਦੇਖੋ ਭਈ! ਮੁਲਕ ਮਾਹੀ ਦਾ ਵਸੇ ਕੋਈ ਰੋਵੇ ਤੇ ਕੋਈ ਹੱਸੇ

ਇੱਕ ਦਿਨ ਸਾਈਂ ਜੀ ਟਾਹਲੀ ਦੇ ਦਰਖੱਤ ਹੇਠਾਂ ਕੁਰਸੀ ’ਤੇ ਬਿਰਾਜਮਾਨ ਸਨ ਇੱਕੋਦਮ ਬਚਨ ਫਰਮਾਇਆ, ‘ਦੇਖੋ ਭਈ! ਮੁਲਕ ਮਾਹੀ ਦਾ ਵਸੇ ਕੋਈ ਰੋਵੇ ਤੇ ਕੋਈ ਹੱਸੇ ਆਨੰਦਪੁੁਰ ਰੋਵੇ ਤੇ ਮਸਤਪੁਰਾ ਹੱਸੇ’ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਕੋਲ ਬੁਲਾ ਕੇ ਹੁਕਮ ਫਰਮਾਇਆ, ‘ਸਰਦਾਰ ਹਰਬੰਸ ਸਿੰਘ ਜੀ! ਆਪ ਗਦਰਾਣਾ ਡੇਰੇ ਕੋ ਢਹਾ ਕਰ ਉਸਕਾ ਸਾਰਾ ਸਮਾਨ ਈਂਟ, ਰੋੜਾ, ਕਾਠ-ਕੜੀ ਆਦਿ ਸਭ ਯਹਾਂ ਡੇਰੇ (ਮਸਤਪੁਰਾ ਧਾਮ) ਮੇਂ ਉਠਾ ਲਾਓ’ ਪੂਜਨੀਕ ਪਰਮ ਪਿਤਾ ਜੀ ਆਪਣੇ ਨਾਲ ਕਰੀਬ 7 ਸੇਵਾਦਾਰਾਂ ਨੂੰ ਲੈ ਕੇ ਉੱਥੇ ਪਹੁੰਚੇ ਅਤੇ ਖੁਦ ਆਪਣੇ ਹੱਥਾਂ ਨਾਲ ਸੱਬਲਾਂ ਨਾਲ ਮਕਾਨ ਢਹਾ ਕੇ ਸਮਾਨ ਇੱਥੇ ਸ੍ਰੀ ਜਲਾਲਆਣਾ ਸਾਹਿਬ ’ਚ ਭੇਜਣ ਲੱਗੇ ਸੇਵਾਦਾਰ ਊਠਾਂ ’ਤੇ ਉਹ ਸਮਾਨ ਲਿਆ ਕੇ ਇੱਥੇ ਢੇਰ ਲਾ ਰਹੇ ਸਨ ਉਸ ਦਿਨ ਚੋਰਮਾਰ ਦਾ ਡੇਰਾ ਵੀ ਢੁਆ ਦਿੱਤਾ ਸੀ

ਜਿਸ ਦਾ ਸਮਾਨ ਵੀ ਇੱਥੇ ਪਹੁੰਚ ਰਿਹਾ ਸੀ ਸਾਈਂ ਜੀ ਨੇ ਸੇਵਾਦਾਰਾਂ ਨੂੰ ਕੋਲ ਬੁਲਾ ਕੇ ਫਰਮਾਇਆ- ‘ਵਰੀ! ਐਸਾ ਕਰੋ, ਯਹ ਸਾਰਾ ਸਮਾਨ ਘੂਕਿਆਂਵਾਲੀ ਡੇਰਾ ਮੇਂ ਪਹੁੰਚਾ ਦੋ’ ਇਸ ਦੌਰਾਨ ਗੱਜਣ ਸਿੰਘ ਮੁਨੀ, ਚੰਦ ਸਿੰਘ, ਬੰਤਾ ਸਿੰਘ ਸਮੇਤ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਉਹ ਸਮਾਨ ਲੱਦ ਕੇ ਘੂਕਿਆਂਵਾਲੀ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਜਦੋਂ ਇਹ ਗੱਲ ਪਰਮ ਪਿਤਾ ਜੀ ਤੱਕ ਪਹੁੰਚੀ ਤਾਂ ਪਰਮ ਪਿਤਾ ਜੀ ਉਸ ਦਰਮਿਆਨ ਇੱਥੇ ਡੇਰੇ ’ਚ ਪਹੁੰਚੇ ਅਤੇ ਪਿੰਡ ਦੇ ਸੇਵਾਦਾਰਾਂ ’ਤੇ ਬੜਾ ਨਾਰਾਜ਼ ਹੋਏ ਕਿ ਤੁਸੀਂ ਇਹ ਕੀ ਕੀਤਾ? ਏਨੀ ਮੁਸ਼ਕਲ ਨਾਲ ਸਮਾਨ ਉਖਾੜ ਕੇ ਲਿਆਏ ਹਾਂ ਅਤੇ ਤੁਸੀਂ ਉਸ ਦੀ ਸੰਭਾਲ ਵੀ ਨਹੀਂ ਕਰ ਸਕੇ? ਸੇਵਾਦਾਰਾਂ ਨੇ ਬੇਵਸੀ ਜਤਾਉਂਦੇ ਹੋਏ ਦੱਸਿਆ

ਕਿ ਇਹ ਤਾਂ ਪੂਜਨੀਕ ਸਾਈਂ ਜੀ ਦਾ ਹੁਕਮ ਹੈ, ਇਸ ’ਚ ਅਸੀਂ ਕੀ ਕਰ ਸਕਦੇ ਹਾਂ? ਪਰਮ ਪਿਤਾ ਜੀ ਨੇ ਕਿਹਾ- ‘ਓਏ ਗੁਰਮੁਖੋ! ਬੱਚਾ ਮਾਂ ਦੇ ਕੋਲ ਰੋ ਤਾਂ ਸਕਦਾ ਹੈ! ਰੋਣ ਦਾ ਤਾਂ ਫਰਜ਼ ਬਣਦਾ ਹੈ! ਅਰਜ਼ ਤਾਂ ਕਰਦੇ!’ ਜਦੋਂ ਇਹ ਗੱਲ ਸਾਈਂ ਜੀ ਤੱਕ ਪਹੁੰਚੀ ਕਿ ਸਰਦਾਰ ਜੀ ਸੇਵਾਦਾਰਾਂ ਨੂੰ ਡਾਂਟ ਰਹੇ ਹਨ ਤਾਂ ਉੱਥੇ ਆ ਕੇ ਫਰਮਾਇਆ- ‘ਯਹ ਸਭ ਹੁਕਮ ਮੇਂ ਹੋ ਰਹਾ ਹੈ’ ਇਸ ’ਤੇ ਪਰਮ ਪਿਤਾ ਜੀ ਨੇ ਸਤਿਵਚਨ ਮੰਨਦੇ ਹੋਏ ਹੁਕਮ-ਏ-ਹਜ਼ੂਰ ਨੂੰ ਸਜਦਾ ਕੀਤਾ ਦੱਸ ਦਈਏ ਕਿ ਗਦਰਾਣਾ ਪਿੰਡ ’ਚ ਬਣੇ ਡੇਰੇ ਨੂੰ ਢਹਾਉਣ ਤੋਂ ਪਹਿਲਾਂ ਪੂਜਨੀਕ ਸਾਈਂ ਜੀ ਨੇ ਉਸ ਦਾ ਨਾਂਅ ਡੇਰਾ ਸੱਚਾ ਸੌਦਾ ਆਨੰਦਪੁਰ ਧਾਮ ਰੱਖਿਆ ਸੀ

‘ਹਮ ਮੌਨ ਮੇਂ ਹੈਂ! ਮੌਨ ਤਾਂ ਅਸੀਂ ਵੀ ਰੱਖਣਾ ਹੈ!!’

