ਇੱਥੇ ਆ ਕੇ ਮਸਤ ਹੋ ਉੱਠੀ ਸੀ ਮੌਜ | ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ ਸ਼੍ਰੀ ਜਲਾਲਾਣਾ ਸਾਹਿਬ

ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਜੜਿਤ ਸ੍ਰੀ ਜਲਾਲਆਣਾ ਸਾਹਿਬ ਪਿੰਡ ਦਾ ਰੁਤਬਾ ਬੜਾ ਮਹਾਨ ਹੈ ਇੱਥੋਂ ਦੀ ਪਾਵਨ ਧਰਾ ਨੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਲ ਕੀਤਾ ਹੈ, ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਾਲ 1957 ਵਿੱਚ ਕਈ ਵਾਰ ਅਜਿਹੇ ਅਲੌਕਿਕ ਸੰਦੇਸ਼ ਦੇਣ ਦਾ ਯਤਨ ਕੀਤਾ ਕਿ ਭਵਿੱਖ ’ਚ ਇਹ ਪਿੰਡ ਤੀਰਥ ਸਥਾਨ ਬਣ ਜਾਏਗਾ


ਪੂਜਨੀਕ ਸਾਈਂ ਜੀ ਨੇ ਆਪਣੀ ਦਇਆ-ਦ੍ਰਿਸ਼ਟੀ ਨਾਲ ਇਸ ਪਿੰਡ ’ਚ ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ ਦਾ ਨਿਰਮਾਣ ਕਰਵਾਇਆ ਇਸ ਦਰਬਾਰ ਨੂੰ ਤਿਆਰ ਕਰਨ ਦੀ ਸੇਵਾ ਦਾ ਪੂਰਾ ਦਾਰੋਮਦਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ’ਤੇ ਸੀ ਜਿੰਨੇ ਦਿਨਾਂ ਤੱਕ ਸੇਵਾ ਦਾ ਕਾਰਜ ਚੱਲਿਆ, ਆਪ ਜੀ ਦਿਨ-ਰਾਤ ਇਸੇ ਕੰਮ ’ਚ ਜੁਟੇ ਰਹਿੰਦੇ ਪਿੰਡ ਦੇ ਸੇਵਾਦਾਰਾਂ ਦੀ ਕਦਮ-ਕਦਮ ’ਤੇ ਹੌਸਲਾ ਅਫਜਾਈ ਕਰਦੇ ਅਤੇ ਸੰਗਤ ਨੂੰ ਸੇਵਾ ਲਈ ਪ੍ਰੇਰਿਤ ਕਰਦੇ ਪਿੰਡ ਦੇ ਬਜ਼ੁਰਗ ਦੱਸਦੇ ਹਨ

ਕਿ ਪੂਜਨੀਕ ਪਰਮ ਪਿਤਾ ਜੀ ਕੱਦ-ਕਾਠੀ ’ਚ ਏਨੇ ਮਜ਼ਬੂਤ ਸਨ ਕਿ ਉਹ ਇਕੱਲੇ ਹੀ 5-5 ਜਣਿਆਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਅਤੇ ਕਦੇ ਥਕਾਵਟ ਵੀ ਮਹਿਸੂਸ ਨਾ ਕਰਦੇ ਇੱਟਾਂ ਕੱਢਣ ਦੀ ਸੇਵਾ ਕਾਫ਼ੀ ਸਮੇਂ ਤੱਕ ਚੱਲਦੀ ਰਹੀ, ਇਸ ਦੌਰਾਨ ਪਰਮ ਪਿਤਾ ਜੀ ਖੁਦ ਗਾਰਾ ਬਣਾਉਂਦੇ ਅਤੇ ਬਾਅਦ ’ਚ ਉਸ ਗਾਰੇ ਨਾਲ ਇੱਟਾਂ ਬਣਾਉਣ ਲਈ ਗੋਲੇ ਤਿਆਰ ਕਰਦੇ ਦੱਸਦੇ ਹਨ ਕਿ ਗੱਜਣ ਸਿੰਘ ਮੁੰਨੀ ਗਾਰੇ ਦਾ ਇੱਕ ਗੋਲਾ ਕੱਟਦਾ ਤਾਂ ਓਨੇ ਸਮੇਂ ’ਚ ਹੀ ਪਰਮ ਪਿਤਾ ਜੀ 5 ਗੋਲੇ ਤਿਆਰ ਕਰ ਦਿੰਦੇ ਅਤੇ ਉਹ ਵੀ ਪੂਰੇ ਨਾਪ-ਤੋਲ ਕੇ ਇਹ ਦਰਬਾਰ ਸੰਨ 1957 ’ਚ ਬਣ ਕੇ ਤਿਆਰ ਹੋ ਗਿਆ, ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਇੱਥੇ ਪਧਾਰੇ ਅਤੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਨਾਲ ਧਾਮ ਨੂੰ ਰੂਹਾਨੀਅਤ ਦੀ ਖੁਸ਼ਬੂ ਨਾਲ ਮਹਿਕਾ ਦਿੱਤਾ ਸਾਈਂ ਜੀ ਉਸ ਦੌਰਾਨ 18 ਦਿਨਾਂ ਤੱਕ ਇਸ ਡੇਰੇ ’ਚ ਰਹੇ ਅਤੇ ਕਈ ਨਿਰਾਲੇ ਖੇਡ ਦਿਖਾਏ

Table of Contents

ਪੇਸ਼ ਹੈ ਸ੍ਰੀ ਜਲਾਲਆਣਾ ਸਾਹਿਬ ਨਾਲ ਜੁੜੀਆਂ ਅਨੋਖੀ ਰੂਹਾਨੀ ਲੀਲ੍ਹਾਵਾਂ ਦਾ ਬਾਕੀ ਹਿੱਸਾ, ਉੱਥੋਂ ਦੇ ਲੋਕਾਂ ਦੀ ਜ਼ੁਬਾਨੀ:-

ਅਜ਼ਬ ਚੋਜ਼, ਗਜ਼ਬ ਭਗਤੀ

ਦਰਬਾਰ ਬਣਾਉਣ ਦੀ ਸੇਵਾ ਚੱਲ ਰਹੀ ਸੀ ਉਨ੍ਹਾਂ ਦਿਨਾਂ ’ਚ ਡੇਰੇ ’ਚ ਇੱਕ ਬੱਕਰੀ ਵੀ ਰੱਖੀ ਹੋਈ ਸੀ ਦੱਸਦੇ ਹਨ ਕਿ ਸਾਈਂ ਜੀ ਨੇ ਸੇਵਾਦਾਰ ਚੰਦ ਸਿੰਘ ਨੂੰ ਹੁਕਮ ਫਰਮਾਇਆ ਕਿ ‘ਭਈ, ਤੂਨੇ ਆਜ ਇਸ ਬੱਕਰੀ ਕੋ ਜ਼ਮੀਨ ਪਰ ਨੀਚੇ ਮੇਂਗਣੇ ਵ ਪੇਸ਼ਾਬ ਨਹੀਂ ਕਰਨੇ ਦੇਨਾ ਯਹੀ ਤੇਰੀ ਡਿਊਟੀ ਹੈ’ ਆਪਣੇ ਮੁਰਸ਼ਿਦ ਦੇ ਬਚਨ ਨੂੰ ਸੇਵਾਦਾਰ ਚੰਦ ਸਿੰਘ ਨੇ ਬੜੇ ਤਨ ਮਨ ਨਾਲ ਨਿਭਾਇਆ ਦੱਸਦੇ ਹਨ ਕਿ ਪੂਰੀ ਰਾਤ ਉਹ ਸੇਵਾਦਾਰ ਜਾਗਦਾ ਰਿਹਾ ਅਤੇ ਡੱਬਾ ਲੈ ਕੇ ਉਸ ਬੱਕਰੀ ਦੇ ਪਿੱਛੇ-ਪਿੱਛੇ ਘੁੰਮਦਾ ਰਿਹਾ, ਪਰ ਬਚਨਾਂ ’ਚ ਕਾਟ ਨਹੀਂ ਆਉਣ ਦਿੱਤੀ ਸਵੇਰੇ ਸਾਈਂ ਜੀ ਨੇ ਜਦੋਂ ਦੇਖਿਆ ਕਿ ਸੇਵਾਦਾਰ ਤਾਂ ਆਪਣੀ ਡਿਊਟੀ ’ਤੇ ਜੱਸ ਦਾ ਤੱਸ ਡਟਿਆ ਹੋਇਆ ਹੈ ਸਾਈਂ ਜੀ ਬੋਲੇ- ‘ਵਾਹ ਭਈ! ਆਪਕੀ ਭਗਤੀ ਮਨਜ਼ੂਰ ਹੋ ਗਈ, ਆਪਨੇ ਅਪਨਾ ਧਿਆਨ ਏਕ ਜਗ੍ਹਾ ਲਗਾਏ ਰੱਖਾ, ਯਹ ਹੁਕਮ ਕੀ ਭਗਤੀ ਹੈ’

ਉਠਾਓ ਭਈ ਯੇ ਪੈਸਾ ਯਹ ਤੋ ਕੂੜ ਕੀ ਮਾਇਆ ਹੈ!

ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸਾਈਂ ਜੀ ਪਿੰਡ ’ਚ ਪਹਿਲੀ ਵਾਰ ਪਧਾਰੇ ਹੋਏ ਸਨ ਉਨ੍ਹਾਂ ਦਿਨਾਂ ’ਚ ਇਲਾਕੇ ’ਚ ਚੂਹੜ ਸਿੰਘ ਨਾਮਕ ਇੱਕ ਬਜ਼ੁਰਗ ਹੋਇਆ ਕਰਦਾ ਸੀ, ਜੋ ਰਿੱਧੀ-ਸਿੱਧੀ ਦਾ ਚੰਗਾ ਜਾਣਕਾਰ ਸੀ ਸਾਈਂ ਜੀ ਦਾ ਸਕੂਲ ’ਚ ਸਤਿਸੰਗ ਚੱਲ ਰਿਹਾ ਸੀ ਉਸ ਨੇ ਉੱਥੇ ਆ ਕੇ ਪੂਜਨੀਕ ਸਾਈਂ ਜੀ ਦੇ ਸਾਹਮਣੇ ਕੁਝ ਪੈਸੇ ਰੱਖ ਦਿੱਤੇ ਅਤੇ ਬੋਲਿਆ ਕਿ ਇਸ ਕੰਮ (ਸਤਿਸੰਗ) ’ਚ ਸਾਡਾ ਵੀ ਕੁਝ ਹਿੱਸਾ ਪਾ ਲਓ ਪੂਜਨੀਕ ਸਾਈਂ ਜੀ ਨੇ ਇਹ ਦੇਖ ਕੇ ਕੋਲ ਖੜ੍ਹੇ ਸੇਵਾਦਾਰ ਮੱਖਣ ਸਿੰਘ ਨੂੰ ਇਸ਼ਾਰਾ ਕਰਦੇ ਹੋਏ ਫਰਮਾਇਆ- ‘ਉਠਾਓ ਭਈ ਯੇ ਪੈਸਾ, ਯਹ ਤੋ ਕੂੜ ਕੀ ਮਾਇਆ ਹੈ ਹਮਾਰੀ ਹੱਕ-ਹਲਾਲ ਕੀ ਕਮਾਈ ਹੈ’ ਸੇਵਾਦਾਰਾਂ ਨੇ ਜਿਉਂ ਹੀ ਉਹ ਪੈਸਾ ਉੱਥੋਂ ਹਟਾਇਆ ਤਾਂ ਪੂਜਨੀਕ ਸਾਈਂ ਜੀ ਨੇ ਉੱਥੇ ਸੋਨੇ, ਚਾਂਦੀ ਤੇ ਰੁਪਇਆਂ ਦੇ ਤਿੰਨ ਵੱਖ-ਵੱਖ ਢੇਰ ਲਾ ਦਿੱਤੇ ਇਹ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ ਪਰ ਉਸ ਦੇ ਮਨ ’ਚ ਦੁਵੈਸ਼ ਪੈਦਾ ਹੋ ਗਿਆ ਉਸ ਨੇ ਈਰਖਾ ਤੇ ਹੰਕਾਰਵਸ਼ ਕਿਹਾ ਕਿ ਬਾਬਾ ਜੀ, ਜਾਂ ਤਾਂ ਤਾਲਾਬ ਨੂੰ ਤੁਸੀਂ ਸੁਕਾ ਕੇ ਦਿਖਾਓ ਜਾਂ ਮੈਂ ਅਜਿਹਾ ਕਰਕੇ ਦਿਖਾਉਂਦਾ ਹਾਂ ਸਾਈਂ ਜੀ ਨੇ ਫਰਮਾਇਆ- ‘ਨਹੀਂ ਭਈ! ਹਮਾਰਾ ਕਾਮ ਜੀਵੋਂ ਕੋ ਪਿਆਸਾ ਮਾਰਨਾ ਨਹੀਂ ਹੈ ਸੰਤ ਤੋ ਸਭਕਾ ਭਲਾ ਕਰਨੇ ਕੇ ਲੀਏ ਆਤੇ ਹੈ’ ਇਹ ਸੁਣ ਕੇ ਉਹ ਸ਼ਾਂਤ ਹੋ ਕੇ ਬੈਠ ਗਿਆ

ਇੱਕ ਲਾਹਵਾਂਗੇ ਤੇ ਇੱਕ ਪਾਵਾਂਗੇ

80 ਸਾਲ ਦੇ ਨਛੱਤਰ ਸਿੰਘ ਦੱਸਦੇ ਹਨ ਉਨ੍ਹਾਂ ਦਿਨਾਂ ’ਚ ਮੈਂ ਚੌਥੀ ਕਲਾਸ ’ਚ ਪੜ੍ਹਦਾ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਦਿਨ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਪਿੰਡ ਦੇ ਸਕੂਲ ’ਚ ਸਤਿਸੰਗ ਕਰ ਰਹੇ ਸਨ ਉਸੇ ਦੌਰਾਨ ਕਿਸੇ ਭਾਈ ਨੇ ਸਵਾਲ ਉਠਾਇਆ ਕਿ ਸਾਈਂ ਜੀ, ਤੁੁਸੀਂ ਖੁਦ ਖੱਦਰ ਦੇ ਕੱਪੜੇ ਪਹਿਨਦੇ ਹੋ, ਸਿਰ ’ਤੇ ਪੱਗ ਵੀ ਫਟੀ ਹੋਈ ਜਿਹੀ ਹੈ,

ਪੈਰਾਂ ’ਚ ਜੁੱਤੀ ਵੀ ਟੁੱਟੀ ਹੈ, ਪਰ ਲੋਕਾਂ ਨੂੰ ਹਮੇਸ਼ਾ ਸੋਨਾ-ਚਾਂਦੀ ਵੰਡਦੇ ਹੋ ਇਸ ਦਾ ਕੀ ਰਾਜ ਹੈ ਜੀ? ਸਾਈਂ ਜੀ ਬੋਲੇ-‘ਭਈ! ਗੱਲ ਸੁਣ, ਹਮੇਂ ਹੁਕਮ ਨਹੀਂ ਹੈ ਅੱਛਾ ਪਹਿਨਣੇ ਕਾ ਜਬ ਹਮ ਤੀਸਰੀ ਬਾੱਡੀ ਮੇਂ ਆਏਂਗੇ ਤੋ ਪਹਿਨਾ ਕਰੇਂਗੇ ਏਕ ਉਤਾਰਾ ਕਰੇਂਗੇ, ਏਕ ਪਹਿਨਾ ਕਰੇਂਗੇ, ਕਾਲ ਕੀ ਲਿੱਦ ਨਿਕਾਲ ਦੇਂਗੇ’ ਉਹ ਕਹਿੰਦੇ ਹਨ ਕਿ ਇਹ ਸਭ ਕੁਝ ਮੈਂ ਆਪਣੇ ਕੰਨਾਂ ਨਾਲ ਸੁਣਿਆ ਹੈ ਮੇਰੇ ਲਈ ਤਾਂ ਅੱਜ ਪੂਜਨੀਕ ਹਜ਼ੂਰ ਪਿਤਾ ਜੀ ਖੁਦ ਮਸਤਾਨਾ ਜੀ ਹੀ ਬਣ ਕੇ ਆਏ ਹੋਏ ਹਨ

ਰੂਹਾਨੀਅਤ ਦੇ ਮਾਸਟਰ ਜੀ ਨੇ ਸਕੂਲੀ ਬੱਚਿਆਂ ਦੀ ਕਰ ਦਿੱਤੀ ਬੱਲੇ-ਬੱਲੇ

ਇੱਕ ਦਿਨ ਰੂਹਾਨੀਅਤ ਦੇ ਮਾਸਟਰ ਸਾਈਂ ਮਸਤਾਨਾ ਜੀ ਮਹਾਰਾਜ ਅਚਾਨਕ ਸਕੂਲ ’ਚ ਜਾ ਪਧਾਰੇ ਉੱਥੇ ਮਾਸਟਰ ਰਘੂਵੀਰ ਸਿੰਘ ਜੋ ਸਾਈਂ ਜੀ ਦੇ ਭਗਤ ਸਨ, ਨੇ ਸਾਰੇ ਬੱਚਿਆਂ ਨੂੰ ਦਰਸ਼ਨਾਂ ਲਈ ਇਕੱਠੇ ਕਰ ਲਿਆ ਪੂਜਨੀਕ ਸਾਈਂ ਜੀ ਨੇ ਸੇਵਾਦਾਰ ਨੂੰ ਕਹਿ ਕੇ ਉਸ ਮਾਸਟਰ ਜੀ ਨੂੰ 42 ਰੁਪਏ ਫੜਾਉਂਦੇ ਹੋਏ ਫਰਮਾਇਆ- ‘ਭਈ! ਇਤਨੇ ਰੁਪਏ ਕੀ ਮਿਠਾਈ ਸਕੂਲ ਮੇਂ ਆਨੇ ਵਾਲੇ ਬੱਚੋਂ ਕੇ ਲੀਏ ਕਿਤਨੇ ਦਿਨ ਤੱਕ ਕਾਫ਼ੀ ਰਹੇਗੀ?’ ਮਾਸਟਰ ਜੀ ਨੇ ਹਿਸਾਬ-ਕਿਤਾਬ ਲਾ ਕੇ ਦਿਨਾਂ ਦੀ ਗਿਣਤੀ ਦੱਸ ਦਿੱਤੀ

ਸਾਈਂ ਜੀ ਨੇ ਫਿਰ ਫਰਮਾਇਆ- ‘ਸਭ ਬੱਚਂੋ ਕੋ ਹਰ ਰੋਜ਼ ਸੁਬ੍ਹਾ ਮਿਠਾਈ ਖਿਲਾਨੀ ਹੈ ਸਭ ਬੱਚੋਂ ਕੋ ਬੋਲ ਦੋ ਕਿ ਸੁਬ੍ਹਾ ਸਕੂਲ ਮੇਂ ਆਨੇ ਸੇ ਪਹਿਲੇ ਗਾਂਵ ਕੀ ਸੱਥ (ਚੌਪਾਲ) ਮੇਂ ਇਕੱਠੇ ਹੋ ਜਾਇਆ ਕਰੇਂ ਔਰ ਪ੍ਰਤੀਦਿਨ ਯਹ ਨਾਅਰਾ ਬੋਲਾ ਕਰੇਂ- ਸਖੀ ਸ਼ਾਹ ਦਾ ਬੋਲਬਾਲਾ, ਨਿੰਦਕਾਂ ਦਾ ਮੂੰਹ ਕਾਲਾ’ ਵਾਪਸੀ ਦੌਰਾਨ ਸਾਈਂ ਜੀ ਸੇਵਾਦਾਰ ਚੰਦ ਸਿੰਘ ਦੇ ਘਰ ਚਰਨ ਟਿਕਾਉਣ ਪਧਾਰੇ ਉਨ੍ਹਾਂ ਦੇ ਮਕਾਨ ਦੀਆਂ ਛੱਤਾਂ ਕੱਚੀਆਂ ਤੇ ਜ਼ਰਜ਼ਰ ਜਿਹੀਆਂ ਸਨ ਸੇਵਾਦਾਰ ਨੇ ਅਰਜ਼ ਕੀਤੀ ਕਿ ਸਾਈਂ ਜੀ ਇਹ ਗਰੀਬੀਦਾਵਾ ਹੈ! ਸਾਈਂ ਜੀ ਨੇ ਇਸ ’ਤੇ ਫਰਮਾਇਆ- ‘ਨਾਮ ਮਂੇ ਇਤਨੀ ਸ਼ਕਤੀ ਹੈ ਕਿ ਗਰੀਬੀ ਤੋ ਪੜੋਸ ਮੇਂ ਭੀ ਨਹੀਂ ਰਹਤੀ’

ਮੁਰਸ਼ਿਦ ਪ੍ਰਤੀ ਮੁਰੀਦ ਦਾ ਅਨੋਖਾ ਸਮਰਪਣ

ਪੂਜਨੀਕ ਪਰਮ ਪਿਤਾ ਜੀ ਦਾ ਸਦਾ ਤੋਂ ਹੀ ਸਾਈਂ ਮਸਤਾਨਾ ਜੀ ਪ੍ਰਤੀ ਬੜਾ ਲਗਾਅ ਰਿਹਾ ਸੀ ਇੱਕ ਦਿਲਚਸਪ ਵਾਕਿਆ ਸੁਣਾਉਂਦੇ ਹੋਏ ਪਿੰਡ ਦੇ ਬਜ਼ੁਰਗ ਸਤਿਸੰਗੀ ਦੱਸਦੇ ਹਨ ਕਿ ਇੱਕ ਵਾਰ, ਪੂਜਨੀਕ ਪਰਮ ਪਿਤਾ ਜੀ, ਸੇਠ ਮੋਹਨ ਲਾਲ ਨੂੰ ਨਾਲ ਲੈ ਕੇ ਰਾਜਾ ਰਾਮ ਤੋਂ ਛੋਲਿਆਂ ਦੇ ਪੈਸਿਆਂ ਦਾ ਹਿਸਾਬ ਕਰਨ ਨਿਕਲੇ ਰਸਤੇ ’ਚ ਇੱਕ ਚਬੂਤਰੇ ’ਤੇ ਉਨ੍ਹਾਂ ਨੂੰ ਘੂਕਿਆਂਵਾਲੀ ਦਾ ਬੈਂਸਰਾ ਨਾਮਕ ਸਤਿਸੰਗੀ ਮਿਲ ਗਿਆ ਦੱਸਦੇ ਹਨ ਕਿ ਬੈਂਸਰਾ ਜੀ, ਸਾਈਂ ਮਸਤਾਨਾ ਜੀ ਦਾ ਪੱਕਾ ਭਗਤ ਸੀ ਜਦੋਂ ਬੈਂਸਰਾ ਜੀ ਨੇ ਪੂਜਨੀਕ ਸਾਈਂ ਜੀ ਦੀ ਉਪਮਾ ਗਾਉਣੀ ਸ਼ੁਰੂ ਕੀਤੀ ਤਾਂ ਪੂਜਨੀਕ ਪਰਮ ਪਿਤਾ ਜੀ ਦੀ ਉਤਸੁਕਤਾ ਹੋਰ ਵਧ ਗਈ

