ਸੰਤ ਜਗਤ ਵਿੱਚ ਆਉਂਦੇ, ਹੈ ਰੂਹਾਂ ਦੀ ਪੁਕਾਰ ਸੁਣ ਕੇ ਜੀ | ਪਵਿੱਤਰ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਮਾਲਕ ਦੀ ਸਾਜੀ ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ! ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਇਹ ਮਹੀਨਾ (ਨਵੰਬਰ) ਜੋ ਹੈ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੇ ਰੂਪ ‘ਚ ਮਨਾਉਂਦੇ ਹਾਂ ਅਵਤਾਰ ਮਹੀਨੇ ਦਾ ਉਹ ਪਾਕ-ਪਵਿੱਤਰ ਦਿਨ ਜਿਸ ਦਿਨ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਇਸ ਧਰਤੀ ‘ਤੇ ਚਰਨ ਟਿਕਾਏ, ਉਹ ਦਿਨ ਕੱਤਕ ਪੂਰਨਮਾਸ਼ੀ ਦਾ ਹੈ ਅੱਜ ਦੇ ਇਸ ਪਾਕ-ਪਵਿੱਤਰ ਅਵਤਾਰ ਦਿਵਸ ਦੀਆਂ ਖੁਸ਼ੀਆਂ ਝਰਨਿਆਂ ਦੀ ਤਰ੍ਹਾਂ ਸਤਿਸੰਗੀਆਂ ਤੋਂ ਫੁੱਟ ਰਹੀਆਂ ਹਨ ਹੋਣ ਵੀ ਕਿਉਂ ਨਾ, ਜਿਨ੍ਹਾਂ ਨੇ ਇਸ ਸੱਚੇ ਸੌਦੇ ਦੀ ਨੀਂਹ ਰੱਖੀ, ਸੱਚਾ ਸੌਦਾ ਬਣਾਇਆ, ਉਨ੍ਹਾਂ ਦਾ ਅੱਜ ਅਵਤਾਰ ਦਿਵਸ ਹੈ ਇੱਕ ਮੁਰੀਦ, ਇੱਕ ਸ਼ਿਸ਼, ਇੱਕ ਸਿੱਖ ਲਈ ਇਸ ਤੋਂ ਵੱਡਾ ਦਿਨ ਹੋਰ ਕੋਈ ਹੋ ਨਹੀਂ ਸਕਦਾ
ਇਸ ਲਈ ਜੋ ਵੀ ਸਾਧ-ਸੰਗਤ ਇੱਥੇ ਪਧਾਰੀ ਹੈ, ਆ ਰਹੀ ਹੈ, ਰਸਤਿਆਂ ‘ਚ ਵੀ ਆ ਰਹੀ ਹੈ, ਤੁਹਾਨੂੰ ਸਭ ਨੂੰ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਾਂ, ਮੁਬਾਰਕਬਾਦ ਕਹਿੰਦੇ ਹਾਂ ਉਹ ਬੀਜ ਜੋ ਸੱਚਾ ਸੌਦਾ ਰੂਹਾਨੀਅਤ ਦੇ ਰੂਪ ‘ਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਲਾਇਆ, ਉਹ ਅੱਜ ਗੁਲਸ਼ਨ ਬਣ ਗਿਆ ਹੈ ਰੰਗ-ਬਿਰੰਗੀ ਫੁਲਵਾੜੀ ਚਾਰੇ ਪਾਸੇ ਨਜ਼ਰ ਆ ਰਹੀ ਹੈ, ਸੱਚੇ ਮੁਰਸ਼ਿਦੇ-ਕਾਮਲ ਬੇਪਰਵਾਹ ਮਸਤਾਨਾ ਜੀ ਮਹਾਰਾਜ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਦਇਆ-ਮਿਹਰ ਦਾ ਨਮੂਨਾ ਹੈ ਕਿ ਲੋਕ ਬੁਰਾਈਆਂ ਛੱਡ ਕੇ ਬੁਰੇ ਕਰਮ ਛੱਡ ਕੇ, ਆਪਣੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੁੜੇ ਰਹੇ ਹਨ ਅਤੇ ਇਹ ਸਮਾਜ ਉਨ੍ਹਾਂ ਦੇ ਜੁੜਨ ਨਾਲ ਇੱਕ ਸਵਰਗ, ਜੰਨਤ ਜਿਹਾ ਆਭਾਸ ਦਿੰਦਾ ਹੈ
ਸਤਿਸੰਗ ‘ਚ ਆਉਣਾ ਕੋਈ ਮਾਮੂਲੀ ਗੱਲ ਨਹੀਂ ਹੈ ਜਿੱਥੇ ਤੁਹਾਨੂੰ ਗਰਜ਼ ਹੈ, ਸੁਆਰਥ ਹੈ, ਕੋਈ ਪੈਸੇ ਦਾ ਗਰਜ਼, ਕੋਈ ਧਰਮ ਮਜ੍ਹਬ ਦਾ ਗਰਜ਼, ਜਾਂ ਆਪਣੀ ਮਾਨ-ਵਡਿਆਈ ਦਾ ਗਰਜ਼ ਸੁਆਰਥ ‘ਚ ਲੋਕ ਬਿਨਾਂ ਬੁਲਾਏ ਚਲੇ ਜਾਂਦੇ ਹਨ ਅਤੇ ਸਤਿਸੰਗ ‘ਚ ਚੱਲ ਕੇ ਆਉਣਾ ਬੜਾ ਹੀ ਮੁਸ਼ਕਲ ਹੈ ਜਿੱਥੇ ਸਿਰਫ਼ ਰਾਮ-ਨਾਮ ਦੀ ਕਥਾ-ਕਹਾਣੀ ਚੱਲਦੀ ਹੋਵੇ, ਅੱਲ੍ਹਾ, ਮਾਲਕ, ਵਾਹਿਗੁਰੂ ਦੀ ਚਰਚਾ ਹੋਵੇ ਤਾਂ ਅਜਿਹੇ ‘ਚ ਜੋ ਚੱਲ ਕੇ ਆਉਂਦੇ ਹਨ ਇੱਕ ਤਾਂ ਖੁਦਮੁਖਤਿਆਰੀ ਦੀ ਵਜ੍ਹਾ ਨਾਲ ਮਾਲਕ ਨੇ ਉਨ੍ਹਾਂ ਨੂੰ ਦਿਮਾਗ ਦਿੱਤਾ ਹੈ, ਅਕਲ ਦਿੱਤੀ ਹੈ ਅਤੇ ਦੂਜਾ ਸਾਡੇ ਸਾਰੇ ਧਰਮਾਂ ‘ਚ ਲਿਖਿਆ ਹੈ ਸਤਿਸੰਗ ‘ਚ ਚੱਲ ਕੇ ਆਉਣਾ ਉਸ ਵਾਹਿਗੁਰੂ, ਰਾਮ ਦੀ ਦਇਆ-ਮਿਹਰ ਦੇ ਬਿਨਾਂ ਸੰਭਵ ਨਹੀਂ ਹੈ
ਤੁਹਾਡੇ ‘ਤੇ ਮਾਲਕ ਦੀ ਦਇਆ-ਮਿਹਰ ਹੋਈ, ਸਤਿਸੰਗ ‘ਚ ਆਏ ਹੋ, ਬਹੁਤ ਕਿਸਮਤ ਵਾਲੇ ਹੋ, ਤੁਹਾਡੇ ਬਹੁਤ ਚੰਗੇ ਕਰਮ ਹਨ ਤੁਹਾਡਾ ਸਾਰਿਆਂ ਦਾ ਇੱਥੇ ਪਧਾਰਨ ਦਾ ਤਹਿ-ਦਿਲ ਨਾਲ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਜਿਵੇਂ ਤੁਹਾਨੂੰ ਦੱਸਿਆ, ਅੱਜ ਦਾ ਦਿਨ ਸੱਚੇ ਸੌਦੇ ਲਈ ਬਹੁਤ ਹੀ ਪਾਕ-ਪਵਿੱਤਰ ਦਿਨ ਹੈ ਸੱਚੇ ਸੌਦੇ ਦੀ ਜਿਨ੍ਹਾਂ ਨੇ ਨੀਂਹ ਰੱਖੀ, ਉਨ੍ਹਾਂ ਦਾ ਅਵਤਾਰ ਦਿਵਸ ਹੈ ਉਸ ਦੇ ਅਨੁਸਾਰ ਅੱਜ ਦਾ ਭਜਨ ਹੈ, ਜਿਸ ‘ਤੇ ਅੱਜ ਸਤਿਸੰਗ ਹੋਵੇਗਾ ਭਜਨ ਹੈ:-
ਸੰਤ ਜਗਤ ਵਿੱਚ ਆਉਂਦੇ,
ਹੈ ਰੂਹਾਂ ਦੀ ਪੁਕਾਰ ਸੁਣ ਕੇ ਜੀ
‘ਸੰਤ’ ਕਿਸ ਨੂੰ ਕਹਿੰਦੇ ਹਨ, ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ‘ਸੰਤ’ ਸ਼ਬਦ ਢਾਈ ਹਨ ਪਰ ਇਸ ‘ਚ ਖੁਦਾਈ ਛੁਪੀ ਹੋਈ ਹੈ ਰੂਹਾਨੀ, ਸੂਫੀ ਸੰਤ ਦੀਆਂ ਕੁਝ ਨਿਸ਼ਾਨੀਆਂ ਤੁਹਾਡੀ ਸੇਵਾ ‘ਚ ਅਰਜ਼ ਕਰਦੇ ਹਾਂ ਸੰਤ ਕਦੇ ਕਿਸੇ ਤੋਂ ਮੰਗਦੇ ਨਹੀਂ ਅਤੇ ਨਾ ਹੀ ਕਿਸੇ ਨੂੰ ਮੰਗਣ ਦੀ ਸਿੱਖਿਆ ਦਿੰਦੇ ਹਨ ਸੰਤਾਂ ਦਾ ਕੰਮ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣਾ ਅਤੇ ਲੋਕਾਂ ਨੂੰ ਹੱਕ-ਹਲਾਲ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਖਾਣ ਦੀ ਪ੍ਰੇਰਨਾ ਦਿੰਦੇ ਹਨ ਸੰਤਾਂ ਦਾ ਕੰਮ ਕਦੇ ਵੀ ਕਿਸੇ ਦੇ ਅੱਗੇ ਹੱਥ ਫੈਲਾਉਣਾ ਨਹੀਂ ਹੁੰਦਾ ਸੰਤ ਕਰਮਯੋਗੀ ਹੁੰਦੇ ਹਨ, ਗਿਆਨ ਯੋਗੀ ਹੁੰਦੇ ਹਨ
ਇਸ ਬਾਰੇ ‘ਚ ਕਬੀਰ ਸਾਹਿਬ ਜੀ ਦੇ ਬਚਨ ਹਨ:-
ਮਾਂਗਣ ਮਰਨ ਸਮਾਨ ਹੈ, ਮਤ ਕੋਈ ਮਾਂਗੋ ਭੀਖ
ਮਾਂਗਣ ਸੇ ਮਰਨਾ ਭਲਾ, ਯਹ ਸਤਿਗੁਰ ਕੀ ਸੀਖ
ਹੇ ਭਗਤੋ, ਹੇ ਸੰਤੋ! ਕਦੇ ਵੀ ਕਿਸੇ ਤੋਂ ਮੰਗਣਾ ਨਹੀਂ ਮੰਗਣਾ ਮਰਨ ਦੇ ਸਮਾਨ ਹੈ ਉਸ ਅੱਲ੍ਹਾ, ਵਾਹਿਗੁਰੂ ਨੇ ਤੁਹਾਨੂੰ ਸਰੀਰ ਮੰਗਣ ਲਈ ਨਹੀਂ ਕਰਮ ਕਰਨ ਦੇ ਲਈ ਦਿੱਤਾ ਹੈ ਕਰਮ ਕਰੋ, ਮਿਹਨਤ ਕਰੋ ਮਾਲਕ ਤੁਹਾਡੀ ਮੱਦਦ ਜ਼ਰੂਰ ਕਰਨਗੇ
ਹਿੰਦੂ ਧਰਮ ‘ਚ ਆਉਂਦਾ ਹੈ:-
ਹਿੰਮਤ ਕਰੇ ਅਗਰ ਇਨਸਾਨ ਤੋ ਸਹਾਇਤਾ ਕਰੇ ਭਗਵਾਨ’
ਇਸਲਾਮ ਧਰਮ ‘ਚ ਆਉਂਦਾ ਹੈ:-
ਹਿੰਮਤੇ ਮਰਦਾਂ ਮੱਦਦੇ ਖੁਦਾ
ਦੋਵਾਂ ਦਾ ਮਤਲਬ ਇੱਕ ਹੈ ਕਿ ਤੁਸੀਂ ਜੇਕਰ ਹਿੰਮਤ ਕਰੋਗੇ ਤਾਂ ਵਾਹਿਗੁਰੂ, ਓਮ, ਹਰੀ, ਅੱਲ੍ਹਾ, ਰਾਮ ਤੁਹਾਡੀ ਮੱਦਦ ਜ਼ਰੂਰ ਕਰਨਗੇ ਹਿੰਮਤ ਚੰਗੇ ਨੇਕ-ਭਲੇ ਕਰਮਾਂ ‘ਚ ਕਰੋ ਕਿਸੇ ਤੋਂ ਮੰਗੋ ਨਾ
‘ਮਾਂਗਣ ਮਰਨ ਸਮਾਨ ਹੈ’ ਜੋ ਮੰਗਦਾ ਹੈ ਇੱਕ ਤਰ੍ਹਾਂ ਨਾਲ ਮਰਿਆ ਹੋਇਆ ਹੈ, ਉਹ ਨੀਚਾ ਹੈ, ਗਿਰ ਗਿਆ ਹੈ ਇਸ ਲਈ ਮੰਗੋ ਨਾ, ਕਰਮ ਕਰਕੇ ਖਾਓ ‘ਯਹ ਸਤਿਗੁਰੂ ਕੀ ਸੀਖ’ ਸਤਿਗੁਰੂ ਮੁਰਸ਼ਿਦੇ-ਕਾਮਲ ਗੁਰੂ, ਪੀਰ-ਪੈਗੰਬਰ ਜੋ ਵੀ ਸਾਡੇ ਧਰਮਾਂ ‘ਚ ਆਏ ਉਨ੍ਹਾਂ ਨੇ ਇਹੀ ਸਿੱਖਿਆ ਦਿੱਤੀ ਹੈ
ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਕਰਕੇ ਖਾਧਾ, ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਖੁਦ ਕਰਕੇ ਖਾਧਾ ਅਤੇ ਅੱਜ ਵੀ ਉਹ ਹੀ ਰੀਤ ਜਿਉਂ ਦੀ ਤਿਉਂ ਹੈ ਉਨ੍ਹਾਂ ਦੀ ਦਇਆ-ਮਿਹਰ ਨਾਲ ਅਸੀਂੇ ਖੁਦ ਟ੍ਰੈਕਟਰ ਚਲਾਉਂਦੇ ਹਾਂ, ਕਸੀ-ਫਾਵੜਾ ਚਲਾਉਂਦੇ ਹਾਂ, ਖੇਤੀ ਕਰਦੇ ਹਾਂ ਅਤੇ ਜਿੰਨਾ ਉਸ ‘ਚੋਂ ਆਉਂਦਾ ਹੈ ਉਹ ਖਾਂਦੇ ਹਾਂ ਇਹ ਨਹੀਂ ਕਿ ਤੁਹਾਨੂੰ ਕਹੀਏ ਕਿ ਮੰਗ ਕੇ ਨਾ ਖਾਓ ਅਤੇ ਅਸੀਂ ਕਹੀਏ ਅਸੀਂ ਤਾਂ ਬੈਠੇ-ਬੈਠੇ ਖਾਵਾਂਗੇ
ਜਿਵੇਂ ਹਿੰਦੀ ‘ਚ ਕਹਾਵਤ ਹੈ- ‘ਆਪ ਬਾਬਾ ਬੈਂਗਣ ਖਾਏ, ਲੋਗਂੋ ਕੋ ਉਪਦੇਸ਼ ਬਤਾਏ’ ਇੱਕ ਬਾਬਾ ਸਨ ਲੋਕਾਂ ਨੂੰ ਕਹਿਣ ਲੱਗੇ ਕਿ ਬੈਂਗਣ ਨਾ ਖਾਓ ਲੋਕ ਬੈਂਗਣ ਸੁੱਟਣ ਲੱਗੇ ਅਤੇ ਉਹ ਬਾਬਾ ਆਪਣੇ ਚੇਲੇ-ਚਪਟਿਆਂ ਨੂੰ ਕਹਿਣ ਲੱਗਿਆ, ਅਜਿਹਾ ਕਰੋ ਜੋ ਬੈਂਗਣ ਸੁੱਟੇ ਹਨ ਚੁੱਕ ਕੇ ਲੈ ਆਓ ਭੜਥਾ ਬਣਾ ਕੇ ਖਾਵਾਂਗੇ ਉਹ ਚੇਲੇ ਕਹਿਣ ਲੱਗੇ, ਬਾਬਾ! ਤੇਰੀ ਇਹ ਦੋਗਲੀ ਨੀਤੀ ਸਮਝ ‘ਚ ਨਹੀਂ ਆਈ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਬੈਂਗਣ ‘ਚ ਕੀੜੇ ਹਨ ਖਾਓ ਨਾ ਸੁੱਟ ਦਿਓ ਅਤੇ ਖੁਦ ਕਹਿ ਰਹੇ ਹੋ ਭੜਥਾ ਬਣਾ ਕੇ ਖਾਵਾਂਗੇ ਅੱਗੇ ਤੋਂ ਬਾਬਾ ਕਹਿਣ ਲੱਗੇ, ਮੂਰਖੋ! ਲੋਕਾਂ ਨੂੰ ਕਹਾਂਗੇ ਕਿ ਬੈਂਗਣਾਂ ‘ਚ ਕੀੜੇ ਹਨ ਤਾਂ ਹੀ ਉਹ ਸੁੱਟਣਗੇ ਅਤੇ ਸੁੱਟਣਗੇ ਤਾਂ ਹੀ ਆਪਾਂ ਨੂੰ ਮੁਫ਼ਤ ‘ਚ ਮਿਲਣਗੇ ਸੰਤਾਂ ਦਾ ਕੰਮ ਇਹ ਨਹੀਂ ਹੈ ਕਿ ਉਹ ਲੋਕਾਂ ਨੂੰ ਕੁਝ ਹੋਰ ਕਹਿਣ ਅਤੇ ਖੁਦ ਕੁਝ ਹੋਰ ਕਰਨ ਬੇਪਰਵਾਹ ਮਸਤਾਨਾ ਜੀ ਨੇ ਅਸੂਲ ਬਣਾਇਆ ਕਿ ਰੂਹਾਨੀ ਪੀਰ-ਫਕੀਰ ਦਾ ਵੀ ਸਰੀਰ ਹੈ, ਉਹ ਕਰਮ ਕਰ ਸਕਦਾ ਹੈ, ਤਾਂ ਉਹ ਕਰਮ ਕਰਕੇ ਖਾਏਗਾ ਫਿਰ ਦੂਜਿਆਂ ਨੂੰ ਦੱਸੇਗਾ ਉਹ ਲੋਕ ਹੋਰ ਹੁੰਦੇ ਹਨ, ਅੱਜ ਸਮਾਜ ‘ਚ ਬਹੁਤ ਹਨ, ਜੋ ਲੋਕਾਂ ਨੂੰ ਕੁਝ ਹੋਰ ਪਾਠ ਪੜ੍ਹਾਉਂਦੇ ਹਨ, ਕਰਦੇ ਕੁਝ ਹੋਰ ਹਨ ਰੂਹਾਨੀ ਪੀਰ-ਫਕੀਰਾਂ ਦਾ ਕੰਮ ਇਹ ਨਹੀਂ ਹੁੰਦਾ ਉਨ੍ਹਾਂ ਦਾ ਕੰਮ ਪਹਿਲਾਂ ਇਹ ਰਸਤਾ ਬਣਾਉਣਾ ਹੈ ਫਿਰ ਦੱਸਣਾ ਹੈ ਕਿ ਅਸੀਂ ਇਸ ਰਸਤੇ ‘ਤੇ ਚੱਲਦੇ ਹਾਂ ਬਿਲਕੁਲ ਸਿੱਧਾ ਰਸਤਾ ਹੈ, ਕੋਈ ਪ੍ਰੇਸ਼ਾਨੀ ਨਹੀਂ
ਤਾਂ ਭਾਈ! ਸੰਤਾਂ ਦਾ ਕੰਮ ਮੰਗਣਾ ਨਹੀਂ ਹੈ
ਦੂਜੀ ਨਿਸ਼ਾਨੀ ਸੰਤ ਕਦੇ ਕਿਸੇ ਦਾ ਬੁਰਾ ਨਹੀਂ ਸੋਚਦੇ ਰੂਹਾਨੀ ਪੀਰ-ਫਕੀਰ ਕਿਸੇ ਨੂੰ ਦਿਲੋਂ ਬਦ-ਦੁਆ, ਸ਼ਰਾਪ ਨਹੀਂ ਦਿਆ ਕਰਦੇ ਕਿਉਂਕਿ ਜੋ ਵਾਹਿਗੁਰੂ, ਅੱਲ੍ਹਾ, ਗੌਡ, ਖੁਦਾ, ਰੱਬ ਨਾਲ ਪਿਆਰ ਕਰੇਗਾ ਉਹ ਉਸ ਦੀ ਸ੍ਰਿਸ਼ਟੀ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ? ਬਲਕਿ ਸੰਤ ਪੀਰ ਫਕੀਰ ਕਹਿੰਦੇ ਹਨ, ਇਹ ਅਪਣਾ ਬਣਾਇਆ ਦੋਹਾ ਹੈ ਭਾਈ, ਕਬੀਰ ਜੀ ਦਾ ਦੋਹਾ ਕੁਝ ਹੋਰ ਹੈ ਕਈ ਲੋਕਾਂ ਨੂੰ ਇਹ ਭਰਮ ਪੈ ਜਾਂਦਾ ਹੈ ਕਿ ਕਬੀਰ ਜੀ ਵਾਲਾ ਦੋਹਾ ਹੈ ਲਾਈਨਾਂ ਮਿਲਦੀਆਂ ਜੁਲਦੀਆਂ ਹੋ ਸਕਦੀਆਂ ਹਨ:-
ਸੰਤ ਜਹਾਂ ਭੀ ਹੋਤ ਹੈਂ, ਸਭ ਕੀ ਮਾਂਗਤ ਖੈਰ
ਸਭਹੂੰ ਸੇ ਹਮਰੀ ਦੋਸਤੀ, ਨਹੀਂ ਕਿਸੀ ਸੇ ਵੈਰ
ਸੰਤ ਜਿੱਥੇ ਵੀ ਹੁੰਦੇ ਹਨ, ਕਿਤੇ ਵੀ ਹੁੰਦੇ ਹਨ ਸਾਰਿਆਂ ਦੀ ਖੈਰ ਮੰਗਦੇ ਹਨ, ਭਲਾ ਮੰਗਦੇ ਹਨ ਸਭਹੂੰ ਸੇ ਹਮਰੀ ਦੋਸਤੀ, ਉਨ੍ਹਾਂ ਦੀ ਸਭ ਨਾਲ ਮੁਹੱਬਤ ਹੁੰਦੀ ਹੈ ਬਿਨਾਂ ਸੁਆਰਥ ਦੇ ਸਭ ਨਾਲ ਪ੍ਰੇਮ ਹੁੰਦਾ ਹੈ ਅਤੇ ਵੈਰ-ਵਿਰੋਧ ਹੋ ਹੀ ਨਹੀਂ ਸਕਦਾ ਪਿਆਰ ਕਿਉਂ ਹੁੰਦਾ ਹੈ? ਜੋ ਅੱਲ੍ਹਾ, ਵਾਹਿਗੁਰੂ ਨਾਲ ਪਿਆਰ ਕਰੇਗਾ ਉਹ ਉਸ ਦੀ ਔਲਾਦ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ
ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਅਤੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਬਾਰੇ ਦੱਸਿਆ ਕਿ ਉਨ੍ਹਾਂ ਨੇ ਇਹ ਸਿੱਖਿਆ ਚਲਾਈ ਤਾਂ ਭਾਈ! ਇਹ ਹੈ ਸੱਚਾ ਸੌਦਾ ਜੋ ਕਿਸੇ ਧਰਮ-ਜਾਤ, ਮਜ੍ਹਬ ‘ਚ ਦਖਲਅੰਦਾਜ਼ੀ ਨਹੀਂ ਦਿੰਦਾ ਜੋ ਕਰਮ ਕਰਨ ‘ਤੇ ਯਕੀਨ ਰੱਖਦਾ ਹੈ, ਕਿਸੇ ਤੋਂ ਮੰਗਦਾ ਨਹੀਂ ਇੱਥੇ ਜਿੰਨੇ ਸਾਧੂ-ਸੇਵਾਦਾਰ ਰਹਿੰਦੇ ਹਨ, ਕਰਕੇ ਖਾਂਦੇ ਹਨ ਖੁਦ ਵੀ ਖਾਓ ਅਤੇ ਆਏ ਹੋਏ ਨੂੰ ਵੀ ਖੁਵਾਓ, ਇਹ ਅਸੂਲ ਹੈ ਕਿਸੇ ਤੋਂ ਮੰਗਣਾ ਜ਼ਹਿਰ ਦੀ ਤਰ੍ਹਾਂ ਹੈ ਕਿਉਂਕਿ ਦੂਜਿਆਂ ਤੋਂ ਮੰਗਣ ਦੀ ਜਦੋਂ ਆਦਤ ਪੈ ਜਾਂਦੀ ਹੈ ਇਨਸਾਨ ਹਰਾਮ ਦੀ ਖਾਣ ਦਾ ਆਦੀ ਹੋ ਜਾਂਦਾ ਹੈ ਕਰਮ ਕਰਨਾ ਭੁੱਲ ਜਾਂਦਾ ਹੈ ਕਰਮ ਨਹੀਂ ਕਰੋਗੇ ਤਾਂ ਖਾਓਗੇ ਉਸ ‘ਚ ਖੁਸ਼ੀ ਨਹੀਂ ਆਏਗੀ
ਤਾਂ ਭਾਈ! ਇਹ ਸੱਚਾ ਸੌਦਾ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਚਲਾਇਆ, ਬਣਾਇਆ, ਲੋਕਾਂ ਨੂੰ ਬੜੇ ਹੀ ਸਾਦਗੀ ਪੂਰਨ ਤਰੀਕੇ ਨਾਲ ਸਮਝਾਇਆ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਕੁਝ ਬਚਨ ਤੁਹਾਨੂੰ ਦੱਸਦੇ ਹਾਂ ਤਾਂ ਕਿ ਕੋਈ ਭਰਮ ਜੋ ਤੁਹਾਡੇ ਅੰਦਰ ਹੈ, ਉਹ ਦੂਰ ਹੋ ਜਾਏ
ਬੇਪਰਵਾਹ ਮਸਤਾਨਾ ਜੀ ਮਹਾਰਾਜ ਬਿਲੋਚਿਸਤਾਨ ‘ਚ ਸ਼ੁਰੂ ਤੋਂ ਹੀ ਅੱਲ੍ਹਾ, ਵਾਹਿਗੁਰੂ, ਰਾਮ ਦੇ ਆਸ਼ਕ ਸਨ ਜਾਂ ਇੰਝ ਕਹਿ ਲਓ ਕਿ ਉਹ ਬਣੇ ਹੀ ਮਾਲਕ ਦੇ ਲਈ ਸਨ, ਮਾਲਕ ਸਵਰੂਪ ਸਨ ਸ਼ੁਰੂ ਤੋਂ ਹੀ ਉਨ੍ਹਾਂ ਦੇ ਅੰਦਰ ਇਹ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ ਬਹੁਤ ਸਾਲਾਂ ਤੋਂ ਬਾਅਦ ਮਾਂ-ਬਾਪ ਦੇ ਘਰ ਪੈਦਾ ਹੋਏ ਸਨ ਇੱਕ ਵਾਰ ਦਾ ਜ਼ਿਕਰ ਹੈ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਮਾਤਾ ਜੀ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਕਿ ਜਾਓ ਅਤੇ ਬਾਜ਼ਾਰ ਤੋਂ ਜਾ ਕੇ ਸਮਾਨ ਲੈ ਆਓ ਬੇਪਰਵਾਹ ਮਸਤਾਨਾ ਜੀ ਮਹਾਰਾਜ ਗਏ ਉੱਥੇ ਦੇਖਿਆ ਕੁਝ ਲਾਚਾਰ ਲੋਕ ਭੁੱਖੇ ਬੈਠੇ ਹਨ ਉਨ੍ਹਾਂ ਨੇ ਮੰਗਿਆ ਕਿ ਬੱਚਾ, ਸਾਨੂੰ ਖਾਣਾ ਖੁਵਾਓ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸੋਚਿਆ ਇਸ ਤੋਂ ਨੇਕ ਕੰਮ ਹੋਰ ਕੀ ਹੋ ਸਕਦਾ ਹੈ ਉਨ੍ਹਾਂ ਨੂੰ ਖਾਣਾ ਖੁਵਾ ਦਿੱਤਾ ਇਹ ਛੋਟੇ ਜਿਹੇ ਬੱਚੇ ਦੀ ਸੋਚ ਸੀ ਵੱਡੇ ਦੀ ਸੋਚ ਤਾਂ ਵੱਖ ਗੱਲ ਹੈ, ਇੱਕ ਛੋਟਾ ਬੱਚਾ ਕੀ ਅਜਿਹਾ ਸੋਚ ਸਕਦਾ ਹੈ ਸੋਚਣ ਵਾਲੀ ਗੱਲ ਉਨ੍ਹਾਂ ਨੇ ਉਨ੍ਹਾਂ ਨੂੰ ਖਾਣਾ ਖਵਾਇਆ ਪਰ ਖਿਆਲ ਇਹ ਵੀ ਆਇਆ ਕਿ ਹੁਣ ਮਾਤਾ ਜੀ ਨੇ ਜੋ ਪੈਸੇ ਦਿੱਤੇ ਸਨ ਜੇਕਰ ਸਮਾਨ ਲੈ ਕੇ ਨਾ ਗਏ ਤਾਂ ਕੀ ਹੋਵੇਗਾ! ਫਿਰ ਕੀ ਕੀਤਾ, ਕੋਲ ਹੀ ਕੋਈ ਬਾਗ ਸੀ, ਮਾਲੀ ਸਨ, ਉੱਥੇ ਸਾਰਾ ਦਿਨ ਮਿਹਨਤ ਕੀਤੀ ਟੋਕਰੀ ਵਗੈਰ੍ਹਾ ਉਠਾਉਂਦੇ ਰਹੇ ਜਿਵੇਂ ਉਨ੍ਹਾਂ ਨੇ ਕਿਹਾ ਕੰਮ ਕੀਤਾ, ਉੱਥੋਂ ਪੈਸਾ ਲਿਆ ਅਤੇ ਪੂਜਨੀਕ ਮਾਤਾ ਜੀ ਨੇ ਜੋ ਸਮਾਨ ਮੰਗਵਾਇਆ ਸੀ ਉਹ ਲਿਆ ਕੇ ਦਿੱਤਾ ਛੋਟੀ ਜੀ ਗੱਲ ਲੱਗਦੀ ਹੈ ਪਰ ਇੱਕ ਪੰਜ-ਛੇ ਸਾਲ ਦੇ ਬੱਚੇ ਲਈ ਬਹੁਤ ਵੱਡੀ ਗੱਲ ਹੈ ਉਨ੍ਹਾਂ ਦੇ ਅੰਦਰ ਅਜਿਹੀ ਭਾਵਨਾ ਆਉਣਾ ਇਹੀ ਦਰਸਾਉਂਦਾ ਹੈ ਕਿ ਸੰਤ, ਪੀਰ-ਫਕੀਰ ਬਣਦੇ ਨਹੀਂ, ਬਣੇ ਬਣਾਏ ਮਾਲਕ ਵੱਲੋਂ ਆਉਂਦੇ ਹਨ
ਬੇਪਰਵਾਹ ਮਸਤਾਨਾ ਜੀ ਬਾਰੇ ਜਦੋਂ ਬਚਨ ਕੀਤੇ ਉਹ ਖੂਬ ਮਸਤੀ ‘ਚ ਆ ਕੇ ਆਪਣੇ ਮੁਰਸ਼ਿਦੇ-ਕਾਮਲ ਦੇ ਸਾਹਮਣੇ ਨੱਚਿਆ ਕਰਦੇ ਸਨ ਕਈ ਲੋਕਾਂ ਨੇ ਟੋਕਿਆ ਤਾਂ ਸਿੱਖ ਗੁਰੂ ਸਾਹਿਬਾਨਾਂ ਦੀ ਪਾਕ-ਪਵਿੱਤਰ ਗੁਰਬਾਣੀ ‘ਚ ਆਉਂਦਾ ਹੈ:- ਨਾਚ ਰੇ ਮਨ ਨਾਚ, ਗੁਰ ਕੇ ਆਗੇ ਨਾਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਬਾਣੀ ਕੱਢ ਕੇ ਦਿਖਾ ਦਿੱਤੀ ਕਿ ਇਹ ਦੇਖੋ ਜਦੋਂ ਇਹ ਬਾਣੀ ਕਹਿ ਰਹੀ ਹੈ ਤਾਂ ਤੁਸੀਂ ਕਿਵੇਂ ਰੋਕ ਸਕਦੇ ਹੋ ਇਸ ਤਰ੍ਹਾਂ ਸਾਵਣ ਸ਼ਾਹ ਸਾਈਂ ਜੀ ਦੇ ਸਾਹਮਣੇ ਨੱਚਦੇ ਰਹੇ, ਖੂਬ ਨੱਚਦੇ ਉੱਥੇ ਨਾਅਰਾ ਲਾਉਂਦੇ ‘ਧੰਨ-ਧੰਨ ਸਾਵਣ ਸ਼ਾਹ ਸਾਈਂ ਨਿਰੰਕਾਰ ਤੇਰਾ ਹੀ ਆਸਰਾ’ ਉੱਥੋਂ ਦੇ ਲੋਕ ਬੜੇ ਗੁੱਸੇ ‘ਚ ਆਏ ਕਿ ਇਹ ਇਸ ਨੇ ਤਾਂ ਆਪਣਾ ਅਲੱਗ ਹੀ ਮਤ ਚਲਾ ਲਿਆ ਹੈ, ਅਲੱਗ ਹੀ ਕੁਝ ਬੋਲਦਾ ਹੈ ਸਾਵਣ ਸ਼ਾਹ ਮਹਾਰਾਜ ਦੇ ਸਾਹਮਣੇ ਪੇਸ਼ੀ ਪਈ ਕਿ ਜੀ!
ਅਜਿਹਾ ਬੋਲਦੇ ਹਨ ਬੇਪਰਵਾਹ ਮਸਤਾਨਾ ਜੀ ਨੂੰ ਬੁਲਾਇਆ ਸਾਵਣ ਸ਼ਾਹ ਜੀ ਮਹਾਰਾਜ ਫਰਮਾਉਣ ਲੱਗੇ, ਕਿਉਂ ਭਾਈ, ਤੂੰ ਅਜਿਹਾ ਬੋਲਦਾ ਹੈਂ ਮਸਤਾਨਾ ਜੀ ਕਹਿਣ ਲੱਗੇ, ਹਾਂ ਸਾਈਂ ਜੀ ਕਹਿਣ ਲੱਗੇ ਫਿਰ ਤੂੰ ਅਜਿਹਾ ਕਿਉਂ ਬੋਲਦਾ ਹੈਂ ਜਦੋਂ ਸਾਰੇ ਦੂਜਾ ਨਾਅਰਾ ਬੋਲਦੇ ਹਨ ਤੂੰ ਵੀ ਉਹੀ ਬੋਲਿਆ ਕਰ ਕਹਿਣ ਲੱਗੇ, ਮੈਨੂੰ ਇਨ੍ਹਾਂ ਦਾ ਨਹੀਂ ਪਤਾ, ਮੈਂ ਤਾਂ ਜੋ ਦੇਖਦਾ ਹਾਂ ਉਹ ਹੀ ਬੋਲਦਾ ਹਾਂ ਮੈਨੂੰ ਤਾਂ ਤੁਹਾਡੇ ‘ਚ ਅੱਲ੍ਹਾ, ਵਾਹਿਗੁਰੂ, ਰਾਮ ਨਜ਼ਰ ਆਉਂਦਾ ਹੈ ਤੁਸੀਂ ਹੀ ਹੋ ਜਿਨ੍ਹਾਂ ਨੇ ਉਹ ਰਸਤਾ ਦਿਖਾਇਆ ਹੈ ਮੈਨੂੰ ਤਾਂ ਤੁਹਾਡਾ ਹੀ ਆਸਰਾ ਹੈ ਮੈਂ ਤਾਂ ਤੁਹਾਡਾ ਹੀ ਯਸ਼ ਗਾਊਂਗਾ ਦੱਸੋ ਕੀ ਅੰਦਰ ਬਾਹਰ ਇੱਕ ਨਹੀਂ ਸਾਵਣ ਸ਼ਾਹ ਜੀ ਕਹਿਣ ਲੱਗੇ, ਭਾਈ! ਤੂੰ ਸਹੀ ਹੈਂ ਜਿਸ ਦੀ ਇਹ ਅੱਖ ਬਣ ਜਾਏ ਉਸ ਨੂੰ ਪਤਾ ਚੱਲਦਾ ਹੈ ਦੂਜਿਆਂ ਲਈ ਗੱਲ ਕੁਝ ਹੋਰ ਰਹਿੰਦੀ ਹੈ
ਫਿਰ ਬੇਪਰਵਾਹ ਮਸਤਾਨਾ ਜੀ ਨੂੰ ਹੁਕਮ ਹੋਇਆ ਕਿ ਤੁਸੀ ਬਾਗੜ ‘ਚ ਜਾਓ ਉੱਥੋਂ ਦੇ ਲੋਕਾਂ ਨੂੰ ਤਾਰੋ ਬੇਪਰਵਾਹ ਮਸਤਾਨਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਈਂ ਜੀ! ਇਹ ਸਰੀਰ ਜੋ ਹੈ ਏਨਾ ਪੜ੍ਹਿਆ ਲਿਖਿਆ ਨਹੀਂ ਹੈ ਅਤੇ ਬੋਲੀ ਵੀ ਵੱਖ ਹੈ ਕਿਉਂਕਿ ਉਹ ਸਾਇਦ ਸਿੰਧੀ ਬੋਲਿਆ ਕਰਦੇ, ਕੁਝ ਮਿਲਦੀ-ਜੁਲਦੀ ਭਾਸ਼ਾ ਮਸਤਾਨਾ ਜੀ ਕਹਿਣ ਲੱਗੇ ਕਿ ਇਹ ਸਮਝ ਨਹੀਂ ਆਏਗੀ ਲੋਕਾਂ ਨੂੰ ਕਿਵੇਂ ਪਹਿਚਾਣ ਆਏਗੀ? ਤਾਂ ਸਾਵਣ ਸ਼ਾਹ ਜੀ ਮਹਾਰਾਜ ਨੇ ਕਿਹਾ, ਹੇ ਮਸਤਾਨਾ! ਤੇਰੀ ਆਵਾਜ਼ ‘ਚ ਜਾਦੂ ਹੋਵੇਗਾ ਤੂੰ ਬੋਲਿਆ ਕਰੇਗਾ ਲੋਕ ਤੇਰੀ ਅਵਾਜ਼ ਨਾਲ ਖਿੱਚਦੇ ਚਲੇ ਆਇਆ ਕਰਨਗੇ, ਮਾਲਕ ਨਾਲ ਜੁੜ ਜਾਇਆ ਕਰਨਗੇ ਤੇਰੀ ਅਵਾਜ਼ ‘ਚ ਇੱਕ ਅਜਿਹਾ ਜਾਦੂ, ਮਾਲਕ ਦੀ ਅਵਾਜ਼ ਦੀ ਤਰ੍ਹਾਂ ਵੱਖਰਾ ਹੀ ਹੋਵੇਗਾ ਇਹ ਸੱਚਾਈ ਹੈ, ਪੁਰਾਣੇ ਸਤਿਸੰਗੀ ਜੋ ਬੈਠੇ ਹਨ ਉਨ੍ਹਾਂ ਤੋਂ ਪੁੱਛੋ, ਸਮਝ ਘੱਟ ਆਉਂਦੀ ਸੀ ਪਰ ਆਵਾਜ਼ ਬਹੁਤ ਪਿਆਰੀ ਲੱਗਦੀ ਸੀ
ਬਾਗੜ ‘ਚ ਇੱਕ ਵਾਰ, ਉੱਥੇ ਬਾਗੜੀ ਭਾਸ਼ਾ ਬੋਲਦੇ ਹਨ, ਬੇਪਰਵਾਹ ਮਸਤਾਨਾ ਜੀ ਨੇ ਸਤਿਸੰਗ ਕੀਤਾ ਤਾਂ ਲੋਕਾਂ ਨੇ ਨਾਮ ਵੀ ਲਿਆ ਮਸਤਾਨਾ ਜੀ ਨੇ ਪੁੱਛਿਆ, ਕਿਉਂ ਭਾਈ! ਤੁਹਾਨੂੰ ਸਾਡੀ ਬੋਲੀ ਦੀ ਸਮਝ ਆਉਂਦੀ ਹੈ? ਅੱਗੇ ਤੋਂ ਉੱਥੋਂ ਦੇ ਜੋ ਸੇਵਾਦਾਰ ਸਨ ਜਾਂ ਜੋ ਸ਼ਰਧਾਵਾਨ ਸਨ ਉਹ ਹੱਥ ਜੋੜ ਕੇ ਕਹਿਣ ਲੱਗੇ, ‘ਸਾਈਂ ਜੀ! ਥਾਰੀ ਬੋਲੀ ਕੋ ਤੋ ਪਤਾ ਕੋਣੀ ਲਾਗੈ ਪਰ ਥੇਹ ਬੋਲੋ ਘਣਾ ਹੀ ਮਿੱਠਾ ਹੋ ਥਾਰੀ ਆ ਮਿੱਠੀ ਬੋਲੀ ਹੂੰ ਮੇਹ ਖਿੰਚਾ ਚਲਾ ਆਵਾਂ’ ਕਹਿਣ ਦਾ ਮਤਲਬ ਕਿ ਤੁਹਾਡੀ ਅਵਾਜ਼ ਬਹੁਤ ਮਿੱਠੀ ਹੈ ਅਤੇ ਕੁਝ ਨਹੀਂ ਕਹਿ ਸਕਦੇ ਤੁਹਾਡੀ ਮਿੱਠੀ ਆਵਾਜ਼ ਹੀ ਸਾਨੂੰ ਮੋਹਿਤ ਕਰ ਲੈਂਦੀ ਹੈ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਹੋਰ ਵੀ ਬਚਨ ਕੀਤੇ, ਕਰਵਾਏ ਕਿ ਸੱਚੇ ਸੌਦੇ ਦਾ ਮੁਰੀਦ ਇੱਕ ਤਾਂ ਛੋਟੇ-ਛੋਟੇ ਸਟੇਸ਼ਨਾਂ ‘ਚ ਨਾ ਅਟਕੇ ਇਹ ਤ੍ਰਿਕੁਟੀ ਆ ਗਿਆ, ਇਹ ਭੰਵਰ ਗੁਫ਼ਾ ਆ ਗਿਆ, ਇਹ ਫਲਾਂ ਆ ਗਿਆ ਇਸ ‘ਚ ਅਟਕਦੇ-ਅਟਕਦੇ ਸਾਡੇ ਵਾਲਾ ਤਾਂ ਅੱਗੇ ਜਾ ਹੀ ਨਹੀਂ ਸਕੇਗਾ ਸਾਵਣ ਸ਼ਾਹ ਜੀ ਕਹਿਣ ਲੱਗੇ, ਫਿਰ ਤੁਹਾਨੂੰ ਕੀ ਚਾਹੀਦਾ? ਕਹਿਣ ਲੱਗੇ, ਦੇਣਾ ਤਾਂ ਆਪਨੇ ਹੈ ਅਤੇ ਮੰਗਣਾ ਅਸੀਂ ਹੈ, ਹੋਰ ਕਿਸ ਤੋਂ ਮੰਗਾਂਗੇ, ਤੁਹਾਡੇ ਤੋਂ ਹੀ ਸਭ ਕੁਝ ਮੰਗਾਂਗੇ ਜੇਕਰ ਤੁਸੀਂ ਸਾਨੂੰ ਹੁਕਮ ਦਿੰਦੇ ਹੋ ਕਿ ਨਾਮ ਦਿਓ, ਤਾਂ ਜਿਸ ਨੂੰ ਨਾਮ ਦੇਈਏ, ਤੁਹਾਡੀ ਦਇਆ-ਮਿਹਰ ਨਾਲ ਉਸ ਦਾ ਇੱਕ ਪੈਰ ਇੱਥੇ ਦੂਜਾ ਸੱਚਖੰਡ ‘ਚ ਹੋਵੇ ਇਹ ਵਿੱਚ ਵਾਲੇ ਸਟੇਸ਼ਨਾਂ ‘ਤੇ ਗੱਡੀ ਨਾ ਰੁਕੇ ਸਾਵਣ ਸ਼ਾਹ ਜੀ ਮਹਾਰਾਜ ਨੇ ਕਿਹਾ, ਮਸਤਾਨਾ! ਤੈਨੂੰ ਇਹ ਵੀ ਦਿੱਤਾ ਫਿਰ ਬੇਪਰਵਾਹ ਮਸਤਾਨਾ ਜੀ ਕਹਿਣ ਲੱਗੇ, ਸੱਚੇ ਸੌਦੇ ਦਾ ਮੁਰੀਦ, ਭਗਤ ਜੇਕਰ ਸੱਚੇ ਦਿਲ ਨਾਲ ਭਗਤੀ ਕਰਦਾ ਹੈ, ਬਚਨਾਂ ‘ਤੇ ਸਹੀ ਹੈ ਤਾਂ ਉਸ ਨੂੰ ਅੰਦਰ ਤੋਂ ਅਤੇ ਬਾਹਰ ਤੋਂ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ ਸਾਵਣ ਸ਼ਾਹ ਜੀ ਕਹਿਣ ਲੱਗੇ, ਜਾ ਮਸਤਾਨਾ! ਤੈਨੂੰ ਇਹ ਵੀ ਦਿੱਤਾ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਜੋ ਬਚਨਾਂ ਨੂੰ ਮੰਨਦੇ ਹਨ ਬਚਨਾਂ ‘ਤੇ ਅਮਲ ਕਰਦੇ ਹਨ ਭਗਤੀ ਕਰਦੇ ਹਨ ਉਹ ਰਾਈ ਤੋਂ ਪਹਾੜ ਬਣ ਗਏ, ਅੰਦਰ-ਬਾਹਰ ਤੋਂ ਉਨ੍ਹਾਂ ਨੂੰ ਕਿਸੇ ਦੇ ਅੱਗੇ ਹੱਥ ਫੈਲਾਉਣਾ ਨਹੀਂ ਪਿਆ ਇਸ ਤਰ੍ਹਾਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸੱਚੇ ਸੌਦੇ ਲਈ ਬੇਅੰਤ ਬਖ਼ਸ਼ਿਸ਼ਾਂ ਹਾਸਲ ਕੀਤੀਆਂ ਅਤੇ ਜਦੋਂ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਗੱਦੀ ‘ਤੇ ਬੈਠਾਇਆ ਉਹ ਫੋਟੋ ਵੀ ਹੈ, ਅਤੇ ਸਾਰੇ ਬਜ਼ਾਰ ‘ਚ ਜਲੂਸ ਕੱਢਿਆ ਕਿ ਭਾਈ! ਇਹ ਤਾਕਤ ਕੰਮ ਕਰੇਗੀ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਆਤਮਾ ਤੋਂ ਪਰਮਾਤਮਾ ਬਣਾ ਦਿੱਤਾ ਹੈ ਫਿਰ ਇਹ ਵੀ ਬਚਨ ਕੀਤੇ ਕਿ ਅਸੀਂ ਤਾਂ ਜੋ ਤਾਕਤ ਮਿਲੀ ਸੀ ਉਸ ਰੁਪਏ ‘ਚੋਂ ਇੱਕ-ਦੋ ਆਨੇ ਹੀ ਖਰਚ ਕੀਤੀ ਹੈ, ਆਉਣ ਵਾਲੇ ਸਮੇਂ ‘ਚ ਦੇਖਣਾ ਜਦ ਇਹ ਰਹਿਮਤ ਕੰਮ ਕਰੇਗੀ ਤਾਂ ਇੱਥੋਂ ਤੋਂ ਲੈ ਕੇ ਜਾਂ ਇਹ ਕਹਿ ਲਓ ਕਿ ਬੇਗੂ ਤੋਂ ਲੈ ਕੇ ਜੋ ਬਚਨ ਹੋਏ ਕਿ ਸਰਸਾ ਤੱਕ ਜੋ ਸੰਗਤ ਆਏਗੀ ਇੰਜ ਥਾਲੀ ਸੁੱਟੋਗੇ ਤਾਂ ਹੇਠਾਂ ਨਹੀਂ ਗਿਰੇਗੀ, ਸਿਰਾਂ ਦੇ ਉੱਪਰ ਰਹਿ ਜਾਏਗੀ ਅੱਜ ਨਜ਼ਰ ਮਾਰੋ ਇਹ ਸ਼ਾਇਦ ਪੱਚੀ-ਤੀਹ ਏਕੜ ਦੇ ਕਰੀਬ ਪੰਡਾਲ ਹੈ ਅਤੇ ਸਾਧ-ਸੰਗਤ ਨਾਲ ਲਗਭਗ ਭਰਿਆ ਹੋਇਆ ਹੈ ਪਿੱਛੇ ਵੀ ਸਾਧ-ਸੰਗਤ ਆ ਰਹੀ ਹੈ ਅਤੇ ਕੁਝ ਬਾਹਰ ਰਹਿ ਜਾਂਦੀ ਹੈ ਭੰਡਾਰੇ ਦੇ ਸਮੇਂ ਤਾਂ ਇਸ ਜਿੰਨੇ ਪੰਡਾਲ ਕਈ ਬਣ ਜਾਂਦੇ ਹਨ ਯਾਨੀ ਕਈ ਲੱਖਾਂ ਦੀ ਤਦਾਦ ‘ਚ ਅਲੱਗ-ਅਲੱਗ ਗਿਣਤੀ ਹੈ, ਆਪਣੇ ਕੋਈ ਮਾਨ-ਵਡਿਆਈ ਨਹੀਂ ਹੈ, ਬੇਪਰਵਾਹ ਮਸਤਾਨਾ ਜੀ ਦੇ ਬਚਨ ਹਨ ਭੰਡਾਰੇ ਦੇ ਸਮੇਂ ਕੋਈ ਤੀਹ ਲੱਖ, ਕੋਈ ਪੰਜਾਹ ਲੱਖ, ਕੋਈ ਸੱਠ ਲੱਖ ਕਹਿੰਦਾ ਹੈ ਇਹ ਤਾਂ ਅੱਲ੍ਹਾ, ਮਾਲਕ ਜਾਣੇ ਕਿੰਨੀ ਹੁੰਦੀ ਹੈ, ਕੀ ਹੁੰਦਾ ਹੈ ਪਰ ਉਨ੍ਹਾਂ ਦੇ ਜੋ ਬਚਨ ਉਸ ਸਮੇਂ ਕਈ ਲੋਕਾਂ ਨੇ ਸੁਣੇ ਸ਼ਾਇਦ ਮਜ਼ਾਕ ਉਡਾਇਆ ਹੋਵੇ ਕਿ ਸਾਈਂ ਜੀ ਸੌ ਆਦਮੀ ਨਾਲ ਹਨ ਏਨੇ ਕਿੱਥੇ ਨਜ਼ਰ ਆਉਂਦੇ ਹਨ
ਕਿਸੇ ਨੇ ਇਹ ਜ਼ਿਕਰ ਕੀਤਾ ਬਹੁਤ ਸਾਦਾ-ਲਿਬਾਸ ਪਹਿਨਦੇ ਹੋ ਕਈ ਲੋਕਾਂ ਨੂੰ ਇਹ ਭਰਮ ਹੋ ਜਾਂਦਾ ਹੈ, ਜਦੋਂ ਬੇਪਰਵਾਹ ਮਸਤਾਨਾ ਜੀ ਪਹਿਨਦੇ ਸਨ ਤਾਂ ਆਪਣੇ ਕੱਪੜੇ ‘ਤੇ ਟਾਕੀਆਂ ਲਾ ਲੈਂਦੇ ਸਨ ਸਾਧੂਆਂ ਦੇ ਵੀ ਕੱਪੜੇ ਅਜਿਹੇ ਹੀ ਹੁੰਦੇ ਕੋਈ ਇੱਕ ਗੋਡੇ ਤੱਕ ਹੈ ਦੂਜਾ ਹੇਠਾਂ ਪੈਰਾਂ ਤੱਕ ਹੁੰਦਾ ਕਿਸੇ ਨੇ ਸਵਾਲ ਕੀਤਾ ਕਿ ਸਾਈਂ ਜੀ! ਤੁਸੀਂ ਮਾਲਕ ਦੇ ਪਿਆਰੇ ਹੋ, ਚੰਗੇ ਕੱਪੜੇ ਪਹਿਨਿਆ ਕਰੋ, ਵਧੀਆ ਪਹਿਨਿਆ ਕਰੋ, ਇਹ ਤੁਸੀਂ ਬਿਲਕੁਲ ਸਾਦੇ ਜਿਹੇ ਪਹਿਨਦੇ ਹੋ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ਕੋਈ ਸਮਾਂ ਆਏਗਾ ਤੁਸੀਂ ਦੇਖਣਾ (ਉਸ ਸਮੇਂ ਟੈਰਾਲੀਨ ਮਸ਼ਹੂਰ ਹੁੰਦੀ ਸੀ) ਕਿ ਸਾਧੂ ਆਪਣੀ ਬਾੱਡੀ ‘ਤੇ ਟੈਰਾਲੀਨ ਹੀ ਪਹਿਨਿਆ ਕਰਨਗੇ ਅਤੇ ਬਦਲ-ਬਦਲ ਕੇ ਪਹਿਨਿਆ ਕਰਨਗੇ ਜੇਕਰ ਯਕੀਨ ਨਹੀਂ ਆਉਂਦਾ ਤਾਂ ਪੁਰਾਣੀ ਸਾਧ-ਸੰਗਤ ਜੋ ਹੈ ਉਨ੍ਹਾਂ ਤੋਂ ਪੁੱਛ ਲਓ ਬੇਪਰਵਾਹ ਮਸਤਾਨਾ ਜੀ ਦੇ ਬਚਨ ਹਨ ਅਤੇ ਅੱਜ ਜਿਉਂ ਦੇ ਤਿਉਂ ਪੂਰੇ ਹਨ ਅੱਜ ਸਾਧੂਆਂ ਨੂੰ ਦੇਖੋਗੇ ਤੁਸੀਂ ਕਿਸੇ ਦੇ ਉੱਪਰ ਪੈਬੰਦ(ਟਾਕੀ) ਲੱਗੀ ਹੋਈ ਨਹੀਂ ਹੈ, ਸਾਦੇ ਕੱਪੜੇ ਹਨ ਮੰਨਿਆ ਕਿ ਸਾਦੇ ਹਨ ਪਰ ਉਹ ਹੀ ਮਸਤਾਨਾ ਜੀ ਦੇ ਪਾਕ-ਪਵਿੱਤਰ ਬਚਨ ਕਿ ਉਹ ਟੈਰਾਲੀਨ ਪਹਿਨਿਆ ਕਰਨਗੇ ਤਾਂ ਉਹ ਜਿਉਂ ਦੇ ਤਿਉਂ ਪੂਰੇ ਹੋ ਗਏ ਹਨ ਕਿਸੇ ਨੂੰ ਇਹ ਭਰਮ ਰਹਿ ਜਾਂਦਾ ਹੈ, ਕਿਸੇ ਨੇ ਆ ਕੇ ਸਾਨੂੰ ਕਿਹਾ ਸੀ ਕਿ ਮਸਤਾਨਾ ਜੀ ਮਹਾਰਾਜ ਤਾਂ ਏਨੇ ਫਟੇ ਕੱਪੜੇ ਪਹਿਨਦੇ ਸਨ ਆਪਨੇ ਤਾਂ ਸਫੈਦ ਪਹਿਨ ਰੱਖੇ ਹਨ ਅਸੀਂ ਕਿਹਾ, ਤੈਨੂੰ ਕੀ ਦੱਸੀਏ, ਇਹ ਉਨ੍ਹਾਂ ਨੇ ਹੀ ਕਿਹਾ ਹੈ ਤਾਂ ਹੀ ਪਹਿਨ ਰੱਖੇ ਹਨ ਤਾਂ ਭਾਈ! ਸੱਚਾਈ ਇਹ ਹੈ ਜੋ ਤੁਹਾਡੀ ਸੇਵਾ ‘ਚ ਅਰਜ਼ ਕੀਤੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਹੋਰ ਬਹੁਤ ਸਾਰੇ ਬਚਨ ਕੀਤੇ ਸਨ ਜੋ ਪੂਰੇ ਹੋ ਰਹੇ ਹਨ ਅਤੇ ਪੂਰੇ ਹੁੰਦੇ ਰਹਿਣਗੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਨੇ ਬਚਨ ਕੀਤੇ, ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਕੀਤੇ, ਜਿਉਂ ਦੇ ਤਿਉਂ ਪੂਰੇ ਹੋਏ ਹਨ, ਪੂਰੇ ਹੋ ਰਹੇ ਹਨ ਅਤੇ ਹਮੇਸ਼ਾ ਪੂਰੇ ਹੁੰਦੇ ਰਹਿਣਗੇ ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਨੇ ਕੰਮ ਕੀਤਾ ਹੈ, ਕਰ ਰਹੀ ਹੈ ਅਤੇ ਕਰਦੀ ਰਹੇਗੀ
ਪ੍ਰੇਸ਼ਾਨੀ ਤੋਂ ਬਚਣ ਲਈ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੋ ਅਤੇ ਹਰ ਕਿਸੇ ਨਾਲ ਪਿਆਰ, ਮੁਹੱਬਤ ਕਰੋ, ਆਪਣੇ ਅੰਦਰ ਖੁਦੀ ਦਾ ਫਾਨਾ, ਆਪਣੇ ਆਪ ਦੀ ਹਸਤੀ ਬਣਾਉਣ ਦਾ ਨਾ ਸੋਚੋ, ਨਹੀਂ ਤਾਂ ਇਨਸਾਨ ਮੂੰਹ ਦੇ ਬਲ ਡਿੱਗਦਾ ਹੈ, ਕੁਝ ਬਚਦਾ ਨਹੀਂ ਤਾਂ ਭਾਈ! ਬੇਪਰਵਾਹ ਮਸਤਾਨਾ ਜੀ ਮਹਾਰਾਜ ਬਾਰੇ ਜਿੰਨਾ ਤੁਹਾਨੂੰ ਸੁਣਾਈਏ ਓਨਾ ਹੀ ਘੱਟ ਹੈ
ਇੱਕ ਵਾਰ ਕੁਝ ਸਾਧ-ਸੰਗਤ ਬੈਠੀ ਹੋਈ ਸੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਬੱਕਰੀਆਂ ਦੇ ਗਲੇ ‘ਚ ਨੋਟ ਬੰਨ੍ਹ ਦਿੱਤੇ ਅਤੇ ਚਰਚਾ ਇਹ ਚੱਲ ਰਹੀ ਸੀ ਕਿਹੜਾ ਵੱਡਾ ਆਸ਼ਕ ਹੈ ਮਾਲਕ ਦਾ, ਕੌਣ ਮਾਲਕ ਨਾਲ ਪਿਆਰ ਕਰਦਾ ਹੈ ਉਸ ਚਰਚਾ ਤੋਂ ਬਾਅਦ ਮਸਤਾਨਾ ਜੀ ਮਹਾਰਾਜ ਨੇ ਕੁਝ ਹੋਰ ਗੱਲਾਂ ਕੀਤੀਆਂ, ਫਿਰ ਖੇਡ ਰਚ ਦਿੱਤਾ, ਬੱਕਰੀ ਦੇ ਗਲੇ ‘ਚ ਨੋਟਾਂ ਦੀ ਮਾਲਾ ਬੰਨ੍ਹ ਦਿੱਤੀ ਅਤੇ ਉਸ ਨੂੰ ਭਜਾ ਦਿੱਤਾ ਬੱਕਰੀਆਂ ਭੱਜ ਗਈਆਂ ਸਾਧ-ਸੰਗਤ ਨੂੰ ਕਿਹਾ ਕਿ ਦੇਖੋ ਭਾਈ! ਕਿੰਨੇ ਨੋਟ ਜਾ ਰਹੇ ਹਨ ਬਸ ਏਨਾ ਕਹਿਣ ਦੀ ਦੇਰ ਸੀ, ਬਹੁਤ ਸਾਰੇ ਤਾਂ ਨੋਟ ਖੋਹਣ ਲਈ ਭੱਜ ਪਏ ਉਦੋਂ ਨੋਟਾਂ ਦੀ ਕੀਮਤ ਕਾਫ਼ੀ ਹੁੰਦੀ ਸੀ ਉਹ ਤੋੜਨ ਲਈ ਭੱਜ ਪਏ ਕੁਝ ਪ੍ਰੇਮੀ ਬੇਪਰਵਾਹ ਜੀ ਦੇ ਕੋਲ ਬਚੇ ਮਸਤਾਨਾ ਜੀ ਮਹਾਰਾਜ ਕਹਿਣ ਲੱਗੇ, ਦੇਖੋ ਭਾਈ! ਸਭ ਮਾਇਆ ਦੇ ਯਾਰ ਹਨ ਮਸਤਾਨਾ, ਉਸ ਅੱਲ੍ਹਾ, ਵਾਹਿਗੁਰੂ, ਰਾਮ ਦਾ ਯਾਰ ਤਾਂ ਕੋਈ-ਕੋਈ ਬਚਿਆ ਹੈ ਜੋ ਪਹਿਲਾਂ ਕਹਿੰਦੇ ਸਨ ਅਸੀਂ ਆਸ਼ਕ ਹਾਂ, ਤੇਰੇ ਲਈ ਜਾਨ ਕੁਰਬਾਨ ਹੈ, ਨੋਟਾਂ ਲਈ ਲਾਰ ਇੰਜ ਟਪਕ ਗਈ ਪਤਾ ਹੀ ਨਹੀਂ ਚੱਲਿਆ ਕਦੋਂ ਖਿਸਕ ਗਏ
ਤਾਂ ਭਾਈ! ਬੜੇ ਚੋਜ਼ ਖੇਡੇ, ਉਸ ਸਮੇਂ ਉਹ ਜ਼ਰੂਰਤ ਸੀ ਅੱਜ ਇਹ ਜ਼ਰੂਰਤ ਹੈ ਜੋ ਤੁਹਾਡੀ ਸੇਵਾ ‘ਚ ਹੈ ਕਰਨ ਵਾਲੀ ਜੋਤੀ ਉਹ ਹੀ ਹੈ ਅਸੀਂ ਤੁਹਾਡੇ ਸੇਵਾਦਾਰ, ਚੌਂਕੀਦਾਰ ਹਾਂ ਆਵਾਜ਼ ਦਿੰਦੇ ਹਾਂ, ਅਸੀਂ ਕੋਈ ਆਪਣਾ ਰੁਤਬਾ ਵੱਡਾ ਨਹੀਂ ਕਰਦੇ ਆਵਾਜ਼ ਦਿੰਦੇ ਹਾਂ ਆਵਾਜ਼ ਉਹ ਦਿੰਦੇ ਹਨ ਜਿਵੇਂ ਮੁਰਸ਼ਿਦੇ-ਕਾਮਲ ਖਿਆਲ ਦਿੰਦਾ ਹੈ ‘ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ’ ਜਿਵੇਂ ਮੁਰਸ਼ਿਦੇ-ਕਾਮਲ ਦਾ ਖਿਆਲ ਆਉਂਦਾ ਹੈ, ਵਿਚਾਰ ਆਉਂਦਾ ਹੈ, ਤੁਹਾਡੀ ਸੇਵਾ ‘ਚ ਅਰਜ਼ ਕਰਦੇ ਹਾਂ, ਵਰਨਾ ਅਸੀਂ ਤਾਂ ਤੁਹਾਡੇ ਸੇਵਾਦਾਰ ਹਾਂ ਕੋਈ ਆਪਣੀ ਮਾਨ-ਵਡਿਆਈ ਲਈ ਨਹੀਂ ਕਹਿੰਦੇ, ਕੋਈ ਆਪਣੀ ਉਪਮਾ ਲਈ ਨਹੀਂ ਕਹਿੰਦੇ ਆਪਣੇ ਤਾਂ ਬਸ ਉਸ ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਸੱਚਾ ਮਾਰਗ ਦੱਸਣਾ ਚਾਹੁੰਦੇ ਹਾਂ ਤੁਸੀਂ ਤਾਂ ਝੂਠ ‘ਚ ਸ਼ਾਇਦ ਜ਼ਿੰਦਗੀ ਪਤਾ ਨਹੀਂ ਕਿੰਨੀ ਗੁਜ਼ਾਰੀ ਹੋਵੇਗੀ ਅੱਜ ਤੁਹਾਡੀ ਸੇਵਾ ‘ਚ ਉਹ ਸੱਚ ਅਰਜ਼ ਕਰਾਂਗੇ ਕੀ ਸੱਚ ਹੈ? ਕੀ ਵਾਹਿਗੁਰੂ ਹੈ? ਹੈ ਤਾਂ ਉਸ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ? ਉਹ ਕਿੱਧਰ ਰਹਿੰਦਾ ਹੈ? ਕੁਝ ਗੱਲਾਂ ਹਨ ਜੋ ਪੜ੍ਹੇ-ਲਿਖੇ ਨੌਜਵਾਨ ਬੱਚੇ ਪੁੱਛਦੇ ਹਨ ਮਾਲਕ ਦੀ ਦਇਆ-ਮਿਹਰ ਨਾਲ 12-13 ਸਟੇਟਾਂ ‘ਚ ਗਏ ਜਿਵੇਂ ਗੁਜਰਾਤ, ਮਹਾਂਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਯੂ.ਪੀ., ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਕਈ ਸਟੇਟਾਂ ‘ਚ, ਤਹਿਸੀਲ-ਤਹਿਸੀਲ, ਪਿੰਡ-ਪਿੰਡ ਗਏ ਮੈਡੀਕਲ ਕਾਲਜ ਦੇ ਕਈ ਜਗ੍ਹਾ ਬੱਚੇ ਸਨ ਉੱਥੇ ਇੱਕ ਜਗ੍ਹਾ ਕਾਲਜਾਂ ‘ਚ ਵੀ ਸਤਿਸੰਗ ਹੋਏ ਵਿਗਿਆਨ ਦੇ ਵਿਦਿਆਰਥੀਆਂ ਨੇ ਸਵਾਲ ਕੀਤੇ ਕਿ ਭਗਵਾਨ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ? ਅਸੀਂ ਨਹੀਂ ਦੇਖ ਸਕਦੇ ਮੰਨੀ ਗੱਲ, ਪਰ ਗੁਰੂ ਜੀ, ਉਹ ਤਾਂ ਸ਼ਕਤੀਸ਼ਾਲੀ ਹੈ, ਉਹ ਤਾਂ ਸਾਨੂੰ ਦਿਸ ਸਕਦਾ ਹੈ? ਉਹ ਕਿਉਂ ਨਹੀਂ ਦਿਸਦਾ? ਇਸੇ ਦਾ ਜਵਾਬ ਤੁਹਾਨੂੰ ਸਤਿਸੰਗ ‘ਚ ਦੱਸਾਂਗੇ ਕੀ ਉਹ ਹੈ, ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ, ਇਹ ਗੱਲਾਂ ਤੁਹਾਨੂੰ ਦੱਸਾਂਗੇ ਪਹਿਲਾਂ ਸ਼ਬਦ ਚੱਲੇਗਾ ਅਤੇ ਨਾਲ-ਨਾਲ ਦੱਸਦੇ ਚੱਲਾਂਗੇ ਤੁਹਾਡੇ ਤੋਂ ਹੋਰ ਕੁਝ ਵੀ ਨਹੀਂ ਲੈਣਾ ਤੁਹਾਡੇ ਤੋਂ ਤੁਹਾਡਾ ਇਹੀ ਘੰਟਾ, ਡੇਢ ਘੰਟਾ ਕੀਮਤੀ ਸਮਾਂ ਮੰਗਾਂਗੇ ਅਤੇ ਇਸ ‘ਚ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸਣਾ ਹੈ ਪੜ੍ਹੀਆਂ-ਪੜ੍ਹਾਈਆਂ ਗੱਲਾਂ ਤਾਂ ਤੁਸੀਂ ਜਦੋਂ ਮਰਜ਼ੀ ਪੜ੍ਹ ਸਕਦੇ ਹੋ ਪਰ ਜੋ ਅਨੁਭਵ ‘ਚ ਆਇਆ, ਜੋ ਮਹਿਸੂਸ ਕੀਤਾ ਤੁਹਾਡੀ ਸੇਵਾ ‘ਚ ਅਰਜ਼ ਕਰਾਂਗੇ ਅਤੇ ਜੋ ਸਾਡੇ ਮਹਾਂਪੁਰਸ਼ਾਂ ਦੇ ਪਾਕ-ਪਵਿੱਤਰ ਬਚਨ ਹਨ ਸਾਰੇ ਧਰਮਾਂ ਦੇ ਉਹ ਤੁਹਾਨੂੰ ਸਾਧੂ ਪੜ੍ਹ ਕੇ ਸੁਣਾਉਣਗੇ
ਇਸ ਬਾਰੇ ‘ਚ ਲਿਖਿਆ ਹੈ:-
ਸੰਤ ਜਗਤ ਵਿਚ ਆਉਂਦੇ,
ਹੈ ਰੂਹਾਂ ਦੀ ਪੁਕਾਰ ਸੁਣ ਕੇ ਜੀ
ਜਦੋਂ ਰੂਹਾਂ ਮਾਲਕ ਦੀ ਤਲਾਸ਼ ‘ਚ ਵਿਆਕੁਲ ਹੁੰਦੀਆਂ ਹਨ ਅਤੇ ਆਪਣੇ ਨਿੱਜਘਰ ਜਾਣ ਲਈ ਵਿਲਕਦੀਆਂ ਹਨ ਅਤੇ ਸਾਡੀਆਂ ਅੱਖਾਂ ਉਸ ਨੂੰ ਦੇਖਣ ਲਈ ਤਰਸਦੀਆਂ ਹਨ, ਭੁੱਖੀਆਂ ਹੁੰਦੀਆਂ ਹਨ ਉਨ੍ਹਾਂ ਦੀ ਤੇਜ਼ ਇੱਛਾ ਪੂਰੀ ਕਰਨ ਲਈ ਸਤਿਗੁਰੂ ਅਵਤਾਰ ਧਾਰਨ ਕਰਦਾ ਹੈ ਉਨ੍ਹਾਂ ਨੂੰ ਬੰਧਨਾਂ ਤੋਂ ਛੁਡਾਉਣ ਲਈ ਬੰਦੀ-ਛੋੜ, ਬਣ ਕੇ ਆ ਜਾਂਦਾ ਹੈ ਅਜਿਹੀਆਂ ਰੂਹਾਂ ਨੂੰ ਉਨ੍ਹਾਂ ਦੇ ਅਧਿਕਾਰ ਅਨੁਸਾਰ ਉਪਦੇਸ਼ ਦੇ ਕੇ ਮਾਲਕ ਨਾਲ ਜੋੜ ਦਿੰਦਾ ਹੈ
ਸੰਤ ਜਦੋਂ ਸੰਸਾਰ ਸਮੁੰਦਰ ਦੇ ਮਲਾਹ ਹਨ ਜੋ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੇ ਠੇਕੇਦਾਰ ਹਨ ਉਹ ਪਾਕ-ਪਵਿੱਤਰ ਰੂਹਾਂ ਹਨ ਅਤੇ ਸੰਤ-ਮਹਾਤਮਾ ਰੂਹਾਂ ਨੂੰ ਮਾਲਕ ਵੱਲ ਲੈ ਜਾਣ ਦਾ ਵਪਾਰ ਕਰਦੇ ਹਨ
ਸੰਤ ਦੁਨੀਆਂ ‘ਚ ਆ ਕੇ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਗਰਜ਼ ਨਹੀਂ ਰੱਖਦੇ ਨਾ ਪੈਸੇ ਦੀ, ਨਾ ਸਰੀਰਕ ਸੁਆਰਥ, ਨਾ ਜ਼ਮੀਨ-ਜਾਇਦਾਦ ਦਾ ਸੁਆਰਥ, ਨਾ ਆਪਣੀ ਵਾਹ-ਵਾਹ, ਮਾਨ-ਵਡਿਆਈ ਕਰਵਾਉਣ ਦਾ ਸੁਆਰਥ ਸੰਤਾਂ ਦਾ ਕੰਮ ਨਿਰੋਲ ਇੱਕ ਗਾਈਡ, ਇੱਕ ਟੀਚਰ, ਇੱਕ ਮਾਸਟਰ, ਇੱਕ ਉਸਤਾਦ ਦੀ ਤਰ੍ਹਾਂ ਹੁੰਦਾ ਹੈ ਜੀਵਨ ਜਿਉਣ ਦਾ ਉਦੇਸ਼, ਮਕਸਦ, ਟੀਚਾ ਕੀ ਹੈ? ਇਹ ਰੂਹਾਨੀ ਪੀਰ-ਫਕੀਰ ਦੱਸਦੇ ਹਨ ਤੁਹਾਡੀ ਸੇਵਾ ‘ਚ ਉਨ੍ਹਾਂ ਦੀ ਬਾਣੀ ਸੁਣਾਵਾਂਗੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਬਚਨਾਂ ਰਾਹੀਂ, ਜੋ ਭਜਨਾਂ ਦੇ ਰਾਹੀਂ ਫਰਮਾਇਆ ਤੁਸੀਂ ਸੁਣਿਆ, ਉਹ ਹੀ ਭਜਨ ਨਾਲ-ਨਾਲ ਚੱਲੇਗਾ, ਉਸੇ ‘ਤੇ ਸਤਿਸੰਗ ਹੋਵੇਗਾ
ਟੇਕ: ਸੰਤ ਜਗਤ ਵਿੱਚ ਆਉਂਦੇ,
ਹੈ ਰੂਹਾਂ ਦੀ ਪੁਕਾਰ ਸੁਣ ਕੇ ਜੀ
1. ਭੱਠ ਦੁਨੀਆਂ ਵਿੱਚ ਦਿਨ-ਰਾਤ ਸੜਦੇ,
ਈਰਖਾ, ਕ੍ਰੋਧ ਕਰ ਆਪੋ ਵਿੱਚ ਲੜਦੇ
ਤਪਦੇ ਦਿਲਾਂ ‘ਚ ਠੰਡ ਵਰਤਾਉਂਦੇ
ਹੈ ਰੂਹਾਂ…….
