ਬੇਟਾ! ਟੈਨਸ਼ਨ ਨਾ ਰੱਖੀਂ, ਨਾਮ ਜਪੋ ਬੇਟਾ ਦਿਨ-ਰਾਤ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਹੁਸ਼ਿਆਰ ਚੰਦ ਇੰਸਾਂ ਸੇਵਾਦਾਰ ਛਾਇਆਵਾਨ ਸੰਮਤੀ ਪੁੱਤਰ ਸ੍ਰੀ ਦੀਵਾਨ ਚੰਦ ਪਿੰਡ ਚੱਕ ਨਿਧਾਨਾ ਤਹਿਸੀਲ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਪਣੇ ਭਰਾ ਬਲਕਾਰ ਚੰਦ ’ਤੇ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੀ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਸੰਨ 2006 ਦੀ ਗੱਲ ਹੈ ਕਿ ਮੇਰੇ ਭਰਾ ਬਲਕਾਰ ਚੰਦ ਦੇ ਅਚਾਨਕ ਪੇਟ ਦਰਦ ਹੋਇਆ ਜਲਾਲਾਬਾਦ ਦੇ ਡਾ. ਕੁਮਾਰ ਤੋਂ ਅਲਟਰਾਸਾਊਂਡ ਕਰਵਾਇਆ, ਤਾਂ ਉਸ ਨੇ ਅਪੈਂਡੈਕਸ ਦੱਸਿਆ ਅਸੀਂ ਸਿਵਲ ਹਸਪਤਾਲ ਜਲਾਲਾਬਾਦ ਤੋਂ ਅਪਰੇਸ਼ਨ ਕਰਵਾ ਲਿਆ ਦੂਜੇ ਦਿਨ ਮਿਤੀ ਸੱਤ ਜੂਨ ਨੂੰ ਮਰੀਜ਼ ਦੇ ਪੇਟ ਵਿੱਚ ਇੱਕ ਗੋਲਾ ਜਿਹਾ ਬਣ ਗਿਆ ਤੇ ਪੇਟ ਫੁੱਲ ਗਿਆ ਉਸ ਤੋਂ ਬਾਅਦ ਜਲਾਲਾਬਾਦ ਤੇ ਫਾਜ਼ਿਲਕਾ ਦੇ ਕਈ ਡਾਕਟਰਾਂ ਤੋਂ ਚੈਕਅੱਪ ਕਰਵਾਇਆ, ਪਰ ਬਿਮਾਰੀ ਦਾ ਕਿਸੇ ਨੂੰ ਵੀ ਪਤਾ ਨਾ ਲੱਗਿਆ
ਅਖੀਰ 19 ਜੁਲਾਈ ਨੂੰ ਅਸੀਂ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਦਾਖਲ ਕਰਵਾਇਆ ਚੈਕਅੱਪ ਤੇ ਅਲਟਰਾਸਾਊਂਡ ਰਿਪੋਰਟ ਦੇਖ ਕੇ ਡਾਕਟਰ ਨੇ 22 ਜੁਲਾਈ ਨੂੰ ਮਰੀਜ਼ ਨੂੰ ਪੀ.ਜੀ.ਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਅਸੀਂ ਆਪਣੇ ਘਰ ਆ ਗਏ 23 ਜੁਲਾਈ ਨੂੰ ਮੈਂ ਰਿਪੋਰਟ ਡਾ. ਡੂਮੜਾ ਜਲਾਲਾਬਾਦ ਨੂੰ ਦਿਖਾਈ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਮਰੀਜ਼ ਨੂੰ ਕੈਂਸਰ ਹੋ ਗਿਆ ਜੇ ਬਜ਼ੁਰਗ ਹੁੰਦਾ ਤਾਂ ਕਿਤੇ ਜਾਣ ਦੀ ਲੋੜ ਨਹੀਂ ਸੀ ਤੁਸੀਂ ਇਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਜਾਓ ਅਸੀਂ 24 ਜੁਲਾਈ ਨੂੰ ਗੱਡੀ ਕਰਵਾ ਕੇ ਚੰਡੀਗੜ੍ਹ ਪਹੁੰਚੇ ਉੱਥੇ ਮਰੀਜ਼ ਨੂੰ ਮਰਦਾਨਾ ਸਰਜੀਕਲ ਵਾਰਡ ਵਿੱਚ ਦਾਖਲ ਕਰ ਲਿਆ ਗਿਆ 25 ਜੁਲਾਈ ਤੇ 3 ਅਗਸਤ ਨੂੰ ਸਿਟੀ-ਸਕੈਨ ਕਰਵਾਏ ਗਏ ਤੇ 5 ਅਗਸਤ ਨੂੰ ਛੁੱਟੀ ਦੇ ਦਿੱਤੀ ਕਿ ਮਰੀਜ਼ ਦਾ ਅਪਰੇਸ਼ਨ ਨਹੀਂ ਹੋਵੇਗਾ
Also Read :-
- ਭਿਆਨਕ ਕਰਮ ਵੀ ਕਟ ਜਾਂਦੇ ਹਨ
- ਮੇਰਾ ਸਤਿਗੁਰ ‘ਮੋਇਆ ਰਾਮ’ ਨਹੀਂ, ਉਹ ‘ਜ਼ਿੰਦਾਰਾਮ’ ਹੈ
- ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ
- ਸਿਮਰਨ ਲਈ ਅਲ੍ਹ ਸਵੇਰ ਆ ਕੇ ਉਠਾਉਂਦੇ ਪਿਆਰੇ ਮੁਰਸ਼ਿਦ
ਤੇ ਮਰੀਜ਼ ਦਵਾਈ ਨਾਲ ਹੀ ਠੀਕ ਹੋ ਜਾਵੇਗਾ 12 ਅਗਸਤ ਨੂੰ ਮਰੀਜ਼ ਦਾ ਟੈਸਟ ਕਰਵਾਉਣਾ ਹੈ ਤੇ ਰਿਪੋਰਟ ਦੇਖ ਕੇ ਦਵਾਈ ਚਾਲੂ ਕੀਤੀ ਜਾਵੇਗੀ ਮੈਂ ਉੱਥੇ ਡਿਊਟੀ ਦੇ ਰਹੇ ਡਾ. ਅਮਿਤ ਨੂੰ ਬੇਨਤੀ ਕੀਤੀ ਕਿ ਮਰੀਜ਼ ਨੂੰ ਦਾਖਲ ਕਰ ਲਓ, ਅਸੀਂ ਇਸ ਨੂੰ ਘਰ ਲਿਜਾ ਕੇ ਕੀ ਕਰਾਂਗੇ ਬਹੁਤ ਦੂਰ ਤੋਂ ਆਏ ਹਾਂ ਇਸ ਬੇਨਤੀ ’ਤੇ ਡਾ. ਨੇ ਸਾਨੂੰ ਡਾਕਟਰਾਂ ਦੇ ਦਫ਼ਤਰ ਦਾ ਫੋਨ ਨੰ: ਦੇ ਦਿੱਤਾ ਕਿ ਐਮਰਜੰਸੀ ਲੋੜ ਪੈਣ ’ਤੇ ਤੁਸੀਂ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਗੱਲ ਕਰ ਸਕਦੇ ਹੋ ਅਸੀਂ ਘਰ ਵਾਪਸ ਆ ਗਏ ਤੇ 12 ਅਗਸਤ ਨੂੰ ਫਿਰ ਤੋਂ ਟੈਸਟ ਕਰਵਾ ਕੇ ਲਿਆਏ 15 ਅਗਸਤ ਨੂੰ ਬਹੁਤ ਹੀ ਜ਼ਿਆਦਾ ਦਰਦ ਹੋਇਆ ਤਾਂ ਫੋਨ ’ਤੇ ਡਾ. ਅਮਿਤ ਨਾਲ ਗੱਲ ਕੀਤੀ ਤਾਂ ਡਾ. ਨੇ ਕਿਹਾ ਕਿ ਮਰੀਜ਼ ਨੂੰ ਲੈ ਕੇ ਆ ਜਾਓ ਤੇ ਐਮਰਜੰਸੀ ਵਿੱਚ ਦਾਖਲ ਕਰਵਾ ਦਿਓ ਤੇ ਡਾ. ਨੂੰ ਕਹਿ ਦਿਓ ਕਿ ਮੇਰੇ (ਡਾ. ਅਮਿਤ) ਨਾਲ ਫੋਨ ’ਤੇ ਗੱਲ ਕਰੇ ਅਸੀਂ 16 ਅਗਸਤ ਨੂੰ ਸ਼ਾਮ ਪੰਜ ਵਜੇ ਪੀ.ਜੀ.ਆਈ. ਚੰਡੀਗੜ੍ਹ ਐਮਰਜੰਸੀ ਵਿੱਚ ਪਹੁੰਚ ਗਏ ਪਰ ਸਟਾਫ਼ ਮਰੀਜ਼ ਨੂੰ ਦਾਖਲ ਨਹੀਂ ਕਰ ਰਿਹਾ ਸੀ
ਕਰੀਬ ਰਾਤ 11 ਵਜੇ ਡਾ. ਅਮਿਤ ਐਮਰਜੰਸੀ ਵਿੱਚ ਆਇਆ ਤੇ ਦਾਖਲ ਕਰਨ ਲਈ ਕਿਹਾ ਮਰੀਜ਼ ਨੂੰ ਸਵੇਰੇ ਪੰਜ ਵਜੇ ਦਾਖਲ ਕਰਕੇ ਵਾਰਡ ਸੀ ਫਲੋਰ ਨੰ: 15 ਮੈਡੀਸਨ ਵਾਰਡ ਵਿੱਚ ਭੇਜ ਦਿੱਤਾ ਮੈਂ ਹਸਪਤਾਲ ਵਿੱਚ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਹਾਜ਼ਰ-ਨਾਜ਼ਰ ਮੰਨਦੇ ਹੋਏ ਬੇਨਤੀ ਕੀਤੀ ਕਿ ਪਿਤਾ ਜੀ, ਤੁਸੀਂ ਬਖਸ਼ਣਹਾਰ ਹੋ, ਇਸ ਜੀਵ ਨੂੰ ਬਖਸ਼ ਲਓ ਮੈਂ ਆਪ ਜੀ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਇਸ ਜੀਵ ਨੂੰ ਡੇਰੇ ਜ਼ਰੂਰ ਲੈ ਕੇ ਆਵਾਂਗਾ ਤੇ ਨਾਮ-ਸ਼ਬਦ ਵੀ ਦਿਵਾਵਾਂਗਾ ਮੈਂ ਰੋ ਰਿਹਾ ਸੀ ਅਤੇ ਨਾਲ ਹੀ ਪੂਜਨੀਕ ਪਿਤਾ ਜੀ ਅੱਗੇ ਅਰਦਾਸ ਕਰ ਰਿਹਾ ਸੀ ਕਿ ਪਿਤਾ ਜੀ, ਲੋਕ ਕੀ ਕਹਿਣਗੇ ਕਿ ਸਾਰਾ ਪਰਿਵਾਰ ਦਰਬਾਰ ਵਿੱਚ ਸੇਵਾ ਕਰਦੇ ਹਨ ਤੇ ਮਾਲਕ ਨੇ ਇਹਨਾਂ ਦੀ ਵੀ ਨਹੀਂ ਸੁਣੀ
ਆਖਰ ਪਿਤਾ ਜੀ ਨੇ ਮੇਰੀ ਫਰਿਆਦ ਸੁਣ ਲਈ ਤੇ ਉਸੇ ਦਿਨ 23 ਅਗਸਤ ਨੂੰ ਦਵਾਈ ਲਗਾ ਕੇ ਸ਼ਾਮ 4 ਵਜੇ ਮਰੀਜ਼ ਨੂੰ ਛੁੱਟੀ ਦੇ ਦਿੱਤੀ ਤੇ ਕਿਹਾ ਕਿ ਅਗਲੀ ਦਵਾਈ 11 ਸਤੰਬਰ ਨੂੰ ਲਗਾਈ ਜਾਵੇਗੀ ਅਸੀਂ ਵਾਪਸ ਘਰ ਆ ਗਏ
