msg

ਸਤਿਗੁਰੂ ਆਏ ਚੋਲਾ ਧਾਰ ਜੀ…MSG ਸੰਤ-ਸਤਿਗੁਰੂ ਦਾ ਧਰਤੀ ’ਤੇ ਪ੍ਰਗਟ ਹੋਣਾ ਇੱਕ ਯੁੱਗ ਪ੍ਰਵਰਤਕ ਕਰਿਸ਼ਮਾ ਹੁੰਦਾ ਹੈ ਜਿਸਦਾ ਇਤਿਹਾਸ ਯੁਗਾਂ-ਯੁਗਾਂ ਤੱਕ ਅਮਿੱਟ ਰਹਿੰਦਾ ਹੈ ਉਹ ਸਮਾਂ ਜਿਸ ’ਚ ਸੰਤ-ਸਤਿਗੁਰੂ ਅਵਤਾਰ ਧਾਰਨ ਕਰਦੇ ਹਨ, ਉਸਦੀ ਉਹ ਘੜੀ ਜਾਂ ਸਾਲ ਹੀ ਨਹੀਂ, ਸਗੋਂ ਪੂਰੀ ਦੀ ਪੂਰੀ ਸਦੀ ਹੀ ਅਮਰ ਹੋ ਜਾਂਦੀ ਹੈ ਅਜਿਹਾ ਪ੍ਰਤਾਪ ਹੁੰਦਾ ਹੈ ਸੰਤ-ਅਵਤਾਰਾਂ ਦੇ ਇਸ ਲੋਕ ’ਚ ਆਉਣ ਦਾ ਬੇਸ਼ੱਕ ਉਹ ਆਮ ਮਨੁੱਖਾਂ ਦੀ ਤਰ੍ਹਾਂ ਹੀ ਵਿਚਰਦੇ ਹਨ ਅਤੇ ਆਮ ਲੋਕ ਉਨ੍ਹਾਂ ਨੂੰ ਆਪਣੀ ਤਰ੍ਹਾਂ ਹੀ ਦੇਖਦੇ ਹਨ, ਪਰ ਅਸਲ ’ਚ ਉਹ ਅਪਾਰ ਸ਼ਕਤੀ ਦੇ ਪੁੰਜ ਹੁੰਦੇ ਹਨ ਜਿਸਦਾ ਪਤਾ ਦੁਨੀਆਂ ਨੂੰ ਇੱਕ ਸਮੇਂ ’ਤੇ ਜ਼ਰੂਰ ਚੱਲ ਜਾਂਦਾ ਹੈ

ਉਨ੍ਹਾਂ ਦਾ ਮਕਸਦ ਰੂਹਾਂ ਦਾ ਉਧਾਰ ਕਰਨਾ ਹੁੰਦਾ ਹੈ ਆਪਣੇ ਇਸੇ ਮਕਸਦ ਨੂੰ ਪੂਰਾ ਕਰਨ ਲਈ ਉਹ ਮੌਲਾ ਖੁਦ ਮਨੁੱਖ ਦਾ ਚੋਲਾ ਧਾਰ ਕੇ ਆਉਂਦਾ ਹੈ, ਤਾਂ ਕਿ ਚੁਰਾਸੀ ਲੱਖ ਦੇ ਜਨਮ-ਮਰਨ ਦੇ ਚੱਕਰ ’ਚ ਫਸੇ ਮਨੁੱਖ ਨੂੰ ਉਨ੍ਹਾਂ ਦੀ ਤਰ੍ਹਾਂ ਹੀ ਸਮਝਾਇਆ ਜਾ ਸਕੇ ਕਿਉਂਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ ਅਤੇ ਇੱਥੇ ਕਿਸ ਲਈ ਆਏ ਹਾਂ! ਸੰਤ-ਸਤਿਗੁਰੂ ਹੀ ਬੰਦੇ ਨੂੰ ਦੱਸਦੇ ਹਨ ਕਿ ਭਾਈ ਤੂੰ ਤਾਂ ਮਾਲਕ ਦਾ ਹੀ ਰੂਪ ਹੈਂ ਆਪਣੇ ਦੇਸ਼ ਤੇ ਆਪਣੇ ਮਾਲਕ ਨੂੰ ਭੁੱਲ ਕੇ ਇੱਥੇ ਕਾਲ-ਭਵਰ ’ਚ ਫਸ ਕੇ ਦਰ-ਦਰ ਦੀਆਂ ਠੋਕਰਾਂ ਕਿਉਂ ਖਾ ਰਿਹਾ ਹੈਂ! ਉਹ ਸਾਨੂੰ ਜਗਾਉਣ ਆਉਂਦੇ ਹਨ, ਸਮਝਾਉਣ ਆਉਂਦੇ ਹਨ ਇਸਨੂੰ ਅਸੀਂ ਇੱਕ ਉਦਾਹਰਨ ਦੇ ਨਾਲ ਵੀ ਸਮਝ ਸਕਦੇ ਹਾਂ

ਇੱਕ ਸਮੇਂ ਦੀ ਗੱਲ ਹੈ, ਸ਼ੇਰ ਦਾ ਇੱਕ ਬੱਚਾ ਕਿਸੇ ਭੇਡ-ਬੱਕਰੀਆਂ ਚਰਾਉਣ ਵਾਲੇ (ਆਜੜੀ) ਨੂੰ ਮਿਲ ਗਿਆ ਸ਼ੇਰ ਦਾ ਬੱਚਾ ਸੀ ਪਰ ਭੇਡਾਂ-ਬੱਕਰੀਆਂ ’ਚ ਰਹਿਣ ਲੱਗਿਆ ਤਾਂ ਆਪਣਾ ਸਭ ਕੁਝ ਭੁੱਲ-ਭੁਲਾ ਕੇ ਉਹ ਵੀ ਆਪਣੇ-ਆਪ ਨੂੰ ਭੇਡ-ਬੱਕਰੀ ਹੀ ਮੰਨ ਬੈਠਾ ਸੀ ਉਹ ਭੇਡ ਬੱਕਰੀਆਂ ਦੀ ਤਰ੍ਹਾਂ ਹੀ ਜਗ੍ਹਾ-ਜਗ੍ਹਾ ਘੁੰਮਦਾ ਤੇ ਠੋਕਰਾਂ ਖਾਂਦਾ ਫਿਰਦਾ ਇੱਕ ਦਿਨ ਜੰਗਲ ’ਚ ਜਿੱਥੇ ਭੇਡ-ਬੱਕਰੀਆਂ ਚਰ ਰਹੀਆਂ ਸਨ, ਉੱਥੇ ਹੀ ਇੱਕ ਸ਼ੇਰ ਆ ਗਿਆ ਸ਼ੇਰ ਆਪਣੀ ਅੰਸ਼ (ਸ਼ੇਰ ਦੇ ਬੱਚੇ) ਨੂੰ ਭੇਡਾਂ ਬੱਕਰੀਆਂ ’ਚ ਚਰਦੇ ਦੇਖਕੇ ਬੜਾ ਹੈਰਾਨ ਹੋਇਆ ਮੌਕਾ ਪਾ ਕੇ ਉਹ ਉਸਦੇ ਕੋਲ ਗਿਆ ਤੇ ਸਮਝਾਇਆ ਕਿ ਤੂੰ ਸ਼ੇਰ ਦਾ ਬੱਚਾ ਹੋ ਕੇ ਭੇਡਾਂ ਬੱਕਰੀਆਂ ’ਚ ਕਿਉਂ ਫਿਰ ਰਿਹਾ ਹੈ!