ਰੂਹਾਨੀ ਤਾਕਤ ਦਾ ਕਦੇ ਵੰਡੇਵਾਂ ਨਹੀਂ ਹੁੰਦਾ, ਕਿਉਂਕਿ ਉਹ ਧੁਰਧਾਮ ਨਾਲ ਜੁੜੀ ਹੁੰਦੀ ਹੈ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਸ੍ਰੀ ਜਲਾਲਆਣਾ ਸਾਹਿਬ ’ਚ ਆ ਕੇ ਸਤਿਸੰਗ ਲਾਉਣ ਦਾ ਵਿਸ਼ੇਸ਼ ਮਕਸਦ ਸੀ ਇੱਥੇ ਪ੍ਰਵਾਸ ਦੌਰਾਨ ਸਾਈਂ ਜੀ ਨੇ ਬਹੁਤ ਸਾਰੇ ਅਜਿਹੇ ਵਚਿੱਤਰ ਖੇਡ ਰਚੇ ਜਿਸ ਨਾਲ ਇਹ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੂਜਨੀਕ ਸਾਈਂ ਜੀ ਖੁਦ ਨੂੰ ਹਮੇਸ਼ਾ ਪੂਜਨੀਕ ਪਰਮ ਪਿਤਾ ਜੀ ’ਚ ਮਹਿਸੂਸ ਕਰਦੇ ਸਨ ਅਤੇ ਗੱਲਾਂ-ਗੱਲਾਂ ’ਚ ਬਹੁਤ ਕੁਝ ਸਮਝਾ ਵੀ ਜਾਂਦੇ ਇੱਕ ਦਿਨ ਸਾਈਂ ਜੀ ਨੇ ਫਰਮਾਇਆ, ‘ਭਈ! ਹਮ ਮੌਨ ਮੇਂ ਹੈਂ’ ਇਸ ਦੇ ਕੁਝ ਦਿਨ ਬਾਅਦ ਸਾਈਂ ਜੀ ਡੇਰੇ ਦੇ ਅੰਦਰ ਆਂਗਣ ’ਚ ਕੁਰਸੀ ’ਤੇ ਬਿਰਾਜਮਾਨ ਸਨ ਸੇਵਾਦਾਰ ਮੱਖਣ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ! ਸਰਦਾਰ ਹਰਬੰਸ ਸਿੰਘ ਜੀ ਕਹਿੰਦੇ ਹਨ

ਕਿ ਮੌਨ ਤਾਂ ਅਸੀਂ ਵੀ ਰੱਖਣਾ ਹੈ ਅਤੇ ਗੁਫ਼ਾ ’ਚ ਬੈਠ ਕੇ ਭਜਨ-ਸਿਮਰਨ ਕਰਾਂਗੇ ਇਸ ’ਤੇ ਸਾਈਂ ਜੀ ਨੇ ਕੜਕ ਆਵਾਜ਼ ’ਚ ਫਰਮਾਇਆ- ‘ਇਨਕੋ ਪੂਛੋ, ਮੌਨ ਕਿਆ ਹੋਤਾ ਹੈ? ਇਸ਼ਕ ਸਮਝੀਂ ਮਖੌਲ ਨਾ, ਸੌਦਾ ਨਾ ਸਮਝੀਂ ਬਾਜ਼ਾਰ ਦਾ ਸ਼ੀਸ਼ ਦੇਣਾ ਪੜੇਗਾ ਮਗਰ ਕੋਈ ਇਕਰਾਰ ਨਹੀਂ ਦਰਸ਼ਨ ਹੋਵੇ ਜਾਂ ਨਾ ਹੋਵੇ ਅਗਰ ਸਤਿਗੁਰੂ ਮਾਲਕ ਕੇ ਦਰਸ਼ਨ ਕਰਨੇ ਹੈਂ ਤੋਂ ਆਓ ਮੈਦਾਨ ਮੇਂ ਪੁੱਤਰ, ਧੀਆਂ, ਜਾਇਦਾਦ, ਮਾਲ ਡੰਗਰ ਦਾ ਮਾਣ ਛੱਡੋ’ ਆਪਣੀ ਬਾਡੀ ਵੱਲ ਇਸ਼ਾਰਾ ਕਰਦੇ ਹੋਏ ਫਿਰ ਫਰਮਾਇਆ- ‘ਅਭੀ ਅੰਦਰ ਸੇ ਦਰਸ਼ਨ ਕਰਾਏਂਗੇ ਅਗਰ ਦਰਸ਼ਨ ਨਾ ਹੂਏ ਤੋ ਸ਼ੀਸ਼ ਕਾਟ ਲੈਣਾ’

‘ਮੱਖੀਆਂ ਸਭ ਟਲ ਗਈ ਹੈਂ, ਆਓ ਭਈ!

ਸਾਈਂ ਮਸਤਾਨਾ ਜੀ ਮਹਾਰਾਜ ਨੇ ਆਪਣੇ ਦੋ ਹਫ਼ਤਿਆਂ ਦੇ ਪ੍ਰਵਾਸ ਦੌਰਾਨ ਸ੍ਰੀ ਜਲਾਲਆਣਾ ਸਾਹਿਬ ਪਿੰਡ ਨੂੰ ਬੇਸ਼ੁਮਾਰ ਪਿਆਰ ਲੁਟਾਇਆ ਸਾਈਂ ਜੀ ਪਿੰਡ ਦੇ ਸੇਵਾ ਅਤੇ ਸਮਰਪਣ ਭਾਵ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸ਼ਹਿਨਸ਼ਾਹ ਜੀ ਨੇ ਇੱਕ ਦਿਨ ਸ਼ਾਮ ਨੂੰ ਹੁਕਮ ਫਰਮਾਇਆ, ‘ਭਾਈ! ਹਮ ਮੌਨ ਮੇਂ ਰਹੇਂਗੇ ਬਾਹਰ ਨਹੀਂ ਆਏਂਗੇ ਆਗੇ ਦਰਵਾਜ਼ੇ ਮੇਂ ਤਿਆਰ ਰਖਣਾ’ ਉਸ ਦੌਰਾਨ ਕਈ ਪ੍ਰੇਮੀ ਉੱਥੇ ਮੌਜ਼ੂਦ ਸਨ, ਪਰ ਕਈ ਇਹ ਕਹਿੰਦੇ ਹੋਏ ਘਰ ਨੂੰ ਚਲੇ ਗਏ ਕਿ ਬਾਬਾ ਜੀ ਤਾਂ ਅੱਜ ਬਾਹਰ ਨਹੀਂ ਆਉਣਗੇ ਰਾਤ ਦੇ ਬਾਰਾਂ ਵੱਜੇ ਹੋਣਗੇ, ਹੌਲੀ-ਹੌਲੀ ਗੁਫ਼ਾ ਦਾ ਦਰਵਾਜ਼ਾ ਖੁੱਲਿ੍ਹਆ ਡਿਊਟੀ ਵਾਲੇ ਸੇਵਾਦਾਰਾਂ ਨੇ ਮੂੜ੍ਹਾ ਸਜਾ ਦਿੱਤਾ ਅਤੇ ਕੋਲ ਹੀ ਬੱਠਲ ’ਚ ਅੱਗ ਬਾਲ ਕੇੇ ਰੱਖ ਦਿੱਤੀ ਸਾਈਂ ਜੀ ਨੇ ਫਰਮਾਇਆ, ‘ਮੱਖੀਆਂ ਸਭ ਟਲ ਗਈ ਹੈਂ

