ਦੂਰ ਭਜਾਓ ਤਣਾਅ (Drive away stress) ਅੱਜ ਦੀ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਕੌਣ ਅਜਿਹਾ ਵਿਅਕਤੀ ਹੈ ਜੋ ਤਣਾਅ ਦਾ ਸ਼ਿਕਾਰ ਨਹੀਂ ਅਸੀਂ ਤਣਾਅ ਨੂੰ ਰੋਕ ਤਾਂ ਨਹੀਂ ਸਕਦੇ ਪਰ ਅਸੀਂ ਉਸ ’ਤੇ ਕੰਟਰੋਲ ਕਰ ਸਕਦੇ ਹਾਂ।
ਤਣਾਅ ਨੂੰ ਦੂਰ ਭਜਾਉਣ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿਓ:-
- ਆਪਣੇ ਦਿਮਾਗ ’ਤੇ ਆਪਣੇ ਰੋਜ਼ਾਨਾ ਦੇ ਪ੍ਰੋਗਰਾਮ ਯਾਦ ਰੱਖਣ ਦਾ ਬੋਝ ਨਾ ਪਾਓ ਇਸਦੇ ਬਦਲੇ ਤੁਸੀਂ ਇੱਕ ਡਾਇਰੀ ਬਣਾਓ ਜਿਸ ’ਚ ਆਪਣੇ ਰੋਜ਼ਾਨਾ ਦੇ ਖਾਸ ਪ੍ਰੋਗਰਾਮਾਂ ਨੂੰ ਨੋਟ ਕਰੋ।
- ਰੋਜ਼ ਸਵੇਰੇ ਮਿੱਥੇ ਸਮੇਂ ਤੋਂ 15 ਮਿੰਟ ਪਹਿਲਾਂ ਜਾਗੋ ਤਾਂ ਕਿ ਤੁਹਾਨੂੰ ਜ਼ਿਆਦਾ ਭੱਜ-ਦੌੜ ਨਾ ਕਰਨੀ ਪਵੇ ਤੇ ਤੁਹਾਡੇ ਦਿਨ ਦੀ ਸ਼ੁਰੂਆਤ ਤਣਾਅ ਰਹਿਤ ਹੋਵੇ।
- ਸਵੇਰ ਲਈ ਕੱਪੜੇ ਰਾਤ ਨੂੰ ਪ੍ਰੈੱਸ ਕਰਕੇ ਸੌਂਵੋ ਆਪਣਾ ਬ੍ਰੀਫਕੇਸ ਜਾਂ ਹੋਰ ਸਾਮਾਨ ਜਿਸ ਦੀ ਲੋੜ ਤੁਹਾਨੂੰ ਸਵੇਰੇ ਪੈ ਸਕਦੀ ਹੈ, ਰਾਤ ਨੂੰ ਹੀ ਤਿਆਰ ਕਰ ਲਓ।
- ਉਹ ਔਰਤਾਂ ਜੋ ਨੌਕਰੀਪੇਸ਼ਾ ਹਨ, ਉਹ ਸਵੇਰ ਦੇ ਨਾਸ਼ਤੇ ’ਚ ਕੀ ਬਣਾਉਣਾ ਹੈ, ਰਾਤ ਨੂੰ ਹੀ ਤੈਅ ਕਰ ਲੈਣ ਤਾਂ ਕਿ ਸਵੇਰੇ ਉਨ੍ਹਾਂ ਨੂੰ ਆਪਣੇ ਦਿਮਾਗ ’ਤੇ ਜ਼ਿਆਦਾ ਜ਼ੋਰ ਨਾ ਦੇਣਾ ਪਵੇ ਕਿ ਕੀ ਬਣਾਉਣਾ ਹੈ।
- ਆਪਣੀ ਕਾਰ ਅਤੇ ਜ਼ਰੂਰੀ ਸਾਮਾਨਾਂ ਦੇ ਰੱਖ-ਰਖਾਅ ਵੱਲ ਸਮੇਂ-ਸਮੇਂ ’ਤੇ ਧਿਆਨ ਦਿੰਦੇ ਰਹੋ ਤਾਂ ਕਿ ਇੱਕਦਮ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
