ਭਾਈ! ਬਹੁਤ ਅੱਛੀ ਜਗ੍ਹਾ ਗਿਆ ਹੈ-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਮਤ
ਪ੍ਰੇਮੀ ਛੋਟਾ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਸ. ਬੰਤ ਸਿੰਘ ਪਿੰਡ ਘੁੰਮਣ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਆਪਣੇ ਵੱਡੇ ਭਰਾ ਦਰਬਾਰਾ ਸਿੰਘ ’ਤੇ ਪਰਮ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਮੇਰਾ ਵੱਡਾ ਭਰਾ ਦਰਬਾਰਾ ਸਿੰਘ ਸ਼ੁਰੂ ਤੋਂ ਹੀ ਧਾਰਮਿਕ ਸੁਭਾਅ ਦਾ ਸੀ ਉਸਨੇ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਜਦੋਂ ਪਰਮਪਿਤਾ ਜੀ ਦਾ ਸਾਡੇ ਪਿੰਡ ਸਤਿਸੰਗ ਹੋਇਆ ਤਾਂ ਉਸਨੇ ਸਤਿਸੰਗ ਕਰਵਾਉਣ ਵਿੱਚ ਬਹੁਤ ਯੋਗਦਾਨ ਦਿੱਤਾ ਉਹ ਸਾਡੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜੇਬੀਟੀ ਅਧਿਆਪਕ ਲੱਗਾ ਹੋਇਆ ਸੀ
ਪ੍ਰੇਮ ਕੋਟਲੀ ਪਿੰਡ ਸਾਡੇ ਪਿੰਡ ਦੇ ਨਜ਼ਦੀਕ ਹੀ ਹੈ, ਉੱਥੋਂ ਦੇ ਜੀਬੀਟੀ ਅਧਿਆਪਕ ਭਗਵਾਨ ਸਿੰਘ ਨਾਲ ਉਸਦਾ ਬਹੁਤ ਪ੍ਰੇਮ ਸੀ ਮੇਰੇ ਭਰਾ ਦਰਬਾਰਾ ਸਿੰਘ ਨੂੰ ਆਪਣੇ ਅੰਤਿਮ ਸਮੇਂ ਦਾ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਜਾਂ ਉਸਦੇ ਸਤਿਗੁਰੂ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਨੇ ਉਸਨੂੰ ਦੱਸ ਦਿੱਤਾ ਸੀ ਉਸਨੇ ਆਪਣੇ ਕੱਪੜੇ (ਕੱਫਣ) ਸਿਲਵਾ ਕੇ ਮਾਸਟਰ ਭਗਵਾਨ ਸਿੰਘ ਨੂੰ ਫੜਾਉਂਦੇ ਹੋਏ ਕਿਹਾ ਕਿ ਇਹ ਮੇਰੇ ਕੱਫਣ ਦੇ ਕੱਪੜੇ ਹਨ ਇਹ ਮੇਰੇ ਚੋਲਾ ਛੱਡਣ ਤੋਂ ਬਾਅਦ ਮੇਰੇ ਪਾਉਣੇ ਹਨ ਇਹ ਗੱਲ ਅਗਸਤ 1979 ਦੀ ਹੈ
