ਈਸ਼ਵਰ ਦੀ ਬਣਾਈ ਹੋਈ ਸਰਵਸ੍ਰੇਸ਼ਠ, ਸਭ ਤੋਂ ਖੂਬਸੂਰਤ ਅਤੇ ਅਨਮੋਲ ਕ੍ਰਿਤੀ ਹਨ ਨੰਨ੍ਹੇ-ਮੁੰਨੇ, ਹੱਸਦੇ-ਮੁਸਕੁਰਾਉਂਦੇ, ਮਾਸੂਮ ਬੱਚੇ ਇੱਕ ਪਾਸੇ ਜਿੱਥੇ ਇਨ੍ਹਾਂ ਦੀ ਇੱਕ ਕਿਲਕਾਰੀ ਨਾਲ ਹੀ ਘਰ ਦੇ ਹਰ ਜੀਅ ਦਾ ਚਿਹਰਾ ਖਿਡ ਉੱਠਦਾ ਹੈ, ਉੱਥੇ ਬੱਚੇ ਦੀ ਸਿਰਫ ਇੱਕ ਛੋਟੀ ਜਿਹੀ ਪ੍ਰੇਸ਼ਾਨੀ ਵੀ ਸਭ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦੇਣ ਲਈ ਕਾਫੀ ਹੁੰਦੀ ਹੈ।
ਨਵਜੰਮੇ ਬੱਚਿਆਂ ਦੀ ਸਭ ਤੋਂ ਵੱਡੀ ਮਜ਼ਬੂਰੀ ਇਹ ਹੁੰਦੀ ਹੈ ਕਿ ਉਹ ਆਪਣੀ ਕਿਸੇ ਵੀ ਪੇ੍ਰਸ਼ਾਨੀ ਨੂੰ ਕਹਿ ਕੇ ਪ੍ਰਗਟ ਨਹੀਂ ਕਰ ਸਕਦੇ, ਅਖੀਰ ਮਾਂ ਨੂੰ ਹੀ ਆਪਣੇ ਦਿਮਾਗ, ਬੁੱਧੀ ਅਤੇ ਸਮਝਦਾਰੀ ਨਾਲ ਆਪਣੇ ਬੱਚੇ ਦੀ ਪ੍ਰੇਸ਼ਾਨੀ ਨੂੰ ਸਮਝਣਾ ਪੈਂਦਾ ਹੈ ਪਰ ਜੇਕਰ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਬੱਚਿਆਂ ਨੂੰ ਹੋਣ ਵਾਲੀਆਂ ਕਈ ਬੇਮਤਲਬ ਦੀਆਂ ਪ੍ਰੇਸ਼ਾਨੀਆਂ ਨੂੰ ਟਾਲ਼ਿਆ ਜਾ ਸਕਦਾ ਹੈ।
- ਬੱਚੇ ਦੇ ਜਨਮ ਤੋਂ ਤੁਰੰਤ ਹੀ ਉਸਨੂੰ ਦਿੱਤੇ ਜਾਣ ਵਾਲੇ ਜ਼ਰੂਰੀ ਟੀਕੇ ਸਮੇਂ-ਸਮੇਂ ’ਤੇ ਜਰੂਰ ਲਵਾਓ।
- ਬੱਚੇ ਦੇ ਜਨਮ ਤੋਂ ਬਾਅਦ ਜਲਦ ਤੋਂ ਜਲਦ ਬੱਚੇ ਨੂੰ ਮਾਂ ਦਾ ਦੁੱਧ ਸ਼ੁਰੂ ਕਰਵਾਓ ਡਿਲੀਵਰੀ ਤੋਂ ਬਾਅਦ ਪਹਿਲੇ ਕੁਝ ਘੰਟਿਆਂ ’ਚ ਮਾਂ ਦੇ ਦੁੱਧ ’ਚ ਕੋਲਸਟ੍ਰਮ ਪਾਇਆ ਜਾਂਦਾ ਹੈ ਜੋ ਬੱਚੇ ਲਈ ਅੰਮ੍ਰਿਤ ਹੁੰਦਾ ਹੈ ਇਹ ਕੋਲਸਟ੍ਰਮ ਬੱਚੇ ਦੀ ਰੋਗ-ਰੋਕੂ ਸ਼ਕਤੀ ਨੂੰ ਵਧਾਉਂਦਾ ਹੈ।
ਕੁਝ ਪਰਿਵਾਰਾਂ ’ਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਸ਼ਹਿਦ ਚਟਾਉਣ ਦਾ ਰਿਵਾਜ਼ ਹੁੰਦਾ ਹੈ ਪਰ ਅਜਿਹਾ ਕਦੇ ਨਾ ਕਰੋ। - ਬੱਚੇ ਨੂੰ ਕਦੇ ਵੀ ਪਿਆਰ ਕਰਨ ਲਈ ਚੁੰਮੋ ਨਾ ਨਵਜੰਮੇ ਬੱਚਿਆਂ ਦੀ ਰੋਗ-ਰੋਕੂ ਸਮੱਰਥਾ ਬਹੁਤ ਘੱਟ ਹੁੰਦੀ ਹੈ ਚੁੰਮਣ ਆਦਿ ਨਾਲ ਉਨ੍ਹਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ।
