ਆਇਆ ਸਾਉਣ ਮਹੀਨਾ ਅੜੀਓ, ਠੰਢੀਆਂ ਲੈ ਹਵਾਵਾਂ

ਫੁੱਲਾਂ ਦੇ ਗੁਲਦਸਤੇ ਵਿੱਚ ਜਿਵੇਂ ਗੁਲਾਬ ਦੇ ਫੁੱਲ ਦਾ ਖਾਸ ਸਥਾਨ ਹੈ, ਇਵੇਂ ਹੀ ਸ੍ਰਿਸ਼ਟੀ ਦੇ ਸਿਰਜਣਹਾਰ ਉਸ ਕਰਤਾਪੁਰਖ ਵੱਲੋਂ ਸਾਜੇ ਹੋਏ ਵੱਖ-ਵੱਖ ਰੁੱਤਾਂ ਦੇ ਗੁਲਦਸਤੇ ਵਿੱਚ ਸਾਉਣ ਮਹੀਨੇ ਦਾ ਵੀ ਰੰਗਲਾ ਸਥਾਨ ਹੈ। ਗਰੇਗੇਰੀਅਨ ਕੈਲੰਡਰ ਅਨੁਸਾਰ ਸਾਉਣ ਦਾ ਮਹੀਨਾ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਆਉਂਦਾ ਹੈ। ਸਾਉਣ ਦੇ ਮਹੀਨੇ ਨੂੰ ਆਪਾਂ ਆਪਣੇ ਪੰਜਾਬੀ ਸੱਭਿਆਚਾਰ ਅਤੇ ਕੁਦਰਤੀ ਵਾਤਾਵਰਣ ਦਾ ਇੱਕ ਮੀਲ-ਪੱਥਰ ਵੀ ਕਹਿ ਸਕਦੇ ਹਾਂ। ਸਾਉਣ ਦੀਆਂ ਕਾਲੀਆਂ ਘਣਘੋਰ ਘਟਾਵਾਂ ਅਤੇ ਠੰਢ ਵਰਤਾਉਂਦੀ ਕਿਣਮਿਣ ਹਾੜ ਮਹੀਨੇ ਦੀ ਤਪਸ਼ ਤੋਂ ਝੁਲਸੇ ਪ੍ਰਾਣੀ-ਜਗਤ ਨੂੰ ਸ਼ਾਂਤ ਕਰਦੀ ਹੈ । ਕਵੀ ਕਵੀਸ਼ਰਾਂ ਵੱਲੋਂ ਸਾਉਣ ਮਹੀਨੇ ਪ੍ਰਤੀ ਕੀਤੀ ਤੁਕਬੰਦੀ ਸਾਨੂੰ ਗੈਰ-ਕੁਦਰਤੀ ਨਹੀਂ ਜਾਪੇਗੀ। ਅਜਿਹੇ ਮਾਹੌਲ ਵਿੱਚ ਮੋਰ ਕਲੋਲਾਂ ਕਰਦੇ, ਮਿੱਠੀਆਂ ਅਵਾਜਾਂ ਕੱਢਦੇ ਤੇ ਪੈਲਾਂ ਪਾਉਂਦੇ ਹੋਏ ਇਸ ਮੌਸਮ ਵਿੱਚ ਹੋਰ ਵੀ ਮਹਿਕਾਂ ਭਰ ਦਿੰਦੇ ਹਨ।