ਉਨ੍ਹਾਂ ਗੱਲਾਂ ’ਚ ਅਜਿਹਾ ਖੋਹ ਗਏ ਕਿ ਸਮੇਂ ਦਾ ਖਿਆਲ ਹੀ ਨਹੀਂ ਰਿਹਾ ਸੇਠ ਮੋਹਨ ਲਾਲ ਨੇ ਸੋਚਿਆ ਕਿ ਸ਼ਾਇਦ ਕੋਈ ਪਰਸਨਲ ਗੱਲ ਹੋ ਰਹੀ ਹੈ, ਇਸ ਲਈ ਉਹ ਸਾਇਡ ’ਤੇ ਹੋ ਕੇ ਬੈਠ ਗਿਆ ਸਵੇਰੇ 9 ਵਜੇ ਦੇ ਕਰੀਬ ਗੱਲਾਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਦੁਪਹਿਰ ਵੀ ਢਲ ਗਈ, ਸ਼ਾਮ ਵੀ ਹੋਣ ਨੂੰ ਆ ਗਈ, ਪਰ ਗੱਲਾਂ ਦੀ ਗਹਿਰਾਈ ਮੰਨੋ ਹੋਰ ਗਹਿਰੀ ਹੁੰਦੀ ਗਈ ਸੇਠ ਜੀ ਨੇ ਮਨ ’ਚ ਸੋਚਿਆ ਕਿ ਸਾਰਾ ਦਿਨ ਇੱਥੇ ਕੱਢ ਦਿੱਤਾ, ਹਿਸਾਬ ਵਾਲੇ ਤੱਕ ਤਾਂ ਪਹੁੰਚੇ ਹੀ ਨਹੀਂ ਸ਼ਾਮ ਦੇ 7 ਵੱਜਣ ਨੂੰ ਸਨ, ਪੂਜਨੀਕ ਪਰਮ ਪਿਤਾ ਜੀ ਨੂੰ ਖਿਆਲ ਆਇਆ ਅਤੇ ਸੇਠ ਜੀ ਨੂੰ ਬੋਲੇ- ‘ਲੈ ਭਈ ਮੋਹਨ ਲਾਲ, ਕੱਲ੍ਹ ਨੂੰ ਜਾਂ ਪਰਸੋਂ ਤੂੰ ਰਾਜਾ ਰਾਮ ਤੋਂ ਪੈਸੇ ਲੈ ਕੇ ਘਰ ਪਹੁੰਚਾ ਦੇਈਂ ਅਸੀਂ ਤਾਂ ਹੁਣ ਡੇਰੇ ਜਾ ਰਹੇ ਹਾਂ’

ਦਰਿਆਦਿਲੀ ਦੇਖ ਛਲਕ ਆਈਆਂ ਹਾਕਮ ਸਿੰਘ ਦੀਆਂ ਅੱਖਾਂ

ਕਰੀਬ 60 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡ ’ਚ ਖੇਤੀ ਦਾ ਕੰਮ ਆਪਸੀ ਲੈਣ-ਦੇਣ ’ਤੇ ਹੀ ਨਿਰਭਰ ਸੀ ਸ੍ਰੀ ਜਲਾਲਆਣਾ ਸਾਹਿਬ ’ਚ ਪੂਜਨੀਕ ਪਰਮ ਪਿਤਾ ਜੀ ਦਾ ਜੈਲਦਾਰ ਪਰਿਵਾਰ ਪਿੰਡ ਵਾਲਿਆਂ ਦੀ ਮੱਦਦ ਦੇ ਤੌਰ ’ਤੇ ਹਮੇਸ਼ਾ ਤਿਆਰ ਰਹਿੰਦਾ ਸੀ ਉਨ੍ਹਾਂ ਦਿਨਾਂ ’ਚ ਕੁਝ ਕੁ ਪਰਿਵਾਰ ਪੂਰੇ ਪਿੰਡ ਦੇ ਲਈ ਬੈਂਕ ਵਾਂਗ ਹੁੰਦੇ ਸਨ ਸੰਨ 1956-57 ਦੀ ਗੱਲ ਹੈ, ਹਾਕਮ ਸਿੰਘ ਤੇ ਉਸ ਦੇ ਤਾਊ ਜੀ ਨੇ ਮਿਲ ਕੇ ਕੁਝ ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਸੀ ਪਰ ਘਰ ਦੇ ਹਾਲਾਤ ਬੜੇ ਤੰਗ ਸਨ, ਜਿਸ ਦੇ ਚੱਲਦਿਆਂ ਛੋਲਿਆਂ ਦੇ ਬੀਜ ਦਾ ਪ੍ਰਬੰਧ ਨਹੀਂ ਹੋ ਪਾ ਰਿਹਾ ਸੀ, ਪਿੰਡ ’ਚ ਉਧਾਰ ’ਚ ਕੋਈ ਬੀਜ ਦੇਣ ਨੂੰ ਤਿਆਰ ਨਹੀਂ ਸੀ ਦੱਸਦੇ ਹਨ

ਕਿ ਹਾਕਮ ਸਿੰਘ ਦਾ ਪੂਜਨੀਕ ਪਰਮ ਪਿਤਾ ਜੀ ਨਾਲ ਚੰਗਾ ਦੋਸਤਾਨਾ ਸੀ ਇਸ ਲਈ ਉਸ ਨੇ ਸੋਚਿਆ ਕਿ ਸਰਦਾਰ ਜੀ ਕੋਲ ਚੱਲਦੇ ਹਾਂ ਹੱਥ ਜੋੜ ਕੇ ਕਿਹਾ ਕਿ ਸਰਦਾਰ ਜੀ, ਸਾਨੂੰ ਛੋਲਿਆਂ ਦਾ 5 ਮਣ ਬੀਜ ਚਾਹੀਦਾ ਹੈ ਅਤੇ ਉਹ ਵੀ ਉਧਾਰ ’ਚ, ਨਹੀਂ ਤਾਂ ਸਾਡੀ ਜ਼ਮੀਨ ਬੰਜਰ ਹੀ ਰਹਿ ਜਾਏਗੀ ਪੂਜਨੀਕ ਪਰਮ ਪਿਤਾ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਤੁਹਾਨੂੰ ਤਾਂ ਬੀਜ ਦੇਆਂਗੇ ਹੀ ਦੇਆਂਗੇ ਉਨ੍ਹਾਂ ਦਿਨਾਂ ’ਚ ਵੀ ਸ਼ਾਹੀ ਘਰਾਣੇ ’ਚ ਅਨਾਜ ਦੇ ਭੰਡਾਰ ਭਰੇ ਰਹਿੰਦੇ ਸਨ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਤੱਕੜੀ ਨਾਲ ਤੋਲ ਕੇ 5 ਮਣ ਬੀਜ ਦੇ ਦਿੱਤਾ ਉਸ ਸਾਲ ਚੰਗੀ ਫਸਲ ਹੋਈ ਜਦੋਂ ਹਾਕਮ ਸਿੰਘ ਬੀਜ ਵਾਪਸ ਦੇਣ ਲਈ ਸਵਾਇਆ ਅਨਾਜ ਲੈ ਕੇ ਪਹੁੰਚਿਆ ਇਹ ਦੇਖ ਕੇ ਪੂਜਨੀਕ ਪਰਮ ਪਿਤਾ ਜੀ ਕਹਿਣ ਲੱਗੇ-‘ਨਹੀਂ ਭਈ! ਸਾਨੂੰ ਸਵਾਇਆ ਨਹੀਂ, ਜਿੰਨੇ ਲੈ ਗਿਆ ਸੀ ਓਨੇ ਹੀ ਵਾਪਸ ਕਰ ਦੇ’ ਉਨ੍ਹਾਂ ਦਿਨਾਂ ’ਚ ਪਿੰਡ ’ਚ ਸਵਾਏ ਅਨਾਜ ਵਾਪਸੀ ਦਾ ਰਿਵਾਜ਼ ਸੀ ਹਾਕਮ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਦੱਸਦੇ ਹਨ ਕਿ ਇਹ ਦੇਖ ਕੇ ਮੇਰੇ ਪਿਤਾ ਦੀਆਂ ਅੱਖਾਂ ਛਲਕ ਆਈਆਂ ਕਿ ਪੂਜਨੀਕ ਪਰਮ ਪਿਤਾ ਜੀ ਨੇ ਅਜਿਹੇ ਸਮੇਂ ’ਚ ਵੀ ਬਿਨ੍ਹਾਂ ਸੁਆਰਥ ਦੇ ਸਾਥ ਦਿੱਤਾ, ਜਦੋਂ ਲੋਕ ਗੱਲ ਸੁਣਨ ਨੂੰ ਰਾਜ਼ੀ ਨਹੀਂ ਸਨ

