ਬੱਚਿਆਂ ’ਚ ਪੈਦਾ ਕਰੋ ਜ਼ਿੰੰਮੇਵਾਰੀ ਦਾ ਅਹਿਸਾਸ
Responsibility in Children ਅਕਸਰ ਅੱਜ-ਕੱਲ੍ਹ ਬੱਚਿਆਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਦਾ ਹੈ ਕਿ ‘ਤੁਸੀਂ ਮੈਨੂੰ ਕਦੇ ਕੁਝ ਨਹੀਂ ਦਿੱਤਾ ਬਾਕੀ ਮਾਪੇ ਬਹੁਤ ਕੁਝ ਦਿੰਦੇ ਹਨ ਆਪਣੇ ਬੱਚਿਆਂ ਨੂੰ’ ਅਜਿਹਾ ਬੱਚਿਆਂ ਤੋਂ ਉਦੋਂ ਸੁਣਨ ਨੂੰ ਮਿਲਦਾ ਹੈ ਜਦੋਂ ਮਾਪੇ ਬੱਚਿਆਂ ਦੀ ਹਰ ਮੰਗ ਨੂੰ ਬਿਨਾਂ ਕਿਸੇ ਝਿਜਕ ਦੇ ਪੂਰੀ ਕਰਦੇ ਹਨ ਉਂਜ ਤਾਂ ਅੱਜ ਦੇ ਰੁਝੇਵੇਂ ਭਰੇ ਸਮੇਂ ’ਚ ਮਾਪਿਆਂ ਦਾ ਪੂਰਾ ਧਿਆਨ ਬੱਚਿਆਂ ’ਤੇ ਹੀ ਕੇਂਦਰਿਤ ਰਹਿੰਦਾ ਹੈ ਉਨ੍ਹਾਂ ਤੋਂ ਬੱਚੇ ਨੂੰ ਪੂਰੀ ਸੁਰੱਖਿਆ ਅਤੇ ਪਿਆਰ ਮਿਲਦਾ ਰਹਿੰਦਾ ਹੈ ਪਰ ਕਦੇ ਕਿਸੇ ਕਾਰਨ ਕਰਕੇ ਮਾਪੇ ਬੱਚਿਆਂ ਦੀ ਕੋਈ ਖੁਹਾਇਸ਼ ਪੂਰੀ ਨਾ ਕਰ ਸਕਣ ਤਾਂ ਬੱਚੇ ਸਭ ਕੁਝ ਭੁੱਲ ਕੇ ਉਸੇ ਗੱਲ ਨੂੰ ਯਾਦ ਰੱਖ ਕੇ ਨਿਰਾਸ਼ ਹੋ ਜਾਂਦੇ ਹਨ।
ਅੱਜ ਦੇ ਸਮੇਂ ’ਚ ਬੱਚਿਆਂ ਦੀ ਖੁਸ਼ੀ ਤੇ ਉਨ੍ਹਾਂ ਦੇ ਆਰਾਮ ਲਈ ਮਾਪੇ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹਨ ਭਾਵੇਂ ਖੁਦ ਨੂੰ ਕਿੰਨੀਆਂ ਮੁਸ਼ਕਿਲਾਂ ਝੱਲਣੀਆਂ ਪੈਣ ਬੱਚੇ ਉਨ੍ਹਾਂ ਮੁਸ਼ਕਿਲਾਂ ਨੂੰ ਨਹੀਂ ਸਮਝਦੇ ਮਾਪਿਆਂ ਨੂੰ ਚਾਹੀਦੈ ਕਿ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਸ਼ੁਰੂ ਤੋਂ ਕਰਵਾਉਣ ਕਿ ਹਰ ਚੀਜ਼ ਆਸਾਨੀ ਨਾਲ ਨਹੀਂ ਮਿਲਦੀ ਜੋ ਮਿਲਦਾ ਹੈ ਉਸ ’ਚ ਖੁਸ਼ ਰਹਿਣਾ ਸਿੱਖੋ ਮਾਪਿਆਂ ਨੂੰ ਚਾਹੀਦੈ ਕਿ ਬੱਚਿਆਂ ਨੂੰ ਹਰ ਪ੍ਰਾਪਤ ਕੀਤੀ ਹੋਈ ਚੀਜ਼ ਦੀ ਕਦਰ ਕਰਨੀ ਸਿਖਾਉਣ।