 ਸਾਉਣ ਮਹੀਨੇ ਦਾ ਮੁੱਖ ਤਿਉਹਾਰ ਤੀਆਂ ਹੈ ਇਹ ਮੁਟਿਆਰਾਂ, ਕੁੜੀਆਂ-ਚਿੜੀਆਂ ਲਈ ਇੱਕ ਅਨਮੋਲ ਸੌਗਾਤ ਤੋਂ ਘੱਟ ਨਹੀਂ ਜਿਸ ਨੂੰ ਸਾਡੀਆਂ ਤਰਿਮਤਾਂ (ਬਜ਼ੁਰਗ ਔਰਤਾਂ) ‘ਸਾਵਿਆਂ ਦਾ ਤਿਉਹਾਰ’ ਵੀ ਕਹਿੰਦੀਆਂ ਹਨ, ਜੋ ਸਾਉਣ ਦੇ ਚਾਨਣ ਪੱਖ ਦੀ ਤੀਜ ਤੋਂ ਆਰੰਭ ਹੋ ਕੇ ਪੂਰਾ ਮਹੀਨਾ ਪਿੰਡਾਂ ਕਸਬਿਆਂ ਦੇ ਬਾਹਰਵਾਰ ਪਿੜਾਂ ਵਿੱਚ ਗਿੱਧੇ-ਬੋਲੀਆਂ ਪਾ ਕੇ ਤੇ ਛੱਪੜਾਂ ਕੰਢੇ ਲੱਗੇ ਬੋਹੜ, ਪਿੱਪਲ, ਨਿੰਮਾਂ ’ਤੇ ਪੀਂਘਾਂ ਝੂਟ ਕੇ ਮੁਟਿਆਰਾ ਵੱਲੋਂ ਮਨਾਇਆ ਜਾਂਦਾ ਹੈ ਇਵੇਂ ਹੀ ਸਾਡੀਆਂ ਧੀਆਂ, ਧਿਆਣੀਆਂ ਤੇ ਮੁਟਿਆਰਾਂ ਇਸ ਮਹੀਨੇ ਦੀ ਆਮਦ ਦੇ ਚਾਅ ਵਿੱਚ ਇਹ ਗੀਤ ਵੀ ਗਾਉਂਦੀਆਂ ਹਨ:-

ਆਇਆ ਸਾਉਣ ਮਹੀਨਾ ਅੜੀਓ,  ਠੰਢੀਆਂ ਲੈ ਹਵਾਵਾਂ,
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ, ਮਾਰ ਅੱਡੀ ਛਣਕਾਵਾਂ,
ਪੱਟਾ ਡੋਰੀਆ ਉੱਡ-ਉੱਡ ਜਾਂਦਾ, ਜਦ ਮੈਂ ਪੀਂਘ ਚੜ੍ਹਾਵਾਂ
ਸਾਉਣ ਦਿਆ ਬਦਲਾ ਵੇ, ਮੈਂ ਤੇਰਾ ਜੱਸ ਗਾਵਾਂ

ਸਾਉਣ ਮਹੀਨਾ ਚੜ੍ਹਨ ਉਪਰੰਤ ਹੀ ਭਰਾ ਕੁੱਝ ਤੋਹਫਿਆਂ ਸਮੇਤ ਆਪਣੀ ਭੈਣ ਦੇ ਸਹੁਰੇ ਘਰ ਜਾਂਦਾ ਹੈ ਉਸ ਨੂੰ ਤੀਆਂ ’ਤੇ ਪੇਕੀਂ ਲਿਆਉਣ ਲਈ। ਸੱਸਾਂ ਵੀ ਆਪਣੀਆਂ ਨੂੰਹਾਂ ਦੀਆਂ ਖੁਸ਼ੀਆਂ ਲਈ ਉਨ੍ਹਾਂ ਨੂੰ ਉਹਨਾਂ ਦੇ ਲੈਣ ਆਏ ਵੀਰਾਂ ਨਾਲ ਭੇਜ ਕੇ ਪ੍ਰਸ਼ੰਸਾ ਦੀਆਂ ਪਾਤਰ ਬਣਦੀਆਂ ਜਿਸ ਕਾਰਨ ਭੈਣ ਖੁਸ਼ੀ ਨਾਲ ਫੁੱਲੀ ਆਂਢ-ਗੁਆਂਢ ਵਿੱਚ ਚਾਅ ਸਾਂਝੇ ਕਰਦੀ ਫਿਰਦੀ ਹੈ, ਜਿਸ ਨੂੰ ਇਹ ਬੋਲੀ ਜ਼ਾਹਿਰ ਕਰਦੀ ਹੈ:-