- ਅੱਜ ਦੇ ਕੰਮ ਨੂੰ ਕੱਲ੍ਹ ’ਤੇ ਟਾਲਣ ਦੀ ਕੋਸ਼ਿਸ਼ ਨਾ ਕਰੋ ਕੋਸ਼ਿਸ਼ ਕਰਕੇ ਉਸਨੂੰ ਉਸੇ ਸਮੇਂ ਨਿਪਟਾ ਲਓ।
- ਕੋਈ ਵੀ ਕੰਮ ਹੋਵੇ ਪਰ ਆਪਣੇ ਭੋਜਨ ’ਤੇ ਖਾਸ ਧਿਆਨ ਦਿਓ ਅਤੇ ਤਿੰਨੇ ਸਮੇਂ ਭੋਜਨ ਕਰੋ ਭੋਜਨ ਛੱਡਣ ਜਾਂ ਠੀਕ ਤਰ੍ਹਾਂ ਨਾ ਕਰਨ ਨਾਲ ਤੁਸੀਂ ਖੁਦ ਚੰਗਾ ਮਹਿਸੂਸ ਨਹੀਂ ਕਰੋਗੇ ਅਤੇ ਇਸਦਾ ਅਸਰ ਤੁਹਾਡੇ ਕੰਮ ’ਤੇ ਪੈ ਸਕਦਾ ਹੈ।
- ਆਪਣੀਆਂ ਜ਼ਰੂਰੀ ਚੀਜ਼ਾਂ ਨੂੰ ਉਨ੍ਹਾਂ ਦੀ ਸਹੀ ਥਾਂ ’ਤੇ ਰੱਖੋ ਇਸ ਨਾਲ ਤੁਹਾਨੂੰ ਚੀਜ਼ਾਂ ਨੂੰ ਲੱਭਣ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ ਤੇ ਸਮੇਂ ਦੀ ਵੀ ਬੱਚਤ ਹੋਵੇਗੀ।
- ਆਪਣੇ ਰੂਟੀਨ ਦੇ ਪ੍ਰੋਗਰਾਮ ਨੂੰ ਇਸ ਤਰ੍ਹਾਂ ਨਿਰਧਾਰਿਤ ਕਰੋ ਕਿ ਤੁਹਾਨੂੰ ਚਿੰਤਾ, ਭੱਜ-ਦੌੜ ਅਤੇ ਦੇਰ ਨਾਲ ਆਫਿਸ ਆਉਣ ਦੀ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ।
- ਤਣਾਅ ਨੂੰ ਦੂਰ ਭਜਾਉਣ ਲਈ ਅੱਧਾ ਘੰਟਾ ਪੈਦਲ ਤੁਰੋ ਕਿਸੇ ਵੀ ਤਰ੍ਹਾਂ ਦੀ ਕਸਰਤ ਵੀ ਫਾਇਦੇਮੰਦ ਹੈ।
- ਇੱਕ ਅਜਿਹਾ ਦੋਸਤ ਬਣਾਓ ਜਿਸ ਨਾਲ ਤੁਸੀਂ ਆਪਣੇ ਸੁੱਖ-ਦੁੱਖ ਵੰਡ ਸਕੋ ਇੱਕ ਭਰੋਸੇਯੋਗ ਦੋਸਤ ਤੁਹਾਨੂੰ ਪ੍ਰੇਸ਼ਾਨੀ ਦੇ ਸਮੇਂ ਸਲਾਹ ਦੇ ਸਕਦਾ ਹੈ।
- ਜੇਕਰ ਕੋਈ ਤੁਹਾਨੂੰ ਬੇਵਜ੍ਹਾ ਕੰਮ ਕਰਨ ਨੂੰ ਕਹੇ ਜਿਸ ਲਈ ਤੁਹਾਡੇ ਕੋਲ ਨਾ ਤਾਂ ਸਮਾਂ ਹੋਵੇ ਅਤੇ ਨਾ ਕਰਨ ਦੇ ਸਮਰੱਥ ਹੋਵੋ ਤਾਂ ਤੁਸੀਂ ਉਸਨੂੰ ਸਾਫ ਮਨ੍ਹਾ ਕਰ ਦਿਓ।