ਆਓ ਬਈ! ਆਜ ਤੁਮ੍ਹਾਰੇ ਨਾਂਅ ਰੱਖੇਂਗੇ ਯਹਾਂ ਕੇ ਨਹੀਂ, ਸਤਿਲੋਕ ਕੇ ਰੱਖੇਂਗੇ’ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਾਬਾ ਚੰਦ ਸਿੰਘ ਜੀ ਦਾ ਨਾਂਅ ‘ਮੈਨੇਜਰ’, ਬੰਤਾ ਸਿੰਘ ਜੀ ਦਾ ਨਾਂਅ ‘ਲਾਟ ਸਾਹਿਬ’, ਹਾਕਮ ਸਿੰਘ ਦਾ ‘ਚੌਧਰੀ’, ਹਾਕਮ ਸਿੰਘ ਮਾਲੀ ਦਾ ‘ਥਾਣੇਦਾਰ’, ਬਿਸ਼ਨ ਭਾਵੜਾ ਦਾ ‘ਮੋਦੀ’, ਗੱਜਣ ਸਿੰਘ ਦਾ ‘ਵਾਇਸਰਾਇ’, ਸੱਜਣ ਸਿੰਘ ਜੀ ਦਾ ‘ਮਾਲ ਅਫਸਰ’, ਬਾਬਾ ਮੱਖਣ ਸਿੰਘ ਦਾ ‘ਸ਼ੇਰ ਰਾਮ’, ਰਾਜਾ ਰਾਮ ਦਾ ‘ਮੁਖਤਿਆਰ’, ਨੰਦ ਸਿੰਘ ਦਾ ‘ਐੱਸ.ਡੀ.ਓ’, ਸ਼ਾਮ ਸਿੰਘ ਜੀ ਦਾ ‘ਡਿਪਟੀ ਕੁਲੈਕਟਰ’, ਜਗਨ ਸਿੰਘ ਦਾ ‘ਡੀ.ਸੀ’, ਅਤੇ ਸਰਦਾਰ ਮੱਲ ਸਿੰਘ ਦਾ ਨਾਂਅ ‘ਪਲੈਟੀਕਲ’ ਰੱਖਦੇ ਹੋਏ ਸਾਰਿਆਂ ਨੂੰ ਇਲਾਹੀ ਖਿਤਾਬਾਂ ਨਾਲ ਨਵਾਜ਼ਿਆ

ਸੰਗਤ ਇਤਨੀ ਹੋ ਜਾਏਗੀ ਕਿ ਸੰਭਾਲੇ ਨਹੀਂ ਸੰਭਲੇਗੀ-

ਸਾਈਂ ਜੀ ਨੇ ਡੇਰਾ ਸੱਚਾ ਸੌਦਾ ਮਸਤਪੁਰਾ ਧਾਮ ’ਚ ਸੰਗਤ ਨੂੰ ਰਹਿਮਤਾਂ ਲੁਟਾਉਂਦੇ ਹੋਏ ਫਰਮਾਇਆ ਕਿ ‘ਆਪਕੇ ਗਾਂਵ ਮੇਂ ਇਤਨੀ ਸੰਗਤ ਹੋ ਜਾਏਗੀ ਕਿ ਸੰਭਾਲੇ ਨਹੀਂ ਸੰਭਲੇਗੀ ਲੇਕਿਨ ਮਾਨ-ਬੜਾਈ ਸੇ ਬਚ ਕਰ ਰਹਿਣਾ ਯਹਾਂ ਕੀ ਸੰਗਤ ਕੋ ਸੰਗਤ ਹੀ ਸੰਭਾਲੇਗੀ ਸਭ ਕਾਮ ਮੌਕੇ ਪਰ ਹੀ ਕਰ ਲੀਆ ਕਰੇਗੀ ਸੰਗਤ ਕੇ ਲੀਏ ਜਬ ਲੰਗਰ ਬਣਾ ਕਰੇਗਾ ਤੋ ਉਸਮੇਂ ਸਵਾ ਮਨ ਨਮਕ ਡਲਾ ਕਰੇਗਾ ਦੂਰ-ਦੂਰ ਸੇ ਸੰਗਤ ਆਕਰ ਇਸ ਗਾਂਵ ਕੋ ਸਜਦਾ ਕਰੇਗੀ ਯਹ ਗਾਂਵ ਤੀਰਥ ਸਥਲ ਬਣ ਜਾਏਗਾ’ ਦੱਸ ਦਈਏ ਕਿ ਇਹ ਬਚਨ 1957 ਦੇ ਆਸ-ਪਾਸ ਹੋਏ ਸਨ, ਪਰ 1960 ਤੋਂ ਬਾਅਦ ਜਦੋਂ ਪਰਮ ਪਿਤਾ ਜੀ ਦੂਜੀ ਪਾਤਸ਼ਾਹੀ ਦੇ ਰੂਪ ’ਚ ਬਿਰਾਜਮਾਨ ਹੋਏ ਤਾਂ ਇਹ ਪਿੰਡ ਡੇਰਾ ਸੱਚਾ ਸੌਦਾ ਇਤਿਹਾਸ ’ਚ ਅਤਿ ਪੂਜਨੀਕ ਹੋ ਗਿਆ ਜਦੋਂ ਪੂਜਨੀਕ ਪਰਮ ਪਿਤਾ ਜੀ ਰਹਿਬਰ ਬਣ ਕੇ ਇਸ ਪਿੰਡ ’ਚ ਪਧਾਰੇ ਤਾਂ ਵੱਡੀ ਗਿਣਤੀ ’ਚ ਸੰਗਤ ਦਰਸ਼ਨਾਂ ਨੂੰ ਉੱਮੜ ਪਈ ਤੀਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਦੋਂ ਇੱਥੇ ਪਹਿਲੀ ਵਾਰ ਸਤਿਸੰਗ ਲਾਇਆ ਤਾਂ ਸੰਗਤ ਦਾ ਸਮੁੰਦਰ ਉੱਮੜ ਪਿਆ ਸੀ ਦਰਜ਼ਨਾਂ ਵੱਡੇ-ਵੱਡੇ ਕੜਾਹਾਂ ’ਚ ਦਾਲਾ ਬਣਾਇਆ ਗਿਆ ਸੀ ਭਾਵ ਸਵਾ ਮਨ ਲੂਣ ਪਾਉਣ ਵਾਲੀ ਗੱਲ ਸੱਚ ਹੋ ਗਈ