ਅੱਡੀਆਂ ਚੁੱਕ-ਚੁੱਕ ਵੇਂਹਦੀ ਨੂੰ ਅੱਜ ਸਾਉਣ ਮਹੀਨਾ ਆਇਆ,
ਸੱਸ ਮੇਰੀ ਨੇ ਘਿਓ ਖੰਡ ਪਾਈ ਆਇਆ ਮੇਰੀ ਮਾਂ ਦਾ ਜਾਇਆ

ਕਈ ਵਾਰ ਜੇ ਕਿਸੇ ਕੁੜੀ ਨੂੰ ਕਿਸੇ ਕਾਰਨ ਪੇਕਿਆਂ ਤੋਂ ਕੋਈ ਲੈਣ ਨਾ ਆਵੇ ਤਾਂ ਇਸ ਬੋਲੀ ਵਿੱਚ ਸੱਸ ਆਪਣੀ ਨੂੰਹ ਨੂੰ ਮਿਹਣਾ ਮਾਰਦੀ ਦਿਖਾਈ ਗਈ ਹੈ:-

ਤੈਨੂੰ ਤੀਆਂ ’ਤੇ ਲੈਣ ਨਾ ਆਏ, ਨੀ ਬਹੁਤਿਆਂ ਭਰਾਵਾਂ ਵਾਲੀਏ

ਤੀਆਂ ਵਾਲੇ ਦਿਨ ਦੁਪਹਿਰ ਢਲਣ ਸਾਰ ਹੀ ਕੁੜੀਆਂ ਪਹਿਨ ਪੱਚਰ ਕੇ, ਲੱਜ ਰੱਸੇ ਚੁੱਕ ਕੇ ਹਿਰਨਾਂ ਵਾਂਗ ਚੁੰਗੀਆਂ ਭਰਦੀਆਂ ਤੀਆਂ ਦੇ ਮੈਦਾਨ ਵਿੱਚ ਆ ਡਟਦੀਆਂ ਹਨ। ਪਿੜ, ਜੋ ਪਿੰਡ ਦੀ ਪੰਚਾਇਤ ਵੱਲੋਂ ਸਾਂਝੀ ਥਾਂ ਵਜੋਂ ਛੱਡਿਆ ਜਾਂਦਾ ਹੈ, ਇਹੋ ਹੀ ਤੀਆਂ ਦਾ ਮੰਚ ਹੁੰਦਾ ਹੈ ਜਿੱਥੇ ਗਿੱਧੇ ਭੰਗੜੇ ਪੈਂਦੇ ਹਨ ਅਤੇ ਨੇੜੇ ਲੱਗੇ ਪਿੱਪਲਾਂ, ਨਿੰਮਾਂ ਉੱਤੇ ਪੀਂਘਾਂ ਝੂਟੀਆਂ ਜਾਂਦੀਆਂ ਹਨ

Also Read:  ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ | ਸਤਿਗੁਰੂ ਦੇ ਨੂਰ-ਏ-ਜਲਾਲ ਨਾਲ ਰੌਸ਼ਨ ਹੈ ਸਾਰਾ ਜਹਾਨ

ਇਸ ਮੌਕੇ ਕੁੜੀਆਂ ਦੇ ਸਾਰੇ ਦਰਦਾਂ ਤੇ ਚਾਵਾਂ ਨੂੰ ਫਰੋਲਦੀਆਂ ਜ਼ਿਆਦਾਤਰ ਬੋਲੀਆਂ ਪੇਕਿਆਂ ਅਤੇ ਸਹੁਰਿਆਂ ਵਾਲੇ ਰਿਸ਼ਤਿਆਂ ਦੇ ਇਰਦ-ਗਿਰਦ ਹੀ ਘੁੰਮਦੀਆਂ ਹਨ ਜਿੰਨ੍ਹਾਂ ਵਿੱਚ ਬਾਬਲ ਦਾ ਅਸ਼ੀਰਵਾਦ, ਮਾਂ ਦੀ ਮਮਤਾ ਤੇ ਭਰਾ ਦਾ ਪਿਆਰ ਜਿੱਥੇ ਝਲਕਦਾ ਹੈ, ਉੱਥੇ ਸੱਸ, ਨਣਾਨ ਤੇ ਦਰਾਣੀ-ਜਠਾਣੀ ਦੀ ਆਪਸੀ ਖਿੱਚੋਤਾਣ ਅਤੇ ਜੇਠ ਦੇ ਜ਼ਿਕਰ ਤੋਂ ਇਲਾਵਾ ਖਾਸਕਰ ਇੱਕ ਮੁਟਿਆਰ ਆਪਣੇ ਕੰਤ ਦੇ ਮੋਹ ਭਿੱਜੇ ਰਿਸ਼ਤੇ ਦਾ ਜ਼ਿਕਰ ਬੜੇ ਚਾਅ ਨਾਲ ਕਰਦੀ ਹੈ। ਇੰਨ੍ਹਾਂ ਬੋਲੀਆਂ ਦੀ ਵੰਨਗੀ ਇੰਝ ਹੈ:-