2. ਵਿਸ਼ੇ-ਵਿਕਾਰਾਂ ਮੱਤ ਹੈ ਮਾਰੀ,
ਬੁਰੇ ਕੰਮਾਂ ਵਿੱਚ ਪੂੰਜੀ ਹਾਰੀ
ਹੱਥੋਂ ਜਨਮ ਗਿਆ ਪਛਤਾਉਂਦੇ
ਹੈ ਰੂਹਾਂ ਦੀ…….
3. ਨਾਮ ਜਪਣ ਨੂੰ ਜਨਮ ਥਿਆਇਆ,
ਖਾਣ ਸੌਣ ਕੰਮਾਂ ਵਿੱਚ ਕਿਉਂ ਹੈ ਗਵਾਇਆ
ਕੰਮ ਆਪਣੇ ਦੀ ਸੋਝੀ ਹੈ ਕਰਾਉਂਦੇ
ਹੈ ਰੂਹਾਂ ਦੀ……..
4. ਭਵਸਾਗਰ ਵਿੱਚ ਰੁੜ੍ਹਦੇ ਜਾਂਦੇ,
ਵਿੱਚ ਮਝਧਾਰ ਦੇ ਗੋਤੇ ਖਾਂਦੇ
ਬਣ ਮਾਝੀ ਆਪ ਪਾਰ ਲੰਘਾਉਂਦੇ
ਹੈ ਰੂਹਾਂ ਦੀ….
ਭਜਨ ਦੇ ਸ਼ੁਰੂ ‘ਚ ਆਇਆ ਹੈ:-
ਭੱਠ ਦੁਨੀਆਂ ਵਿੱਚ ਦਿਨ-ਰਾਤ ਸੜਦੇ,
ਈਰਖਾ, ਕ੍ਰੋਧ ਕਰ ਆਪੋ ਵਿੱਚ ਲੜਦੇ
ਤਪਦੇ ਦਿਲਾਂ ‘ਚ ਠੰਡ ਵਰਤਾਉਂਦੇ
ਸੰਤ, ਪੀਰ-ਫਕੀਰਾਂ ਨੇ ਸੰਸਾਰ ਨੂੰ ਜਲਦਾ-ਬਲਦਾ ਭੱਠ ਦੱਸਿਆ ਹੈ ਇੱਥੇ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਅਗਨੀ ਜਲ ਰਹੀ ਹੈ ਅਤੇ ਹਰ ਜੀਵ ਇਸ ‘ਚ ਜਲ ਰਿਹਾ ਹੈ ਜਾਂ ਇੰਜ ਕਹੋ ਕਿ ਇਹ ਰੋਗ ਹੈ ਮਾਲਕ ਦੇ ਪਿਆਰਿਆਂ ਦੇ ਸਿਵਾਏ ਹਰ ਇਨਸਾਨ ਰੋਗੀ ਹੈ ਸੰਸਾਰ ‘ਚ ਕੋਈ ਅਜਿਹਾ ਨਜ਼ਰ ਨਹੀਂ ਆਉਂਦਾ ਜੋ ਰੋਗੀ ਨਾ ਹੋਵੇ ਕੋਈ ਨਾ ਕੋਈ ਸਰੀਰਕ ਤੌਰ ‘ਤੇ ਰੋਗੀ ਹੈ ਜਾਂ ਮਾਨਸਿਕ, ਆਰਥਿਕ ਤੌਰ ‘ਤੇ ਰੋਗੀ ਹੈ ਕਾਮ-ਵਾਸਨਾ, ਵਿਸ਼ੇ-ਵਿਕਾਰ ਦੀ ਗੱਲ, ਕ੍ਰੋਧ, ਲੋਭ-ਲਾਲਚ, ਮੋਹ ਅਤੇ ਹੰਕਾਰ ਅਤੇ ਦੋ ਮਨ ਤੇ ਮਾਇਆ ਇਨ੍ਹਾਂ ਸੱਤਾਂ ਦਾ ਚੱਕਰਵਿਊ, ਸ਼ਿਕੰਜਾ ਹਰ ਕਿਸੇ ‘ਤੇ ਕਸਿਆ ਹੋਇਆ ਹੈ ਕੋਈ ਹੋਵੇਗਾ ਮਾਲਕ ਦਾ ਪਿਆਰਾ ਜੋ ਇਸ ਸ਼ਿਕੰਜੇ ਤੋਂ ਬਾਹਰ ਨਿਕਲ ਜਾਵੇ, ਨਹੀਂ ਤਾਂ ਇਨ੍ਹਾਂ ਤੋਂ ਬਾਹਰ ਨਿਕਲਣਾ ਬੜਾ ਹੀ ਮੁਸ਼ਕਲ ਹੈ ਇਹ ਰੋਗ ਹਰ ਕਿਸੇ ਨੂੰ ਲੱਗੇ ਹੋਏ ਹਨ ਅਜਿਹੇ-ਅਜਿਹੇ ਸਤਿਸੰਗੀ, ਅਜਿਹੇ-ਅਜਿਹੇ ਮਾਲਕ ਦੇ ਪਿਆਰੇ ਜੋ ਤੁਹਾਨੂੰ ਨਜ਼ਰ ਆਉਂਦੇ ਹੋਣਗੇ
ਪਰ ਤੁਸੀਂ ਦੇਖਿਆ ਹੈ ਉਨ੍ਹਾਂ ਦੀ ਆਪਸ ‘ਚ ਏਨੀ ਈਰਖਾ ਹੁੰਦੀ ਹੈ ਕਿ ਰੂਹਾਨੀ ਪੀਰ-ਫਕੀਰ ਵੀ ਕਿੰਨੀ ਹਦਾਇਤ ਕਰ ਦੇਣ ਫਿਰ ਵੀ ਉਹ ਆਪਣੀ ਈਰਖਾ ਨੂੰ ਇੱਕ ਸਟੈਂਡ ਬਣਾ ਕੇ ਰੱਖਦੇ ਹਨ ਇੱਕ ਹਓਮੈ, ਖੁਦੀ ਬਣਾ ਕੇ ਰੱਖਦੇ ਹਨ, ਈਰਖਾ ਨੂੰ ਨਹੀਂ ਛੱਡਦੇ ਉਸ ਨਾਲ ਹੁੰਦਾ ਕੀ ਹੈ? ਜਿਨ੍ਹਾਂ ਦੇ ਅੰਦਰ ਈਰਖਾ ਹੈ ਗਿੱਲੀ ਲੱਕੜੀ ਦੀ ਤਰ੍ਹਾਂ ਜਲਦੇ ਰਹਿੰਦੇ ਹਨ ਖੁਸ਼ੀ ਤਾਂ ਆਉਂਦੀ ਨਹੀਂ ਗਿੱਲੀ ਲੱਕੜ ਹੁੰਦੀ ਹੈ ਉਸ ਨੂੰ ਅੱਗ ਲਾ ਦਿਓ, ਪੰਜਾਬੀ ‘ਚ ਕਹਿੰਦੇ ਹਨ ਧੁਖਦੀ ਰਹਿੰਦੀ ਹੈ ਭਾਵ ਹੌਲੀ-ਹੌਲੀ ਸੁਲਗਦੀ ਰਹਿੰਦੀ ਹੈ ਪੂਰੀ, ਅੱਗ ਲੱਗ ਜਾਵੇ, ਕੋਇਲਾ ਬਣ ਜਾਏਗਾ, ਕੋਇਲੇ ਦੀ ਰਾਖ ਬਣ ਜਾਏਗੀ, ਪਿੱਛਾ ਤਾਂ ਛੁੱਟੇਗਾ ਇਹ ਈਰਖਾ ਰੂਪੀ ਅੱਗ ਅਜਿਹੀ ਹੈ ਜੋ ਪਿੱਛਾ ਨਹੀਂ ਛੱਡਦੀ ਜਿਸ ਨੂੰ ਈਰਖਾ ਨਫ਼ਰਤ ਕਰਨ ਦੀ ਆਦਤ ਪੈ ਜਾਵੇ ਉਹ ਅੰਦਰ ਹੀ ਅੰਦਰ ਸੁਲਗਦੇ ਰਹਿੰਦੇ ਹਨ ਸੰਤ, ਪੀਰ-ਫਕੀਰ, ਗੁਰੂ ਆ ਕੇ ਲੋਕਾਂ ਨੂੰ ਸਮਝਾਉਂਦੇ ਰਹਿੰਦੇ ਹਨ ਕਿ ਭਾਈ! ਈਰਖਾ ਛੱਡ ਦਿਓ ਵੈਸੇ ਤਾਂ ਨਸ਼ੇ ਸਾਰੇ ਹੀ ਗੰਦੇ ਹਨ, ਬੁਰੇ ਹਨ ਪਰ ਇੱਕ ਗੱਲ ਹੈ ਨਸ਼ਾ ਜੋ ਕੋਈ ਕਰਦਾ ਹੈ ਉਸ ‘ਚ ਕੁਝ ਦੇਰ ਲਈ ਤਾਂ ਉਤੇਜਨਾ ਆਉਂਦੀ ਹੈ
ਚਾਹੇ ਉਹ ਤੰਬਾਕੂ, ਅਫੀਮ, ਚਰਸ, ਹੈਰੋਇਨ, ਸਮੈਕ, ਭੰਗ, ਧਤੁਰਾ, ਸ਼ਰਾਬ ਉਹ ਲੈਂਦਾ ਹੈ ਤਾਂ ਕੁਝ ਦੇਰ ਲਈ ਜ਼ਰੂਰ ਉਤੇਜਨਾ ਆਉਂਦੀ ਹੈ ਯਾਨੀ ਸਰੀਰ ‘ਚ ਇੱਕ ਨਸ਼ਾ ਜਿਹਾ ਛਾ ਜਾਂਦਾ ਹੈ ਪਰ ਇਹ ਕਿਸੇ ਦੀ ਨਿੰਦਾ-ਚੁਗਲੀ ਕਰਨਾ, ਈਰਖਾ ਕਰਨਾ, ਇੱਕ ਦੂਜੇ ਲਈ ਜਲਦੇ ਰਹਿਣਾ ਇਸ ‘ਚ ਕਿਹੜਾ ਨਸ਼ਾ ਹੈ, ਕਿਹੜਾ ਮਜ਼ਾ ਆਉਂਦਾ ਹੈ ਫਿਰ ਵੀ ਲੋਕ ਹਟਦੇ ਨਹੀਂ ਮਾਤਾ-ਭੈਣਾਂ ਦਾ ਤਾਂ ਨੰਬਰ ਹੈ ਜਦੋਂ ਅਸੀਂ ਛੋਟੇ ਹੋਇਆ ਕਰਦੇ ਸੀ ਲਗਭਗ 1972-73 ਦੀ ਗੱਲ ਹੈ ਅਸੀਂ ਦੇਖਿਆ ਕਰਦੇ ਇੱਕ-ਦੂਜੇ ਦੇ ਘਰ ਨਾਲ ਬੜਾ ਭਾਈਚਾਰਾ ਹੁੰਦਾ ਇੱਕ-ਦੂਜੇ ਦੇ ਸਬਜ਼ੀ ਲੈਣ ਆਉਂਦੇ ਪਰ ਉੱਥੇ ਬੈਠ ਕੇ ਤੇਰੀ ਨੂੰਹ ਬੁਰੀ, ਤੇਰੀ ਸੱਸ ਬੁਰੀ, ਤੇਰਾ ਘਰ ਵਾਲਾ ਬੁਰਾ ਅੱਗ ਅਜਿਹੀ ਲਾ ਕੇ ਚਲੇ ਜਾਂਦੇ ਫਿਰ ਕਹਿੰਦੇ, ਮੈਂ ਤਾਂ ਕੁਝ ਨਹੀਂ ਕਹਿੰਦੀ ਮੈਂ ਤਾਂ ਸਬਜ਼ੀ ਲੈਣ ਆਈ ਸੀ ਸਾਰੀ ਅੱਗ ਲਾ ਦਿੱਤੀ ਹਾਲੇ ਕੁਝ ਵੀ ਨਹੀਂ ਕਹਿੰਦੀ ਪਹਿਲਾਂ ਮਾਤਾ-ਭੈਣਾਂ ਦਾ ਨੰਬਰ ਸੀ ਪਰ ਹੁਣ ਭਾਈ ਵੀ ਘੱਟ ਨਹੀਂ ਹਨ ਇਹ ਵੀ ਕਿਤੇ ਬੈਠੇ ਹੋਣ,
ਇੱਕ-ਦੂਜੇ ਦੀ ਟੰਗ ਖਿੰਚਾਈ ਏਨੀ ਕਰਦੇ ਹਨ ਦਸ ਜਣੇ ਬੈਠੇ ਹਨ, ਉੱਥੇ ਜੋ ਗਿਆਰਵਾਂ ਨਹੀਂ ਹੈ ਉਸ ਨੂੰ ਬੁਰਾ ਕਹਿਣਗੇ ਉਹ ਬੇਕਾਰ ਹੈ, ਕਿਸੇ ਕੰਮ ਦਾ ਨਹੀਂ, ਬਿਲਕੁਲ ਗੰਦਾ ਹੈ, ਇਹ ਹੈ, ਉਹ ਹੈ ਉਹ ਜੋ ਦਸ ਜਣੇ ਗਿਆਰਵੇਂ ਨੂੰ ਬੁਰਾ ਕਹਿ ਰਹੇ ਹਨ ਉਹ ਦਸ ਕੀ ਦੁੱਧ ਦੇ ਧੋਤੇ ਹੋਏ ਹਨ? ਕੀ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ, ਆਪਣੀਆਂ ਹਰਕਤਾਂ ਨਾਲ ਕੋਈ ਬੁਰਾ ਕੰਮ ਨਹੀਂ ਕੀਤਾ? ਜੇਕਰ ਖੁਦ ਕੀਤਾ ਹੈ ਤਾਂ ਦੂਜਿਆਂ ਨੂੰ ਬੁਰਾ ਕਿਉਂ ਕਹਿੰਦੇ ਹੋ? ਕਈ ਦਫ਼ਤਰਾਂ ‘ਚ, ਵੱਡੇ-ਵੱਡੇ ਅਫਸਰਾਂ ਦੇ ਇੱਥੇ ਕੀ ਕਹਿੰਦੇ ਹਨ, ਉਹ ਫਲਾਂ ਆਦਮੀ ਤਰੱਕੀ ਕਰ ਗਿਆ ਦੂਜਾ ਕਹਿੰਦਾ ਹੈ, ਕਰਨੀ ਹੀ ਹੈ ਉਹ ਤਾਂ ਬੌਸ ਦਾ ਚਮਚਾ ਹੈ ਅਜਿਹੀ ਚਮਚਾਗਿਰੀ ਦੀ ਗੱਲ ਖੂਬ ਚੱਲਦੀ ਹੈ ਅਸੀਂ ਉਨ੍ਹਾਂ ਨੂੰ ਟੋਕਿਆ ਕਰਦੇ, ਅਰੇ! ਅਜਿਹਾ ਕਿਉਂ ਕਹਿੰਦੇ ਹੋ? ਕਹਿੰਦੇ, ਨਹੀਂ! ਉਹ ਚਮਚਾ ਹੈ ਚਮਚਾ ਉਹ ਹੈ ਤੁਸੀਂ ਤਾਂ ਨਹੀਂ? ਕਹਿੰਦੇ ਨਹੀਂ ਤਾਂ ਚਮਚਾ ਬਣਨ ਨਾਲ ਤਰੱਕੀ ਮਿਲਦੀ ਹੈ? ਕਹਿੰਦੇ ਹਾਂ ਮਿਲਦੀ ਹੈ,
ਫਿਰ ਤੁਸੀਂ ਕੜਛਾ ਬਣ ਜਾਓ ਉਹ ਚਮਚਾ ਹੈ ਤੁਸੀਂ ਵੱਡੇ ਵਾਲਾ ਬਣ ਜਾਓ ਜੇਕਰ ਨਹੀਂ ਬਣ ਸਕਦੇ ਤਾਂ ਉਸ ਦੀ ਬੁਰਾਈ ਕਿਉਂ ਗਾ ਰਹੇ ਹੋ? ਤੁਸੀਂ ਨਾ ਬੋਲੋ, ਨਹੀਂ ਬਣ ਸਕਦੇ ਕਿਸੇ ਦੀ ਬੁਰਾਈ, ਉਸ ਨੂੰ ਚਮਚਾ-ਚਮਚਾ ਕਹਿਣ ਨਾਲ ਕੀ ਤੁਹਾਨੂੰ ਕੋਈ ਤਮਗਾ ਮਿਲ ਜਾਏਗਾ? ਪਰ ਆਦਤ ਹੈ ਪਸ਼ੂ ਹੁੰਦਾ ਹੈ ਉਸ ਨੂੰ ਰੱਸਾ ਚਬਾਉਣ ਦੀ ਆਦਤ ਪੈ ਜਾਵੇ ਤਾਂ ਸਾਹਮਣੇ ਚਾਹੇ ਕਿੰਨੇ ਛੋਲੇ ਪਏ ਹੋਣ, ਕਿੰਨੀ ਵਧੀਆ-ਵਧੀਆ ਬਿਨੋਲਾ-ਖਲ ਪਈ ਹੋਵੇ ਉਹ ਉਸ ਨੂੰ ਨਹੀਂ ਖਾਏਗਾ ਉਹ ਰੱਸਾ ਜ਼ਰੂਰ ਚਬਾਏਗਾ ਫਿਰ ਕਿਤੇ ਫਟਿਆ ਪੁਰਾਣਾ ਕੱਪੜਾ ਪਿਆ ਹੋਵੇ ਉਸ ਨੂੰ ਚਬਾਏਗਾ ਉਸ ਦਾ ਤਾਂ ਇਲਾਜ ਹੈ ਇੱਕ ਛੱਕਲਾ ਬਣਾ ਕੇ ਮੂੰਹ ‘ਤੇ ਚੜ੍ਹਾ ਦਿੰਦੇ ਹਨ ਪਰ ਆਦਮੀ ਦਾ ਕੀ ਇਲਾਜ ਹੈ, ਇਸ ਦੀ ਤਾਂ ਢਾਈ ਇੰਚ ਦੀ ਜੀਭ ਹੈ ਅਤੇ ਰਹਿੰਦੀ ਵੀ ਮਜ਼ਬੂਤ ਜਗ੍ਹਾ ‘ਚ ਹੈ ਇਹ ਤਾਂ ਹਿੱਲ ਗਈ ਤਾਂ ਹਿੱਲ ਗਈ ਇਸ ਨੂੰੇ ਕਿਹੜੀ ਨੱਥ ਮਾਰ ਦੇਈਏ ਆਦਮੀ ਨੂੰ ਫੜਿਆ ਜਾ ਸਕਦਾ ਹੈ, ਰੁਕ ਜਾ ਭਾਈ! ਇਹ ਵਾਲੀ ਤਾਂ ਫੜੀ ਨਹੀਂ ਜਾ ਸਕਦੀ, ਚੱਲਦੀ ਰਹਿੰਦੀ ਹੈ ਚੱਲਦੀ ਵੀ ਇੱਕ ਦੂਜੇ ਦੀ ਟੰਗ ਖਿੰਚਾਈ ‘ਚ ਹੈ ਅਰੇ! ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪਣੇ ਗਿਰੇਬਾਨ ‘ਚ ਦੇਖੋ, ਆਪਣੇ ਅੰਦਰ ਨਜ਼ਰ ਮਾਰੋ ਜਿਸ ਨੂੰ ਬੁਰਾ ਕਹਿਣ ਜਾ ਰਹੇ ਹੋ ਕੀ ਤੁਸੀਂ ਵੈਸੀਆਂ ਬੁਰਾਈਆਂ ਨਹੀਂ ਕਰਦੇ ਅਗਰ ਕਰਦੇ ਹੋ ਤਾਂ ਕਿਸੇ ਦਾ ਬੁਰਾ ਕਿਉਂ ਗਾਉਂਦੇ ਹੋ
ਘਰ ਕਾ ਹੁਜ਼ਰਾ ਸਾਫ਼ ਕਰ,
ਜਾਨਾ ਕੇ ਆਨੇ ਕੇ ਲੀਏ
ਘਰ ਸਰੀਰ ਨੂੰ ਕਿਹਾ ਗਿਆ ਹੈ, ਸਰੀਰ ਦੇ ਅੰਦਰੋਂ ਬੁਰਾਈਆਂ ਕੱਢ ਦਿਓ ਤਾਂ ਤੇਰਾ ਅੱਲ੍ਹਾ, ਵਾਹਿਗੁਰੂ, ਰਾਮ, ਤੇਰੇ ਤੋਂ ਦੂਰ ਨਹੀਂ ਹੋਵੇਗਾ ਦੂਜਿਆਂ ਦੀ ਬੁਰਾਈ ਨਾ ਕਰੋ ਇਹ ਈਰਖਾ ਰੂਪੀ ਅੱਗ ਸਾਰਿਆਂ ਨੂੰ ਜਲਾ ਰਹੀ ਹੈ ਜਿਸ ਨੂੰ ਵੀ ਈਰਖਾ ਲੱਗ ਜਾਂਦੀ ਹੈ, ਨਫ਼ਰਤ ਪੈਦਾ ਹੋ ਜਾਂਦੀ ਹੈ ਉਸ ਨੂੰ ਸਾਹਮਣੇ ਵਾਲਾ ਬਹੁਤ ਹੀ ਬੁਰਾ ਲਗਦਾ ਹੈ
ਈਰਖਾ, ਨਫ਼ਰਤ ਕਦੇ ਨਹੀਂ ਕਰਨੀ ਚਾਹੀਦੀ ਇਹ ਸੰਤ, ਪੀਰ-ਫਕੀਰ ਸਮਝਾਉਂਦੇ ਹਨ ਅਤੇ ਜੋ ਜਲਦੇ ਹੋਏ ਤਨ-ਬਦਨ ਜ਼ਮੀਰ ਹਨ ਉਨ੍ਹਾਂ ‘ਚ ਠੰਡਕ ਪਹੁੰਚਾਉਂਦੇ ਹਨ ਈਰਖਾ, ਨਫ਼ਰਤ ਕਦੇ ਨਾ ਕਰੋ ਬਲਕਿ ਅੱਲ੍ਹਾ, ਵਾਹਿਗੁਰੂ ਤੋਂ ਸਾਰਿਆਂ ਲਈ ਪਿਆਰ, ਭਲਾ ਅਤੇ ਮੁਹੱਬਤ ਮੰਗੋ ਅਰੇ! ਤੁਹਾਡੇ ਮੰਗਣ ਨਾਲ ਚਾਹੇ ਕਿਸੇ ਦਾ ਭਲਾ ਨਾ ਹੋਵੇ ਪਰ ਤੁਹਾਡੇ ਅੰਦਰ ਦੂਜਿਆਂ ਲਈ ਭਲੇ ਦੀ ਭਾਵਨਾ ਹੈ ਤਾਂ ਤੁਹਾਡਾ ਭਲਾ
ਅੱਲ੍ਹਾ, ਵਾਹਿਗੁਰੂ, ਰਾਮ ਜ਼ਰੂਰ ਕਰਨਗੇ
ਜੈਸੀ ਜਿਸਕੀ ਭਾਵਨਾ, ਤੈਸਾ ਹੀ ਫਲ ਦੇ
ਇਹੀ ਸਾਡੇ ਧਰਮਾਂ ‘ਚ ਲਿਖਿਆ ਹੈ:-
ਜੋ ਦੂਜਿਆਂ ਦਾ ਭਲਾ ਸੋਚਦੇ ਹਨ, ਵਾਹਿਗੁਰੂ, ਅੱਲ੍ਹਾ, ਰਾਮ ਉਨ੍ਹਾਂ ਦਾ ਭਲਾ ਜ਼ਰੂਰ ਕਰਦੇ ਹਨ ਇਸ ਲਈ ਕਦੇ ਵੀ ਈਰਖਾ, ਨਫ਼ਰਤ ਨਹੀਂ ਕਰਨੀ ਚਾਹੀਦੀ
ਵਿਸ਼ੇ-ਵਿਕਾਰਾਂ ਮੱਤ ਹੈ ਮਾਰੀ,
ਬੁਰੇ ਕੰਮਾਂ ਵਿੱਚ ਪੂੰਜੀ ਹਾਰੀ
ਹੱਥੋਂ ਜਨਮ ਗਿਆ ਪਛਤਾਉਂਦੇ
ਇਸ ਬਾਰੇ ‘ਚ ਲਿਖਿਆ ਹੈ:-
ਜਵਾਨੀ ਅਤੇ ਬਚਪਨ ਦੋਵੇਂ ਕੀਮਤੀ ਸਮਾਂ ਹੈ ਇਹ ਜੀਵ ਖਾਣ-ਪੀਣ ਅਤੇ ਵਿਸ਼ੇ-ਵਿਕਾਰਾਂ ‘ਚ ਗੁਜ਼ਾਰ ਦਿੰਦਾ ਹੈ ਅਤੇ ਮੌਤ ਨੂੰ ਭੁਲਾ ਬੈਠਦਾ ਹੈ ਕਿ ਆਏਗੀ ਜਾਂ ਨਹੀਂ ਇਸੇ ਤਰ੍ਹਾਂ ਇਸ ਅਨਮੋਲ ਜਨਮ ਦਾ ਕੀਮਤੀ ਸਮਾਂ ਹੱਥ ‘ਚੋਂ ਗਵਾ ਬੈਠਦਾ ਹੈ