ਬੱਚਿਆਂ ਨੂੰ ਭਰਪੂਰ ਪਿਆਰ ਦਿਓ ਪਿਆਰ ਦੀ ਭਰਪਾਈ ਕਦੇ ਬੱਚਿਆਂ ਨੂੰ ਚੀਜ਼ਾਂ ਦੇ ਕੇ ਨਾ ਕਰੋ ਖਿਡੌਣੇ ਜਾਂ ਖਾਣ ਦੇ ਸਾਮਾਨ ਨੂੰ ਪਿਆਰ ਦਾ ਬਦਲ ਨਾ ਬਣਾਓ ਬੱਚਿਆਂ ਨੂੰ ਪਿਆਰ ਨਾਲ ਗਲੇ ਲਾਓ, ਉਨ੍ਹਾਂ ਦੀ ਪਿੱਠ ਥਾਪੜੋ ਇਹ ਮਹਿਸੂਸ ਕਰਵਾਓ ਕਿ ਤੁਸੀਂ ਉਨ੍ਹਾਂ ਦੇ ਨਾਲ ਹੋ ਬੱਚਿਆਂ ਦੀ ਹਰ ਮੰਗ ਨੂੰ ਇੱਕਦਮ ਪੂਰਾ ਨਾ ਕਰੋ ਬਹੁਤ ਜ਼ਰੂਰੀ ਚੀਜ਼ਾਂ ਤਾਂ ਮੰਗ ਕਰਨ ’ਤੇ ਦਿਵਾ ਦਿਓ ਪਰ ਜਿਹੜੀਆਂ ਚੀਜ਼ਾਂ ਦੀ ਇੱਕਦਮ ਲੋੜ ਨਾ ਹੋਵੇ, ਉਨ੍ਹਾਂ ਨੂੰ ਕੁੁਝ ਸਮੇਂ ਬਾਅਦ ਦਿਵਾਓ ਤਾਂ ਕਿ ਤੁਹਾਡੀਆਂ ਲਿਆਂਦੀਆਂ ਹੋਈਆਂ ਚੀਜ਼ਾਂ ਦੀ ਉਹ ਕਦਰ ਕਰ ਸਕਣ ਜੇਕਰ ਹਰ ਮੰਗ ਉਸੇ ਸਮੇਂ ਪੂਰੀ ਕਰੋਗੇ ਤਾਂ ਬੱਚਿਆਂ ਨੂੰ ਕਦਰ ਦਾ ਅਹਿਸਾਸ ਨਹੀਂ ਹੋ ਸਕੇਗਾ।
ਕੋਈ ਮਨਪਸੰਦ ਖਿਡੌਣਾ ਟੁੱਟ ਜਾਂਦਾ ਹੈ ਜਾਂ ਗੁਆਚ ਜਾਂਦਾ ਹੈ ਤਾਂ ਉਸਦੇ ਬਦਲੇ ਦੁਬਾਰਾ ਚੀਜ਼ ਲਿਆਉਣ ’ਚ ਕਾਹਲੀ ਨਾ ਕਰੋ ਟੁੱਟਣ ’ਤੇ ਉਸਦੇ ਨਾਲ ਮਿਲ ਕੇ ਜੋੜਨ ਦਾ ਯਤਨ ਕਰੋ ਜੇਕਰ ਨਾ ਜੁੜ ਸਕੇ ਤਾਂ ਨਵੀਂ ਚੀਜ਼ ਕੁਝ ਸਮੇਂ ਬਾਅਦ ਦਿਵਾਓ ਤਾਂ ਕਿ ਬੱਚਾ ਅਗਲੀ ਵਾਰ ਆਪਣੀ ਪਿਆਰੀ ਚੀਜ ਪ੍ਰਤੀ ਜ਼ਿਆਦਾ ਚੌਕਸ ਰਹੇ ਬੱਚਿਆਂ ਦੇ ਬਦਤਮੀਜ਼ੀ ਕਰਨ ’ਤੇ ਜਾਂ ਕਹਿਣਾ ਨਾ ਮੰਨਣ ’ਤੇ ਉਸਨੂੰ ਡਾਂਟੋ ਜਾਂ ਮਾਰੋ ਨਾ ਸਗੋਂ ਉਸ ਨਾਲ ਗੱਲ ਨਾ ਕਰੋ ਜਾਂ ਉਸਨੂੰ ਮਨਪਸੰਦ ਟੀ.ਵੀ. ਪ੍ਰੋਗਰਾਮ ਨਾ ਦੇਖਣ ਦਿਓ ਤਾਂ ਕਿ ਉਹ ਅੱਗੇ ਲਈ ਤੁਹਾਡੇ ਨਾਲ ਉਹੋ-ਜਿਹਾ ਵਿਹਾਰ ਨਾ ਦੁਹਰਾਏ ਮਾਪਿਆਂ ਨੂੰ ਕੁਝ ਫੈਸਲਿਆਂ ’ਤੇ ਮਜ਼ਬੂਤ ਰਹਿਣਾ ਚਾਹੀਦਾ ਹੈ।