- ਬੱਚਿਆਂ ਦੀਆਂ ਅੱਖਾਂ ’ਚ ਸੁਰਮਾ ਕਦੇ ਨਾ ਪਾਓ ਇਹ ਇੱਕ ਮਿੱਥਕ ਹੀ ਹੈ ਕਿ ਸੁਰਮਾ ਪਾਉਣ ਨਾਲ ਅੱਖਾਂ ਮੋਟੀਆਂ, ਕਾਲੀਆਂ ਅਤੇ ਸੁੰਦਰ ਹੁੰਦੀਆਂ ਹਨ ਜਾਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਧਦੀ ਹੈ ਸੁਰਮਾ ਪਾਉਣ ਨਾਲ ਫਾਇਦੇ ਦੀ ਬਜਾਇ ਬੱਚੇ ਨੂੰ ਨੁਕਸਾਨ ਹੀ ਹੁੰਦਾ ਹੈ।
- ਜਦੋਂ ਵੀ ਬੱਚਾ ਨੈਪੀ ਗਿੱਲੀ ਕਰੇ, ਉਸ ਨੂੰ ਤੁਰੰਤ ਬਦਲੋ ਗਿੱਲੇਪਣ ’ਚ ਫੰਗਲ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।
- ਡਾਈਪਰਸ ਦੀ ਵਰਤੋਂ ਜਦੋਂ ਤੱਕ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ, ਨਾ ਕਰੋ।
- ਚਾਰ ਮਹੀਨਿਆਂ ਦੀ ਉਮਰ ਤੱਕ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਕੋਈ ਵੀ ਓਪਰਾ ਆਹਾਰ ਨਾ ਦਿਓ।
- ਚਾਰ ਮਹੀਨਿਆਂ ਦੀ ਉਮਰ ਤੋਂ ਬਾਅਦ ਬੱਚੇ ਨੂੰ ਹੋਰ ਓਪਰਾ ਆਹਾਰ ਜਿਵੇਂ ਮਿੱਧਿਆ ਹੋਇਆ ਕੇਲਾ, ਮੂੰਗ ਦੀ ਦਾਲ ਦਾ ਪਾਣੀ, ਚੌਲ ਦਾ ਪਾਣੀ, ਟਮਾਟਰ ਦਾ ਸੂਪ, ਪਤਲੀ ਖਿਚੜੀ, ਉਬਾਲ ਕੇ ਮਿੱਧਿਆ ਹੋਇਆ ਆਲੂ, ਸੈਰੇਲੇਕ ਆਦਿ ਸ਼ੁਰੂ ਕਰ ਦਿਓ।
- ਬੱਚੇ ਨੂੰ ਕਦੇ ਵੀ ਬੋਤਲ ਨਾਲ ਦੁੱਧ ਨਾ ਪਿਆਓ ਓਪਰਾਂ ਦੁੱਧ ਦੇਣ ਲਈ ਸਿਰਫ ਕੌਲੀ ਚਮਚ ਦੀ ਹੀ ਵਰਤੋਂ ਕਰੋ।
- ਬੱਚੇ ਦੀ ਕਿਸੇ ਚੰਗੀ ਬੇਬੀ ਆਇਲ ਨਾਲ ਰੋਜ਼ ਮਾਲਿਸ਼ ਕਰੋ ਅਤੇ ਥੋੜ੍ਹੀ ਦੇਰ ਹਲਕੀ ਧੁੱਪ ’ਚ ਲਿਟਾਓ।
- ਬੱਚੇ ਨੂੰ ਸਿੱਧਾ ਕੂਲਰ ਦੀ ਹਵਾ ਜਾਂ ਬਲੋਅਰ ਦੇ ਸਾਹਮਣੇ ਨਾ ਲਿਟਾਓ।
- ਬੱਚੇ ਦੇ ਕਮਰੇ ’ਚ ਪਾਲਤੂ ਜਾਨਵਰ ਜਾਂ ਫਰ ਵਾਲੇ ਖਿਡੌਣੇ ਨਾ ਲਿਜਾਓ ਕਈ ਬੱਚਿਆਂ ਨੂੰ ਫਰ ਤੋਂ ਐਲਰਜੀ ਹੋ ਜਾਂਦੀ ਹੈ।
- ਨਵਜੰਮੇ ਬੱਚੇ ਨੂੰ ਬਹੁਤ ਛੋਟੇ ਬੱਚਿਆਂ ਦੀ ਗੋਦੀ ’ਚ ਨਾ ਦਿਓ।
