ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਦੁਸਹਿਰਾ Vijayadashami [Dussehra]
ਸੱਚ ਨੂੰ ਜਾਣਨ, ਸਮਝਣ ਅਤੇ ਅਪਣਾਉਣ ਦੀ ਹਿੰਮਤ ਅਤੇ ਸੰਕਲਪ ਸ਼ਾਇਦ ਸਾਡੇ ਸਾਰਿਆਂ ’ਚ ਖ਼ਤਮ ਹੁੰਦਾ ਜਾ ਰਿਹਾ ਹੈ ਜਦੋਂਕਿ ਦੁਸਹਿਰਾ ਇਸੇ ਹਿੰਮਤ ਅਤੇ ਸੰਕਲਪ ਦਾ ਤਿਉਹਾਰ ਹੈ ਜੀਵਨ ’ਚ ਇਨ੍ਹਾਂ ਦੋ ਮਹੱਤਵਪੂਰਨ ਸ਼ਕਤੀਆਂ ਨੂੰ ਜਾਗ੍ਰਿਤ ਕਰਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ’ਚ ਵਰਤਣ ਦੀਆਂ ਮਹਾਨ ਪ੍ਰੇਰਨਾਵਾਂ ਇਸ ਵਿਚ ਸਮਾਈਆਂ ਹਨ ਦੁਸਹਿਰੇ ਦੇ ਨਾਲ ਜਿੰਨੀਆਂ ਵੀ ਪੁਰਾਤਨ ਕਥਾਵਾਂ ਅਤੇ ਲੋਕ ਪਰੰਪਰਾਵਾਂ ਜੁੜੀਆਂ ਹਨ, ਸਭ ਦਾ ਸਾਰ ਇਹੀ ਹੈ।
ਦਰਅਸਲ ਸ੍ਰੀ ਰਾਮ ਅਤੇ ਰਾਵਣ ਦੋਵੇਂ ਹੀ ਅਲੱਗ-ਅਲੱਗ ਪ੍ਰਤੀਕ ਹਨ ਅਸੀਂ ਭਾਵੇਂ ਉਨ੍ਹਾਂ ਨੂੰ ਭਗਵਾਨ ਅਤੇ ਸ਼ੈਤਾਨ ਦੇ ਰੂਪ ’ਚ ਦੇਖੀਏ ਜਾਂ ਆਧਿਆਤਮਕ ਅਤੇ ਭੌਤਿਕਤਾਵਾਦੀ ਸੱਭਿਆਚਾਰਾਂ ਦੇ ਰੂਪ ’ਚ ਭਾਵੇਂ ਉਨ੍ਹਾਂ ਨੂੰ ਰਾਖੇ ਅਤੇ ਰਾਖ਼ਸ਼ ਦੇ ਰੂਪ ’ਚ ਦੇਖਿਆ ਜਾਵੇ ਜਾਂ ਉੱਧਾਰ ਕਰਨ ਵਾਲੇ ਅਤੇ ਦਮਨਕਾਰੀ ਤੱਤਾਂ ਦੇ ਰੂਪ ’ਚ, ਹਰ ਰੂਪ ’ਚ ਦੋ ਉਲਟ ਧਰੁਵਾਂ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ। ਇੱਕ ਪਾਸੇ ਸ੍ਰੀ ਰਾਮ ਜੀ ਹਨ ਜੋ ਆਪਣੇ ਪਿਤਾ ਦੀ ਆਗਿਆ ਦੇ ਪਾਲਣ ’ਚ, ਮਿਲਣ ਜਾ ਰਹੇ ਰਾਜ ਨੂੰ ਛੱਡ ਕੇ ਜੰਗਲਾਂ ਵੱਲ ਤੁਰ ਪੈਂਦੇ ਹਨ ਤਾਂ ਦੂਜੇ ਪਾਸੇ ਰਾਵਣ ਹੈ ਜੋ ਸਭ ਕੁਝ ਆਪਣੀ ਹੀ ਮੁੱਠੀ ’ਚ ਰੱਖਣ ’ਤੇ ਉਤਾਰੂ ਹੈ ਇੱਥੋਂ ਤੱਕ ਕਿ ਉਸਨੂੰ ਆਪਣੇ ਹੀ ਭਰਾ ਵਿਭੀਸ਼ਨ ਦੀ ਸਲਾਹ ਵੀ ਅਜਿਹੀ ਨਾਗਵਾਰ ਲੱਗਦੀ ਹੈ ਕਿ ਉਹ ਉਸਨੂੰ ਇੱਕ ਹੀ ਝਟਕੇ ’ਚ ਦੇਸ਼ ਨਿਕਾਲਾ ਦੇ ਦਿੰਦਾ ਹੈ।
ਉਸਨੂੰ ਸਿਰਫ ਆਪਣੀ ਹੀ ਸੰਪੱਤੀ ਤੋਂ ਸੰਤੁਸ਼ਟੀ ਨਹੀਂ ਮਿਲਦੀ ਸਗੋਂ ਹੋਰਾਂ ਦੀ ਸੰਪੱਤੀ ਤੱਕ ਲੁੱਟਣ ਹੜੱਪਣ ਲਈ ਉਹ ਨਿਰੰਤਰ ਯਤਨਸ਼ੀਲ ਰਹਿੰਦਾ ਹੈ ਅਤੇ ਆਪਣੇ ਧਨ ਅਤੇ ਰੁਤਬੇ ਨੂੰ ਵਧਾਉਣ ਲਈ ਉਹ ਨੀਚ ਤੋਂ ਨੀਚ ਕੰਮ ਕਰਨ ਤੋਂ ਵੀ ਬਾਜ ਨਹੀਂ ਆਉਂਦਾ, ਇੱਥੋਂ ਤੱਕ ਕਿ ਆਪਣੀ ਪਿਆਰੀ ਭੈਣ ਦੇ ਅਪਮਾਨ ਦੇ ਬਦਲੇ ਦੀ ਆੜ ’ਚ ਉਹ ਸ੍ਰੀ ਰਾਮ ਜੀ ਦੀ ਸੁੰਦਰ ਪਤਨੀ (ਸੀਤਾ ਮਾਤਾ) ਨੂੰ ਅਗਵਾ ਕਰ ਲੈਂਦਾ ਹੈ ਜਿਸਨੂੰ ਪਾਉਣ ’ਚ ਉਹ ਧਨੁਸ਼ ਯੱਗ ’ਚ ਸਫਲ ਨਹੀਂ ਹੋ ਸਕਿਆ ਸੀ ਇਸ ਦੇ ਨਾਲ ਸਰੂਪਨਖਾ ਦੇ ਮਾਨ ਭੰਗ ਹੋਣ ਦੀ ਆੜ ਵਿੱਚ ਉਹ ਮਾਤਾ ਸੀਤਾ ਜੀ ਨੂੰ ਅਗਵਾ ਕਰਨ ਤੋਂ ਨਹੀਂ ਰੁਕਿਆ।
ਦੂਜੇ ਪਾਸੇ ਸ੍ਰੀ ਰਾਮ ਜੀ ਸਰਾਪਗ੍ਰਸਤ ਅਹਿੱਲਿਆ ਨੂੰ ਸਰਾਪਮੁਕਤ ਕਰਕੇ ਔਰਤ ਉੱਧਾਰਕ ਦੇ ਰੂਪ ’ਚ ਉੱਭਰਦੇ ਹਨ ਸ਼ਬਰੀ ਦੇ ਜੂਠੇ ਬੇਰ ਖਾ ਕੇ ਉਹ ਆਪਣੇ-ਆਪ ਨੂੰ ਜਾਤ-ਪਾਤ ਤੋਂ ਬਹੁਤ ਉੱਪਰ ਸਿੱਧ ਕਰ ਦਿੰਦੇ ਹਨ, ਤਾਂ ਜਟਾਯੂ ਦਾ ਧੰਨਵਾਦ ਕਰਕੇ ਉਹ ਆਪਣੇ ਪ੍ਰਤੀ ਸ਼ਰਧਾਵਾਨ ਲੋਕਾਂ ਪ੍ਰਤੀ ਦਿਆਲੂ ਹੋਣ ਦਾ ਵੀ ਪਰਿਚੈ ਦੇ ਦਿੰਦੇ ਹਨ ਰਾਵਣ ਜਿੱਥੇ ਆਪਣੀ ਤਾਕਤ ਦੇ ਨਸ਼ੇ ’ਚ ਆਕੜਿਆ ਰਹਿਣ ਦਾ ਆਦੀ ਹੈ, ਦੂਜੇ ਪਾਸੇ ਸ੍ਰੀ ਰਾਮ ਜੀ ਜ਼ਿਆਦਾ ਵਸੀਲਿਆਂ ਦੇ ਨਾ ਹੋਣ ’ਤੇ ਵੀ ਰਾਵਣ ਵਰਗੇ ਮਹਾਂਬਲੀ ਨੂੰ ਹਰਾ ਦਿੱਤਾ ਇੱਥੇ ਇੱਕ ਵਾਰ ਫਿਰ ਇਹੀ ਸਿੱਧ ਹੁੰਦਾ ਹੈ ਕਿ ਟੀਚਾ ਪ੍ਰਾਪਤੀ ਲਈ ਵਸੀਲੇ ਨਹੀਂ ਇੱਕ ਦ੍ਰਿਸ਼ਟੀ, ਲਗਨ, ਸਮੱਰਪਣ, ਨਿਸ਼ਠਾ, ਇਮਾਨਦਾਰੀ ਅਤੇ ਸੱਚਾਈ ਦਾ ਹੋਣਾ ਕਿਤੇ ਜ਼ਿਆਦਾ ਜ਼ਰੂਰੀ ਹੈ।
ਸ੍ਰੀ ਰਾਮ ਜੀ ਅਤੇ ਰਾਵਣ ਦੋਵੇਂ ਅਲੱਗ-ਅਲੱਗ ਵਿਚਾਰਧਾਰਾ ਦੇ ਪ੍ਰਤੀਨਿਧੀ ਹਨ ਦੋਵਾਂ ਦੀ ਸੋਚ, ਪ੍ਰਕਿਰਤੀ ਅਤੇ ਪ੍ਰਵਿਰਤੀ ’ਚ ਜ਼ਮੀਨ-ਅਸਮਾਨ ਦਾ ਫਰਕ ਹੈ ਇੱਕ ਜਿੱਦ ਦਾ ਦੂਜਾ ਨਾਂਅ ਹੈ ਤਾਂ ਦੂਜਾ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਇੱਕ ਸਭ ਕੁਝ ਹੜੱਪ ਲੈਣਾ, ਖੋਹ ਲੈਣਾ, ਪਾ ਲੈਣਾ ਚਾਹੁੰਦਾ ਹੈ ਤਾਂ ਦੂਜਾ ਆਪਣਾ ਆਪ ਵੀ ਸ਼ਾਂਤੀ ਅਤੇ ਰਾਸ਼ਟਰ ਦੀ ਖੁਸ਼ਹਾਲੀ ਲਈ ਤਿਆਗ ਦੇਣ ’ਚ ਵੀ ਨਹੀਂ ਝਿਜਕਦਾ ਉਹਨਾਂ ਲਈ ਆਪਣਾ ਸੁੱਖ ਘੱਟ ਤੇ ਆਪਣਿਆਂ ਦਾ ਸੁੱਖ ਜ਼ਿਆਦਾ ਮਾਇਨੇ ਰੱਖਦਾ ਹੈ। ਸ੍ਰੀ ਰਾਮ ਅਤੇ ਰਾਵਣ ਦੋ ਇੱਕਦਮ ਉਲਟ ਧਰੁਵ ਹਨ ਅਤੇ ਇਹੀ ਫਰਕ ਉਨ੍ਹਾਂ ਦੀ ਜਿੱਤ ਅਤੇ ਹਾਰ ਦਾ ਕਾਰਨ ਵੀ ਬਣਦਾ ਹੈ ਸਮਾਂ ਭਲੇ ਹੀ ਕਿੰਨਾ ਕਿਉਂ ਨਾ ਬਦਲ ਗਿਆ ਹੋਵੇ ਪਰ ਅੱਜ ਵੀ ਸੱਚ ਇਹੀ ਹੈ ਕਿ ਅਖੀਰ ਜਿੱਤ ਸੱਚ ਦੀ ਹੁੰਦੀ ਹੈ।
-ਘਣਸ਼ਿਆਮ ਬਾਦਲ