ਅਜਿਹੇ ’ਚ ਮਾਪਿਆਂ ਨੂੰ ਮਿਲ ਕੇ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਜੇਕਰ ਬੱਚੇ ਫੈਸਲਾ ਮੰਨਣ ’ਚ ਨਾਂਹ-ਨੁੱਕਰ ਕਰਨ ਜਾਂ ਚੀਕਣ ਤਾਂ ਤੁਸੀਂ ਸ਼ਾਂਤ ਹੋ ਜਾਓ ਉਹ ਖੁਦ ਸਮਝ ਜਾਣਗੇ ਕਿ ਚੀਕਣ ਦਾ ਕੋਈ ਫਾਇਦਾ ਨਹੀਂ ਹੈ ਕਈ ਵਾਰ ਬੱਚੇ ਖਾਣ ਵਾਲੇ ਮੇਜ਼ ’ਤੇ ਘਰ ਦੇ ਬਣੇ ਖਾਣੇ ਨੂੰ ਪਸੰਦ ਨਹੀਂ ਕਰਦੇ ਅਜਿਹੇ ’ਚ ਬੱਚਿਆਂ ਨੂੰ ਅਹਿਸਾਸ ਕਰਵਾਓ ਕਿ ਮਾਪੇ ਜੇਕਰ ਦੋਵੇਂ ਕੰਮ ’ਤੇ ਜਾਂਦੇ ਹਨ ਜਾਂ ਮਾਂ ਘਰ ਰਹਿ ਕੇ ਸਾਰਾ ਘਰ ਸੰਭਾਲਦੀ ਹੈ ਤਾਂ ਮਾਂ ਕਿਵੇਂ ਪਰਿਵਾਰ ਦੇ ਹਰ ਮੈਂਬਰ ਦੀ ਪਸੰਦ ਦਾ ਧਿਆਨ ਰੱਖ ਕੇ ਖਾਣਾ ਬਣਾ ਸਕਦੀ ਹੈ! ਆਖਿਰ ਉਹ ਵੀ ਇੱਕ ਇਨਸਾਨ ਹੈ ਉਸਦੇ ਕੋਲ ਪੂਰਾ ਘਰ ਸੰਭਾਲਣ ਦਾ ਬਹੁਤ ਵੱਡਾ ਕੰਮ ਹੈ ਅਜਿਹੇ ’ਚ ਬੱਚਿਆਂ ਨੂੰ ਛੋਟੇ-ਛੋਟੇ ਕੰਮਾਂ ’ਚ ਮੱਦਦ ਕਰਨਾ ਸਿਖਾਓ ਤਾਂ ਕਿ ਉਹ ਮਹਿਸੂਸ ਕਰ ਸਕਣ ਕਿ ਹਰ ਕੰਮ ਕਰਨਾ ਬਹੁਤ ਸੌਖਾ ਨਹੀਂ ਹੈ।
ਬੱਚਿਆਂ ਨੂੰ ਜੋ ਮਿਲ ਰਿਹਾ ਹੈ, ਉਸ ’ਚ ਸੰਤੋਖ ਕਰਨਾ ਸਿਖਾਓ ਅਤੇ ਜੋ ਨਹੀਂ ਮਿਲ ਰਿਹਾ ਹੈ, ਉਸ ਦੀ ਵਿਅਰਥ ਚਰਚਾ ’ਤੇ ਬਹਿਸ ਨਾ ਕਰੋ। ਬੱਚਿਆਂ ਨੂੰ ਇਹ ਵੀ ਅਹਿਸਾਸ ਕਰਵਾਓ ਕਿ ‘ਵੰਡ ਖਾਧਾ, ਖੰਡ ਖਾਧਾ’ ਜਾਂ ‘ਸ਼ੇਅਰਿੰਗ ਇਜ਼ ਕੇਅਰਿੰਗ’ ਜੋ ਵੀ ਚੀਜ਼ ਜਾਂ ਖਿਡੌਣਾ ਉਨ੍ਹਾਂ ਕੋਲ ਹੈ, ਆਪਣੇ ਦੂਜੇ ਭੈਣ-ਭਰਾਵਾਂ ਅਤੇ ਸਾਥੀਆਂ ਨਾਲ ਮਿਲ ਕੇ ਉਸਦਾ ਅਨੰਦ ਲਓ ਨਾ ਕਿ ਇਕੱਲੇ ਨਾ ਤਾਂ ਇਕੱਲੇ ਖੇਡਣ ’ਚ ਮਜ਼ਾ ਆਉਂਦਾ ਹੈ ਅਤੇ ਨਾ ਹੀ ਇਕੱਲੇ ਖਾਣ ’ਚ ਮਿਲ ਕੇ ਖਾਣ ਅਤੇ ਖੇਡਣ ਦਾ ਮਜ਼ਾ ਕੁਝ ਹੋਰ ਹੀ ਹੈ।
-ਨੀਤੂ ਗੁਪਤਾ