ਇਹ ਤਾਂ ਸਾਡਾ ਖਾਣਾ ਹਨ ਪਹਿਲਾਂ ਤਾਂ ਉਹ ਇਹੀ ਕਹੀ ਗਿਆ, ਕਿਉਂਕਿ ਉਹ ਉਨ੍ਹਾਂ ਦਾ ਦੁੱਧ ਚੁੰਘਦਾ ਸੀ, ਕਿ ਨਹੀਂ ਇਹੀ ਮੇਰੇ ਭੈਣ-ਭਰਾ ਹਨ ਤੇ ਮੈਂ ਇਨ੍ਹਾਂ ਦੀ ਅੰਸ਼ ਹਾਂ ਸ਼ੇਰ ਬੱਚੇ ਨੂੰ ਨੇੜੇ ਹੀ ਵੱਗਦੀ ਇੱਕ ਨਹਿਰ ’ਤੇ ਲੈ ਗਿਆ ਅਤੇ ਕਿਹਾ ਕਿ ਪਾਣੀ ’ਚ ਦੇਖ ਤੇਰੀ ਮੇਰੀ ਸ਼ਕਲ ਇਕੋ ਜਿਹੀ ਹੈ? ਕਹਿੰਦਾ-ਸ਼ਕਲ ਤਾਂ ਆਪਣੀ ਇੱਕੋ ਜਿਹੀ ਹੈ ਸ਼ੇਰ ਨੇ ਕਿਹਾ ਕਿ ਹੁਣ ਜਿਵੇਂ ਮੈਂ ਗਰਜਦਾ (ਦਹਾੜਦਾ) ਹਾਂ, ਤੂੰ ਵੀ ਮੇਰੇ ਵਾਂਗ ਦਹਾੜ ਮਾਰ ਫਿਰ ਜਿਵੇਂ ਸ਼ੇਰ ਦਹਾੜਿਆ ਉਵੇਂ ਹੀ ਬੱਚੇ ਨੇ ਵੀ ਦਹਾੜ ਮਾਰੀ ਉਨ੍ਹਾਂ ਦੀ ਦਹਾੜ ਸੁਣ ਕੇ ਭੇਡ-ਬੱਕਰੀਆਂ ਅਤੇ ਆਜੜੀ ਵਗੈਰਾ ਸਭ ਭੱਜ ਗਏ ਫਿਰ ਉਸ ਨੂੰ (ਸ਼ੇਰ ਦੇ ਬੱਚੇ) ਆਪਣੀ ਸੱਚਾਈ ਦਾ ਪਤਾ ਲੱਗਿਆ ਕਿ ਮੈਂ ਤਾਂ ਸ਼ੇਰ ਦਾ ਬੱਚਾ ਸੀ ਤੇ ਉਹ ਸ਼ੇਰ ਦੇ ਨਾਲ ਜੰਗਲ ’ਚ ਚਲਿਆ ਗਿਆ, ਭਾਵ ਆਪਣੀ ਕੁਲ ’ਚ ਜਾ ਮਿਲਿਆ

ਗੱਲ ਇਹ ਸਮਝਣ ਵਾਲੀ ਹੈ ਸ਼ੇਰ ਅਤੇ ਸ਼ੇਰ ਦੇ ਬੱਚੇ ਦੀ ਤਰ੍ਹਾਂ ਅਸੀਂ ਮਨੁੱਖ ਵੀ ਆਪਣੇ ਨਿੱਜ ਸਵਰੂਪ ਨੂੰ ਭੁੱਲ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਾਂ ਅਨੰਤ ਕਾਲ ਚੁਰਾਸੀ ਦੀਆਂ ਇਨ੍ਹਾਂ ਜੂਨੀਆਂ ਨੂੰ ਭੁਗਤਣ ’ਚ ਲੰਘਾ ਜਾਂਦੇ ਹਾਂ ਫਿਰ ਸੰਤ-ਸਤਿਗੁਰੂ ਸਾਡੇ ਦੁਖਿਆਰਿਆਂ ’ਤੇ ਤਰਸ ਕਰਕੇ ਇਸ ਧਰਤੀ ’ਤੇ ਆਉਂਦੇ ਹਨ ਅਤੇ ਸਾਨੂੰ ਆਪਣੇ ਨਿੱਜ-ਦੇਸ਼, ਪਰਮਪਿਤਾ ਪਰਮਾਤਮਾ ਬਾਰੇ ਦੱਸਦੇ ਹਨ ਸ਼ੇਰ ਦੇ ਬੱਚੇ ਦੀ ਤਰ੍ਹਾਂ ਜੋ ਉਨ੍ਹਾਂ ਦੇ ਬਚਨਾਂ ਨੂੰ ਮੰਨ ਗਿਆ, ਉਸਨੂੰ ਜਨਮ-ਮਰਨ ਤੋਂ ਨਿਜ਼ਾਤ ਮਿਲ ਜਾਂਦੀ ਹੈ ਆਪਣੇ ਇਸੇ ਉਦੇਸ ਦੀ ਪੂਰਤੀ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਸ ਧਰਾ ’ਤੇ ਅਵਤਾਰ ਧਾਰ ਕੇ ਆਏ ਹਨ ਪੂਜਨੀਕ ਗੁਰੂ ਜੀ ਦੇ ਅਣਥੱਕ ਯਤਨਾਂ ਸਦਕਾ ਅੱਜ ਕਰੀਬ 7 ਕਰੋੜ ਤੋਂ ਵੀ ਜ਼ਿਆਦਾ ਲੋਕ ਨਸ਼ੇ ਆਦਿ ਬੁਰਾਈਆਂ ਨੂੰ ਛੱਡ ਕੇ ਨਾਮ ਸ਼ਬਦ ਰਾਹੀਂ ਸ਼ਰਧਾਲੂ ਭਗਤ ਬਣ ਚੁੱਕੇ ਹਨ

ਅਤੇ ਇਹ ਕਾਰਵਾਂ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਬੁਰਾਈ ਦੇ ਇਸ ਯੁਗ ਵਿੱਚ ਜਿੱਥੇ ਕਾਲ ਨੇ ਆਪਣੇ ਅਨੇਕਾਂ ਮੱਕੜਜਾਲ ਵਿਛਾ ਕੇ ਜੀਵਾਂ ਨੂੰ ਬੁਰੀ ਤਰ੍ਹਾਂ ਫਸਾ ਰੱਖਿਆ ਹੈ, ਤਾਂ ਪੂਜਨੀਕ ਗੁਰੂ ਜੀ ਲੋਕਾਂ ਨੂੰ ਬੁਰਾਈਆਂ ਤੋਂ ਕੱਢ ਕੇ ਉਨ੍ਹਾਂ ਨੂੰ ਨੇਕੀ-ਭਲਾਈ, ਭਾਵ ਇਨਸਾਨੀਅਤ ਦੀ ਸੇਵਾ ਵੱਲ ਲਗਾ ਰਹੇ ਹਨ ਪੂਰੀ ਦੁਨੀਆਂ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਅਣਥੱਕ ਯਤਨਾਂ ਪ੍ਰਤੀ ਨਤਮਸਤਕ ਹੈ ਅੱਜ ਕਰੋੜਾਂ ਸ਼ਰਧਾਲੂ ਆਪਣੇ ਮਹਾਨ ਸਤਿਗੁਰੂ ਦੇ ਪਿਆਰ ਦੇ ਦੀਵਾਨੇ ਹਨ ਪੂਰੀ ਦੁਨੀਆਂ ’ਚ ਪੂਜਨੀਕ ਗੁਰੂ ਜੀ ਦੇ ਅੱਥਾਹ ਪਿਆਰ ਦਾ ਸਮੁੰਦਰ ਅੱਜ ਠਾਠਾਂ ਮਾਰ ਰਿਹਾ ਹੈ ਆਪਣੇ ਸਤਿਗੁਰੂ ਦੇ ਪਾਵਨ ਅਵਤਾਰ ਦਿਵਸ ਨੂੰ ਹਰ ਕੋਈ ਖੁਸ਼ੀਆਂ ਨਾਲ ਮਨਾ ਰਿਹਾ ਹੈ ਪਰਮ ਪਾਵਨ ਅਵਤਾਰ ਦਿਵਸ ਦੀ ਗਾਥਾ ਹਰ ਕੋਈ ਗਾ ਰਿਹਾ, ਸੁਣਾ ਰਿਹਾ ਹੈ

ਪਵਿੱਤਰ ਜੀਵਨ ’ਤੇ ਇੱਕ  ਨਜ਼ਰ:-

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਆਪਣੇ ਇਲਾਕੇ ਦੇ ਬਹੁਤ ਵੱਡੇ ਜਿਮੀਦਾਰ ਅਤੇ ਹਰਮਨ ਪਿਆਰੇ ਨੰਬਰਦਾਰ ਸਨ ਘਰ ’ਚ ਬਰਕਤਾਂ ਦੇ ਭੰਡਾਰ ਸਨ ਕਿਸੇ ਵੀ ਚੀਜ਼ ਦੀ ਥੋੜ ਨਹੀਂ ਸੀ, ਪਰ ਸੰਤਾਨ ਪ੍ਰਾਪਤੀ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਕਚੋਟਦੀ ਰਹਿੰਦੀ ਸੀ ਕਿ ਐਨੇ ਵੱਡੇ ਖਾਨਦਾਨ ਦਾ ਇੱਕ ਵਾਰਿਸ ਤਾਂ ਹੋਣਾ ਚਾਹੀਦਾ ਹੈ ਵਿਆਹ ਨੂੰ ਕਰੀਬ 18 ਸਾਲ ਗੁਜ਼ਰ ਰਹੇ ਸਨ

paavan-maha-paropakaar-divasਇਹ ਗਮ ਉਨ੍ਹਾਂ ਨੂੰ ਹਰ ਸਮੇਂ ਸਤਾਏ ਰੱਖਦਾ ਪੂਜਨੀਕ ਬਾਪੂ ਜੀ ਦਾ ਪਿੰਡ ਦੇ ਇੱਕ ਪ੍ਰਸਿੱਧ ਸੰਤ ਤ੍ਰਿਵੈਣੀ ਦਾਸ ਜੀ ਨਾਲ ਬਹੁਤ ਹੀ ਪ੍ਰੇਮ-ਪਿਆਰ, ਬਹੁਤ ਸ਼ਰਧਾ ਅਤੇ ਚੰਗਾ ਮੇਲ-ਮਿਲਾਪ ਸੀ ਉਹ ਸੰਤ ਬਹੁਤ ਕਰਨੀ ਵਾਲੇ ਅਤੇ ਧਰਮੀ-ਕਰਮੀ ਤੇ ਪਰਮਪਿਤਾ ਪਰਮਾਤਮਾ ’ਚ ਪੂਰਨ ਵਿਸ਼ਵਾਸ ਰੱਖਣ ਵਾਲੇ ਸਨ ਪੂਜਨੀਕ ਬਾਪੂ ਜੀ ਜਦੋਂ ਵੀ ਕਦੇ ਬਹੁਤ ਜ਼ਿਆਦਾ ਉਦਾਸ ਹੋ ਜਾਂਦੇ ਤਾਂ ਉਹ ਸੰਤ ਜੀ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਕਿ ਨੰਬਰਦਾਰ ਜੀ, ਤੁਸੀਂ ਉਦਾਸ ਕਿਉਂ ਹੁੰਦੇ ਹੋ! ਤੁਹਾਡੇ ਦੇ ਘਰ ਕੋਈ ਆਮ ਬੱਚਾ ਨਹੀਂ, ਸਗੋਂ ਪਰਮਪਿਤਾ ਪਰਮੇਸ਼ਵਰ ਖੁਦ ਅਵਤਾਰ ਲਵੇਗਾ ਤੁਹਾਡੇ ਦੇ ਘਰ ਖੁਦ ਈਸ਼ਵਰੀ ਤਾਕਤ ਜਨਮ ਲਵੇਗੀ ਇਸ ਤਰ੍ਹਾਂ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ, ਸੱਚੀ ਭਗਤੀ, ਨਿਸ਼ਕਾਮ ਸੇਵਾ ਤੇ ਸੱਚੀ ਲਗਨ ਅਤੇ ਸੰਤ ਤ੍ਰਿਵੈਣੀ ਦਾਸ ਜੀ ਦੀ ਦੁਆ ਨਾਲ ਖੁਦ ਪਰਮੇਸ਼ਵਰ ਸਵਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਪਿਤਾ ਨੰਬਰਦਾਰ ਬਾਪੂ ਮੱਘਰ ਸਿੰਘ ਜੀ ਦੇ ਘਰ ਅਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖ ਤੋਂ 15 ਅਗਸਤ 1967 ਨੂੰ ਇਕਲੌਤੀ ਸੰਤਾਨ ਦੇ ਰੂਪ ’ਚ ਅਵਤਾਰ ਧਾਰਨ ਕੀਤਾ

ਆਪ ਜੀ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਰਹਿਣ ਵਾਲੇ ਹੋਂ ਆਪ ਜੀ ਸਿੱਧੂ ਵੰਸ਼ ਦੇ ਇੱਕ ਬਹੁਤ ਹੀ ਲੈਂਡਲੌਰਡ ਸੰਪੰਨ ਪਰਿਵਾਰ ਨਾਲ ਸਬੰਧ ਰੱਖਦੇ ਹੋਂ ਪੂਜਨੀਕ ਮਾਤਾ-ਪਿਤਾ ਜੀ ਨੂੰ ਕੁੱਲ ਮਾਲਕ ਦੇ ਰੂਪ ’ਚ ਪ੍ਰਾਪਤ ਹੋਈ ਪੁੱਤਰ ਰਤਨ ਦੀ ਅਨਮੋਲ ਸੌਗਾਤ ’ਤੇ ਵਧਾਈ ਦਿੰਦਿਆਂ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਕਿਹਾ ਕਿ ਭਾਈ ਭਗਤੋ! ਆਪਦੇੇ ਘਰ ਕੋਈ ਐਸਾ-ਵੈਸਾ ਬੱਚਾ ਨਹੀਂ, ਖੁਦ ਪਰਮੇਸ਼ਵਰ ਦਾ ਨੂਰ ਪ੍ਰਗਟ ਹੋਇਆ ਹੈ ਉਨ੍ਹਾਂ ਪੂਜਨੀਕ ਬਾਪੂ ਜੀ ਨੂੰ ਇਹ ਵੀ ਕਿਹਾ ਕਿ  ਇਹ ਤੁਹਾਡੇ ਕੋਲ ਕਰੀਬ 23 ਸਾਲ ਦੀ ਉਮਰ ਤੱਕ ਹੀ ਰਹਿਣਗੇ ਅਤੇ ਉਸ ਤੋਂ ਬਾਅਦ ਇਹ ਆਪਣੇ ਕਾਰਜਾਂ, ਮਾਨਵਤਾ ਤੇ ਸਮਾਜ ਭਲਾਈ ਅਤੇ ਜੀਵਾਂ ਦੇ ਉੱਧਾਰ ਦੇ ਪਵਿੱਤਰ ਕਾਰਜਾਂ ’ਚ ਲੱਗ ਜਾਣਗੇ, ਜਿਸਦੇ ਲਈ ਪਰਮੇਸ਼ਵਰ ਨੇ ਇਨ੍ਹਾਂ ਨੂੰ ਇਸ ਧਰਾ ’ਤੇ ਭੇਜਿਆ ਹੈ ਧੰਨ ਭਾਗ ਹਨ ਤੁਹਾਡੇ ਕਿ ਪਰਮੇਸ਼ਵਰ ਨੇ ਆਪਣਾ ਨੂਰ ਪ੍ਰਗਟ ਕਰਨ ਲਈ ਤੁਹਾਡੇ ਘਰ ਨੂੰ ਹੀ ਚੁਣਿਆ ਹੈ ਆਪਜੀ ਦੀ ਮਹਾਨਤਾ ਨੂੰ ਸਿੱਧ ਕਰਦੀਆਂ ਅਨੇਕਾਂ ਦਿਲਚਸਪ ਘਟਨਾਵਾਂ ਆਪ ਜੀ ਦੇ ਜਨਮ ਤੇ ਬਚਪਨ ਨਾਲ ਵੀ ਜੁੜੀਆਂ ਹੋਈਆਂ ਹਨ ਉਨ੍ਹਾਂ ’ਚੋਂ ਕੁਝ ਕੁ ਨਿਮਨ ਅਨੁਸਾਰ ਵਰਣਨ ਯੋਗ ਹਨ:-

Also Read:  ਥਕਾਣ ਨਾਲ ਨਜਿੱਠੋ

ਨੂਰੀ ਬਚਪਨ ਦੀਆਂ ਅਦਭੁੱਤ ਰੱਬੀ ਨਿਸ਼ਾਨੀਆਂ

ਪੂਜਨੀਕ ਬਾਪੂ ਜੀ ਆਪ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਿਆ ਕਰਦੇ ਅਤੇ ਹਰ ਸਮੇਂ ਆਪ ਜੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਆਪ ਜੀ ਨੇ ਪੂਜਨੀਕ ਬਾਪੂ ਜੀ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਨੂਰਾਨੀ ਰੂਪ ਦਿਖਾ ਕੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੋਰ ਵੀ ਮਜ਼ਬੂਤ ਕੀਤਾ ਪੂਜਨੀਕ ਬਾਪੂ ਜੀ ਜਦੋਂ ਵੀ ਖੇਤ ਜਾਂਦੇ ਜਾਂ ਜਦੋਂ ਵੀ ਕਦੇ ਪਿੰਡ ’ਚ ਪੰਚਾਇਤ ’ਚ ਜਾਂਦੇ ਤਾਂ ਆਪਣੇ ਲਾਡਲੇ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਲੈ ਜਾਂਦੇ ਇੱਕ ਵਾਰ ਪੂਜਨੀਕ ਬਾਪੂ ਜੀ ਆਪ ਜੀ ਨੂੰ ਮੋਢਿਆਂ ’ਤੇ ਬਿਠਾ ਕੇ ਜਦੋਂ ਖੇਤਾਂ ਵੱਲ ਜਾ ਰਹੇ ਸਨ ਤਾਂ ਅਚਾਨਕ ਆਪਜੀ ਨੇ ਇੱਕ ਖੇਤ ਵੱਲ ਉਂਗਲੀ ਕਰਕੇ ਕਿਹਾ, ਉਮਰ ਉਦੋਂ ਕਰੀਬ ਚਾਰ-ਕੁ ਸਾਲ ਦੀ ਰਹੀ ਹੋਵੇਗੀ, ਕਿ ‘ਬਾਪੂ ਜੀ,