ਕਹਿੰਦੇ ਹਨ ਕਿ ਸਾਈਂ ਜੀ ਨੇ ਇੱਕ ਦਿਨ ਦੁਪਹਿਰ ਨੂੰ ਹੁਕਮ ਫਰਮਾਇਆ ਕਿ ‘ਭਈ, ਆਜ ਮੇਸੂ ਬਣਾਨਾ ਹੈ’ ਉਨ੍ਹਾਂ ਦਿਨਾਂ ’ਚ ਸਤਿਸੰਗੀ ਭਾਈ ਚੰਦ ਸਿੰਘ ਦੀ ਬੇਟੀ ਦੀ ਸ਼ਾਦੀ ਹੋਈ ਸੀ ਸ਼ਾਦੀ ਵਾਲੇ ਘਰ ’ਚ ਮਠਿਆਈ ਬਣਾਉਣ ਦਾ ਕਾਫੀ ਸਮਾਨ ਬਚਿਆ ਹੋਇਆ ਸੀ, ਤਾਂ ਜਿਵੇਂ ਹੀ ਹੁਕਮ ਹੋਇਆ ਸੇਵਾਦਾਰ ਉਹ ਸਮਾਨ ਦਰਬਾਰ ’ਚ ਲੈ ਆਏ ਉਨ੍ਹਾਂ ਦਿਨਾਂ ’ਚ ਮੋਹਨ ਲਾਲ ਹਲਵਾਈ ਹੋਇਆ ਕਰਦਾ ਸੀ ਜੋ ਸਾਈਂ ਜੀ ਦਾ ਮੁਰੀਦ ਵੀ ਸੀ ਉਸ ਨੇ ਉਹ ਮੇਸੂ ਤਿਆਰ ਕਰ ਦਿੱਤਾ ਸ਼ਾਮ ਨੂੰ ਜਦੋਂ ਸਾਈਂ ਜੀ ਦੀ ਹਜ਼ੂਰੀ ’ਚ ਉਹ ਮੇਸੂ ਸੰਗਤ ’ਚ ਵੰਡੀ ਗਈ ਤਾਂ ਬੇਪਰਵਾਹ ਜੀ ਨੇ ਖੁਸ਼ ਹੁੰਦੇ ਹੋਏ ਫਰਮਾਇਆ- ‘ਭਈ, ਐਥੋਂ ਦੀ ਸੰਗਤ ਬੜੀ ਮਸਤ ਹੈ ਮੌਕੇ ਪਰ ਹੀ ਸਭ ਕਾਮ ਕਰ ਲੀਆ ਕਰੇਗੀ’ ਸੇਵਾਦਾਰਾਂ ਦਾ ਕਹਿਣਾ ਸੀ ਕਿ ਇੱਥੇ ਦਰਬਾਰ ’ਚ ਹਰ ਕੰਮ ਅਚਾਨਕ ਹੀ ਹੋ ਜਾਂਦਾ ਹੈ, ਉਸ ਦੀ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ ਜਾਂਦੀ ਇਹ ਸਭ ਸਾਈਂ ਜੀ ਦੇ ਬਚਨਾਂ ਦਾ ਹੀ ਕਮਾਲ ਹੈ ਇਸੇ ਤਰ੍ਹਾਂ ਹੀ ਸਾਈਂ ਜੀ ਨੇ ਗੁਫ਼ਾ ਦੇ ਸਾਹਮਣੇ ਇੱਕ ਟਾਹਲੀ ਦਾ ਪੌਦਾ ਵੀ ਲਗਵਾਉਂਦੇ ਹੋਏ ਬਚਨ ਫਰਮਾਇਆ- ‘ਵਰੀ! ਯਹਾਂ ਪਹਿਰੇਦਾਰ ਬੈਠਾ ਕਰੇਂਗੇ’ ਉਹ ਦਰਖੱਤ ਅੱਜ ਵੀ ਦਰਬਾਰ ’ਚ ਉੱਥੇ ਖੜ੍ਹਾ ਹੈ, ਜਿਸ ਦੀ ਛਾਂ ’ਚ ਅਕਸਰ ਪਹਿਰੇ ਵਾਲੇ ਸੇਵਾਦਾਰ ਬੈਠਦੇ ਹਨ

ਵਰੀ! ਦੂਧ ਸੇ ਤੇਰੇ ਨਿੰਦਕ ਭਾਈ ਕਾ ਖਿਆਲ ਆ ਰਹਾ ਹੈ

ਸਾਈਂ ਜੀ ਨੇ ਇੱਕ ਦਿਨ ਚੌਬਾਰੇ ਦੇ ਦੁਆਰ ’ਚ ਖੜ੍ਹੇ ਹੋ ਕੇ ਸੇਵਾਦਾਰ ਨੂੰ ਆਵਾਜ਼ ਲਾਈ ਕਿ ਵਰੀ! ਗਾਯ ਕਾ ਦੂਧ ਲੇਕਰ ਆਓ, ਦੂਧ ਪੀਣੇ ਕੀ ਇੱਛਾ ਹੋ ਰਹੀ ਹੈ ਉਹ ਸੇਵਾਦਾਰ ਆਪਣੇ ਘਰ ਗਿਆ, ਸ਼ਾਮ ਨੂੰ ਹੀ ਦੁੱਧ ਲੈ ਕੇ ਆ ਗਿਆ ਸਵੇਰੇ ਫਿਰ ਦੁੱਧ ਲੈ ਆਇਆ ਜਦੋਂ ਤੀਸਰੇ ਪਹਿਰ ਦੁੱਧ ਲੈ ਕੇ ਆਇਆ ਤਾਂ ਸਾਈਂ ਜੀ ਨੇ ਫਰਮਾਇਆ- ‘ਵਰੀ! ਯਹ ਦੂਧ ਨਹੀਂ ਪੀਏਂਗੇ, ਤੇਰਾ ਭਾਈ ਨਿੰਦਕ ਹੈ,

ਇਸਮੇਂ ਉਸਕਾ ਖਿਆਲ ਆ ਰਹਾ ਹੈ’ ਦਰਅਸਲ ਉਸ ਗਾਂ ਲਈ ਹਰੇ-ਚਾਰੇ ਦੀ ਵਿਵਸਥਾ ਕਰਨ ਲਈ ਉਸ ਦਾ ਭਰਾ ਊਠ ’ਤੇ ਘੁੰਮਦੇ ਹੋਏ ਖੇਤਾਂ ਤੋਂ ਬੇਲ ਖੋਦ ਕੇ ਲਿਆਉਂਦਾ ਸੀ ਜਦੋਂ ਸਾਈਂ ਜੀ ਲਈ ਦੁੱਧ ਲੈ ਕੇ ਆਉਂਦੇ ਤਾਂ ਉਸਦੇ ਮਨ ’ਚ ਖਿਆਲ ਆਇਆ ਕਿ ਸਾਰਾ ਦਿਨ ਤਾਂ ਮੈਂ ਘੁੰਮਦਾ ਰਹਿੰਦਾ ਹਾਂ ਅਤੇ ਦੁੱਧ ਇਹ (ਭਰਾ) ਲੈ ਕੇ ਚਲਦਾ ਬਣਦਾ ਹੈ ਅੰਤਰਯਾਮੀ ਦਾਤਾਰ ਜੀ ਨੇ ਉਸ ਦੀ ਨਕਾਰਾਤਮਕ ਸੋਚ ਨੂੰ ਦੂਰ ਬੈਠੇ-ਬੈਠੇ ਹੀ ਮਹਿਸੂਸ ਕਰ ਲਿਆ ਅਤੇ ਉਹ ਦੁੱਧ ਵਾਪਸ ਭੇਜ ਦਿੱਤਾ

ਲ ਸਾਈਂ ਜੀ ਨੇ ਜਦੋਂ ਲਾਇਆ ਕੰਕਰੀਟ ਦਾ ਸਿਰਹਾਣਾ-

ਸਾਈਂ ਜੀ ਦੇ ਚੋਜ਼ ਬੜੇ ਨਿਰਾਲੇ ਸਨ, ਅਕਸਰ ਉਹ ਅਜਿਹੇ ਖੇਡ ਕਰਦੇ ਕਿ ਲੋਕਾਂ ਲਈ ਹੈਰਤ ਦਾ ਵਿਸ਼ਾ ਬਣ ਜਾਂਦਾ ਦੱਸਦੇ ਹਨ ਕਿ ਜਦੋਂ ਸਾਈਂ ਜੀ ਪਿੰਡ ’ਚ ਪਧਾਰੇ ਹੋਏ ਸਨ ਤਾਂ ਉਨ੍ਹਾਂ ਦਿਨਾਂ ’ਚ ਦਰਬਾਰ ਦੇ ਕੋਲੋਂ ਲੰਘਦੀ ਨਹਿਰ ’ਤੇ ਪੁਲ ਬਣ ਰਿਹਾ ਸੀ ਉੱਥੇ ਇੱਟਾਂ ਨੂੰ ਤੋੜ ਕੇ ਰੋੜੀ ਬਣਾਈ ਗਈ ਸੀ, ਸਾਈਂ ਜੀ ਨੇ ਉਹ ਰੋੜੀ ਮੰਗਵਾ ਕੇ ਉਸ ਨੂੰ ਸੀਮਿੰਟ ਦੇ ਗੱਟ ’ਚ ਭਰਵਾ ਕੇ ਆਪਣੇ ਵਿਸ਼ਰਾਮ ਵਾਲੇ ਸਥਾਨ ’ਤੇ ਰਖਵਾ ਦਿੱਤਾ ਬਾਅਦ ’ਚ ਸਾਈਂ ਜੀ ਉਸ ਗੱਟੇ ਨੂੰ ਸਿਰਹਾਣੇ ਦੇ ਤੌਰ ’ਤੇ ਵਰਤੋਂ ਕਰਨ ਲੱਗੇ

ਮੌਜ਼ੂਦਾ ਸਮੇਂ ’ਚ ਵੀ ਉਹ ਗੱਟਾ ਧਾਮ ’ਚ ਸੇਵਾਦਾਰਾਂ ਨੇ ਬਤੌਰ ਸ਼ਾਹੀ ਨਿਸ਼ਾਨੀ ਦੇ ਰੂਪ ’ਚ ਸੰਭਾਲ ਕੇ ਰੱਖਿਆ ਹੋਇਆ ਹੈ ਦੱਸਦੇ ਹਨ ਕਿ ਇੱਕ ਵਾਰ ਕੋਈ ਸਤਿਸੰਗੀ ਭਾਈ ਉਸ ਕੰਕਰੀਟਨੁੰਮਾ ਰੋੜੀ ’ਚੋਂ ਕੁਝ ਕੰਕਰ ਦੇ ਟੁਕੜੇ ਚੁੱਕ ਕੇ ਆਪਣੇ ਘਰ ਲੈ ਗਿਆ ਸੀ, ਪਰ ਇੱਕ ਸਾਲ ਬਾਅਦ ਵਾਪਸ ਲੈ ਆਇਆ ਕਿ ਜਦੋਂ ਤੋਂ ਉਹ ਇਹ ਰੋੜੀ ਲੈ ਕੇ ਗਿਆ ਹੈ, ਘਰ ’ਚ ਸਭ ਨੂੰ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਹੈ

ਜਦੋਂ ਮੌਜ ’ਚ ਆ ਕੇ ਦਰਬਾਰ ਦਾ ਨਾਂਅ ਰੱਖਿਆ ਮੌਜ ਮਸਤਪੁਰਾ ਧਾਮ

ਧਾਮ ਦੇ ਨਿਰਮਾਣ ਦਾ ਕੰਮ ਉਸ ਦਿਨ ਪੂਰਾ ਹੋ ਚੁੱਕਿਆ ਸੀ ਪੂਜਨੀਕ ਸਾਈਂ ਜੀ ਨੇ ਵਾਪਸ ਜਾਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਜੀ ਨੂੰ ਕੋਲ ਬੁਲਾ ਕੇ ਫਰਮਾਇਆ- ‘ਭਈ! ਆਪਕੇ ਗਾਂਵ ਸੇ ਜਿਸ ਕਿਸੀ ਨੇ ਭੀ ਯਹਾਂ ਦਰਬਾਰ ਬਨਾਨੇ ਮੇਂ ਸੇਵਾ ਕੀ ਹੈ, ਉਨ ਸਭ ਕੋ ਯਹਾਂ ਬੁਲਾ ਲੋ, ਉਨ ਸਭੀ ਕੋ ਹਮ ਪੇ੍ਰਮ ਨਿਸ਼ਾਨੀਆਂ ਦੇਨਾ ਚਾਹਤੇ ਹੈਂ’ ਉਸ ਸਮੇਂ ਪਰਮ ਪਿਤਾ ਜੀ ਪਿੰਡ ਦੇ ਮੁੱਖ ਸੇਵਾਦਾਰ ਸਨ, ਇਸ ਲਈ ਉਨ੍ਹਾਂ ਦੀ ਇੱਛਾ ਸੀ ਕਿ ਕੋਈ ਵੀ ਸੇਵਾਦਾਰ ਰਹਿ ਨਾ ਜਾਵੇ ਪਿੰਡ ਦੇ ਹਰ ਉਸ ਵਿਅਕਤੀ ਤੱਕ ਸੰਦੇਸ਼ ਪਹੁੰਚਾਇਆ ਗਿਆ, ਜੋ ਸੇਵਾ ’ਚ ਰਿਹਾ ਇੱਥੋਂ ਤੱਕ ਕਿ ਸਕੂਲ ਦੇ ਉਨ੍ਹਾਂ ਬੱਚਿਆਂ ਨੂੰ ਵੀ ਬੁਲਵਾ ਲਿਆ, ਜਿਨ੍ਹਾਂ ਨੇ ਸਾਈਂ ਜੀ ਦੇ ਸੰਦੇਸ਼ (ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ) ਨੂੰ ਗਲੀ-ਗਲੀ ’ਚ ਪਹੁੰਚਾਇਆ ਸੀ ਪੂਜਨੀਕ ਪਰਮ ਪਿਤਾ ਜੀ ਨੇ ਸੰਗਤ ਨੂੰ ਸਮਝਾ ਦਿੱਤਾ ਕਿ ਸਭ ਨੇ ਸਾਈਂ ਜੀ ਤੋਂ ਉਨ੍ਹਾਂ ਦਾ ਪ੍ਰੇਮ ਹੀ ਮੰਗਣਾ ਹੈ ਸ਼ਾਮ ਕਰੀਬ 4 ਵਜੇ ਸਾਈਂ ਜੀ ਗੁਫ਼ਾ ਤੋਂ ਬਾਹਰ ਆਏ ਤਾਂ ਸਾਰੀ ਸੰਗਤ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸਾਈਂ ਜੀ, ਸਾਨੂੰ ਤਾਂ ਤੁਹਾਡਾ ਪਿਆਰ ਚਾਹੀਦਾ ਹੈ ਅਤੇ ਹੋਰ ਕੁਝ ਲੈਣ ਦੀ ਇੱਛਾ ਨਹੀਂ ਹੈ

ਇਸ ’ਤੇ ਸਾਈਂ ਜੀ ਬੋਲੇ- ‘ਯਹਾਂ ਸੇ ਹਮ ਚੋਰਮਾਰ ਜਾ ਰਹੇ ਹੈਂ, ਵਹਾਂ ਸੇਵਾਦਾਰਾਂ ਕੋ ਦਾਤੇਂ ਦੇਂਗੇ, ਫਿਰ ਆਪਕਾ ਮਨ ਮਰੋੜਾ ਖਾਏਗਾ ਕਿ ਹਮੇਂ ਕਿਉਂ ਨਹੀਂ ਮਿਲਾ!’ ਸੰਗਤ ਨੇ ਫਿਰ ਤੋਂ ਉਹੀ ਗੱਲ ਦੁਹਰਾਈ ਕਿ ਨਹੀਂ ਸਾਈਂ ਜੀ, ਸਾਨੂੰ ਤਾਂ ਬਸ ਤੁਹਾਡਾ ਪਿਆਰ ਚਾਹੀਦਾ ਸਾਈਂ ਜੀ ਇਹ ਦੇਖ ਕੇ ਬਹੁਤ ਖੁਸ਼ ਹੋਏ, ਫਰਮਾਇਆ- ਵਾਹ ਭਈ! ਇਸ ਗਾਂਵ ਕਾ ਪ੍ਰੇਮ ਵਾਸਤਵ ਮੇਂ ਬੜਾ ਹੀ ਜ਼ਬਰਦਸਤ ਹੈ ਯਹ ਮੌਜ ਮਸਤ ਹੋ ਉਠੀ ਸੇਵਾਦਾਰ ਬੰਤਾ ਸਿੰਘ ਦੇ 60 ਸਾਲ ਦੇ ਭਤੀਜੇ ਨਛੱਤਰ ਸਿੰਘ ਦੱਸਦੇ ਹਨ ਕਿ ਉਸ ਦਿਨ ਸਾਈਂ ਜੀ ਬਹੁਤ ਹੀ ਖੁਸ਼ ਹੋਏ ਅਤੇ ਉਸ ਸਮੇਂ ਡੇਰੇ ਦਾ ਨਾਂਅ ਬਦਲਦੇ ਹੋਏ ਡੇਰਾ ਸੱਚਾ ਸੌਦਾ ਮਸਤਪੁਰਾ ਧਾਮ ਤੋਂ ‘ਮੌਜ ਮਸਤਪੁਰਾ ਧਾਮ’ ਰੱਖ ਦਿੱਤਾ ਉਹ ਦੱਸਦੇ ਹਨ ਕਿ ਇਸ ਦੌਰਾਨ ਸਾਈਂ ਜੀ ਨੇ ਹੋਰ ਵੀ ਬਹੁਤ ਸਾਰੇ ਬਚਨ ਫਰਮਾਏ ਕਿ ‘ਇਹ ਡੇਰੇ ਕੇ ਰੂਪ ਮੇਂ ਆਪਕੇ ਲੀਏ ਏਕ ਥਾਣਾ ਬਨਾਕਰ ਜਾ ਰਹੇ ਹੈਂ ਯਹਾਂ ਮਨ ਕੋ ਨਕੇਲ ਡਲੇਗੀ ਯਹਾਂ ਜਬ ਭੀ ਆਓਗੇ ਤੁਮ੍ਹੇਂ ਸਤਿਗੁਰੂੂ ਕੀ ਯਾਦ ਆਏਗੀ ਯਦਿ ਤੁਮ ਯਹਾਂ ਡੇਰੇ ਮੇਂ ਆਕਰ ਬੈਠੋਗੇ, ਲੇਟੋਗੇ ਜਾਂ ਆਕਰ ਸੌਂ ਭੀ ਗਏ ਤੋ ਭੀ ਤੁਮ੍ਹਾਰਾ ਸਿਮਰਨ ਬਣੇਗਾ’

ਜਦੋਂ ਸਾਈਂ ਜੀ ਨੇ ਮੰਗਵਾਈ ਸੀ ਲਾਲ ਰੰਗ ਦੀ ਬਹੀ

ਸਾਈਂ ਜੀ ਅਕਸਰ ਆਪਣੀਆਂ ਗੱਲਾਂ ’ਚ ਪੂਜਨੀਕ ਪਰਮ ਪਿਤਾ ਜੀ ਦਾ ਜ਼ਿਕਰ ਕਰਦੇ ਰਹਿੰਦੇ ਅਤੇ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਇੱਕ ਦਿਨ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਸਪੈਸ਼ਲ ਕਹਿ ਕੇ ਉਨ੍ਹਾਂ ਦੀ ਲਾਲ ਰੰਗ ਦੀ ਬਹੀ ਮੰਗਵਾਈ ਅਤੇ ਦਰਬਾਰ ’ਚ ਪੂਰਬ ਦਿਸ਼ਾ ਵੱਲ ਦੋਵੇਂ ਇਕਾਂਤ ’ਚ ਜਾ ਕੇ ਕਾਫ਼ੀ ਲੰਮੇਂ ਸਮੇਂ ਤੱਕ ਚਰਚਾ ਕਰਦੇ ਰਹੇ ਵਾਪਸ ਆ ਕੇ ਸਾਈਂ ਜੀ ਨੇ ਫਰਮਾਇਆ- ‘ਹਰਬੰਸ ਸਿੰਘ ਜੀ, ਹਮਨੇ ਆਪਕਾ ਇਮਿਤਹਾਨ ਲੀਆ, ਲੇਕਿਨ ਆਪਕੋ ਪਤਾ ਭੀ ਨਹੀਂ ਚਲਨੇ ਦੀਆ ਅਗਲੀ ਸਵੇਰ ਫਿਰ ਸਾਈਂ ਜੀ ਨਹਿਰ ਦੇ ਨਾਲ ਪੱਛਮ ਦਿਸ਼ਾ ਵੱਲ ਕਾਫ਼ੀ ਦੂਰ ਤੱਕ ਪੂਜਨੀਕ ਪਰਮ ਪਿਤਾ ਜੀ ਨੂੰ ਨਾਲ ਲੈ ਕੇ ਚੱਲਦੇ ਰਹੇ

ਅਤੇ ਗੰਭੀਰਤਾ ਨਾਲ ਕਾਫ਼ੀ ਕੁਝ ਸਮਝਾਉਂਦੇ ਵੀ ਰਹੇ ਬੂਟਾ ਸਿੰਘ ਮੁਨੀ ਦੱਸਦੇ ਹਨ ਕਿ ਇਹ ਦ੍ਰਿਸ਼ ਬਹੁਤ ਸਾਰੇ ਸੇਵਾਦਾਰਾਂ ਨੇ ਦੇਖਿਆ ਸੀ, ਪਰ ਦੋਵੇਂ ਰੂਹਾਨੀ ਬਾਡੀਆਂ ’ਚ ਕੀ ਗੱਲਬਾਤ ਹੋਈ, ਇਹ ਕੋਈ ਨਹੀਂ ਜਾਣਦਾ ਦਰਅਸਲ ਇਹ ਰੂਹਾਨੀ ਮਿਲਣ ਹੀ ਸੀ, ਜੋ ਏਨੀ ਸ਼ਿੱਦਤ ਨਾਲ ਚਰਚਾ ਹੋ ਰਹੀ ਸੀ

ਸਤਿਗੁਰੂ ਕੇ ਹਾਥ ਬਹੁਤ ਲੰਬੇ ਹੈਂ!