ਜਦੋਂ ਭਰੀ ਸਾਥੀ ਦੀ ਗਵਾਹੀ ਤਾਂ ਛੁੱਟਿਆ ਉਸ ਦਾ ਖਹਿੜਾ

ਬਜ਼ੁਰਗਵਾਰ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਦਾ ਸਾਰਾ ਸਮਾਂ ਲੋਕਾਂ ਦੀ ਭਲਾਈ ’ਚ ਹੀ ਲੰਘਦਾ ਕਿਤੇ ਲੋਕ ਸਮਾਜਿਕ ਕੰਮਾਂ ਦੀ ਚਰਚਾ ਕਰਦੇ ਤਾਂ ਉਸ ’ਚ ਪੂਜਨੀਕ ਪਰਮ ਪਿਤਾ ਜੀ ਦਾ ਜ਼ਰੂਰ ਜ਼ਿਕਰ ਹੁੰਦਾ ਸੀ ਦੇਸ਼ ਦੀ ਵੰਡ ਦੇ ਆਸ-ਪਾਸ ਦੀ ਗੱਲ ਹੈ, ਉਨ੍ਹਾਂ ਦਿਨਾਂ ’ਚ ਹਾਲਾਤ ਕਾਫ਼ੀ ਖਰਾਬ ਸਨ ਜ਼ਿਆਦਾਤਰ ਲੋਕ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਲੱਗੇ ਸਨ ਸ੍ਰੀ ਜਲਾਲਆਣਾ ਸਾਹਿਬ ਪਿੰਡ ਦੇ ਮੱਖਣ ਸਿੰਘ ਨੇ ਵੀ ਉਨ੍ਹਾਂ ਦਿਨਾਂ ’ਚ ਇੱਕ ਹਥਿਆਰ ਖਰੀਦਿਆ ਸੀ ਬਾਅਦ ’ਚ ਸਥਿਤੀ ਆਮ ਹੋਣ ਲੱਗੀ ਕੁਝ ਸਾਲਾਂ ਬਾਅਦ ਪੁਲਿਸ ਵਿਭਾਗ ਪਿੰਡ-ਪਿੰਡ ਜਾ ਕੇ ਹਥਿਆਰਾਂ ਦੀ ਡਿਟੇਲ ਜੁਟਾਉਣ ਲੱਗੀ ਡੀਐੱਸਪੀ ਸਾਹਿਬ ਇੱਕ ਵਾਰ ਪਿੰਡ ’ਚ ਆਏ ਤਾਂ ਉਨ੍ਹਾਂ ਨੇ ਮੱਖਣ ਸਿੰਘ ਨੂੰ ਬੁਲਾ ਲਿਆ ਕਿ ਤੁਹਾਡੇ ਕੋਲ ਵੀ ਕੋਈ ਹਥਿਆਰ ਦੱਸਦੇ ਹਨ

ਉਨ੍ਹਾਂ ਨੇ ਦੱਸਿਆ ਕਿ ਜੀ ਹਥਿਆਰ ਤਾਂ ਸੀ, ਪਰ ਬਾਅਦ ’ਚ ਮੈਂ ਉਸ ਨੂੰ ਤੋੜ-ਮਰੋੜ ਕੇ ਖ਼ਤਮ ਕਰ ਦਿੱਤਾ ਹੈ ਅਧਿਕਾਰੀ ਇਸ ਗੱਲ ’ਤੇ ਸਹਿਮਤ ਨਹੀਂ ਹੋਇਆ ਤਾਂ ਉਸ ਨੇ ਕਿਹਾ ਕਿ ਤੈਨੂੰ ਪਿੰਡ ਦੇ ਕਿਸੇ ਮੌਜ਼ਿਜ਼ ਵਿਅਕਤੀ ਦੀ ਗਵਾਹੀ ਕਰਵਾਉਣੀ ਪਵੇਗੀ ਉਹ ਦੌੜਦਾ ਹੋਇਆ ਪੂਜਨੀਕ ਪਰਮ ਪਿਤਾ ਜੀ ਕੋਲ ਪਹੁੰਚਿਆ ਅਤੇ ਸਾਰੀ ਦੁੱਖਭਰੀ ਸੁਣਾਈ ਪੂਜਨੀਕ ਪਰਮ ਪਿਤਾ ਜੀ ਉਸ ਸਭਾ ’ਚ ਪਹੁੰਚੇ ਅਤੇ ਕਹਿਣ ਲੱਗੇ ਕਿ ਅਸੀਂ ਇਸ ਨੂੰ ਬਚਪਨ ਤੋਂ ਜਾਣਦੇ ਹਾਂ, ਇਹ ਬਹੁਤ ਨੇਕਦਿਲ ਇਨਸਾਨ ਹੈ ਇਹ ਜੋ ਗੱਲ ਕਹਿ ਰਿਹਾ ਹੈ, ਉਹ ਸੱਚ ਹੈ ਇਹ ਸੁਣ ਕੇ ਅਧਿਕਾਰੀਆਂ ਨੇ ਮੰਨਿਆ ਕਿ ਵਾਕਈ ਮੱਖਣ ਸਿੰਘ ਸੱਚ ਬੋਲ ਰਿਹਾ ਹੈ ਅਤੇ ਲਿਸਟ ’ਚੋਂ ਉਸ ਦਾ ਨਾਂਅ ਹਟਾ ਦਿੱਤਾ

ਇਨ੍ਹਾਂ ਨੇ ਤਾਂ ਛੱਡਤਾ, ਪਰ ਅਸੀਂ ਨਹੀਂ ਛੱਡਦੇ

57 ਸਾਲ ਦੇ ਗੁਰਦਾਸ ਸਿੰਘ ਪੁੱਤਰ ਚਾਨਣ ਸਿੰਘ ਦੱਸਦੇ ਹਨ ਕਿ ਇੱਕ ਵਾਰ ਪਿੰਡ ਤੋਂ ਅਸੀਂ 8-9 ਸਤਿਸੰਗੀ ਭਾਈ ਇਕੱਠੇ ਹੋ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪਹੁੰਚੇ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਸਤਿਸੰਗ ਫਰਮਾ ਰਹੇ ਸਨ, ਅਸੀਂ ਵੀ ਸੰਗਤ ’ਚ ਜਾ ਕੇ ਬੈਠ ਗਏ ਬਾਅਦ ’ਚ ਪੂਜਨੀਕ ਸ਼ਹਿਨਸ਼ਾਹ ਜੀ ਦੇ ਹੁਕਮ ਨਾਲ ਸ੍ਰੀ ਜਲਾਲਆਣਾ ਸਾਹਿਬ ਤੋਂ ਆਏ ਲੋਕਾਂ ਨੂੰ ਸਨਮਾਨ ’ਚ ਪੱਗਾਂ ਪਹਿਨਾਈਆਂ ਜਾਣ ਲੱਗੀਆਂ ਪਰ ਜਦੋਂ ਮੇਰਾ ਨੰਬਰ ਆਇਆ ਤਾਂ ਪੱਗਾਂ ਖ਼ਤਮ ਹੋ ਗਈਆਂ

ਮੈਂ ਵਾਪਸ ਸੰਗਤ ’ਚ ਜਾ ਕੇ ਬੈਠ ਗਿਆ ਪੂਜਨੀਕ ਪਰਮ ਪਿਤਾ ਜੀ ਨੇ ਇਹ ਦੇਖ ਕੇ ਫਰਮਾਇਆ- ‘ਭਈ! ਤੁਸੀਂ ਸਾਡੇ ਪੜੋਸੀ ਨੂੰ ਕਿਉਂ ਛੱਡ ਦਿੱਤਾ ਹੈ? ਜਾਓ ਸਭ ਤੋਂ ਵਧੀਆ ਪੱਗ ਲੈ ਕੇ ਆਓ’ ਇਹ ਦੇਖ ਕੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਫਰਮਾਇਆ- ‘ਇਨ੍ਹਾਂ ਨੇ ਤਾਂ ਛੱਡ ਤਾ, ਪਰ ਅਸੀਂ ਨਹੀਂ ਛੱਡਦੇ ਤੁਹਾਡੇ ਪਿਤਾ ਚਾਨਣ ਸਿੰਘ ਕਿਵੇਂ ਹਨ? ਘਰ ਵਿੱਚ ਸਭ ਠੀਕ ਹੈ?’ ਏਨੇ ’ਚ ਸੇਵਾਦਾਰ ਪੱਗ ਲੈ ਕੇ ਆ ਗਿਆ ਅਤੇ ਪੂਜਨੀਕ ਪਰਮ ਪਿਤਾ ਨੇ ਮੈਨੂੰ ਸਭ ਤੋਂ ਸੁੰਦਰ ਪੱਗ ਪਹਿਨਾਈ ਇਹ ਦੇਖ ਕੇ ਉੱਥੇ ਬੈਠੀ ਸੰਗਤ ਵੀ ਬਹੁਤ ਖੁਸ਼ ਹੋਈ

ਸਾਈਂ ਜੀ ਦੀ ਚੇਤਾਈ ਰੂਹ ਦੀ ਰੀਝ ਹੋਈ ਪੂਰੀ

ਸੰਤ ਸਤਿਗੁਰੂ ਆਪਣੇ ਮੁਰੀਦ ਦੀ ਪਲ-ਪਲ ਸੰਭਾਲ ਕਰਦੇ ਹਨ, ਵਕਤ ਚਾਹੇ ਕਿੰਨਾ ਵੀ ਬਦਲ ਜਾਏ ਪੂਜਨੀਕ ਸਾਈਂ ਜੀ ਨੇ ਸ. ਗੱਜਣ ਸਿੰਘ ਮੁਨੀ ਨੂੰ ਨਾਮ ਸ਼ਬਦ ਦਿੱਤਾ ਸੀ, ਜਿਸ ਤੋਂ ਬਾਅਦ ਉਹ ਅਜਿਹਾ ਮੁਰੀਦ ਬਣ ਗਿਆ ਕਿ ਜਦੋਂ ਪੂਜਨੀਕ ਪਰਮ ਪਿਤਾ ਜੀ ਦੂਜੀ ਪਾਤਸ਼ਾਹੀ ਦੇ ਰੂਪ ’ਚ ਸਾਹਮਣੇ ਆਏ ਤਾਂ ਉਨ੍ਹਾਂ ਦਾ ਵੀ ਆਪਣੇ ਗੁਰੂ ਰੂਪ ’ਚ ਸਤਿਕਾਰ ਕੀਤਾ ਸਮੇਂ ਦਾ ਫੇਰ ਦੇਖੋ, ਸ. ਗੱਜਣ ਸਿੰਘ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਦਾ ਵੀ ਭਰਪੂਰ ਪਿਆਰ ਨਸੀਬ ਹੋਇਆ ਉਨ੍ਹਾਂ ਦੇ ਪੁੱਤਰ ਬੂਟਾ ਸਿੰਘ ਦੱਸਦੇ ਹਨ