ਬਚਪਨ ਜਵਾਨੀ ਦਾ ਜੋ ਸਮਾਂ ਹੁੰਦਾ ਹੈ ਉਸ ‘ਚ ਜੇਕਰ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਣ ਲਈ ਇਨਸਾਨ ਨੂੰ ਕਹੋ ਤਾਂ ਦੁਲੱਤੀ ਝਾੜ ਦਿੰਦਾ ਹੈ
ਗਧਾ ਪਚੀਸੀ ਉਮਰਾਂ ਜ਼ੋਰ ਜਵਾਨੀ ਕਾ
ਜਵਾਨੀ ਦੀ ਉਮਰ ‘ਚ ਵਿਸ਼ਿਆਂ-ਵਿਕਾਰਾਂ ਤੋਂ ਇਲਾਵਾ ਬੁਰਾ-ਬੁਰਾ ਦੇਖਣਾ, ਬੁਰੀ ਸੋਚ, ਨਕਾਰਾਤਮਕ ਵਿਚਾਰ ਇਸ ਤੋਂ ਇਲਾਵਾ ਕੁਝ ਚੰਗਾ ਹੀ ਨਹੀਂ ਲਗਦਾ ਕਹਿੰਦਾ ਹੈ, ਭਗਵਾਨ ਦਾ ਨਾਮ ਲੈਣ ਲਈ ਤਾਂ ਸਾਰੀ ਉਮਰ ਪਈ ਹੈ ਜਦੋਂ ਬੁੱਢਾ ਹੋ ਜਾਊਂਗਾ ਤਾਂ ਮਾਲਾ ਹੀ ਘੁੰਮਾਉਣੀ ਹੈ ਅਜੇ ਤਾਂ ਮੇਰੇ ਖਾਣ-ਪੀਣ ਦਾ ਸਮਾਂ ਹੈ ਅਰੇ ਭਾਈ! ਤੂੰ ਬੁੱਢਾ ਹੋ ਜਾਏਗਾ ਇਸ ਦੀ ਕੋਈ ਗਾਰੰਟੀ ਨਹੀਂ ਹੈ ਨੌਜਵਾਨ ਵੀ ਇਸ ਸੰਸਾਰ ਨੂੰ ਛੱਡ ਕੇ ਜਾ ਰਹੇ ਹਨ ਛੋਟੇ ਬੱਚੇ ਵੀ ਜਾ ਰਹੇ ਹਨ ਅਰੇ! ਅੱਜ ਦਾ ਸਮਾਂ ਤੇਰਾ ਹੈ, ਆਉਣ ਵਾਲਾ ਸਮਾਂ ਕਾਲ ਦੇ ਗਰਭ ‘ਚ ਛੁਪਿਆ ਹੈ ਕੋਈ ਨਹੀਂ ਦੱਸ ਸਕਦਾ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ? ਉਹ ਤਾਂ ਅੱਲ੍ਹਾ, ਰਾਮ, ਵਾਹਿਗੁਰੂ ਜਾਣਦਾ ਹੈ ਇੱਕ ਕਦਮ ਚੁੱਕ ਲਿਆ ਦੂਜਾ ਚੁੱਕਣ ਦਾ ਹੁਕਮ ਹੋਵੇ ਜਾਂ ਨਾ ਹੋਵੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਇੱਕ ਨੌਜਵਾਨ ਜਿਸ ਦੀ ਉਮਰ ਕਰੀਬ ਪੱਚੀ ਸਾਲ ਦੀ ਹੋਵੇਗੀ ਅਤੇ ਕੱਦ ਛੇ ਫੁੱਟ ਦੇ ਕਰੀਬ, ਪੂਰਾ ਪਹਿਲਵਾਨ ਸੀ
ਉਸ ਦੇ ਟਰੈਕਟਰ ਦਾ ਸੈਲਫ ਖਰਾਬ ਹੋ ਜਾਣ ਦੀ ਵਜ੍ਹਾ ਨਾਲ ਧੱਕਾ ਲਾਉਣ ਲਈ ਉਹ ਮੰਜੀ ਤੋਂ ਉੱਠਿਆ ਜਿਵੇਂ ਹੀ ਉੱਠਿਆ ਇੱਕ ਪੈਰ ‘ਚ ਜੁੱਤੀ ਪਾਈ ਅਤੇ ਦੂਜੇ ਪੈਰ ‘ਚ ਜੁੱਤੀ ਪਾਉਣ ਦਾ ਹੁਕਮ ਨਹੀਂ ਹੋਇਆ ਬੁਲਾਵਾ ਆ ਗਿਆ, ਉੱਥੇ ਹੀ ਡਿੱਗ ਪਿਆ ਬਿਲਕੁਲ ਤੰਦਰੁਸਤ ਸੀ ਅਸੀਂ ਵੀ ਉਸ ਦੇ ਕੋਲ ਦੀ ਹੀ ਜਾ ਰਹੇ ਸੀ ਉਨ੍ਹਾਂ ਨੇ ਦੌੜ ਕੇ ਆਵਾਜ ਲਾਈ ਗੱਡੀ ਲੈ ਕੇ ਅਸੀਂ ਪਹੁੰਚੇ ਤਾਂ ਦੇਖਿਆ ਉੱਥੇ ਤਾਂ ਕੁਝ ਵੀ ਨਹੀਂ ਸੀ ਖਾਲੀ ਸਰੀਰ, ਆਤਮਾ ਚਲੀ ਗਈ ਤਾਂ ਭਾਈ! ਕੀ ਗਾਰੰਟੀ ਹੈ, ਕੀ ਭਰੋਸਾ ਹੈ ਸਾਹ ਆ ਗਿਆ ਤਾਂ ਜ਼ਿੰਦਗੀ ਹੈ, ਸਾਹ ਨਾ ਆਇਆ ਤਾਂ ਮੌਤ ਹੈ ਜ਼ਿੰਦਗੀ ਅਤੇ ਮੌਤ ‘ਚ ਏਨਾ ਹੀ ਅੰਤਰ ਹੈ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਬੁਢਾਪੇ ‘ਚ ਪਹੁੰਚ ਜਾਓਗੇ, ਉਦੋਂ ਮਾਲਕ ਦਾ ਨਾਮ ਲਵੋਗੇ ਤੁਹਾਨੂੰ ਦੱਸ ਦੇਈਏ ਬਚਪਨ ਅਤੇ ਜਵਾਨੀ ਦੀ ਭਗਤੀ ਵਾਹਿਗੁਰੂ, ਅੱਲ੍ਹਾ, ਰਾਮ ਪਹਿਲੇ ਦਰਜੇ ਦੀ ਮਨਜ਼ੂਰ ਕਰਦਾ ਹੈ ਅੱਜ ਇਸ ਗੱਲ ਦਾ ਮਾਣ ਹੈ ਕਿ ਬਹੁਤ ਸਾਰੇ ਨੌਜਵਾਨ ਮਾਲਕ ਦੇ ਨਾਮ ਨਾਲ ਜੁੜੇ ਹੋਏ ਹਨ ਅਤੇ ਜੁੜ ਰਹੇ ਹਨ ਜਿਵੇਂ ਫੌਜੀ ਸਾਹਿਬਾਨ, ਕਾਲਜ ਦੇ ਨੌਜਵਾਨ ਵਿਦਿਆਰਥੀ ਮਾਲਕ ਦੇ ਨਾਮ ਨਾਲ ਜੁੜੇ ਹਨ
ਇਹ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ, ਸਤਿਸੰਗ ਕੀਤਾ, ਜਦੋਂ ਉਨ੍ਹਾਂ ਨੂੰ ਸੱਚਾਈ ਦਾ ਗਿਆਨ ਹੋਇਆ ਤਾਂ ਉਹ ਜੁੜ ਗਏ ਬੁਢਾਪੇ ‘ਚ ਜਾ ਕੇ ਤਾਂ ਇੱਕ ਤਰ੍ਹਾਂ ਮਾਲਕ ਦਾ ਉਲਾਂਭਾ ਉਤਾਰਨਾ ਹੈ ਜੋ ਬਜ਼ੁਰਗ ਆਦਮੀ ਇੱਥੇ ਬੈਠੇ ਹਨ ਬੁਰਾ ਨਾ ਮੰਨਣਾ, ਭਗਤੀ ਤਾਂ ਬੁਢਾਪੇ ਦੀ ਵੀ ਮਨਜ਼ੂਰ ਹੁੰਦੀ ਹੈ ਪਰ ਜਵਾਨੀ ‘ਚ ਜੇਕਰ ਕੀਤੀ ਜਾਵੇ ਤਾਂ ਗੱਲ ਹੀ ਕੁਝ ਹੋਰ ਹੈ ਜਦੋਂ ਬਜ਼ੁਰਗ ਅਵਸਥਾ ਆ ਗਈ ਤਾਂ ਇਨਸਾਨ ਇੱਕ ਤਰ੍ਹਾਂ ਨਾਲ ਉਲਾਂਭਾ ਉਤਾਰ ਦਿੰਦਾ ਹੈ ਕਿ ਮਾਲਕ, ਮੈਂ ਤੇਰੇ ਕੋਲ ਆ ਗਿਆ ਹੁਣ ਤੂੰ ਸੰਭਾਲ ਮੈਂ ਤੇਰਾ ਹੀ ਬੰਦਾ ਹਾਂ ਸਾਰਾ ਕੁਝ ਕਰ-ਕਰਾ ਕੇ ਬਾਅਦ ‘ਚ ਮੈਂ ਤੇਰਾ ਹੀ ਬੰਦਾ ਹਾਂ ਤਾਂ ਚੱਲੋ! ਮਾਲਕ ਫਿਰ ਵੀ ਦਿਆਲੂ ਹੈ, ਦਇਆ-ਮਿਹਰ ਦਾ ਦਾਤਾ ਹੈ ਉਹ ਭਗਤੀ ਮਨਜ਼ੂਰ ਕਰ ਲੈਂਦਾ ਹੈ ਪਰ ਅਵੱਲ ਦਰਜ਼ੇ ਦੀ ਭਗਤੀ ਤਾਂ ਬਚਪਨ ਅਤੇ ਜਵਾਨੀ ਦੀ ਹੈ
ਨਾਮ ਜਪਣ ਨੂੰ ਜਨਮ ਥਿਆਇਆ,
ਖਾਣ ਸੌਣ ਕੰਮਾਂ ਵਿੱਚ ਕਿਉਂ ਹੈ ਗਵਾਇਆ
ਕੰਮ ਆਪਣੇ ਦੀ ਸੋਝੀ ਹੈ ਕਰਾਉਂਦੇ
ਇਹ ਉਦੇਸ਼, ਟੀਚਾ ਹੈ ਕਿ ਤੁਸੀਂ ਮਾਲਕ ਦਾ ਨਾਮ ਜਪੋ, ਈਸ਼ਵਰ ਦੀ ਭਗਤੀ ਕਰੋ ਪਰ ਲੋਕ ਮਾਲਕ ਦਾ ਨਾਮ ਤਾਂ ਲੈਣਾ ਚਾਹੁੰਦੇ ਹਨ, ਬੜੀਆਂ ਅਜੀਬ ਗੱਲਾਂ ਹਨ, ਜੋ ਕਰਦੇ ਹਨ ਕੁਝ ਗੱਲਾਂ ਤੁਹਾਨੂੰ ਦੱਸਦੇ ਹਾਂ ਵਾਹਿਗੁਰੂ, ਅੱਲ੍ਹਾ, ਰਾਮ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਪਰ ਤਰੀਕੇ ਬੜੇ ਅਜੀਬੋ-ਗਰੀਬ ਹਨ ਅੱਜ ਕੋਈ ਮਿਹਨਤ ਨਹੀਂ ਕਰਨਾ ਚਾਹੁੰਦਾ ਮੰਜ਼ਿਲ ਨੂੰ ਪਾਉਣ ਲਈ ਛੋਟੇ ਰਸਤੇ ਤੋਂ ਜਾਣਾ ਚਾਹੁੰਦਾ ਹੈ ਪੈਸਾ ਦੇਣ ਨੂੰ ਤਿਆਰ ਹੈ, ਭਗਤੀ ਕਰਨ ਨੂੰ ਨਹੀਂ ਪੈਸਾ ਲੈਣ ਵਾਲੇ ਵੀ ਤਿਆਰ ਹਨ ਉਹ ਕਹਿੰਦੇ ਹਨ ਕਿ ਏਨਾ ਪੈਸਾ ਦੇ ਦਿਓ ਤਾਂ ਤੁਹਾਡੇ ਗ੍ਰਹਿ-ਚੱਕਰ ਠੀਕ ਕਰ ਦੇਵਾਂਗੇ ਅਤੇ ਤੁਸੀਂ ਆਪਣੇ ਕੰਮ ‘ਚ ਸਫ਼ਲ ਹੋ ਜਾਓਂਗੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸੰਸਾਰ ‘ਚ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਕਿਸੇ ਦੇ ਗ੍ਰਹਿ-ਚੱਕਰ ਬਦਲ ਦੇਵੇ ਕੇਵਲ ਰੂਹਾਨੀ ਪੀਰ-ਫਕੀਰ ਹੀ ਕਰ ਸਕਦੇ ਹਨ ਜੋ ਮਾਲਕ ਦਾ ਪਿਆਰਾ ਭਗਤ ਹੈ ਉਹ ਮਾਲਕ ਤੋਂ ਦੁਆਵਾਂ ਕਰਕੇ ਤਾਂ ਅਜਿਹਾ ਕੁਝ ਕਰਵਾ ਸਕਦਾ ਹੈ
ਨਹੀਂ ਤਾਂ ਅਜਿਹਾ ਕੋਈ ਆਦਮੀ ਨਹੀਂ ਜੋ ਕਿਸੇ ਦੇ ਗ੍ਰਹਿ-ਚੱਕਰ ਬਦਲ ਦੇਵੇ ਕਈ ਕਹਿ ਦਿੰਦੇ ਹਨ ਕਿ ਤੁਹਾਡੇ ਗ੍ਰਹਿ-ਚੱਕਰ ਖਰਾਬ ਹੋ ਗਏ, ਤੁਸੀਂ ਸਾਨੂੰ ਪੰਜ ਸੌ ਦੇ ਦਿਓ ਅਸੀਂ ਤੁਹਾਡੇ ਗ੍ਰਹਿ-ਚੱਕਰ ਠੀਕ ਕਰ ਦੇਵਾਂਗੇ ਜੇਕਰ ਕਿਸੇ ਦੇ ਗ੍ਰਹਿ-ਚੱਕਰ ਪੰਜ ਸੌ ਲੈ ਕੇ ਸਹੀ ਕਰ ਸਕਦਾ ਹੈ ਤਾਂ ਉਹ ਖੁਦ ਸਾਰੀ ਦੁਨੀਆਂ ਦਾ ਰਾਜਾ ਬਣ ਕੇ ਕਿਉਂ ਨਾ ਬੈਠ ਜਾਂਦਾ? ਯਾਨੀ ਆਪਣੇ ਖੁਦ ਦੇ ਗ੍ਰਹਿ-ਚੱਕਰ ਸਹੀ ਕਰ ਲਵੇ ਅਤੇ ਸਾਰੀ ਦੁਨੀਆਂ ਦਾ ਬਾਦਸ਼ਾਹ ਬਣ ਕੇ ਬੈਠ ਜਾਵੇ ਸਾਰਿਆਂ ਨੂੰ ਵੰਡਦਾ ਰਹੇ ਤਾਂ ਉਸ ਨੂੰ ਕਿਸੇ ਦੇ ਗ੍ਰਹਿ-ਚੱਕਰ ਠੀਕ ਕਰਨ ਦੀ ਕੀ ਜ਼ਰੂਰਤ ਹੈ? ਅਸਲ ‘ਚ ਉਨ੍ਹਾਂ ਦਾ ਖੁਦ ਦਾ ਗ੍ਰਹਿ-ਚੱਕਰ ਖਰਾਬ ਹੋਇਆ ਹੁੰਦਾ ਹੈ ਜਦੋਂ ਤੁਸੀਂ ਨੋਟ ਦੇ ਦਿੰਦੇ ਹੋ ਤਾਂ ਤੁਹਾਡਾ ਗ੍ਰਹਿ-ਚੱਕਰ ਤਾਂ ਠੀਕ ਹੋਇਆ ਜਾਂ ਨਾ ਹੋਇਆ ਪਰ ਉਨ੍ਹਾਂ ਦਾ ਗ੍ਰਹਿ-ਚੱਕਰ ਨੋਟ ਲੈਂਦੇ ਹੀ ਠੀਕ ਹੋ ਜਾਂਦਾ ਹੈ ਉਸ ਪੰਜ ਸੌ ‘ਚੋਂ ਇੱਕ ਮਹੀਨੇ ਦਾ ਰਾਸ਼ਨ-ਪਾਣੀ ਤਾਂ ਆ ਹੀ ਜਾਂਦਾ ਹੈ ਇਸ ਤਰ੍ਹਾਂ ਇਹ ਪਾਖੰਡ ਚੱਲਦੇ ਹਨ ਢੌਂਗ ਚਲਦੇ ਹਨ ਤੁਹਾਨੂੰ ਕੁਝ ਨਹੀਂ ਦਿੰਦੇ ਤੁਹਾਡੇ ਤੋਂ ਲੈ ਜਾਂਦੇ ਹਨ
ਅੱਲ੍ਹਾ ਦਾ ਨਾਮ ਹੈ ਜਿਸ ਦੇ ਅਭਿਆਸ ਨਾਲ ਆਤਮਬਲ ਵਧਦਾ ਹੈ
ਅੱਗੇ ਆਇਆ ਹੈ:-
ਭਵਸਾਗਰ ਵਿੱਚ ਰੁੜਦੇ ਜਾਂਦੇ,
ਵਿੱਚ ਮਝਦਾਰ ਦੇ ਗੋਤੇ ਖਾਂਦੇ
ਬਣ ਮਾਝੀ ਆਪ ਪਾਰ ਲੰਘਾਉਂਦੇ
ਇਸ ਬਾਰੇ ‘ਚ ਦੱਸਿਆ ਹੈ:-
ਇਹ ਸੰਸਾਰ ਭਵਸਾਗਰ ਹੈ ਇਸ ‘ਚ ਗੁਰੂ ਜਹਾਜ਼ ਹੈ ਅਤੇ ਗੁਰੂ ਹੀ ਉਸ ਦਾ ਕਪਤਾਨ ਹੈ ਗੁਰੂ ਦੇ ਬਿਨਾਂ ਕੋਈ ਭਵਸਾਗਰ ਨਹੀਂ ਤਰ ਸਕਦਾ ਉਸ ਦੀ ਕ੍ਰਿਪਾ ਨਾਲ ਹੀ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ
ਦੁਨੀਆ ਦਾ ਕੋਈ ਅਜਿਹਾ ਖੇਤਰ ਨਹੀਂ ਹੈ ਜਿੱਥੇ ਮਾਸਟਰ ਦੀ ਜ਼ਰੂਰਤ ਨਾ ਪੈਂਦੀ ਹੋਵੇ ਬੱਚੇ ਦੁਨਿਆਵੀ ਵਿੱਦਿਆ ਹਾਸਲ ਕਰਦੇ ਹਨ ਮਾਸਟਰ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਦੀਆਂ ਗੱਲਾਂ ‘ਤੇ ਹਰ ਕੋਈ ਯਕੀਨ ਕਰ ਲੈਂਦਾ ਹੈ ਪਰ ਰੂਹਾਨੀ ਪੀਰ-ਫਕੀਰਾਂ ਦੀਆਂ ਗੱਲਾਂ ‘ਤੇ ਯਕੀਨ ਨਹੀਂ ਕਰਦੇ ਵਿਸ਼ਵਾਸ ਨਾਲ ਹੀ ਦੁਨੀਆ ਕਾਇਮ ਹੈ ਹਰੇਕ ਧੰਦੇ ‘ਚ ਵਿਸ਼ਵਾਸ ਕਰਨਾ ਪੈਂਦਾ ਹੈ ਜਿਵੇਂ ਇੱਕ ਕਿਸਾਨ ਭਾਈ ਹੈ ਅਤੇ ਉਹ ਦੁਕਾਨ ‘ਤੇ ਜਾਂਦਾ ਹੈ, ਦੁਕਾਨਦਾਰ ਕਹਿੰਦਾ ਹੈ ਕਿ ਇਹ ਨਰਮੇ ਦਾ ਬੀਜ ਲੈ ਜਾ ਅਤੇ ਪ੍ਰਤੀ ਏਕੜ ਇਹ 15 ਕੁਇੰਟਲ ਜਾਂ 10 ਕੁਇੰਟਲ ਝਾੜ ਦੇਵੇਗਾ ਕੀ ਉਸ ਦੀਆਂ ਮਨੋ-ਇੰਦਰੀਆਂ ਦੱਸ ਸਕਦੀਆਂ ਹਨ ਕਿ ਉਹ ਬੀਜ ਪ੍ਰਤੀ ਏਕੜ 15 ਕੁਇੰਟਲ ਹੀ ਕੱਢੇਗਾ? ਨਹੀਂ ਦੱਸ ਸਕਦੀਆਂ ਇਹ ਸੱਚ ਹੈ ਫਿਰ ਵੀ ਉਹ ਬੀਜ ਲੈ ਕੇ ਆ ਜਾਂਦਾ ਹੈ