27 ਅਗਸਤ ਨੂੰ ਡੇਰਾ ਸੱਚਾ ਸੌਦਾ ਸਰਸਾ ’ਚ ਸਤਿਸੰਗ ਸੀ ਮੈਂ ਆਪਣਾ ਵਾਅਦਾ ਪੂਰਾ ਕਰਨ ਲਈ ਮਰੀਜ਼ ਬਲਕਾਰ ਚੰਦ ਨੂੰ ਨਾਲ ਲੈ ਸਮੇਤ ਪਰਿਵਾਰ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਗਿਆ ਸਤਿਸੰਗ ਦੇ ਦੌਰਾਨ ਮਰੀਜ਼ ਨੂੰ ਬਿਮਾਰਾਂ ਵਾਲਾ ਪ੍ਰਸ਼ਾਦ ਤੇ ਨਾਮ-ਸ਼ਬਦ ਦਿਵਾ ਦਿੱਤਾ ਸ਼ਾਮ ਦੀ ਮਜਲਿਸ ਤੋਂ ਬਾਅਦ ਪਿਤਾ ਜੀ ਸੱਚਖੰਡ ਹਾਲ ਵਿੱਚੋਂ ਦੀ ਤੇਰਾਵਾਸ ਵੱਲ ਜਾ ਰਹੇ ਸਨ ਤੇ ਅਸੀਂ ਮਰੀਜ਼ ਨੂੰ ਰਿਕਸ਼ੇ ਵਿੱਚ ਪਾ ਕੇ ਬਿਮਾਰੀ ਤੋਂ ਤੰਦਰੁਸਤ ਲਈ ਅਰਜ਼ ਕਰਨ ਲਈ ਜਾ ਰਹੇ ਸਾਂ ਮੇਰਾ ਪਰਿਵਾਰ, ਮਰੀਜ਼ ਦੀ ਪਤਨੀ ਤੇ ਉਸ ਦੇ ਛੋਟੇ-ਛੋਟੇ ਬੱਚੇ ਵੀ ਨਾਲ ਸਨ ਮੈਂ ਅੱਗੇ ਹੋ ਕੇ ਪਿਤਾ ਜੀ ਨੂੰ ਅਰਜ਼ ਕੀਤੀ ਕਿ ਪਿਤਾ ਜੀ! ਮੇਰੇ ਭਰਾ ਨੂੰ ਕੈਂਸਰ ਹੋ ਗਿਆ
ਪਿਤਾ ਜੀ ਨੇ ਫਰਮਾਇਆ, ‘‘ਕਿੱਥੇ ਹੈ ਬੇਟਾ?’’ ਮੈਂ ਕਿਹਾ, ‘ਪਿਤਾ ਜੀ ਪੇਟ ਵਿੱਚ’ ਹਜ਼ੂਰ ਪਿਤਾ ਜੀ ਨੇ ਦੁਬਾਰਾ ਪੁੱਛਿਆ, ‘‘ਬੇਟਾ ਦਵਾਈ ਕਿੱਥੋਂ ਚੱਲ ਰਹੀ ਹੈ?’’ ‘ਪਿਤਾ ਜੀ, ਪੀ.ਜੀ.ਆਈ. ਚੰਡੀਗੜ੍ਹ ਤੋਂ ਚੱਲ ਰਹੀ ਹੈ’ ਤਾਂ ਪਿਤਾ ਜੀ ਨੇ ਫਰਮਾਇਆ, ‘‘ਠੀਕ ਏ ਬੇਟਾ! ਆਪਣੇ ਹਸਪਤਾਲ ਵਿੱਚ ਦਿੱਲੀ ਵਾਲੇ ਡਾਕਟਰ ਆਉਂਦੇ ਹਨ ਚੈਕਅੱਪ ਕਰਵਾ ਲਓ, ਦਿਖਾ ਲਓ’’ ਦਿਆਲੂ ਸਤਿਗੁਰੂ ਜੀ ਨੇ ਮਰੀਜ਼ ’ਤੇ ਆਪਣੀ ਦਇਆ-ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ, ‘‘ਬੇਟਾ! ਟੈਨਸ਼ਨ ਨਾ ਰੱਖੀਂ, ਨਾਮ ਜਪੋ ਬੇਟਾ ਦਿਨ-ਰਾਤ’’
ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਣ ਵਾਸਤੇ ਅਸੀਂ ਮਰੀਜ਼ ਨੂੰ ਰਿਕਸ਼ੇ ਵਿੱਚ ਪਾ ਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਲੈ ਗਏ ਉਸ ਸਮੇਂ ਹਸਪਤਾਲ ਵਿੱਚ ਬਹੁਤ ਜ਼ਿਆਦਾ ਭੀੜ ਸੀ ਅਸੀਂ ਰਾਤ ਨੂੰ ਨੌਂ ਵਜੇ ਐਮਰਜੰਸੀ ਵਿੱਚ ਦਾਖਲ ਹੋ ਗਏ ਡਾ. ਨੇ ਫੋਨ ’ਤੇ ਦਿੱਲੀ ਵਾਲੇ ਡਾਕਟਰ ਨਾਲ ਗੱਲ ਕਰਕੇ ਡਰਿੱਪ ਲਗਾ ਦਿੱਤੀ ਤੇ ਕੁਝ ਟੈੈਸਟ ਲਏ ਡਾ. ਸਾਹਿਬ ਨੇ ਦੱਸਿਆ ਕਿ ਦਿੱਲੀ ਵਾਲੇ ਡਾਕਟਰ 16 ਸਤੰਬਰ ਨੂੰ ਆਉਣਗੇ ਅਸੀਂ 11 ਸਤੰਬਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦਵਾਈ ਦੁਬਾਰਾ ਲਗਾਉਣ ਵਾਸਤੇ ਪਹੁੰਚ ਗਏ
ਦਵਾਈ ਲਗਾ ਦਿੱਤੀ ਤੇ ਡਾ. ਨੇ ਕਿਹਾ ਕਿ ਇਹ ਦਵਾਈ 6 ਤੋਂ 8 ਵਾਰ ਲਗਾਉਣੀ ਪਵੇਗੀ ਜੋ 21 ਦਿਨਾਂ ਬਾਅਦ ਲੱਗੇਗੀ ਅਸੀਂ 16 ਸਤੰਬਰ ਨੂੰ ਪਿਤਾ ਜੀ ਦੇ ਬਚਨਾਂ ਅਨੁਸਾਰ ਦਿੱਲੀ ਵਾਲੇ ਡਾਕਟਰਾਂ ਤੋਂ ਚੈਕਅੱਪ ਕਰਵਾਉਣ ਲਈ ਦਰਬਾਰ ਦੇ ਹਸਪਤਾਲ ਵਿੱਚ ਪਹੁੰਚ ਗਏ ਉਹਨਾਂ ਨੇ ਰਿਪੋਰਟਾਂ ਚੈੱਕ ਕੀਤੀਆਂ ਤੇ ਕਿਹਾ ਕਿ ਦਵਾਈ ਬਿਲਕੁਲ ਠੀਕ ਚੱਲ ਰਹੀ ਹੈ 6 ਤੋਂ 8 ਵਾਰ ਲੱਗੇਗੀ, ਮਰੀਜ਼ ਬਿਲਕੁਲ ਠੀਕ ਹੋ ਜਾਵੇਗਾ
ਇਹ ਦਵਾਈ ਦਾ ਤਾਂ ਇੱਕ ਬਹਾਨਾ ਹੀ ਸੀ, ਬਿਮਾਰੀ ਤਾਂ ਹਜ਼ੂਰ ਪਿਤਾ ਜੀ ਨੇ ਉਸੇ ਟਾਈਮ ਖ਼ਤਮ ਕਰ ਦਿੱਤੀ ਸੀ ਜਦ ਮਰੀਜ਼ ’ਤੇ ਦ੍ਰਿਸ਼ਟੀ ਪਾ ਕੇ ਬਚਨ ਕੀਤਾ ਸੀ ਕਿ ਬੇਟਾ ਟੈਨਸ਼ਨ ਨਾ ਰੱਖੀਂ ਮਰੀਜ਼ ਨੂੰ ਅੱਠ ਵਾਰ ਦਵਾਈ ਲਗਵਾਈ ਗਈ ਮਰੀਜ਼ ਬਿਲਕੁਲ ਠੀਕ ਹੈ ਇਸ ਗੱਲ ਨੂੰ ਲਗਭਗ 16 ਸਾਲ ਹੋ ਗਏ ਹਨ ਸੱਚੇ ਪਾਤਸ਼ਾਹ ਹਜ਼ੂਰ ਪਿਤਾ ਜੀ ਦੇ ਅਹਿਸਾਨਾਂ ਨੂੰ ਅਸੀਂ ਕਿਵੇਂ ਭੁਲਾ ਸਕਦੇ ਹਾਂ ਸਾਡੇ ਪਰਿਵਾਰ ਕੋਲ ਕੋਈ ਅਜਿਹੇ ਸ਼ਬਦ ਨਹੀਂ ਹਨ ਜਿਸ ਦੇ ਨਾਲ ਅਸੀਂ ਪੂਜਨੀਕ ਪਿਤਾ ਜੀ ਦਾ ਧੰਨਵਾਦ ਕਰ ਸਕੀਏ