ਕਿ ਪੂਜਨੀਕ ਹਜ਼ੂਰ ਪਿਤਾ ਜੀ ਇੱਕ ਵਾਰ ਪਿੰਡ ’ਚ ਪਧਾਰੇ ਹੋਏ ਸਨ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਦੇ ਘਰ ’ਤੇ ਹੀ ਉਤਾਰਾ ਸੀ ਇੱਧਰ ਮੇਰੇ ਪਿਤਾ ਗੱਜਣ ਸਿੰਘ ਕਈ ਦਿਨਾਂ ਤੋਂ ਕਾਫ਼ੀ ਬਿਮਾਰ ਚੱਲ ਰਹੇ ਸਨ ਉਨ੍ਹਾਂ ਦੀ ਇੱਛਾ ਸੀ ਕਿ ਉਹ ਵੀ ਪੂਜਨੀਕ ਸੰਤ ਜੀ ਦੇ ਦਰਸ਼ਨ ਕਰਨ ਸੇਵਾਦਾਰਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਮੰਜੇ ਸਮੇਤ ਉੱਥੇ (ਪੂਜਨੀਕ ਪਰਮ ਪਿਤਾ ਜੀ ਦੇ ਘਰ) ਲਿਆਉਣ ਦੀ ਗੱਲ ਕਹੀ ਮੇਰੇ ਮਨ ’ਚ ਖਿਆਲ ਆਇਆ ਕਿ ਜੇਕਰ ਪੂਜਨੀਕ ਹਜ਼ੂਰ ਪਿਤਾ ਜੀ, ਬੇਪਰਵਾਹ ਸਾਈਂ ਮਸਤਾਨਾ ਜੀ ਦਾ ਹੀ ਰੂਪ ਹਨ ਤਾਂ ਜ਼ਰੂਰ ਮੇਰੀ ਪੁਕਾਰ ਸੁਣਨਗੇ ਅਤੇ ਘਰ ਆ ਕੇ ਦਰਸ਼ਨ ਦੇਣਗੇ ਥੋੜ੍ਹੇ ਸਮੇਂ ਬਾਅਦ ਹੀ ਪੂਜਨੀਕ ਹਜ਼ੂਰ ਪਿਤਾ ਜੀ ਮੇਰੇ ਗੁਆਂਢੀ ਸੇਵਾਦਾਰ ਮੱਖਣ ਸਿੰਘ ਦੇ ਘਰ ਆ ਪਧਾਰੇ ਉਸ ਤੋਂ ਕੁਝ ਸਮੇਂ ਬਾਅਦ ਹੀ ਅਚਾਨਕ ਸਾਡੇ ਘਰ ਵੀ ਆ ਪਹੁੰਚੇ ਸਭ ਨੂੰ ਭਰਪੂਰ ਪਿਆਰ ਦਿੱਤਾ ਪੂਜਨੀਕ ਹਜ਼ੂਰ ਪਿਤਾ ਜੀ ਮੇਰੇ ਪਿਤਾ ਜੀ ਦੇ ਮੰਜੇ ਕੋਲ ਹੀ ਆਪਣੀ ਕੁਰਸੀ ਲਾ ਕੇ ਬਿਰਾਜਮਾਨ ਹੋ ਗਏ ਹਾਲੇ ਸਾਰੇ ਗੱਲਾਂ ਹੀ ਕਰ ਰਹੇ ਸਨ

ਕਿ ਮੇਰੇ ਪਿਤਾ ਜੀ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਦੋਵੇਂ ਹੱਥ ਕਸ ਕੇ ਫੜ ਲਏ ਇਹ ਦੇਖ ਕੇ ਸੇਵਾਦਾਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ- ‘ਭਈ! ਇਸ ਦੀ ਜੋ ਇੱਛਾ ਹੈ ਓਵੇਂ ਹੀ ਕਰਨ ਦਿਓ’ ਬੂਟਾ ਸਿੰਘ ਦੱਸਦੇ ਹਨ ਕਿ ਮੇਰੇ ਪਿਤਾ ਜੀ ਨੇ ਕਰੀਬ 30 ਮਿੰਟ ਤੱਕ ਪੂਜਨੀਕ ਸ਼ਹਿਨਸ਼ਾਹ ਜੀ ਦੇ ਹੱਥਾਂ ਨੂੰ ਕਸ ਕੇ ਫੜੀ ਰੱਖਿਆ ਇਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਮੰਦ-ਮੰਦ ਮੁਸਕਰਾਉਂਦੇ ਰਹੇ, ਫਿਰ ਬਚਨ ਫਰਮਾਇਆ ਕਿ ‘ਬੱਲੇ ਭਈ! ਤੇਰੀ ਭਗਤੀ ਮਨਜ਼ੂਰ ਹੋ ਗਈ’ ਤਾਂ ਉਨ੍ਹਾਂ ਨੇ ਹੱਥ ਛੱਡ ਦਿੱਤੇ

‘‘ਯਹਾਂ ਕੀ ਏਕ ਡਲੀ ਕੀ ਕੀਮਤ ਕਰੋੜੋਂ ਰੁਪਏ ਸੇ ਭੀ ਬੜ੍ਹਕਰ ਹੈ’’

ਪੂਜਨੀਕ ਸਾਈਂ ਜੀ ਨੇ 18 ਦਿਨਾਂ ਤੱਕ ਸ੍ਰੀ ਜਲਾਲਆਣਾ ਸਾਹਿਬ ’ਚ ਰਹਿ ਕੇ ਪੂਜਨੀਕ ਪਰਮ ਪਿਤਾ ਜੀ ਦੀਆਂ ਕਈ ਪ੍ਰੀਖਿਆਵਾਂ ਲਈਆਂ, ਪਰ ਕਿਸੇ ਨੂੰ ਇਸ ਦੀ ਭਣਕ ਤੱਕ ਨਹੀਂ ਲੱਗਣ ਦਿੱਤੀ ਪੂਜਨੀਕ ਪਰਮ ਪਿਤਾ ਜੀ ਦਾ ਪ੍ਰੇਮ, ਵਿਸ਼ਵਾਸ ਏਨਾ ਦ੍ਰਿੜ ਸੀ ਕਿ ਉਹ ਹੱਸਦੇ-ਹੱਸਦੇ ਹਰ ਰੁਕਾਵਟ ਨੂੰ ਪਾਰ ਕਰਦੇ ਚਲੇ ਗਏ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸ਼ਾਹੀ ਹੁਕਮ ਹੋਇਆ ਕਿ ਸਰਦਾਰ ਹਰਬੰਸ ਸਿੰਘ ਆਪਣਾ ਘਰ-ਬਾਰ ਢਹਾ ਕੇ ਉਸ ਨੂੰ ਇੱਥੇ (ਸਰਸਾ ਦਰਬਾਰ) ਲੈ ਆਓ ਦੱਸਦੇ ਹਨ

ਕਿ ਸੇਵਾਦਾਰ ਸੋਟਾ ਰਾਮ ਨੂੰ ਇਸ ਸੇਵਾ ਦੇ ਕਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਸ. ਬੂਟਾ ਸਿੰਘ ਮੁਨੀ ਉਨ੍ਹਾਂ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਦੱਸਦੇ ਹਨ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਆਲੀਸ਼ਾਨ ਮਹਿਲ ਨੂੰ ਢਹਾਇਆ ਗਿਆ ਸੀ ਸਭ ਤੋਂ ਪਹਿਲਾਂ ਚੌਬਾਰੇ ਦੀ ਦੀਵਾਰ ਨੂੰ ਧੱਕਾ ਦੇ ਕੇ ਗਲੀ ਵੱਲ ਗਿਰਾਇਆ ਗਿਆ ਸੀ ਇਸ ਤੋਂ ਬਾਅਦ ਮਕਾਨ ਢਹਾਉਣ ਦੀ ਸੇਵਾ ਸ਼ੁਰੂ ਹੋ ਗਈ ਇੱਟਾਂ ਨੂੰ ਟਰੱਕਾਂ ’ਚ ਭਰ ਕੇ ਦਰਬਾਰ ’ਚ ਪਹੁੰਚਾਇਆ ਜਾਣ ਲੱਗਿਆ ਉਹ ਇੱਕ ਦਿਲਚਸਪ ਵਾਕਿਆ ਸੁਣਾਉਂਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਟਰੱਕਾਂ ’ਚ ਇੱਕ ਵਾਰ ’ਚ ਤਿੰਨ ਹਜ਼ਾਰ ਇੱਟਾਂ ਲੈ ਜਾਂਦੇ ਸਨ

ਟਰੱਕ ਵਾਲਾ ਹਜ਼ਾਰ ਇੱਟਾਂ ’ਤੇ 40 ਰੁਪਏ ਭਾੜਾ ਲੈਂਦਾ ਸੀ ਭਾਵ 120 ਰੁਪਏ ਹਰ ਚੱਕਰ ’ਤੇ ਖਰਚ ਆ ਰਿਹਾ ਸੀ ਪੂਜਨੀਕ ਪਰਮ ਪਿਤਾ ਜੀ ਹਮੇਸ਼ਾ ਤੋਂ ਹੀ ਹਿਸਾਬ-ਕਿਤਾਬ ’ਚ ਬੜੇ ਮਾਹਿਰ ਸਨ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਕੇ ਅਰਜ਼ ਕੀਤੀ ਕਿ-‘ਦਾਤਾਰ ਜੀ, ਜਲਾਲਆਣਾ ਤੋਂ ਜੋ ਇੱਟਾਂ ਲੈ ਕੇ ਆ ਰਹੇ ਹਨ, ਉਸ ’ਤੇ ਪ੍ਰਤੀ ਹਜ਼ਾਰ 40 ਰੁਪਏ ਖਰਚ ਹੋ ਰਹੇ ਹਨ, ਜਦਕਿ ਇੱਥੇ (ਸਰਸਾ) ’ਚ ਨਵੀਆਂ ਇੱਟਾਂ 30 ਰੁਪਏ ’ਚ ਪ੍ਰਤੀ ਹਜ਼ਾਰ ਮਿਲ ਜਾਣਗੀਆਂ ਕਿਉਂ ਨਾ ਅਸੀਂ ਉਹ ਇੱਟਾਂ ਉੱਥੇ ਵੇਚ ਦੇਈਏ ਅਤੇ ਉਨ੍ਹਾਂ ਪੈਸਿਆਂ ਨਾਲ ਨਵੀਆਂ ਇੱਟਾਂ ਖਰੀਦ ਲਈਏ ਇਸ ਨਾਲ 10 ਰੁਪਏ ਦਾ ਫਾਇਦਾ ਵੀ ਹੋਵੇਗਾ’ ਇਹ ਸੁਣ ਕੇ ਪੂਜਨੀਕ ਸਾਈਂ ਜੀ ਇੱਕ ਵਾਰ ਤਾਂ ਬਹੁਤ ਖੁਸ਼ ਹੋਏ, ਫਿਰ ਕੜਕ ਅਵਾਜ਼ ’ਚ ਫਰਮਾਇਆ- ‘ਵਰੀ! ਵਹਾਂ ਕੀ ਏਕ ਡਲੀ (ਛੋਟੀ ਕੰਕਰੀਟ) ਕੀ ਕੀਮਤ ਕਰੋੜੋਂ ਰੁਪਏ ਸੇ ਭੀ ਬੜਕਰ ਹੈ ਕਿਸੀ ਭੀ ਭਾਵ ਮੇਂ ਨਹੀਂ ਦੇਣੀ, ਸਭੀ ਈਟੇਂ ਯਹਾਂ ਲੇਕਰ ਆਨੀ ਹੈਂ’