- ਬੱਚੇ ਜਦੋਂ ਪਲਟਣਾ ਸ਼ੁਰੂ ਕਰ ਦੇਣ ਤਾਂ ਉਨ੍ਹਾਂ ਨੂੰ ਬਿਸਤਰ ’ਤੇ ਵਿਚਲੀ ਸਾਈਡ ’ਚ ਹੀ ਲਿਟਾਓ ਅਤੇ ਪਲੰਘ ਦੇ ਚਾਰੇ ਪਾਸੇ ਸਿਰ੍ਹਾਣੇ ਆਦਿ ਲਾ ਦਿਓ ਤਾਂ ਕਿ ਬੱਚੇ ਪਲਟਣ ਨਾਲ ਹੇਠਾਂ ਨਾ ਡਿੱਗ ਜਾਣ ਬਿਹਤਰ ਹੋਵੇਗਾ ਜੇਕਰ ਬੱਚੇ ਨੂੰ ਜ਼ਮੀਨ ’ਤੇ ਹੀ ਬਿਸਤਰ ਵਿਛਾ ਕੇ ਲਿਟਾਇਆ ਜਾਵੇ।
- ਜਦੋਂ ਬੱਚੇ ਦੇ ਦੰਦ ਨਿੱਕਲਣ ਲੱਗਦੇ ਹਨ ਤਾਂ ਉਸ ਦੀ ਹਰ ਚੀਜ਼ ਮੂੰਹ ’ਚ ਪਾਉਣ ਦੀ ਆਦਤ ਹੁੰਦੀ ਹੈ ਧਿਆਨ ਰੱਖੋ ਬੱਚੇ ਦੇ ਆਸ-ਪਾਸ ਕੋਈ ਵੀ ਅਜਿਹੀ ਚੀਜ਼ ਨਾ ਹੋਵੇ ਜੋ ਉਹ ਮੂੰਹ ’ਚ ਪਾ ਕੇ ਆਪਣੇ-ਆਪ ਨੂੰ ਨੁਕਸਾਨ ਪਹੁੰਚਾ ਲਵੇ ਜਿਵੇਂ ਬਟਨ, ਸੂਈ, ਖਿਡੌਣਿਆਂ ਦੇ ਛੋਟੇ-ਛੋਟੇ ਬਲਾਕਸ ਆਦਿ।
- ਬੱਚਿਆਂ ਦੇ ਮੂੰਹ ’ਚ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਜਿਵੇਂ-ਟੀਦਰ, ਕਟੋਰੀ, ਚਮਚ, ਬੱਚੇ ਦੇ ਹੱਥ, ਨਹੁੰ ਆਦਿ ਦੀ ਸਫਾਈ ਦਾ ਖਾਸ ਧਿਆਨ ਰੱਖੋ ਜ਼ਰਾ ਜਿਹੀ ਵੀ ਗੰਦਗੀ ਇਨਫੈਕਸ਼ਨ ਫੈਲਾ ਸਕਦੀ ਹੈ, ਜਿਸ ਨਾਲ ਡਾਇਰੀਆ ਹੋਣ ’ਚ ਦੇਰੀ ਨਹੀਂ ਲੱਗਦੀ।
- ਬੱਚਿਆਂ ਨੂੰ ਹਮੇਸ਼ਾ ਸੂਤੀ ਅਤੇ ਆਰਾਮਦਾਇਕ ਕੱਪੜੇ ਪਹਿਨਾਓ ਕਦੇ ਵੀ ਤੰਗ ਕੱਪੜੇ ਨਾ ਪਹਿਨਾਓ।
- ਧਿਆਨ ਰੱਖੋ ਕਿ ਬੱਚੇ ਦੇ ਖਿਡੌਣਿਆਂ ਦੇ ਕਿਨਾਰੇ ਤਿੱਖੇ ਅਤੇ ਧਾਰਦਾਰ ਨਾ ਹੋਣ ਉਨ੍ਹਾਂ ਦੇ ਕਿਨਾਰੇ ਗੋਲਾਕਾਰ ਹੀ ਹੋਣ।
- 10-11 ਮਹੀਨਿਆਂ ਦੀ ਉਮਰ ਤੋਂ ਬਾਅਦ ਬੱਚੇ ਨੂੰ ਸੰਪੂਰਨ ਆਹਾਰ ਅਰਥਾਤ ਦਾਲ, ਚੌਲ, ਸਬਜ਼ੀ, ਰੋਟੀ, ਦਹੀਂ, ਸਲਾਦ ਦੇਣਾ ਸ਼ੁਰੂ ਕਰ ਦਿਓ ਸਮੇਂ-ਸਮੇਂ ’ਤੇ ਬੱਚੇ ਦਾ ਚੈਕਅੱਪ ਕਿਸੇ ਮਾਹਿਰ ਬਾਲ ਰੋਗ ਮਾਹਿਰ ਤੋਂ ਕਰਵਾਉਂਦੇ ਰਹੋ ਤਾਂ ਕਿ ਪਤਾ ਲੱਗ ਸਕੇ ਕਿ ਬੱਚੇ ਦਾ ਵਜ਼ਨ ਆਦਿ ਉਮਰ ਦੇ ਅਨੁਸਾਰ ਵਧ ਰਿਹਾ ਹੈ ਜਾਂ ਨਹੀਂ ਜਾਂ ਹੋਰ ਕੋਈ ਪ੍ਰੇਸ਼ਾਨੀ ਬੱਚੇ ਨੂੰ ਤਾਂ ਨਹੀਂ ਹੈ।
ਜੋਤੀ ਗੁਪਤਾ