‘ਇੱਕ ਘੋਟਣਾ ਸ਼ਹਿਰ ਤੋਂ ਲਿਆਈਂ ਵੇ, ਸੰਦੁੂਕਾਂ ਓਹਲੇ ਸੱਸ ਕੁਟਣੀ।’
‘ਕੇਹੀ ਵੀਰ ਨੂੰ ਕਸੂੁਤੀ ਲੁੱਤੀ ਲਾਈ ਨਣਦੇ, ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ’

‘ਲਿਆ ਦਿਉਰਾ ਤੇਰਾ ਕੁੜਤਾ ਧੋ ਦਿਆਂ, ਪਾ ਕੇ ਕਲਮੀ ਸ਼ੋਰਾ, ਵਿੱਚ ਭਰਜਾਈਆਂ ਦੇ ਬੋਲ ਸੋਚ ਕੇ ਭੋਰਾ’
ਪਰ ਜੇ ਕਿਤੇ ਅਜਿਹੇ ਮਾਹੌਲ ਵਿੱਚ ਕੋਈ ਗੱਭਰੂ ਆਪਣੀ ਘਰਵਾਲੀ ਨੂੰ ਲਿਜਾਣ ਲਈ ਆ ਜਾਵੇ ਤਾਂ ਉਹ ਆਪਣੇ ਕੰਤ ਨੂੰ ਮਿੱਠੀ ਨਾਂਹ ਇੰਜ ਕਰਦੀ ਹੈ:-

‘ਸਾਉਣ ਦਾ ਮਹੀਨਾ ਪੈਂਦੀ ਗਿੱਧੇ ’ਚ ਧਮਾਲ ਵੇ,
ਖਾਲੀ ਗੱਡੀ ਲੈ ਜਾ ਅਸਾਂ ਜਾਣਾ ਨਹੀਓਂ ਨਾਲ ਵੇ’

ਤੀਆਂ ਦੇ ਦਿਨਾਂ ਵਿੱਚ ਕੁਆਰੀਆਂ ਕੁੜੀਆਂ-ਕੱਤਰੀਆਂ ਵੀ ਰੌਣਕਾਂ ਵਿੱਚ ਸ਼ਾਮਿਲ ਹੋ ਕੇ ਗੁੱਡਾ-ਗੁੱਡੀ ਫੂਕਦੀਆਂ ਹਨ ਅਤੇ ਇਹ ਗੀਤ ਗਾਉਂਦੀਆਂ ਹਨ:-

‘ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।’