ਤਿੰਨੇ ਪਾਤਸ਼ਾਹੀਆਂ ਨੇ ਲਾਈਆਂ 30 ਸਤਿਸੰਗਾਂ

ਸ੍ਰੀ ਜਲਾਲਆਣਾ ਸਾਹਿਬ ਦੇ ਪਿੰਡ ਵਾਲਿਆਂ ਦੀ ਇਹ ਦੋਹਰੀ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ ਕਿ ਇੱਥੇ 52 ਸਾਲ ਦੇ ਅੰਤਰਾਲ ’ਚ 30 ਤੋਂ ਜ਼ਿਆਦਾ ਰੂਹਾਨੀ ਸਤਿਸੰਗਾਂ ਹੋ ਚੁੱਕੀਆਂ ਹਨ, ਜਿਸ ’ਚ ਸਤਿਗੁਰੂ ਜੀ ਨੇ ਕਈ ਨਵੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਕੀਤਾ ਹੈ ਦੱਸ ਦਈਏ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ 16 ਮਾਰਚ 1955 ’ਚ ਪਹਿਲੀ ਵਾਰ ਪਿੰਡ ’ਚ ਦੋ ਸਤਿਸੰਗਾਂ ਕੀਤੀਆਂ ਸਨ ਉਸ ਸਮੇਂ ਇੱਕ ਸਤਿਸੰਗ ਦਿਨ ’ਚ ਅਤੇ ਦੂਜੀ ਰਾਤ ਨੂੰ ਹੋਈ ਸੀ ਇਨ੍ਹਾਂ ਸਤਿਸੰਗਾਂ ’ਚ ਨਾਮ-ਦਾਨ ਵੀ ਦਿੱਤਾ ਗਿਆ ਸੀ ਇਸ ਤੋਂ ਬਾਅਦ ਸਾਈਂ ਜੀ ਦੋ ਸਾਲ ਬਾਅਦ ਫਿਰ ਪਿੰਡ ’ਚ ਪਧਾਰੇ ਅਤੇ ਵੱਡਾ ਸਤਿਸੰਗ ਕਰਦੇ ਹੋਏ ਬਹੁਤ ਸਾਰੇ ਜੀਵਾਂ ਨੂੰ ਨਾਮ-ਦਾਨ ਵੀ ਦਿੱਤਾ ਹਾਲਾਂਕਿ ਇਸ ਦੌਰਾਨ ਸਾਈਂ ਜੀ 18 ਦਿਨਾਂ ਤੱਕ ਸ੍ਰੀ ਜਲਾਲਆਣਾ ਸਾਹਿਬ ’ਚ ਠਹਿਰੇ ਅਤੇ ਹਰ ਦਿਨ ਮਜਲਿਸ ਵੀ ਲਗਦੀ ਰਹੀ ਦੂਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਇੱਥੇ 13 ਸਤਿਸੰਗਾਂ ਲਾਈਆਂ

ਪੂਜਨੀਕ ਪਰਮ ਪਿਤਾ ਜੀ ਨੇ 1964 ’ਚ ਪਹਿਲੀ ਸਤਿਸੰਗ ਕੀਤੀ ਅਜਿਹਾ ਸਮਾਂ ਵੀ ਆਇਆ ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਇੱਕ ਦਿਨ ’ਚ ਹੀ ਪਿੰਡ ’ਚ ਤਿੰਨ ਵੱਖ-ਵੱਖ ਥਾਵਾਂ ’ਤੇ ਸਤਿਸੰਗਾਂ ਲਾਈਆਂ, ਜਿਸ ’ਚ ਇੱਕ ਸਤਿਸੰਗ ਸਰਦਾਰ ਗੱਜਣ ਸਿੰਘ ਮੁਨੀ ਦੇ ਖੇਤ ’ਚ ਬਣੇ ਕੋਠੇ ’ਚ ਹੋਇਆ ਸੀ ਉਹ ਕੋਠਾ ਅੱਜ ਵੀ ਜਿਉਂ ਦਾ ਤਿਉਂ ਖੜ੍ਹਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਤੀਜੀ ਪਾਤਸ਼ਾਹੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 17 ਜਨਵਰੀ 2007 ਤੱਕ 14 ਸਤਿਸੰਗਾਂ ਲਾ ਚੁੱਕੇ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਲੋਕ ਗੁਰਮੰਤਰ ਲੈ ਕੇ ਆਪਣੇ ਜੀਵਨ ਦਾ ਉੱਧਾਰ ਕਰ ਚੁੱਕੇ ਹਨ

ਸ. ਗੱਜਣ ਸਿੰਘ ਮੁਨੀ ਦੇ ਖੇਤ ’ਚ ਬਣਿਆ ਉਹ ਕਮਰਾ, ਜਿੱਥੇ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ਫਰਮਾਇਆ ਸੀ

ਸ. ਗੱਜਣ ਸਿੰਘ ਮੁਨੀ ਦੇ ਖੇਤ ’ਚ ਬਣਿਆ ਉਹ ਕਮਰਾ, ਜਿੱਥੇ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ਫਰਮਾਇਆ ਸੀ

ਪਾਂਡੂ ਮਿੱਟੀ ਦੇ ਚਰਚੇ ਦੂਰ-ਦੂਰ ਤੱਕ

ਪ੍ਰਸਿੱਧੀ ’ਚ ਇਹ ਪਿੰਡ ਹੀ ਨਹੀਂ, ਇੱਥੋਂ ਦੀ ਮਿੱਟੀ ਵੀ ਆਪਣੇ ਨਾਲ ਕਈ ਖੂਬੀਆਂ ਸਮੇਟੇ ਹੋਏ ਹੈ ਦੱਸਦੇ ਹਨ ਕਿ ਸ੍ਰੀ ਜਲਾਲਆਣਾ ਸਾਹਿਬ ਦੀ ਪਾਂਡੂ ਅਤੇ ਚੀਕਨੀ ਮਿੱਟੀ ਖੇਤਰ ’ਚ ਬੜੀ ਮਸ਼ਹੂਰ ਹੈ, ਅਕਸਰ ਲੋਕ ਇੱਥੋਂ ਦੀ ਮਿੱਟੀ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਪਾਉਣ ਤੇ ਚਿਨਾਈ ਆਦਿ ਲਈ ਵਰਤੋਂ ਕਰਦੇ ਹਨ ਇਹੀ ਨਹੀਂ, ਇਸ ਮਿੱਟੀ ਤੋਂ ਤਿਆਰ ਕ੍ਰਿਕਟ ਪਿੱਚਾਂ ’ਤੇ ਕਈ ਕੌਮਾਂਤਰੀ ਖਿਡਾਰੀ ਵੀ ਆਪਣੇ ਜ਼ੌਹਰ ਦਿਖਾ ਚੁੱਕੇ ਹਨ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਸਰਸਾ ’ਚ ਵੀ ਪਿੱਚ ਇਸੇ ਮਿੱਟੀ ਨਾਲ ਤਿਆਰ ਕੀਤੀ ਗਈ ਹੈ ਖਾਸ ਗੱਲ ਇਹ ਵੀ ਹੈ ਕਿ ਪੂਜਨੀਕ ਹਜ਼ੂਰ ਪਿਤਾ ਜੀ ਬਹੁਤ ਵਾਰ ਇਸ ਮਿੱਟੀ ਦੀ ਪ੍ਰਸ਼ੰਸਾ ਕਰ ਚੁੱਕੇ ਹਨ ਅਤੇ ਬਕਾਇਦਾ ਡੇਰਾ ਸੱਚਾ ਸੌਦਾ ਦੇ ਦਰਬਾਰਾਂ ’ਚ ਬਣੇ ਮਕਾਨਾਂ ਦੀਆਂ ਛੱਤਾਂ ’ਤੇ ਵੀ ਇਹ ਮਿੱਟੀ ਪਵਾਈ ਗਈ ਹੈ

ਸਾਈਂ ਜੀ ਨੇ ਕਦੇ ਇੱਥੇ ਕਰਵਾਈ ਸੀ ਕੁਸ਼ਤੀ, ਅੱਜ ਬਣਿਆ ਹੈ ਵੱਡਾ ਸਟੇਡੀਅਮ

ਸ੍ਰੀ ਜਲਾਲਆਣਾ ਸਾਹਿਬ ’ਚ ਬਣਾਏ ਗਏ ਸ਼ਾਹ ਸਤਿਨਾਮ ਜੀ ਸਟੇਡੀਅਮ ਦਾ ਦ੍ਰਿਸ਼

ਸੰਤ ਬਚਨ ਦੀ ਸੱਚਾਈ ਦੇਖਣੀ ਹੋਵੇ ਤਾਂ ਕਦੇ ਸ੍ਰੀ ਜਲਾਲਆਣਾ ਸਾਹਿਬ ’ਚ ਜ਼ਰੂਰ ਆਉਣਾ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਸੰਨ 1955 ’ਚ ਪਿੰਡ ’ਚ ਪਧਾਰੇ ਸਨ ਉਨ੍ਹਾਂ ਦਿਨਾਂ ’ਚ ਸਾਈਂ ਜੀ ਅਕਸਰ ਕੁਸ਼ਤੀ ਦਾ ਖੇਡ ਕਰਵਾਇਆ ਕਰਦੇ ਸਨ ਉਸ ਦਿਨ ਵੀ ਸਤਿਸੰਗ ਤੋਂ ਬਾਅਦ ਇੱਕ ਨਿਸ਼ਚਿਤ ਜਗ੍ਹਾ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਏ- ‘ਵਰੀ! ਵਹਾਂ ਕੁਸ਼ਤੀ ਕਾ ਖੇਲ੍ਹ ਕਰਵਾਓ’ ਉੱਥੇ ਪਹੁੰਚੇ ਲੋਕ ਉਸ ਕੁਸ਼ਤੀ ਦਾ ਭਰਪੂਰ ਆਨੰਦ ਲੈਣ ਲੱਗੇ, ਪਰ ਸ਼ਾਇਦ ਹੀ ਕਿਸੇ ਨੂੰ ਸੰਤਾਂ ਦੀ ਰਮਜ਼ ਸਮਝ ’ਚ ਆਈ ਹੋਵੇ ਸਾਈਂ ਜੀ ਨੇ ਉਸ ਦਿਨ ਹੀ ਉਹ ਜਗ੍ਹਾ ਖੇਡਾਂ ਲਈ ਨਿਰਧਾਰਿਤ ਕਰ ਦਿੱਤੀ ਸੀ ਪਰ ਇਸ ਗੱਲ ਨੂੰ ਸਮਝਣ ’ਚ 43 ਸਾਲ ਦਾ ਸਮਾਂ ਲੱਗ ਗਿਆ

ਸਾਲ 1998 ’ਚ ਪੂਜਨੀਕ ਹਜ਼ੂਰ ਪਿਤਾ ਜੀ ਨੇ ਉਸੇ ਜਗ੍ਹਾ ’ਤੇ ਸ਼ਾਹ ਸਤਿਨਾਮ ਜੀ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜਿੱਥੇ ਸਾਈਂ ਜੀ ਨੇ ਕਦੇ ਕੁਸ਼ਤੀ ਦਾ ਖੇਡ ਕਰਵਾਇਆ ਸੀ ਹਾਲਾਂਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੀ ਉੱਥੇ ਹੀ ਬਜ਼ੁਰਗਾਂ ਦੀਆਂ ਖੇਡਾਂ ਕਰਵਾਉਂਦੇ ਸਨ
ਕਰੀਬ 19 ਏਕੜ ’ਚ ਫੈਲਿਆ ਇਹ ਸਟੇਡੀਅਮ ਅੱਜ ਪਿੰਡ ਦੀ ਹੀ ਨਹੀਂ, ਸਗੋਂ ਖੇਤਰ ਦੀ ਇੱਕ ਵੱਖਰੀ ਪਹਿਚਾਣ ਬਣਿਆ ਹੋਇਆ ਹੈ ਸਾਬਕਾ ਸਰਪੰਚ ਰਹੇ ਜਮਨਾ ਦਾਸ ਇੰਸਾਂ ਦੱਸਦੇ ਹਨ ਕਿ ਇਹ ਖੇਤਰ ਦੀ ਖੁਸ਼ਕਿਸਮਤੀ ਹੈ ਕਿ ਪੂਜਨੀਕ ਹਜ਼ੂਰ ਪਿਤਾ ਜੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸ਼ਾਹ ਸਤਿਨਾਮ ਜੀ ਸਟੇਡੀਅਮ ਦਾ ਨਿਰਮਾਣ ਕਰਵਾਇਆ ਹੈ ਜਿਸ ’ਚ ਕ੍ਰਿਕਟ, ਫੁੱਟਬਾਲ ਸਮੇਤ ਦਰਜ਼ਨਾਂ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾ ਸਕਦੀਆਂ ਹਨ