ਉਸ ਦਿਨ ਮੇਰਾ ਭਰਾ ਦਰਬਾਰਾ ਸਿੰਘ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਸਾਰੀ ਛੁੱਟੀ ਦਾ ਸਮਾਂ ਹੋਣ ’ਤੇ ਵੀ ਉਸਨੇ ਬੱਚਿਆਂ ਨੂੰ ਛੁੱਟੀ ਨਾ ਕੀਤੀ, ਸਗੋਂ ਪੜ੍ਹਾਈ ਜਾ ਰਿਹਾ ਸੀ ਸਾਥੀ ਅਧਿਆਪਕ ਕਹਿਣ ਲੱਗੇ ਕਿ ਟਾਇਮ ਹੋ ਗਿਆ ਹੈ, ਇਸ ਲਈ ਬੱਚਿਆਂ ਨੂੰ ਛੁੱਟੀ ਕਰ ਦਿਓ ਉਹ ਕਹਿਣ ਲੱਗਾ ਕਿ ਅਜੇ ਸਵਾਲ ਰਹਿੰਦੇ ਹਨ, ਮੈਂ ਕਰਵਾ ਦਿਆਂ ਸਾਥੀ ਅਧਿਆਪਕ ਕਹਿਣ ਲੱਗੇ ਕਿ ਕੱਲ੍ਹ ਨੂੰ ਕਰਵਾ ਦੇਵੀਂ, ਅੱਜ ਛੁੱਟੀ ਕਰ ਦੇ ਉਹ ਕਹਿਣ ਲੱਗਾ ਕਿ ਮੈਂ ਤਾਂ ਚੋਲਾ ਛੱਡਣਾ ਹੈ
ਸਾਥੀ ਅਧਿਆਪਕ ਹੱਸਣ ਲੱਗੇ, ਤੁਸੀਂ ਚੋਲਾ ਛੱਡਣਾ ਹੈ, ਤੁਹਾਨੂੰ ਕੀ ਹੋਇਆ ਹੈ? ਇਸ ਤਰ੍ਹਾਂ ਚੰਗੇ ਭਲੇ ਦਾ ਚੋਲਾ ਨਹੀਂ ਛੁੱਟਦਾ ਤੂੰ ਐਡਾ ਤਕੜਾ ਬੰਦਾ ਹੈ, ਤੂੰ ਐਂ ਕਿਵੇਂ ਚੋਲਾ ਛੱਡੇਂਗਾ? ਸਾਨੂੰ ਮਜ਼ਾਕ ਨਾ ਕਰ ਉਸਨੇ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਸਕੂਲ ਵਿੱਚ ਛੁੱਟੀ ਤੋਂ ਬਾਅਦ ਉਹ ਆਪਣੇ ਘਰੇ ਆ ਗਿਆ
ਉਹ ਮੈਨੂੰ (ਛੋਟਾ ਭਰਾ ਛੋਟਾ ਸਿੰਘ) ਸਮਝਾਉਣ ਲੱਗਾ ਕਿ ਮੇਰੇ ਕੱਫਣ ਵਾਲੇ ਬਸਤਰ ਮਾਸਟਰ ਭਗਵਾਨ ਸਿੰਘ ਪ੍ਰੇਮ ਕੋਟਲੀ ਵਾਲੇ ਦੇ ਕੋਲ ਸਿਉਂਤੇ ਪਏ ਹਨ ਮੈਂ ਸ਼ਾਮ ਨੂੰ ਸੱਤ ਵਜੇ ਚੋਲਾ ਛੱਡੂੰਗਾ, ਤੂੰ ਇਸ ਤਰ੍ਹਾਂ ਕਰਨਾ ਕਿ ਸੁਬਹ ਸਵੇਰੇ ਮਾਸਟਰ ਭਗਵਾਨ ਸਿੰਘ ਕੋਲ ਜਾਣਾ ਤੇ ਉਹ ਬਸਤਰ ਲਿਆ ਕੇ ਮੇਰੇ ਪਾਉਣਾ ਮੇਰੇ ਫੁੱਲ (ਅਸਥੀਆਂ) ਪਰਮਪਿਤਾ ਜੀ ਕੋਲ ਲੈ ਕੇ ਜਾਣਾ ਤੇ ਅਰਦਾਸ ਕਰਨੀ ਕਿ ਇਹ ਮਾਸਟਰ ਦਰਬਾਰਾ ਸਿੰਘ ਦੇ ਫੁੱਲ ਹਨ
ਉਸ ਦਿਨ ਸ਼ਾਮ ਦੇ ਸਮੇਂ ਮੇਰੇ ਬਾਪੂ ਜੀ ਤੇ ਸਾਡਾ ਸਾਰੇ ਭਾਈਆਂ ਦਾ ਪਰਿਵਾਰ ਵਿਹੜੇ ਵਿੱਚ ਇਕੱਠੇ ਬੈਠੇ ਸਨ ਉਹ ਆਪਣੀਆਂ ਭਰਜਾਈਆਂ ਨੂੰ ਕਹਿਣ ਲੱਗਾ ਕਿ ਛੇਤੀ-ਛੇਤੀ ਖਾਣਾ ਬਣਾ ਲਓ ਇੱਕ ਭਰਜਾਈ ਬੋਲੀ ਕਿ ਅੱਜ ਮਾਸਟਰ ਨੂੰ ਭੁੱਖ ਲੱਗੀ ਹੈ, ਤਾਂ ਕਰਕੇ ਕਹਿੰਦਾ ਹੈ ਉਹ ਬੋਲਿਆ, ਜੇ ਮੈਂ ਅਸਲੀ ਗੱਲ ਦੱਸ ਦਿੱਤੀ ਤਾਂ ਤੁਸੀਂ ਖਾਣਾ ਖਾਣਾ ਹੀ ਨਹੀਂ ਫਿਰ ਆਪਣੇ ਬਾਪੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਪਰਮਪਿਤਾ ਜੀ ਤੋਂ ਨਾਮ ਲੈ ਲੈਣਾ, ਜੋ ਬਾਅਦ ਵਿੱਚ ਉਸਨੇ ਲੈ ਲਿਆ ਸੀ ਉਸਨੇ ਆਪਣੀ ਮਾਤਾ ਨੂੰ ਯਾਦ ਕੀਤਾ ਕਿ ਬੇਬੇ ਕਿੱਥੇ ਹੈ? ਮੈਂ ਉਸਨੂੰ ਦੱਸਿਆ ਕਿ ਮੈਂ ਹੁਣੇ ਹੀ ਉਸ ਕੋਲੋਂ ਆਇਆ ਹਾਂ ਉਹ ਅੰਦਰਲੇ ਘਰੋਂ ਆ ਰਹੀ ਹੈ ਉਹ ਕਹਿਣ ਲੱਗਾ ਕਿ ਮੇਰਾ ਟਾਇਮ ਹੋ ਗਿਆ ਹੈ ਪਰਮਪਿਤਾ ਜੀ ਆ ਗਏ ਹਨ ਤੇ ਮੈਂ ਜਾ ਰਿਹਾ ਹਾਂ ਮੈਂ ਬੇਬੇ ਨੂੰ ਨਹੀਂ ਮਿਲ ਸਕਦਾ ਉਸਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਹਰਾ ਬੋਲਕੇ ਚੋਲਾ ਛੱਡ ਦਿੱਤਾ
ਅਗਲੇ ਦਿਨ ਸੁਬਹ ਮੈਂ ਮਾਸਟਰ ਭਗਵਾਨ ਸਿੰਘ ਤੋਂ ਉਹੀ ਬਸਤਰ ਲੈ ਕੇ ਆਇਆ ਜੋ ਉਸਨੂੰ ਪਹਿਨਾਏ ਗਏ ਮਾਸਟਰ ਭਗਵਾਨ ਸਿੰਘ ਵੀ ਆ ਗਏ ਤਾਂ ਉਸਦਾ ਸਸਕਾਰ ਕੀਤਾ ਉਸਦੇ ਕਹੇ ਅਨੁਸਾਰ ਉਸਦੇ ਫੁੱਲ ਲੈ ਕੇ ਅਸੀਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਗਏ ਤਾਂ ਪਰਮਪਿਤਾ ਜੀ ਨੇ ਫੁੱਲਾਂ (ਅਸਥੀਆਂ) ਤੇ ਆਪਣੀ ਦਇਆ ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ, ‘‘ਭਾਈ! ਬਹੁਤ ਅੱਛੀ ਜਗ੍ਹਾ ਗਿਆ ਹੈ ਭਾਈ, ਤੁਸੀਂ ਟੂਟੀਆਂ ਤੋਂ ਪਾਣੀ ਲੈ ਜਾਣਾ, ਇਹ ਪਾਣੀ ਗੰਗਾ ਦੇ ਪਾਣੀ ਤੋਂ ਘੱਟ ਨਹੀਂ ਭਾਈ ਬਜ਼ਾਰ ’ਚੋਂ ਖਿੱਲਾਂ ਲੈ ਲਿਓ, ਕਿਉਂਕਿ ਦੁਨੀਆਂਦਾਰੀ ਦਾ ਹਿਸਾਬ ਹੈ ਇਹ ਫੁੱਲ ਵੱਗਦੀ ਨਹਿਰ ਵਿੱਚ ਪਾ ਦਿਓ ਪਰਮਪਿਤਾ ਜੀ ਦੇ ਬਚਨਾਂ ਅਨੁਸਾਰ ਅਸੀਂ ਵੱਗਦੀ ਨਹਿਰ ਵਿੱਚ ਫੁੱਲ ਪਾ ਦਿੱਤੇ
ਇਸ ਤਰ੍ਹਾਂ ਸਤਿਗੁਰੂ ਆਪਣੀ ਰੂਹ ਨੂੰ ਨਿੱਜਧਾਮ ਲੈ ਗਏ, ਜਿਸ ਨੇ ਵੀ ਸੱਚੇ ਸਤਿਗੁਰੂ ਤੋਂ ਨਾਮ ਸ਼ਬਦ ਲਿਆ ਹੈ, ਸਤਿਗੁਰੂ ਇਸੇ ਤਰ੍ਹਾਂ ਰੂਹ ਨੂੰ ਆਪਣੇ ਨਿੱਜਧਾਮ, ਸਤਿਲੋਕ, ਸੱਚਖੰਡ ਲੈ ਜਾਂਦਾ ਹੈ ਜਿਵੇਂ ਕਿ ਉਪਰੋਕਤ ਕਰਿਸ਼ਮੇ ਤੋਂ ਸਾਫ ਸਪੱਸ਼ਟ ਹੈ