ਇਵੇਂ ਹੀ ਘਰੋਂ ਘਰੀ ਮਾਲ੍ਹ ਪੂੜੇ, ਮਿੱਠੇ ਗੁਲਗੁਲੇ ਤੇ ਖੀਰ ਬੜੇ ਸ਼ੌਂਕ ਨਾਲ ਬਣਾਏ ਤੇ ਖਾਧੇ ਜਾਂਦੇ ਹਨ ਨਾਲ ਹੀ ਆਪਸੀ ਰਸੂਖ ਵਾਲੇ ਆਂਢ-ਗੁਆਂਢ ’ਚ ਇਨ੍ਹਾਂ ਪਕਵਾਨਾਂ ਦਾ ਅਦਾਨ-ਪ੍ਰਦਾਨ ਵੀ ਕੀਤਾ ਜਾਂਦਾ ਹੈ ਜੋ ਆਪਸੀ ਭਾਈਚਾਰਕ ਸਾਂਝਾਂ ਦਾ ਪ੍ਰਤੀਕ ਹੈ। ਕੁਦਰਤ ਦੀਆਂ ਇਨ੍ਹਾਂ ਦੁਰਲੱਭ ਰੌਣਕਾਂ ਵਿੱਚ ਰੰਗੀਆਂ ਹੋਈਆਂ ਤੀਆਂ ਦੇ ਆਖਰੀ ਦਿਨ ਰੱਖੜ ਪੁੰਨਿਆ ਵੀ ਹੁੰਦੀ ਹੈ ਜਿਸ ਦਿਨ ਸੂਰਜ ਛਿਪਦੇ ਤੱਕ ਰੱਜ ਕੇ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ। ਉਹ ਨਗਰ-ਖੇੜੇ ਦੀ ਸੁੱਖ ਮੰਗਦੀਆਂ ਹੋਈਆਂ ਗਿੱਧੇ ਨੂੰ ਇਸੇ ਪਿੰਡ ਵਿੱਚ ਹੀ ਰਹਿਣ ਦਾ ਵਾਸਤਾ ਇਸ ਬੋਲੀ ਰਾਹੀਂ ਪਾਉਂਦੀਆਂ ਹਨ:-

ਗਿੱਧਿਆ ਪਿੰਡ ਵੜ ਵੇ, ਹੁਣ ਹੋਣੇ ਸਾਲ ਤੋਂ ਮੇਲੇ

ਫਿਰ ਕੁੜੀਆਂ ਚਿੜੀਆਂ ਦਾ ਇਹ ਮੇਲਾ ਅਗਲੇ ਵਰ੍ਹੇ ਮਿਲਣ ਦੀ ਤਾਂਘ ਨਾਲ ਵਿਛੱੜ ਜਾਂਦਾ ਹੈ । ਇੱਥੇ ਮੁਟਿਆਰਾਂ ਇਹ ਇਜਹਾਰ ਕਰਨਾ ਵੀ ਨਹੀਂ ਭੁੱਲਦੀਆਂ ਕਿ ਪੇਕਿਆਂ ਦੇ ਪਿੰਡ ਸਹੇਲੀਆਂ ਨੂੰ ਇਕੱਠੀਆਂ ਕਰਨ ਵਾਲੇ ਸਾਉਣ ਮਹੀਨੇ ਨੂੰ ਇੱਕ ਵੀਰ ਦਾ ਦਰਜਾ ਦੇ ਕੇ ਅਸੀਸ ਦੇਣੀ ਵੀ ਬਣਦੀ ਹੈ ਤੇ ਦੂਜੇ ਪਾਸੇ ਪੇਕੇ ਪਿੰਡੋਂ ਵੱਖ-ਵੱਖ ਕਰਨ ਵਾਲਾ ਭਾਦੋਂ ਮਹੀਨਾ ਚੰਦਰਾ ਹੈ ਤੇ ਉਲਾਂਭੇ ਦਾ ਹੱਕਦਾਰ ਹੈ, ਤਾਂ ਹੀ ਇਹ ਬੋਲੀ ਪਾਈ ਜਾਂਦੀ ਹੈ:-

ਸਾਉਣ ਵੀਰਾ ’ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ

ਦਰਅਸਲ ਸਾਉਣ ਮਹੀਨੇ ਦਾ, ਤੀਆਂ ਦਾ, ਪਿੱਪਲਾਂ, ਬੋਹੜਾਂ, ਪਿੜਾਂ ਤੇ ਛੱਪੜਾਂ ਦਾ ਜੋ ਜ਼ਿਕਰ ਕੀਤਾ ਗਿਆ ਹੈ ਇਹ ਸਭ ਕੁਝ ਹੱਦ ਤੱਕ ਪੁਰਾਣੇ ਭਲੇ ਵੇਲੇ ਦਾ ਸੱਭਿਆਚਾਰ ਹੀ ਰਹਿ ਗਿਆ ਹੈ, ਪਰੰਤੂ ਅੱਜ-ਕੱਲ੍ਹ ਦੀ ਪੱਛਮੀ ਸੱਭਿਅਤਾ ਦੀ ਬੇਲੋੜੀ ਵਰਤੋਂ, ਆਪੋਧਾਪੀ ਤੇ ਗੈਰ-ਵਿਸ਼ਵਾਸੀ ਨੇ ਇਸ ਸਭ ’ਤੇ ਕਾਲਖ ਫੇਰ ਦਿੱਤੀ ਹੈ ।