ਕਿਉਂਕਿ ਉਸ ਨੂੰ ਦੁਕਾਨਦਾਰ ‘ਤੇ ਵਿਸ਼ਵਾਸ ਹੁੰਦਾ ਹੈ ਕਿ ਸ਼ਾਇਦ ਅਜਿਹਾ ਹੋ ਜਾਏਗਾ ਦੂਜੀ ਗੱਲ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਆਪ੍ਰੇਸ਼ਨ ਹੋਵੇਗਾ ਕੀ ਤੁਹਾਡੀਆਂ ਮਨੋਇੰਦਰੀਆਂ ਦੱਸ ਸਕਦੀਆਂ ਹਨ ਕਿ ਤੁਹਾਡਾ ਆਪ੍ਰੇਸ਼ਨ ਸਹੀ ਹੋ ਜਾਏਗਾ, ਤੁਸੀਂ ਬਚ ਜਾਓਗੇ? ਜਦੋਂ ਕਿ ਡਾਕਟਰ ਤੁਹਾਡੇ ਤੋਂ ਲਿਖਵਾ ਲੈਂਦੇ ਹਨ ਜੇਕਰ ਮਰ ਗਿਆ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਆਪ ਹੋ ਤੁਸੀਂ ਆਪਣੇ ਹੱਥਾਂ ਨਾਲ ਲਿਖ ਕੇ ਦੇ ਦਿੰਦੇ ਹੋ ਕਿ ਮੈਂ ਮਰ ਗਿਆ ਤਾਂ ਮੈਂ ਹੀ ਜ਼ਿੰਮੇਵਾਰ ਹਾਂ ਤੁਸੀਂ ਡਾਕਟਰਾਂ ਤੋਂ ਅਜਿਹਾ ਕਰਵਾਉਂਦੇ ਹੋ ਕਿਉਂਕਿ ਤੁਹਾਨੂੰ ਜਦੋਂ ਤਕਲੀਫ ਹੈ ਤਾਂ ਵਿਸ਼ਵਾਸ ਕਰਨਾ ਹੀ ਪੈਂਦਾ ਹੈ ਤੁਸੀਂ ਲਿਖ ਕੇ ਵੀ ਦੇ ਦਿੰਦੇ ਹੋ ਤਾਂ ਡਾਕਟਰ ਆਪ੍ਰੇਸ਼ਨ ਕਰਦਾ ਹੈ ਤੁਸੀਂ ਠੀਕ ਹੋ ਜਾਂਦੇ ਹੋ ਉਦੋਂ ਤੁਹਾਡੀਆਂ ਮਨੋਇੰਦਰੀਆਂ ਕੰਮ ਕਰਦੀਆਂ ਹਨ ਅੱਖਾਂ ਨਾਲ ਦੇਖਦੇ ਹੋ ਕਿ ਮੈਂ ਸਹੀ ਹਾਂ ਤੁਸੀਂ ਸਭ ਕੁਝ ਸੁਣਦੇ ਹੋ ਕਿ ਬਿਲਕੁਲ ਠੀਕ ਹੋ ਗਿਆ ਪਹਿਲਾਂ ਤਾਂ ਤੁਸੀਂ ਵਿਸ਼ਵਾਸ ਹੀ ਕੀਤਾ ਹੈ ਇਸੇ ਪ੍ਰਕਾਰ ਸੰਤ, ਪੀਰ-ਫਕੀਰ ਕਹਿੰਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਤੇਰੇ ਅੰਦਰ ਹੈ ਇਹ ਤਰੀਕਾ ਹੈ ਇਸ ਨੂੰ ਅਜ਼ਮਾ ਕੇ ਦੇਖ ਮਾਲਕ ਮਿਲੇਗਾ ਇੱਧਰ ਵਿਸ਼ਵਾਸ ਨਹੀਂ ਕਰਦਾ ਇੱਧਰ ਕਹਿੰਦਾ ਹੈ ਕਿ ਪਹਿਲਾਂ ਭਗਵਾਨ ਦਿਖਾ ਦੋ ਫਿਰ ਭਗਤੀ ਕਰਾਂਗਾ ਦੁਨੀਆ ਦਾ ਕੋਈ ਵੀ ਖੇਤਰ ਹੈ ਉਸ ‘ਚ ਪਹਿਲਾਂ ਮਿਹਨਤ ਕਰਨੀ ਹੁੰਦੀ ਹੈ ਫਿਰ ਫਲ ਪ੍ਰਾਪਤ ਹੁੰਦਾ ਹੈ ਬੱਚਾ ਪਹਿਲਾਂ ਪੜ੍ਹਦਾ ਹੈ ਫਿਰ ਡਿਗਰੀ ਹਾਸਲ ਕਰਦਾ ਹੈ ਫਿਰ ਡਾਕਟਰੇਟ ਜਾਂ ਕਿਸੇ ਵੀ ਲਾਈਨ ‘ਚ ਚਲਿਆ ਜਾਂਦਾ ਹੈ
ਜ਼ਿੰਮੀਂਦਾਰ ਹੈ ਫਸਲ ਬੀਜਦਾ ਹੈ ਧਰਤੀ ਦੀ ਬੁਆਈ, ਬਿਜਾਈ, ਗੁਡਾਈ ਸਭ ਕੁਝ ਕਰਦਾ ਹੈ ਫਿਰ ਜਾ ਕੇ ਫਲ ਮਿਲਦਾ ਹੈ ਦੁਨੀਆ ਦੀ ਥਿਓਰੀ ਹੈ ਕਿ ਪਹਿਲਾਂ ਮਿਹਨਤ, ਬਾਅਦ ‘ਚ ਫਲ ਮਿਲਦਾ ਹੈ ਪਰ ਵਾਹਿਗੁਰੂ, ਅੱਲ੍ਹਾ, ਰਾਮ ਦੀ ਤਰਫ਼ ਕਹਿੰਦਾ ਹੈ, ਨਹੀਂ! ਪਹਿਲਾਂ ਪਰਮਾਤਮਾ ਅਤੇ ਬਾਅਦ ‘ਚ ਭਗਤੀ ਕਰਾਂਗਾ ਅਰੇ! ਜਦੋਂ ਪਰਮਾਤਮਾ ਹੀ ਮਿਲ ਗਿਆ ਤਾਂ ਭਗਤੀ ਕਿਸ ਚੀਜ਼ ਦੀ ਹੈ? ਅਜੀਬੋ-ਗਰੀਬ ਗੱਲਾਂ ਹਨ ਡਿਗਰੀ ਲੈਣ ਲਈ ਜ਼ਿੰਦਗੀ ਦੇ ਵੀਹ ਸਾਲ ਦੇਣੇ ਪੈਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਲਈ ਸਾਲ ਦੋ ਸਾਲ ਵੀ ਨਹੀਂ ਲਾਉਣਾ ਚਾਹੁੰਦਾ ਅਤੇ ਬੈਠਾ-ਬੈਠਾ ਕਹਿੰਦਾ ਹੈ ਕਿ ਪਰਮਾਤਮਾ ਦੀਆਂ ਗੱਲਾਂ ਤਾਂ ਫਜ਼ੂਲ ਦੀਆਂ ਗੱਲਾਂ ਹਨ ਪਰਮਾਤਮਾ ਹੁੰਦਾ ਹੀ ਨਹੀਂ ਹੈ ਇਹ ਤਾਂ ਫਜ਼ੂਲ ਹੈ ਅਜਿਹੇ ਲੋਕ ਝੂਠ ਬੋਲਦੇ ਹਨ ਇੱਕ ਜਮਾਤ ਪਾਸ ਕਰਨ ਲਈ ਇੱਕ ਸਾਲ ਦੇਣਾ ਪੈਂਦਾ ਹੈ ਤਾਂ ਕੀ ਵਾਹਿਗੁਰੂ, ਰਾਮ ਲਈ ਸਮਾਂ ਨਹੀਂ ਲਾਉਣਾ ਚਾਹੀਦਾ? ਕੀ ਉਸ ਦੀ ਭਗਤੀ ਇਬਾਦਤ ਲਈ ਸਮਾਂ ਨਹੀਂ ਲਾਉਣਾ ਚਾਹੀਦਾ? ਲਾਉਣਾ ਚਾਹੀਦਾ ਹੈ ‘ਤੇ ਇਨਸਾਨ ਲਾਉਂਦਾ ਨਹੀਂ ਹੈ ਭਾਈ! ਸਮਾਂ ਲਾਓ ਫਿਰ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕੋਗੇ ਉਹ ਮਾਲਕ ਤਾਂ ਹੈ ਪਰ ਉਹ ਮਿਲੇਗਾ ਉਦੋਂ ਜੇਕਰ ਉਸ ਲਈ ਸਮਾਂ ਤੁਸੀਂ ਦੇ ਸਕੋਗੇ
ਗੁਰੂ, ਪੀਰ-ਫਕੀਰ ਇੱਕ ਗਾਈਡ ਦਾ ਕੰਮ ਕਰਦਾ ਹੈ ਜਿਵੇਂ ਟੀਚਰ ਇੱਕ ਫਾਰਮੂਲਾ ਦੱਸਦਾ ਹੈ ਉਸ ‘ਤੇ ਪ੍ਰਯੋਗ ਕੀਤਾ ਜਾਂਦਾ ਹੈ ਬੱਚਾ ਸਹੀ ਪ੍ਰਯੋਗ ਕਰੇ ਤਾਂ ਨਤੀਜਾ ਜ਼ਰੂਰ ਚੰਗਾ ਆਉਂਦਾ ਹੈ ਉਸੇ ਤਰ੍ਹਾਂ ਰੂਹਾਨੀ ਪੀਰ-ਫਕੀਰ ਫਾਰਮੂਲਾ ਦੱਸਦੇ ਹਨ ਉਸ ‘ਤੇ ਜੇਕਰ ਅਮਲ ਕੀਤਾ ਜਾਵੇ ਤਾਂ ਨਤੀਜਾ ਚੰਗਾ ਆਏਗਾ ਤਾਂ ਭਾਈ! ਮਾਲਕ ਕਿਵੇਂ ਮਿਲਦਾ ਹੈ? ਮਾਲਕ ਪੈਸੇ ਨਾਲ ਨਹੀਂ ਮਿਲਦਾ ਇਹ ਤੁਹਾਨੂੰ ਦੱਸਿਆ ਹੈ ਉਹ ਢੌਂਗ ਪਾਖੰਡ ਨਾਲ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਦੇ ਹਲਵੇ ਪ੍ਰਸ਼ਾਦ ਨਾਲ ਮਿਲਦਾ ਹੈ ਕਿਉਂਕਿ ਜੇਕਰ ਉਹ ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਾਦ ਨਾਲ ਮਿਲਦਾ ਤਾਂ ਹਲਵਾਈ ਦੀ ਦੁਕਾਨ ‘ਤੇ ਬੈਠਾ ਰਹਿੰਦਾ ਫਿਰ ਮਾਲਕ ਕਿਵੇਂ ਮਿਲਦਾ ਹੈ? ਕਿੱਥੇ ਰਹਿੰਦਾ ਹੈ? ਇਸ ਬਾਰੇ ‘ਚ ਦੱਸ ਰਹੇ ਹਾਂ ਜਿਵੇਂ ਤੁਹਾਨੂੰ ਦੱਸਿਆ ਕਿ ਜੇਕਰ ਤੁਹਾਨੂੰ ਇਹ ਕਹੀਏ ਕਿ ਜੋ ਤੁਸੀਂ ਕੱਪੜਾ ਪਹਿਨ ਰੱਖਿਆ ਹੈ, ਇਹ ਆਪਣੇ ਆਪ ਬਣਿਆ ਹੈ ਅਤੇ ਆਪਣੇ ਆਪ ਸਰੀਰ ‘ਤੇ ਆ ਗਿਆ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿਉਂਕਿ ਕੱਪੜਾ ਬਣਾਉਣ ਲਈ ਬਹੁਤ ਸਾਰੇ ਹੱਥਾਂ ਤੋਂ ਕੰਮ ਲਿਆ ਜਾਂਦਾ ਹੈ ਰੂੰ ਚੁਣਦੇ ਹਨ, ਬੀਜ ਕੱਢਦੇ ਹਨ, ਧਾਗਾ ਬਣਦਾ ਹੈ ਅਤੇ ਫਿਰ ਫੈਕਟਰੀਆਂ ‘ਚ ਜਾਂਦਾ ਹੈ
ਡਿਜ਼ਾਈਨਰ ਜੋ ਡਿਜ਼ਾਇਨ ਪਾਸ ਕਰਦਾ ਹੈ ਫੈਕਟਰੀ ‘ਚ ਬੁਣਕਰ ਬੁਣਦੇ ਹਨ ਜਾਂ ਫਿਰ ਮਸ਼ੀਨਾਂ ਨਾਲ ਬੁਣਿਆ ਜਾਂਦਾ ਹੈ ਫਿਰ ਵਪਾਰੀ ਲਿਆਉਂਦੇ ਹਨ ਫਿਰ ਤੁਸੀਂ ਲਿਆਉਂਦੇ ਹੋ, ਦਰਜ਼ੀ ਨੂੰ ਦਿੰਦੇ ਹੋ, ਫਿਰ ਉਹ ਦਰਜੀ ਬਣਾਉਂਦਾ ਹੈ ਤਾਂ ਤੁਸੀਂ ਸਰੀਰ ‘ਤੇ ਪਹਿਨਦੇ ਹੋ ਇੱਕ ਛੋਟੇ ਜਿਹੇ ਕੱਪੜੇ ਲਈ ਕਿੰਨਾ ਕੁਝ ਕਰਨਾ ਪੈਂਦਾ ਆਪਣੇ ਆਪ ਨਹੀਂ ਬਣਿਆ ਜੇਕਰ ਇਹ ਕੱਪੜਾ ਆਪਣੇ ਆਪ ਨਹੀਂ ਬਣਦਾ ਤਾਂ ਕੀ ਇਹ ਸਾਰੀ ਸ੍ਰਿਸ਼ਟੀ ਪੇੜ-ਪੌਦੇ, ਜੀਵ-ਜੰਤੂ, ਆਦਮੀ ਇਹ ਆਪਣੇ ਆਪ ਬਣ ਸਕਦੇ ਹਨ? ਸੋਚਣ ਵਾਲੀ ਗੱਲ ਹੈ ਇਸ ਨੂੰ ਵੀ ਕੋਈ ਬਣਾਉਣ ਵਾਲਾ ਹੈ ਵਿਗਿਆਨਕ ਇਸ ਨੂੰ ਸੁਪਰੀਮ ਪਾਵਰ ਮੰਨਦੇ ਹਨ ਅਤੇ ਆਪਣੇ ਧਾਰਮਿਕ ਲੋਕ ਓਮ, ਹਰੀ, ਵਾਹਿਗੁਰੂ, ਗੌਡ, ਖੁਦਾ, ਰੱਬ ਕਹਿੰਦੇ ਹਨ ਉਹ ਰਹਿੰਦਾ ਕਿੱਥੇ ਹੈ, ਅਤੇ ਮਿਲਦਾ ਕਿਵੇਂ ਹੈ, ਥੋੜ੍ਹਾ ਜਿਹਾ ਭਜਨ ਬਾਕੀ ਹੈ, ਉਸ ਤੋਂ ਬਾਅਦ ਦੱਸਾਂਗੇ
5. ਦੇਖ ਐਸੀ ਹਾਲਤ ਤਰਸ ਹੈ ਆਉਂਦਾ,
ਮਨ ਮਾਇਆ ਪਿੱਛੇ ਲਗ ਜਨਮ ਗਵਾਉਂਦਾ
ਨਾਮ ਜਪਣ ਦੀ ਯੁਕਤੀ ਬਤਾਉਂਦੇ
ਹੈ ਰੂਹਾਂ ਦੀ…….
6. ਦੇਸ਼ ਹੈ ਤੇਰਾ ਔਰ ਪਿਆਰੇ,
ਜਿੱਥੋਂ ਦੇ ਨੇ ਅਜ਼ਬ ਨਜ਼ਾਰੇ
ਚੋਲਾ ਬੰਦੇ ਦਾ ਪਾ ਕੇ ਸਮਝਾਉਂਦੇ
ਹੈ ਰੂਹਾਂ ਦੀ…….
7. ਆ ਇਤਬਾਰ ਜਿਨ੍ਹਾਂ ਨੂੰ ਜਾਂਦਾ,
ਖੁਸ਼ੀਆਂ ਮਾਣੇ ਨਿੱਜਘਰ ਜਾਂਦਾ
‘ਸ਼ਾਹ ਸਤਿਨਾਮ ਜੀ’ ਬਚਨ ਸੁਣਾਉਂਦੇ
ਹੈ ਰੂਹਾਂ ਦੀ…….
ਭਜਨ ਦੇ ਆਖਰ ‘ਚ ਆਇਆ ਹੈ:-
ਦੇਖ ਐਸੀ ਹਾਲਤ ਤਰਸ ਹੈ ਆਉਂਦਾ,
ਮਨ ਮਾਇਆ ਪਿੱਛੇ ਲਗ ਜਨਮ ਗਵਾਉਂਦਾ
ਨਾਮ ਜਪਣ ਦੀ ਯੁਕਤੀ ਬਤਾਉਂਦੇ
ਮਨ ਜੋ ਇਨਸਾਨ ਦਾ ਬਹੁਤ ਹੀ ਵੱਡਾ ਦੁਸ਼ਮਣ ਹੈ, ਸੱਚੇ ਮੁਰਸ਼ਦੇ ਕਾਮਿਲ ਸ਼ਾਹ ਮਸਤਾਨਾ ਜੀ ਮਹਾਰਾਜ ਫਰਮਾਇਆ ਕਰਦੇ ਸਨ ਕਿ ‘ਯੇ ਬੰਗਾਲ ਕਾ ਜਾਦੂਗਰ ਹੈ’ ਜੋ ਇਨਸਾਨ ਨੂੰ ਆਪਣੇ ਹੱਥਾਂ ‘ਤੇ ਨਚਾਉਂਦਾ ਹੈ ਕਿਤੇ ਤੋਂ ਕਿਤੇ ਇਨਸਾਨ ਦੇ ਵਿਚਾਰ ਲੈ ਜਾਂਦਾ ਹੈ ਇਨਸਾਨ ਬੈਠਾ ਕਿਤੇ ਹੋਰ ਹੁੰਦਾ ਹੈ ਅਤੇ ਅੰਦਰ ਕੁਝ ਹੋਰ ਵਿਚਾਰ ਚੱਲ ਰਹੇ ਹੁੰਦੇ ਹਨ ਦੇਖਣ ‘ਚ ਇਨਸਾਨ ਭਗਤ ਨਜ਼ਰ ਆਉਂਦਾ ਹੈ ਅਤੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਮੁਖ ਮੇਂ ਰਾਮ ਬਗਲ ਮੇਂ ਛੁਰੀ ਅਜਿਹਾ ਇਹ ਮਨ ਦੀ ਵਜ੍ਹਾ ਨਾਲ ਹੈ ਮਨ ਜ਼ਾਲਮ ਇਨਸਾਨ ਨੂੰ ਇਸ ਤਰ੍ਹਾਂ ਤੜਫਾਉਂਦਾ ਰਹਿੰਦਾ ਹੈ, ਪ੍ਰੇਸ਼ਾਨ ਕਰਦਾ ਹੈ ਅਤੇ ਮਨ ਨੂੰ ਰੋਕਣਾ ਕੋਈ ਆਸਾਨ ਕੰਮ ਨਹੀਂ ਹੈ ਮਨ ਅਜਿਹਾ ਜੰਗਲੀ ਘੋੜਾ ਹੈ ਜਿਸ ਦੇ ਲਗਾਮ ਨਹੀਂ ਹੈ
ਬੇ-ਲਗਾਮ ਘੋੜਾ ਦੌੜਦਾ ਰਹਿੰਦਾ ਹੈ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦਾ ਅੱਲ੍ਹਾ, ਵਾਹਿਗੁਰੂ ਦਾ ਨਾਮ ਲੈਣ ਲੱਗੋ ਉਦੋਂ ਤਾਂ ਏਨੇ ਕੰਮ-ਧੰਦੇ ਗਿਣਵਾ ਦਿੰਦਾ ਹੈ ਕਿ ਅੱਜ ਤੇਰਾ ਇਹ ਕੰਮ ਕਰਨ ਵਾਲਾ ਹੈ, ਅੱਜ ਇਸ ਧੰਦੇ ‘ਚ ਖੋਟੀ ਹੋ ਜਾਏਗਾ ਤਾਂ ਭਾਈ! ਇਸ ਮਨ ਨੂੰ ਰੋਕੋ, ਮਨ ਵੈਰੀ ਹੈ ਦੋਸਤ ਬਣ ਕੇ ਧੋਖਾ ਦਿੰਦਾ ਹੈ ਸਾਰਿਆਂ ਦੇ ਅੰਦਰ ਬੈਠਾ ਹੈ ਮਨ ਦੇ ਹੱਥ ਨਾ ਚੜ੍ਹੋ ਮਿੱਟੀ ਪਲੀਤ ਕਰ ਦਿੰਦਾ ਹੈ ਸਤਿਗੁਰੂ ਦੀ ਦਇਆ-ਮਿਹਰ, ਵਾਹਿਗੁਰੂ ਦੀ ਜੋ ਰਹਿਮਤ, ਦਇਆ-ਮਿਹਰ ਹੁੰਦੀ ਹੈ ਉਸ ਨੂੰ ਭੁਲਾ ਦਿੰਦਾ ਹੈ ਇਹ ਮਨ ਜ਼ਾਲਮ ਪਲ ‘ਚ ਭੁਲਾ ਦਿੰਦਾ ਹੈ ਅਜਿਹਾ ਪਾਰਾ ਚੜ੍ਹਾਉਂਦਾ ਹੈ ਕਿ ਇਨਸਾਨ ਇੱਕ ਵਾਰ ਇਸ ਦੇ ਹੱਥੇ ਚੜ੍ਹ ਜਾਵੇ ਤਾਂ ਮਾਲਕ ਦਾ ਪਿਆਰਾ ਹੀ ਬਚ ਸਕਦਾ ਹੈ ਨਹੀਂ ਤਾਂ ਦਲਦਲ ‘ਚ ਡੁਬੋ ਦਿੰਦਾ ਹੈ ਫਿਰ ਤੜਫ-ਤੜਫ ਕੇ ਰੋਂਦੇ ਰਹਿੰਦੇ ਹੋ ਮਨ ਦੇ ਮਤੇ ਨਾ ਚੱਲੋ ਗੁਰੂ, ਰੂਹਾਨੀ ਫਕੀਰ ਜੋ ਮਨ ਤੋਂ ਰੋਕਣ ਲਈ ਅੱਲ੍ਹਾ, ਰਾਮ, ਵਾਹਿਗੁਰੂ ਦਾ ਨਾਮ ਦੱਸਦੇ ਹਨ ਉਹ ਹੀ ਕਰੋ, ਉਸ ਦੀ ਭਗਤੀ ਇਬਾਦਤ ਕਰੋ
ਇਸ ਬਾਰੇ ‘ਚ ਲਿਖਿਆ ਹੈ:-
ਕਾਲ ਨਹੀਂ ਚਾਹੁੰਦਾ ਜੋ ਕੋਈ ਜੀਵ ਉਸ ਦੇ ਰਾਜ ‘ਚੋਂ ਨਿਕਲ ਜਾਵੇ ਕਿਉਂ ਜੋ ਸ੍ਰਿਸ਼ਟੀ ਦੀ ਰੌਣਕ ਜੀਵਾਂ ਦੇ ਨਾਲ ਹੀ ਹੈ ਇਸ ਕਾਰਨ ਉਹ ਮਨ ਅਤੇ ਮਾਇਆ ਰਾਹੀਂ ਜੀਵਾਂ ਨੂੰ ਕਈ ਤਰ੍ਹਾਂ ਨਾਲ ਭਰਮਾਉਂਦਾ ਅਤੇ ਭਟਕਾਉਂਦਾ ਰਹਿੰਦਾ ਹੈ ਸੰਤ ਸ਼ਬਦ-ਸਾਧਨ ਜਾਂ ਨਾਮ ਦੀ ਕਮਾਈ ਕਰਵਾ ਕੇ ਹੀ ਜੀਵਾਂ ਨੂੰ ਮੌਕਸ਼ ਦੁਆਰ ਦਾ ਰਸਤਾ ਦੱਸਦੇ ਹਨ ਮਾਲਕ ਸ਼ਬਦ ਸਰੂਪੀ ਹੈ ਇਸ ਲਈ ਸ਼ਬਦ ਜਾਂ ਨਾਮ ਨਾਲ ਹੀ ਉਸ ਦਾ ਮੇਲ ਅਤੇ ਜੀਵ ਦਾ ਕਲਿਆਣ ਹੈ
ਤਾਂ ਭਾਈ! ਮਾਲਕ ਦੇ ਨਾਮ ਬਿਨਾਂ ਮਨ ਮਾਇਆ ਦਾ ਬੰਧਨ ਤੋੜਿਆ ਨਹੀਂ ਜਾ ਸਕਦਾ
ਅੱਗੇ ਆਇਆ ਹੈ:-
ਦੇਸ਼ ਹੈ ਤੇਰਾ ਔਰ ਪਿਆਰੇ,
ਜਿੱਥੋਂ ਦੇ ਨੇ ਅਜਬ ਨਜ਼ਾਰੇ