ਸ਼ਾਹੀ ਅੰਦਾਜ਼ ’ਚ ਵੀ ਨਾਲ-ਨਾਲ ਚਲਦੀ ਸੀ ਸਾਦਗੀ

ਇਹ ਦੁਰਲੱਭ ਤਸਵੀਰ ਸ੍ਰੀ ਜਲਾਲਆਣਾ ਸਾਹਿਬ ਦੇ ਬਲਾਕ ਭੰਗੀਦਾਸ ਮੱਖਣ ਸਿੰਘ ਇੰਸਾਂ ਨੇ ਉਪਲੱਬਧ ਕਰਵਾਈ ਹੈ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਸਾਦਗੀ ਦਾ ਹਰ ਕੋਈ ਕਾਇਲ ਰਿਹਾ ਹੈ ਪਿੰਡ ਦੇ ਲੋਕ ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਕਦੇ ਦੂਜਿਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਵੱਡੇ ਘਰਾਣੇ ਤੋਂ ਹਨ, ਜਾਂ ਉਨ੍ਹਾਂ ਕੋਲ ਬਹੁਤ ਧਨ-ਦੌਲਤ ਹੈ ਹਮੇਸ਼ਾ ਹੀ ਸਾਦਗੀ ਭਰਿਆ ਜੀਵਨ ਜਿਉਂਦੇ ਦੂਜੀ ਪਾਤਸ਼ਾਹੀ ਦੇ ਰੂਪ ’ਚ ਬਿਰਾਜਮਾਨ ਹੋਣ ਤੋਂ ਬਾਅਦ ਵੀ ਪੂਜਨੀਕ ਪਰਮ ਪਿਤਾ ਜੀ ਦੀ ਸਾਦਗੀ ਪਿੰਡ ’ਚ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਜਦੋਂ ਵੀ ਪੰਜਾਬ ’ਚ ਸਤਿਸੰਗ ਹੁੰਦਾ, ਤਾਂ ਵਾਪਸੀ ’ਚ ਅਕਸਰ ਪੂਜਨੀਕ ਪਰਮ ਪਿਤਾ ਜੀ ਸ੍ਰੀ ਜਲਾਲਆਣਾ ਸਾਹਿਬ ’ਚ ਜ਼ਰੂਰ ਰੁਕ ਕੇ ਜਾਂਦੇ ਜਦੋਂ ਵੀ ਸ਼ਾਹੀ ਕਾਰਵੇਂ ’ਚ ਆਉਂਦੇ ਤਾਂ ਪਿੰਡ ਦੇ ਬਾਹਰ ਸਕੂਲ ਦੇ ਕੋਲ ਹੀ ਆਪਣੀ ਗੱਡੀ ਤੋਂ ਹੇਠਾਂ ਉਤਰ ਜਾਂਦੇ ਅਤੇ ਪੈਦਲ ਚੱਲਦੇ ਹੋਏ ਹੀ ਪਿੰਡ ਦੀਆਂ ਗਲੀਆਂ ’ਚ ਬੈਠੇ ਬਜ਼ੁਰਗਾਂ ਦਾ ਹਾਲ-ਚਾਲ ਜਾਣਦੇ ਉਨ੍ਹਾਂ ਤੋਂ ਪਰਿਵਾਰ ਦਾ ਹਾਲ-ਚਾਲ ਵੀ ਪੁੱਛਦੇ ਏਨੀ ਵੱਡੀ ਹਸਤੀ ਅਤੇ ਅਜਿਹੀ ਸਾਦਗੀ, ਇਹ ਅਦਭੁੱਤ ਦ੍ਰਿਸ਼ ਦੇਖ ਕੇ ਪਿੰਡ ਵਾਲੇ ਖੁਦ ਨੂੰ ਧੰਨ ਪਾਉਂਦੇ ਸਨ

ਇਹ ਦੁਰਲੱਭ ਤਸਵੀਰ ਸ੍ਰੀ ਜਲਾਲਆਣਾ ਸਾਹਿਬ ਦੇ ਬਲਾਕ ਭੰਗੀਦਾਸ ਮੱਖਣ ਸਿੰਘ ਇੰਸਾਂ ਨੇ ਉਪਲੱਬਧ ਕਰਵਾਈ ਹੈ

ਟ੍ਰੀ-ਪਲਾਂਟੇਸ਼ਨ: ਸਾਈਂ ਜੀ ਨੇ ਜਦੋਂ ਖੋਦ ਕੇ ਦੂਜੀ ਜਗ੍ਹਾ ਲਗਵਾਇਆ ਬੇਰੀ ਦਾ ਦਰਖੱਤ

ਟ੍ਰੀ-ਪਲਾਂਟੇਸ਼ਨ ਦਾ ਜ਼ਿਕਰ ਹੁੰਦਾ ਹੈ ਤਾਂ ਆਪਣੇ ਆਪ ਹੀ ਡੇਰਾ ਸੱਚਾ ਸੌਦਾ ਦਾ ਨਾਂਅ ਜ਼ੁਬਾਨ ’ਤੇ ਆ ਜਾਂਦਾ ਹੈ ਪੂਜਨੀਕ ਹਜ਼ੂਰ ਪਿਤਾ ਸੰਤ
ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਦਰਜਨਾਂ ਵੱਡੇ-ਵੱਡੇ ਦਰਖੱਤ ਜੋ ਰਸਤੇ ’ਚ, ਸੜਕ ਜਾਂ ਫਿਰ ਭਵਨ ਨਿਰਮਾਣ ਦੌਰਾਨ ਵਿਚਕਾਰ ਆ ਰਹੇ ਸਨ, ਉਨ੍ਹਾਂ ਨੂੰ ਖੋਦ ਕੇ ਦੂਜੀ ਜਗ੍ਹਾ ’ਤੇ ਲਗਾਉਣ ਦੀ ਸਫਲ ਤੇ ਨਵੀਂ ਵਿਧੀ ਇਜ਼ਾਦ ਕੀਤੀ ਹੈ ਦਰਅਸਲ ਇਸ ਤਕਨੀਕ ਦੀ ਸ਼ੁਰੂਆਤ ਤਾਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਬਹੁਤ ਪਹਿਲਾਂ ਹੀ ਕਰ ਦਿੱਤੀ ਸੀ, ਇਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ ਸ੍ਰੀ ਜਲਾਲਆਣਾ ਸਾਹਿਬ ’ਚ ਆਪਣੇ ਪ੍ਰਵਾਸ ਦੌਰਾਨ ਸਾਈਂ ਜੀ ਨੇ ਇੱਕ ਦਿਨ ਸੇਵਾਦਾਰ ਬੰਤਾ ਸਿੰਘ ਅਤੇ ਨੰਦ ਸਿੰਘ ਨੂੰ ਹੁਕਮ ਫਰਮਾਇਆ, ‘ਭਈ! ਫਾਵੜੇ (ਕਹੀਆਂ) ਲਾਓ ਬੇਰੀ (ਬੇਰੀ ਕਾ ਪੇੜ) ਖੋਦ (ਪੁਟ) ਕਰ ਲਾਏਂਗੇ’ ਹਾਲਾਂਕਿ ਉਹ ਦਰਖੱਤ ਕਾਫ਼ੀ ਵੱਡਾ ਸੀ ਉਸ ਨੂੰ ਖੋਦ ਕੇ ਡੇਰੇ ’ਚ ਦੂਜੀ ਜਗ੍ਹਾ ਲਾਉਣਾ ਸੀ

ਕਾਫ਼ੀ ਗਹਿਰਾ ਖੱਡਾ ਖੋਦ ਕੇ ਬੇਰੀ ਦੀ ਗਾਚੀ ਬਣਾ ਲਈ ਗਈ, ਪਰ ਜਦੋਂ ਉਸ ਨੂੰ ਬਾਹਰ ਕੱਢਣ ਲੱਗੇ ਤਾਂ ਗਾਚੀ ਟੁੱਟ ਗਈ ਅਤੇ ਉਸ ਪੇੜ ਦੀ ਜੜ੍ਹ ਬਾਹਰ ਨੰਗੀ ਹੋ ਗਈ ਸੇਵਾਦਾਰ ਬੰਤਾ ਸਿੰਘ ਬੋਲਿਆ- ਬਾਬਾ ਜੀ! ਜੜ੍ਹ ਰੱਬ ਨੂੰ ਦਿਸ ਗਈ ਹੈ ਹੁਣ ਇਹ ਨਹੀਂ ਲੱਗ ਸਕਦਾ ਇਹ ਸੁਣ ਕੇ ਸਾਈਂ ਜੀ ਖੂਬ ਹੱਸੇ ਅਤੇ ਬਚਨ ਫਰਮਾਇਆ, ‘ਭਈ! ਸੱਚਮੁੱਚ ਰੱਬ ਕੋ ਦਿਸ ਗਈ ਹੈ! ਵਾਕਈ ਹੀ ਦਿਸ ਗਈ ਹੈ ਭਈ! ਪ੍ਰੰਤੂ ਤੁਮ੍ਹੇਂ ਕਿਆ ਯਕੀਨ ਹੈ ਕਿ ਤੁਮ੍ਹਾਰੇ ਸਾਥ ਕੌਨ ਫਿਰਤਾ ਹੈ? ਬਾਡੀ ਸੇ ਪਿਆਰ ਆਤਾ ਹੈ ਖੁਦਾ ਵਾਲੀ ਬਾਤ ਕਾ ਇਤਬਾਰ ਨਹੀਂ ਆਤਾ ਜਬ ਸਰੀਰ ਛੋੜਕਰ ਆਗੇ ਗਏ ਤਬ ਰੋਵੋਗੇ, ਪਛਤਾਓਗੇ ਕਿ ਹਮਨੇ ਕਦਰ ਨਹੀਂ ਕੀ ਕਿ ਵੋ ਤੋ ਸੱਚਮੁੱਚ ਹੀ ਦੋਨੋਂ ਜਹਾਨੋਂ ਕੇ ਮਾਲਿਕ ਥੇ’ ਸਾਈਂ ਜੀ ਵੱਲੋਂ ਲਾਇਆ ਉਹ ਬੇਰੀ ਦਾ ਦਰਖੱਤ ਬਾਅਦ ’ਚ ਦੂਜੀ ਜਗ੍ਹਾ ਵੈਸਾ ਹੀ ਹਰਿਆ-ਭਰਿਆ ਹੋ ਗਿਆ ਸੀ

‘ਦੱਸੋ ਬੇਟਾ, ਹੁਣ ਹੋਰ ਕਿੱਥੇ ਜਾਣਾ ਹੈ?’

