ਤੂੰ ਤਾਂ ਉਨ੍ਹਾਂ ਦਾ ਮੂੰਹ ਧੋਂਦੀ ਨਹੀਂ ਥੱਕੇਂਗੀ -ਸਤਿਸੰਗੀਆਂ ਦੇ ਅਨੁਭਵ- ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਪ੍ਰੇਮੀ ਗੋਬਿੰਦ ਸਿੰਘ ਇੰਸਾਂ ਸਪੁੱਤਰ ਸ਼੍ਰੀ ਜੱਗਰ ਸਿੰਘ ਪਿੰਡ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਤੋਂ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਪਰਿਵਾਰ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਜਦੋਂ ਭਾਗੀਬਾਂਦਰ ਪਿੰਡ ਵਿੱਚ ਪੂਜਨੀਕ ਪਰਮ ਪਿਤਾ ਜੀ ਦਾ ਪਹਿਲਾ ਸਤਿਸੰਗ ਹੋਇਆ ਤਾਂ ਉਸ ਸਮੇਂ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕੀਤੇ, ਰੂਹਾਨੀ ਸਤਿਸੰਗ ਸੁਣਿਆ ਅਤੇ ਨਾਮ-ਸ਼ਬਦ ਵੀ ਲੈ ਲਿਆ ਮੈਨੂੰ ਉਦੋਂ ਤੋਂ ਹੀ ਆਪਣੇ ਮਾਲਕ-ਸਤਿਗੁਰੂ ਦਾ ਅਜਿਹਾ ਪ੍ਰੇਮ ਲੱਗ ਗਿਆ ਕਿ ਜਦੋਂ ਕਦੇ ਕਿਤੇ ਵੀ ਆਸ-ਪਾਸ ਸਤਿਸੰਗ ਹੁੰਦਾ, ਤਾਂ ਮੈਂ ਉੱਥੇ ਹੀ ਚਲਿਆ ਜਾਂਦਾ ਅਤੇ ਜਿੰਨਾ ਹੋ ਸਕਦਾ ਸਾਧ-ਸੰਗਤ ਦੇ ਨਾਲ ਸੇਵਾ ਵਿੱਚ ਵੀ ਸਹਿਯੋਗ ਕਰਦਾ ਸੇਵਾ ਵਿੱਚ ਅਜਿਹਾ ਮਨ ਲੱਗਦਾ ਕਿ ਮੈਂ ਕਈ-ਕਈ ਦਿਨ ਤੱਕ ਘਰ ਵਾਪਸ ਨਾ ਮੁੜਦਾ ਇਸੇ ਸਮੇਂ ਦੇ ਦੌਰਾਨ ਮੇਰੇ ਘਰ ਇੱਕ ਲੜਕੇ ਨੇ ਜਨਮ ਲਿਆ, ਪਰ ਉਸਦੀ ਮੌਤ ਹੋ ਗਈ।
ਫਿਰ ਇੱਕ ਲੜਕੀ ਨੇ ਜਨਮ ਲਿਆ ਅਤੇ ਉਸਦੀ ਵੀ ਮੌਤ ਹੋ ਗਈ ਬੱਚਿਆਂ ਦਾ ਜਨਮ ਤੇ ਫਿਰ ਉਨ੍ਹਾਂ ਦੀ ਮੌਤ ਹਾਲਾਂਕਿ ਸਤਿਗੁਰੂ ਜੀ ਦਾ ਹੀ ਭਾਣਾ ਸੀ, ਪਰ ਸਾਡੇ ਪਰਿਵਾਰ ਵਿੱਚ ਇਸ ਦਾ ਮਾਤਮ ਜਿਹਾ ਛਾ ਗਿਆ ਸੀ ਮੇਰੀ ਮਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਕਿ ਕਿਸੇ ਨੇ ਕੋਈ ਟੂਣਾ-ਟਾਮਣ ਜਾਂ ਕੁਝ ਕਰਾ ਦਿੱਤਾ ਹੈ, ਜਿਸ ਕਰਕੇ ਬੱਚੇ ਨਹੀਂ ਬਚਦੇ ਮੇਰੀ ਮਾਂ ਅਤੇ ਮੇਰੀ ਪਤਨੀ ਇਸ ਗੱਲ ਦੀ ਬਹੁਤ ਜ਼ਿਆਦਾ ਚਿੰਤਾ ਕਰਨ ਲੱਗੀਆਂ ਕਿ ਆਪਣੇ ਤਾਂ ਬੱਚਾ ਹੀ ਨਹੀਂ ਬਚਦਾ ਆਪਾਂ ਕਿਸੇ ਸਿਆਣੇ, ਕਿਸੇ ਚੇਲੇ ਜਾਂ ਕਿਸੇ ਓਝਾ ਤੋਂ ਕੋਈ ਉਪਾਅ ਕਰਵਾਈਏ ਤਾਂ ਕਿ ਬੱਚਾ ਹੋ ਜਾਵੇ ਅਤੇ ਜਿਉਂਦਾ ਵੀ ਰਹੇ ਮੈਂ ਕਿਸੇ ਟੂਣਾ-ਟਾਮਣ ਨੂੰ ਨਹੀਂ ਮੰਨਦਾ ਸੀ ਕਿਉਂਕਿ ਮੇਰਾ ਆਪਣੇ ਸਤਿਗੁਰੂ ਪਰਮ ਪਿਤਾ ਜੀ ਪ੍ਰਤੀ ਪੂਰਨ ਵਿਸ਼ਵਾਸ ਸੀ ਅਤੇ ਅੱਜ ਵੀ ਜਿਉਂ ਦਾ ਤਿਉਂ ਹੈ।
ਮੇਰੇ ਸਤਿਗੁਰ ਦੀ ਸਿੱਖਿਆ ਹੈ ਕਿ ਕਿਸੇ ਟੂਣਾ-ਟਾਮਣ ਜਾਂ ਕਿਸੇ ਵੀ ਅਜਿਹੇ ਪਖੰਡ ਵਿੱਚ ਨਹੀਂ ਪੈਣਾ ਅਤੇ ਨਾ ਹੀ ਇਹਨਾਂ ਗੱਲਾਂ ’ਤੇ ਵਿਸ਼ਵਾਸ ਕਰਨਾ ਹੈ ਮੈਂ ਪਰਿਵਾਰ ਨੂੰ ਇਸ ਕੰਮ ਤੋਂ ਬਹੁਤ ਰੋਕਿਆ ਪਰੰਤੂ ਮਨ ਧੀਰਜ ਨਹੀਂ ਬੰਨਦਾ ਸੀ ਮੇਰੀ ਮਾਂ ਜਿੱਦ ਕਰਨ ਲੱਗੀ ਕਿ ਉਪਾਅ ਤਾਂ ਕਰਵਾਉਣਾ ਹੀ ਪਵੇਗਾ ਮੈਂ ਆਪਣੀ ਮਾਂ ਨੂੰ ਸਮਝਾਇਆ ਕਿ ਜੇਕਰ ਤੁਹਾਡਾ ਜ਼ਿਆਦਾ ਹੀ ਖਿਆਲ ਹੈ ਤਾਂ ਤੁਸੀਂ ਡੇਰਾ ਸੱਚਾ ਸੌਦਾ ਸਰਸਾ ਚਲੀਆਂ ਜਾਓ ਅਤੇ ਜਾ ਕੇ ਸਤਿਗੁਰੂ ਪਰਮ ਪਿਤਾ ਜੀ ਨੂੰ ਬੇਨਤੀ ਕਰ ਲਓ ਅਤੇ ਸਤਿਗੁਰ ਜੀ ਜੋ ਹੁਕਮ ਕਰਨ, ਉਹੀ ਮੰਨ ਲਓ ਅਤੇ ਕਿਤੇ ਹੋਰ ਜਾਣ ਦੀ ਲੋੜ ਨਹੀਂ ।
ਮੇਰੇ ਕਹਿਣ ਤੇ ਮੇਰੀ ਮਾਂ ਅਤੇ ਮੇਰੀ ਪਤਨੀ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਚਲੀਆਂ ਗਈਆਂ ਮੌਕਾ ਮਿਲਣ ’ਤੇ ਮੇਰੀ ਮਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਮੇਰੇ ਮੁੰਡੇ ਗੋਬਿੰਦ ਦੇ ਬੱਚੇ ਬਚਦੇ ਨਹੀਂ ਦੋ ਬੱਚੇ ਇੱਕ ਮੁੰਡਾ ਅਤੇ ਇੱਕ ਕੁੜੀ ਹੋਏ ਅਤੇ ਦੋਵੇਂ ਹੀ ਮਰ ਗਏ ਪਿਤਾ ਜੀ, ਇੱਕ ਲੜਕੇ ਦੀ ਮਿਹਰ ਕਰੋ ਤਾਂ ਕਿ ਘਰ ਵਸਦਾ ਰਹੇ ਕੁਲ ਮਾਲਕ ਦਾਤਾ ਜੀ ਨੇ ਫਰਮਾਇਆ, ‘‘ਮੰਗ ਵੀ ਮੰਗੀ ਤਾਂ ਕੀ ਮੰਗਿਆ! ਤੂੰ ਤਾਂ ਕੌਡੀਆਂ ਮੰਗੀਆਂ ਪਿਤਾ ਜੀ ਨੇ ਬਚਨ ਫਰਮਾਇਆ ਭਾਈ, ਪੁੱਤ ਕਿਹੜਾ ਸੁਖ ਦਿੰਦੇ ਹਨ ਪੁੱਤ ਆਪਣੇ ਮਾਪਿਆਂ ਨੂੰ ਕੁੱਟਦੇ ਮਾਰਦੇ ਹਨ’’ ਮੇਰੀ ਮਾਂ ਨੇ ਫਿਰ ਅਰਜ਼ ਕੀਤੀ ਕਿ ਪਿਤਾ ਜੀ, ਤੁਸੀਂ ਵੀ ਤਾਂ ਜੋਤ ਨਾਲ ਜੋਤ ਲਾ ਕੇ ਜਾਂਦੇ ਹੋ।
ਇੱਕ ਲੜਕਾ ਤਾਂ ਸਾਨੂੰ ਜ਼ਰੂਰ ਹੀ ਬਖ਼ਸ਼ ਦਿਓ ਸਰਵ ਸਮਰੱਥ ਸਤਿਗੁਰ ਦਾਤਾ ਜੀ ਨੇ ਫਰਮਾਇਆ, ‘‘ਭਾਈ, ਕਿਸੇ ਵਹਿਮ-ਭਰਮ ਵਿੱਚ ਨਹੀਂ ਪੈਣਾ ਜਾਪਾ ਭਾਵੇਂ ਸਿਵਿਆਂ ’ਚ ਕਰਾ ਲਿਓ ਤੂੰ ਤਾਂ ਉਹਨਾਂ ਦੇ ਮੂੰਹ ਧੋਂਦੀ ਨਹੀਂ ਥੱਕੇਂਗੀ’’ ਮਾਲਕ ਸਤਿਗੁਰੂ ਨੇ ਰਹਿਮਤ ਕੀਤੀ, ਉਸੇ ਸਾਲ ਭਾਵ 1974 ਵਿੱਚ ਮੇਰੇ ਘਰ ਪੁੱਤਰ ਨੇ ਜਨਮ ਲੈ ਲਿਆ ਉਸ ਸਮੇਂ ਦੇ ਦੌਰਾਨ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਬਠਿੰਡੇ ’ਚ ਸੀ ਅਸੀਂ ਸਾਰਾ ਪਰਿਵਾਰ ਬੱਚੇ ਦਾ ਨਾਂਅ ਰਖਵਾਉਣ ਲਈ ਪਵਿੱਤਰ ਹਜ਼ੂਰੀ ਵਿੱਚ ਬੇਨਤੀ ਕੀਤੀ ਪੂਜਨੀਕ ਪਰਮ ਪਿਤਾ ਜੀ ਨੇ ਮੇਰੇ ਬੇਟੇ ਦਾ ਨਾਂਅ ਜਗਸੀਰ ਰੱਖਿਆ ਅਤੇ ਬਚਨ ਫੁਰਮਾਇਆ, ‘‘ਜਿਹੜੇ ਬੱਚੇ ਹੋਰ ਆਉਣ ਉਹਨਾਂ ਦਾ ਨਾਂਅ ਆਪ ਹੀ ਰੱਖ ਲੈਣਾ ਸਤਿਗੁਰੂ ਸਰਵ ਸਮੱਰਥ ਦਾਤਾ ਜੀ ਨੇ ਆਪਣੇ ਇਨ੍ਹਾਂ ਬਚਨਾਂ ਨਾਲ ਹੋਰ ਬੱਚੇ ਹੋਣ ਦੇ ਵੀ ਬਚਨ ਕਰ ਦਿੱਤੇ।
ਤਾਂ ਸਤਿਗੁਰੂ ਪਿਆਰੇ ਦੇ ਬਚਨਾਂ ਨਾਲ ਹੀ ਉਸ ਤੋਂ ਬਾਅਦ ਸਾਡੇ ਘਰ ਫਕੀਰ ਚੰਦ, ਭਗਤ ਸਿੰਘ ਤੇ ਦਾਤਾ ਤਿੰਨ ਹੋਰ ਬੱਚਿਆਂ ਨੇ ਜਨਮ ਲਿਆ ਇਸ ਤਰ੍ਹਾਂ ਸਤਿਗੁਰੂ ਜੀ ਨੇ ਔਲਾਦ ਦਾ ਸੁੱਖ ਪ੍ਰਦਾਨ ਕਰਕੇ ਪਰਿਵਾਰ ਦੀ ਮਨੋਕਾਮਨਾ ਪੂਰੀ ਕੀਤੀ। ਪੂਜਨੀਕ ਪਰਮ ਪਿਤਾ ਜੀ ਦੇ ਪੂਜਨੀਕ ਮੌਜੂਦਾ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਅਰਜ਼ ਹੈ ਕਿ ਸਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਆਪਣੇ ਪਵਿੱਤਰ ਚਰਨ ਕਮਲਾਂ ਨਾਲ ਜੋੜੀ ਰੱਖਣਾ ਅਤੇ ਸੇਵਾ ਤੇ ਸਿਮਰਨ ਦਾ ਬਲ ਵੀ ਬਖ਼ਸ਼ਣਾ ਜੀ ਅਤੇ ਆਪ ਜੀ ਦੇ ਪ੍ਰਤੀ ਸਾਡਾ ਪਿਆਰ ਤੇ ਦ੍ਰਿੜ ਵਿਸ਼ਵਾਸ ਆਖਰੀ ਸਾਹ ਤੱਕ ਨੇਪਰੇ ਚੜ੍ਹੇ ਜੀ।