ਸਾਈਂ ਜੀ, ਇੱਕ ਵਾਰ ਮਜ਼ਾਕੀਆ ਲਹਿਜ਼ੇ ’ਚ ਪਰਮ ਪਿਤਾ ਜੀ ਦੇ ਲੰਗੋਟੀਆ ਯਾਰ ਮੱਖਣ ਸਿੰਘ (ਸ਼ੇਰ ਸਿੰਘ) ਤੋਂ ਪੁੱਛਣ ਲੱਗੇ ਕਿ ਸੁਣਿਆ ਹੈ ਕਿ ਸਰਦਾਰ ਜੀ (ਪੂਜਨੀਕ ਪਰਮ ਪਿਤਾ ਜੀ ਨੂੰ ਪਿਆਰ ਨਾਲ ਲੰਬੂ ਜਾਂ ਸਰਦਾਰ ਵਰਗੇ ਨਾਂਅ ਨਾਲ ਪੁਕਾਰਦੇ ਸਨ) ਦੇ ਕੋਲ ਬਹੁਤ ਪੈਸੇ ਹਨ ਦੱਸੋ ਕਿੰਨੇ ਪੈਸੇ ਹਨ? ਤਾਂ ਉਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲ 40 ਹਜ਼ਾਰ ਰੁਪਏ ਨਗਦ ਹਨ ਜੀ ਸਾਈਂ ਜੀ ਨੇ ਫਿਰ ਫਰਮਾਇਆ- ‘ਯੇ ਪੈਸਾ ਤੋ ਲੇਂਗੇ ਇਨਸੇ!’ ਸੇਵਾਦਾਰ ਬੋਲਿਆ- ਸਾਈਂ ਜੀ, ਇਹ ਬਹੁਤ ਸੂਮ (ਕੰਜੂਸ) ਹਨ, ਲੱਗਦਾ ਨਹੀਂ ਕਿ ਇਹ ਕੁਝ ਦੇ ਦੇਣਗੇ ‘ਭਾਈ! ਸਤਿਗੁਰੂ ਕੇ ਹਾਥ ਬਹੁਤ ਲੰਬੇ ਹੈਂ, ਲੇ ਲੇਂਗੇ ਫਿਕਰ ਨਾ ਕਰ, ਤੂੰ ਖੁਦ ਦੇਖੇਗਾ?’ ਸਮਾਂ ਗੁਜ਼ਰਿਆ,

ਸਾਈਂ ਜੀ ਨੇ ਚੋਜ਼ ਖੇਡਿਆ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪੂਜਨੀਕ ਪਰਮ ਪਿਤਾ ਜੀ ਨੂੰ ਹੁਕਮ ਹੋਇਆ ਕਿ ਆਪਣੇ ਘਰ ਦੀ ਸੂਈ ਤੋਂ ਲੈ ਕੇ ਵੱਡੇ ਤੋਂ ਵੱਡਾ ਸਮਾਨ ਇੱਥੇ ਦਰਬਾਰ (ਸਰਸਾ) ’ਚ ਲੈ ਕੇ ਆਓ ਪਰਮ ਪਿਤਾ ਜੀ ਨੇ ਝੱਟ ਸ਼ਾਹੀ ਬਚਨਾਂ ਨੂੰ ਪੂਰਾ ਕੀਤਾ ਅਤੇ ਸਮਾਨ ਦਾ ਢੇਰ ਲਾ ਦਿੱਤਾ ਸਾਈਂ ਜੀ ਨੇ ਪੁੱਛਿਆ- ‘ਯਹ ਸਮਾਨ ਕਿਸਕਾ ਹੈ ਭਈ!’ ਪਰਮ ਪਿਤਾ ਜੀ ਕਹਿਣ ਲੱਗੇ- ‘ਸਾਈਂ ਜੀ, ਇਹ ਸਭ ਤੁਹਾਡਾ ਹੀ ਤਾਂ ਹੈ’ ਕਹਿੰਦੇ ਹਨ ਕਿ ਉਸ ਦੌਰਾਨ ਸਾਈਂ ਜੀ ਨੇ ਸੇਵਾਦਾਰ ਮੱਖਣ ਸਿੰਘ ਨੂੰ ਬੁਲਾ ਲਿਆ ਅਤੇ ਕਹਿਣ ਲੱਗੇ- ‘ਹਾਂ ਭਈ! ਤੂੰ ਤੋ ਕਹਿ ਰਹਾ ਥਾ ਕਿ ਯੇ ਸੂਮ ਹੈ, ਅਬ ਬਤਾ?’ ਇਸ ’ਤੇ ਸੇਵਾਦਾਰ ਮੱਖਣ ਸਿੰਘ ਨੇ ਕੰਨ ਫੜ ਲਏ ਅਤੇ ਮੁਆਫ਼ੀ ਮੰਗਣ ਲੱਗਿਆ

ਜਦੋਂ ਸਾਈਂ ਜੀ ਨੇ ਫਰਮਾਇਆ- ਵਰੀ! ਯੇ ਜਲਾਲਆਣਾ-ਕਾ ਡੇਰਾ ਢਹਾਣਾ ਹੈ!!

ਜਦੋਂ ਸ੍ਰੀ ਜਲਾਲਆਣਾ ਸਾਹਿਬ ਦਾ ਡੇਰਾ ਤਕਰੀਬਨ ਬਣ ਕੇ ਤਿਆਰ ਹੋ ਗਿਆ ਤਾਂ ਸਾਈਂ ਜੀ ਨੇ ਅਚਾਨਕ ਸੇਵਾਦਾਰਾਂ ਨੂੰ ਆਪਣੇ ਕੋਲ ਬੁਲਾਇਆ ਸਾਈਂ ਜੀ ਫਰਮਾਉਣ ਲੱਗੇ- ਵਰੀ! ਯੇ ਡੇਰਾ ਢਹਾਣਾ ਹੈ ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਦਾ ਵੈਰਾਗ ਛਲਕ ਆਇਆ ਅਰਜ਼ ਕੀਤੀ ਕਿ- ਸਾਈਂ ਜੀ, ਇਹ ਡੇਰਾ ਨਾ ਢਹਾਓ ਜੀ ਉੱਧਰ ਸੇਵਾਦਾਰ ਮੱਖਣ ਸਿੰਘ ਝੱਟ ਤੋਂ ਬੋਲ ਪਿਆ ਕਿ ਸਾਈਂ ਜੀ ਢਹਾ ਦਿੰਦੇ ਹਾਂ ਇਹ ਦੇਖ ਕੇ ਸਾਈਂ ਜੀ ਇੱਕ ਸਾਖੀ ਸੁਣਾਉਣ ਲੱਗੇ ਕਿ ਇੱਕ ਵਾਰ ਇੱਕ ਰਾਜਾ ਦੇ ਦਰਬਾਰ ’ਚ ਦੋ ਮਹਿਲਾਵਾਂ ’ਚ ਇੱਕ ਬੱਚੇ ਨੂੰ ਲੈ ਕੇ ਵਿਵਾਦ ਹੋ ਗਿਆ ਕਿ ਇਹ ਬੱਚਾ ਕਿਸ ਦਾ ਹੈ? ਦੋਵੇਂ ਦਾਅਵਾ ਜਤਾ ਰਹੀਆਂ ਸਨ,