ਇੱਥੇ ਪਹਿਲਾਂ ਆਪਣੇ ਖਲਿਹਾਨ (ਪਿੜ) ਹੋਇਆ ਕਰਦੇ ਸਨ’ ਪੂਜਨੀਕ ਬਾਪੂ ਜੀ ਆਪਣੇ ਨੰਨ੍ਹੇ ਲਾਡਲੇ ਦੇ ਬਾਲਮੁੱਖ ਤੋਂ ਇਹ ਸਭ ਸੁਣ ਕੇ ਹੈਰਾਨ ਰਹਿ ਗਏ ਵਾਕਈ ਉਸੇ ਖੇਤ ਵਿੱਚ ਹੀ ਪਹਿਲਾਂ ਪਰਿਵਾਰ ਦਾ ਸਾਂਝਾ ਖਲਿਹਾਨ ਜ਼ਰੂਰ ਸੀ, ਪਰ ਉਹ ਤਾਂ ਪੂਜਨੀਕ ਗੁਰੂ ਜੀ ਦੇ ਜਨਮ ਤੋਂ ਵੀ ਕਾਫੀ ਸਮਾਂ ਪਹਿਲਾਂ ਦੀ ਗੱਲ ਸੀ ਪੂਜਨੀਕ ਬਾਪੂ ਜੀ ਨੇ ਆਪਣੇ ਲਾਡਲੇ ਨੂੰ ਬਹੁਤ ਲਾਡ ਤੇ ਸ਼ਰਧਾ ਨਾਲ ਨਿਹਾਰਿਆ ਉਨ੍ਹਾਂ ਨੂੰ ਸੰਤ ਤ੍ਰਿਵੈਣੀ ਦਾਸ ਜੀ ਵੱਲੋਂ ਕਹੀ ਗਈ ਇਹ ਗੱਲ ਕਿ ‘ਇਹ ਪਰਮੇਸ਼ਵਰ ਸਵਰੂਪ ਹਨ, ਖੁਦ ਪਰਮੇਸ਼ਵਰ ਨੇ ਆਪਦੇ ਘਰ ਅਵਤਾਰ ਧਾਰਨ ਕੀਤਾ ਹੈ, ਦੀ ਪ੍ਰਤੱਖ ਸੱਚਾਈ ਨੂੰ ਨਿਹਾਰ ਕੇ ਪੂਜਨੀਕ ਬਾਪੂ ਜੀ ਦਾ ਪਵਿੱਤਰ ਹਿਰਦਾ ਪਿਆਰ ਤੇ ਸਤਿਕਾਰ ਨਾਲ ਭਰ ਗਿਆ ਪੂਜਨੀਕ ਬਾਪੂ ਜੀ ਆਪ ਜੀ ਨੂੰ ਬਚਪਨ ਤੋਂ ਹੀ ਈਸ਼ਵਰ ਦੇ ਪ੍ਰਤੱਖ ਸਵਰੂਪ ’ਚ ਹੀ ਨਿਹਾਰਦੇ ਸਨ

ਛੋਲਿਆਂ ਦੀ ਰਿਕਾਰਡ ਤੋੜ ਪੈਦਾਵਾਰ ਹੋਈ

ਪੂਜਨੀਕ ਬਾਪੂ ਜੀ ਆਪਣੀ ਕੁਝ ਜ਼ਮੀਨ ਹਰ ਸਾਲ ਠੇਕੇ ’ਤੇ ਦਿਆ ਕਰਦੇ ਸਨ ਉਹੀ ਠੇਕੇਦਾਰ ਭਾਈ ਉਸ ਦਿਨ ਵੀ ਉਹ ਪੂਜਨੀਕ ਬਾਪੂ ਜੀ ਨਾਲ ਅਗਲੇ ਸਾਲ ਲਈ ਠੇਕੇ ਦੀ ਗੱਲ ਕਰ ਰਹੇ ਸਨ ਗੱਲ ਪੱਕੀ ਕਰਨ ਤੋਂ ਪਹਿਲਾਂ ਹੀ ਆਪ ਜੀ ਨੇ ਆਪਣੇ ਪੂਜਨੀਕ ਬਾਪੂ ਜੀ ਨੂੰ ਕਿਹਾ, ਉਮਰ ਉਹੀ ਕਰੀਬ 4-5 ਸਾਲ ਦੀ, ਕਿ ਇਸ ਜ਼ਮੀਨ ’ਤੇ ਇਸ ਸਾਲ ਆਪਾਂ ਖੁਦ ਆਪ ਕਾਸ਼ਤ ਕਰਾਂਗੇ ਉਨ੍ਹਾਂ ਠੇਕੇਦਾਰ ਭਾਈਆਂ ਨੇ ਪੂਜਨੀਕ ਬਾਪੂ ਜੀ ਨੂੰ ਵਿਨੈ, ਬੇਨਤੀ, ਜੋਦੜੀਆਂ ਕੀਤੀਆਂ ਕਿ ਤੁਸੀਂ ਜ਼ਮੀਨ ਨਹੀਂ ਦੇਵੋਗੇ ਤਾਂ ਅਸੀਂ ਖਾਵਾਂਗੇ ਕੀ? ਅਸੀਂ ਤਾਂ ਭੁੱਖੇ ਮਰ ਜਾਵਾਂਗੇ ਤਾਂ ਆਪਜੀ ਨੇ ਉਨ੍ਹਾਂ ਦੀ ਅਜਿਹੀ ਮਨੋਦਸ਼ਾ ਨੂੰ ਦੇਖਦੇ ਹੋਏ

ਆਪਣੀ ਦੂਜੀ ਸਾਈਡ ਵਾਲੀ ਜ਼ਮੀਨ ਵੱਲ ਉਂਗਲੀ ਕਰ ਦਿੱਤੀ ਪੂਜਨੀਕ ਬਾਪੂ ਜੀ ਨੇ ਵੀ ਉਨ੍ਹਾਂ ਨੂੰ ਕਿਹਾ ਕਿ ‘ਕਾਕਾ ਠੀਕ ਕਹਿੰਦਾ ਹੈ ਤੁਸੀਂ ਉੱਧਰ ਵਾਲੀ ਜ਼ਮੀਨ ਲੈ ਲਓ’ ਪੂਜਨੀਕ ਬਾਪੂ ਜੀ ਨੇ ਉਸ ਸਾਲ ਉਸ ਜ਼ਮੀਨ ’ਤੇ ਛੋਲਿਆਂ ਦੀ ਬਿਜਾਈ ਕਰਵਾਈ ਸਮੇਂ ਅਨੁਸਾਰ ਖੂਬ ਬਾਰਿਸ਼ ਹੋਈ, ਸਮਾਂ ਵਧੀਆ ਲੱਗਿਆ ਅਤੇ ਉੱਥੋਂ ਛੋਲਿਆਂ ਦੀ ਭਰਪੂਰ ਪੈਦਾਵਾਰ ਹੋਈ ਭੰਡਾਰ ਭਰ ਗਏ ਪੂਜਨੀਕ ਬਾਪੂ ਜੀ ਦਾ ਵਿਸ਼ਵਾਸ ਅਤੇ ਸਤਿਕਾਰ ਆਪ ਜੀ ਦੇ ਪ੍ਰਤੀ ਹੋਰ ਵੀ ਮਜ਼ਬੂਤ ਹੋ ਗਿਆ ਕਿ ਸੰਤ ਤ੍ਰਿਵੈਣੀ ਦਾਸ ਜੀ ਨੇ ਸਾਡੇ ਲਾਡਲੇ  ਪ੍ਰਤੀ ਜੋ ਭਵਿੱਖਵਾਣੀ ਕੀਤੀ ਸੀ, ਜੋ ਕੁਝ ਵੀ ਉਨ੍ਹਾਂ ਕਿਹਾ ਸੀ, ਸੌ ਪ੍ਰਤੀਸ਼ਤ ਸਹੀ ਹੈ

