ਇੱਥੇ ਜਿਹੜੀ ਤਾਕਤ ਹੈ, ਉਹ ਸਭ ਤੋਂ ਉੱਚੀ ਹੈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਮਤ
ਪ੍ਰੇਮੀ ਛੋਟਾ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਬੰਤ ਸਿੰਘ ਪਿੰਡ ਘੁੰਮਣ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਆਪਣੇ ਸਤਿਗੁਰੂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਬੇਟੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਸੰਨ 1971 ਦੀ ਗੱਲ ਹੈ ਮੇਰਾ ਬੇਟਾ ਪੰਜ ਸਾਲ ਦਾ ਸੀ ਇੱਕ ਦਿਨ ਜਦੋਂ ਉਹ ਬੱਚਿਆਂ ਨਾਲ ਖੇਡਦਾ-ਖੇਡਦਾ ਘਰ ਆਇਆ ਤਾਂ ਕਹਿਣ ਲੱਗਾ ਕਿ ਮੇਰੀਆਂ ਲੱਤਾਂ ਦੁਖਦੀਆਂ ਹਨ ਜਦੋਂ ਉਸ ਦੀਆਂ ਲੱਤਾਂ ਦੁਖਣੋਂ ਨਾ ਹਟੀਆ ਤਾਂ ਅਸੀਂ ਉਸ ਨੂੰ ਡਾਕਟਰ ਨੂੰ ਦਿਖਾਇਆ ਡਾਕਟਰ ਦੀ ਦਵਾਈ ਨਾਲ ਵੀ ਉਸ ਦੀਆਂ ਲੱਤਾਂ ਦਾ ਦਰਦ ਨਾ ਹਟਿਆ ਫਿਰ ਅਸੀਂ ਕਦੇ ਡਾਕਟਰ, ਕਦੇ ਵੈਦ ਬਹੁਤ ਥਾਵਾਂ ਤੋਂ ਦਵਾਈ ਲਈ, ਪਰ ਉਸ ਦੀਆਂ ਲੱਤਾਂ ਨੂੰ ਕਿਤੋਂ ਵੀ ਅਰਾਮ ਨਾ ਆਇਆ ਉਸ ਦੀਆਂ ਲੱਤਾਂ ਸੁੱਕਣੀਆਂ ਸ਼ੁਰੂ ਹੋ ਗਈਆਂ ਉਹ ਬੈਠਾ ਹੀ ਰਹਿੰਦਾ ਸੀ ਅਸੀਂ ਉਸ ਨੂੰ ਚੁੱਕ ਕੇ ਲੈਟਰੀਨ ਕਰਵਾਉਂਦੇ, ਚੁੱਕ ਕੇ ਹੀ ਏਧਰ-ਉੱਧਰ ਕਰਦੇ ਉਹ ਸੱਤ ਸਾਲਾਂ ਦਾ ਹੋ ਗਿਆ ਸੀ, ਉਸ ਦੀਆਂ ਲੱਤਾਂ ਸੁੱਕ ਚੁੱਕੀਆਂ ਸਨ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਤਾਂ ਸਾਰੀ ਉਮਰ ਮੰਜੇ ’ਤੇ ਹੀ ਰਹੇਗਾ ਤੇ ਸਾਥੋਂ ਸੇਵਾ ਹੀ ਕਰਵਾਏਗਾ
ਸਤਿਗੁਰੂ ਦੀ ਰਹਿਮਤ ਹੋਈ ਮੈਨੂੰ ਮਾਲਕ-ਸਤਿਗੁਰੂ ਪਰਮ ਪਿਤਾ ਜੀ ਨੇ ਖਿਆਲ ਦਿੱਤਾ ਕਿ ਬੱਚੇ ਨੂੰ ਡੇਰਾ ਸੱਚਾ ਸੌਦਾ ਸਰਸਾ ਲੈ ਕੇ ਚੱਲੀਏ ਮੈਂ ਆਪਣੀ ਪਤਨੀ ਤੇ ਬੱਚੇ ਨੂੰ ਲੈ ਕੇ ਡੇਰਾ ਸੱਚਾ ਸੌਦਾ ਸਰਸਾ ਗਿਆ ਅਸੀਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਤਿਸੰਗ ਸੁਣਿਆ ਮੇਰੀ ਪਤਨੀ ਨੂੰ ਕਿਸੇ ਸਤਿਸੰਗੀ ਮਾਤਾ ਨੇ ਦੱਸਿਆ ਕਿ ਡੇਰੇ ਵਿੱਚ ਜੋ ਡਿੱਗੀ ਬਣੀ ਹੋਈ ਹੈ, ਇਸ ਡਿੱਗੀ ਨੂੰ ਬਣਾਉਣ ਦੀ ਸੇਵਾ ਕਰਨ ਤੇ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਦਇਆ ਦ੍ਰਿਸ਼ਟੀ ਨਾਲ ਇਕ ਪ੍ਰੇਮੀ ਸੇਵਾਦਾਰ ਦਾ ਨੱਕ ਦਾ ਕੋਹੜ ਹੱਟ ਗਿਆ ਸੀ ਮੇਰੀ ਪਤਨੀ ਮੈਨੂੰ ਕਹਿਣ ਲੱਗੀ ਕਿ ਆਪਾਂ ਇਸ ਡਿੱਗੀ ਵਿੱਚੋਂ ਪਾਣੀ ਲੈ ਕੇ ਇਸ ਬੱਚੇ ਦੀਆਂ ਲੱਤਾਂ ਧੋ ਦੇਈਏ, ਹੋ ਸਕਦਾ ਹੈ
ਇਹ ਠੀਕ ਹੋ ਜਾਵੇ ਉਸ ਵੇਲੇ ਇਹ ਡਿੱਗੀ ਕੱਚੀ, ਬਹੁਤ ਵੱਡੀ ਅਤੇ ਡੂੰਘੀ ਸੀ ਅਸੀਂ ਪਤੀ-ਪਤਨੀ ਆਪਣੇ ਬੱਚੇ ਨੂੰ ਲੈ ਕੇ ਕੱਚੀਆਂ ਪੌੜੀਆਂ ਰਾਹੀਂ ਥੱਲੇ ਡਿੱਗੀ ਵਿੱਚ ਉਤਰ ਗਏ ਇੱਕ ਗੜਵੇ ਵਿੱਚ ਪਾਣੀ ਭਰ ਲਿਆ ਉੱਥੇ ਡਿੱਗੀ ਵਿੱਚ ਛੋਟੇ-ਛੋਟੇ ਦਰਖਤ ਸਨ, ਜਿਹਨਾਂ ਦੀ ਓਟ ਵਿੱਚ ਅਸੀਂ ਬੱਚੇ ਦੀਆਂ ਲੱਤਾਂ ਧੋਣ ਲੱਗੇ ਸੀ ਕਿ ਕਿਸੇ ਅਜ਼ਨਬੀ ਬੰਦੇ ਨੇ ਮੈਨੂੰ ਜੱਫਾ ਪਾ ਲਿਆ ਅਤੇ ਕਿਹਾ, ‘‘ਕੀ ਕਰਦਾ ਹੈਂ ਭਾਈ! ਪਤਾ ਨਹੀਂ ਤੂੰ ਕਿੰਨੇ ਥਾਵਾਂ ’ਤੇ ਗਿਆ ਹੋਵੇਂਗਾ, ਕਿੰਨੇ ਥਾਵਾਂ ’ਤੇ ਜਾਵੇਂਗਾ’’ ਮੈਂ ਉਸਨੂੰ ਕਿਹਾ ਕਿ ਮੈਂ ਇਸ ਸੱਚੇ ਸੌਦੇ ਦੇ ਦਰ ਤੋਂ ਬਿਨਾਂ ਕਿਤੇ ਹੋਰ ਨਹੀਂ ਗਿਆ ਤੇ ਨਾ ਹੀ ਜਾਵਾਂਗਾ ਮੇਰੇ ਮਾਂ-ਬਾਪ ਇਸ ਬੱਚੇ ਨੂੰ ਲੈ ਕੇ ਕਈ ਥਾਵਾਂ ’ਤੇ ਗਏ ਹਨ, ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਸ ਅਜ਼ਨਬੀ ਪੁਰਸ਼ ਨੇ ਕਿਹਾ, ‘‘ਤੇਰਾ ਖਿਆਲ ਹੈ ਕਿ ਕਈ ਧਾਰਮਿਕ ਥਾਵਾਂ ’ਤੇ ਪਿੰਗਲੇ ਠੀਕ ਹੋ ਜਾਂਦੇ ਹਨ
ਇੱਥੇ ਜਿਹੜੀ ਤਾਕਤ ਹੈ, ਉਹ ਸਭ ਤੋਂ ਉੱਚੀ ਹੈ’’ ਮੈਂ ਕਿਹਾ ਕਿ ਮੈਂ ਇਸ ਬੱਚੇ ਨੂੰ ਲੈ ਕੇ ਕਿਸੇ ਹੋਰ ਦਰ ’ਤੇ ਨਹੀਂ ਜਾਵਾਂਗਾ, ਜੇਕਰ ਮਰਦਾ ਹੈ ਤਾਂ ਮਰਜੇ, ਚਾਹੇ ਹੁਣੇ ਹੀ ਮਰਜੇ ਉਸ ਅਜਨਬੀ ਨੇ ਕਿਹਾ, ‘‘ਜੇਕਰ ਤੈਨੂੰ ਐਨਾ ਵਿਸ਼ਵਾਸ ਹੈ ਤਾਂ ਲੱਤਾਂ ਧੋਣ ਦੀ ਲੋੜ ਨਹੀਂ’’ ਮੈਂ ਉਸ ਅਜਨਬੀ ਨੂੰ ਕਿਹਾ ਕਿ ਮੈਂ ਨਹੀਂ ਪਾਣੀ ਪਾਉਂਦਾ ਫਿਰ ਉਸ ਅਜਨਬੀ ਨੇ ਕਿਹਾ, ‘‘ਹੁਣ ਪਾ ਲੈ’’ ਮੈਂ ਉਹ ਪਾਣੀ ਬੱਚੇ ਦੀਆਂ ਲੱਤਾਂ ’ਤੇ ਪਾ ਦਿੱਤਾ ਮੇਰੀ ਪਤਨੀ ਨੇ ਬੱਚੇ ਦੀਆਂ ਗਿੱਲੀਆਂ ਲੱਤਾਂ ’ਤੇ ਹੱਥ ਫੇਰਿਆ ਅਤੇ ਉਹੀ ਗਿੱਲਾ ਹੱਥ ਆਪਣੇ ਫੇਫੜੇ ’ਤੇ ਲਾ ਲਿਆ ਜੋ ਕਿ ਕਿਸੇ ਕਾਰਨ ਜਾਮ ਹੋਇਆ ਪਿਆ ਸੀ ਸਾਹ ਲੈਣ ਵਿੱਚ ਤਕਲੀਫ ਸੀ ਸਾਡੇ ਵੇਖਦੇ ਹੀ ਵੇਖਦੇ ਉਹ ਅਜਨਬੀ ਅਲੋਪ ਹੋ ਗਿਆ ਅਸੀਂ ਉਸ ਅਜਨਬੀ ਨੂੰ ਮਿਲਣ ਲਈ ਲੱਭਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਹ ਨਾ ਮਿਲਿਆ
ਅਗਲੇ ਦਿਨ ਅਸੀਂ ਘਰ ਵਾਪਸ ਆਉਣ ਲਈ ਸਰਸਾ ਤੋਂ ਬੱਸ ’ਤੇ ਚੜ੍ਹੇ ਬੱਸ ਸਰਦੂਲਗੜ੍ਹ ਦੇ ਬੱਸ ਅੱਡੇ ’ਤੇ ਖੜ੍ਹ ਗਈ ਉੱਥੇ ਬੱਚੇ ਨੇ ਰੌਲਾ ਪਾ ਦਿੱਤਾ ਕਿ ਮੇਰੀਆਂ ਲੱਤਾਂ ’ਤੇ ਕੀੜੀਆਂ ਚੜ੍ਹਦੀਆਂ ਹਨ ਉੱਥੇ ਹੀ ਬੱਚੇ ਦੀਆਂ ਲੱਤਾਂ ਵਿੱਚ ਖੂਨ ਚਲ ਗਿਆ ਤੇ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ ਉਸ ਦਿਨ ਤੋਂ ਬਾਅਦ ਬੱਚੇ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਹੋਈ ਹੁਣ ਉਹ ਬੱਚਾ ਬਾਲ-ਬੱਚੇਦਾਰ ਹੈ ਤੇ ਬਿਲਕੁਲ ਤੰਦਰੁਸਤ ਹੈ ਮੇਰੀ ਪਤਨੀ ਦਾ ਫੇਫੜਾ ਜੋ ਕਿ ਰੁਕਿਆ ਹੋਇਆ ਸੀ, ਉਸੇ ਦਿਨ ਚੱਲ ਪਿਆ ਸੀ ਜਦੋਂ ਕਿ ਪਹਿਲਾਂ ਦਵਾਈਆਂ ਨਾਲ ਵੀ ਠੀਕ ਨਹੀਂ ਹੋਇਆ ਸੀ ਮੈਨੂੰ ਬਾਅਦ ਵਿੱਚ ਸਮਝ ਆਈ ਕਿ ਉਹ ਅਜ਼ਨਬੀ ਕੋਈ ਬੰਦਾ ਨਹੀਂ ਸੀ ਬਲਕਿ ਖੁਦ ਕੁਲ ਮਾਲਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਨ ਮੇਰੇ ਕੋਲ ਐਨੀ ਤਾਕਤ ਨਹੀਂ ਕਿ ਮੈਂ ਆਪਣੇ ਸਤਿਗੁਰੂ ਦੇ ਪਰਉਪਕਾਰਾਂ ਦਾ ਵਰਣਨ ਕਰ ਸਕਾਂ ਸਾਡੀ ਸਾਰੇ ਪਰਿਵਾਰ ਦੀ ਪਰਮਪਿਤਾ ਜੀ ਦੇ ਸਵਰੂਪ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿਚ ਇਹੀ ਬੇਨਤੀ ਹੈ ਕਿ ਸੇਵਾ ਸਿਮਰਨ ਦਾ ਬਲ ਬਖ਼ਸ਼ੋ ਜੀ ਤੇ ਇਸੇ ਤਰ੍ਹਾਂ ਰਹਿਮਤ ਬਣਾਈ ਰੱਖਣਾ ਜੀ