ਚੋਲਾ ਬੰਦੇ ਦਾ ਪਾ ਕੇ ਸਮਝਾਉਂਦੇ
ਸੰਤ, ਪੀਰ-ਫਕੀਰ ਸੰਸਾਰ ‘ਚ ਆਉਂਦੇ ਹਨ ਮਲ-ਮੂਤਰ ਵਾਲੀ ਦੇਹ ਧਾਰਨ ਕਰਦੇ ਹਨ, ਇਨਸਾਨਾਂ ਦੀ ਤਰ੍ਹਾਂ ਰਹਿੰਦੇ ਹਨ ਉਹੀ ਵਿਚਾਰ, ਉਹੀ ਸਭ ਕੁਝ ਨਜ਼ਰ ਆਉਂਦਾ ਹੈ ਪਰ ਅਸਲ ‘ਚ ਉਨ੍ਹਾਂ ਦਾ ਹੱਥ ਮਾਲਕ ਨਾਲ ਮਿਲਿਆ ਹੁੰਦਾ ਹੈ ਮਾਲਕ ਨਾਲ ਇੱਕ ਹੋਏ ਹੁੰਦੇ ਹਨ ਪਰ ਬਾਹਰ ਤੋਂ ਜੋ ਉਨ੍ਹਾਂ ਦੇ ਨਾਲ ਪਿਆਰ ਮੁਹੱਬਤ, ਅੱਲ੍ਹਾ, ਵਾਹਿਗੁਰੂ ਨਾਲ ਜਬਰਦਸਤ ਤਰੀਕੇ ਕਰਦਾ ਹੈ, ਉਹ ਤਾਂ ਚਾਹੇ ਪਹਿਚਾਣ ਜਾਵੇ ਨਹੀਂ ਤਾਂ ਆਮ ਇਨਸਾਨ ਦੀ ਤਰ੍ਹਾਂ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਕੁਝ ਪਤਾ ਹੀ ਨਹੀਂ ਚਲਦਾ ਇਨਸਾਨ ਸੋਚਦਾ ਹੈ ਕਿ ਮੇਰੇ ਵਰਗਾ ਹੀ ਹੈ, ਮੇਰੇ ਵਰਗੇ ਹੀ ਕੰਮ ਹਨ, ਵੈਸੇ ਖਾਂਦਾ ਹੈ, ਪੀਂਦਾ ਹੈ ਕੋਈ ਅੰਤਰ ਨਹੀਂ ਹੈ
ਉਦਾਹਰਨ ਦੇ ਤੌਰ ‘ਤੇ ਇੱਕ ਪਾਗਲਖਾਨਾ ਹੁੰਦਾ ਹੈ ਉਸ ‘ਚ ਪਾਗਲ ਵੀ ਰਹਿੰਦੇ ਹਨ ਅਤੇ ਡਾਕਟਰ ਵੀ ਜਾਂਦੇ ਹਨ ਦੋਵੇਂ ਹੀ ਰਹਿੰਦੇ ਹਨ ਪਾਗਲ ਇਲਾਜ ਕਰਵਾਉਣ ਲਈ ਉੱਥੇ ਰਹਿੰਦੇ ਹਨ ਡਾਕਟਰ ਇਲਾਜ ਕਰਨ ਲਈ ਜਾਂਦਾ ਹੈ ਵੈਸੇ ਹੀ ਸੰਸਾਰ ‘ਚ ਜੋ ਜੀਵ ਹੈ ਉਹ ਤਾਂ ਜਨਮ-ਮਰਨ ਦੀ ਬਿਮਾਰੀ ਨਾਲ ਤੜਫ ਰਹੇ ਹਨ ਚੁਰਾਸੀ ਲੱਖ ਜਨਮ-ਮਰਨ ਦੀ ਬਿਮਾਰੀ ਲੱਗੀ ਹੋਈ ਹੈ ਇਹ ਤਾਂ ਆਪਣਾ ਕਰਮਾਂ ਦਾ ਬੋਝ ਝੱਲ ਰਹੇ ਹਨ ਸਮਾਂ ਗੁਜ਼ਾਰ ਰਹੇ ਹਨ ਫਕੀਰ ਆਉਂਦੇ ਹਨ ਉਹ ਵੀ ਉਨ੍ਹਾਂ ਦੀ ਤਰ੍ਹਾਂ ਹੀ ਰਹਿੰਦੇ ਹਨ ਪਰ ਇਨ੍ਹਾਂ ਦਾ ਇਲਾਜ ਕਰਨ ਲਈ ਕਿ ਜਨਮ-ਮਰਨ ਦੀ ਬਿਮਾਰੀ ਕਿਵੇਂ ਦੂਰ ਹੋ ਸਕਦੀ ਹੈ? ਉਵੇਂ ਹੀ ਰਹਿਣਗੇ, ਦੇਖਣ ‘ਚ ਵੀ ਉਵੇਂ ਸਭ ਕੁਝ, ਕੋਈ ਫਰਕ ਨਹੀਂ ਪਰ ਅੰਦਰ ਤੋਂ ਉਨ੍ਹਾਂ ਦੀ ਤਾਰ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਜੁੜੀ ਹੁੰਦੀ ਹੈ ਮਾਲਕ ਦੀ ਚਰਚਾ ਕਰਦੇ ਹਨ ਕਿਸੇ ਨੂੰ ਲੜਾਉਣਾ, ਕਿਸੇ ਨੂੰ ਤੜਫਾਉਣਾ ਅਜਿਹੀ ਸਿੱਖਿਆ ਨਾ ਤਾਂ ਕਦੇ ਦਿੰਦੇ ਹਨ ਅਤੇ ਨਾ ਹੀ ਕਦੇ ਕਿਸੇ ਨੂੰ ਅੱਗੇ ਕਰਨ ਦੀ ਪ੍ਰੇਰਨਾ ਦਿੰਦੇ ਹਨ
ਉਨ੍ਹਾਂ ਦਾ ਉਦੇਸ਼ ਇਨਸਾਨ ਨੂੰ ਇਨਸਾਨ ਨਾਲ ਜੋੜੋ, ਇਨਸਾਨ ਨੂੰ ਅੱਲ੍ਹਾ, ਵਾਹਿਗੁਰੂ ਰਾਮ ਨਾਲ ਜੋੜੋ ਅਤੇ ਇਨਸਾਨ ਨੂੰ ਪਰਮਾਤਮਾ ਦੀ ਭਗਤੀ ਨਾਲ ਜੋੜੋ ਤਾਂ ਕਿ ਇਨਸਾਨ ਪਰਮਾਤਮਾ ਦੀ ਭਗਤੀ ਕਰਕੇ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ, ਇਬਾਦਤ, ਜਾਪ ਕਰਕੇ ਇਸ ਧਰਤੀ ‘ਤੇ ਰਹਿੰਦਾ ਹੋਇਆ ਸਵਰਗ-ਜੰਨਤ ਤੋਂ ਵਧ ਕੇ ਨਜ਼ਾਰੇ ਲੈ ਸਕੇ ਇਹ ਸੰਤਾਂ ਦਾ ਉਦੇਸ਼ ਇਨਸਾਨ ਨੂੰ ਪਰਮਾਤਮਾ ਨਾਲ ਜੋੜਨਾ ਹੈ ਅਤੇ ਦੂਈ-ਦੁਵੇਸ਼, ਨਫ਼ਰਤ ਦੀ ਭਾਵਨਾ ਖ਼ਤਮ ਕਰਕੇ ਪ੍ਰੇਮ ਦੀ ਗੰਗਾ ਵਹਾਉਣਾ ਤਾਂ ਕਿ ਹਰੇਕ ਇਨਸਾਨ ਸੁੱਖ ‘ਚ ਜ਼ਿੰਦਗੀ ਜੀਅ ਸਕੇ ਸੁੱਖ ‘ਚ ਜੀਵਨ ਜਿਉਂਦਾ ਹੋਇਆ ਆਵਾਗਮਨ ਤੋਂ ਆਜ਼ਾਦ ਹੋ ਸਕੇ ਇਸ ਲਈ ਸੰਤ, ਪੀਰ-ਫਕੀਰ ਦੁਨੀਆਂ ‘ਚ ਆਉਂਦੇ ਹਨ ਅਤੇ ਇਹ ਦੱਸਦੇ ਹਨ ਜੋ ਤੇਰਾ ਅਸਲੀ ਮੁਕਾਮ ਹੈ ਨਿੱਜਧਾਮ ਹੈ ਉੱਥੋਂ ਦੇ ਨਜ਼ਾਰੇ ਅਲੌਕਿਕ ਹਨ ਜ਼ਬਰਦਸਤ ਨਜ਼ਾਰੇ ਹਨ ਉੱਥੇ ਬੜਾ ਹੀ ਆਨੰਦ, ਪਰਮਾਨੰਦ ਹੈ ਅਜਿਹੀਆਂ ਖੁਸ਼ੀਆਂ ਹਨ ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ
ਭਜਨ ਦੇ ਆਖਰ ‘ਚ ਆਇਆ ਹੈ:-
ਆ ਇਤਬਾਰ ਜਿਹਨਾਂ ਨੂੰ ਜਾਂਦਾ,
ਖੁਸ਼ੀਆਂ ਮਾਣੇ ਨਿੱਜਘਰ ਜਾਂਦਾ
‘ਸ਼ਾਹ ਸਤਿਨਾਮ ਜੀ’ ਬਚਨ ਸੁਣਾਉਂਦੇ
ਇਸ ਬਾਰੇ ‘ਚ ਲਿਖਿਆ ਹੈ:-
ਰੂਸ ਦਾ ਬਾਦਸ਼ਾਹ ਪੀਟਰ ਹਾਲੈਂਡ ਦੇਸ਼ ‘ਚ ਜਹਾਜ਼ਰਾਣੀ ਦਾ ਕੰਮ ਸਿੱਖਣ ਲਈ ਗਿਆ ਮਜ਼ਦੂਰਾਂ ਦਾ ਰੂਪ ਧਾਰਨ ਕਰ ਲਿਆ ਉੱਥੇ ਰੂਸ ਤੋਂ ਕੱਢੇ ਹੋਏ ਕਈ ਹੋਰ ਵੀ ਕੰਮ ਕਰਦੇ ਸਨ ਉਨ੍ਹਾਂ ਨਾਲ ਰੂਸ ਦੀਆਂ ਗੱਲਾਂ ਕਰੇ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਨੂੰ ਜਾਣ ਦੀ ਪ੍ਰੇਰਨਾ ਕਰੇ ਉਨ੍ਹਾਂ ਦਾ ਦਿਲ ਵੀ ਆਪਣੇ ਦੇਸ਼ ਜਾਣ ਨੂੰ ਕਰ ਆਇਆ ਕਹਿਣ ਲੱਗੇ, ਕਿ ਸਾਨੂੰ ਬਾਦਸ਼ਾਹ ਨੇ ਕੱਢਿਆ ਹੋਇਆ ਹੈ ਅਸੀਂ ਕਿਵੇਂ ਜਾ ਸਕਦੇ ਹਾਂ? ਪੀਟਰ ਨੇ ਕਿਹਾ, ਬਾਦਸ਼ਾਹ ਮੇਰਾ ਦੋਸਤ ਹੈ ਮੈਂ ਤੁਹਾਡੀ ਸਿਫਾਰਸ਼ ਕਰਾਂਗਾ, ਉਮੀਦ ਹੈ ਕਿ ਬਾਦਸ਼ਾਹ ਮੰਨ ਜਾਏਗਾ ਜਦੋਂ ਪੀਟਰ ਕੰਮ ਸਿੱਖ ਕੇ ਆਪਣੇ ਦੇਸ਼ ਨੂੰ ਵਾਪਸ ਆਇਆ ਤਾਂ ਮਜ਼ਦੂਰ ਉਸ ਦੇ ਨਾਲ ਚੱਲ ਪਏ ਜਦੋਂ ਪੀਟਰ ਆਪਣੇ ਦੇਸ਼ ਰੂਸ ‘ਚ ਦਾਖਲ ਹੋਇਆ ਸਭ ਉਸ ਦੀ ਇੱਜ਼ਤ ਕਰਨ ਲੱਗੇ ਉਨ੍ਹਾਂ ਮਜ਼ਦੂਰਾਂ ਦਾ ਹੌਂਸਲਾ ਵਧ ਗਿਆ ਕਿ ਇਸ ਦਾ ਜ਼ਰੂਰ ਬਾਦਸ਼ਾਹ ਨਾਲ ਮੇਲ ਹੋਵੇਗਾ ਸਾਨੂੰ ਦੇਸ਼ ‘ਚ ਵਾਪਸ ਆ ਕੇ ਰਹਿਣ ਦੀ ਇਜਾਜ਼ਤ ਦਿਵਾ ਦੇਵੇਗਾ ਜਦੋਂ ਪੀਟਰ ਆਪਣੀ ਰਾਜਧਾਨੀ
‘ਚ ਪਹੁੰਚਿਆ ਤਾਂ ਉਹ ਤਖ਼ਤ ‘ਤੇ
ਬਿਰਾਜ਼ਮਾਨ ਹੋ ਗਿਆ ਨਾਲ ਦੇ ਸਾਥੀ ਹੈਰਾਨ ਸਨ ਕਿ ਇਹ ਤਾਂ ਸਾਡੀ ਤਰ੍ਹਾਂ ਮਜ਼ਦੂਰ ਨਜ਼ਰ ਆਉਂਦਾ ਸੀ, ਸਾਨੂੰ ਕੀ ਪਤਾ ਸੀ ਕਿ ਇਹ ਬਾਦਸ਼ਾਹ ਹੈ! ਦਿਲ ‘ਚ ਸ਼ੁਕਰ ਕਰਨ ਕਿ ਬਾਦਸ਼ਾਹ ਮਜ਼ਦੂਰਾਂ ਦਾ ਭੇਸ਼ ਧਾਰਨ ਕਰਕੇ ਸਾਨੂੰ ਨਾਲ ਲੈ ਆਇਆ ਹੈ
ਤਾਂ ਭਾਈ! ਰੂਹਾਨੀ ਪੀਰ ਫਕੀਰ ਵੀ ਇੰਜ ਹੀ ਇਨਸਾਨ ਦੀ ਤਰ੍ਹਾਂ ਰਹਿੰਦੇ ਹੋਏ ਉਵੇਂ ਖਾਂਦੇ-ਪੀਂਦੇ ਹਨ ਉਨ੍ਹਾਂ ‘ਚ ਕੋਈ ਫਰਕ ਨਹੀਂ ਹੁੰਦਾ ਫਰਕ ਇਹੀ ਹੁੰਦਾ ਹੈ ਕਿ ਉਹ ਇਨਸਾਨ ਨੂੰ ਮਾਲਕ ਨਾਲ ਜੋੜਨ ਆਉਂਦੇ ਹਨ ਕੋਈ ਪਾਖੰਡ, ਢੌਂਗ ਦਿਖਾਵਾ ਨਹੀਂ
ਹੁਣ ਗੱਲ ਆਉਂਦੀ ਹੈ ਅੱਲ੍ਹਾ, ਵਾਹਿਗੁਰੂ ਰਾਮ ਰਹਿੰਦਾ ਕਿੱਥੇ ਹੈ? ਵੈਸੇ ਤਾਂ ਉਹ ਕਣ-ਕਣ ‘ਚ ਹੈ ਜ਼ਰ੍ਹੇ-ਜ਼ਰ੍ਹੇ ‘ਚ ਹੈ ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਹੈ ਪਰ ਇਨਸਾਨ ਕਿੱਥੋਂ ਖੋਜ ਕਰੇ ਇਸ ਬਾਰੇ ‘ਚ ਸਾਡੇ ਧਰਮਾਂ ‘ਚ ਲਿਖਿਆ ਹੈ, ਅਜ਼ਮਾਇਆ ਹੈ ਸਤਿਗੁਰੂ, ਮੁਰਸ਼ਿਦ ਦੀ ਦਇਆ-ਮਿਹਰ ਨਾਲ, ਅਨੁਭਵ ਕੀਤਾ ਜਾਂਦਾ ਹੈ
ਹਿੰਦੂ ਮਹਾਂਪੁਰਸ਼ਾਂ ਨੇ ਲਿਖਿਆ ਹੈ:-
ਪ੍ਰਭੂ ਦਾ ਆਪਣੇ ਹੱਥਾਂ ਨਾਲ ਬਣਾਇਆ ਮੰਦਰ ਕੋਈ ਹੈ ਤਾਂ ਉਹ ਸਾਡਾ ਸਰੀਰ, ਸਾਡੀ ਕਾਇਆ ਹੈ ਇਸ ਕਾਇਆ ਮੰਦਰ ‘ਚ ਪ੍ਰਭੂ ਦਾ ਸਿੰਘਾਸਨ ਕੋਈ ਹੈ ਤਾਂ ਉਹ ਜਗ੍ਹਾ ਹੈ ਦਿਲ ਜਿੱਥੋਂ ਸਾਰਾ ਜਿਸਮ ਚੱਲਦਾ ਹੈ ਯਾਨੀ ਖੂਨ ਦਾ ਦੌਰਾ, ਵਿਚਾਰਾਂ ਦਾ ਆਦਾਨ-ਪ੍ਰਦਾਨ ਨਾਲ ਇਸ ਤੋਂ ਪ੍ਰਭਾਵ ਪੈਂਦਾ ਹੈ ਉਹ ਸਥਾਨ ਹੈ ਦਿਲ ਅਤੇ ਇਸ ਸਰੀਰ ਰੂਪੀ ਮੰਦਰ ਦਾ ਕੋਈ ਦਰਵਾਜ਼ਾ ਹੈ ਤਾਂ ਉਹ ਦੋਵਾਂ ਅੱਖਾਂ ਦੇ ਵਿਚਕਾਰ ਨੱਕ ਦੇ ਉੱਪਰ ਲਲਾਟ ਮੱਥੇ ਦੇ ਵਿਚਕਾਰ ਦੀ ਇਹ ਜਗ੍ਹਾ ਹੈ ਜਿਸ ਨੂੰ ਉਨ੍ਹਾਂ ਨੇ ‘ਦਸਵਾਂ ਦੁਵਾਰ’ ਜਾਂ ‘ਤਿਲ’ ਕਿਹਾ ਹੈ
ਸਿੱਖ ਧਰਮ ‘ਚ ਕਿਹਾ ਹੈ:-
ਮਨੁ ਮੰਦਰੁ ਤਨ ਵੇਸ ਕਲੰਦਰੁ
ਘਟ ਹੀ ਤੀਰਥਿ ਨਾਵਾ
ਏਕ ਸਬਦ ਮੇਰੇ ਪ੍ਰਾਨਿ ਬਸਤ ਹੈ
ਬਾਹੁੜਿ ਜਨਮਿ ਨ ਆਵਾ
ਤਨ ਮੰਦਰ ਹੈ ਮਨ ਇਸ ‘ਚ ਬੈਠਾ ਹੋਇਆ ਹੈ ਉਹ ਹੀ ਆਸਣ ਹੈ ਇੱਕ ਸ਼ਬਦ ਇੱਥੇ ਧੁਰ ਕੀ ਬਾਣੀ ਚੱਲ ਰਹੀ ਹੈ ਉਸ ਨਾਲ ਨਿਬੇੜਾ ਹੋ ਸਕਦਾ ਹੈ
ਅੰਗਰੇਜ਼ ਫਕੀਰ ਲਿਖਦੇ ਹਨ:-
ਦਿ ਬਾੱਡੀ ਇਜ਼ ਦਿ ਟੈਂਪਲ ਆੱਫ ਗੌਡ,
ਹਰਟ ਇਜ਼ ਦਿ ਸੀਟ ਆੱਫ ਗੌਡ,
ਯਾਨੀ ਸਰੀਰ ਮਾਲਕ ਦੇ ਰਹਿਣ ਦਾ ਮੰਦਰ ਹੈ ਅਤੇ ਦਿਲ ਸੀਟ ਹੈ
ਇਹੀ ਗੱਲ ਮੁਸਲਮਾਨ ਫਕੀਰ ਵੀ ਲਿਖਦੇ ਹਨ:-
ਅੱਲ੍ਹਾ ਦੀ ਆਪਣੇ ਹੱਥਾਂ ਨਾਲ ਬਣਾਈ ਮਸਜਿਦ ਸਾਡਾ ਜਿਸਮ ਹੈ ਅਤੇ ਜਿਸਮ ਰੂਪੀ ਮਸਜਿਦ ‘ਚ ਅੱਲ੍ਹਾ ਦਾ ਆਸਣ ਦਿਲ ਹੈ ਇਸ ਜਿਸਮ ਰੂਪੀ ਮਸਜਿਦ ‘ਚ ਮਹਿਰਾਬ, (ਮਸਜਿਦ ‘ਚ ਮਹਿਰਾਬ ਕਹਿੰਦੇ ਹਨ ਅਜਿਹੀ ਕਮਾਨਦਾਰ ਜਗ੍ਹਾ ਹੁੰਦੀ ਹੈ ਐਸੇ ਡਾਟਦਾਰ ਜਿਸ ਦੇ ਹੇਠਾਂ ਮੌਲਵੀ ਸਾਹਿਬ ਕਲਮਾਂ ਅਦਾ ਕਰਦਾ ਹੈ ਜਾਂ ਦੁਆ ਫਰਮਾਉਂਦਾ ਹੈ) ਦੋਵਾਂ ਅੱਖਾਂ ਦੇ ਵਿੱਚ ਦੀ ਕਮਾਨਦਾਰ ਜਗ੍ਹਾ ਹੈ ਇੱਥੋਂ ਬਾਂਗੇ ਇਲਾਹੀ ਚੱਲਦਾ ਹੈ
ਚਾਰਾਂ ਧਰਮਾਂ ਦੀ ਗੱਲ ਆਪਨੇ ਸੁਣੀ ਭਾਸ਼ਾ ਅਲੱਗ ਹੈ ਗੱਲ ਇੱਕ ਹੀ ਹੈ
ਦਿੱਲੀ ਵਾਲੇ ਪਾਸੇ ਅੱਜ ਤੋਂ ਸ਼ਾਇਦ ਦਸ ਸਾਲ ਪਹਿਲਾਂ ਦੀ ਗੱਲ ਹੈ ਇੱਕ ਸੱਜਣ ਸਾਨੂੰ ਮਿਲੇ ਜੋ ਕਿ ਡਾਕਟਰ ਸਨ ਉਨ੍ਹਾਂ ਨੇ ਸਾਡੀ ਗੱਲ ਸੁਣੀ ਅਤੇ ਕਹਿਣ ਲੱਗੇ, ਗੁਰੂ ਜੀ! ਮੈਂ ਆਪ ਤੋਂ ਸੁਣਿਆ ਕਿ ਅੱਲ੍ਹਾ, ਵਾਹਿਗੁਰੂ ਰਾਮ ਦਿਲ ‘ਚ ਰਹਿੰਦਾ ਹੈ ਕਹਿਣ ਲੱਗਿਆ, ਮੈਂ ਹਾਰਟ ਸਰਜਰੀ ਕਰਦਾ ਹਾਂ, ਬਹੁਤ ਦਿਲਾਂ ਦੇ ਆਪ੍ਰੇਸ਼ਨ ਕੀਤੇ ਹਨ ਓਪਨ ਹਾਰਟ ਸਰਜਰੀ ਕੀਤੀ ਹੈ, ਮੈਨੂੰ ਤਾਂ ਦਿਲ ‘ਚ ਬੈਠਾ ਵਾਹਿਗੁਰੂ ਕਦੇ ਨਜ਼ਰ ਨਹੀਂ ਆਇਆ ਅਸੀਂ ਕਿਹਾ, ਡਾਕਟਰ ਸਾਹਿਬ! ਤੁਹਾਡਾ ਸਵਾਲ ਤਾਂ ਵਧੀਆ ਹੈ ਪਰ ਜਵਾਬ ਵੀ ਲੈਂਦੇ ਜਾਓ ਅਸੀਂ ਕਿਹਾ, ਸਾਹਮਣੇ ਜੋ ਗਾਂ ਖੜ੍ਹੀ ਹੈ ਉਹ ਦਸ ਲੀਟਰ ਦੁੱਧ ਦਿੰਦੀ ਹੈ ਤੁਸੀਂ ਆਪ੍ਰੇਸ਼ਨ ਦਾ ਸਮਾਨ ਲੈ ਆਓ, ਜਿੱਥੇ ਥਣ ਹੁੰਦੇ ਹਨ ਉੱਥੇ ਆਪ੍ਰੇਸ਼ਨ ਕਰਕੇ ਦੇਖੋ ਕਿ ਉਸ ‘ਚ ਦਸ ਲੀਟਰ ਦੁੱਧ ਹੈ? ਡਾਕਟਰ ਸਾਹਿਬ ਉੱਥੇ ਬੈਠੇ-ਬੈਠੇ ਕਹਿਣ ਲੱਗੇ, ਉੱਥੇ ਇੱਕ ਬੂੰਦ ਵੀ ਦੁੱਧ ਨਹੀਂ ਹੋਵੇਗਾ ਅਸੀਂ ਕਿਹਾ, ਡਾਕਟਰ ਸਾਹਿਬ! ਹੁਣੇ ਵੱਛਾ ਛੱਡ ਦਿੰਦੇ ਹਾਂ ਫਿਰ ਦੇਖਣਾ ਗਾਂ ਦੇ ਥਣਾਂ ‘ਚ ਦੁੱਧ ਆ ਜਾਏਗਾ ਡਾਕਟਰ ਸਾਹਿਬ ਕਹਿਣ ਲੱਗੇ, ਇਹ ਤਾਂ ਗਾਂ ਤੇ ਵੱਛੇ ਦਾ ਭਾਵਨਾਤਮਕ ਲਗਾਅ ਹੁੰਦਾ ਹੈ ਜਦੋਂ ਭਾਵਨਾ ਵਧਦੀ ਹੈ ਤਾਂ ਹਾਰਮੋਨਜ਼ ਵਧਦੇ ਹਨ ਹਾਰਮੋਨਜ਼ ਦੇ ਵਧਣ ਨਾਲ ਦੁੱਧ ਆ ਜਾਂਦਾ ਹੈ, ਇਹ ਤਾਂ ਸਿੱਧੀ ਜਿਹੀ ਗੱਲ ਹੈ