ਡਿੱਗੀ ਦਾ ਪਹਿਲਾ ਟਕ ਤਾਂ ਨੰਬਰਦਾਰ ਦੇ ਕਾਕੇ ਤੋਂ ਹੀ ਲਗਵਾਵਾਂਗੇ

ਇੱਕ ਵਾਰ ਪਿੰਡ ’ਚ ਬਰਸਾਤਾਂ ਦੇ ਪਾਣੀ ਨੂੰ ਸੰਭਾਲਣ ਲਈ ਇੱਕ ਵੱਡੀ ਡਿੱਗੀ ਬਣਾਉਣ ਦਾ ਪੰਚਾਇਤ ਤੋਂ ਮਤਾ ਪਾਸ ਹੋਇਆ ਉਨੀਂ ਦਿਨੀਂ ਪੀਣ ਦਾ ਪਾਣੀ ਦੂਰ ਤੋਂ ਲਿਆਉਣਾ ਪੈਂਦਾ ਸੀ ਪੂਰੇ ਪਿੰਡ ਦੇ ਇਸ ਸ਼ੁੱਭ ਸਾਂਝੇ ਕੰਮ ਲਈ ਪਿੰਡ ਦੇ ਕੁਝ ਮੁਖੀਆ ਲੋਕਾਂ ਨੇ ਇਸ ਵੱਡੇ ਤੇ ਸਾਂਝੇ ਕਾਰਜ ਲਈ ਪਿੰਡ-ਵਾਸੀਆਂ ਦੀ ਰਾਏ ਅਨੁਸਾਰ ਸੰਤ-ਬਾਬਾ ਤ੍ਰਿਵੈਣੀ ਦਾਸ ਜੀ ਪਾਸ ਉਨ੍ਹਾਂ ਦਾ ਆਸ਼ਰੀਵਾਦ ਲੈਣ ਤੇ ਡਿੱਗੀ ਖੁਦਾਈ ਦੇ ਸ਼ੁਭ ਕਾਰਜ ਦਾ ਮਹੂਰਤ ਕਰਵਾਉਣ ਲਈ ਬੇਨਤੀ ਕੀਤੀ ਪੂਰੇ ਪਿੰਡ ਦੀ ਇਸ ਇਕਮਤ ਰਾਏ ਅਰਥਾਤ ਡਿੱਗੀ ਬਣਾਉਣ ਦੇ ਇਸ ਵਿਚਾਰ ਤੋਂ ਉਹ ਬਹੁਤ ਖੁਸ਼ ਹੋਏ ਉਨ੍ਹਾਂ ਨੇ ਜਿੱਥੇ ਡਿੱਗੀ ਖੁਦਾਈ ਦਾ ਮਹੂਰਤ, ਮਿਤੀ, ਵਾਰ, ਸ਼ੁੱਭ ਸਮਾਂ ਦੱਸਿਆ, ਉੱਥੇ ਇਹ ਵੀ ਕਿਹਾ ਕਿ ‘ਡਿੱਗੀ ਖੁਦਾਈ ਦਾ ਸ਼ੁੱਭਆਰੰਭ ਆਪਾਂ ਨੰਬਰਦਾਰ ਦੇ ਕਾਕੇ (ਬੇਟੇ) ਦੇ ਹੱਥਾਂ ਨਾਲ ਪਹਿਲਾ ਟੱਕ ਲਗਵਾ ਕੇ ਕਰਾਂਗੇ

ਉਂਜ ਤਾਂ ਸੰਤ ਬਾਬਾ ਦੀ ਇਸ ਗੱਲ ਨਾਲ ਸਾਰੇ ਲੋਕ ਸਹਿਮਤ ਸਨ, ਸਭ ਦੀ ਸੌ ਪ੍ਰਤੀਸ਼ਤ ਸਹਿਮਤੀ ਸੀ, ਕਿ ਸੰਤ-ਬਾਬਾ ਹਮੇਸ਼ਾ ਪਿੰਡ ਦੀ ਭਲਾਈ ਦੀ ਹੀ ਗੱਲ ਕਰਦੇ ਹਨ ਪਰ ਹੋ ਸਕਦਾ ਹੈ ਕਿ 2-4 ਵਿਅਕਤੀਆਂ ਨੇ ਸ਼ਾਇਦ ਆਪਣੇ ਮਤੇ ਅਨੁਸਾਰ ਕਿਹਾ ਹੋਵੇ ਕਿ ਉਹ ਕਾਕਾ (ਪੂਜਨੀਕ ਗੁਰੂ ਜੀ) ਤਾਂ ਹਾਲੇ ਬਹੁਤ ਨੰਨ੍ਹਾ ਬਾਲਕ ਹੈ, 4-5 ਸਾਲ ਦਾ ਬੱਚਾ ਕੱਸੀ-ਫਾਵੜਾ ਕਿਵੇਂ ਚੁੱਕ ਸਕੇਗਾ ਪਰ ਸੰਤ-ਬਾਬਾ ਨੇ ਆਪਣੀ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਪਹਿਲਾ ਟੱਕ ਤਾਂ ਆਪਾਂ ਨੰਬਰਦਾਰ ਦੇ ਬੇਟੇ ਤੋਂ ਹੀ ਲਗਵਾਂਵਾਗੇ’

ਸੰਤ ਬਾਬਾ ਦੇ ਮਾਰਗਦਰਸ਼ਨ ’ਚ ਡਿੱਗੀ ਖੁਦਾਈ ਆਦਿ ਦਾ ਐਨਾ ਵੱਡਾ ਕੰਮ ਸਫਲਤਾਪੂਰਵਕ ਨੇਪਰੇ ਚਾੜਿ੍ਹਆ ਸਾਰੇ ਪਿੰਡ ਵਾਸੀਆਂ ਨੇ ਆਪਣੀ ਇੱਛਾ ਅਨੁਸਾਰ ਇਸ ਸ਼ੁਭ ਕੰਮ ’ਚ ਆਪਣਾ ਬਣਦਾ-ਸਹਿਯੋਗ ਕੀਤਾ ਪਿੰਡ ’ਚ ਖੁਸ਼ੀ ਦਾ ਮਾਹੌਲ ਸੀ ਪ੍ਰਚੱਲਿਤ ਪ੍ਰਥਾ ਅਨੁਸਾਰ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿੱਠੇ ਚਾਵਲਾਂ ਦਾ ਯੱਗ ਕੀਤਾ ਗਿਆ ਮਿੱਠੇ ਚਾਵਲ ਸਾਰੇ ਪਿੰਡ ’ਚ ਵੰਡੇ ਗਏ, ਸਾਰਿਆਂ ਨੂੰ ਖੁਆਏ ਗਏ

ਡਿੱਗੀ ਦਾ ਕੰਮ ਮੁਕੰਮਲ ਹੋ ਚੁੱਕਿਆ ਸੀ ਸੰਤ ਬਾਬਾ ਨੇ ਪਿੰਡ ਵਾਸੀਆਂ ਨੂੰ ਕਿਹਾ, ਆਪਣੀ ਗਿਆਨ ਦ੍ਰਿਸ਼ਟੀ ਰਾਹੀਂ ਇਹ ਬਚਨ ਵੀ ਕੀਤੇ ਕਿ ‘ਇਸ ਡਿੱਗੀ ਦਾ ਪਾਣੀ ਕਦੇ ਖ਼ਤਮ ਨਹੀਂ ਹੋਵੇਗਾ, ਭਾਵੇਂ ਕਿੰਨਾ ਵੀ ਉਪਯੋਗ ਹੁੰਦਾ ਰਹੇ ਕਿਉਂਕਿ ਇਸਦਾ ਮਹੂਰਤ ਆਪਾਂ ਨੇ ਇੱਕ ਅਜਿਹੇ ਮਹਾਂਪੁਰਸ਼, ਅਜਿਹੀ ਰੱਬੀ ਹਸਤੀ ਤੋਂ ਕਰਵਾਇਆ ਹੈ, ਜਿਸਦੀ ਮਹਾਨਤਾ ਦਾ ਸਮਾਂ ਆਉਣ ’ਤੇ ਸਭ ਨੂੰ ਪਤਾ ਲੱਗ ਜਾਵੇਗਾ ਪਿੰਡ ਵਾਲਿਆਂ ਦੇ ਅਨੁਸਾਰ, ਕਿ ਡਿੱਗੀ ਦਾ ਪਾਣੀ ਸੱਚਮੁੱਚ ਹੀ ਕਦੇ ਖ਼ਤਮ ਨਹੀਂ ਹੋਇਆ ਸੀ ਹਾਲਾਂਕਿ ਆਸਪਾਸ ਦੇ ਪਿੰਡ ਵਾਲੇ ਵੀ ਇੱਥੋਂ ਪਾਣੀ ਭਰ ਕੇ ਲੈ ਜਾਂਦੇ ਰਹੇ ਸਨ