- ਚੰਗੀ ਨੀਂਦ ਲਓ ਸਹੀ ਸਮੇਂ ’ਤੇ ਨੀਂਦ ਤੁਹਾਡੀ ਸਿਹਤ ਨੂੰ ਵਧੀਆ ਰੱਖਦੀ ਹੈ।
- ਜਦੋਂ ਕੰਮ ਦਾ ਜ਼ਿਆਦਾ ਦਬਾਅ ਹੋਵੇ ਤਾਂ ਕੰਮ ਤੋਂ ਬਾਅਦ ਛੋਟੇ, ਹਲਕੇ ਸਾਹ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
- ਜੇਕਰ ਤੁਸੀਂ ਕੋਈ ਅਜਿਹਾ ਕੰਮ ਕਰ ਰਹੇ ਹੋ ਜੋ ਤੁਹਾਨੂੰ ਪਸੰਦ ਨਾ ਹੋਵੇ ਤਾਂ ਉਸਨੂੰ ਛੇਤੀ ਤੋਂ ਛੇਤੀ ਖ਼ਤਮ ਕਰ ਦਿਓ।
- ਇੱਕ ਸਮੇਂ ’ਚ ਇੱਕ ਹੀ ਕੰਮ ਕਰੋ।
- ਚਿੰਤਾ ਕਰਨਾ ਛੱਡੋ ਜੇਕਰ ਤੁਹਾਨੂੰ ਕੋਈ ਚਿੰਤਾ ਹੈ ਤਾਂ ਉਸਨੂੰ ਦੂਰ ਕਰਨ ਦਾ ਉਪਾਅ ਕਰੋ ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਉਸ ਬਾਰੇ ਸੋਚਣਾ ਛੱਡ ਦਿਓ।
- ਦਿਨ ’ਚ ਘੱਟੋ-ਘੱਟ ਇੱਕ ਕੰਮ ਅਜਿਹਾ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੇ ਅਤੇ ਤੁਸੀਂ ਚੰਗਾ ਮਹਿਸੂਸ ਕਰੋ।
- ਕਿਸੇ ਹੋਰ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ-ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਇਸ ਨਾਲ ਤਣਾਅ ਖੁਦ ਘੱਟ ਹੋ ਜਾਵੇਗਾ।
- ਜੇਕਰ ਕੋਈ ਤੁਹਾਡੀ ਨਿੰਦਿਆ ਕਰ ਰਿਹਾ ਹੈ ਤਾਂ ਗੁੱਸੇ ’ਚ ਪਾਗਲ ਨਾ ਬਣੋ ਸ਼ਾਂਤੀ ਅਤੇ ਸਹਿਣਸ਼ਕਤੀ ਨਾਲ ਉਸਦਾ ਜਵਾਬ ਦਿਓ।
- ਇਹ ਕਸਰਤ ਵੀ ਤੁਹਾਡੇ ਦਿਮਾਗ ਦੀ ਪ੍ਰੇਸ਼ਾਨੀ ਘੱਟ ਕਰੇਗੀ- ਮੂੰਹ ’ਚੋਂ 8 ਜਾਂ 10 ਲੰਮੇ-ਲੰਮੇ ਸਾਹ ਲਓ, ਫਿਰ ਛੱਡੋ ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ।
-ਸੋਨੀ ਮਲਹੋਤਰਾ