Also Read:  ... ਜਿੱਤ ਤਾਂ ਦਿਆਲ ਦੀ ਹੀ ਹੋਵੇਗੀ! ਡੇਰਾ ਸੱਚਾ ਸੌਦਾ ਹਰੀਪੁਰਾ ਧਾਮ, ਖੈਰਾ ਖੁਰਦ, ਜ਼ਿਲ੍ਹਾ ਮਾਨਸਾ, ਪੰਜਾਬ

ਖੈਰ ਇਸ ਸਭ ਦੇ ਬਾਵਜੂਦ ਆਸ ਦੀ ਕਿਰਨ ਕਿਤੇ ਜ਼ਰੂਰ ਚਮਕਦੀ ਹੈ, ਨੇਕੀ ਦੀ ਜੜ੍ਹ ਕਦੇ ਮਰਦੀ ਨਹੀਂ ਇਹ ਕੁਦਰਤ ਦਾ ਅਸੂਲ ਹੈ । ਸਾਡੇ ਸਮਾਜ ਵਿੱਚ ਅੱਜ ਵੀ ਕੁੱਝ ਕੁਦਰਤ ਤੇ ਮਨੁੱਖਤਾ-ਪ੍ਰੇਮੀ ਤੇ ਸਮਾਜ ਸੇਵੀ ਸੱਜਣ ਆਪਣੇ ਹਮਖਿਆਲੀ-ਵੀਰਾਂ ਦੇ ਸਹਿਯੋਗ ਨਾਲ ਇਸ ਵਿਰਸੇ ਨੂੰ ਸਾਂਭਣ ਦੇ ਚੰਗੇ ਉਪਰਾਲੇ ਕਰ ਰਹੇ ਹਨ । ਬੇਸ਼ੱਕ ਵੱਡੇ ਪਿੜਾਂ ’ਚ, ਛੱਪੜਾਂ ਕੰਢੇ, ਪਿੱਪਲਾਂ ਬੋਹੜਾਂ ਥੱਲੇ ਨਾ ਸਹੀ ਪ੍ਰੰਤੂ ਸਕੂਲਾਂ, ਕਾਲਜਾਂ, ਕਲਾ-ਕੇਂਦਰਾਂ ਦੀਆਂ ਸਟੇਜਾਂ ਅਤੇ ਵਿਹੜਿਆਂ ਵਿੱਚ ਵਿਦਿਆਰਥੀ ਲੜਕੇ-ਲੜਕੀਆਂ ਅਤੇ ਚੰਗੇ ਕਲਾਕਾਰਾਂ ਨੂੰ ਇਕੱਠੇ ਕਰਕੇ ਪੁਰਾਣੀ ਸੱਭਿਆਚਾਰਕ ਦਿੱਖ ਵਾਲੇ ਮੇਲਾ ਰੂਪੀ ਸਮਾਰੋਹਾਂ ਰਾਹੀਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ।