ਕਰਮਠਤਾ ਦੀ ਅਦੁੱਤੀ ਮਿਸਾਲ

ਪੂਜਨੀਕ ਗੁਰੂ ਜੀ ਦੀ ਕਰਮਠਤਾ ’ਤੇ ਨਜ਼ਰਸਾਨੀ ਕਰੀਏ ਤਾਂ ਪਤਾ ਚੱਲਦਾ ਹੈ ਕਿ ਆਪਣੀ ਕਰਮਠਤਾ ਦੀ ਮਿਸਾਲ ਪੂਜਨੀਕ ਗੁਰੂ ਜੀ ਖੁਦ ਆਪ ਹੀ ਹਨ ਇਹ ਗੱਲ ਤਾਂ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਪੂਜਨੀਕ ਗੁਰੂ ਜੀ ਦਾ ਜਨਮ ਬਹੁਤ ਵੱਡੇ ਲੈਂਡਲੌਰਡ ਪਰਿਵਾਰ ’ਚ ਹੋਇਆ ਹੈ ਆਪਜੀ ਨੇ 7-8 ਸਾਲ ਦੀ ਉਮਰ ’ਚ ਹੀ ਆਪਣੇ ਪੂਜਨੀਕ ਬਾਪੂ ਜੀ ਦੇ ਐਨੇ ਵੱਡੇ ਜਿੰਮੀਦਾਰਾਂ ਕਾਰਜ ਨੂੰ ਪੂਰਨ ਤੌਰ ’ਤੇ ਅਤੇ ਬਹੁਤ ਹੀ ਸਮਝਦਾਰੀ ਨਾਲ ਖੁਦ ਸੰਭਾਲਿਆ ਹੋਇਆ ਸੀ ਆਪ ਜੀ ਲਗਭਗ ਇਸੇ ਉਮਰ ਵਰਗ ’ਚ ਹੀ ਟਰੈਕਟਰ ਵੀ ਚਲਾਉਣ ਲੱਗ ਗਏ ਸਨ ਹਾਲਾਂਕਿ ਇਸਦੇ ਲਈ ਆਪ ਜੀ ਨੂੰ ਕਿਸੇ ਤੋਂ ਕੋਈ ਟੇ੍ਰਨਿੰਗ ਵਗੈਰਾ ਲੈਣ ਦੀ ਜ਼ਰੂਰਤ ਨਹੀਂ ਪਈ ਸੀ

Also Read:  ਕੂਲਰ ਨਾਲ ਹੋਣ ਵਾਲੀ ਹੁੰਮਸ ਨੂੰ ਦੂਰ ਭਜਾਓ

ਟਰੈਕਟਰ ਵੀ ਲਗਭਗ ਸਭ ਤੋਂ ਪਹਿਲਾਂ ਪੂਜਨੀਕ ਬਾਪੂ ਜੀ ਦੇ ਘਰ ’ਚ ਹੀ ਆਇਆ ਸੀ ਹਾਲਾਂਕਿ ਪੂਜਨੀਕ ਗੁਰੂ ਜੀ ਦੇ ਪੈਰ ਕਲੱਚ-ਬਰੇਕ ਤੱਕ ਵੀ ਨਹੀਂ ਪਹੁੰਚ ਪਾਉਂਦੇ ਸਨ ਅਤੇ ਇਉਂ ਲੱਗਦਾ ਸੀ ਦੇਖਣ ਵਾਲਿਆਂ ਨੂੰ ਕਿ ਟਰੈਕਟਰ ਆਪਣੇ ਆਪ ਹੀ ਭੱਜਿਆ ਚੱਲਿਆ ਆ ਰਿਹਾ ਹੈ ਅਜਿਹਾ ਪਿੰਡਵਾਸੀ ਖੁਦ ਦੱਸਦੇ ਹਨ, ਕਿਉਂਕਿ ਪੂਜਨੀਕ ਗੁਰੂ ਜੀ ਉਸ ਟਰੈਕਟਰ ਦੀ ਸੀਟ ’ਤੇ ਬੈਠੇ ਖੁਦ ਨਜ਼ਰ ਨਹੀਂ ਆਉਂਦੇ ਸਨ ਕਿਉਂਕਿ ਆਪ ਜੀ ਸਟੇਰਿੰਗ ਕੋਲ ਖੜੇ ਹੋ ਕੇ ਟ੍ਰੈਕਟਰ ਚਲਾਉਂਦੇ ਸਨ

ਆਪ ਜੀ ਨੇ ਆਪਣੀਆਂ ਜ਼ਮੀਨਾਂ ’ਤੇ ਬਹੁਤ ਸਖ਼ਤ ਮਿਹਨਤ ਕੀਤੀ ਨਾ ਰਾਤ ਦੇਖੀ ਨਾ ਦਿਨ ਨਾ ਮਈ-ਜੂਨ ਦੀ ਤਪਿਸ਼ ਅਤੇ ਨਾ ਮੀਂਹ ਹਨੇ੍ਹਰੀ ਦੀ ਕਦੇ ਪਰਵਾਹ ਕੀਤੀ ਰਾਜਸਥਾਨ ਦੇ ਇਸ ਏਰੀਆ ’ਚ ਜਦੋਂ ਤੋਂ ਨਹਿਰ ਆਈ, ਨਹਿਰੀ ਪਾਣੀ ਆਇਆ, ਤਾਂ ਜਿੱਥੇ ਪਹਿਲਾਂ ਪੂਜਨੀਕ ਬਾਪੂ ਜੀ ਦੀਆਂ ਸਿਰਫ 20 ਏਕੜ ਜ਼ਮੀਨ ’ਚ ਹੀ ਪਾਣੀ ਲੱਗਦਾ ਸੀ, ਆਪ ਜੀ ਦੀ ਸਖ਼ਤ ਮਿਹਨਤ ਸਦਕਾ ਪੂਰੀ ਦੀ ਪੂਰੀ ਜ਼ਮੀਨ ’ਚ ਨਹਿਰ ਦਾ ਪਾਣੀ ਲੱਗਣ ਲੱਗਿਆ ਹੈ ਭਾਵ ਸਾਰੀ ਜ਼ਮੀਨ ਨਹਿਰੀ ਜ਼ਮੀਨ ਬਣ ਗਈ ਹੈ

ਜੋ ਕਿ ਪਹਿਲਾਂ ਜ਼ਿਆਦਾਤਰ ਬਰਾਨੀ ਜ਼ਮੀਨ ਹੋਇਆ ਕਰਦੀ ਸੀ ਪਿੰਡਵਾਸੀ ਇਹ ਵੀ ਮੰਨਦੇ ਹਨ ਕਿ ਪੂਜਨੀਕ ਗੁਰੂ ਜੀ ਨੇ ਜਦੋਂ ਤੋਂ ਪੂਜਨੀਕ ਬਾਪੂ ਜੀ ਦੇ ਪੂਰੇ ਖੇਤੀ ਕਾਰਜਾਂ ਨੂੰ ਆਪਣੇ ਹੱਥ ’ਚ ਲਿਆ ਸੀ, ਫਸਲ ਵੀ ਦੁੱਗਣੀ-ਚੌਗੁਣੀ ਅਤੇ ਆਮਦਨ ਵੀ ਦੁੱਗਣੀ-ਚੌਗੁਣੀ ਹੋਣ ਲੱਗੀ ਹੈ ਕਿਉਂਕਿ ਖੇਤੀਬਾੜੀ ਦੇ ਸਾਰੇ ਕੰਮਾਂ ਦੇ ਨਾਲ-ਨਾਲ ਫਸਲ ਦਾ ਹਰ ਛਿਮਾਹੀ ਆਪਣੇ ਆੜ੍ਹਤੀਆਂ ਨਾਲ ਹਿਸਾਬ-ਕਿਤਾਬ ਵੀ ਪੂਜਨੀਕ ਗੁਰੂ ਜੀ ਖੁਦ ਹੀ ਕਰਿਆ ਕਰਦੇ ਭਾਵੇਂ ਪੂਜਨੀਕ ਬਾਪੂ ਜੀ ਦੇ ਕਿੰਨੇ ਹੀ ਸੀਰੀ-ਸਾਂਝੀ, ਨੌਕਰ ਆਦਿ ਸਨ, ਫਸਲਾਂ ਦੀ ਬੀਜ-ਬਿਜਾਈ ਆਦਿ ਸਾਰੇ ਮੁੱਖ ਕਾਰਜ ਪੂਜਨੀਕ ਗੁਰੂ ਜੀ ਆਪ ਹੀ ਕਰਦੇ ਅਤੇ ਸਕੂਲ ’ਚ ਵੀ ਸਮੇਂ ’ਤੇ ਜਾਣਾ ਅਤੇ ਖੇਡ ਟੂਰਨਾਮੈਂਟ ਆਦਿ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਵੀ ਬਰਾਬਰ ਹਿੱਸਾ ਲੈਣਾ ਹੁੰਦਾ ਸੀ