ਕਿ ਇਹ ਬੱਚਾ ਉਸ ਦਾ ਹੈ ਰਾਜਾ ਨੇ ਵਜੀਰ ਨੂੰ ਬੁਲਾਇਆ ਅਤੇ ਕਿਹਾ ਕਿ ਇਸ ਵਿਵਾਦ ਦਾ ਕੀ ਹੱਲ ਕੱਢਿਆ ਜਾਵੇ? ਵਜੀਰ ਬੋਲਿਆ- ਮਹਾਰਾਜ, ਬੜਾ ਆਸਾਨ ਤਰੀਕਾ ਹੈ ਉਸ ਨੇ ਮਹਿਲਾਵਾਂ ਨੂੰ ਕਿਹਾ ਕਿ ਸੱਚ-ਸੱਚ ਦੱਸੋ ਕਿ ਇਹ ਬੱਚਾ ਕਿਸ ਦਾ ਹੈ? ਪਰ ਉਹ ਦੋਵੇਂ ਆਪਣੀ ਗੱਲ ’ਤੇ ਅੜੀਆਂ ਰਹੀਆਂ ਆਖਰ ਵਜ਼ੀਰ ਨੇ ਕਿਹਾ ਕਿ ਅਜਿਹਾ ਕਰਦੇ ਹਾਂ ਕਿ ਇਸ ਬੱਚੇ ਨੂੰ ਅੱਧਾ-ਅੱਧਾ ਕਰਕੇ ਦੋਵਾਂ ’ਚ ਵੰਡ ਦਿੰਦੇ ਹਾਂ ਇਸ ’ਤੇ ਇੱਕ ਮਹਿਲਾ ਬੋਲੀ- ਨਹੀਂ ਮਹਾਰਾਜ, ਅਜਿਹਾ ਨਾ ਕਰਨਾ, ਇਹ ਬੱਚਾ ਦੂਜੀ ਔਰਤ ਨੂੰ ਦੇ ਦਿਓ ਭਾਵ ਉਸ ਦੀ ਮਮਤਾ ਜਾਗ ਉੱਠੀ ਉਹ ਆਪਣੇ ਜਿਗਰ ਦੇ ਟੁਕੜੇ ਨੂੰ ਟੁਕੜਿਆਂ ’ਚ ਵੰਡਦੇ ਹੋਏ ਨਹੀਂ ਦੇਖ ਸਕਦੀ ਸੀ ਸਾਈਂ ਜੀ ਨੇ ਫਰਮਾਇਆ- ‘ਵਰੀ! ਐਸੇ ਤਰ੍ਹਾਂ ਹੀ ਸਰਦਾਰ ਹਰਬੰਸ ਸਿੰਘ ਕੋ ਦਰਦ ਹੋ ਰਿਹਾ ਹੈ ਡੇਰਾ ਢਹਾਣੇ ਵਾਲੀ ਬਾਤ ਸੇ ਇਨਕੀ ਮਿਹਨਤ ਵ ਪੈਸਾ ਲਗਾ ਹੂਆ ਹੈ ਲੇਕਿਨ ਮੱਖਣ ਸਿੰਘ ਕਾ ਇਸਮੇਂ ਆਨਾ ਖਰਚ ਨਹੀਂ ਹੂਆ ਤੋ ਉਸ ਨੇ ਝੱਟ ਸੇ ਹਾਂ ਕਰ ਦੀ ਚਲੋ, ਫਿਰ ਇਸ ਡੇਰੇ ਕੋ ਨਹੀਂ ਢਹਾਤੇ’

ਪਾਕਿਸਤਾਨ ਤੋਂ ਵਿੱਛੜੀ ਸੀ ਰੂਹ, ਸਾਈਂ ਜੀ ਨੇ ਸਪੈਸ਼ਲ ਦਿੱਤਾ ‘ਨਾਮ’

ਸੰਤ-ਸਤਿਗੁਰੂ ਜਿਸ ਦੀ ਬਾਂਹ ਫੜ ਲੈਂਦੇ ਹਨ ਉਸ ਨੂੰ ਕਦੇ ਭਵਸਾਗਰ ’ਚ ਭਟਕਣ ਨਹੀਂ ਦਿੰਦੇ ਅਜਿਹੇ ਹੀ ਨਜ਼ਾਰੇ ਦੇ ਸਾਕਸ਼ੀ ਰਹੇ ਸਾਬਕਾ ਸਰਪੰਚ ਜਮਨਾਦਾਸ ਇੰਸਾਂ ਦੱਸਦੇ ਹਨ ਕਿ ਉਨ੍ਹਾਂ ਦੀ ਦਾਦੀ ਲਕਸ਼ਮੀ ਰਾਣੀ ਨੇ ਸੰਨ 1942 ’ਚ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਪਾਕਿਸਤਾਨ ਦੇ ਸ਼ਹਿਰ ਮਿੰਟਗੁਮਾਰੀ ’ਚ ਨਾਮ-ਦਾਨ ਲਿਆ ਸੀ ਉਸ ਦੌਰਾਨ ਮੇਰੇ ਪਿਤਾ ਮੋਹਨ ਸਿੰਘ ਦੀ ਉਮਰ ਛੋਟੀ ਸੀ ਸ਼ਾਇਦ ਪੂਜਨੀਕ ਬਾਬਾ ਜੀ ਦੀ ਉਨ੍ਹਾਂ ’ਤੇ ਦਇਆ ਦ੍ਰਿਸ਼ਟੀ ਰਹੀ, ਜੋ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਨ 1957 ’ਚ ਸ੍ਰੀ ਜਲਾਲਆਣਾ ਸਾਹਿਬ ’ਚ ਸਪੈਸ਼ਲ ਬੁਲਾ ਕੇ ਨਾਮ-ਦਾਨ ਦੇ ਕੇ ਉੱਧਾਰ ਕੀਤਾ ਉਹ ਦੱਸਦੇ ਹਨ

ਕਿ ਉਨ੍ਹਾਂ ਦਾ ਪਰਿਵਾਰ ਪਿੱਲਾ ਗੁਲਾਬੀ ਸ਼ਯੋ ਵਾਲਾ ਪਿੰਡ ’ਚ ਰਹਿੰਦਾ ਸੀ, ਪਰ ਵੰਡ ਤੋਂ ਬਾਅਦ ਜਲਾਲਾਬਾਦ ’ਚ ਆ ਗਿਆ ਅਤੇ ਉੱਥੋਂ ਸ੍ਰੀ ਜਲਾਲਆਣਾ ਸਾਹਿਬ ਆ ਪਹੁੰਚੇ ਜਦੋਂ ਸਾਈਂ ਜੀ ਪਿੰਡ ’ਚ ਦੂਜੀ ਵਾਰ ਸਤਿਸੰਗ ਕਰਨ ਪਧਾਰੇ ਤਾਂ ਇੱਕ ਰਾਤ ਸੇਵਾਦਾਰਾਂ ਨੂੰ ਹੁਕਮ ਫਰਮਾਇਆ, ‘ਲਾਓ ਭਈ! ਅਭੀ ਜਾਕਰ ਗਾਂਵ ਸੇ ਏਕ ਰੂਹ ਕੋ ਲੇਕਰ ਆਓ, ਉਸੇ ਜ਼ਰੂਰ ਨਾਮ ਦੇਨਾ ਹੈ’ ਰਾਤ ਦਾ ਕਰੀਬ ਇੱਕ ਵੱਜਿਆ ਸੀ ਪ੍ਰੇਮੀ ਬੰਤਾ ਸਿੰਘ ਅਤੇ ਗੱਜਣ ਸਿੰਘ ਪਿੰਡ ’ਚ ਗਏ ਅਤੇ ਮੋਹਨ ਲਾਲ ਅਰੋੜਾ ਨੂੰ ਘਰ ਤੋਂ ਲੈ ਕੇ ਆਏ ਪੂਜਨੀਕ ਸਾਈਂ ਜੀ ਨੇ ਮੋਹਨ ਲਾਲ ਨੂੰ ਰਾਤ ਨੂੰ ਹੀ ਤੰਬੂ ’ਚ ਬਿਠਾ ਕੇ ਨਾਮ ਦੀ ਇਲਾਹੀ ਦਾਤ ਦਿੱਤੀ ਅਤੇ ਬਚਨ ਫਰਮਾਇਆ, ‘ਭਾਈ! ਯਹ ਏਕ ਸਪੈਸ਼ਲ ਨਾਮ ਹੈ ਮਾਲਿਕ ਕਾ ਜੋ ਹੁਕਮ ਥਾ, ਵਹ ਪੂਰਾ ਹੋ ਗਿਆ ਹੈ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!