ਇਵੇਂ ਹੀ ਸਾਡੇ ਕੁੱਝ ਵਾਤਾਵਰਣ ਪ੍ਰੇਮੀ ਸੱਜਣ ਸਾਡੇ ਕੁਦਰਤੀ ਮਾਹੌਲ ਨੂੰ ਹਰ ਵੇਲੇ ਹੀ ਸਾਉਣ ਮਹੀਨੇ ਵਾਲੀ ਹਰਿਆਲੀ ਦਾ ਰੂਪ ਦੇਣ ਲਈ ਤੇ ਸਰਬੱਤ ਦੇ ਭਲੇ ਲਈ ਉਪਰਾਲੇ ਕਰਦੇ ਹਨ ਜੋ ਛਾਂਦਾਰ ਬੂਟੇ ਲਾਉਂਦੇ ਹਨ। ਅਸੀਂ ਇਹ ਭੁੱਲ ਗਏ ਕਿ ਜਿਵੇਂ ਸਾਡਾ ਗੀਤਾਂ, ਬੋਲੀਆਂ, ਤਿਉਹਾਰਾਂ ਤੇ ਅਦਬੀ ਤੇ ਰਮਣੀਕ ਰਿਸ਼ਤਿਆਂ ਦਾ ਸੱਭਿਆਚਾਰ ਹੈ ਉਵੇਂ ਹੀ ਵਾਤਾਵਰਣ ਦੀ ਸੰਭਾਲ ਤੇ ਕੁਦਰਤ ਦਾ ਸਤਿਕਾਰ ਉਸ ਤੋਂ ਵੀ ਮਹੱਤਵਪੂਰਨ ਸੱਭਿਆਚਾਰ ਹੈ ਕਿਉਂਕਿ ਜੇ ਮਨੁੱਖ ਮਹਾਂਮਾਰੀਆਂ ਤੇ ਕੁਦਰਤੀ ਆਫਤਾਂ ਨਾਲ ਹੀ ਤਬਾਹ ਹੁੰਦਾ ਰਿਹਾ ਤਾਂ ਇੱਥੇ ਤੀਆਂ ਮਨਾਉਣ ਅਤੇ ਗੀਤ, ਬੋਲੀਆਂ ਗਾਉਣ ਵਾਲਾ ਰਹਿਣਾ ਹੀ ਕੋਈ ਨਹੀਂ।

ਸੋ ਆਪਾਂ ਸਾਰੇ ਇਸ ਗੱਲੋਂ ਰੱਬ ਦਾ ਇਹ ਸ਼ੁਕਰਾਨਾ ਵੀ ਕਰੀਏ ਜਿਸ ਨੇ ਸਾਉਣ ਮਹੀਨੇ ਜਿਹੀ ਸੌਗਾਤ ਸਾਡੀਆਂ ਜ਼ਿੰਦਗੀਆਂ ਨੂੰ ਬਖਸ਼ਿਸ ਕੀਤੀ ਹੈ ਇਸ ਬਾਰੇ ਇੱਕ ਕਵੀਸ਼ਰ ਮੋਤੀ ਰਾਮ ਜੀ ਨੇ ਇੰਝ ਲਿਖਿਆ ਹੈ:-

ਸਾਵਣ ਆਇਆ ਸ਼ੌਂਕ ਕਰਨ ਨੂੰ, ਰੱਬ ਦਾ ਸ਼ੁਕਰ ਨਾ ਕੀਤੋ ਈ।
ਜਿਸ ਸਾਹਿਬ ਤੈਨੂੰ ਪੈਦਾ ਕੀਤਾ, ਉਸ ਦਾ ਨਾਮ ਨਾ ਲੀਤੋ ਈ।
ਮੋਤੀ ਰਾਮ ਤੂੰ ਸਮਝ ਪਿਆਰੇ, ਜਨਮ ਅਕਾਰਥ ਕੀਤੋ ਈ।

ਸੰਦੇਸ਼:- ਪਿੱਪਲ, ਨਿੰਮ, ਬੋਹੜਾਂ ਜਿਹੇ ਵਿਸ਼ਾਲ ਛਾਂਦਾਰ ਪੇੜ-ਪੌਦਿਆਂ ਮਨੁੱਖ ਦੀ ਹੀ ਅਣਗਹਿਲੀ ਕਾਰਨ ਹੀ ਅੱਜ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਸੁੰਨੀ ਹੁੰਦੀ ਧਰਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਪੇੜ-ਪੌਦੇ ਲਾ ਕੇ ਇਸ ਸਾਉਣ ਦੇ ਮਹੀਨੇ ’ਚ ਹਰਿਆਲੀ ਦੀ ਸੌਗਾਤ ਦੇ ਕੇ ਮਨੁੱਖਤਾ ਦਾ ਪਰਿਚੈ ਦੇਣਾ ਬਣਦਾ ਹੈ