ਇਸੇ ਤਰ੍ਹਾਂ ਇੱਥੇ ਸਰਸਾ ਦਰਬਾਰ ਵਿੱਚ ਵੀ ਹਰ ਤਰ੍ਹਾਂ ਦੇ ਖੇਤੀ ਕਾਰਜ ਆਪਜੀ ਖੁਦ ਕਰਦੇ ਇੱਥੇ ਗੱਲ ਪੂਜਨੀਕ ਗੁਰੂ ਜੀ ਦੀ ਕਰਮਠਤਾ ਦੀ ਹੋ ਰਹੀ ਹੈ ਆਪਜੀ ਦੀ ਸਖ਼ਤ ਮਿਹਨਤ ਅਤੇ ਪ੍ਰੇਰਨਾਵਾਂ ਸਦਕਾ ਹੀ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਦੀਆਂ ਰੇਤਲੀ ਟਿੱਬਿਆਂ ਵਾਲੀਆਂ ਜ਼ਮੀਨਾਂ ’ਚ, ਜਿੱਥੇ ਗਰਮੀਆਂ ’ਚ ਤਾਪਮਾਨ 47-48 ਤੋਂ 50 ਡਿਗਰੀ ਤੱਕ ਵੀ ਪਹੁੰਚ ਜਾਦਾ ਹੈ, ਕਿਹੜਾ ਅਜਿਹਾ ਫਲ, ਸਬਜ਼ੀਆਂ ਜਾਂ ਹੋਰ ਫਸਲਾਂ ਹਨ, ਜੋ ਪੂਜਨੀਕ ਗੁਰੂ ਜੀ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਇੱਥੇ ਨਾ ਉਗਾਈਆਂ ਹੋਣ ਇੱਥੋਂ ਤੱਕ ਕਿ ਠੰਢੇ ਪ੍ਰਦੇਸ਼ਾਂ ’ਚ ਹੋਣ ਵਾਲੇ ਸੇਬ ਵਰਗੇ ਫਲ ਅਤੇ ਅਖਰੋਟ, ਬਾਦਾਮ ਵਰਗੇ ਮੇਵੇ (ਡਰਾਈਫਰੂਟ) ਵੀ ਪੂਜਨੀਕ ਗੁਰੂ ਜੀ ਨੇ ਖੁਦ ਦੀ ਮਿਹਨਤ ਨਾਲ ਇੱਥੋਂ ਦੀਆਂ ਜ਼ਮੀਨਾਂ ’ਚ ਉਗਾਏ ਹਨ ਇੱਕ ਹੀ ਸਮੇਂ ’ਚ ਅਤੇ ਇੱਕ ਹੀ ਜਗ੍ਹਾ ’ਤੇ ਤਰ੍ਹਾਂ-ਤਰ੍ਹਾਂ ਦੇ ਫਲ ਅਤੇ ਤੇਰਹਾਂ-ਤੇਰਹਾਂ (13-13) ਸਬਜ਼ੀਆਂ ਦੀ ਪੈਦਾਵਾਰ ਇਕੱਠਿਆਂ ਲੈਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਜੋ ਪੂਜਨੀਕ ਗੁਰੂ ਜੀ ਨੇ ਇੱਥੇ ਖੁਦ ਕਰਕੇ ਦਿਖਾਇਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪੂਜਨੀਕ ਗੁਰੂ ਜੀ ਕਰਮਠਤਾ ਦੀ ਇੱਕ ਅਦੁੱਤੀ ਮਿਸਾਲ ਖੁਦ ਆਪ ਹੀ ਹਨ

ਰੱਬ ਨੇ ਰੱਬੀ ਜੋਤ ਨੂੰ ਆਪਣੇ ਕੋਲ ਬਿਠਾਇਆ, ਨਾਮ-ਗੁਰੂਮੰਤਰ ਦਿੱਤਾ

ਪੂਜਨੀਕ ਗੁਰੂ ਜੀ ਬਚਪਨ ’ਚ ਹੀ ਰਾਮ-ਨਾਮ ਨਾਲ ਜੁੜ ਗਏ ਆਪ ਜੀ ਨੇ 25 ਮਾਰਚ 1973 ਨੂੰ ਭਾਵ 5-6 ਸਾਲ ਦੀ ਉਮਰ ’ਚ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਆਪਣੇ ਪੂਜਨੀਕ ਬਾਪੂ ਜੀ ਦੇ ਨਾਲ ਨਾਮ-ਗੁਰੂਮੰਤਰ ਪ੍ਰਾਪਤ ਕੀਤਾ ਉਸ ਦਿਨ ਨਾਮ-ਦਾਨ ਦਾ ਪ੍ਰੋਗਰਾਮ ਸ਼ਾਹ ਮਸਤਾਨਾ ਸ਼ਾਹ ਸਤਿਨਾਮ ਜੀ ਧਾਮ ’ਚ ਤੇਰਾਵਾਸ ਤੇ ਸੱਚਖੰਡ ਹਾਲ ਦੇ ਵਿਚਕਾਰ ਪੰਡਾਲ ’ਚ ਰੱਖਿਆ ਗਿਆ ਸੀ ਉਸ ਦਿਨ ਵੀ ਨਾਮਅਭਿਲਾਸ਼ੀ ਜੀਵ ਵਾਲੇ ਕਾਫੀ ਗਿਣਤੀ ’ਚ ਆਏ ਹੋਏ ਸਨ ਆਪ ਜੀ ਆਪਣੇ ਪੂਜਨੀਕ ਬਾਪੂ ਜੀ ਦੇ ਨਾਲ ਨਾਮ ਲੈਣ ਵਾਲਿਆਂ ’ਚ ਪਿੱਛੇ ਹੀ ਬੈਠੇ ਹੋਏ ਸਨ ਪੂਜਨੀਕ ਪਰਮਪਿਤਾ ਜੀ ਜਦੋਂ ਨਾਮ-ਦਾਨ ਬਖ਼ਸਣ ਲਈ ਆਏ ਤਾਂ ਆਪ ਜੀ ਨੂੰ ਆਪਣੇ ਕੋਲ ਬੁਲਾ ਕੇ, ‘ਕਾਕਾ, ਅੱਗੇ ਆ ਜਾਓ’ ਪੂਜਨੀਕ ਪਰਮਪਿਤਾ ਜੀ ਨੇ ਆਪ ਜੀ ਦਾ ਹਾਲਚਾਲ (ਰਾਜੀ-ਖੁਸ਼ੀ) ਵੀ ਪੁੱਛਿਆ, ‘ਕਾਕਾ, ਕਿਹੜਾ ਪਿੰਡ ਹੈ? ਹੋਰ ਤਾਂ ਸਭ ਠੀਕ ਹੈ?’ ਇਸੇ ਤਰ੍ਹਾਂ ਪੂਜਨੀਕ ਪਰਮਪਿਤਾ ਜੀ ਖੁਦ ਖੁਦਾ ਨੇ ਡੇਰਾ ਸੱਚਾ ਸੌਦਾ ਦੇ ਭਾਵੀ ਵਾਰਿਸ ਖੁਦਾ ਰੂਪੀ ਆਪਣੇ ਉੱਤਰ-ਅਧਿਕਾਰੀ ਨੂੰ ਖੁਦ ਆਪਣੇ ਕੋਲ ਬਿਠਾ ਕੇ ਨਾਮ-ਗੁਰਮੰਤਰ ਪ੍ਰਦਾਨ ਕੀਤਾ