ਅਸੀਂ ਕਿਹਾ, ਇਸੇ ਤਰ੍ਹਾਂ ਦਿਲ ‘ਚ ਪਰਮਾਤਮਾ ਤਾਂ ਰਹਿੰਦਾ ਹੈ ਪਰ ਉਹ ਚੀਰਾ ਲਾਉਣ ਨਾਲ ਨਹੀਂ, ਉਹ ਵੀ ਭਾਵਨਾ ਨੂੰ ਵਧਾਉਣ ਨਾਲ ਨਜ਼ਰ ਆਉਂਦਾ ਹੈ ਭਾਵਨਾ ਰੂਪੀ ਹਾਰਮੋਨਜ਼ ਵਧਣਗੇ ਤਾਂ ਤੁਸੀਂ ਉਸ ਨੂੰ ਦੇਖ ਸਕੋਗੇ
ਡਾਕਟਰ ਨੇ ਫਿਰ ਸਵਾਲ ਕੀਤਾ, ਗੁਰੂ ਜੀ! ਗਾਂ ਦੀ ਭਾਵਨਾ ਵੱਛਾ ਛੱਡਣ ਨਾਲ ਵਧ ਜਾਂਦੀ ਹੈ ਜੇਕਰ ਵੱਛਾ ਨਾ ਹੋਵੇ ਤਾਂ ਅਸੀਂ ਇੰਜੈਕਸ਼ਨ ਲਾ ਦਿੰਦੇ ਹਾਂ ਅਤੇ ਗਾਂ ਦੁੱਧ ਦੇ ਦਿੰਦੀ ਹੈ ਪਰ ਸਾਡੀ ਭਾਵਨਾ ਕਿਵੇਂ ਵਧੇਗੀ ਕਿ ਸਾਨੂੰ ਭਗਵਾਨ ਨਜ਼ਰ ਆ ਜਾਵੇ ਕਹਿੰਦੇ, ਤੁਸੀਂ ਕੁਝ ਦੱਸੋ? ਅਸੀਂ ਕਿਹਾ, ਡਾਕਟਰ ਸਾਹਿਬ! ਜੋ ਗੁਰੂ ਮੁਰਸ਼ਿਦੇ-ਕਾਮਲ ਨੇ ਸਾਨੂੰ ਸਿਖਾਇਆ, ਅਸੀਂ ਕਰਕੇ ਦੇਖਿਆ ਜੋ ਸਾਡੇ ਧਰਮਾਂ ‘ਚ ਲਿਖਿਆ ਹੈ ਕਿ ਭਾਵਨਾ ਕਿਵੇਂ ਵਧਦੀ ਹੈ ਉਹ ਭਾਵਨਾ, ਤਰੀਕਾ ਤੁਹਾਨੂੰ ਦੱਸਦੇ ਹਾਂ ਜੋ ਅਸੀਂ ਖੁਦ ਕਰਕੇ ਦੇਖਿਆ ਹੈ
ਹਿੰਦੂ ਧਰਮ ‘ਚ ਲਿਖਿਆ ਹੈ:-
ਕਲਯੁਗ ਮੇਂ ਕੇਵਲ ਨਾਮ ਅਧਾਰਾ
ਸਿਮਰ ਸਿਮਰ ਨਰ Àਤਰੋ ਪਾਰਾ
ਕਲਿਯੁਗ ‘ਚ ਆਤਮਾ ਦਾ ਕੋਈ ਆਧਾਰ ਹੈ ਜਾਂ ਕੋਈ ਉੱਧਾਰ ਕਰ ਸਕਦਾ ਹੈ ਜੋ ਆਤਮਾ ਨੂੰ ਪ੍ਰਭੂ ਤੱਕ ਲੈ ਜਾ ਸਕੇ, ਉਹ ਹੈ ਪ੍ਰਭੂ ਦਾ ਸੱਚਾ ਅਤੇ ਪਵਿੱਤਰ ਨਾਮ ਨਾ ਘਰ-ਪਰਿਵਾਰ ਛੱਡੋ, ਨਾ ਢੌਂਗ, ਪਾਖੰਡ ਅਤੇ ਦਿਖਾਵਾ ਕਰਨ ਦੀ ਜ਼ਰੂਰਤ ਹੈ ਸਿਮਰ ਸਿਮਰ ਨਰ ਉਤਰੋ ਪਾਰਾ ਰਾਮ ਦਾ ਨਾਮ ਸਿਮਰਨ ਕਰਦੇ ਰਹੋ, ਹੇ ਪ੍ਰਾਣੀ! ਤੁਹਾਡਾ ਪਾਰ ਉਤਾਰਾ ਹੋ ਜਾਏਗਾ
ਇਹੀ ਗੱਲ ਸਿੱਖ ਧਰਮ ‘ਚ ਆਉਂਦੀ ਹੈ:-
ਅਬ ਕਲੂ ਆਇਓ ਰੇ
ਇਕੁ ਨਾਮੁ ਬੋਵਹੁ ਬੋਵਹੁ
ਅਨ ਰੂਤਿ ਨਾਹੀ ਨਾਹੀ
ਮਤੁ ਭਰਮਿ ਭੂਲਹੁ ਭੂਲਹੁ
‘ਅਬ ਕਲੁ ਆਇਓ ਰੇ’ ਹੁਣ ਕਲਯੁਗ ਆ ਗਿਆ ਹੈ ਸਰੀਰ ਰੂਪੀ ਧਰਤੀ ‘ਚ ਕੋਈ ਬੀਜ ਪਾਉਣ ਦਾ ਸਮਾਂ ਹੈ ਤਾਂ ਉਹ ਪ੍ਰਭੂ-ਪਰਮਾਤਮਾ ਦਾ ਸੱਚਾ ਨਾਮ ‘ਅਨ ਰੂਤਿ ਨਾਹੀ ਨਾਹੀ’ ਅਤੇ ਕਿਸੇ ਹੋਰ ਚੀਜ਼ ਦੀ ਰੁੱਤ ਨਹੀਂ ਹੈ, ਕਿਸੇ ਭਰਮ-ਭੁਲੇਖੇ ‘ਚ ਨਾ ਰਹਿ ਜਾਣਾ
ਮੁਸਲਮਾਨ ਰੂਹਾਨੀ ਫਕੀਰ ਲਿਖਦੇ ਹਨ:-
ਅੱਲ੍ਹਾ ਦੇ ਰਹਿਮੋ ਕਰਮ ਦੇ ਚਾਹਵਾਨ ਬੰਦੇ! ਜੇਕਰ ਉਸ ਦੇ ਰਹਿਮੋ ਕਰਮ ਦਾ ਹੱਕਦਾਰ ਬਣਨਾ ਚਾਹੁੰਦਾ ਹੈ ਤਾਂ ਸੱਚੇ ਦਿਲ ਨਾਲ ਉਸ ਦੀ ਇਬਾਦਤ, ਕਲਮਾਂ ਅਦਾ ਕਰ ਤਾਂ ਅੱਲ੍ਹਾ ਦੇ ਰਹਿਮੋ ਕਰਮ ਦਾ ਹੱਕਦਾਰ ਬਣੇਗਾ ਗਮ, ਦੁੱਖ, ਪ੍ਰੇਸ਼ਾਨੀਆਂ ਤੋਂ ਨਿਜ਼ਾਤ ਜ਼ਰੂਰ ਮਿਲੇਗੀ
ਇਹੀ ਗੱਲ ਅੰਗਰੇਜ਼ ਫਕੀਰ ਲਿਖਦੇ ਹਨ:-
ਇਫ ਯੂ ਵਾਂਟ ਸੀ ਦਿ ਗਾੱਡ,
ਇਫ ਯੂ ਵਾਂਟ ਟਾੱਕ ਦਿ ਗਾੱਡ,
ਦੈੱਨ ਰਿਪੀਟ ਦਿ ਗੌਡਜ਼ ਵਰਡਜ਼,
ਟਰਾਈ ਐਂਡ ਟਰਾਈ ਅਗੈਨ,
ਦੈੱਨ ਯੂ ਗੋਇੰਗ ਵੈਰੀ ਵੈਰੀ ਡੀਪ ਸਲੀਪ ਪੁਆਇੰਟ. ਦੈੱਨ ਯੂ ਸੀ ਦਿ ਗਾੱਡ.
ਦੈੱਨ ਯੂ ਟਾੱਕ ਦਿ ਗਾੱਡ.
ਜੇਕਰ ਭਾਸ਼ਾ ਬਦਲ ਜਾਵੇ ਤਾਂ ਮੂਲ ਤੱਤ ਨਹੀਂ ਬਦਲਦਾ ਗੱਲ ਸਾਰਿਆਂ ਨੇ ਇੱਕ ਹੀ ਕਹੀ ਹੈ ਹਿੰਦੂ ਅਤੇ ਸਿੱਖ ਧਰਮ ‘ਚ ਮਾਲਕ ਤੱਕ ਜਾਣ ਦੇ ਮਾਰਗ ਨੂੰ ‘ਨਾਮ’ ਕਿਹਾ ਹੈ ਮੁਸਲਮਾਨ ਫਕੀਰ ‘ਕਲਮਾਂ’ ਕਹਿੰਦੇ ਹਨ ਅਤੇ ਅੰਗਰੇਜ਼ੀ ਫਕੀਰ ਗੌਡਜ਼ ਵਰਡਜ਼ ਕਹਿੰਦੇ ਹਨ ਜੇਕਰ ਤੁਸੀਂ ਮਾਲਕ ਨੂੰ ਦੇਖਣਾ ਚਾਹੁੰਦੇ ਹੋ ਤਾਂ ਮੈਥਡ ਆੱਫ ਮੈਡੀਟੇਸ਼ਨ, ਧਿਆਨ ਦਾ ਤਰੀਕਾ ਅਜ਼ਮਾਓ ਨਾਮ ਕਿਹੜਾ ਸਹੀ ਹੈ ਇਸ ਬਾਰੇ ਹਿੰਦੂ ਮਹਾਂਪੁਰਸ਼ਾਂ ਨੇ ਲਿਖਿਆ ਹੈ:-
ਈਸ਼ਵਰ ਨਾਮ ਅਮੋਲ ਹੈ,
ਬਿਨ ਦਾਮ ਬਿਕਾਏ
ਤੁਲਸੀ ਯੇ ਆਸ਼ਚਰਜ ਹੈ,
ਗ੍ਰਾਹਕ ਕਮ ਹੀ ਆਏ
ਈਸ਼ਵਰ, ਪਰਮਾਤਮਾ ਦਾ ਨਾਮ ਅਨਮੋਲ ਹੈ ਉਸ ਨੂੰ ਕੋਈ ਖਰੀਦ ਨਹੀਂ ਸਕਦਾ ਪਰ ਕਲਿਯੁਗ ‘ਚ ਸੰਤ ਫਕੀਰ ਜੋ ਸੱਚੇ ਆਉਣਗੇ, ਬਿਨਾਂ ਦਾਮ ਦੇ ਵਾਹਿਗੁਰੂ, ਰਾਮ ਦਾ ਨਾਮ ਦੇਣਗੇ ਉਹ ਹੀ ਸੱਚਾ ਨਾਮ ਹੋਵੇਗਾ ਹੈਰਾਨੀ ਹੋਵੇਗੀ ਕਿ ਗਾਹਕ ਯਾਨੀ ਲੈਣ ਵਾਲੇ ਘੱਟ ਹੀ ਆਉਣਗੇ ਤਾਂ ਭਾਈ! ਉਹੀ ਨਾਮ ਹਰ ਕੋਈ ਕਹਿੰਦਾ ਹੈ ਨਾਮ ਦੇ ਭਰਮ ‘ਚ ਕਿਸੇ ਚੱਕਰ ‘ਚ ਨਾ ਪੈ ਜਾਣਾ ਆਪਣੇ ਦੇਸ਼ ‘ਚ ਨਕਲ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਇਸੇ ‘ਤੇ ਇੱਕ ਗੱਲ ਧਿਆਨ ‘ਚ ਆਈ ਕਿ ਅਮਰੀਕਾ ਤੋਂ ਇੱਕ ਸੱਜਣ ਇੱਥੇ ਯਾਨੀ ਭਾਰਤ ਆਏ ਉਹ ਆਪਣੀ ਗੱਡੀ ਵੀ ਨਾਲ ਲੈ ਕੇ ਆਏ ਬਾਹਰ ਦੀ ਗੱਡੀ ਸੀ ਇੱਧਰ ਉਸ ਦਾ ਸਮਾਨ ਕਿੱਥੇ ਮਿਲਣਾ ਸੀ? ਪੂਰਾ ਭਾਰਤ ਘੁੰਮਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਸਾਰਾ ਦੇਸ਼ ਘੁੰਮਦੇ-ਘੁੰਮਾਉਂਦੇ ਉਨ੍ਹਾਂ ਦੀ ਗੱਡੀ ਦਾ ਫੈਨਵੈਲਟ ਆਦਿ ਖਰਾਬ ਹੋ ਗਿਆ ਉਨ੍ਹਾਂ ਨੇ ਕਿਸੇ ਮਿਸਤਰੀ ਨੂੰ ਕਿਹਾ, ਭਾਈ! ਇਹ ਖਰਾਬ ਹੋ ਗਿਆ ਹੈ ਤੁਸੀਂ ਇਸ ਨੂੰ ਪਾ ਦਿਓ ਮਿਸਤਰੀ ਨੇ ਚੈੱਕ ਕੀਤਾ ਅਤੇ ਕਹਿਣ ਲੱਗਿਆ,
ਅਜਿਹਾ ਹੈ ਕਿ ਇਹ ਆਰਿਜ਼ਨਲ ਤਾਂ ਸਾਡੇ ਕੋਲ ਨਹੀਂ ਹੈ, ਕੋਈ ਜੁਗਾੜ ਕਰ ਦਿੰਦੇ ਹਾਂ ਉਹ ਕਹਿੰਦਾ, ਠੀਕ ਹੈ ਤੁਹਾਨੂੰ ਪਤਾ ਹੀ ਹੈ ਜੁਗਾੜ ‘ਚ ਤਾਂ ਆਪਣੇ ਮਾਹਿਰ ਹਨ ਮਿਸਤਰੀ ਨੇ ਜੁਗਾੜ ਕੀਤਾ ਤਾਂ ਗੱਡੀ ਚੱਲ ਪਈ ਅੱਗੇ ਗਿਆ ਤਾਂ ਅੱਗੇ ਜਾ ਕੇ ਫਿਰ ਕੋਈ ਇੰਜਣ ‘ਚ ਖਰਾਬੀ ਆ ਗਈ ਫਿਰ ਉਸ ਨੇ ਮਿਸਤਰੀ ਨੂੰ ਦਿਖਾਇਆ ਮਿਸਤਰੀ ਕਹਿਣ ਲੱਗਿਆ, ਇਸ ਦਾ ਫਲਾਂ ਪੁਰਜਾ ਖਰਾਬ ਹੈ ਤਾਂ ਉਹ ਕਹਿਣ ਲੱਗਿਆ, ਪਾ ਦਿਓ ਮਿਸਤਰੀ ਕਹਿੰਦਾ, ਜੀ! ਓਰੀਜ਼ਨਲ ਤਾਂ ਨਹੀਂ ਹੈ ਪਰ ਜੁਗਾੜ ਕਰ ਦਿੰਦੇ ਹਾਂ ਉਹ ਜੁਗਾੜ ਕਰ ਦਿੱਤਾ, ਗੱਡੀ ਚੱਲ ਪਈ ਇੰਜ ਕਰਦੇ-ਕਰਦੇ ਸਾਰਾ ਭਾਰਤ ਘੁੰਮਦੇ-ਘੁੰਮਦੇ ਕਈ ਜਗ੍ਹਾ ‘ਤੇ ਗੱਡੀ ਖਰਾਬ ਹੋਈ ਅਤੇ ਜੁਗਾੜ ਕਰਕੇ ਉਸ ਨੂੰ ਚਲਾ ਦਿੱਤਾ ਗਿਆ ਉਹ ਆਪਣੇ ਦੇਸ਼ ‘ਚ ਚਲਿਆ ਗਿਆ ਦੇਸ਼ ਵਾਲਿਆਂ ਨੇ ਪੁੱਛਿਆ, ਸੁਣਾ ਭਾਈ! ਭਾਰਤ ਕਿਵੇਂ ਦਾ ਹੈ? ਕਹਿੰਦਾ, ਬਹੁਤ ਵਧੀਆ ਹੈ, ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹਨ, ਮਾਲਕ ਦੀ ਚਰਚਾ ਉੱਥੇ ਬਹੁਤ ਹੈ
ਪਰ ਉੱਥੇ ਇੱਕ ਅਜੂਬਾ ਹੈ ਕਹਿਣ ਲੱਗੇ, ਕਿਹੜਾ ਅਜੂਬਾ! ਕਹਿੰਦਾ, ਜੇਕਰ ਤੁਹਾਡੀ ਗੱਡੀ ਖਰਾਬ ਹੋ ਜਾਵੇ ਤਾਂ ਉਨ੍ਹਾਂ ਦੇ ਕੋਲ ਇੱਕ ਜੁਗਾੜ ਨਾਂਅ ਦਾ ਪੁਰਜਾ ਹੈ ਜੋ ਜਿੱਥੇ ਵੀ ਲਾ ਦੇਣ ਫਿੱਟ ਹੋ ਜਾਂਦਾ ਹੈ ਅਤੇ ਗੱਡੀ ਚੱਲਣ ਲੱਗਦੀ ਹੈ ਅਸਲ ‘ਚ ਇੱਧਰ ਜੁਗਾੜ ਬਹੁਤ ਹੁੰਦਾ ਹੈ ਨਾਮ-ਨਾਮ ਕਹਿ ਕੇ ਕੋਈ ਵੀ ਫਿੱਟ ਕਰ ਦਿੰਦਾ ਹੈ ਨਾਮ ਅਤੇ ਬਦਲੇ ‘ਚ ਲੁੱਟ ਲਿਆ ਜਾਂਦਾ ਹੈ ਤੁਹਾਨੂੰ ਨਾਮ ਦਿੱਤਾ ਹੈ ਏਨੇ ਨੋਟ ਕੱਢੋ ਅਤੇ ਇਨਸਾਨ ਨੋਟ ਚੜ੍ਹਾ ਦਿੰਦਾ ਹੈ ਇਸ ਚੱਕਰ ਜੁਗਾੜ ਵਾਲੇ ‘ਚ ਨਾ ਪੈ ਜਾਣਾ ਉਹ ਅੱਲ੍ਹਾ, ਵਾਹਿਗੁਰੂ, ਰਾਮ ਤੁਹਾਡੇ ਅੰਦਰ ਬੈਠਾ ਹੈ ਅਤੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਇਹ ਬਿਲਕੁਲ ਸਿੱਧਾ ਰਸਤਾ ਨਾਮ ਦਾ ਬਣਾਇਆ ਹੈ ਨਾਮ ਲਓ, ਘਰ-ਪਰਿਵਾਰ ‘ਚ ਰਹੋ ਕਰਮਯੋਗੀ ਬਣੋ, ਚੰਗੇ ਨੇਕ ਕਰਮ ਕਰੋ ਨਾਲ ਹੀ ਨਾਮ ਲੈ ਕੇ ਗਿਆਨਯੋਗੀ ਬਣੋ ਕਿਉਂਕਿ ਕਰਮਯੋਗੀ ਬਣ ਜਾਓਗੇ ਤਾਂ ਕਰਮ ਤਾਂ ਗਲਤ ਵੀ ਕਰ ਲਓਗੇ ਜੇਕਰ ਗਿਆਨ ਨਹੀਂ ਹੈ ਇਸ ਲਈ ਗਿਆਨਯੋਗੀ ਵੀ ਬਣੋ ਕਈਆਂ ਨੂੰ ਗਿਆਨ ਹੁੰਦਾ ਹੈ,
ਵੱਡੇ-ਵੱਡੇ ਗ੍ਰੰਥਾਂ ਦਾ ਰੱਟਾ ਲਾ ਲੈਂਦੇ ਹਨ ਪਰ ਅਮਲ ਖੁਦ ਨਹੀਂ ਕਰਦੇ, ਤਾਂ ਅਜਿਹੇ ਗਿਆਨ ਦਾ ਕੋਈ ਫਾਇਦਾ ਨਹੀਂ ਹੈ ਬੋਝਾ ਢੋਣ ਤੋਂ ਇਲਾਵਾ ਕੁਝ ਵੀ ਨਹੀਂ ਹੈ ਗਿਆਨਯੋਗੀ ਵੀ ਬਣੋ ਅਤੇ ਕਰਮਯੋਗੀ ਵੀ ਬਣੋ ਮਾਲਕ ਦਾ ਉਹ ਪਾਕ-ਪਵਿੱਤਰ ਨਾਮ ਤੁਸੀਂ ਘਰ, ਪਰਿਵਾਰ ‘ਚ ਰਹਿੰਦੇ ਹੋਏ ਲੈ ਸਕਦੇ ਹੋ ਕੋਈ ਦਾਮ ਨਹੀਂ ਦੇਣਾ, ਕੋਈ ਧਰਮ ਨਹੀਂ ਛੱਡਣਾ, ਪੈਸਾ ਨਹੀਂ ਚੜ੍ਹਾਉਣਾ, ਕੋਈ ਢੌਂਗ ਪਾਖੰਡ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿ ਏਨੀ ਵੱਡੀ ਗਿਣਤੀ ‘ਚ ਜਿੱਥੇ ਵੀ ਨਜ਼ਰ ਮਾਰੋ ਉੱਥੇ ਬੇਪਰਵਾਹ ਮਸਤਾਨਾ ਜੀ ਦੇ ਬਚਨ ਕਿ ‘ਨਜ਼ਰ ਮਾਰੋਗੇ ਤਾਂ ਧਰਤੀ ਨਜ਼ਰ ਨਹੀਂ ਆਏਗੀ ਸਿਰਫ਼ ਸਿਰ ਹੀ ਸਿਰ ਨਜ਼ਰ ਆਉਣਗੇ ਉਹ ਅੱਲ੍ਹਾ, ਰਾਮ, ਵਾਹਿਗੁਰੂ ਦਾ ਇਹ ਨਜ਼ਾਰਾ ਸਾਹਮਣੇ ਨਜ਼ਰ ਆ ਰਿਹਾ ਹੈ ਧੰਨ ਹਨ ਅਜਿਹੇ ਮੁਰਸ਼ਿਦੇ-ਕਾਮਲ ਜਿਨ੍ਹਾਂ ਨੇ ਅੱਜ ਤੋਂ ਚਾਲੀ ਸਾਲ ਪਹਿਲਾਂ ਅੱਜ ਦੀ ਗੱਲ ਕਹੀ ਹੈ ਇਹ ਕੋਈ ਮਾਮੂਲੀ ਗੱਲ ਨਹੀਂ, ਉਹ ਤਾਂ ਤੁਹਾਡਾ ਪਿਆਰ ਠਾਠਾਂ ਮਾਰ ਰਿਹਾ ਹੈ ਸਮੁੰਦਰ ਅੱਲ੍ਹਾ, ਵਾਹਿਗੁਰੂ, ਰਾਮ ਦਾ ਪਿਆਰ ਨਜ਼ਰ ਆ ਰਿਹਾ ਹੈ