ਰੂਹਾਨੀਅਤ ਦੀ ਖੁਸ਼ਬੂ ਬਿਖੇਰਨ ਵਾਲੀ ਪਿੰਡ ਦੀ ਪਵਿੱਤਰ ਮਿੱਟੀ ਨੂੰ ਜਿੰਨਾ ਸਜਦਾ ਕੀਤਾ ਜਾਵੇ ਓਨਾ ਹੀ ਘੱਟ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਇਸ ਪਿੰਡ ਨੂੰ ਬੜਾ ਪਿਆਰ ਬਖ਼ਸ਼ਿਆ ਹੈ ਘਰ-ਘਰ ਜਾ ਕੇ ਰਹਿਮਤਾਂ ਲੁਟਾਉਂਦੇ, ਬੇਸ਼ੁਮਾਰ ਪਿਆਰ ਵੰਡਦੇ ਇਸ ਬਾਰੇ ਸੇਵਾਦਾਰ ਮੱਖਣ ਸਿੰਘ ਇੰਸਾਂ ਦੱਸਦੇ ਹਨ ਕਿ ਪੂਜਨੀਕ ਹਜ਼ੂਰ ਪਿਤਾ ਜੀ ਜਿੰਨੀ ਵਾਰ ਵੀ ਇੱਥੇ ਪਧਾਰੇ ਹਨ, ਪਿੰਡ ਦੇ ਨੌਜਵਾਨ ਹਰ ਵਾਰ ਨਵੇਂ ਅੰਦਾਜ਼ ’ਚ ਸਵਾਗਤ ਕਰਦੇ ਹਨ ਪਿੰਡ ਦੇ ਕਰੀਬ 40 ਨੌਜਵਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਸੀ, ਜੋ ਆਪਣੇ ਪੱਧਰ ’ਤੇ ਸਵਾਗਤ ਦੀਆਂ ਤਿਆਰੀਆਂ ਕਰਦਾ ਸੀ ਤਿਆਰੀ ਏਨੀ ਜ਼ਬਰਦਸਤ ਤਰੀਕੇ ਨਾਲ ਹੁੰਦੀ ਸੀ

ਕਿ ਕਈ ਵਾਰ ਤਾਂ ਸੇਵਾ ਸੰਮਤੀ ਦੇ ਸੇਵਾਦਾਰ ਵੀ ਚਕਮਾ ਖਾ ਜਾਂਦੇ ਪੂਜਨੀਕ ਪਿਤਾ ਜੀ ਦਾ ਜਿਸ ਘਰ ’ਚ ਵੀ ਜਾਣ ਦਾ ਪ੍ਰੋਗਰਾਮ ਹੁੰਦਾ, ਉਸੇ ਮੌਕੇ ਘਰ ਦੇ ਸਾਹਮਣੇ ਇੱਕ ਵੱਡਾ ਪੋਲ ਜੋ ਡੇਕੋਰੇਟਿਡ ਹੁੰਦਾ, ਖੜ੍ਹਾ ਕੀਤਾ ਜਾਂਦਾ, ਨਾਲ ਹੀ ਗਲੀ ਨੂੰ ਕੁਝ ਹੀ ਸਮੇਂ ’ਚ ਸਜਾ ਦਿੱਤਾ ਜਾਂਦਾ ਸੇਵਾ ਸੰਮਤੀ ਦੇ ਸੇਵਾਦਾਰ ਵੀ ਪੋਲ ਤੋਂ ਇਹ ਜਾਣ ਪਾਉਂਦੇ ਕਿ ਪੂਜਨੀਕ ਪਿਤਾ ਜੀ ਹੁਣ ਇੱਥੇ ਪਧਾਰਨ ਵਾਲੇ ਹਨ ਨੌਜਵਾਨ ਦੇ ਪ੍ਰੇਮ ਨੂੰ ਦੇਖ ਕੇ ਇੱਕ ਵਾਰ ਪੂਜਨੀਕ ਪਿਤਾ ਜੀ ਨੇ ਬਚਨ ਵੀ ਫਰਮਾਏ- ‘ਭਈ! ਸੰਮਤੀ ਹੋਵੇ ਤਾਂ ਇਹੋ ਜਿਹੀ ਹੋਵੇ’

ਪੂਜਨੀਕ ਪਿਤਾ ਜੀ ਕਹਿੰਦੇ- ‘ਦੱਸੋ ਬੇਟਾ, ਹੁਣ ਹੋਰ ਕਿੱਥੇ ਜਾਣਾ ਹੈ?’ ਉਹ ਦੱਸਦੇ ਹਨ ਕਿ ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਜੀ ਦੇ ਸਵਾਗਤ ਲਈ ਸਫੈਦ ਘੋੜੇ ਮੰਗਵਾਏ ਗਏ ਪੂਜਨੀਕ ਪਿਤਾ ਜੀ ਜਿਸ ਵੀ ਘਰ ’ਚ ਆਪਣੀਆਂ ਰਹਿਮਤਾਂ ਲੁਟਾਉਣ ਜਾਂਦੇ ਤਾਂ ਇਹ ਘੋੜੇ ਅਗਵਾਨੀ ਕਰਦੇ ਹੋਏ ਨਿਕਲਦੇ ਅਜਿਹਾ ਸੁੰਦਰ ਨਜ਼ਾਰਾ ਦੇਖ ਕੇ ਸਾਰੇ ਬਹੁਤ ਖੁਸ਼ ਹੁੰਦੇ ਅਤੀਤ ਦੀ ਗੱਲ ਸਾਂਝਾ ਕਰਦੇ ਹੋਏ ਮੱਖਣ ਸਿੰਘ ਦੱਸਦੇ ਹਨ ਕਿ ਮੇਰੇ ਪਿਤਾ ਬਾਬੂ ਸਿੰਘ ਦਾ ਪੂਜਨੀਕ ਪਰਮ ਪਿਤਾ ਜੀ ਨਾਲ ਬੜਾ ਲਗਾਅ ਸੀ ਇੱਕ ਵਾਰ ਦੋਵੇਂ ਇਕੱਠੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣਨ ਲਈ ਦਿੱਲੀ ਗਏ ਹੋਏ ਸਨ ਪੂਜਨੀਕ ਪਰਮ ਪਿਤਾ ਜੀ ਨੇ ਦਿੱਲੀ ਤੋਂ ਹੀ ਮੇਰੇ ਪਿਤਾ ਜੀ ਨੂੰ ਇੱਕ ਘੜੀ ਦਿਲਵਾਈ ਸੀ, ਜੋ ਅੱਜ ਵੀ ਅਸੀਂ ਬਤੌਰ ਸ਼ਹਿਨਸ਼ਾਹੀ ਨਿਸ਼ਾਨੀ ਸੰਭਾਲੇ ਹੋਏ ਹਾਂ

ਪਿੰਡ ’ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜੋ ਸ਼ਾਂਤੀ ਅਤੇ ਭਾਈਚਾਰਾ ਪਸੰਦ ਹਨ ਕਰੀਬ
5 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਇਹ ਸਾਡੇ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡਾ ਪਿੰਡ ਸੰਤਾਂ ਦੀ ਜਨਮ-ਭੂਮੀ ਦੇ ਰੂਪ ’ਚ ਵਿਸ਼ਵ ਭਰ ’ਚ ਪ੍ਰਸਿੱਧ ਹੋ ਚੁੱਕਿਆ ਹੈ ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ ਨੂੰ ਲੈ ਕੇ ਪਿੰਡ ਵਾਲਿਆਂ ਦੀ ਡੂੰਘੀ ਆਸਥਾ ਹੈ ਡੇਰਾ ਸੱਚਾ ਸੌਦਾ ਦੇ ਯਤਨਾਂ ਨਾਲ ਹੀ ਨੌਜਵਾਨਾਂ ਨੂੰ ਪਿੰਡ ’ਚ ਹੀ ਖੇਡਾਂ ਦੀ ਕੌਮਾਂਤਰੀ ਪੱਧਰ ਦੀਆਂ ਸੁਵਿਧਾਵਾਂ ਮਿਲੀਆਂ ਹੋਈਆਂ ਹਨ
-ਰਣਬੀਰ ਕੌਰ, ਸਰਪੰਚ ਸ੍ਰੀ ਜਲਾਲਆਣਾ ਸਾਹਿਬ

ਦਰਬਾਰ ਦਰਸ਼ਨ ਲਈ ਇੰਜ ਪਹੁੰਚੋ

ਡੇਰਾ ਸੱਚਾ ਸੌਦਾ ਮੌਜ ਮਸਤਪੁਰਾ ਧਾਮ ਸ੍ਰੀ ਜਲਾਲਆਣਾ ਸਾਹਿਬ ਨੂੰ ਸਜਦਾ ਕਰਨ ਦਾ ਕਦੇ ਦਿਲ ਕਰੇ ਤਾਂ ਇੱਥੇ ਪਹੁੰਚਣ ਲਈ ਰੇਲ ਅਤੇ ਸੜਕ ਦੋਵੇਂ ਮਾਰਗ ਹੀ ਉਪਲੱਬਧ ਹਨ

  • ਰੇਲ ਮਾਰਗ:
    ਇੱਥੇ ਪਹੁੰਚਣ ਲਈ ਤੁਹਾਨੂੰ ਸਰਸਾ-ਬਠਿੰਡਾ ਰੂਟ ’ਤੇ ਕਾਲਿਆਂਵਾਲੀ ਸਟੇਸ਼ਨ ’ਤੇ ਉਤਰਨਾ ਹੋਵੇਗਾ ਉੱਥੋਂ ਸ੍ਰੀ ਜਲਾਲਆਣਾ ਸਾਹਿਬ ਦੀ ਦੂਰੀ 7 ਕਿੱਲੋਮੀਟਰ ਹੈ, ਜੋ ਬੱਸ ਜਾਂ ਹੋਰ ਵਾਹਨ ਰਾਹੀਂ ਤੈਅ ਕੀਤੀ ਜਾ ਸਕਦੀ ਹੈ
  • ਸੜਕ ਮਾਰਗ:
    ਸਰਸਾ-ਡੱਬਵਾਲੀ ਮਾਰਗ ’ਤੇ ਸਥਿਤ ਔਢਾਂ ਪਿੰਡ ਤੋਂ
    (5 ਕਿੱਲੋਮੀਟਰ) Çਲੰਕ ਰੋਡ ਤੋਂ ਹੋ ਕੇ ਜਾਂ ਫਿਰ ਚੋਰਮਾਰ ਪਿੰਡ ਤੋਂ (4 ਕਿੱਲੋਮੀਟਰ) Çਲੰਕ ਰੋਡ ’ਤੇ ਚੱਲਦੇ ਹੋਏ ਵੀ ਇੱਥੇ ਪਹੁੰਚਿਆ ਜਾ ਸਕਦਾ ਹੈ ਇਨ੍ਹਾਂ ਪਿੰਡਾਂ ਤੋਂ ਸਮੇਂ ਅਨੁਸਾਰ ਬੱਸ ਸੇਵਾ ਵੀ ਉਪਲੱਬਧ ਰਹਿੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!