ਰੂਹਾਨੀ ਤੂਫਾਨਮੇਲ ਤਾਕਤ:-

ਜਿਵੇਂ-ਜਿਵੇਂ ਆਪ ਜੀ ਆਪਣੀ ਉਮਰ ਦੇ ਪੜਾਅ ’ਚ ਅੱਗੇ ਵਧਦੇ ਗਏ, ਆਪ ਜੀ ਦਾ ਮਨੁੱਖੀ ਅਤੇ ਸਮਾਜ ਹਿਤੈਸ਼ੀ ਕਾਰਜਾਂ ਦਾ ਦਾਇਰਾ ਵੀ ਵਿਸ਼ਾਲ ਤੋਂ ਹੋਰ ਵਿਸ਼ਾਲ ਹੁੰਦਾ ਗਿਆ ਖਾਸ ਕਰਕੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਹੋਣ ਤੋਂ ਬਾਅਦ ਤਾਂ ਮਾਨਵਤਾ ਤੇ ਸਮਾਜ ਭਲਾਈ ਦੇ ਕਾਰਜ ਤਾਂ ਤੂਫਾਨ-ਮੇਲ ਗਤੀ ਨਾਲ ਵਧਦੇ ਹੀ ਚਲੇ ਗਏ ਅਤੇ ਹੋਰ ਵੀ ਵਧਦੇ ਹੀ ਜਾ ਰਹੇ ਹਨ  ਪੂਜਨੀਕ ਸੱਚੇ ਦਾਤਾ ਰਹਿਬਰ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਖੁਦ ਆਪਣੇ ਪਵਿੱਤਰ ਹੱਥਾਂ ਨਾਲ ਪੂਜਨੀਕ ਗੁਰੂ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਅਤੇ 15 ਮਹੀਨੇ ਇਕੱਠੇ ਬੈਠਕੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ-ਭਰਮ ਵੀ ਕਿਸੇ ਦੇ ਅੰਦਰ ਨਹੀਂ ਰਹਿਣ ਦਿੱਤਾ

ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਰੂਹਾਨੀ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਦਾ ਡੇਰਾ ਸੱਚਾ ਸੌਦਾ ’ਚ ਮੰਨੋ ਸੈਲਾਬ ਜਿਹਾ ਆ ਗਿਆ ਹੋਵੇ ਜਿਵੇਂ ਬਾੜ ਜਿਹੀ ਆ ਗਈ ਹੋਵੇ ਪੂਜਨੀਕ ਗੁਰੂ ਜੀ ਦੇ ਪਾਵਨ ਮਾਰਗ ਦਰਸ਼ਨ ’ਚ ਜਿੱਥੇ ਇੱਕ ਪਾਸੇ ਕੁੱਲ ਮਾਲਕ ਪਰਮਪਿਤਾ ਪਰਮਾਤਮਾ ਦਾ ਰੂਹਾਨੀ ਕਾਰਵਾਂ ਦਿਨ ਦੁੱਗਣੀ, ਰਾਤ ਚੌਗੁਣੀ ਗਤੀ ਨਾਲ ਵਧਦਾ ਚਲਿਆ ਜਾ ਰਿਹਾ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਸਾਧ-ਸੰਗਤ ਦੇ ਉਤਸ਼ਾਹ ਤੇ ਸਹਿਯੋਗ ਨਾਲ ਅੱਜ ਵਿਸ਼ਵ ਪੱਧਰੀ ਭਲਾਈ ਦੇ ਕਾਰਜਾਂ ਰਾਹੀਂ ਬੱਚੇ-ਬੱਚੇ ਦੇ ਮਨ ’ਚ ਘਰ ਕਰ ਗਿਆ ਹੈ ਦੁਨੀਆ ਦਾ ਕਿਹੜਾ ਅਜਿਹਾ ਸ਼ਖਸ਼ ਹੈ, ਜੋ ਅੱਜ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 168 ਮਾਨਵਤਾ ਭਲਾਈ ਦੇ ਕਾਰਜਾਂ ਤੋਂ ਵਾਕਿਫ ਨਾ ਹੋਵੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਸਾਰੇ 168 ਕਾਰਜ ਦੇਸ਼ ਵਿਦੇਸ਼ ਦੀ ਸੱਤ ਕਰੋੜ ਤੋਂ ਵੀ ਜ਼ਿਆਦਾ ਸਾਧ-ਸੰਗਤ ਵੱਲੋਂ ਦੇਸ਼-ਵਿਦੇਸ਼ ’ਚ ਵੱਧ ਚੜ੍ਹ ਕੇ ਕੀਤੇ ਜਾ ਰਹੇ ਹਨ

ਪੂਜਨੀਕ ਗੁਰੂ ਜੀ ਆਪਣੇ ਪਵਿੱਤਰ ਅਵਤਾਰ ਦਿਵਸ 15 ਅਗਸਤ ਅਤੇ ਦੇਸ਼ ਦੀ ਆਜਾਦੀ ਦੀ ਵਰ੍ਹੇਂਗੰਢ ਨੂੰ ਪੌਦੇ ਲਾ ਕੇ ਮਨਾਉਂਦੇ ਹਨ ਕਿਉਂਕਿ ਪੂਜਨੀਕ ਗੁਰੂ ਜੀ ਦੇਸ਼-ਭਗਤੀ ਦੀ ਆਪ ਖੁਦ ਹੀ ਬੇਮਿਸਾਲ ਮਿਸਾਲ ਹਨ ਅਤੇ ਇਸ ਦੇ ਨਾਲ ਹੀ ਦੇੇਸ਼-ਵਿਦੇਸ਼ ਦੀ ਸਾਰੀ ਸਾਧ-ਸੰਗਤ ਵੀ ਆਪਣੇ ਪੂਜਨੀਕ ਗੁਰੂ ਜੀ ਦੇ ਪਾਵਨ ਅਵਤਾਰ ਦਿਵਸ ’ਤੇ ਹਰ ਸਾਲ 15 ਅਗਸਤ ਵਾਲੇ ਦਿਨ ਲੱਖਾਂ ਪੌਦੇ ਲਗਾ ਕੇ ਦੇਸ਼-ਵਿਦੇਸ਼ ਦੀ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇ ਕੇ ਵਾਤਾਵਰਨ ਦੀ ਸੁਰੱਖਿਆ ’ਚ ਆਪਣੀ ਅਹਿਮ ਹਿੱਸੇਦਾਰੀ ਕਰਦੇ ਹਨ ਪੂਜਨੀਕ ਗੁਰੂ ਜੀ ਆਪਣੇ ਅਜਿਹੇ ਅਣਗਿਣਤ ਜਨਹਿੱਤ ਪਰਉਪਕਾਰਾਂ ਰਾਹੀਂ ਮਾਨਵਤਾ ਦੇ ਉੱਧਾਰ ’ਚ ਅੱਜ ਵੀ ਦਿਨ-ਰਾਤ ਲੱਗੇ ਹੋਏ ਹਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ (ਡਾ. ਐੱਮਐੱਸਜੀ ਅਵਤਾਰ ਦਿਵਸ) ਅਤੇ ਆਜ਼ਾਦੀ ਦਿਹਾੜੇ ਦੀਆਂ ਸ਼ੁੱਭ ਕਾਮਨਾਵਾ ਅਤੇ ਸਾਧ-ਸੰਗਤ ਨੂੰ ਕੋਟਿਨ-ਕੋਟੀ ਵਧਾਈਆ ਹੋਣ ਜੀ

ਵਿਸ਼ੇਸ਼: ਪੂਜਨੀਕ ਡਾ. ਐੱਮ ਐੱਸ ਜੀ ਦੇ ਯੋਗ ਮਾਰਗ ਦਰਸ਼ਨ ’ਚ ਡੇਰਾ ਸੱਚਾ ਸੌਦਾ ਦੀਆਂ ਮਾਨਵਤਾ ਭਲਾਈ ਕਾਰਜਾਂ ਵਿੱਚ ਅਦੂੱਤੀ ਉੱਪਲੱਬਧੀਆਂ ਪਾਠਕਗਣ ਸੱਚੀ ਸ਼ਿਕਸ਼ਾ ਦੇ ਸਤੰਬਰ 2025, ਭਾਵ ਅਗਲੇ ਅੰਕ ਵਿੱਚ ਪੜ੍ਹ ਤੇ ਜਾਣ ਸਕਦੇ ਹਨ ਜੀ